ਸਾਖੀ ਪੋਥੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਾਖੀ ਪੋਥੀ: ਇਹ ਪੋਥੀ ਭਾਈ ਵੀਰ ਸਿੰਘ ਨੇ ਸੰਪਾਦਿਤ ਕਰਕੇ ਸੰਨ 1968 ਈ. ਵਿਚ ਪ੍ਰਕਾਸ਼ਿਤ ਕੀਤੀ ਹੈ। ਇਸ ਵਿਚ ਨੌਵੇਂ ਅਤੇ ਦਸਵੇਂ ਗੁਰੂ ਦੀ ਮਾਲਵੇ ਪ੍ਰਦੇਸ਼ ਦੀ ਕੀਤੀ ਯਾਤ੍ਰਾ ਨੂੰ ਸਮੋਇਆ ਗਿਆ ਹੈ। ਇਸ ਦੇ ਰਚੈਤਾ ਦੀ ਜਾਣਕਾਰੀ ਬਾਰੇ ਕੋਈ ਤੱਥ ਉਪਲਬਧ ਨਹੀਂ ਹਨ। ਕਈ ਵਿਦਵਾਨਾਂ ਨੇ ਉਸ ਨੂੰ ਉਦਾਸੀ ਸਾਧੂ ਕਿਆਸ ਕੀਤਾ ਹੈ ਅਤੇ ਕੁਝ ਨੇ ਦਿਆਲ ਦਾਸ ਦੀ ਰਚਨਾ ਮੰਨਿਆ ਹੈ। ਭਾਈ ਵੀਰ ਸਿੰਘ ਨੇ ਇਸ ਦਾ ਰਚਨਾ-ਕਾਲ ਸੰ. 1880 ਬਿ. (ਸੰਨ 1823 ਈ.) ਦੇ ਨੇੜੇ-ਤੇੜੇ ਨਿਸਚਿਤ ਕੀਤਾ ਹੈ।

            ਇਸ ਵਿਚ ਕੁਲ 118 ਸਾਖੀਆਂ ਸ਼ਾਮਲ ਹੋਈਆਂ ਹਨ, ਜਿਨ੍ਹਾਂ ਵਿਚੋਂ ਸ਼ੁਰੂ ਵਿਚ ਆਈਆਂ 38 ਸਾਖੀਆਂ ਦਾ ਸੰਬੰਧ ਨੌਵੇਂ ਗੁਰੂ ਦੇ ਮਾਲਵੇ ਦੇ ਸਫ਼ਰ ਨਾਲ ਹੈ ਅਤੇ ਬਾਕੀ ਦੀਆਂ ਦਸਵੇਂ ਗੁਰੂ ਨਾਲ ਸੰਬੰਧ ਰਖਦੀਆਂ ਹਨ। ਲੇਖਕ ਨੇ ਬੜੀ ਬਾਰੀਕੀ ਨਾਲ ਭੂਗੋਲਿਕ ਵਾਤਾਵਰਣ ਚਿਤਰਿਆ ਹੈ ਅਤੇ ਲੋਕ-ਸਭਿਆਚਾਰ ਦੇ ਅਨੇਕ ਪੱਖਾਂ ਉਤੇ ਬੜੀ ਰੁਚੀ ਨਾਲ ਝਾਤ ਪਾਈ ਹੈ। ਉਸ ਸਮੇਂ ਦੇ ਮਾਲਵੇ ਦੇ ਪ੍ਰਮੁਖ ਸਿੱਖਾਂ ਦੇ ਜੀਵਨ ਉਤੇ ਵੀ ਪ੍ਰਕਾਸ਼ ਪਾਇਆ ਗਿਆ ਹੈ, ਜਿਵੇਂ ਭਾਈ ਮਹਾਂ ਸਿੰਘ, ਭਾਈ ਦਾਨ ਸਿੰਘ , ਭਾਈ ਡੱਲਾ , ਸ਼ਰਫਦੀਨ ਆਦਿ। ਇਨ੍ਹਾਂ ਸਾਖੀਆਂ ਵਿਚ ਕਥਾ-ਰਸ ਦੇ ਨਾਲ ਨਾਲ ਲੋਕ ਵਿਰਸੇ ਦਾ ਪਰਿਚਯ ਵੀ ਦਿੱਤਾ ਗਿਆ ਹੈ। ਇਨ੍ਹਾਂ ਸਾਖੀਆਂ ਤੋਂ ਗੁਰੂ ਸਾਹਿਬਾਨ ਦੇ ਧਾਰਮਿਕ ਪ੍ਰਭਾਵ ਦਾ ਵੀ ਗਿਆਨ ਪ੍ਰਾਪਤ ਹੁੰਦਾ ਹੈ।

            ਲੋਕ ਜੀਵਨ ਅਤੇ ਸਭਿਆਚਾਰ ਨੂੰ ਚਿਤ੍ਰਣ ਦੇ ਨਾਲ ਨਾਲ ਲੇਖਕ ਨੇ ਮਲਵਈ ਉਪਭਾਖਾ ਦੀ ਵਰਤੋਂ ਵੀ ਕੀਤੀ ਹੈ। ਅਜਿਹਾ ਕਰਨ ਨਾਲ ਮਲਵਈ ਸਭਿਆਚਾਰ ਆਪਣੇ ਸਹੀ ਰੂਪ ਵਿਚ ਨਿਖਰ ਕੇ ਸਾਹਮਣੇ ਆਇਆ ਹੈ। ਨਮੂਨੇ ਵਜੋਂ :

            ਅਗੇ ਸਾਖੀ ਹੋਰ ਤੁਰੀ ਇਕ ਦਿਨ ਡਲੇ ਹਜੂਰ ਹੱਥ ਜੋੜ ਕੇ ਕਹਿਆ ਪਾਤਿਸਾਹ ਜੀ ਕੀ ਹੁਕਮ ਹੈ ਕਈ ਹਜਾਰ ਲਿਖਣ ਘੜੀਦੀ ਹੈ ਫੇਰ ਸਿਟੀਂਦੀਆਂ ਜਾਂਦੀਆਂ ਹੈਨ ਜੀ ਪਾਤਿਸਾਹ ਇਹ ਭੀ ਸੁਭਾਉ ਪਿਆ ਹੈ ਗੁਰੂ ਜੀ ਕਹਿੰਦੇ ਡਲ ਸਿੰਘ ਏਥੇ ਸਿਖ ਸਿਖਾਇਤ ਪੜੇਂਗੇ ਕਈ ਹਜਾਰ ਹੁਣ ਤਾਂ ਨਹੀਂ ਕੋਈ ਪੜ੍ਹਦਾ, ਜਦੋਂ ਪੜ੍ਹਨਗੇ, ਉਦੋਂ ਬਣਾਇ ਲੈਣਗੇ ਇਹ ਦ੍ਰਿਸਟੀ ਹੈ

            ਇਨ੍ਹਾਂ ਸਾਖੀਆਂ ਵਿਚ ਪਰੰਪਰਾਗਤ ਸਾਖੀ ਵਿਧਾ ਦੇ ਵਿਕਸਿਤ ਰੂਪ ਦਾ ਦਰਸ਼ਨ ਹੁੰਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3104, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਮੈਂ ਇਹ ਪੋਥੀ ਦੇਖਣਾ ਚਾਹੁੰਦਾ ਹਾਂ ਜੀ


PARMJEET singh, ( 2020/03/30 08:1021)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.