ਸਾਹਿਤ ਧਾਰਾਵਾਂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਾਹਿਤ ਧਾਰਾਵਾਂ : ਪੰਜਾਬੀ ਸਾਹਿਤ ਦਾ ਆਰੰਭ ਨੌਵੀਂ ਸਦੀ ਤੋਂ ਮੰਨਿਆ ਜਾਂਦਾ ਹੈ। ਵਿਸ਼ਾ–ਵਸਤੂ ਮਾਧਿਅਮ, ਸਾਹਿਤ ਰੂਪ, ਦ੍ਰਿਸ਼ਟੀਕੋਣ ਅਤੇ ਸਾਹਿਤ ਧਾਰਾਵਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਕਾਲ ਕ੍ਰਮ ਅਨੁਸਾਰ ਦੋ ਮੁੱਖ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ : ਪੁਰਾਣਾ ਸਾਹਿਤ 1900 ਈ ਤੱਕ ਤੇ ਨਵਾਂ ਸਾਹਿਤ ਵੀਹਵੀਂ ਸਦੀ।

          1900 ਈ. ਤੱਕ ਕੁਝ ਵਾਰਾਂ ਤੇ ਜੰਗਨਾਮਿਆਂ ਨੂੰ ਛੱਡ ਕੇ ਪੰਜਾਬੀ ਸਾਹਿਤ ਦਾ ਪ੍ਰਮੁੱਖ ਵਿਸ਼ਾ ਆਤਮਾ ਤੇ ਪਰਮਾਤਮਾ ਦਾ ਸਬੰਧ ਰਿਹਾ ਹੈ; ਵਸਤੂ ਦੇ ਪੱਖੋਂ ਇਸ ਵਿਚ ਗਿਣੇ–ਮਿਥੇ ਬਿੰਬ–ਅਲੰਕਾਰ ਅਤੇ ਕੁਝ ਲੋਕ ਪ੍ਰਚਲਿਤ ਕਹਾਣੀਆਂ ਸ਼ਾਮਲ ਹਨ; ਰੂਪ ਤੇ ਮਾਧਿਅਮ ਦੇ ਪੱਖੋਂ ਇਹ ਮਿਸ਼ਰਤ ਭਾਸ਼ਾ ਵਿਚ ਲਿਖੀ ਗਈ ਛੰਦ ਬੱਧ ਕਵਿਤਾ; ਸਾਹਿਤ ਰੂਪ ਵਿਚੋਂ ਇਸ ਵਿਚ ਗੀਤ, ਪ੍ਰਗੀਤ, ਕਿੱਸਾ ਤੇ ਵਾਰ ਸ਼ਾਮਲ ਹਨ। ਇਸ ਸਾਹਿਤ ਦਾ ਦ੍ਰਿਸ਼ਟੀਕੋਣ ਧਾਰਮਕ ਸੀ ਅਤੇ ਇਹ ਹੇਠ ਲਿਖੀਆਂ ਧਾਰਾਵਾਂ ਅਧੀਨ ਵਿਕਾਸ ਕਰਦਾ ਰਿਹਾ :–

          (1) ਜੋਗੀ ਕਾਵਿ ਧਾਰਾ, (2) ਸੂਫ਼ੀ ਕਾਵਿ ਧਾਰਾ, (3) ਭਗਤੀ ਕਾਵਿ ਧਾਰਾ, (4) ਕਿੱਸਾ–ਕਾਵਿ ਧਾਰਾ, (5) ਬੀਰ ਕਾਵਿ ਧਾਰਾ ਅਤੇ (6) ਹਾਸ–ਰਸ ਕਾਵਿ ਧਾਰਾ।

          (1) ਜੋਗੀ ਕਾਵਿ ਧਾਰਾ ਦੇ ਪ੍ਰਸਿੱਧ ਕਵੀ ਸਨ–ਗੋਰਖ ਨਾਥ, ਚਰਪਟ ਨਾਥ ਤੇ ਚੌਰੰਗੀ ਨਾਥ। ਪ੍ਰਮੁੱਖ ਵਿਸ਼ੇ ਨਵਿਰਤੀ ਮਾਰਗ ਅਤੇ ਜੋਗਮਤ ਦਾ ਪ੍ਰਚਾਰ, ਇਸਤਰੀ ਦੀ ਨਿੰਦਾ, ਅਮਰ ਫਲ ਦੀ ਪ੍ਰਾਪਤੀ ਦੀ ਇੱਛਾ ਤੇ ਕਾਲ ਦਾ ਭੈ ਹਨ। ਭਾਸ਼ਾ ਮਿਸ਼ਰਤ, ਲਹਿਜਾ ਖਰ੍ਹਵਾ ਤੇ ਕਈ ਪ੍ਰਕਾਰ ਦੇ ਛੰਦਾਂ ਦਾ ਪ੍ਰਯੋਗ ਕੀਤਾ ਗਿਆ ਹੈ।

          (2) ਸੂਫ਼ੀ–ਕਾਵਿ ਧਾਰਾ ਦਾ ਮੋਢੀ ਬਾਬਾ ਫ਼ਰੀਦ (1175-1265 ਈ. ) ਹੈ ਜਿਸ ਨੂੰ ਅਗਾਂਹ ਤੋਰਨ ਵਾਲੇ ਸੂਫ਼ੀ ਕਵੀ ਹਨ–ਸ਼ਾਹ ਹੁਸੈਨ, ਅਲੀਹੈਦਰ, ਸੁਲਤਾਨ ਬਾਹੂ, ਬਾਬਾ ਵਜੀਦ, ਬੁਲ੍ਹੇ ਸ਼ਾਹ, ਹਾਸ਼ਮ ਤੇ ਖੁਆਜਾ ਗੁਲਾਮ ਫ਼ਰੀਦ ਆਦਿ। ਸੂਫ਼ੀ ਰਹੱਸਵਾਦ ਦੀ ਸਿੱਖਿਆ ਰੱਬੀ ਪ੍ਰੇਮ ਅਤੇ ਮੌਤ ਦਾ ਡਰ ਇਸ ਧਾਰਾ ਦੇ ਪ੍ਰਮੁੱਖ ਵਿਸ਼ੇ ਹਨ। ਤੀਬਰ ਭਾਵ, ਪੇਂਡੂ ਭਾਸ਼ਾ, ਫ਼ਾਰਸੀ ਦਾ ਪ੍ਰਭਾਵ, ਨਿੱਤ ਦੇ ਜੀਵਨ ’ਚੋਂ ਅਲੰਕਾਰ ਤੇ ਬਿੰਬ, ਦੋਹਾ, ਸੋਰਠਾ, ਦਵੱਈਆ, ਡਿਉਢ, ਦੋਹੜਾ ਤੇ ਲੋਕ ਗੀਤਾਂ ਦੀਆਂ ਧਾਰਨਾਵਾਂ ਤੇ ਲਿਖੇ ਛੰਦ, ਰਾਗਾਂ ਦੀ ਵਰਤੋਂ, ਸ਼ਲੋਕ, ਕਾਫ਼ੀ, ਬਾਰਾਮਾਹ, ਅੱਠਵਾਰਾ, ਸੀਹਰਫ਼ੀ ਆਦਿ ਕਾਵਿ ਰੂਪ ਇਸ ਧਾਰਾ ਦੇ ਹੋਰ ਲੱਛਣ ਹਨ।

          (3) ਭਗਤੀ–ਕਾਵਿ ਧਾਰਾ ਦਾ ਆਰੰਭ ਪੰਜਾਬੀ ਸਾਹਿਤ ਵਿਚ ਗੁਰੂ ਨਾਨਕ ਦੇਵ (1469-1539) ਤੋਂ ਹੀ ਮੰਨਿਆ ਜਾਂਦਾ ਹੈ। ਉਨ੍ਹਾਂ ਤੋਂ ਪਿਛੋਂ ਦੂਜੇ, ਤੀਜੇ, ਚੌਥੇ, ਪੰਜਵੇਂ ਤੇ ਦਸਵੇਂ ਗੁਰੂ ਸਾਹਿਬਾਨ ਨੇ ਅਤੇ ਸਿੱਖ ਵਿਦਵਾਨ ਭਾਈ ਗੁਰਦਾਸ ਨੇ ਇਸ ਧਾਰਾ ਵਿਚ ਵੱਡਮੁੱਲਾ ਹਿੱਸਾ ਪਾਇਆ ਹੈ। ਗੁਰੂ ਤੇਗ ਬਹਾਦਰ ਦੀ ਬਾਣੀ ਦੀ ਬੋਲੀ ਹਿੰਦੀ ਹੈ। ਪੁਰਾਣੇ ਪੰਜਾਬੀ ਸਾਹਿਤ ਵਿਚ ਇਹ ਧਾਰਾ ਗੁਰੂ ਗੋਬਿੰਦ ਸਿੰਘ ਉੱਤੇ ਖ਼ਤਮ ਹੋ ਜਾਂਦੀ ਹੈ। ਇਸ ਧਾਰਾ ਦੇ ਕਵੀਆਂ ਨੇ ਪ੍ਰਵਿਰਤੀ ਮਾਰਗ ਦਾ ਪ੍ਰਚਾਰ ਕੀਤਾ ਹੈ ਤੇ ਭਗਤੀ ਦਰਸ਼ਨ ਨੂੰ ਵਿਗਸਿਤ ਕੀਤਾ ਹੈ। ਇਕ ਪਰਮਾਤਮਾ ਦੇ ਸੰਕਲਪ ਨੂੰ ਕੋਮਲ ਕਾਵਿ ਦਾ ਪ੍ਰਮੁੱਖ ਵਿਸ਼ਾ ਬਣਾ ਕੇ ਸਪਸ਼ਟ ਕੀਤਾ ਹੈ ਤੇ ਦ੍ਰਿੜ੍ਹ ਕਰਵਾਇਆ ਹੈ। ਅੰਤਮ ਸੱਚ ਨੂੰ ਨਿਰਗੁਣ ਤੇ ਸਗੁਣ, ਸ੍ਰਿਸ਼ਟੀ ਨੂੰ ਹੁਕਮ ਤੇ ਹਉਮੈ,ਸਮਾਜ ਨੁੰ ਗੁਰਮੁਖ ਤੇ ਮਨਮੁਖ, ਮਾਨਵ ਚੇਤਨਾ ਨੂੰ ਪ੍ਰੇਮ ਤੇ ਗਿਆਨ ਦੇ ਦਵੰਤ ਵਿਚ ਬੱਧੇ ਪਾਇਆ ਹੈ। ਭਾਰਤੀ ਸਭਿਆਚਾਰ ਦਾ ਪੁਨਰਵਿਵਚੇਨ ਤੇ ਸਮਕਾਲੀ ਸਮਾਜ ਦੀ ਕਰੜੀ ਅਲੋਚਨਾ ਕਰਨ ਵਾਲੀ ਇਹ ਮਹਾਨ ਕਵਿਤਾ ਮਿੱਸੀ ਬੋਲੀ, ਲੌਕਿਕ ਬਿੰਬ, ਲੋਕ–ਛੰਦ ਤੇ ਲੋਕ–ਕਾਵਿ ਰੂਪਾਂ ਵਿਚ ਰਚ ਕੇ ਸਨਾਤਨੀ ਰਾਗਾਂ ਅਨੁਸਾਰ ਗਾਈ ਗਈ ਹੈ। ਜਨਮ–ਸਾਖੀਆਂ, ਹੁਕਮਨਾਮਿਆਂ ਤੇ ਰਹਿਤਨਾਮਿਆਂ ਵਿਚ ਵਰਤੀ ਗਈ ਵਾਰਤਕ ਵੀ ਭਗਤੀ ਕਾਵਿ ਧਾਰਾ ਦਾ ਹੀ ਇਕ ਅੰਗ ਹੈ।

          (4) ਕਿੱਸਾ ਕਾਵਿ ਧਾਰਾ––ਇਸ ਕਾਵਿ ਧਾਰਾ ਦਾ ਮੋਢੀ ਦਮੋਦਰ ਹੈ। ਵੀਹਵੀਂ ਸਦੀ ਦੇ ਆਰੰਭ ਤੱਕ ਇਸ ਧਾਰਾ ਅਧੀਨ ਪੀਲੂ, ਹਾਫ਼ਜ਼ ਬਰਖੁਰਦਾਰ, ਅਹਿਮਦ ਗੁੱਜਰ, ਮੁਕਬਲ, ਵਾਰਸ ਸ਼ਾਹ, ਹਾਸ਼ਮ, ਕਾਦਰਯਾਰ, ਅਹਿਮਦਯਾਰ, ਇਮਾਮ ਬਖ਼ਸ਼, ਫ਼ਜ਼ਲ ਸ਼ਾਹ, ਮੁਹੰਮਦ ਬਖ਼ਸ਼, ਕਿਸ਼ਨ ਸਿੰਘ ਆਰਫ, ਭਗਵਾਨ ਸਿੰਘ ਤੇ ਮਾਨ ਸਿੰਘ ਕਾਲੀ ਦਾਸ ਆਦਿ ਨੇ ਕਿੱਸੇ ਲਿਖੇ। ਵਾਰਸ ਸ਼ਾਹ ਇਨ੍ਹਾਂ ਸਾਰਿਆਂ ਵਿਚੋਂ ਸਿਰ ਕੱਢ ਮੰਨਿਆ ਜਾਂਦਾ ਹੈ। ਕਿੱਸਾਕਾਰਾਂ ਨੇ ਲੋਕ ਪ੍ਰਚਲਿਤ ਪ੍ਰੇਮ ਕਹਾਣੀਆਂ ਜਿਵੇਂ ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ ਆਦਿ; ਮਿਥਿਹਾਸਕ ਕਥਾਵਾਂ ਜਿਵੇਂ ਸ਼ਾਹ ਬਹਿਰਾਮ, ਸੈਫ਼ੁਲ–ਮਲੂਕ, ਰੂਪ ਬਸੰਤ ਆਦਿ ਅਤੇ ਸਿੱਖਿਆਦਾਇਕ ਘਟਨਾਵਾਂ ਜਿਵੇਂ ਪੂਰਨ ਭਗਤ ਆਦਿ ਨੂੰ ਆਪਣੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਕਵਿਤਾ ਦਾ ਜਾਮਾ ਪਹਿਨਾਇਆ ਹੈ। ਆਮ ਕਰ ਕੇ ਇਨ੍ਹਾਂ ਕਿੱਸਾਕਾਰਾਂ ਨੇ ਸੂਫ਼ੀ ਮਤ ਜਾਂ ਜੋਗ ਮਤ ਦੇ ਆਦਰਸ਼ਾਂ ਦਾ ਪ੍ਰਚਾਰ ਕੀਤਾ। ਹਾਸ਼ਮ ਕਿੱਸਾ ਕਾਵਿ ਤੇ ਸੂਫ਼ੀ ਕਾਵਿ ਧਾਰਾ ਦਾ ਸਾਂਝਾ ਕਾਵੀ ਸੀ। ਪੰਜਾਬੀ ਸਾਹਿਤ ਵਿਚ ਦੁਖਾਂਤ ਦੇ ਸੰਕਲਪ ਨੇ ਕਿੱਸਾ ਕਾਵਿ ਧਾਰਾ ਦੇ ਨਾਲ ਹੀ ਪ੍ਰਵੇਸ਼ ਕੀਤਾ। ਕਿੱਸਾਕਾਰਾਂ ਨੇ ਆਪਣੇ ਇਲਾਕੇ ਦੀ ਫ਼ਾਰਸੀ ਰਲੀ ਪੰਜਾਬੀ ਬੋਲੀ ਵਰਤੀ ਅਤੇ ਦਵੱਈਆ, ਬੈਂਤ, ਸੱਦ, ਕਬਿੱਤ, ਕਲੀ ਆਦਿ ਗਿਣਵੇਂ ਛੰਦਾਂ ਦਾ ਪ੍ਰਯੋਗ ਕੀਤਾ।

          (5) ਬੀਰ ਕਾਵਿ ਧਾਰਾ– ਇਸ ਧਾਰਾ ਦਾ ਆਰੰਭ ਪੂਰਵ ਨਾਨਕ ਕਾਲ (ਜਾਂ ਮੁਗਲ ਕਾਲ ) ਵਿਚ ਰਚੀਆਂ ਵਾਰਾਂ ਤੋਂ ਹੁੰਦਾ ਹੈ ਜੋ ਸੰਪੂਰਨ ਰੂਪ ਵਿਚ ਉਪਲਬਧ ਨਹੀਂ ਹਨ । ਇਸਤਰੀ, ਜਾਇਦਾਦ ਜਾਂ ਰਾਜ ਪਿਛੇ ਹੋਏ ਝਗੜੇ ਇਨ੍ਹਾਂ ਵਾਰਾਂ ਦੇ ਵਿਸ਼ੇ ਹਨ। ਇਸ ਧਾਰਾ ਨੂੰ ਗੁਰੂ ਗੋਬਿੰਦ ਸਿੰਘ, ਨਜਾਬਤ, ਪੀਰ ਮੁਹੰਮਦ, ਅਗਰਾ, ਮਟਕ, ਸ਼ਾਹ ਮੁਹੰਮਦ ਅਤੇ ਕਾਦਰਯਾਰ ਆਦਿ ਕਵੀਆਂ ਨੇ ਭਰਪੂਰ ਬਣਾਇਆ। ਇਨ੍ਹਾਂ ਦੀ ਬੋਲੀ ਠੇਠ ਪੰਜਾਬੀ ਹੈ। ਇਨ੍ਹਾਂ ਵਿਚ ਨਿਸ਼ਾਨੀ, ਸਿਰਖੰਡੀ, ਕਬਿੱਤ ਤੇ ਬੈਂਤ ਆਦਿ ਛੰਦਾਂ ਦਾ ਪ੍ਰਯੋਗ ਕੀਤਾ ਗਿਆ ਹੈ।

          (6) ਹਾਸ–ਰਸ ਕਾਵਿ ਧਾਰਾ–ਪੁਰਾਣੇ ਪੰਜਾਬੀ ਸਾਹਿਤ ਵਿਚ ਇਸ ਧਾਰਾ ਦੇ ਦੋ ਹੀ ਪ੍ਰਮੁਖ ਕਵੀ ਹੋਏ ਹਨ–ਜਲ੍ਹਣ ਤੇ ਸੁਥਰਾ ਇਨ੍ਹਾਂ ਦਾ ਵਿਅੰਗ ਸੂਖ਼ਮ ਨਹੀਂ, ਠੁਲ੍ਹਾ ਹੈ।

          ਉਪਰੋਕਤ ਸਾਰੀਆਂ ਧਾਰਾਵਾਂ ਪੁਰਾਣੇ ਸਾਹਿਤ ਦੀਆਂ ਹਨ। ਵੀਹਵੀਂ ਸਦੀ ਵਿਚ ਵੀ ਇਨ੍ਹਾਂ ਦੀ ਧਾਰਾ ਵਹਿੰਦੀ ਰਹੀ ਭਾਵੇਂ ਮੰਦ–ਗਤੀ ਹੀ ਰਹੀ ਹੈ। ਵੀਹਵੀਂ ਸਦੀ ਦੇ ਸਾਹਿਤ ਨੂੰ ਧਾਰਾਵਾਂ ਵਿਚ ਵੰਡਣਾ ਔਖਾ ਹੈ। ਕੁਝ ਸਹਿਤਕਾਰਾਂ ਨੂੰ ਛੱਡ ਕੇ ਬਾਕੀਆਂ ਨੂੰ ਕਿਸੇ ਇਕ ਜਾਂ ਦੂਜੀ ਧਾਰਾ ਨਾਲ ਜੋੜ ਕੇ ਦੇਖਣਾ ਅਸੰਭਵ ਹੈ। ਫਿਰ ਵੀ ਅਨੇਕ ਵੰਨਗੀਆਂ ਦਾ ਸਾਹਿਤ ਪੈਦਾ ਹੋਇਆ। ਨਵੇਂ ਤੇ ਪੁਰਾਣੇ ਅਨੇਕਾਂ ਦ੍ਰਿਸ਼ਟੀਕੋਣ ਇਕੋ ਸਮੇਂ ਪ੍ਰਚਲਤ ਰਹੇ। ਦ੍ਰਿਸ਼ਟੀਕੋਣ ਦੇ ਲਿਹਾਜ਼ ਨਾਲ ਇਸ ਸਦੀ ਦੇ ਸਾਹਿਤ ਨੂੰ ਹੇਠ ਲਿਖੀਆਂ ਸਾਹਿਤਧਾਰਾਵਾਂ ਵਿਚ ਵੰਡਣ ਦਾ ਯਤਨ ਕੀਤਾ ਜਾ ਸਕਦਾ ਹੈ।

          (1) ਧਰਮ–ਸੁਧਾਰਵਾਦੀ ਧਾਰਾ–ਇਸ ਦੇ ਪ੍ਰਮੁੱਖ ਸਾਹਿਤਕਾਰ ਭਾਈ ਵੀਰ ਸਿੰਘ ਹਨ।

          (2) ਸਮਾਜ ਸੁਧਾਰਵਾਦੀ ਧਾਰਾ––ਇਸ ਧਾਰਾ ਵਿਚ ਭਾਈ ਮੋਹਨ ਸਿੰਘ ਵੈਦ, ਸ. ਸ. ਚਰਨ ਸਿੰਘ ਸ਼ਹੀਦ, ਲਾਲਾ ਧਨੀਰਾਮ ਚਾਤ੍ਰਿਕ, ਨਾਨਕ ਸਿੰਘ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਰੱਖੇ ਜਾਂਦੇ ਹਨ।

          (3) ਰਾਸ਼ਟਰਵਾਦੀ ਧਾਰਾ– ਗਿ. ਹੀਰਾ ਸਿੰਘ ਦਰਦ, ਸ. ਗੁਰਮੁਖ ਸਿੰਘ ਮੁਸਾਫ਼ਰ, ਲਾਲਾ ਕਿਰਪਾ ਸਾਗਰ, ਲਾਲਾ ਧਨੀ ਰਾਮ ਚਾਤ੍ਰਿਕ ਇਸ ਧਾਰਾ ਦੇ ਮੋਢੀਆਂ ਵਿਚੋਂ ਹਨ।

          (4) ਰੋਮਾਂਸਵਾਦੀ ਧਾਰਾ –– ਪ੍ਰੋ. ਪੂਰਨ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਜਸਵੰਤ ਸਿੰਘ ਕੰਵਲ ਆਦਿ ਇਸ ਧਾਰਾ ਵਿਚ ਆਉਂਦੇ ਹਨ।

          (5) ਪ੍ਰਗਤੀਵਾਦੀ ਧਾਰਾ– ਇਸ ਧਾਰਾ ਵਿਚ ਬਾਵਾ ਬਲਵੰਤ, ਪ੍ਰੋ. ਮੋਹਨ ਸਿੰਘ, ਪਿਆਰਾ ਸਿੰਘ ਸਹਿਰਾਈ, ਸੰਤੋਖ ਸਿੰਘ ਧੀਰ, ਰਣਧੀਰ ਸਿੰਘ, ਸੰਤ ਸਿੰਘ ਸੇਖੋਂ, ਸੁਰਿੰਦਰ ਸਿੰਘ ਨਰੂਲਾ, ਜਸਵੰਤ ਸਿੰਘ ਕੰਵਲ, ਸੁਜਾਨ ਸਿੰਘ, ਨਵਤੇਜ ਸਿੰਘ, ਅਮਰ ਸਿੰਘ, ਸੁਖਬੀਰ, ਦੀਦਾਰ ਸਿੰਘ ਆਦਿ ਰੱਖੇ ਜਾ ਸਕਦੇ ਹਨ।

          (6) ਪ੍ਰਯੋਗਵਾਦੀ ਧਾਰਾ– ਇਸ ਧਾਰਾ ਦੇ ਪ੍ਰਮੁੱਖ ਸਾਹਿਤਕਾਰ ਡਾ. ਜਸਬੀਰ ਸਿੰਘ ਆਹਲੂਵਾਲੀਆ, ਸੁਰਜੀਤ ਸਿੰਘ ਸੇਠੀ, ਸੁਖਪਾਲ ਵੀਰ ਸਿੰਘ ਹਸਰਤ ਤੇ ਸੋਹਨ ਸਿੰਘ ਮੀਸ਼ਾ ਆਦਿ ਹਨ। ਇਸ ਤੋਂ ਇਲਾਵਾ ਕਈ ਅਜਿਹੇ ਕਵੀ ਹਨ ਜਿਨ੍ਹਾਂ ਨੂੰ ਹਰ ਧਾਰਾ ਵਾਲੇ ਆਪਣੇ ਵਿਚ ਸ਼ੁਮਾਰ ਕਰਦੇ ਹਨ ਪਰ ਉਂਜ ਉਹ ਵਧੇਰੇ ਕਰ ਕੇ ਸੁਹਜਵਾਦੀ ਹਨ ਜਿਵੇਂ ਡਾ. ਹਰਿਭਜਨ ਸਿੰਘ, ਡਾ. ਜਸਵੰਤ ਸਿੰਘ ਨੇਕੀ ਆਦਿ।

                   ਹ. ਪੁ. ਪੰ. ਸਾ. ਕੋ. (ਪੰਜਾਬ)


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4029, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no

ਸਾਹਿਤ ਧਾਰਾਵਾਂ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਾਹਿਤ ਧਾਰਾਵਾਂ : ਸਾਹਿਤ ਉੱਪਰ ਵਿਚਾਰ ਕਰਦੇ ਸਮੇਂ ਨਾ ਕੇਵਲ ਸਾਹਿਤ ਦੇ ਖੇਤਰ ਨਾਲ ਸਬੰਧਤ ਵਿਅਕਤੀਗਤ ਅਤੇ ਸਮੁੱਚੀਆਂ ਰਚਨਾਵਾਂ ਉੱਪਰ ਵੀ ਵਿਚਾਰ ਕੀਤੀ ਜਾਂਦੀ ਹੈ ਸਗੋਂ ਵੱਖ ਵੱਖ ਕਾਲਾਂ ਅੰਦਰ ਰਚੇ ਗਏ ਸਾਹਿਤ ਅੰਦਰਲੀਆਂ ਮੁੱਖ ਪ੍ਰਵਿਰਤੀਆਂ ਨੂੰ ਸਾਹਮਣੇ ਰਖਦਿਆਂ ਸਾਹਿਤ ਦੀਆਂ ਵੱਖ ਵੱਖ ਧਾਰਾਵਾਂ ਨੂੰ ਵੀ ਸਮਝਣ ਦੀ ਕੋਸ਼ਿਬ ਕੀਤੀ ਜਾਂਦੀ ਹੈ। ਪੰਜਾਬੀ ਸਾਹਿਤ ਦਾ ਆਰੰਭ ਨੌਵੀਂ ਸਦੀ ਵਿਚ ਹੋਇਆ ਅਤੇ ਹੁਣ ਤਕ ਲਿਖੇ ਜਾ ਚੁੱਕੇ ਪੰਜਾਬੀ ਸਾਹਿਤ ਨੂੰ ਧਾਰਾਵਾਂ ਦੇ ਅਧਿਐਨ ਲਈ ਕਾਲ-ਕ੍ਰਮ ਅਨੁਸਾਰ ਦੋ ਮੁੱਖ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-ਪੁਰਾਣਾ ਸਾਹਿਤ (1900 ਈ. ਤਕ ਦਾ) ਅਤੇ ਵੀਹਵੀਂ ਸਦੀ ਵਿਚ ਲਿਖਿਆ ਗਿਆ ਸਾਹਿਤ। 1900 ਈ. ਤਕ ਦੇ ਪੰਜਾਬੀ ਸਾਹਿਤ ਅੰਦਰਲੀ ਮੁਖ ਧਾਰਾ ਉਸ ਕਾਵਿ ਨਾਲ ਸਬੰਧਤ ਹੈ ਜਿਸ ਦਾ ਪ੍ਰਮੁੱਖ ਵਿਸ਼ਾ ਆਤਮਾ ਅਤੇ ਪ੍ਰਮਾਤਮਾ ਦਾ ਸਬੰਧ ਹੈ। ਇਸ ਕਾਲ ਦੌਰਾਨ ਲਿਖੀ ਗਈ ਧਾਰਮਿਕ ਕਿਸਮ ਵੀ ਕਵਿਤਾ ਅੰਦਰ ਜੋਗੀ ਕਾਵਿ ਧਾਰਾ, ਸੂਫੀ ਕਾਵਿ ਧਾਰਾ ਅਤੇ ਭਗਤੀ ਕਾਵਿ ਧਾਰਾ ਸ਼ਾਮਲ ਹਨ। ਇਸ ਸਾਰੀ ਕਵਿਤਾ ਅੰਦਰ ਗਿਣੇ ਮਿਥੇ ਅਲੰਕਾਰਾਂ ਅਤੇ ਲੋਕ ਕਹਾਣੀਆਂ ਦੀ ਵਰਤੋਂ ਕੀਤੀ ਗਈ ਹੈ।

        ਜੋਗੀ ਕਾਵਿ ਧਾਰਾ ਨਾਲ ਸਬੰਧਤ ਮੁੱਖ ਕਵੀ ਗੋਰਖ ਨਾਥ, ਚਰਪਟ ਨਾਥ ਅਤੇ ਚੌਰੰਗੀ ਨਾਥ ਹਨ ਅਤੇ ਇਨ੍ਹਾਂ ਦੀ ਕਵਿਤਾ ਦਾ ਮੁੱਖ ਵਿਸ਼ਾ ਜੋਗ ਮਤ ਦਾ ਪ੍ਰਚਾਰ ਹੈ। ਸੂਫ਼ੀ ਕਾਵਿ ਧਾਰਾ ਦਾ ਮੋਢੀ ਕਵੀ ਬਾਬਾ ਫ਼ਰੀਦ (1175-1265) ਸੀ ਜਿਸ ਨੇ ਵਿਅਕਤੀ ਨੂੰ ਸੰਸਾਰ ਦੀ ਨਾਸ਼ਮਾਨਤਾ ਦਾ ਅਹਿਸਾਸ ਕਰਾ ਕੇ ਪਰਮਾਤਮਾ ਦਾ ਨਾਂ ਲੈਣ ਅਤੇ ਚੰਗੇ ਕਰਮ ਕਰਨ ਲਈ ਪ੍ਰੇਰਿਆ। ਇਨ੍ਹਾਂ ਹੀ ਵਿਚਾਰਾਂ ਨੂੰ ਪ੍ਰਗਟਾਉਣ ਵਾਲੇ ਅਤੇ ਸੂਫ਼ੀ ਪਰੰਪਰਾ ਨੂੰ ਅਗੇ ਤੋਰਨ ਵਾਲੇ ਕਵੀਆਂ ਵਿਚ ਸ਼ਾਹ ਹੁਸੈਨ, ਅਲੀ ਹੈਦਰ, ਸੁਲਤਾਨ ਬਾਹੂ, ਬਾਬਾ ਵਜੀਦ, ਬੁੱਲ੍ਹੇ ਸ਼ਾਹ, ਹਾਸ਼ਮ, ਗ਼ੁਲਾਮ ਫ਼ਰੀਦ ਆਦਿ ਹਨ। ਇਨ੍ਹਾਂ ਸਾਰਿਆਂ ਨੇ ਹੀ ਆਮ ਘਰੋਗੀ ਜੀਵਨ ਵਿਚੋਂ ਅਲੰਕਾਰ ਲਏ ਹਨ ਅਤੇ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਲਈ ਇਨ੍ਹਾਂ ਨੇ ਸਲੋਕਾਂ, ਕਾਫ਼ੀਆਂ, ਬਾਰਾਮਾਹ, ਅੱਠਵਾਰਾ, ਸੀਹਰਫ਼ੀ ਆਦਿ ਦੀ ਵਰਤੋਂ ਕੀਤੀ ਹੈ।

        ਆਧੁਨਿਕ ਪੰਜਾਬੀ ਸਾਹਿਤ ਵਿਚ ਪਹਿਲਾਂ ਸੁਧਾਰਵਾਦੀ ਧਾਰਾ ਆਉਂਦੀ ਹੈ ਜਿਸ ਦੇ ਮੁੱਖ ਪ੍ਰਵਰਤਕ ਭਾਈ ਵੀਰ ਸਿੰਘ ਸਨ। ਸਮਾਜ ਸੁਧਾਰਵਾਦੀ ਧਾਰਾ ਅੰਦਰ ਭਾਈ ਮੋਹਨ ਸਿੰਘ ਵੈਦ, ਸ. ਸ. ਚਰਨ ਸਿੰਘ ਸ਼ਹੀਦ, ਧਨੀ ਰਾਮ ਚਾਤ੍ਰਿਕ ਆਦਿ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਰਾਸ਼ਟਰਵਾਦੀ ਧਾਰਾ ਵਿਚ ਗਿਆਨੀ ਹੀਰਾ ਸਿੰਘ ਦਰਦ, ਸ. ਗੁਰਮੁਖ ਸਿੰਘ ਮੁਸਾਫ਼ਰ, ਲਾਲ ਕਿਰਪਾ ਸਾਗਰ ਆਦਿ ਗਿਣੇ ਜਾਂਦੇ ਹਨ। ਰੋਮਾਂਸਵਾਦੀ ਧਾਰਾ ਵਿਚ ਪ੍ਰੋ. ਪੂਰਨ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰਭਜੋਤ ਕੌਰ, ਸ਼ਿਵ ਕੁਮਾਰ ਆਦਿ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਪ੍ਰਗਤੀਵਾਦੀ ਧਾਰਾ ਵੀ ਕਵਿਤਾ ਦੇ ਖੇਤਰ ਅੰਦਰ ਮਿਲਦੀ ਹੈ ਅਤੇ ਪ੍ਰੋ. ਮੋਹਨ ਸਿੰਘ, ਸੰਤੋਖ ਸਿੰਘ ਧੀਰ ਆਦਿ ਨੇ ਇਸ ਪ੍ਰਕਾਰ ਦੀ ਕਵਿਤਾ ਲਿਖੀ। ਹੌਲੇ ਹੌਲੇ ਪ੍ਰਯੋਗਵਾਦੀ ਧਾਰਾ ਜ਼ੋਰ ਫੜ ਗਈ ਅਤੇ ਇਸ ਲਈ ਜਸਬੀਰ ਸਿੰਘ ਆਹਲੂਵਾਲੀਆ, ਸੁਖਪਾਲਵੀਰ ਸਿੰਘ ਹਸਰਤ, ਰਵਿੰਦਰ ਰਵੀ, ਸੋਹਨ ਸਿੰਘ ਮੀਸ਼ਾ ਆਦਿ ਨੇ ਆਪਣਾ ਹਿੱਸਾ ਪਾਇਆ। ਸੁਹਜਵਾਦੀ ਧਾਰਾ ਵਿਚ ਡਾ. ਹਰਿਭਜਨ ਸਿੰਘ ਸ਼ਾਮਲ ਹੈ। ਬੌਧਿਕ ਕਾਵਿ ਧਾਰਾ ਵਿਚ ਪ੍ਰੀਤਮ ਸਿੰਘ ਸਫ਼ੀਰ, ਜਸਵੰਤ ਸਿੰਘ ਨੇਕੀ, ਅਜਾਇਬ ਚਿਤ੍ਰਕਾਰ, ਗੁਰਚਰਨ ਰਾਮਪੁਰੀ ਆਦਿ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਜੁਝਾਰੂ ਕਾਵਿ ਧਾਰਾ ਵਿਚ ਸੁਰਜੀਤ ਪਾਤਰ ਅਤੇ ਪਾਸ਼ ਆਦਿ ਨੂੰ ਸ਼ਾਮਲ ਕੀਤਾ ਜਾਂਦਾ ਹੈ। ਕਵਿਤਾ ਦੇ ਖੇਤਰ ਵਿਚ ਪਿਛਲੀ ਪੀੜ੍ਹੀ ਦੇ ਕਵੀ ਭਾਈ ਵੀਰ ਸਿੰਘ, ਗਿਆਨੀ ਗੁਰਮੁਖ ਸਿੰਮ ਮੁਸਾਫ਼ਰ, ਬਾਬੂ ਫੀਰੋਜ਼ਦੀਨ ਸ਼ਰਫ਼, ਦਰਸ਼ਨ ਸਿੰਘ ਆਵਾਰਾ ਅਤੇ ਜਸਵੰਤ ਸਿੰਘ ਵੰਤਾ ਆਦਿ ਨਾਲ ਨਾਲ ਚਲਦੇ ਰਹੇ।

        ਨਾਵਲ, ਕਹਾਣੀਆਂ, ਨਾਟਕ ਆਦਿ ਦੇ ਖੇਤਰ ਵਿਚ ਵੀ ਲਗਭਗ ਸਾਰੀਆਂ ਉਪਰੋਕਤ ਧਾਰਾਵਾਂ ਮਿਲਦੀਆਂ ਹਨ। ਨਾਨਕ ਸਿੰਘ ਨਾਵਲਿਸਟ ਨੂੰ ਸੁਧਾਰਵਾਦੀ ਧਾਰਾ ਨਾਲ ਜੋੜਿਆ ਜਾਂਦਾ ਹੈ ਅਤੇ ਸੁਰਿੰਦਰ ਸਿੰਘ ਨਰੂਲਾ ਅਤੇ ਗੁਰਦਿਆਲ ਸਿੰਘ ਨੂੰ ਯਥਾਰਥਵਾਦੀ ਮੰਨਿਆ ਜਾਂਦਾ ਹੈ। ਜਸਵੰਤ ਸਿੰਘ ਕੰਵਲ ਨਾਵਲਿਸਟ ਆਰੰਭ ਵਿਚ ਸਮਾਜ ਸੁਧਾਰਕ ਸੀ ਪਰ ਪਿੱਛੋਂ ਜਾ ਕੇ ਉਹ ਖੱਬੇ ਪੱਖੀ ਹੋ ਗਿਆ। ਕਰਨਲ ਨਰਿੰਦਰ ਪਾਲ ਸਿੰਘ ਨੇ ਚੇਤਨਾ ਪ੍ਰਵਾਹ ਨਾਲ ਸਬੰਧਤ ਨਾਵਲ ਲਿਖੇ ਅਤੇ ਸੁਰਜੀਤ ਸਿੰਘ ਸੇਠੀ ਨੂੰ ਵੀ ਇਸੇ ਸ਼੍ਰੇਣੀ ਵਿਚ ਰਖਿਆ ਜਾ ਸਕਦਾ ਹੈ। ਕਰਤਾਰ ਸਿੰਘ ਦੁੱਗਲ ਕਹਾਣੀਕਾਰ ਦੇ ਤੌਰ ਤੇ ਮਨੋਵਿਗਿਆਨਕ ਧਾਰਾ ਨਾਲ, ਕੁਲਵੰਤ ਸਿੰਘ ਵਿਰਕ ਯਥਾਰਥਵਾਦੀ ਧਾਰਾ ਨਾਲ ਅਤੇ ਸੁਜਾਨ ਸਿੰਘ ਸਮਾਜਵਾਦੀ ਧਾਰਾ ਨਾਲ ਜੁੜਿਆ ਹੋਇਆ ਹੈ। ਅੰਮ੍ਰਿਤਾ ਪ੍ਰੀਤਮ ਅਤੇ ਸੁਖਬੀਰ ਦੀਆਂ ਕਹਾਣੀਆਂ ਕਾਵਿ ਅੰਸ਼ ਪ੍ਰਧਾਨ ਕਹਾਣੀਆਂ ਹੁੰਦੀਆਂ ਹਨ ਭਾਵੇਂ ਇਹ ਦੋਵੇਂ ਜੀਵਨ ਦੇ ਯਥਾਰਥ ਨੂੰ ਆਪਣੀਆਂ ਕਹਾਣੀਆਂ ਵਿਚ ਪ੍ਰਗਟਾਉਂਦੇ ਹਨ। ਨਾਟਕ ਦੇ ਖੇਤਰ ਅੰਦਰ ਆਈ.ਸੀ. ਨੰਦਾ ਯਥਾਰਥਵਾਦੀ ਧਾਰਾ ਨਾਲ ਜੁੜਿਆ ਹੋਇਆ ਹੈ ਅਤੇ ਪ੍ਰਿੰ. ਸੇਖੋਂ ਨੂੰ ਸਮਾਜਵਾਦੀ ਖਿਆਲ ਕੀਤਾ ਜਾਂਦਾ ਹੈ। ਰੌਸ਼ਨ ਲਾਲ ਆਹੂਜਾ, ਗੁਰਦਿਆਲ ਸਿੰਘ ਖੋਸਲਾ ਅਤੇ ਗੁਰਦਿਆਲ ਸਿੰਘ ਫੁੱਲ ਆਦਿ ਨੇ ਨੰਦਾ ਸਾਹਿਬ ਦੀਆਂ ਲੀਹਾਂ ਨੂੰ ਅਪਣਾਇਆ ਜਦੋਂ ਕਿ ਸੁਰਜੀਤ ਸਿੰਘ ਸੇਠੀ ਅਤੇ ਕਪੂਰ ਸਿੰਘ ਘੁੰਮਣ ਨੇ ਕਈ ਨਵੇਂ ਤਜਰਬੇ ਵੀ ਕੀਤੇ। ਹਰਚਰਨ ਸਿੰਘ ਨੂੰ ਉਸ ਦੇ ਨਾਟਕਾਂ ‘ਅਨਜੋੜ’, ‘ਦੋਸ਼’, ‘ਰੱਤਾ ਸਾਲੂ’, ‘ਸ਼ੋਭਾ ਸ਼ਕਤੀ’ ਆਦਿ ਨੂੰ ਸਾਹਮਣੇ ਰਖਦਿਆਂ ਇਸਤਰੀਵਾਦੀ ਕਹਿ ਦਿੱਤਾ ਜਾਂਦਾ ਹੈ।

        ਪੰਜਾਬੀ ਸਾਹਿਤ ਕਈ ਨਵੀਆਂ ਦਿਸ਼ਾਵਾਂ ਵੱਲ ਵੱਧ ਰਿਹਾ ਪ੍ਰਤੀਤ ਹੁੰਦਾ ਹੈ ਅਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਸਮਾਂ ਬੀਤਣ ਦੇ ਨਾਲ ਬਹੁਤ ਸਾਰੀਆਂ ਨਵੀਆਂ ਧਾਰਾਵਾਂ ਸਾਹਮਣੇ ਆਉਣਗੀਆਂ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3356, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-03-19-47, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਸਾ. ਕੋ. ਪੰ. ਵਿ. ਕੋ. 4

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.