ਸਰਹਿੰਦ ਨਹਿਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਰਹਿੰਦ ਨਹਿਰ : ਪੰਜਾਬ ਰਾਜ ਵਿਚ ਇਕ ਬਹੁਤ ਵੱਡੀ ਨਹਿਰ ਹੈ ਜਿਹੜੀ ਬਹੁਤ ਸਾਰੀਆਂ ਸ਼ਾਖਾਂ ਵਿਚ ਵੰਡੀ ਹੋਈ ਹੈ। ਇਹ ਨਹਿਰ ਦਰਿਆ ਸਤਲੁਜ ਵਿਚੋਂ ਰੋਪੜ ਦੇ ਸਥਾਨ ਤੋਂ ਕੱਢੀ ਗਈ ਹੈ। ਇਸ ਦੀ ਖੁਦਾਈ ਲਈ ਮੁਢਲਾ ਸਰਵੇਖਣ 1867 ਈ. ਵਿਚ ਅੰਗਰੇਜ਼ੀ ਸਰਕਾਰ ਦੁਆਰਾ ਕੀਤਾ ਗਿਆ ਸੀ ਅਤੇ ਨਹਿਰ ਦਾ ਉਦਘਾਟਨ 1882 ਈ. ਵਿਚ ਹੋਇਆ। ਇਸ ਤੋਂ ਪਹਿਲਾਂ ਫੀਰੋਜ਼ਸ਼ਾਹ ਤੁਗ਼ਲਕ ਨੇ ਇਕ ਨਹਿਰ ਦਰਿਆ ਸਤਲੁਜ ਵਿਚੋਂ ਕੱਢਕੇ ਸਰਹਿੰਦ ਸ਼ਹਿਰ ਲਿਆਂਦੀ ਸੀ ਜੋ ਅੱਗੇ ਹਿਸਾਰ ਤੀਕ ਜਾਂਦੀ ਸੀ। ਇਸ ਨਹਿਰ ਦਾ ਨਾਂ ਵੀ ਉਸਨੇ ‘ਸਰਹਿੰਦ ਨਹਿਰ’ ਹੀ ਰੱਖਿਆ ਸੀ। ਅੰਗਰੇਜ਼ਾਂ ਦੇ ਸਮੇਂ ਤੀਕ ਮੁਲਕੀ ਝਗੜਿਆਂ ਕਾਰਨ ਇਹ ਨਹਿਰ ਗੈਰ ਆਬਾਦ ਹੋ ਗਈ ਸੀ ਪਰ ਅੰਗਰੇਜ਼ਾਂ ਨੇ ਨਾਭਾ, ਪਟਿਆਲਾ, ਜੀਂਦ, ਫਰੀਦਕੋਟ ਅਤੇ ਕਲਸੀਆਂ ਦੀਆਂ ਰਿਆਸਤਾਂ ਨਾਲ ਸਮਝੌਤਾ ਕਰਕੇ ਇਸ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ। ਪਹਿਲੀ ਨਹਿਰ ਕੀਰਤਪੁਰ ਤੋਂ ਕੱਢੀ ਗਈ ਸੀ ਅਤੇ ਸਰਹਿੰਦ ਦੇ ਕੋਲੋਂ ਲੰਘਦੀ ਸੀ। ਦੂਜੀ ਨਹਿਰ ਰੋਪੜ ਤੋਂ ਕੱਢੀ ਗਈ ਅਤੇ ਸਰਹਿੰਦ ਲੈ ਜਾਣ ਦੀ ਬਜਾਏ ਦੋਰਾਹੇ ਨੂੰ ਲਿਜਾਈ ਗਈ ਕਿਉਂਕਿ ਦੋਰਾਹੇ ਤੇ ਰਿਆਸਤ ਪਟਿਆਲਾ ਅਤੇ ਅੰਗਰੇਜ਼ੀ ਰਾਜ ਦੀ ਸਰਹੱਦ ਨਿਸ਼ਚਿਤ ਹੁੰਦੀ ਸੀ।

          ਦੋਰਾਹੇ ਤੋਂ ਛੇ ਕੁ ਕਿ. ਮੀ. ਦੂਰ ਗੁਰਥਲੀ ਦੇ ਸਥਾਨ ਉੱਤੇ ਇਹ ਨਹਿਰ ਤਿੰਨ ਹਿੱਸਿਆਂ ਵਿਚ ਵੰਡੀ ਜਾਂਦੀ ਹੈ। ਸਭ ਤੋਂ ਉੱਤਰੀ ਹਿੱਸੇ ਨੂੰ ‘ਅਬੋਹਰ ਬਰਾਂਚ’ ਆਖਦੇ ਹਨ ਜੋ ਜ਼ਿਲ੍ਹਾ ਲੁਧਿਆਣਾ ਅਤੇ ਫੀਰੋਜ਼ਪੁਰ ਵਿਚੋਂ ਲੰਘਦੀ ਹੈ ਅਤੇ ਦਰਿਆ ਸਤਲੁਜ ਦੇ ਸਮਾਨ-ਅੰਤਰ ਚਲਦੀ ਹੋਈ 202 ਕਿ. ਮੀ. ਦੀ ਦੂਰੀ ਤੇ ਗੰਗਾਨਗਰ (ਰਾਜਸਥਾਨ) ਦੇ ਨੇੜੇ ਖ਼ਤਮ ਹੋ ਜਾਂਦੀ ਹੈ। ਵਿਚਕਾਰਲੀ ਸ਼ਾਖਾ ਨੂੰ ‘ਬਠਿੰਡਾ ਬਰਾਂਚ’ ਆਖਦੇ ਹਨ। ਇਸਦੀ ਲੰਬਾਈ 160 ਕਿ. ਮੀ. ਹੈ ਅਤੇ ਇਹ ਵੀ ਜ਼ਿਲ੍ਹਾ ਲੁਧਿਆਣਾ, ਸੰਗਰੂਰ ਅਤੇ ਬਠਿੰਡਾ ਵਿਚੋਂ ਹੁੰਦੀ ਗੰਗਾਨਗਰ ਦੇ ਨਜ਼ਦੀਕ ਹੀ ਪਹੁੰਚ ਜਾਂਦੀ ਹੈ। ਤੀਜੀ ਦੱਖਣੀ ਸ਼ਾਖਾ ਨੂੰ ‘ਪਟਿਆਲਾ ਬਰਾਂਚ’ ਆਖਦੇ ਹਨ। ਪਟਿਆਲਾ ਬਰਾਂਚ ਅੱਗੇ ਤਿੰਨ ਸ਼ਾਖਾਵਾਂ––‘ਕੋਟਲਾ ਬਰਾਂਚ’, ‘ਘੱਗਰ ਬਰਾਂਚ’, ਅਤੇ ‘ਚੋਆ ਬਰਾਂਚ’ ਵਿਚ ਵੰਡੀ ਜਾਂਦੀ ਹੈ। ਕੋਟਲਾ ਬਰਾਂਚ, 151 ਕਿ. ਮੀ. ਲੰਬੀ ਹੈ ਅਤੇ ਜੋੜੇ ਪੁਲਾਂ ਦੇ ਸਥਾਨ ਤੋਂ ਨਿਕਲਦੀ ਹੈ ਅਤੇ ਮਲੇਰਕੋਟਲੇ ਕੋਲੋਂ ਦੀ ਲੰਘਦੀ ਹੋਈ ਮੰਡੀ ਡੱਬਵਾਲੀ ਤੀਕ ਪਹੁੰਚ ਜਾਂਦੀ ਹੈ। ਘੱਗਰ ਬਰਾਂਚ 86 ਕਿ. ਮੀ. ਲੰਬੀ ਹੈ। ਇਹ ਨਾਭੇ ਕੋਲੋਂ ਰੋਹਟੀ ਦੇ ਸਥਾਨ ਤੋਂ ਨਿਕਲਦੀ ਹੈ ਅਤੇ ਸੁਨਾਮ, ਬਠਿੰਡਾ ਆਦਿ ਵਿਚੋਂ ਹੁੰਦੀਆਂ ਹੋਈ ਹਰਿਆਣੇ ਦੀ ਹੱਦ ਤੀਕ ਪਹੁੰਚ ਜਾਂਦੀ ਹੈ। ਚੋਆ ਬਰਾਂਚ ਵੀ ਰੋਹਟੀ ਤੋਂ ਹੀ ਵੱਖ ਹੁੰਦੀ ਹੈ ਅਤੇ 40 ਕਿ. ਮੀ. ਦੀ ਦੂਰੀ ਤੇ ਪਟਿਆਲੇ ਦੇ ਨੇੜੇ ਖ਼ਤਮ ਹੋ ਜਾਂਦੀ ਹੈ। ਇਨ੍ਹਾਂ ਤੋਂ ਇਲਾਵਾ ਗੁਰਥਲੀ ਦੇ ਸਥਾਨ ਤੋਂ ਹੀ ਅਬੋਹਰ ਬਰਾਂਚ ਦੇ ਉੱਤਰ ਵਿਚ ਇਕ ਹੋਰ ਛੋਟੀ ਨਹਿਰ ਨਿਕਲਦੀ ਹੈ ਜੋ ਲੁਧਿਆਣੇ ਸ਼ਹਿਰ ਵਿਚੋਂ ਗੁਜ਼ਰਦੀ ਹੋਈ ਜ਼ੀਰੇ ਦੇ ਇਲਾਕੇ ਵਿਚ ਪਹੁੰਚ ਕੇ ਖ਼ਤਮ ਹੋ ਜਾਂਦੀ ਹੈ।

          ਸੰਨ 1904 ਤਕ ਇਸ ਨਹਿਰ ਤੇ 388.7 ਲੱਖ ਰੁਪਿਆ ਖਰਚ ਹੋ ਚੁੱਕਾ ਸੀ ਜਿਸ ਵਿਚੋਂ 247.7 ਲੱਖ ਰੁਪਿਆ ਅੰਗਰੇਜ਼ੀ ਸਰਕਾਰ ਨੇ ਦਿੱਤਾ ਅਤੇ 141 ਲੱਖ ਤਿੰਨ ਫੁਲਕੀਆਂ ਰਿਆਸਤਾਂ ਨੇ ਅਦਾ ਕੀਤਾ ਸੀ।

          ਹ. ਪੁ.––ਇੰਪ. ਗ. ਇੰਡ. 23 : 18.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1025, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no

ਸਰਹਿੰਦ ਨਹਿਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਰਹਿੰਦ ਨਹਿਰ : ਪੰਜਾਬ ਦੀ ਇਹ ਇਕ ਬਹੁਤ ਵੱਡੀ ਅਤੇ ਪ੍ਰਸਿੱਧ ਨਹਿਰ ਹੈ। ਇਹ ਸਤਲੁਜ ਦਰਿਆ ਵਿਚੋਂ ਰੋਪੜ ਦੇ ਸਥਾਨ ਤੋਂ ਕੱਢੀ ਗਈ ਹੈ ਅਤੇ ਕਈ ਸ਼ਾਖਾਵਾਂ ਵਿਚ ਵੰਡੀ ਹੋਈ ਹੈ। ਫੀਰੋਜ਼ਸ਼ਾਹ ਤੁਗ਼ਲਕ ਨੇ ਸਤਲੁਜ ਵਿਚੋਂ ਇਕ ਨਹਿਰ ਕੱਢ ਕੇ ਸਰਹਿੰਦ ਸ਼ਹਿਰ ਤਕ ਲਿਆਂਦੀ ਸੀ ਜੋ ਹਿਸਾਰ ਤਕ ਜਾਂਦੀ ਸੀ। ਅੰਗਰੇਜ਼ੀ ਸਰਕਾਰ ਨੈ 1868 ਈ. ਵਿਚ ਇਸ ਨਹਿਰ ਦੀ ਖੁਦਾਈ ਦੀ ਵਿਉਂਤ ਬਣਾਈ ਅਤੇ 1882 ਈ. ਵਿਚ ਇਸ ਦਾ ਕੰਮ ਸ਼ੁਰੂ ਹੋਇਆ। ਦੇਸ਼ ਵਿਚ ਝਗੜਿਆਂ ਕਾਰਨ ਇਹ ਨਹਿਰ ਬੰਦ ਸੀ ਪਰੰਤੂ ਅੰਗਰੇਜ਼ਾਂ ਨੇ ਨਾਭਾ, ਪਟਿਆਲਾ, ਜ਼ੀਂਦ ਫ਼ਰੀਦਕੋਟ ਅਤੇ ਕਲਸੀਆ ਦੀਆਂ ਰਿਆਸਤਾਂ ਨਾਲ ਸਮਝੌਤਾ ਕਰਕੇ ਇਸ ਨੂੰ ਮੁੜ ਚਲਾਉਣ ਦਾ ਫ਼ੈਸਲਾ ਕੀਤਾ। ਕੀਰਤਪੁਰ ਤੋਂ ਪਹਿਲੀ ਨਹਿਰ ਕੱਢੀ ਗਈ ਜੋ ਸਰਹਿੰਦ ਦੇ ਨੇੜਿਉਂ ਲੰਘਦੀ ਸੀ। ਦੂਜੀ ਨਹਿਰ ਰੋਪੜ ਤੋਂ ਕੱਢ ਕੇ ਦੋਰਾਹੇ ਲਿਜਾਈ ਗਈ ਕਿਉਂਕਿ ਦੋਰਾਹਾ, ਰਿਆਸਤ ਪਟਿਆਲਾ ਅਤੇ ਅੰਗਰੇਜ਼ਾਂ ਦੇ ਰਾਜ ਦੀ ਹੱਦ ਸੀ।

        ਇਹ ਨਹਿਰ, ਦੋਰਾਹਾ ਤੋਂ 6 ਕਿ. ਮੀ. ਦੂਰ ਗੁਰਥਲੀ ਵਿਖੇ ਤਿੰਨ ਹਿੱਸਿਆਂ ਵਿਚ ਵੰਡੀ ਜਾਂਦੀ ਹੈ। ਉੱਤਰੀ ਹਿੱਸੇ ਨੁੰ ‘ਅਬੋਹਰ ਬ੍ਰਾਂਚ’ ਆਖਦੇ ਹਨ ਜੋ ਜ਼ਿਲ੍ਹਾ ਲੁਧਿਆਣਾ ਅਤੇ ਫਿਰੋਜ਼ਪੁਰ ਵਿਚੋਂ ਲੰਘਦੀ ਹੈ। ਇਹ 322 ਕਿ. ਮੀ. ਦੂਰੀ ਤੈਅ ਕਰ ਕੇ ਗੰਗਾਨਗਰ (ਰਾਜਸਥਾਨ) ਨੇੜੇ ਖ਼ਤਮ ਹੋ ਜਾਂਦੀ ਹੈ। ਵਿਚਕਾਰਲੀ ਸ਼ਾਖਾ ਨੂੰ ‘ਬਠਿੰਡਾ ਬ੍ਰਾਂਚ’ ਆਖਦੇ ਹਨ ਜਿਸ ਦੀ ਲੰਬਾਈ 160 ਕਿ. ਮੀ. ਹੈ ਅਤੇ ਇਹ ਲੁਧਿਆਣਾ, ਸੰਗਰੂਰ ਅਤੇ ਬਠਿੰਡਾ ਵਿਚੋਂ ਹੁੰਦੀ ਹੋਈ ਗੰਗਾਨਗਰ ਦੇ ਨੇੜੇ ਪਹੁੰਚ ਜਾਂਦੀ ਹੈ। ਤੀਜੀ ਸ਼ਾਖਾ ਨੂੰ ਪਟਿਆਲਾ ਬ੍ਰਾਂਚ ਜਾਂ ਫੀਡਰ ਕਹਿੰਦੇ ਹਨ। ਇਸ ਵਿਚੋਂ ਤਿੰਨ ਸ਼ਾਖਾਵਾਂ ‘ਕੋਟਲਾ ਬ੍ਰਾਂਚ’, ‘ਘੱਗਰ ਬ੍ਰਾਂਚ’, ਅਤੇ ‘ਚੋਆ ਬ੍ਰਾਂਚ’ ਨਿਕਲਦੀਆਂ ਹਨ। ਕੋਟਲਾ ਬ੍ਰਾਂਚ ਜੌੜੇ ਪੁਲਾਂ ਦੇ ਸਥਾਨ ਤੋਂ ਨਿਕਲਦੀ ਹੈ ਅਤੇ 151 ਕਿ. ਮੀ. ਲੰਬੀ ਹੈ। ਇਹ ਮਲੇਰਕੋਟਲੇ ਕੋਲ ਦੀ ਲੰਘਦੀ ਹੋਈ ਮੰਡੀ ਡੱਬਵਾਲੀ ਤਕ ਜਾਂਦੀ ਹੈ। ਘੱਗਰ ਬ੍ਰਾਂਚ ਨਾਭਾ ਕੋਲੋਂ ਰੋਹਟੀ ਤੋਂ ਨਿਕਲਦੀ ਹੈ ਅਤੇ 86 ਕਿ. ਮੀ. ਲੰਬੀ ਹੈ। ਇਹ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿਚੋਂ ਹੁੰਦੀ ਹੋਈ ਹਰਿਆਣੇ ਦੀ ਹੱਦ ਤਕ ਪਹੁੰਚ ਜਾਂਦੀ ਹੈ। ਚੋਆ ਬ੍ਰਾਂਚ ਵੀ ਰੋਹਟੀ ਤੋਂ ਨਿਕਲਦੀ ਹੈ ਜਿਹੜੀ ਪਟਿਆਲਾ ਨੇੜੇ ਖ਼ਤਮ ਹੋ ਜਾਂਦੀ ਹੈ। ਇਨ੍ਹਾਂ ਤਿੰਨ ਬ੍ਰਾਂਚਾਂ ਤੋਂ ਇਲਾਵਾ ਗੁਰਥਲੀ ਦੇ ਸਥਾਨ ਤੋਂ ਅਬੋਹਰ ਬ੍ਰਾਂਚ ਦੇ ਉੱਤਰ ਵੱਲ ਸਿਧਵਾਂ ਨਹਿਰ ਨਿਕਲਦੀ ਹੈ ਜੋ ਲੁਧਿਆਣੇ ਸ਼ਹਿਰ ਵਿਚੋਂ ਗੁਜ਼ਰਦੀ ਹੋਈ ਜ਼ੀਰੇ ਦੇ ਇਲਾਕੇ ਵਿਚ ਪਹੁੰਚ ਕੇ ਖ਼ਤਮ ਹੋ ਜਾਂਦੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-03-17-20, ਹਵਾਲੇ/ਟਿੱਪਣੀਆਂ: ਹ. ਪੁ.––ਇੰਪ. ਗ. ਇੰਡ. 23:18; ਪੰ. ਵਿ. ਕੋ. 4

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.