ਸਾਮਰਾਜਵਾਦ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Imperialism (ਇਮਪਿਅਰਿਅਲਇਜਮ) ਸਾਮਰਾਜਵਾਦ: ਇਹ ਇਕ ਸਲਤਨਤ ਸਾਜਣ ਦੀ ਨੀਤੀ ਹੁੰਦੀ ਹੈ ਜਿਸ ਦੁਆਰਾ ਇਕ ਪ੍ਰਧਾਨ ਰਾਸ਼ਟਰ ਕਿਸੇ ਦੂਜੇ ਜਾਂ ਕਈਆਂ ਦੇਸਾਂ ਨੂੰ ਵਪਾਰ ਸੰਬੰਧਾਂ, ਫੌਜੀ ਰੱਖਿਆ, ਤਕਨੀਕੀ ਸਹਾਇਤਾ, ਆਦਿ ਦੁਆਰਾ ਕਾਬੂ ਵਿੱਚ ਰੱਖਦਾ ਹੈ। ਮਿਸਾਲ ਵਜੋਂ, ਬਰਤਾਨੀਆਂ ਅਤੇ ਉਸ ਦੀਆਂ ਬਸਤੀਆਂ ਵਿਚਕਾਰ ਲੰਬੇ ਸਮੇਂ ਤੋਂ ਬਣੇ ਰਹੇ ਸੰਬੰਧ। ਇਸੇ ਤਰ੍ਹਾਂ ਰੂਸ ਅਤੇ ਉਸ ਤੇ ਨਿਰਭਰ ਕਰਦੇ ਪੂਰਬ ਯੂਰਪੀ ਦੇਸ। ਅਜਿਹੇ ਸੰਬੰਧ ਨੂੰ ਨਵ-ਬਸਤੀਵਾਦ (neocolonialism) ਕਹਿੰਦੇ ਹਾਂ। ਸਾਮ-ਰਾਜਵਾਦ (imperialism) ਅਤੇ ਬਸਤੀਵਾਦ (colonialism) ਸ਼ਬਦਾਂ ਨੂੰ ਕਈ ਵਾਰ ਸਮਾਨਾਰਥਕ ਹੀ ਲਿਆ ਜਾਂਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2254, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਸਾਮਰਾਜਵਾਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਮਰਾਜਵਾਦ [ਨਾਂਪੁ] ਸਾਮਰਾਜ ਦਾ ਸਿਧਾਂਤ , ਸਾਮਰਾਜੀ ਵਿਵਸਥਾ ਅਤੇ ਵਿਚਾਰ, ਇੰਪੀਰੀਅਲਿਜ਼ਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2251, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਾਮਰਾਜਵਾਦ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸਾਮਰਾਜਵਾਦ : ਜਦੋਂ ਕੋਈ ਰਾਸ਼ਟਰ ਆਪਣੇ ਹਿਤ ਲਈ ਦੂਜੇ ਦੇਸ਼ਾਂ ਦੀ ਸੁਤੰਤਰਤਾ ਤੇ ਛਾਪਾ ਮਾਰਦਾ ਹੈ ਅਤੇ ਉਥੋਂ ਦੇ ਲੋਕਾਂ ਦੀ ਮਰਜ਼ੀ ਵਿਰੁੱਧ ਉਨ੍ਹਾਂ ਦੇਸ਼ਾਂ ਵਿਚ ਆਪਣਾ ਅਧਿਕਾਰ ਜਮਾਉਂਦਾ ਜਾਂ ਬਸਤੀਆਂ ਸਥਾਪਤ ਕਰਦਾ ਹੈ ਤਾਂ ਉਸ ਰਾਸ਼ਟਰ ਦੀ ਅਜਿਹੀ ਨੀਤੀ ਨੂੰ ਸਾਮਰਾਜਵਾਦ ਕਿਹਾ ਜਾਂਦਾ ਹੈ। ਉਹ ਰਾਸ਼ਟਰ ਬਸਤੀਆਂ ਤੋਂ ਆਮ ਤੌਰ ਤੇ ਨਾਜਾਇਜ਼ ਲਾਭ ਉਠਾਉਂਦਾ ਹੈ ਅਤੇ ‘ਸਾਮਰਾਜੀ ਦੇਸ਼’ ਅਖਵਾਉਂਦਾ ਹੈ। ਬਸਤੀਵਾਦ ਦਾ ਇਤਿਹਾਸ ਬਹੁਤ ਪੁਰਾਣਾਂ ਹੈ। ਸਾਮਰਾਜੀ ਰੋਮ ਨੇ ਖੁਸ਼ਕੀ ਦੇ ਰਸਤੇ ਜਿੱਤਾਂ ਪ੍ਰਾਪਤ ਕਰਕੇ ਰੋਮਨ ਸਾਮਰਾਜ ਦੀ ਨੀਂਹ ਰੱਖੀ ਸੀ। ਪੁਰਾਣੇ ਸਮੇਂ ਵਿਚ ਕੁਝ ਭਾਰਤੀ ਰਾਜਿਆਂ ਨੇ ਵੀ ਭਾਰਤ ਤੋਂ ਬਾਹਰ ਦੇ ਇਲਾਕੇ ਜਿੱਤ ਕੇ ਆਪਣਾ ਅਧਿਕਾਰ ਸਥਾਪਤ ਕੀਤਾ ਸੀ। 15 ਵੀਂ ਸਦੀ ਦੇ ਮੁੱਢ ਵਿਚ ਵਪਾਰ ਦੇ ਵਾਧੇ ਲਈ ਬਸਤੀਆਂ ਸਥਾਪਤ ਕੀਤੀਆਂ ਜਾਣ ਲਗੀਆਂ। ਇਸ ਪ੍ਰਕਾਰ ਦੀਆਂ ਬਸਤੀਆਂ ਸਥਾਪਤ ਕਰਨ ਵਾਲੇ ਦੇਸ਼ ਇੰਗਲੈਂਡ, ਫ਼ਰਾਂਸ, ਪੁਰਤਗਾਲ, ਸਪੇਨ, ਨੀਦਰਲੈਂਡਜ਼ ਆਦਿ ਸਨ।
1492 ਵਿਚ ਕੋਲੰਬਸ ਦੁਆਰਾ ਅਮਰੀਕਾ ਦੀ ਭਾਲ ਤੋਂ ਪਿੱਛੋਂ ਅੰਧ ਮਹਾਂ ਸਾਗਰ ਤੋਂ ਪਾਰ ਨਵੀਂ ਦੁਨੀਆਂ ਵਿਚ ਬਸਤੀਆਂ ਸਥਾਪਤ ਕਰਨ ਦੀ ਦੌੜ ਆਰੰਭ ਹੋ ਗਈ। ਸਭ ਤੋਂ ਪਹਿਲਾ ਸਪੇਨ ਤੇ ਪੁਰਤਗਾਲ ਨੇ ਇਸ ਵੱਲ ਧਿਆਨ ਦਿੱਤਾ ਅਤੇ ਫੇਰ ਫ਼ਰਾਂਸ, ਇੰਗਲੈਂਡ, ਹਾਲੈਂਡ, ਡੈਨਮਾਰਕ, ਸਵੀਡਨ ਆਦਿ ਵੀ ਇਸ ਦੌੜ ਵਿਚ ਸ਼ਾਮਲ ਹੋ ਗਏ। ਹੌਲੀ ਹੌਲੀ ਸੰਸਾਰ ਦੇ ਸਾਰੇ ਘੱਟ ਉੱਨਤ ਦੇਸ਼ਾਂ ਵਿਚ ਯੂਰਪੀਨਾਂ ਨੇ ਆਪਣੀਆਂ ਬਸਤੀਆਂ ਬਣਾ ਲਈਆਂ।
ਅਠਾਰ੍ਹਵੀਂ ਅਤੇ ਉਨ੍ਹੀਵੀਂ ਸਦੀ ਵਿਚ ਪੱਛਮੀ ਦੇਸ਼ਾਂ ਨੇ ਵਿਗਿਆਨ ਵਿਚ ਬਹੁਤ ਉੱਨਤੀ ਕੀਤੀ ਤੇ ਉਥੇ ਉਦਯੋਗਿਕ ਇਨਕਲਾਬ ਆ ਗਿਆ। ਨਵੇਂ ਬਣੇ ਕਾਰਖ਼ਾਨਿਆਂ ਲਈ ਕੱਚੇ ਮਾਲ ਦੀ ਅਤੇ ਬਣੀਆਂ ਹੋਈਆਂ ਚੀਜ਼ਾਂ ਲਈ ਮੰਡੀਆਂ ਦੀ ਲੋੜ ਪਈ। ਉਨ੍ਹਾਂ ਨੇ ਅਮਰੀਕਾ, ਅਫ਼ਰੀਕਾ ਤੇ ਏਸ਼ੀਆ ਦੇ ਕਈ ਹਿੱਸਿਆਂ ਨੂੰ ਆਪਣੇ ਅਧਿਕਾਰ ਹੇਠ ਲੈ ਕੇ ਉਥੇ ਆਪਣੀਆਂ ਬਸਤੀਆਂ ਕਾਇਮ ਕਰ ਲਈਆਂ। ਉਨ੍ਹਾਂ ਬਸਤੀਆਂ ਦੇ ਲੋਕਾਂ ਨੇ ਆਪਣੀ ਸੁਤੰਤਰਤਾ ਲਈ ਘੋਲ ਆਰੰਭ ਕਰ ਦਿੱਤਾ। ਅਮਰੀਕਾ ਦੀਆਂ ਤੇਰਾਂ ਬਸਤੀਆਂ ਤੇ ਦੱਖਣੀ ਅਮਰੀਕਾ ਵਿਚ ਸਪੇਨ ਦੀਆਂ ਬਸਤੀਆਂ ਆਜ਼ਾਦ ਹੋ ਗਈਆਂ। ਇਨ੍ਹਾਂ ਬਸਤੀਆਂ ਦੇ ਆਜ਼ਾਦ ਹੋਣ ਤੋਂ ਪਹਿਲਾਂ ਜਦ ਵੀ ਯੂਰਪ ਵਿਚ ਯੁੱਘ ਸ਼ੁਰੂ ਹੁੰਦਾ, ਇਨ੍ਹਾਂ ਬਸਤੀਆਂ ਉੱਤੇ ਵੀ ਉਸ ਦਾ ਪ੍ਰਭਾਵ ਪੈਂਦਾ ਸੀ ਅਤੇ ਸਾਮਰਾਜੀ ਤਾਕਤਾਂ ਇਕ ਦੂਜੇ ਦੀਆਂ ਬਸਤੀਆਂ ਉੱਤੇ ਕਬਜ਼ਾ ਕਰ ਲੈਂਦੀਆਂ ਸਨ।
ਇੰਗਲੈਂਡ ਨੇ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ, ਅਫ਼ਰੀਕਾ ਦੇ ਇਕ ਬਹੁਤ ਵੱਡੇ ਹਿੱਸੇ, ਭਾਰਤ, ਮਾਲਟਾ, ਸਾਈਪਰਸ, ਫ਼ਲਸਤੀਨ, ਅਦਨ, ਹਾਂਗ ਕਾਂਗ, ਸਿੰਗਾਪੁਰ, ਮਲਾਇਆ, ਲੰਕਾ, ਬਰ੍ਹਮਾ ਆਦਿ ਦੇਸ਼ਾਂ ਉੱਤੇ ਆਪਣਾ ਅਧਿਕਾਰ ਜਮਾ ਲਿਆ। ਫ਼ਰਾਂਸ ਨੇ ਉੱਤਰੀ ਅਫ਼ਰੀਕਾ ਦੇ ਇਕ ਬਹੁਤ ਵੱਡੇ ਹਿੱਸੇ-ਅਲਜੀਰੀਆ, ਟਿਊਨਸ, ਮਾਰਕੋ, ਆਦਿ, ਹਿੰਦ-ਚੀਨੀ ਅਤੇ ਭਾਰਤ ਵਿਚ ਪਾਂਡੀਚਰੀ ਆਦਿ ਉੱਤੇ ਆਪਣਾ ਕਬਜ਼ਾ ਕਰ ਲਿਆ। ਇਟਲੀ ਨੇ ਐਬੇਸੀਨੀਆ ਉੱਤੇ, ਅਤੇ ਜਰਮਨੀ ਨੇ ਪੱਛਮੀ ਅਫ਼ਰੀਕਾ ਦੇ ਪੱਛਮੀ ਹਿੱਸੇ ਅਤੇ ਚੀਨ ਦੇ ਕੁਝ ਹਿੱਸਿਆਂ ਉੱਤੇ ਅਧਿਕਾਰ ਕਰ ਲਿਆ। ਰੂਸ ਨੇ ਸਾਰੇ ਮਧ-ਏਸ਼ੀਆ ਉੱਤੇ ਅਤੇ ਜਾਪਾਨ ਨੇ ਚੀਨ ਦੇ ਇਕ ਵੱਡੇ ਹਿੱਸੇ ਉੱਤੇ ਆਪਣਾ ਅਧਿਕਾਰ ਜਮਾ ਲਿਆ। ਇੰਡੋਨੇਸ਼ੀਆ ਹਾਲੈਂਡ ਦੇ ਕਬਜ਼ੇ ਵਿਚ ਚਲਾ ਗਿਆ। ਪੁਰਤਗਾਲ ਤੇ ਬੈਲਜੀਅਮ ਨੇ ਵੀ ਕੁਝ ਇਲਾਕੇ ਹਥਿਆ ਲਏ। ਅਮਰੀਕਾ ਨੇ ਸ਼ਾਂਤ ਮਹਾਂ ਸਾਗਰ ਵਿਚ ਫ਼ਿਲਪਾਇਨ ਆਦਿ ਕੁਝ ਟਾਪੂਆਂ ਉੱਤੇ ਕਬਜ਼ਾ ਕਰ ਲਿਆ। ਦੋਵੇਂ ਵਿਸ਼ਵ ਯੁੱਧ ਸਾਮਰਾਜਵਾਦ ਦਾ ਹੀ ਸਿੱਟਾ ਸਨ। ਦੂਜੇ ਵਿਸ਼ਵ ਯੁੱਧ ਤੋਂ ਪਿੱਛੋਂ ਕੁਝ ਕਾਰਨਾ ਕਰਕੇ ਬਹੁਤੇ ਦੇਸ਼ ਤਾਂ ਸਾਮਰਾਜ ਦੇ ਪੰਜੇ ਵਿਚੋਂ ਆਜ਼ਾਦ ਹੋ ਗਏ, ਪਰ ਕੁਝ ਕੁ ਨੂੰ ਸੰਯੁਕਤ ਰਾਸ਼ਟਰ-ਸੰਘ ਦੇ ਅਧੀਨ ਅਮਾਨਤੀ ਇਲਾਕਿਆ ਦੇ ਰੂਪ ਵਿਚ ਕਰ ਦਿੱਤਾ ਗਿਆ। ਹੁਣ ਵੀ ਬਹੁਤ ਸਾਰੇ ਸਾਮਰਾਜੀ ਅੱਡੇ ਬਾਕੀ ਹਨ ਅਤੇ ਉਮੀਦ ਹੈ ਕਿ ਉਨ੍ਹਾਂ ਦਾ ਵੀ ਜਲਦੀ ਅੰਤ ਹੋ ਜਾਵੇਗਾ।
ਸਾਮਰਾਜਵਾਦ ਬਾਰੇ ਜੋ ਕੁਝ ਵੀ ਅੱਜ ਕਲ੍ਹ ਕਿਹਾ ਜਾਂਦਾ ਹੈ, ਉਸ ਵਿਚ ਕੋਈ ਨਵੀਂ ਗੱਲ ਨਹੀਂ। ਸਾਮਰਾਜਵਾਦ ਬਾਰੇ ਆਰੰਭ ਤੋਂ ਹੀ ਚਰਚਾ ਚਲਦੀ ਰਹੀ ਹੈ, ਅਤੇ ਸਮੇਂ ਸਮੇਂ ਵੱਖ ਵੱਖ ਸਿਧਾਂਤ ਪੇਸ਼ ਕੀਤੇ ਜਾਂਦੇ ਰਹੇ ਹਨ। ਚੀਨ ਦੇ ਮੁੱਢਲੇ ਫਿਲਾਸਫਰ ਤੇ ਵਿਦਵਾਨ ਲੜਾਈ ਨੂੰ ਬੁਰਾ ਕਹਿੰਦੇ ਰਹੇ ਸਨ ਅਤੇ ਸਾਮਰਾਜਵਾਦ ਦੇ ਵਿਰੋਧੀ ਸਨ। ਚੀਨ ਦੇ ਮੁਕਾਬਲੇ ਵਿਚ ਭਾਰਤ ਦੇ ਪ੍ਰਸਿੱਧ ਫਿਲਾਸਫਰ ਤੇ ਵਿਦਵਾਨ ਕੌਟਲਯ ਨੇ ਆਪਣੀ ਪੁਸਤਕ ‘ਅਰਥ-ਸਾਸਤਰ’ ਵਿਚ ਸਾਮਰਾਜਵਾਦ ਦਾ ਨਾਅਰਾ ਲਾਇਆ। ਉਹ ਇਸ ਵਿਚਾਰ ਦਾ ਸੀ ਕਿ ਰਾਜੇ ਨੂੰ ਸਾਰੇ ਸੰਸਾਰ ਨੂੰ ਆਪਣੇ ਅਧੀਨ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਈਰਾਨੀ ਵੀ ਇਸ ਵਿਚਾਰ ਨਾਲ ਸਹਿਮਤ ਸਨ। ਯੂਨਾਨੀ ਲੋਕਾਂ ਵਿਚ ਇਸ ਬਾਰੇ ਕਾਫ਼ੀ ਮਤ-ਭੇਦ ਰਿਹਾ ਹੈ। ਕੁਝ ਯੂਨਾਨੀ ਵਿਚਾਰਕ ਇਸਦੇ ਹੱਕ ਵਿਚ ਰਹੇ ਹਨ ਅਤੇ ਕੁਝ ਵਿਰੋਧ ਵਿਚ। ਅਫ਼ਲਾਤੂਨ ਅਤੇ ਅਰਸਤੂ ਸਾਮਰਾਜਵਾਦ ਦੇ ਵਿਰੋਧੀ ਅਤੇ ਨਗਰ-ਰਾਜ ਦੇ ਪੱਖ ਵਿਚ ਸਨ।
ਆਧੁਨਿਕ ਯੁੱਗ ਵਿਚ ਮਾਰਕਸ ਦੇ ਪੈਰੋਕਾਰਾਂ ਨੇ ਸਾਮਰਾਜਵਾਦ ਨੂੰ ਆਰਥਕ ਪੱਖ ਤੋਂ ਘੋਖਿਆ ਹੈ। ਉਨ੍ਹਾਂ ਅਨੁਸਾਰ, ਸਾਮਰਾਜਵਾਦ ਪੂੰਜੀਵਾਦ ਦਾ ਇਕ ਅਜਿਹਾ ਪੜਾਅ ਹੈ, ਜਿਥੇ ਪੁਜ ਕੇ ਰਾਸ਼ਟਰੀ ਪੂੰਜੀਵਾਦੀ ਆਰਥਿਕਤਾ ਅਜਾਰਾਦਾਰੀ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਉਹ ਆਪਣੇ ਜਿਹੇ ਹੋਰ ਅਜਾਰਾਦਾਰ ਪੂੰਜੀਵਾਦੀ ਦੇਸ਼ਾਂ ਦੇ ਮੁਕਾਬਲੇ ਤੇ ਆ ਕੇ ਆਪਣੇ ਭਾਰੀ ਉਤਪਾਦਨ ਲਈ ਮੰਡੀਆਂ ਦੀ ਤਲਾਸ਼ ਵਿਚ ਰੁਝ ਜਾਂਦੀ ਹੈ। ਫ਼ਾਸਿਸਟ ਅਤੇ ਨਾਜ਼ੀ ਵੀ ਸਾਮਰਾਜਵਾਦ ਦੇ ਹੱਕ ਵਿਚ ਨਾਅਰੇ ਲਾਉਂਦੇ ਰਹੇ ਹਨ।
ਸਾਮਰਾਜਵਾਦੀ ਹਮੇਸ਼ਾ ਦਲੀਲਾਂ ਰਾਹੀਂ ਸਾਮਰਾਜਵਾਦ ਦੀ ਨੀਤੀ ਦੀ ਹਮਾਇਤ ਕਰਕੇ ਹਨ। ਉਹ ਇਸ ਗੱਲ ਤੇ ਵਿਸ਼ੇਸ਼ ਤੌਰ ਤੇ ਜ਼ੋਰ ਦਿੰਦੇ ਰਹੇ ਹਨ ਕਿ ਪੱਛੜੇ ਲੋਕਾਂ ਨੂੰ ਸੱਭਿਆ ਬਣਾਉਣ ਦੀ ਜ਼ਿੰਮੇਵਾਰੀ ਪ੍ਰਮਾਤਮਾ ਨੇ ਉਨ੍ਹਾਂ ਦੇ ਸਿਰ ਤੇ ਪਾਈ ਹੈ। ਇਸ ਲਈ ਇਸ ਜ਼ਿੰਮੇਵਾਰੀ ਨੂੰ ਉਚਿਤ ਢੰਗ ਨਾਲ ਨਿਭਾਉਣਾ ਉਨ੍ਹਾਂ ਦਾ ਫਰਜ਼ ਹੈ। ਸਾਮਰਾਜਵਾਦੀ ਇਹ ਵੀ ਕਹਿੰਦੇ ਹਨ ਕਿ ਵਾਸਤਵ ਵਿਚ ਉਨ੍ਹਾਂ ਨੂੰ ਸਾਮਰਾਜਵਾਦ ਦੀ ਨੀਤੀ ਤੋਂ ਕੋਈ ਨਿੱਜੀ ਲਾਭ ਨਹੀਂ, ਉਹ ਤਾਂ ਇਨ੍ਹਾਂ ਬਸਤੀਆਂ ਦੇ ਲੋਕਾਂ ਨੂੰ ਜ਼ਾਲਮ ਰਾਜਿਆਂ ਤੋਂ ਨਿਜਾਤ ਦਿਵਾਉਣ ਲਈ ਆਏ ਹਨ। ਪਰ ਸਾਮਰਾਜਵਾਦ ਦੇ ਵਿਰੋਧੀ ਇਨ੍ਹਾਂ ਦਲੀਲਾਂ ਨੂੰ ਖੋਖਲੀਆਂ ਆਖ ਕੇ ਨਿੰਦ ਦੇ ਹਨ। ਅਸਲ ਵਿਚ, ਸਾਮਰਾਜਵਾਦ ਕਈ ਮਿਲਵੇਂ ਕਾਰਨਾਂ ਦਾ ਨਤੀਜਾ ਹੈ, ਜਿਨ੍ਹਾਂ ਵਿਚ ਆਰਥਕ ਦਬਾਉ, ਮਨੁੱਖ ਵਿਚ ਆਕ੍ਰਮਣਸ਼ੀਲਤਾ ਅਤੇ ਲਾਲਚ ਦੀ ਰੁਚੀ, ਸੁਰੱਖਿਆ ਦੀ ਭਾਲ, ਤਾਕਤਵਰ ਬਣਨ ਦੀ ਰੁਚੀ, ਰਾਸ਼ਟਰੀ ਭਾਵਨਾਵਾਂ, ਮਨੁੱਖੀ ਭਾਵਨਾਵਾਂ ਅਤੇ ਹੋਰ ਬਹੁਤ ਸਾਰੇ ਤੱਤ ਵੱਖ ਵੱਖ ਮਾਤਰਾ ਵਿਚ ਸ਼ਾਮਲ ਹਨ।
ਸਾਮਰਾਜਵਾਦੀ ਨੀਤੀ ਵਿਰੁੱਧ ਆਮ ਜਨਤਾ ਵਿਚ ਦਿਨ ਬਦਿਨ ਨਫ਼ਰਤ ਵੱਧ ਰਹੀ ਹੈ ਅਤੇ ਹਰ ਪਾਸਿਉਂ ਸਾਮਰਾਜਵਾਦ ਨੂੰ ਖ਼ਤਮ ਕਰਨ ਦੀ ਆਵਾਜ਼ ਉਠ ਰਹੀ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1954, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First