ਸਾਈਂ ਲੱਭੂ ਸ਼ਾਹ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸਾਈਂ ਲੱਭੂ ਸ਼ਾਹ (ਦੇਹਾਂਤ 1947 ਈ. ): ਇਹ ਪੰਜਾਬੀ ਸੂਫੀ ਕਵੀ ਸੀ ਅਤੇ ਪਿੰਡ ਜਗਦੇਵ ਕਲਾਂ ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਸੀ । ਇਹ ਹਾਸ਼ਮ ਸ਼ਾਹ ਦੇ ਪੋਤਰੇ ਮੀਆਂ ਨੱਥੇ ਸ਼ਾਹ ਦਾ ਮੁਰੀਦਾ ਸੀ । ਇਹ ਪਿੰਡੋਂ ਬਾਹਰ ਨਹਿਰ ਦੇ ਕੰਢੇ ਝੁੱਗੀ ਪਾ ਕੇ ਦਰਵੇਸ਼ੀ ਜੀਵਨ ਬਿਤਾ ਰਿਹਾ ਸੀ। ਰੱਬ ਦਾ ਪਿਆਰਾ ਸੂਫ਼ੀ ਫ਼ਕੀਰ ਵੀ ਮੰਦੇ ਭਾਗੀਂ ਅਣਜਾਣੇ ਹੀ 1947 ਦੇ ਫ਼ਸਾਦਾਂ ਦੀ ਲਪੇਟ ਵਿਚ ਆ ਗਿਆ ।ਇਹ ਬਹੁਤ ਹੀ ਮਿਠ ਬੋਲੜਾ, ਕੋਮਲ ਭਾਵੀ ਤੇ ਬੰਦਗੀ ਕਰਨ ਵਾਲਾ ਵਿਅਕਤੀ ਸੀ । ਇਸ ਨੇ ਆਪਣੇ ਆਤਮਕ ਅਨੁਭਵਾਂ ਨੂੰ ਆਪਣੀ ਬਾਣੀ ਵਿਚ ਅੰਕਿਤ ਕਰਨ ਦਾ ਸਫਲ ਯਤਨ ਕੀਤਾ ਹੈ। ਇਸ ਨੇ ਕਿੱਸਾ ਹੀਰ ਰਾਂਝਾ, ਕਾਫ਼ੀਆ ਤੇ ਦੋਹੜੇ ਲਿਖੇ ਹਨ। ਸਿਰਫ਼ ਦੋਹੜੇ ਹੀ ਅਜੇ ਤਾਈਂ ਛਪ ਸਕੇ ਸਨ ਜਿਨ੍ਹਾਂ ਦੀ ਗਿਣਤੀ 280 ਹੈ। ਵਿਸ਼ੇ ਪੱਖੋਂ ਇਹ ਹਾਸ਼ਮ ਦੇ ਦੋਹੜਿਆਂ ਨਾਲ ਮੇਲ ਖਾਂਦੇ ਹਨ। ਇਹ ਵੀ ਇਸ਼ਕ ਦਾ ਅਨੁਯਾਈ, ਆਸ਼ਕਾਂ ਦਾ ਮੁੱਦਈ, ਦਿਲਬਰ ਦਾ ਮੁਸ਼ਤਾਕ ਤੇ ਸੰਸਾਰ ਦੀ ਨਾਸ਼ਮਾਨਤਾ ਦਾ ਕਾਇਲ ਸੀ । ਇਸ ਨੇ ਮੁਰਸ਼ਦ ਦੀ ਲੋੜ ਤੇ ਬਹੁਤ ਬਲ ਦਿੱਤਾ ਹੈ। ਇਸ ਦੀ ਬੋਲੀ ਅੰਮ੍ਰਿਤਸਰੀ ਹੈ ਪਰ ਕਿਤੇ ਕਿਤੇ ਫ਼ਾਰਸੀ ਤੇ ਬ੍ਰਿਜਭਾਸ਼ਾ ਦਾ ਅੰਸ਼ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ। ਕਈ ਥਾਈਂ ਕੁਰਾਨ ਮਜੀਦ ਦੀਆਂ ਆਇਤਾਂ ਵੀ ਉਣੀਆਂ ਹੋਈਆਂ ਹਨ।
ਹ.ਪੁ. ਸੂਫ਼ੀ ਕਾਵਿ ਸੰਗ੍ਰਹਿ––ਸੰਪਾ. ਡਾ. ਹਰਨਾਮ ਸਿੰਘ ਸ਼ਾਨ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 380, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no
ਸਾਈਂ ਲੱਭੂ ਸ਼ਾਹ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਾਈਂ ਲੱਭੂ ਸ਼ਾਹ : ਪੰਜਾਬੀ ਦਾ ਇਹ ਸੂਫ਼ੀ ਕਵੀ ਅੰਮ੍ਰਿਤਸਰ ਜ਼ਿਲ੍ਹੇ ਦੇ ਜਗਦੇਵ ਕਲਾਂ ਪਿੰਡ ਦਾ ਵਸਨੀਕ ਸੀ। ਇਹ ਹਾਸ਼ਮ ਸ਼ਾਹ ਦੇ ਪੋਤਰੇ ਮੀਆਂ ਨੱਥੇ ਸ਼ਾਹ ਦਾ ਮੁਰੀਦ ਸੀ। ਇਹ ਪਿੰਡ ਤੋਂ ਬਾਹਰ ਨਹਿਰ ਦੇ ਕੰਢੇ ਝੁੱਗੀ ਪਾ ਕੇ ਦਰਵੇਸ਼ੀ ਜੀਵਨ ਗੁਜ਼ਾਰ ਰਿਹਾ ਸੀ ਪਰ ਬਦਕਿਸਮਤੀ ਨਾਲ 1947 ਈ. ਦੇ ਦੰਗਿਆਂ ਦੀ ਲਪੇਟ ਵਿਚ ਆ ਗਿਆ।
ਇਹ ਬਹੁਤ ਮਿਠਬੋਲੜਾ, ਕੋਮਲ ਭਾਵੀ ਤੇ ਰੱਬ ਦੀ ਬੰਦਗੀ ਕਰਨ ਵਾਲਾ ਵਿਅਕਤੀ ਸੀ। ਇਸ ਨੇ ਆਪਣੇ ਆਤਮਕ ਅਨੁਭਵਾਂ ਨੂੰ ਆਪਣੇ ਕਲਾਮ ਵਿਚ ਅੰਕਿਤ ਕੀਤਾ। ਇਹ ਇਸ਼ਕ ਦਾ ਅਨੁਯਾਈ, ਆਸ਼ਕਾਂ ਦਾ ਮੁੱਦਈ, ਦਿਲਬਰ ਦਾ ਮੁਸ਼ਤਾਕ ਤੇ ਸੰਸਾਰ ਦੀ ਨਾਸ਼ਮਾਨਤਾ ਦਾ ਕਾਇਲ ਸੀ। ਇਸ ਨੇ ਮੁਰਸ਼ਦ ਦੀ ਲੋੜ ਉੱਤੇ ਬਹੁਤ ਜ਼ੋਰ ਦਿੱਤਾ। ਇਸ ਨੇ ਕਿੱਸਾ ਹੀਰ ਰਾਂਝਾ, ਕਾਫ਼ੀਆਂ ਤੇ ਦੋਹੜੇ ਲਿਖੇ। ਇਸ ਦੀਆਂ ਲਿਖਤਾਂ ਵਿਚੋਂ ਸਿਰਫ਼ ਦੋਹੜੇ ਹੀ ਅਜੇ ਤਕ ਛਪ ਸਕੇ ਹਨ ਜਿਨ੍ਹਾਂ ਦੀ ਗਿਣਤੀ 280 ਦੇ ਕਰੀਬ ਹੈ। ਵਿਸ਼ੇ ਦੇ ਪੱਖੋਂ ਇਸ ਦੇ ਲਿਖੇ ਦੋਹੜੇ ਹਾਸ਼ਮ ਦੇ ਦੋਹੜਿਆਂ ਵਰਗੇ ਹੀ ਹਨ। ਇਸ ਦੀ ਬੋਲੀ ਮਾਝੀ (ਪੰਜਾਬੀ ਦੀ ਉਪਭਾਸ਼ਾ) ਹੈ ਪਰ ਕਿਧਰੇ ਕਿਧਰੇ ਫ਼ਾਰਸੀ ਤੇ ਬ੍ਰਿਜਭਾਸ਼ਾ ਦੇ ਅੰਸ਼ ਵੀ ਮਿਲਦੇ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 358, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-12-56-29, ਹਵਾਲੇ/ਟਿੱਪਣੀਆਂ: ਹ. ਪੁ.––ਸੂਫੀ ਕਾਵਿ ਸੰਗ੍ਰਹਿ-ਸੰਪਾ. ਡਾ. ਹਰਨਾਮ ਸਿੰਘ ਸ਼ਾਨ; ਪੰ. ਵਿ. ਕੋ. 4:387.
ਵਿਚਾਰ / ਸੁਝਾਅ
Please Login First