ਸਵਾਧੀਨ ਉਪਵਾਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸਵਾਧੀਨ ਉਪਵਾਕ : ਇਸ ਸੰਕਲਪ ਦੀ ਵਰਤੋਂ ਵਿਆਕਰਨਕ ਇਕਾਈਆਂ ਦੀ ਸਥਾਪਤੀ ਵੇਲੇ ਕੀਤੀ ਜਾਂਦੀ ਹੈ । ਵਾਕ ਇਕ ਵੱਡੀ ਤੋਂ ਵੱਡੀ ਵਿਆਕਰਨਕ ਇਕਾਈ ਹੈ ਜਦੋਂ ਕਿ ਸ਼ਬਦ \ ਭਾਵਾਂਸ਼ ਛੋਟੀ ਤੋਂ ਛੋਟੀ ਇਕਾਈ ਹੈ । ਵਾਕੰਸ਼ , ਸ਼ਬਦ ਵਰਗੀ ਅਤੇ ਉਪਵਾਕ , ਵਾਕ ਵਰਗੀ ਇਕਾਈ ਹੈ । ਪਰੰਪਰਾਵਾਦੀ ਵਿਆਕਰਨਕਾਰ ਉਪਵਾਕਾਂ ਦੀ ਵੰਡ ਦੋ ਭਾਗਾਂ ਵਿਚ ਕਰਦੇ ਹਨ : ( i ) ਸਵਾਧੀਨ ਉਪਵਾਕ ਅਤੇ ( ii ) ਪਰਾਧੀਨ ਉਪਵਾਕ । ਸਵਾਧੀਨ ਉਪਵਾਕਾਂ ਦੀ ਵਰਤੋਂ ਸਾਵੀਆਂ ਬਣਤਰਾਂ ਵਿਚ ਕੀਤੀ ਜਾਂਦੀ ਹੈ ਜਦੋਂ ਕਿ ਪਰਾਧੀਨ ਉਪਵਾਕਾਂ ਦੀ ਵਰਤੋਂ ਅਸਾਵੀਆਂ ਬਣਤਰਾਂ ਵਿਚ ਕੀਤੀ ਜਾਂਦੀ ਹੈ । ਸੰਯੁਕਤ ਵਾਕਾਂ ਦੀ ਬਣਤਰ ਵਿਚ ਵਿਚਰਨ ਵਾਲੇ ਉਪਵਾਕਾਂ ਨੂੰ ਸਵਾਧੀਨ ਉਪਵਾਕ ਕਿਹਾ ਜਾਂਦਾ ਹੈ । ਬਣਤਰ ਅਤੇ ਕਾਰਜ ਦੇ ਪੱਖ ਤੋਂ ਸਵਾਧੀਨ ਉਪਵਾਕਾਂ ਦੀ ਬਣਤਰ ਵਿਚ ਵਿਚਰਨ ਵਾਲੇ ਕਿਰਿਆ ਵਾਕੰਸ਼ ਕਾਲਕੀ ( ਵੇਖੋ ਕਾਲਕੀ ਕਿਰਿਆ ਵਾਕੰਸ਼ ) ਹੁੰਦੇ ਹਨ , ਇਨ੍ਹਾਂ ਉਪਵਾਕਾਂ ਦੀ ਬਣਤਰ ਵਿਚ ਉਦੇਸ਼ ਅਤੇ ਵਿਧੇ ਦੋਵੇਂ ਤੱਤ ਵਿਚਰਦੇ ਹਨ । ਇਹ ਉਪਵਾਕ ਸੁਤੰਤਰ ਤੌਰ ’ ਤੇ ਵਾਕ ਵਜੋਂ ਵਿਚਰ ਸਕਣ ਦੀ ਸਮਰੱਥਾ ਰੱਖਦੇ ਹਨ , ਇਨ੍ਹਾਂ ਉਪਵਾਕਾਂ ਦੀ ਵਰਤੋਂ ਅਤੇ ਕਾਰਜ ਸਧਾਰਨ ਵਾਕਾਂ ਵਾਲਾ ਹੀ ਹੁੰਦਾ ਹੈ । ਦੂਜੇ ਸ਼ਬਦਾਂ ਵਿਚ ਜਿਨ੍ਹਾਂ ਉਪਵਾਕਾਂ ਵਿਚ ਸਧਾਰਨ ਵਾਕਾਂ ਵਾਲੇ ਸਾਰੇ ਲੱਛਣ ਹੁੰਦੇ ਹਨ ਉਨ੍ਹਾਂ ਉਪਵਾਕਾਂ ਨੂੰ ਸਵਾਧੀਨ ਉਪਵਾਕਾਂ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ , ਜਿਵੇਂ : ‘ ਬੱਚਾ ਰੋ ਰਿਹਾ ਸੀ ਅਤੇ ਮਾਂ ਉਸ ਨੂੰ ਚੁੱਪ ਕਰਾ ਰਹੀ ਸੀ’ ਇਕ ਸੰਯੁਕਤ ਵਾਕ ਹੈ । ਇਸ ਵਾਕ ਵਿਚ ਦੋ ਉਪਵਾਕ ਹਨ ਇਹ ਦੋਵੇਂ ਉਪਵਾਕ ਸਾਵੇਂ ਹਨ ਤੇ ਯੋਜਕ ‘ ਅਤੇ’ ਨਾਲ ਜੁੜੇ ਹੋਏ ਹਨ । ‘ ਅਤੇ’ ਯੋਜਕ ਨੂੰ ਵਾਕ ਦੀ ਬਣਤਰ ਵਿਚੋਂ ਕੱਢ ਦੇਣ ਨਾਲ ਸੰਯੁਕਤ ਵਾਕ ਵਿਚ ਵਿਚਰਨ ਵਾਲੇ ਉਪਵਾਕ ਸੁਤੰਤਰ ਵਾਕਾਂ ਵਜੋਂ ਵਿਚਰਨ ਲੱਗ ਜਾਂਦੇ ਹਨ । ਇਹ ਪਰਯੋਗ ਉਨ੍ਹਾਂ ਸਾਰੇ ਵਾਕਾਂ ਤੇ ਲਾਗੂ ਕੀਤਾ ਜਾ ਸਕਦਾ ਹੈ ਜਿਹੜੇ ਸੰਯੁਕਤ ਵਾਕ ਸਾਵੇਂ ਯੋਜਕਾਂ ‘ ਤੇ , ਅਤੇ , ਜਾਂ , ਜਾਂ ਫਿਰ’ ਰਾਹੀਂ ਜਾਂ ਕੌਮੇ ਦੀ ਵਰਤੋਂ ਰਾਹੀਂ ਜੁੜੇ ਹੋਏ ਹੋਣ । ਇਕ ਸੰਯੁਕਤ ਵਾਕ ਦੀ ਬਣਤਰ ਵਿਚ ਘੱਟੋ ਘੱਟ ਦੋ ਸਵਾਧੀਨ ਉਪਵਾਕ ਵਿਚਰਦੇ ਹਨ ਅਤੇ ਗਿਣਤੀ ਦੇ ਪੱਖ ਤੋਂ ਇਕ ਸੰਯੁਕਤ ਵਾਕ ਦੀ ਬਣਤਰ ਵਿਚ ਅਸੀਮਤ ਸਵਾਧੀਨ ਉਪਵਾਕ ਵਿਚਰ ਸਕਦੇ ਹਨ । ਮਿਸ਼ਰਤ ਵਾਕਾਂ ਦੀ ਬਣਤਰ ਵਿਚ ਘੱਟੋ-ਘੱਟ ਇਕ ਸਵਾਧੀਨ ਉਪਵਾਕ ਵਿਚਰ ਰਿਹਾ ਹੁੰਦਾ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1842, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.