ਸਿਲਿਕਾੱਨ ਡਾਈਆਕਸਾਈਡ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਿਲਿਕਾ (Silica) ਜਾਂ ਸਿਲਿਕਾੱਨ ਡਾਈਆਕਸਾਈਡ : ਸਿਲਿਕਾੱਨ ਡਾਈਆਕਸਾਈਡ (silicon dioxide) ਜਾਂ ਸਿਲਿਕਾ ਕੁਦਰਤੀ ਤੌਰ ਤੇ ਕਈ ਰੂਪਾਂ ਵਿਚ ਮਿਲਦਾ ਹੈ। ਇਨ੍ਹਾਂ ਵਿਚੋਂ ਐੱਲਫ਼ਾ ਕੁਆਰਟਜ ਸਾਧਾਰਨ ਰੂਪ ਹੈ ਜੋ 6 ਬਾਹੀਆਂ ਵਾਲੇ ਰਵੇ ਬਣਾਉਂਦਾ ਹੈ। ਕੁਆਰਟਜ਼ ਕਈ ਕਿਸਮਾਂ ਦਾ ਹੁੰਦਾ ਹੈ। ਜਦੋਂ ਸਾਧਾਰਨ ਕੁਆਰਟਜ਼ ਨੂੰ 530° ਸੈਂ. ਤਾਈਂ ਗਰਮ ਕੀਤਾ ਜਾਂਦਾ ਹੈ ਤਾਂ ਉਹ ਬੀਟਾ ਰੂਪ ਧਾਰ ਲੈਂਦਾ ਹੈ, ਜਿਸ ਦੀ ਘਣਤਾ ਘੱਟ ਹੁੰਦੀ ਹੈ।

          ਬੀਟਾ ਕੁਆਰਟਜ਼ ਹੋਰ ਉੱਚੇ ਤਾਪਮਾਨ ਤੇ ਗਰਮ ਕਰਨ ਨਾਲ ਹੋਰਨਾਂ ਕਿਸਮਾਂ ਵਿਚ ਤਬਦੀਲ ਹੋ ਜਾਂਦਾ ਹੈ। ਐੱਲਫ਼ਾ ਕੁਅਰਾਟਜ਼ 530° ਸੈਂ., ਬੀਟਾ ਕੁਆਟਰਜ਼ 870° ਸੈਂ., ਬੀਟਾ ਟਰਾਈਡਾਈਮਾਈਟ 1470° ਸੈਂ., ਬੀਟਾ ਕਰਿਸਟੋਬੇਲਾਈਟ ਅਤੇ ਅਖ਼ੀਰ ਤੇ 1710° ਸੈਂ. ਤੇ ਇਹ ਪਿਘਲਣਾ ਸ਼ੁਰੂ ਕਰ ਦਿੰਦਾ ਹੈ। ਰੰਗਹੀਨ ਅਤੇ ਸਾਫ਼ ਕੁਆਰਟਜ਼ ਨੂੰ ਰੌਸ਼ਨੀ ਦੇ ਯੰਤਰ ਅਤੇ ਸ਼ੀਸ਼ੇ ਆਦਿ ਬਣਾਉਣ ਲਈ ਵਰਤਿਆ ਜਾਂਦਾ ਹੈ। ਕੁਆਰਟਜ਼ ਦੀਆਂ ਕਈ ਕਿਸਮਾਂ ਰੰਗਦਾਰ ਹੁੰਦੀਆਂ ਹਨ। ਪੁਖਰਾਜ (amethyst) ਬਨਫ਼ਸ਼ੀ ਰੰਗ ਦਾ ਤੇ ਲਾਲ (jasper) ਲਾਲ ਰੰਗ ਦਾ ਹੁੰਦਾ ਹੈ। ਇਹ ਦੋਵੇਂ ਪੱਥਰ ਜਵਾਹਰ ਅਖਵਾਉਂਦੇ ਹਨ ਅਤੇ ਕੀਮਤੀ ਹੁੰਦੇ ਹਨ। ਇਨ੍ਹਾਂ ਤੋਂ ਬਿਨਾਂ ਸਿਲਿਕਾ ਫ਼ਲਿੰਟ (flint) ਪੱਥਰ ਦੀ ਸ਼ਕਲ ਵਿਚ ਵੀ ਮਿਲਦਾ ਹੈ ਇਹ ਸਿਲਿਕਾੱਨ ਡਾਈਆਕਸਾਈਡ ਦੀ ਉਹ ਕਿਸਮ ਹੈ ਜੋ ਰਵੇ ਨਹੀਂ ਬਣਾਉਂਦੀ।

          ਰੇਤ ਅਤੇ ਰੇਤਲੀਆਂ ਚਟਾਨਾਂ ਦਾ ਵੱਡਾ ਹਿੱਸਾ ਸਿਲਿਕਾ ਦਾ ਬਣਿਆ ਹੁੰਦਾ ਹੈ। ਸਿਲਿਕਾ ਉੱਤੇ ਸਿਵਾਏ ਹਾਈਡ੍ਰੋਫ਼ਲੋਰਿਕ ਐਸਿਡ ਦੇ ਹੋਰ ਕਿਸੇ ਤੇਜ਼ਾਬ ਦਾ ਅਸਰ ਨਹੀਂ ਹੁੰਦਾ। ਜਦੋਂ ਸਿਲਿਕਾ ਨੂੰ ਸੋਡੀਅਮ ਕਾਰਬੋਨੇਟ ਜਾਂ ਸੋਡੀਅਮ ਹਾਈਡ੍ਰਾੱਕਸਾਈਡ ਨਾਲ ਗਰਮ ਕੀਤਾ ਜਾਂਦਾ ਹੈ ਤਾਂ ਪਿਘਲ ਕੇ ਇਹ ਸੋਡੀਅਮ ਸਿਲਿਕੇਟ ਬਣਾਉਂਦਾ ਹੈ। ਸਿਲਿਕਾ ਨੂੰ ਬਿਜਲੀ ਦੀ ਭੱਠੀ ਵਿਚ ਉੱਚੇ ਤਾਪਮਾਨ ਤੇ ਪਿਘਲਾ ਕੇ ਕੁਆਰਟਜ਼ ਸ਼ੀਸ਼ਾ ਤਿਆਰ ਕੀਤਾ ਜਾਂਦਾ ਹੈ ਜੋ ਠੰਢਾ ਤੱਤਾ ਹੋਣ ਤੇ ਨਹੀਂ ਟੁੱਟਦਾ। ਇਸ ਲਈ ਇਸ ਦਾ ਸਾਇਸ ਦਾ ਸਾਮਾਨ ਬਣਾਇਆ ਜਾਂਦਾ ਹੈ। ਪਿਘਲੇ ਹੋਏ ਸਿਲਿਕਾ ਦੀਆਂ ਬਹੁਤ ਬਾਰੀਕ ਤਾਰਾਂ ਖਿਚੀਆਂ ਜਾਂਦੀਆਂ ਹਨ ਜੋ ਬਹੁਤ ਲਚਕਦਾਰ ਹੁੰਦੀਆਂ ਹਨ। ਇਨ੍ਹਾਂ ਨੂੰ ਸਾਇੰਸ ਦੇ ਯੰਤਰਾਂ ਵਿਚ ਬਹੁਤ ਨਾਜ਼ਕ ਹਿੱਸਿਆਂ ਦੇ ਲਟਕਾਉਣ ਲਈ ਕੰਮ ਵਿਚ ਲਿਆਇਆ ਜਾਂਦਾ ਹੈ।

          ਹ. ਪੁ.––ਮੈਕ. ਐਨ. ਸ. ਟ. 12:321; ਐਨ. ਬ੍ਰਿ. 20:654; ਐਨ. ਅਮੈ. 24:824; ਐਵ. ਐਨ. 11:339; ਕੋਲ. ਐਨ. 17:307.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 75, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.