ਸਮਾਨਾਰਥਕ ਸ਼ਬਦ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸਮਾਨਾਰਥਕ ਸ਼ਬਦ: ਇਸ ਸੰਕਲਪ ਦੀ ਵਰਤੋਂ ਅਰਥ ਵਿਗਿਆਨ ਵਿਚ ਕੀਤੀ ਜਾਂਦੀ ਹੈ। ਅਰਥ ਵਿਗਿਆਨ ਭਾਸ਼ਾ ਵਿਗਿਆਨ ਦੀ ਇਕ ਸ਼ਾਖਾ ਹੈ ਭਾਵੇਂ ਪਹਿਲੇ ਸਮਿਆਂ ਵਿਚ ਇਸ ਸ਼ਾਖਾ ਨੂੰ ਦਰਸ਼ਨ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਰਿਹਾ ਹੈ। ਭਾਸ਼ਾ ਦੀ ਜੁਗਤ ਵਿਚ ਅਨੇਕਾਂ ਸ਼ਬਦ ਵਿਚਰਦੇ ਹਨ ਅਤੇ ਇਨ੍ਹਾਂ ਦਾ ਵਾਧਾ ਘਾਟਾ ਲਗਾਤਾਰ ਵਾਪਰਦਾ ਰਹਿੰਦਾ ਹੈ। ਸਮਾਨਾਰਥਕ ਸ਼ਬਦ ਦੇ ਸੰਕਲਪ ਦੀ ਪਰਿਭਾਸ਼ਾ ਅਨੁਸਾਰ : ਜਦੋਂ ਇਕੋ ਸਥਿਤੀ, ਵਸਤੂ ਆਦਿ ਨੂੰ ਪਰਗਟਾਉਣ ਲਈ ਇਕ ਤੋਂ ਵਧੇਰੇ ਸ਼ਬਦ ਰੂਪਾਂ ਦੀ ਵਰਤੋਂ ਕੀਤੀ ਜਾਵੇ ਅਤੇ ਇਨ੍ਹਾਂ ਸ਼ਬਦ ਰੂਪਾਂ ਨੂੰ ਸਮਾਨਾਰਥਕ ਕਿਹਾ ਜਾਂਦਾ ਹੈ। ਭਾਵੇਂ ਇਹ ਸੰਕਲਪ ਸਿਧਾਂਤਕ ਤੌਰ ’ਤੇ ਭਾਸ਼ਾ ਦੀ ਪ੍ਰਕਿਰਤੀ ਦੇ ਉਲਟ ਹੈ। ਭਾਸ਼ਾ ਦੀ ਪ੍ਰਕਿਰਤੀ ਵਿਚ ਸੰਜਮ ਹੁੰਦਾ ਹੈ ਪਰ ਇਹ ਸੰਕਲਪ ਸੰਜਮ ਦਾ ਵਿਰੋਧੀ ਹੈ। ਇਸ ਕਰਕੇ ਕੋਈ ਇਕ ਸ਼ਬਦ ਸਿਧਾਂਤਕ ਤੌਰ ਤੇ ਦੂਜੇ ਸ਼ਬਦ ਦਾ ਵਿਕਲਪ ਨਹੀਂ ਹੋ ਸਕਦਾ, ਜਿਵੇਂ : ਲੰਮਾ, ਉਚਾ, ਵੱਡਾ ਆਦਿ ਸ਼ਬਦ ਇਕੋ ਸਥਿਤੀ ਲਈ ਨਹੀਂ ਵਰਤੇ ਜਾ ਸਕਦੇ ਜਿਵੇਂ : ‘ਮੇਰਾ ਇਹ ਭਰਾ ਉਚਾ ਹੈ, ਮੇਰਾ ਇਹ ਭਰਾ ਵੱਡਾ ਹੈ ਅਤੇ ਮੇਰਾ ਇਹ ਭਰਾ ਲੰਮਾ ਹੈ। ਇਹ ਤਿੰਨੇ ਸ਼ਬਦ ਇਕੋ ਅਰਥ ਨਹੀਂ ਦਿੰਦੇ। ਪਰ ਮੋਟੇ ਤੌਰ ’ਤੇ ਭਾਵੇਂ ਇਨ੍ਹਾਂ ਦੀ ਵਰਤੋਂ ਸਥਿਤੀ ਅਨੁਸਾਰ ਅਰਥ ਸੀਮਾ ਬਦਲਦੀ ਰਹਿੰਦੀ ਹੈ ਫਿਰ ਵੀ ਇਨ੍ਹਾਂ ਨੂੰ ਸਮਾਨਾਰਥਕ ਸ਼ਬਦਾਂ ਦੇ ਘੇਰੇ ਵਿਚ ਰੱਖਿਆ ਜਾਂਦਾ ਹੈ। ਸਮਾਨਾਰਥਕ ਸ਼ਬਦਾਂ ਦੀ ਸਥਾਪਤੀ ਲਈ ਵੱਡਾ ਅਧਾਰ ਭਾਸ਼ਾਵਾਂ ਦਾ ਮੇਲ ਜਾਂ ਸ਼ਬਦਾਂ ਦਾ ਉਧਾਰੀਕਰਨ ਹੈ। ਜਦੋਂ ਦੋ ਭਾਸ਼ਾਵਾਂ ਦੇ ਲੋਕ ਇਕ ਲੰਮਾ ਸਮਾਂ ਮੇਲ ਵਿਚ ਰਹਿੰਦੇ ਹਨ ਤਾਂ ਇਕ ਭਾਸ਼ਾ ਦੇ ਸ਼ਬਦ ਦੂਜੀ ਭਾਸ਼ਾ ਵਿਚ ਇਸ ਤਰ੍ਹਾਂ ਸੰਮਿਲਤ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਵਰਤੋਂ ਵੀ ਵਿਕਲਪ ਦੇ ਤੌਰ ’ਤੇ ਹੋਣ ਲਗ ਪੈਂਦੀ ਹੈ, ਜਿਵੇਂ : ਸੋਹਣਾ, ਸੁੰਦਰ ਅਤੇ ਖੂਬਸੂਰਤ ਤਿੰਨ ਵਿਸ਼ੇਸ਼ਣ ਸ਼ਬਦ ਹਨ ਪੰਜਾਬੀ ਵਿਚ ਇਨ੍ਹਾਂ ਦੀ ਵਰਤੋਂ ਵਿਕਲਪ ਦੇ ਤੌਰ ’ਤੇ ਹੁੰਦੀ ਹੈ ਭਾਵੇਂ ਇਨ੍ਹਾਂ ਸ਼ਬਦਾਂ ਦਾ ਸਰੋਤ ਵੱਖੋ ਵੱਖਰਾ ਹੈ। ਇਸੇ ਪਰਕਾਰ ਉਪਭਾਸ਼ਾਵਾਂ ਦੀ ਸ਼ਬਦਾਵਲੀ ਵੀ ਵੱਖਰੀ ਹੁੰਦੀ ਹੈ ਜੋ ਟਕਸਾਲੀ ਸ਼ਬਦਾਵਲੀ ਵਿਚ ਲਗਾਤਾਰ ਦਖਲ ਦਿੰਦੀ ਰਹਿੰਦੀ ਹੈ ਜਿਵੇਂ : ਸਾਂਮ\ਸੰਝ, ਤ੍ਰਿਕਾਲਾਂ, ਆਥਣ, ਸਵੇਰ\ਪ੍ਰਭਾਤ, ਪਹੁਫੁਟਾਲਾ, ਸਾਜਰਾ, ਸਰਗੀਵੇਲਾ, ਧੰਮੀਵੇਲਾ, ਤੜਕਾ, ਦਾਬੜਾ\ਬਾਲਟਾ, ਤਸਲਾ, ਤਗਾਰਾ, ਪੁਸਤਕ\ਪੋਥੀ, ਕਿਤਾਬ, ਬੁੱਕ, ਪਾਠਸ਼ਾਲਾ\ਮਦਰਸਾ, ਸਕੂਲ ਇਹ ਸਾਰੇ ਸ਼ਬਦ ਇਕ ਇਕ ਸੰਕਲਪ ਲਈ ਜਾਂ ਤਾਂ ਵੱਖਰੇ ਸਰੋਤ ਤੋਂ ਆਏ ਹਨ ਜਾਂ ਫਿਰ ਉਪਭਾਸ਼ਾਈ ਵਖਰੇਵੇਂ ਵਾਲੇ ਹਨ। ਸਮਾਨਾਰਥਕ ਸ਼ਬਦਾਂ ਦੀ ਵੰਡ ਦੋ ਪਰਕਾਰ ਕੀਤੀ ਜਾ ਸਕਦੀ ਹੈ, ਜਿਵੇਂ : ਉਹ ਸਮਾਨਾਰਥਕ ਸ਼ਬਦ ਜਿਹੜੇ ਇਕੋ ਸਥਿਤੀ ਨੂੰ ਪਰਗਟਾਉਂਦੇ ਹਨ ਇਨ੍ਹਾਂ ਦੀ ਵਰਤੋਂ ਵਿਕਲਪ ਦੇ ਤੌਰ ’ਤੇ ਕੀਤੀ ਜਾ ਸਕਦੀ ਹੈ ਅਤੇ ਦੂਜੇ ਉਹ ਸਮਾਨਾਰਥਕ ਸ਼ਬਦ ਜਿਨ੍ਹਾਂ ਨੂੰ ਸਮਾਨਾਰਥਕ ਤਾਂ ਕਿਹਾ ਜਾਂਦਾ ਹੈ ਪਰ ਉਨ੍ਹਾਂ ਨੂੰ ਇਕੋ ਸਥਿਤੀ ਵਿਚ ਨਹੀਂ ਵਰਤਿਆ ਜਾ ਸਕਦਾ ਭਾਵੇਂ ਉਨ੍ਹਾਂ ਵਿਚ ਅਰਥ ਸਮਾਨਤਾ ਹੁੰਦੀ ਹੋਵੇ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 94840, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਅੱਗ


harvinder singh, ( 2020/04/11 02:3745)

ਅੱਗ


Nisha, ( 2021/05/25 05:5445)

ਬਹੁਤ ਵਧੀਆ ਸੋਚ


Kulwinder singh, ( 2021/08/30 07:0858)

ਸਬਿਆਚਾਰੀਕਰਨ


Kuldeep singh, ( 2021/10/19 09:3631)

ਜਿਲ੍ਹਣ


Harwinder Singh, ( 2022/03/03 11:3039)

ਟੈਟਸ


Gurmit singh, ( 2023/03/12 06:3910)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.