ਸਰ੍ਹੋਂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰ੍ਹੋਂ (ਨਾਂ,ਇ) ਪੀਲੇ ਫੁੱਲਾਂ ਅਤੇ ਫ਼ਲੀਆਂ ਵਿੱਚ ਬਰੀਕ ਤੇਲਦਾਰ ਦਾਣਿਆਂ ਵਾਲੀ ਫ਼ਸਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਰ੍ਹੋਂ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰ੍ਹੋਂ [ਨਾਂਇ] ਇੱਕ ਤੇਲ ਬੀਜ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4939, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਰ੍ਹੋਂ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸਰ੍ਹੋਂ : ਇਹ ਇਕ ਪੱਤੇਦਾਰ ਸਬਜ਼ੀ-ਫ਼ਸਲ ਹੈ ਜਿਸ ਤੋਂ ਸਾਗ ਅਤ ਸਰ੍ਹੋਂ ਦਾ ਤੇਲ ਪ੍ਰਾਪਤ ਕੀਤਾ ਜਾਂਦਾ ਹੈ। ਇਸ ਦਾ ਸੰਬੰਧ ਕਰੂਸੀਫਰੀ (Cruciferae) ਕੁਲ ਦੀ ਬ੍ਰੈਸਿਕਾ (Brassica) ਪ੍ਰਜਾਤੀ ਨਾਲ ਹੈ। ਯੂਰਪ ਅਤੇ ਏਸ਼ੀਆ ਸਰ੍ਹੋਂ ਦੇ ਘਰ ਮੰਨੇ ਜਾਂਦੇ ਹਨ। ਉੱਤਰੀ ਅਮਰੀਕਾ ਵਿਚ ਵੀ ਸਰ੍ਹੋਂ ਦੀ ਕਾਫ਼ੀ ਕਾਸ਼ਤ ਕੀਤੀ ਜਾਂਦੀ ਹੈ। ਭਾਰਤ ਦੇ ਵੱਖ ਵੱਖ ਭਾਗਾਂ ਵਿਚ ਕਈ ਕਿਸਮਾਂ ਦੀ ਸਰ੍ਹੋਂ ਉਗਾਈ ਜਾਂਦੀ ਹੈ। ਭੂਰੀ ਸਰ੍ਹੋਂ ਪੰਜਾਬ ਵਿਚ ਅਤੇ ਪੀਲੀ ਸਰ੍ਹੋਂ ਆਮ ਤੌਰ ਤੇ ਯੂ. ਪੀ., ਬਿਹਾਰ ਤੇ ਬੰਗਾਲ ਵਿਚ ਬੀਜੀ ਜਾਂਦੀ ਹੈ। ਰੂਗੋਸਾ ਤੇ ਨੇਪਸ ਕਿਸਮਾਂ ਵੀ ਸਾਗ-ਪਾਤ ਵਿਚ ਨਰਮ-ਨਰਮ ਗੰਦਲਾਂ ਲਈ ਉਗਾਈਆਂ ਜਾਂਦੀਆਂ ਹਨ।
ਸਰ੍ਹੋਂ ਇਕ ਰੁੱਤਾ ਪੌਦਾ ਹੈ ਜਿਸ ਦੀ ਉੱਚਾਈ ਲਗਭਗ 1-2 ਮੀਟਰ ਤਕ ਹੁੰਦੀ ਹੈ। ਇਸ ਦੇ ਸ਼ੁਰੂ ਸ਼ੁਰੂ ਵਿਚ ਨਿਕਲੇ ਪੱਤਿਆਂ ਉੱਪਰ ਲੂੰ ਹੁੰਦੇ ਹਨ। ਪੱਤੇ ਆਮ ਤੌਰ ਤੇ ਚਮਕੀਲੇ ਅਤੇ ਕੱਟੇ ਹੋਏ ਕੰਢਿਆਂ ਵਾਲੇ ਹੁੰਦੇ ਹਨ। ਫੁੱਲਾਂ ਦੀਆਂ ਡੰਡੀਆਂ ਬਹੁਤੀਆਂ ਲੰਮੀਆਂ ਨਹੀਂ ਹੁੰਦੀਆਂ। ਇਹ ਫੁੱਲ ਬਸੰਤ ਦੀ ਰੁੱਤੇ ਪੂਰੇ ਜੋਬਨ ਤੇ ਹੁੰਦੇ ਹਨ। ਫੁੱਲ ਵਿਚ ਚਾਰ ਹਰੀਆਂ ਪੱਤੀਆਂ ਤੇ ਚਾਰ ਰੰਗਦਾਰ ਪੱਤੀਆਂ ਹੁੰਦੀਆਂ ਹਨ। ਪੁੰਕੇਸਰ ਛੇ ਹੁੰਦੇ ਹਨ ਜਿਨ੍ਹਾਂ ਵਿਚੋਂ ਦੋ ਛੋਟੇ ਤੇ ਚਾਰ ਲੰਬੇ ਹੁੰਦੇ ਹਨ। ਬੀਜਦਾਨੀ ਦੇ ਇਕੋ ਖਾਨੇ ਵਿਚ ਦੋ ਅੰਡਪ ਹੁੰਦੇ ਹਨ। ਪਰ ਫਲ ਪੱਕਣ ਤੇ ਇਸ ਵਿਚਕਾਰ ਇਕ ਪਤਲੀ ਜਿਹੀ ਝਿੱਲੀ ਪੈਦਾ ਹੋ ਜਾਣ ਕਰਕੇ ਦੋ ਖਾਨੇ ਬਣ ਜਾਂਦੇ ਹਨ।
ਸਰ੍ਹੋਂ ਇਕੱਲੀ ਵੀ ਬੀਜੀ ਜਾਂਦੀ ਹੈ ਤੇ ਕਣਕ ਦੇ ਨਾਲ ਵੀ। ਮੈਂਦਾਨਾਂ ’ਚ ਬਿਜਾਈ ਅੱਧ ਸਤੰਬਰ ਤੋਂ ਲੈ ਕੇ ਨਵੰਬਰ ਦੇ ਅਖ਼ੀਰ ਤਕ ਕੀਤੀ ਜਾਂਦੀ ਹੈ ਤੇ ਪਹਾੜਾਂ ’ਚ ਮਈ ਤੇ ਜੁਲਾਈ ਦੇ ਵਿਚਕਾਰ। ਜੇ ਫ਼ਸਲ ਨਿਰੋਲ ਸਾਗ-ਸਬਜ਼ੀ ਲਈ ਹੀ ਬੀਜਣੀ ਹੋਵੇ ਤਾਂ ਬਿਜਾਈ 30 ਸੈਂ. ਮੀ. ਵਿਥ ਦੀਆਂ ਕਤਾਰਾਂ ਵਿਚ ਕੀਤੀ ਜਾਂਦੀ ਹੈ ਤੇ ਬੀਜ 10-10 ਸੈਂ. ਮੀ. ਦੀ ਦੂਰੀ ਤੇ ਬੀਜੇ ਜਾਂਦੇ ਹਨ। ਵੱਡੇ ਪੱਤਿਆਂ ਵਾਲੀਆਂ ਕਿਸਮਾਂ ਜ਼ਰਾ ਵਿਰਲੀਆਂ ਬੀਜੀਆਂ ਜਾਂਦੀਆਂ ਹਨ। ਬੀਜ 6-7 ਕਿ. ਗ੍ਰਾ. ਫ਼ੀ ਹੈਕਟਰ ਪਾਇਆ ਜਾਂਦਾ ਹੇ। ਬੀਜ ਪੰਜ-ਛੇ ਦਿਨਾਂ ਵਿਚ ਜੰਮ ਪੈਂਦੇ ਹਨ। ਜੇ ਸਰ੍ਹੋਂ ਤੋਂ ਸਾਗ-ਪੱਤੇ ਤੇ ਬੀਜ ਦੋਵੇਂ ਲੈਣੇ ਹੋਣ ਤਾਂ ਪੱਤਿਆਂ ਦੀ ਤੁੜਾਈ ਬਿਜਾਈ ਤੋਂ 25-30 ਦਿਨ ਬਾਅਦ ਕਰ ਲੈਂਦੇ ਹਨ।
ਸਰ੍ਹੋਂ ਨੂੰ ਆਮ ਤੌਰ ਤੇ ਤੇਲਾ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ। ਇਸ ਦਾ ਹਮਲਾ ਜਨਵਰੀ ਵਿਚ ਸ਼ੁਰੂ ਹੁੰਦਾ ਹੈ। ਇਸ ਦੀ ਰੋਕਥਾਮ ਲਈ ਡਾਈਸਿਸਟੌਕਸ ਜਾਂ ਫੋਰੇਟ ਥਾਈਮੇਟ ਵਰਗੀਆਂ ਕੀਟ-ਨਾਸ਼ਕ ਦੁਆਈਆਂ ਜੋ ਸਿੰਜਾਈ ਕਰਦੇ ਸਮੇਂ ਪਾਣੀ ਵਿਚ ਮਿਲਾ ਦਿਤੀਆਂ ਜਾਂਦੀਆਂ ਹਨ, ਵਰਤਣੀਆਂ ਗੁਣਕਾਰੀ ਹਨ। ਜੇ ਫ਼ਸਲ ਬੀਜ ਲਈ ਹੀ ਰਖੀ ਗਈ ਹੋਵੇ ਤਾਂ ਕਦੇ ਕਦੇ ਮੈਲਾਥੀਓਨ ਜਾਂ ਫ਼ਾਲੀਡੋਨ ਦਾ ਛਿੜਕਾਅ ਕਰਦੇ ਰਹਿਣ ਨਾਲ ਤੇਲੇ ਤੇ ਕਾਬੂ ਪਾਇਆ ਜਾ ਸਕਦਾ ਹੈ। ਪਰ ਜੇ ਫ਼ਸਲ ਸਾਗ-ਸਬਜ਼ੀ ਲਈ ਬੀਜੀ ਗਈ ਹੋਵੇ ਤਾਂ ਪਾਇਰੇਥਰਮ-ਰਸ ਜਾਂ ਨਿਕੋਟੀਨ ਸਲਫ਼ੇਟ ਵਰਗੀਆਂ ਘੱਟ ਜ਼ਹਿਰੀਲੀਆਂ ਦੁਆਈਆਂ ਦਾ ਛਿੜਕਾਅ ਕਰਨਾ ਚਾਹੀਦਾ ਹੈ।
ਸਰ੍ਹੋਂ ਦਾ ਸਾਗ ਸਰਦੀ ਦੀ ਰੁੱਤੇ ਪੰਜਾਬੀਆਂ ਦਾ ਮਨ-ਭਾਉਂਦਾ ਖਾਣਾ ਹੈ। ਸਾਗ ਲਈ ਸਰ੍ਹੋਂ ਦੇ ਨਰਮ ਨਰਮ ਪੱਤੇ ਤੇ ਗੰਦਲਾਂ ਵਰਤੋਂ ਵਿਚ ਲਿਆਂਦੀਆਂ ਜਾਂਦੀਆਂ ਹਨ। ਸਰ੍ਹੋਂ ਦੇ ਬੀਜਾਂ ਵਿਚੋਂ ਤੇਲ ਨਪੀੜ ਕੇ ਕੱਢਿਆ ਜਾਂਦਾ ਹੈ। ਬੀਜਾਂ ਵਿਚ ਤੇਲ ਦੀ ਮਾਤਰਾ 30-45 ਪ੍ਰਤਿਸ਼ਤ ਤਕ ਹੁੰਦੀ ਹੈ। ਇਸ ਤੇਲ (ਜਿਸ ਨੂੰ ਕੱਚੀ ਘਾਣੀ ਵੀ ਕਿਹਾ ਜਾਂਦਾ ਹੈ) ਚੀਜ਼ਾਂ ਤਲਣ ਆਦਿ ਲਈ ਵਰਤਿਆ ਜਾਂਦਾ ਹੈ। ਇਹ ਭੁੱਖ ਵਧਾਉਣ ਵਾਲਾ ਅਤੇ ਛੇਤੀ ਪਚਣ ਵਾਲਾ ਹੈ। ਇਸ ਤੋਂ ਬਿਨਾਂ ਇਹ ਜਲਾਉਣ ਲਈ, ਸਾਬਣ ਸਾਜ਼ੀ ਲਈ, ਫੌਲਾਦੀ ਪਲੇਟਾਂ ਨੂੰ ਪਾਣ ਚੜ੍ਹਾਉਣ ਲਈ ਅਤੇ ਮਹੀਨ ਮਸ਼ੀਨਰੀ ਵਿਚ ਚਿਕਨਾਹਟ ਪੈਦਾ ਕਰਨ ਲਈ ਵੀ ਵਰਤਿਆ ਜਾਂਦਾ ਹੈ। ਸਰ੍ਹੋਂ ਦੇ ਤੇਲ ਦੀ ਮਾਲਸ਼, ਖ਼ਾਸ ਕਰਕੇ ਸਰਦੀ ਦੇ ਮੌਸਮ ਵਿਚ, ਸਰੀਰ ਲਈ ਕਾਫ਼ੀ ਗੁਣਕਾਰੀ ਮੰਨੀ ਗਈ ਹੈ।
ਸਰ੍ਹੋਂ ਦੇ ਬੀਜ ਦਵਾਈ ਵਜੋਂ ਵੀ ਵਰਤੇ ਜਾਂਦੇ ਹਨ। ਬੀਜਾਂ ਨੂੰ ਦਰੜ ਕੇ ਪੁਲਟਸ ਬਣਾਉਂਦੇ ਹਨ। ਇਹ ਜ਼ਖ਼ਮਾਂ ਨੂੰ ਭਰਨ ਲਈ ਵੀ ਗੁਣਕਾਰੀ ਹੈ। ਇਸ ਤੇਲ ਨੂੰ ਖੁਜਲੀ, ਕੋਹੜ ਤੇ ਕੁਸ਼ਟ ਵਰਗੇ ਰੋਗਾਂ ਨੂੰ ਨਸ਼ਟ ਕਰਨ ਲਈ ਵੀ ਵਰਤਦੇ ਹਨ।
ਹ. ਪੁ.––ਸਬਜ਼ੀਆਂ––ਚੌਧਰੀ : 223.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-04, ਹਵਾਲੇ/ਟਿੱਪਣੀਆਂ: no
ਸਰ੍ਹੋਂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਰ੍ਹੋਂ, ਇਸਤਰੀ ਲਿੰਗ : ਇੱਕ ਪੌਦਾ ਜਿਸ ਦੇ ਬੀਆਂ ਦਾ ਤੇਲ ਕੱਢਦੇ ਹਨ ਅਤੇ ਜਿਸ ਤੇਲ ਨੂੰ ਕੌੜਾ ਤੇਲ ਆਖਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-09-02-23-57, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First