ਸਹਾਇਕ ਕਿਰਿਆ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਸਹਾਇਕ ਕਿਰਿਆ: ਪੰਜਾਬੀ ਵਿਚ ਦੋ ਸਹਾਇਕ ਕਿਰਿਆਵਾਂ ‘ਹੈ’ ਅਤੇ ‘ਸੀ’ ਹਨ। ਪੰਜਾਬੀ ਦੀਆਂ ਵਿਆਕਰਨਾਂ ਵਿਚ ਸਹਾਇਕ ਕਿਰਿਆ ਨੂੰ ਸ਼ਬਦ-ਸ਼ਰੇਣੀ ਦੇ ਤੌਰ ’ਤੇ ਸਵੀਕਾਰਿਆ ਗਿਆ ਅਤੇ ਇਸ ਨੂੰ ਕਿਰਿਆ ਦੀ ਸ਼ਬਦਾਵਲੀ ਵਿਚ ਹੀ ਸ਼ਾਮਲ ਕੀਤਾ ਗਿਆ ਹੈ। ਰੂਪ ਅਤੇ ਵਰਤੋਂ ਦੇ ਪੱਖ ਤੋਂ ਇਸ ਨੂੰ ਕਿਰਿਆ ਦੀ ਸ਼ਬਦਾਵਲੀ ਵਿਚ ਹੀ ਸ਼ਾਮਲ ਕੀਤਾ ਗਿਆ ਹੈ। ਰੂਪ ਅਤੇ ਵਰਤੋਂ ਦੇ ਪੱਖ ਤੋਂ ਇਸ ਨੂੰ ਵੱਖਰੀ ਸ਼ਰੇਣੀ ਵਜੋਂ ਸਥਾਪਤ ਕਰਨ ਦੇ ਲੱਛਣ ਮੌਜੂਦ ਹਨ। ਸਹਾਇਕ ਕਿਰਿਆ ‘ਸੀ’ ਭੂਤਕਾਲ ਦੀ ਸੂਚਕ ਹੈ ਅਤੇ ਪੁਰਖ ਤੇ ਵਚਨ ਲਈ ਰੂਪਾਂਤਰਤ ਹੁੰਦੀ ਹੈ ਅਤੇ ਸਹਾਇਕ ਕਿਰਿਆ ‘ਹੈ’ ਵਰਤਮਾਨ ਕਾਲ ਦੀ ਸੂਚਕ ਹੈ ਅਤੇ ਵਚਨ ਤੇ ਪੁਰਖ ਲਈ ਰੂਪਾਂਤਰਤ ਹੁੰਦੀ ਹੈ, ਜਿਵੇਂ : ‘ਸਾਂ\ਸੀ, ਸੈਂ\ਸੀ, ਸੋ\ਸੀ, ਸਨ\ਸੀ’ ਅਤੇ ‘ਹਾਂ, ਹੈਂ\ਹੋ, ਹੈ\ਹਨ’। ‘ਸੀ’ ਦਾ ਰੂਪਾਂਤਰਨ ਇਸ ਪਰਕਾਰ ਹੁੰਦਾ ਹੈ : ਪਹਿਲਾ ਪੁਰਖ : ਇਕ ਵਚਨ, ਬਹੁਵਚਨ ਲਈ : ਸੈਂ\ਸੀ - ਮੈਂ ਸਕੂਲ ਗਿਆ ਸਾਂ\ਸੀ, ਅਸੀਂ ਸਕੂਲ ਗਏ ਸਾਂ\ਸੀ, ਦੂਜਾ ਪੁਰਖ ਇਕ ਵਚਨ : ਸੈਂ\ਸੀ - ਤੂੰ ਸਕੂਲ ਗਿਆ ਸੈਂ\ਸੀ, ਦੂਜਾ ਪੁਰਖ ਬਹੁਵਚਨ - ਤੁਸੀਂ ਸਕੂਲ ਗਏ ਸੋ\ਸੀ, ਤੀਜਾ ਪੁਰਖ ਇਕ ਵਚਨ : ਸੀ - ਉਹ ਸਕੂਲ ਗਿਆ ਸੀ, ਤੀਜਾ ਪੁਰਖ ਬਹੁਵਚਨ : ਉਹ ਸਕੂਲ ਗਏ ਸੀ\ਸਨ। ‘ਹੈ’ ਦਾ ਰੂਪਾਂਤਰਨ ਇਸ ਪਰਕਾਰ ਹੁੰਦਾ ਹੈ, ਪਹਿਲਾ ਪੁਰਖ ਇਕ ਵਚਨ\ਬਹੁਵਚਨ ਲਈ : ‘ਹੈਂ’ - ਤੂੰ ਪਿੰਡ ਜਾਂਦਾ ਹੈਂ, ਦੂਜਾ ਪੁਰਖ ਬਹੁਵਚਨ ਲਈ ‘ਹੋ’ - ਤੁਸੀਂ ਪਿੰਡ ਜਾਂਦੇ ਹੋ, ਤੀਜਾ ਪੁਰਖ ਇਕ ਵਚਨ ਲਈ ‘ਹੈ’ - ਉਹ ਪਿੰਡ ਜਾਂਦਾ ਹੈ। ਤੀਜਾ ਪੁਰਖ ਬਹੁਵਚਨ ਲਈ : ‘ਹਨ’ ਉਹ ਪਿੰਡ ਜਾਂਦੇ ਹਨ।
ਸਹਾਇਕ ਕਿਰਿਆ, ਕਿਰਿਆ ਵਾਕੰਸ਼ ਦੇ ਮੈਂਬਰ ਵਜੋਂ ਵਿਚਰਦੀ ਹੈ। ਜਿਸ ਕਿਰਿਆ ਵਾਕੰਸ਼ ਵਿਚ ਘੱਟੋ ਘੱਟ ਦੋ ਕਿਰਿਆ ਰੂਪ ਵਿਚਰਦੇ ਹਨ (ਹੈ\ਸੀ ਸਮੇਤ) ਤਾਂ ਸਹਾਇਕ ਕਿਰਿਆ ਦੀ ਵਰਤੋਂ ਹੁੰਦੀ ਹੈ। ਕਿਰਿਆ ਵਾਕੰਸ਼ ਦੀ ਬਣਤਰ ਵਿਚ ਵਿਚਰਨ ਵਾਲੇ ਹਰ ਕਿਰਿਆ ਰੂਪ ਵਿਚ ਕੋਈ ਨਾ ਕੋਈ ਵਿਆਕਰਨਕ ਲੱਛਣ ਰੱਖਣ ਦੀ ਸਮਰੱਥਾ ਹੁੰਦੀ ਹੈ। ਇਸ ਪੱਖ ਤੋਂ ਕਿਰਿਆ ਵਾਕੰਸ਼ ਵਿਚਲੇ ਕਿਰਿਆ ਰੂਪਾਂ ਨੂੰ ਮੁੱਖ ਕਿਰਿਆ, ਸੰਚਾਲਕ ਕਿਰਿਆ ਅਤੇ ਸਹਾਇਕ ਕਿਰਿਆ ਵਿਚ ਵੰਡਿਆ ਜਾਂਦਾ ਹੈ। ਜਿਸ ਤਰ੍ਹਾਂ ‘ਰਹਿ’ ਕਿਰਿਆ ਗਤੀ ਦੀ ਸੂਚਕ ਹੈ ‘ਸਕ’ ਕਿਰਿਆ ਸੰਭਾਵਨਾ ਦੀ ਸੂਚਕ ਹੈ ਅਤੇ ‘ਜਾ’ ਕਰਮਵਾਰ ਦੀ ਸੂਚਕ ਹੈ ਆਦਿ ਉਸੇ ਤਰ੍ਹਾਂ ਸਹਾਇਕ ਕਿਰਿਆ, ਕਾਲ ਅਤੇ ਵਚਨ ਦੇ ਲੱਛਣਾਂ ਦਾ ਪਰਗਟਾਵਾ ਕਰਦੀ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 10584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First