ਸਾਕਾਦਾਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਕਾਦਾਰੀ [ਨਾਂਇ] ਸਾਕਾਗੀਰੀ, ਰਿਸ਼ਤਾ-ਨਾਤਾ ਪ੍ਰਬੰਧ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਕਾਦਾਰੀ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਸਾਕਾਦਾਰੀ : ਮਨੁੱਖ ਸਮਾਜ ਵਿੱਚ ਇਕੱਲਾ ਨਹੀਂ ਰਹਿ ਸਕਦਾ। ਜਨਮ ਤੋਂ ਲੈ ਕੇ ਮੌਤ ਤੱਕ ਉਹ ਕਈ ਪ੍ਰਕਾਰ ਦੇ ਲੋਕਾਂ ਨਾਲ ਘਿਰਿਆ ਹੋਇਆ ਹੈ। ਇਹਨਾਂ ਵਿੱਚੋਂ ਕੁਝ ਲੋਕ ਉਸਦੇ ਰਿਸ਼ਤੇਦਾਰ, ਕੁਝ ਮਿੱਤਰ, ਕੁਝ ਗੁਆਂਢੀ ਹੁੰਦੇ ਹਨ ਜਦੋਂ ਕਿ ਬਾਕੀ ਸਾਰੇ ਅਜਨਬੀ ਹੁੰਦੇ ਹਨ। ਹਰ ਵਿਅਕਤੀ ਉਹਨਾਂ ਸਾਰੇ ਵਿਅਕਤੀਆਂ ਨਾਲ ਸੰਬੰਧਿਤ ਹੁੰਦਾ ਹੈ, ਜੋ ਖ਼ੂਨ ਜਾਂ ਵਿਆਹ ਦੇ ਆਧਾਰ ਤੇ ਉਸ ਦੇ ਰਿਸ਼ਤੇਦਾਰ ਬਣ ਜਾਂਦੇ ਹਨ। ਖ਼ੂਨ ਜਾਂ ਵਿਆਹ ਦਾ ਸਾਕ ਦੂਰ ਜਾਂ ਨਜ਼ਦੀਕ ਦਾ ਹੋ ਸਕਦਾ ਹੈ। ਇਸ ਖ਼ੂਨ ਜਾਂ ਵਿਆਹ ਦੇ ਬੰਧਨ ਨੂੰ ਸਾਕਾਦਾਰੀ (kinship) ਕਿਹਾ ਜਾਂਦਾ ਹੈ।

ਜਦੋਂ ਕੋਈ ਵਿਅਕਤੀ ਵਿਆਹ ਕਰਦਾ ਹੈ ਤਾਂ ਉਸਦੇ ਸੰਬੰਧ ਕੇਵਲ ਉਸ ਲੜਕੀ ਨਾਲ ਹੀ ਨਹੀਂ ਬਣਦੇ ਸਗੋਂ ਲੜਕੀ ਦੇ ਪਰਵਾਰ ਦੇ ਹੋਰ ਲੋਕਾਂ ਨਾਲ ਵੀ ਸਥਾਪਿਤ ਹੋ ਜਾਂਦੇ ਹਨ। ਕੇਵਲ ਵਿਆਹ ਕਰਨ ਵਾਲਾ ਲੜਕਾ ਹੀ ਲੜਕੀ ਦੇ ਪਰਵਾਰ ਦੇ ਮੈਂਬਰਾਂ ਦਾ ਰਿਸ਼ਤੇਦਾਰ ਨਹੀਂ ਬਣ ਜਾਂਦਾ ਸਗੋਂ ਉਸਦੇ ਪਰਵਾਰ ਦੇ ਮੈਂਬਰ ਵੀ ਲੜਕੀ ਦੇ ਪਰਵਾਰ ਦੇ ਮੈਂਬਰਾਂ ਦੇ ਰਿਸ਼ਤੇਦਾਰ ਬਣ ਜਾਂਦੇ ਹਨ। ਉਦਾਹਰਨ ਵਜੋਂ ਕੋਈ ਵਿਅਕਤੀ ਵਿਆਹ ਤੋਂ ਬਾਅਦ ਕੇਵਲ ਪਤੀ ਹੀ ਨਹੀਂ ਬਣਦਾ ਸਗੋਂ ਉਹ ਜੀਜਾ ਅਤੇ ਦਾਮਾਦ ਵੀ ਬਣ ਜਾਂਦਾ ਹੈ। ਇਸੇ ਪ੍ਰਕਾਰ ਲੜਕੀ ਵੀ ਵਿਆਹ ਤੋਂ ਬਾਅਦ ਨਾ ਕੇਵਲ ਪਤਨੀ ਬਣਦੀ ਹੈ ਸਗੋਂ ਨੂੰਹ, ਚਾਚੀ, ਭਾਬੀ, ਦੇਵਰਾਣੀ, ਜੇਠਾਣੀ, ਮਾਮੀ ਆਦਿ ਵੀ ਬਣ ਜਾਂਦੀ ਹੈ। ਇਸ ਪ੍ਰਕਾਰ ਵਿਆਹ ਕਈ ਪ੍ਰਕਾਰ ਦੇ ਰਿਸ਼ਤੇ ਪੈਦਾ ਕਰਦਾ ਹੈ।

ਖ਼ੂਨ ਦਾ ਬੰਧਨ ਵੀ ਰਿਸ਼ਤੇ ਬਣਾਉਂਦਾ ਹੈ। ਮਾਪਿਆਂ ਤੇ ਉਹਨਾਂ ਦੇ ਬੱਚਿਆਂ ਵਿਚਕਾਰ ਅਤੇ ਸਹੋਦਰਾਂ ਵਿਚਕਾਰ ਖ਼ੂਨ ਦਾ ਰਿਸ਼ਤਾ ਹੁੰਦਾ ਹੈ। ਸਹੋਦਰ ਇੱਕੋ ਮਾਪਿਆਂ ਦੇ ਬੱਚਿਆਂ ਨੂੰ ਕਿਹਾ ਜਾਂਦਾ ਹੈ। ਇਸ ਪ੍ਰਕਾਰ ਪੁੱਤਰ, ਭਰਾ, ਭੈਣ, ਚਾਚਾ, ਤਾਇਆ, ਭਤੀਜਾ ਆਦਿ ਖ਼ੂਨ ਦੇ ਰਿਸ਼ਤੇ ਹਨ।

ਨਜ਼ਦੀਕੀ ਜਾਂ ਦੂਰੀ ਦੇ ਆਧਾਰ ਤੇ ਸੰਬੰਧੀਆਂ ਨੂੰ ਕਈ ਸ਼੍ਰੇਣੀਆਂ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਕਈ ਰਿਸ਼ਤੇ ਅਖਵਾਉਂਦੇ ਹਨ। ਇਸ ਤੋਂ ਇਲਾਵਾ ਗੌਣ ਰਿਸ਼ਤੇਦਾਰ ਵੀ ਹੁੰਦੇ ਹਨ। ਇਹ ਮੂਲ ਰਿਸ਼ਤੇਦਾਰ ਦੇ ਮੂਲ ਰਿਸ਼ਤੇਦਾਰ ਹੁੰਦੇ ਹਨ। ਜਿਵੇਂ ਕਿ ਪਿਤਾ ਦਾ ਭਰਾ (ਚਾਚਾ), ਭੈਣ ਦਾ ਪਤੀ (ਜੀਜਾ) ਗੌਣ ਰਿਸ਼ਤੇ ਹਨ। ਪਿਤਾ ਮੂਲ ਰਿਸ਼ਤਾ ਹੈ ਅਤੇ ਉਸਦਾ ਭਰਾ, ਪਿਤਾ ਦਾ ਮੂਲ ਰਿਸ਼ਤੇਦਾਰ ਹੁੰਦਾ ਹੈ। ਇਹਨਾਂ ਦੋ ਪ੍ਰਕਾਰ ਦੇ ਰਿਸ਼ਤਿਆਂ ਤੋਂ ਇਲਾਵਾ ਤੀਜੀ ਕਿਸਮ ਦੇ ਰਿਸ਼ਤੇਦਾਰ ਵੀ ਹੁੰਦੇ ਹਨ। ਉਹ ਸਾਡੇ ਮੂਲ ਰਿਸ਼ਤੇਦਾਰ ਦੇ ਗੌਣ ਰਿਸ਼ਤੇਦਾਰ ਹੁੰਦੇ ਹਨ। ਇਸ ਪ੍ਰਕਾਰ ਸਾਲੇ ਦੀ ਪਤਨੀ ਤੀਜੀ ਪ੍ਰਕਾਰ ਦੀ ਰਿਸ਼ਤੇਦਾਰ ਹੈ ਕਿਉਂਕਿ ਸਾਲਾ ਗੌਣ ਰਿਸ਼ਤੇਦਾਰ ਹੈ ਅਤੇ ਉਸਦੀ ਪਤਨੀ ਸਾਲੇ ਦੀ ਮੂਲ ਰਿਸ਼ਤੇਦਾਰ ਹੈ।

ਵਰਗਕਾਰੀ ਪ੍ਰਨਾਲੀ ਅਧੀਨ ਵੱਖ-ਵੱਖ ਰਿਸ਼ਤੇਦਾਰਾਂ ਨੂੰ ਇੱਕ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਇੱਕ ਨਾਂ ਨਾਲ ਬੁਲਾਇਆ ਜਾਂਦਾ ਹੈ ਜਿਵੇਂ ਕਿ ਅੰਗਰੇਜ਼ੀ ਸ਼ਬਦ ਅੰਕਲ, ਚਾਚਾ, ਮਾਮਾ, ਮਾਸੜ, ਫੁਫੜ, ਤਾਇਆ ਆਦਿ ਸਭ ਲਈ ਵਰਤਿਆ ਜਾਂਦਾ ਹੈ। ਇਸ ਪ੍ਰਕਾਰ ਵਰਣਨਾਤਮਿਕ ਪ੍ਰਨਾਲੀ ਅਧੀਨ ਇੱਕ ਸ਼ਬਦ ਕੇਵਲ ਇੱਕ ਰਿਸ਼ਤੇ ਲਈ ਵਰਤਿਆ ਜਾਂਦਾ ਹੈ। ਇਹ ਸ਼ਬਦ ਸਹੀ ਰਿਸ਼ਤੇ ਨੂੰ ਉਜਾਗਰ ਕਰਦਾ ਹੈ। ਉਦਾਹਰਨ ਵਜੋਂ ਪਿਤਾ ਵਰਨਾਤਮਿਕ ਸ਼ਬਦ ਹੈ।

ਹਰ ਸੰਬੰਧ ਵਿਸ਼ੇਸ਼ ਪ੍ਰਕਾਰ ਦੇ ਵਿਹਾਰ ਨਾਲ ਸੰਬੰਧਿਤ ਹੁੰਦਾ ਹੈ। ਪੁੱਤਰ ਦਾ ਪਿਤਾ ਪ੍ਰਤਿ ਵਿਹਾਰ ਸਤਿਕਾਰ ਵਾਲਾ ਹੁੰਦਾ ਹੈ। ਜਦੋਂ ਕਿ ਪਤੀ ਦਾ ਪਤਨੀ ਪ੍ਰਤਿ ਵਿਹਾਰ ਪ੍ਰੇਮ ਵਾਲਾ ਹੁੰਦਾ ਹੈ। ਭੈਣ ਅਤੇ ਭਰਾ ਦਾ ਪਰਸਪਰ ਵਿਹਾਰ ਸਨੇਹੀ ਹੁੰਦਾ ਹੈ। ਰਿਸ਼ਤੇਦਾਰਾਂ ਵਿੱਚ ਪਰਸਪਰ ਵਿਹਾਰ ਦੇ ਕੁਝ ਦਸਤੂਰ ਬਣ ਗਏ ਹਨ। ਭਾਰਤੀ ਸਮਾਜ ਵਿੱਚ ਸਹੁਰੇ ਦਾ ਨੂੰਹ ਤੋਂ ਦੂਰ ਰਹਿਣਾ ਦਾ ਰਿਵਾਜ ਹੈ। ਨੂੰਹ ਸਹੁਰੇ ਤੋਂ ਪਰਦਾ ਕਰਦੀ ਹੈ, ਪਰੰਤੂ ਆਧੁਨਿਕ ਭਾਰਤ ਵਿੱਚ ਇਹ ਰਿਵਾਜ ਖ਼ਤਮ ਹੋ ਗਿਆ ਹੈ। ਇਸ ਤੋਂ ਇਲਾਵਾ ਇੱਕ ਪਰੋਖ ਰਿਸ਼ਤਾ ਵੀ ਹੁੰਦਾ ਹੈ। ਇੱਕ ਰਿਸ਼ਤੇਦਾਰ ਦੋ ਰਿਸ਼ਤੇਦਾਰਾਂ ਵਿਚਕਾਰ ਬੁਲਾਉਣ ਦਾ ਮਾਧਿਅਮ ਬਣ ਜਾਂਦਾ ਹੈ।

ਰਿਸ਼ਤੇਦਾਰੀ ਪ੍ਰਥਾਵਾਂ ਦੋ ਮੁੱਖ ਕੰਮ ਕਰਦੀਆਂ ਹਨ। ਪਹਿਲਾਂ ਤਾਂ ਉਹ ਰਿਸ਼ਤਿਆਂ ਦੀਆਂ ਵਿਸ਼ੇਸ਼ ਗਰੁੱਪਬੰਦੀਆਂ ਕਰਦੀਆਂ ਹਨ। ਇਸ ਪ੍ਰਕਾਰ ਵਿਆਹ ਹਰ ਮਾਂ ਨੂੰ ਇੱਕ ਪਤੀ ਪ੍ਰਦਾਨ ਕਰਦਾ ਹੈ ਅਤੇ ਉਸਦੇ ਬੱਚਿਆਂ ਨੂੰ ਪਤਨੀ ਦੇ ਬੱਚੇ ਬਣਾਉਂਦਾ ਹੈ, ਇਸ ਪ੍ਰਕਾਰ ਪਿਤਾ, ਮਾਂ ਅਤੇ ਬੱਚਿਆਂ ਦਾ ਇੱਕ ਗਰੁੱਪ ਬਣ ਜਾਂਦਾ ਹੈ, ਜਿਸ ਨੂੰ ਅਸੀਂ ਪਰਵਾਰ ਆਖਦੇ ਹਾਂ। ਇਸ ਦਾ ਦੂਜਾ ਮੁੱਖ ਕਾਰਜ ਰਿਸ਼ਤੇਦਾਰਾਂ ਵਿਚਕਾਰ ਸੰਬੰਧਾਂ ਦੀ ਭੂਮਿਕਾ ਨੂੰ ਪ੍ਰਸ਼ਾਸਿਤ ਕਰਨਾ। ਇਸ ਦਾ ਭਾਵ ਹੈ ਕਿ ਕਿਸੇ ਵਿਸ਼ੇਸ਼ ਰਿਸ਼ਤੇਦਾਰ ਦੀ ਮੌਜੂਦਗੀ ਵਿੱਚ ਕਿਸੇ ਰਿਸ਼ਤੇਦਾਰ ਨੂੰ ਕਿਵੇਂ ਵਿਹਾਰ ਕਰਨਾ ਚਾਹੀਦਾ ਹੈ। ਇਸ ਅਨੁਸਾਰ ਪਿਤਾ ਅਤੇ ਧੀ, ਭਰਾ ਅਤੇ ਭੈਣ, ਦਾਮਾਦ ਅਤੇ ਸੱਸ ਆਦਿ ਵਿਚਕਾਰ ਉਚਿਤ ਵਿਹਾਰ ਦੇ ਨਿਯਮ ਨਿਸ਼ਚਿਤ ਹਨ।

ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਰਿਸ਼ਤੇਦਾਰਾਂ ਦੇ ਪਰਸਪਰ ਵਿਹਾਰ ਸੰਬੰਧੀ ਨਿਯਮ ਹਰ ਸਮਾਜ ਵਿੱਚ ਆਪਣੇ-ਆਪਣੇ ਹਨ। ਜੋ ਵਿਹਾਰ ਇੱਕ ਸਮਾਜ ਵਿੱਚ ਵਰਜਿਤ ਹਨ, ਦੂਜੇ ਸਮਾਜ ਵਿੱਚ ਉਸ ਪ੍ਰਕਾਰ ਦੇ ਵਿਹਾਰ ਦੀ ਪੂਰਨ ਖੁੱਲ੍ਹ ਹੁੰਦੀ ਹੈ


ਲੇਖਕ : ਡੀ.ਆਰ.ਸਚਦੇਵਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 362, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-20-11-17-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.