ਸਾਧੂ ਜਨ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਧੂ ਜਨ : ਸਤ੍ਹਾਰਵੀਂ ਸਦੀ ਦਾ ਪੰਜਾਬੀ ਕਵੀ ਜਿਸ ਨੇ ਪੌਰਾਣਿਕ ਤੇ ਅਧਿਆਤਮਿਕ ਵਿਸ਼ਿਆਂ ਉੱਤੇ ਕਾਵਿ ਰਚਨਾ ਕੀਤੀ। ਇਸ ਦੇ ਜੀਵਨ ਬਾਰੇ ਪ੍ਰਮਾਣਿਕ ਜਾਣਕਾਰੀ ਉਪਲਬਧ ਨਹੀਂ। ਗੁਰਬਿਲਾਸ ਛੇਵੀਂ ਪਾਤਸ਼ਾਹੀ (1718) ਅਨੁਸਾਰ ਭਾਈ ਸਾਧੂ ਦਾ ਵਿਆਹ ਗੁਰੂ ਹਰਗੋਬਿੰਦ ਸਾਹਿਬ ਦੀ ਸੁਪੁੱਤਰੀ, ਬੀਬੀ ਵੀਰੋ ਨਾਲ 1629 ਵਿਚ ਹੋਇਆ ਪਰ ਮਹਿਮਾ ਪ੍ਰਕਾਸ਼ ,ਭਾਗ II, ਕ੍ਰਿਤ ਸਰੂਪ ਦਾਸ ਭੱਲਾ ਅਨੁਸਾਰ, ਇਹ ਯੁਵਕ ਕਵੀ 1603-04 ਵਿਚ ਭਗਤ ਛੱਜੂ , ਸ਼ਾਹ ਹੁਸੈਨ ਤੇ ਬੈਰਾਗੀ ਨਾਲ ਗੁਰੂ ਅਰਜਨ ਦੇਵ ਪਾਸ ਇਸ ਆਸ਼ੇ ਨਾਲ ਆਇਆ ਕਿ ਇਸ ਦੀ ਰਚਨਾ ਗੁਰੂ ਜੀ ਦੁਆਰਾ ਸੰਪਾਦਨ ਕੀਤੇ ਜਾ ਰਹੇ (ਗੁਰੂ) ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੀ ਜਾਵੇ। ਗੁਰੂ ਜੀ ਨੇ ਇਸ ਨੂੰ ਗਿਆਨਵਾਨ ਦੇਖ ਕੇ ‘ਸਾਧੂਜਨ` ਦੇ ਨਾਂ ਨਾਲ ਸੰਬੋਧਿਤ ਕੀਤਾ ਅਤੇ ਇਸੇ ਕਰਕੇ ਇਹ ਇਸੇ ਨਾਂ ਨਾਲ ਜਾਣਿਆ ਜਾਂਦਾ ਹੈ। ਭਾਵੇਂ ਸਾਧੂ ਜਨ ਦੇ ਪਿਛੋਕੜ ਤੇ ਪਰਵਾਰ ਬਾਰੇ ਕੋਈ ਵੀ ਗੱਲ ਠੀਕ ਹੋਵੇ ਪਰ ਇਸ ਵਿਚ ਸੰਦੇਹ ਨਹੀਂ ਕਿ ਸਾਧੂ ਜਨ ਇਕ ਪ੍ਰਤਿਭਾਸ਼ੀਲ ਕਵੀ ਅਤੇ ਸੰਗੀਤ-ਸ਼ਾਸਤਰ ਦਾ ਚੰਗਾ ਗਿਆਤਾ ਸੀ। ਇਸ ਦੀ ਠੇਠ ਤੇ ਸ਼ੁੱਧ ਪੰਜਾਬੀ ਅਤੇ ਨਾਲ ਹੀ ਹਿੰਦੀ ਤੇ ਸੱਧੁਕੜੀ ਭਾਸ਼ਾ ਵਿਚ ਕਈ ਛੰਦਾਂ ਵਿਚ ਰਚੀ ਕਵਿਤਾ, 30 ਤੋਂ ਵੱਧ ਰਾਗਾਂ ਵਿਚ ਮਿਲਦੀ ਹੈ, ਇਸ ਦੀਆਂ ਕਈ ਰਚਨਾਵਾਂ ਤੇ ਸਿਰਲੇਖ ਗੁਰਬਾਣੀ ਨਾਲ ਮਿਲਦੇ ਹਨ, ਜਿਵੇਂ ਕਿ ਜਪੁ , ਸੁਖਮਨੀ , ਬਾਵਨਅਖਰੀ, ਸਾਖੀ , ਫੁਨਹੇ ਵਾਰ ਅਤੇ ਸਲੋਕ ਆਦਿ। ਇਸ ਦੀਆਂ ਹੋਰ ਰਚਨਾਵਾਂ ਸਾਖੀਆਂ (136) ਅਤੇ ਝੂਲਨੇ (6) ਹਨ। ਹੋਰ ਲੰਮੀਆਂ ਰਚਨਾਵਾਂ ਦੇ ਨਾਂ ਹਨ: ਮਹਾਂਭਾਰਤ , ਪ੍ਰਹਿਲਾਦ ਚਰਿਤ੍ਰ, ਧਰੂ ਚਰਿਤ੍ਰ, ਰਾਮਾਇਣ, ਸੁਦਾਮਾ ਚਰਿਤ੍ਰ, (2) ਸਹੰਸਰਾਨਾਮਾ, ਗੋਪੀ ਚੰਦ ਅਤੇ ਸੋਲਾਂ ਸਹੇਲੀਆਂ।
ਲੇਖਕ : ਪ.ਸ.ਪ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1540, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First