ਸਿੱਠਣੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿੱਠਣੀ [ਨਾਂਇ] ਵੇਖੋ ਸਿੱਠ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7740, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਿੱਠਣੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਸਿੱਠਣੀ ਸੰਗ੍ਯਾ—ਅਸ਼ਿਵਾਣੀ. ਗਾਲੀ ਅਤੇ ਵ੍ਯੰਗ ਨਾਲ ਕਹੀ ਹੋਈ ਬਾਣੀ. ਵਿਆਹ ਸਮੇਂ ਇਸਤ੍ਰੀਆਂ ਜੋ ਗਾਲੀਆਂ ਨਾਲ ਮਿਲਾਕੇ ਗੀਤ ਗਾਉਂਦੀਆਂ ਹਨ, ਉਨ੍ਹਾਂ ਦੀ ਸਿੱਠਣੀ ਸੰਗ੍ਯਾ ਹੈ. ਦੇਖੋ, ਸਿਠ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7721, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸਿੱਠਣੀ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਿੱਠਣੀ : ਵੇਖੋ ‘ਸਿੱਠ’, ‘ਲੋਕ–ਗੀਤ’
ਸਿੱਠ : ‘ਸਿੱਠ’ ਦੇ ਅਰਥ ਹਨ ਨਿੰਦਾ, ਭੰਡੀ ਅਥਵਾ ਭੰਡੀ ਪ੍ਰਚਾਰ ਲਈ ਕਹੇ ਪਦ, ਵਿਅੰਗ ਨਾਲ ਕਿਹਾ ਵਾਕ। ਇਸ ਦਾ ਨਾਮਾਂਤਰ ਸਿੱਠਣੀ ਵੀ ਹੈ। ਪੁਰਾਣੇ ਸਮਿਆਂ ਵਿਚ ਜਦ ਲੋਕ ਕਵੀ ( ਭੱਟ ਅਥਵਾ ਭੰਡ) ਆਪਣੇ ਸਰਪ੍ਰਸਤਾਂ ਨਾਲ ਉਨ੍ਹਾਂ ਪਾਸੋਂ ਪੂਰਾ ਮੁਆਵਜ਼ਾ ਅਥਵਾ ਅੰਨ ਦਾਣਾ ਨਾ ਮਿਲਣ ਕਰ ਕੇ ਨਾਰਾਜ਼ ਹੋ ਜਾਂਦੇ ਸਨ ਤਾਂ ਉਨ੍ਹਾਂ ਨੂੰ ਬਦਨਾਮ ਕਰਨ ਲਈ ਸਿੱਠਾਂ ਜੋੜਦੇ ਸਨ। ਜਿਨ੍ਹਾਂ ਵਿਚ ਆਪਣੇ ਸਰਦਾਰਾਂ ਅਥਵਾ ਮਾਲਕਾਂ ਦੀਆਂ ਛੋਟੀਆਂ ਛੋਟੀਆਂ ਕਮਜ਼ੋਰੀਆਂ ਨੂੰ ਵਧਾ ਕੇ ਪੇਸ਼ ਕੀਤਾ ਜਾਂਦਾ ਸੀ, ਜਿਵੇਂ :
ਘੋੜਾ ਦਿੱਤਾ ਹੈ ਸਰਦਾਰ,
ਕਰਦਾ ਵਡੀ ਮਾਰੋ ਮਾਰ।
ਬਾਰਾਂ ਕੋਹਾਂ ਤੇ ਪਹੁੰਚਾਵੇ,
ਲਾਏ ਕੇਵਲ ਦਿਨ ਹੈ ਚਾਰ।
ਘੋੜਾ ਦਿੱਤਾ ਹੈ ਸਰਦਾਰ।
ਪਰ ਇੱਥੇ ਹੀ ਬਸ ਨਹੀਂ ਵਡੇ ਵਡੇਰੇ ਹੀ ਪੁਣ ਦਿੱਤੇ ਹਨ, ਜਿਵੇਂ :
ਖਾਨਦਾਨ ਦੀ ਕਥਾ ਨਾ ਪੜ੍ਹ,
ਮਾਂ ਅਕਰੂੜੀ ਪਿਉ ਤਾਂਦਲਾ,
ਪੁਤਰ ਕੇਸਰ ਦੀ ਹੈ ਜੜ੍ਹ।
ਖਾਨਦਾਨ ਦੀ ਸਿਫ਼ਤ ਨਾ ਕਰ।
ਇਸ ਤਰ੍ਹਾਂ ਵਿਅੰਗ ਸਿੱਠ ਦਾ ਖਾਸ ਅੰਗ ਹੈ।
‘ਫ਼ਾਰਸੀ ਅਤੇ ਉਰਦੂ ਵਿਚ ਇਸੇ ਨੂੰ ਹਜਵ’ (ਵੇਖੋ) ਕਹਿਦੇ ਹਨ। ਉਰਦੂ ਸ਼ਾਇਰ ‘ਸੌਦਾ’ ਹਜਵ ਲਿਖਣ ਲਈ ਖ਼ਾਸ ਤੌਰ ਤੇ ਪ੍ਰਸਿੱਧ ਹਨ। ਹਜਵ ਕੇਵਲ ਮਖੌਲ ਉਡਾਉਣ ਲਈ ਨਹੀਂ ਲਿਖੀ ਜਾਂਦੀ, ਸਗੋਂ ਜਿਹੜਾ ਕੰਮ ਸਿਖਿਆਦਾਇਕ ਕਾਵਿ ਨਾਲ ਨਹੀਂ ਹੋ ਸਕਦਾ, ਹਜਵ ਨਾਲ ਹੋ ਜਾਂਦਾ ਹੈ।
ਸਿੱਠਣੀਆਂ ਕੇਵਲ ਇਸਤ੍ਰੀਆਂ ਦੇ ਗੀਤ ਹਨ ਜੋ ਵਿਆਹਾਂ ਸਮੇਂ ਲਾੜੇ ਤੇ ਜਾਂਞੀਆਂ ਨਾਲ ਮਖੌਲ ਕਰਨ ਲਈ ਗਾਏ ਜਾਂਦੇ ਹਨ। ਜੰਞ ਨਾਲ ਤੀਵੀਆਂ ਬਹੁਤ ਹੋਣ ਤਾਂ ਸੁਣੋ :
ਸੁਣ ਅਵਤਾਰ ਸਿੰਘ ਸਰਦਾਰ
ਤੂੰ ਤੇ ਮਾਂ ਨੂੰ ਨਹੀਂ ਲਿਆਇਆ,
ਉਹ ਤੇ ਮਾਣੇ ਦੀ ਕੁੜੀ।
(ਤੇ ਆਪ ਹੀ ਜਵਾਬ ਦਿੰਦੀਆਂ ਹਨ)
ਮੈਂ ਮਾਂ ਨੂੰ ਕਿਵੇਂ ਲਿਆਵਾਂ
ਉਹ ਨੂੰ ਜੰਮੀ ਸੀ ਕੁੜੀ।
ਹੋਰ
ਕਿਉਂ ਭਾਈ ਤੂੰ ਜੈ ਸਿੰਘ ਹੋ ?
ਹਾਂ ਭਾਈ ਮੈਂ ਜੈ ਸਿੰਘ ਹਾਂ।
ਕਿੱਲੀ ਉੱਤੇ ਛੱਜ
ਤੂੰ ਝੱਝਾ ਦਾਹੜਾ ਕੱਜ।
ਸਾਡੀ ਚੰਬੇ ਦੀ ਕਾਲੀ,
ਕੋਈ ਹੂਰ ਜਾਂ ਪਰੀ।
ਸਿੱਠਣੀਆਂ ਦਾ ਮਨਸ਼ਾ ਕੇਵਲ ਹਾਸਾ ਮਖੋਲ ਹੈ, ਹੋਰ ਕੁਝ ਨਹੀਂ। ਕਈ ਵਾਰ ਜਦ ਇਸਤ੍ਰੀਆਂ ਗੀਤਾਂ ਵਿਚ ਗਾਲ੍ਹਾਂ ਮਿਲਾਕੇ ਗਾਉਂਦੀਆਂ ਹਨ ਤਾਂ ਹਾਸੇ ਦਾ ਮੜਾਸਾ ਵੀ ਬਣਾ ਜਾਂਦਾ ਹੈ।
[ਸਹਾ. ਗ੍ਰੰਥ––ਮ.ਕੋ.; ਪ੍ਰੋ. ਕਰਤਾਰ ਸਿੰਘ : ‘ਪੰਜਾਬੀ ਪਿੰਗਲ’]
ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7328, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-07, ਹਵਾਲੇ/ਟਿੱਪਣੀਆਂ: no
ਸਿੱਠਣੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸਿੱਠਣੀ : ਇਹ ਭਾਰਤ ਦੇ ਲੋਕ ਗੀਤਾਂ ਦੀ ਇਕ ਕਿਸਮ ਹੈ ਜੋ ਲੋਕ ਸਾਹਿਤ ਵਿਚ ਵਿਅੰਗ ਭਰਪੂਰ ਕਵਿਤਾ ਹੈ। ਇਹ ਖੁਸ਼ੀ ਦੇ ਮੌਕਿਆਂ ਤੇ ਆਏ ਪ੍ਰਾਹੁਣਿਆਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੇ ਔਗੁਣਾਂ ਤੋਂ ਪਰਦਾ ਉਠਾਉਣ ਲਈ ਕਹੀ ਜਾਂਦੀ ਹੈ। ਜਿਥੇ ਸੁਹਾਗ, ਘੋੜੀਆਂ ਆਦਿ ਵਿਚ ਇਸਤਰੀ ਦੀਆਂ ਖੁਸ਼ੀਆਂ ਤੇ ਗਮੀਆਂ ਦੀ ਲਾਲਸਾ ਹੈ ਅਤੇ ਉਹ ਨਿਮਰਤਾ ਨਾਲ ਆਪਣੇ ਮਨ ਦੀਆਂ ਮੰਗਾਂ ਤੇ ਸਧਰਾਂ ਬਿਆਨਦੀ ਹੈ ਉਥੇ ਇਸ ਦੇ ਉਲਟ ਸਿੱਠਣੀਆਂ ਰਾਹੀਂ ਇਸਤਰੀਆਂ ਆਪਣੀ ਸੱਸ, ਨਨਾਣ, ਸਹੁਰੇ, ਜੇਠ, ਦਿਓਰ ਤੇ ਹੋਰ ਸਬੰਧੀਆਂ ਪ੍ਰਤੀ ਆਪਣੇ ਮਨ ਦੀ ਕੁੜਾਸ ਨੂੰ ਵਿਅੰਗ ਭਰੇ ਗੀਤਾਂ ਰਾਹੀਂ ਪ੍ਰਗਟਾਉਂਦੀਆਂ ਹਨ।
ਸਿੱਠਣੀਆਂ ਦੇਣ ਦਾ ਰਿਵਾਜ ਕਦੋਂ ਸ਼ੁਰੂ ਹੋਇਆ ਤੇ ਕਿਸ ਨੇ ਸ਼ੁਰੂ ਕੀਤਾ, ਇਸ ਬਾਰੇ ਸਾਹਿਤ ਦੇ ਇਤਿਹਾਸ ਵਿਚ ਕੋਈ ਸੰਕੇਤ ਨਹੀਂ ਮਿਲਦਾ ਪਰ ਇਹ ਜ਼ਰੂਰ ਸਿੱਧ ਹੁੰਦਾ ਹੈ ਕਿ ਇਹ ਰਿਵਾਜ ਬਹੁਤ ਪੁਰਾਣਾ ਹੈ। ਸ਼ਿਵ ਪੁਰਾਣ ਅਨੁਸਾਰ ਸ਼ਿਵ ਜੀ ਦੇ ਵਿਆਹ ਤੇ ਸਿੱਠਣੀਆਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਮੇਂ ਵੀ ਸਿੱਠਣੀਆਂ ਦਿੱਤੀਆਂ ਗਈਆਂ ਸਨ। ਇਸ ਤਰ੍ਹਾਂ ਸਮਾਂ ਪਾ ਕੇ ਰਸਮੀ ਗੀਤਾਂ ਵਾਂਗ ਸਿੱਠਣੀਆਂ ਵੀ ਵਿਆਹ ਸਮੇਂ ਗਾਏ ਜਾਣ ਵਾਲੇ ਗੀਤਾਂ ਦਾ ਇਕ ਜ਼ਰੂਰੀ ਹਿੱਸਾ ਬਣ ਗਈਆਂ।
ਵਿਆਹ ਦਾ ਸਾਹਾ ਨਿਕਲਣ ਤੋਂ ਬਾਅਦ ਦਿਨ ਮਿਥਿਆ ਜਾਂਦਾ ਹੈ ਤੇ ਸੁਹਾਗ ਤੇ ਘੋੜਿਆਂ ਗਾਈਆਂ ਜਾਂਦੀਆਂ ਹਨ। ਨਾਨਕਾ ਮੇਲ ਆਉਣ ਤੇ ਉਹ ਪਿੰਡ ਦੇ ਨਜ਼ਦੀਕ ਪਹੁੰਚਦੀਆਂ ਹੀ ਸਿੱਠਣੀਆਂ ਦੇ ਕੇ ਆਪਣੇ ਆਉਣ ਦੀ ਖ਼ਬਰ ਦੇਂਦੀਆਂ ਹਨ। ਵਿਆਹ ਵਾਲੇ ਘਰ ਪਹੁੰਚਣ ਤੇ ਦਾਦਕਾ ਮੇਲ ਦੀਆਂ ਇਸਤਰੀਆਂ ਨਾਨਕਾ ਮੇਲ ਨੂੰ ਜੁਆਬੀ ਸਿੱਠਣੀਆਂ ਦੇਂਦੀਆਂ ਹਨ। ਇਸ ਤਰ੍ਹਾਂ ਕੁਝ ਚਿਰ ਸੁਗਲ ਹੁੰਦਾ ਰਹਿੰਦਾ ਹੈ। ਇਸ ਸਮੇਂ ਦਿੱਤੀਆਂ ਜਾਂਦੀਆਂ ਸਿੱਠਣੀਆਂ ਦੇ ਕੁਝ ਨਮੂਨੇ ਇਸ ਪ੍ਰਕਾਰ ਹਨ :––
ਕਿੱਧਰ ਉੱਧਲ ਗਈਆਂ ਵੇ ਲਾੜਿਆਂ, ਤੇਰੀਆਂ ਦਾਦਕੀਆਂ ?
ਚੂਹੜੇ ਛੱਡ ਚਮਿਆਰਾਂ ਦੇ ਗਈਆਂ ਵੇ ਲਾੜਿਆ,
ਤੇਰੀਆਂ ਦਾਦਕੀਆਂ।
ਪੀਤੀ ਸੀ ਪਿੱਛ ਜੰਮੇ ਸੀ ਰਿੱਛ,
ਉਹ ਤਾਂ ਰਿੱਛ ਖਿਡਾਵਣ ਗਈਆਂ ਵੇ ਲਾੜਿਆ ਤੇਰੀਆਂ ਦਾਦਕੀਆਂ।
…………………….
ਜੁਆਬ ਵਿਚ ਦਾਦਕੇ ਮੇਲ ਦੀਆਂ ਇਸਤਰੀਆਂ ਕਹਿੰਦੀਆਂ ਹਨ :––
ਨੀ ਮੈਂ ਤਾਂ ਹੁਣ ਦੇਖਿਆ ਬਾਰੀ ਦੇ ਓਹਲੇ ਵਜ਼ੀਰ ਖੜਾ,
ਨੀ ਮੈਂ ਤਾਂ ਹੁਣ ਸੁਣਿਆਂ ਲਾੜੇ ਦੀ ਮਾਮੀ ਦਾ ਯਾਰ ਖੜਾ।
ਨੀ ਮੁਨਿਆਰ ਤੇਰਾ ਯਾਰ ਤੇ ਸੁਨਿਆਰ ਤੇਰਾ ਯਾਰ,
ਨੀ ਮੁਨਿਆਰ ਲਿਆਵੇ ਚੂੜੀਆਂ ਸੁਨਿਆਰ ਲਿਆਵੇ ਹਾਰ।
…………………..
ਇਸ ਪ੍ਰਕਾਰ ਸਿੱਠਣੀਆਂ ਜੀਜਿਆਂ ਤੇ ਵਿਆਹ ਵਿਚ ਆਏ ਹੋਰ ਪਰਾਹੁਣਿਆਂ ਨੂੰ ਵੀ ਦਿੱਤੀਆਂ ਜਾਂਦੀਆਂ ਹਨ ਪਰ ਸਿੱਠਣੀਆਂ ਸਿਰਫ ਔਰਤਾਂ ਹੀ ਦਿੰਦੀਆਂ ਹਨ ਤੇ ਇਹ ਮਰਦਾਂ ਤੇ ਇਸਤਰੀਆਂ ਦੋਹਾਂ ਨੂੰ ਦਿੱਤੀਆਂ ਜਾਂਦੀ ਹਨ। ਸਿਠਣੀਆਂ ਜ਼ਿਆਦਾ ਕਰਕੇ ਨੂੰਹਾਂ ਨੂੰ ਵੀ ਦਿੰਦੇ ਹਨ।
ਜੰਜ ਆਉਣ ਤੇ ਫਿਰ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ। ਇਹ ਇਕ ਤਰ੍ਹਾਂ ਦਾ ਜੰਜ ਵਾਲਿਆਂ ਤੇ ਕੁੜੀ ਵਿਆਹ ਕੇ ਲੈ ਜਾਣ ਦਾ ਰੋਸਾ ਹੈ, ਜਿਹੜਾ ਚੁਭਵੇਂ ਮਖੌਲਾਂ ਤੇ ਤਾਹਨਿਆਂ ਰਾਹੀਂ ਕਢਿਆ ਜਾਂਦਾ ਹੈ। ਇਸ ਵਿਚ ਲਾੜੇ ਨੂੰ ਉਸ ਦੀ ਭੈਣਾਂ, ਮਾਂ, ਚਾਚੀਆਂ, ਤਾਈਆਂ, ਪਿਓ, ਚਾਚੇ ਤੇ ਹੋਰ ਸਬੰਧੀਆਂ ਸਮੇਤ ਸਿੱਠਿਆ ਜਾਂਦਾ ਹੈ, ਜਿਵੇਂ :
ਲਾੜਾ ਵਿਚਾਰਾ ਚੂਲੀ ਕਰੇਂਦਾ ਸਿਰ ਗੜਵੇ ਵਿਚ ਫਸਿਆ,
ਜੀ ਚਲ ਫਸਿਆ ਰਹਿਣ ਦੇ,
ਨਵਾਂ ਜ਼ਮਾਨਾ ਚਲਿਆ ਜੀ ਚਲ ਚਲਿਆ ਰਹਿਣ ਦੇ,
ਕੁੜੀ ਤਾਂ ਸਾਡੀ ਤਿੱਲੇ ਦੀ ਤਾਰ ਏ,
ਮੁੰਡਾ ਤਾਂ ਦਿਸਦਾ ਕੋਈ ਘੁਮਿਆਰ ਏ,
ਜੋੜੀ ਤਾਂ ਫੱਬਦੀ ਨਹੀਂ…………………।
ਭੈਣਾਂ ਨੂੰ :
ਸਾਡੇ ਵਿਹੜੇ ਮਾਂਦਰੀ,
ਲਾੜੇ ਦੀ ਭੈਣ ਬਾਂਦਰੀ।
ਪਿਓ ਨੂੰ :
ਸਾਡੇ ਤਾਂ ਵਿਹੜੇ ਤਾਣਾ ਤਣੀਦਾ,
ਲਾੜੇ ਦਾ ਪਿਓ ਤਾਂ ਕਾਣਾ ਸੁਣੀਦਾ।
………………….
ਲਾੜੇ ਦੀ ਮਾਂ ਨੂੰ :
ਦਿਲ ਮੰਗਦਾ ਦਹੀਂ ਅਖਰੋਟ ਕੁੜੇ,
ਕੁੜਮ ਤਾਂ ਹੈਗਾ ਪਤਲਾ ਜਿਹਾ, ਜੋਰੂ ਹੋ ਗਈ ਤੋਪ ਕੁੜੇ,
ਮਰਹਟੇ ਵਾਲੀ ਤੋਪ ਕੁੜੇ, ਭੰਗੀਆਂ ਵਾਲੀ ਤੋਪ ਕੁੜੇ।
ਛੜੇ ਜਾਂਜੀਆਂ ਨੂੰ :
ਭੈੜੇ ਭੈੜੇ ਤੁਸੀਂ ਕਰਦੇ ਓ ਕਾਰੇ,
ਇੰਨ੍ਹੀਂ ਕਰਤੂਤੀਂ ਤੁਸੀਂ ਰਹੇ ਕੁਆਰੇ,
ਕਰਤੂਤ ਤੇ ਛੁਪਦੀ ਨਹੀਂ।
ਇਸ ਤਰ੍ਹਾਂ ਜਾਂਜੀਆਂ ਨੂੰ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ। ਵਿਆਹ ਉਪਰੰਤ ਮੇਲ ਦੇ ਵਾਪਸ ਜਾਣ ਤੇ ਫਿਰ ਰਿਸ਼ਤੇਦਾਰਾਂ ਨੂੰ ਸਿੱਠਣੀਆਂ ਤੇ ਹੋਰ ਗੀਤਾਂ ਨਾਲ ਵਿਦਾ ਕੀਤਾ ਜਾਂਦਾ ਹੈ
ਅਜ ਕਲ ਸਿੱਠਣੀਆਂ ਦਾ ਰਿਵਾਜ ਬਹੁਤ ਘਟ ਗਿਆ ਹੈ।
ਹ. ਪੁ.––ਪੰਜਾਬ ਦੀ ਆਵਾਜ਼––ਅੰਮ੍ਰਿਤਾ ਪ੍ਰੀਤਮ; ਪੰਜਾਬ ਦੇ ਲੋਕ ਗੀਤ––ਮਹਿੰਦਰ ਸਿੰਘ ਰੰਧਾਵਾ; ਸੁਲਤਾਨ ਪੁਰ ਲੋਧੀ ਸਰਵੇ ਪੁਸਤਕ––ਭਾਸ਼ਾ ਵਿਭਾਗ, ਪੰਜਾਬ; ਪੰਜਾਬ ਦੇ ਗੀਤ-ਹਰਭਜਨ ਸਿੰਘ ਗਿਆਨੀ; ਪੰਜਾਬਣਾਂ ਦੇ ਰੰਗੀਲੇ ਗੀਤ––ਐਮ. ਐਸ. ਗਿਆਨੀ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7326, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-14, ਹਵਾਲੇ/ਟਿੱਪਣੀਆਂ: no
ਸਿੱਠਣੀ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਿੱਠਣੀ : ਪੰਜਾਬ ਦੇ ਲੋਕ ਗੀਤਾਂ ਦੀ ਇਕ ਕਿਸਮ ਹੈ ਜੋ ਲੋਕ ਸਾਹਿਤ ਵਿਚ ਵਿਅੰਗ ਭਰਪੂਰ ਕਵਿਤਾ ਹੈ। ਇਸ ਦਾ ਸ਼ਾਬਦਿਕ ਅਰਥ ਅਯੋਗ ਬਚਨ ਜਾਂ ਭੰਡੀ ਭਰੇ ਬੋਲ ਹਨ। ਇਹ ਖੁਸ਼ੀ ਦੇ ਮੌਕਿਆਂ ਤੇ ਆਏ ਪ੍ਰਾਹੁਣਿਆਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੇ ਔਗੁਣਾਂ ਤੋਂ ਪਰਦਾ ਉਠਾਉਣ ਲਈ ਕਹੀ ਜਾਂਦੀ ਹੈ। ਸੁਹਾਗ ਅਤੇ ਘੋੜੀਆਂ ਆਦਿ ਵਿਚ ਜਿਥੇ ਇਸਤਰੀ ਦੀਆਂ ਖੁਸ਼ੀਆਂ ਤੇ ਗਮੀਆਂ ਦੀ ਲਾਲਸਾ ਹੈ ਅਤੇ ਉਹ ਨਿਮਰਤਾ ਨਾਲ ਆਪਣੇ ਮਨ ਦੀਆਂ ਮੰਗਾਂ ਤੇ ਸਧਰਾਂ ਬਿਆਨਦੀ ਹੈ ਉਥੇ ਇਸ ਦੇ ਉਲਟ ਸਿੱਠਣੀਆਂ ਰਾਹੀਂ ਇਸਤਰੀਆਂ ਆਪਣੀ ਸੱਸ, ਨਨਾਣ, ਸਹੁਰੇ, ਜੇਠ, ਦਿਓਰ ਤੇ ਹੋਰ ਸਬੰਧੀਆਂ ਪ੍ਰਤੀ ਆਪਣੇ ਮਨ ਦੀ ਕੁੜਿੱਤਣ ਨੂੰ ਵਿਅੰਗ ਭਰੇ ਗੀਤਾਂ ਰਾਹੀਂ ਪ੍ਰਗਟਾਉਂਦੀਆਂ ਹਨ।
ਸਿੱਠਣੀਆਂ ਦੇਣ ਦਾ ਰਿਵਾਜ਼ ਕਦੋਂ ਸ਼ੁਰੂ ਹੋਇਆ ਅਤੇ ਕਿਸ ਨੇ ਸ਼ੁਰੂ ਕੀਤਾ, ਇਸ ਬਾਰੇ ਸਾਹਿਤ ਦੇ ਇਤਿਹਾਸ ਵਿਚ ਕੋਈ ਸੰਕੇਤ ਨਹੀਂ ਮਿਲਦਾ ਪਰ ਇਹ ਜ਼ਰੂਰ ਸਿੱਧ ਹੁੰਦਾ ਹੈ ਕਿਹ ਇਹ ਰਿਵਾਜ ਬਹੁਤ ਪੁਰਾਣਾ ਹੈ। ਸ਼ਿਵ ਪੁਰਾਣ ਅਨੁਸਾਰ ਸ਼ਿਵ ਜੀ ਦੇ ਵਿਆਹ ਤੇ ਸਿੱਠਣੀਆਂ ਦਿੱਤੀਆਂ ਗਈਆਂ ਸਨ। ਸਮਾਂ ਪਾ ਕੇ ਹੋਰ ਰਸਮੀ ਗੀਤਾ ਵਾਂਗ ਸਿੱਠਣੀਆਂ ਵੀ ਵਿਆਹ ਸਮੇਂ ਗਾਏ ਜਾਣ ਵਾਲੇ ਗੀਤਾਂ ਦਾ ਇਕ ਜ਼ਰੂਰੀ ਹਿੱਸਾ ਬਣ ਗਈਆਂ।
ਵਿਆਹ ਦਾ ਸਾਹਾ ਨਿਕਲਣ ਤੋਂ ਬਾਅਦ ਦਿਨ ਮਿਥਿਆ ਜਾਂਦਾ ਹੈ ਅਤੇ ਸੁਹਾਗ ਤੇ ਘੋੜੀਆਂ ਗਾਈਆਂ ਜਾਂਦੀਆਂ ਹਨ। ਨਾਨਕਾ ਮੇਲ ਪਿੰਡ ਦੀ ਜੂਹ ਵਿਚ ਪਹੁੰਚਦਿਆਂ ਹੀ ਸਿੱਠਣੀਆਂ ਦੇ ਕੇ ਆਪਣੇ ਆਉਣ ਦੀ ਖ਼ਬਰ ਦਿੰਦਾ ਹੈ। ਵਿਆਹ ਵਾਲੇ ਘਰ ਪਹੁੰਚਣ ਤੇ ਦਾਦਕੇ ਮੇਲ ਦੀਆਂ ਇਸਤਰੀਆਂ ਨਾਨਕੇ ਮੇਲ ਨੂੰ ਜੁਆਬੀ ਸਿੱਠਣੀਆਂ ਦਿੰਦੀਆਂ ਹਨ। ਇਸ ਤਰ੍ਹਾਂ ਕੁਝ ਚਿਰ ਸ਼ੁਗਲ ਹੁੰਦਾ ਰਹਿੰਦਾ ਹੈ। ਇਸ ਸਮੇਂ ਦਿੱਤੀਆਂ ਜਾਂਦੀਆਂ ਸਿੱਠਣੀਆਂ ਦੇ ਕੁਝ ਨਮੂਨੇ ਇਸ ਪ੍ਰਕਾਰ ਹਨ:–
ਕਿਧਰ ਉੱਧਲ ਗਈਆਂ ਵੇ ਲਾੜਿਆਂ ਤੇਰੀਆਂ ਦਾਦਕੀਆਂ ?
ਪੀਤੀ ਸੀ ਪਿੱਛ ਜੰਮੇ ਸੀ ਰਿੱਛ,
ਉਹ ਤਾਂ ਰਿੱਛ ਖਿਡਾਵਣ ਗਈਆਂ ਤੇ ਲਾੜਿਆਂ ਤੇਰੀਆਂ ਦਾਦਕੀਆਂ।
ਜੁਆਬ ਵਿਚ ਦਾਦਕੇ ਮੇਲ ਦੀਆਂ ਇਸਤਰੀਆਂ ਕਹਿੰਦੀਆਂ ਹਨ –
ਨੀ ਮੈਂ ਤਾਂ ਹੁਣ ਦੇਖਿਆ ਬਾਰੀ ਦੇ ਓਹਲੇ ਵਜ਼ੀਰ ਖੜ੍ਹਾ।
ਨੀ ਮੈਂ ਤਾਂ ਹੁਣ ਸੁਣਿਆਂ ਲਾੜੇ ਦੀ ਮਾਮੀ ਦਾ ਯਾਰ ਖੜ੍ਹਾ।
ਨੀ ਮੁਨਿਆਰ ਤੇਰਾ ਯਾਰ ਤੇ ਸੁਨਿਆਰ ਤੇਰਾ ਯਾਰ,
ਨੀ ਮੁਨਿਆਰ ਲਿਆਵੇ ਚੂੜੀਆਂ, ਸੁਨਿਆਰ ਲਿਆਵੇ ਹਾਰ।
ਇਸ ਪ੍ਰਕਾਰ ਸਿੱਠਣੀਆਂ ਜੀਜਿਆਂ ਅਤੇ ਵਿਆਹ ਵਿਚ ਆਏ ਹੋਰ ਪਰਾਹਣਿਆਂ ਨੂੰ ਵੀ ਦਿੱਤੀਆਂ ਜਾਂਦੀਆਂ ਹਨ ਪਰ ਸਿੱਠਣੀਆਂ ਸਿਰਫ ਔਰਤਾਂ ਹੀ ਦਿੰਦੀਆਂ ਹਨ ਤੇ ਇਹ ਮਰਦਾਂ ਅਤੇ ਇਸਤਰੀਆਂ ਦੋਹਾਂ ਨੂੰ ਦਿੱਤੀਆਂ ਜਾਂਦੀਆਂ ਹਨ। ਸਿੱਠਦੀਆਂ ਜ਼ਿਆਦਾ ਕਰ ਕੇ ਨੂੰਹਾਂ ਨੂੰ ਹੀ ਦਿੰਦੇ ਹਨ।
ਬਰਾਤ ਆਉਣ ਤੇ ਫਿਰ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ। ਇਹ ਇਕ ਤਰ੍ਹਾਂ ਦਾ ਬਰਾਤ ਵਾਲਿਆਂ ਉੱਤੇ ਕੁੜੀ ਵਿਆਹ ਕੇ ਲੈ ਜਾਣ ਦਾ ਰੋਸਾ ਹੈ। ਜਿਹੜਾ ਚੁਭਵੇ ਮਖੌਲਾਂ ਤੇ ਤਾਹਨਿਆਂ ਰਾਹੀਂ ਕਢਿਆ ਜਾਂਦਾ ਹੈ।ਇਸ ਵਿਚ ਲਾੜੇ ਨੂੰ ਉਸ ਦੀਆਂ ਭੈਣਾਂ, ਮਾਂ, ਚਾਚੀਆਂ, ਤਾਈਆਂ, ਪਿਓ, ਚਾਚੇ ਤੇ ਹੋਰ ਸਬੰਧੀਆਂ ਸਮੇਤ ਸਿੱਠਿਆ ਜਾਂਦਾ ਹੈ , ਜਿਵੇ:
ਲਾੜਾ ਵਿਚਾਰਾ ਚੂਲੀ ਕਰੇਂਦਾ ਸਿਰ ਗੜਵੇ ਵਿਚ ਫਸਿਆ,
ਜੀ ਚਲ ਫਸਿਆ ਰਹਿਣ ਦੇ,
ਨਵਾਂ ਜਮਾਨਾ ਚਲਿਆ ਜੀ, ਚਲ ਚਲਿਆ ਰਹਿਣ ਦੇ,
ਕੁੜੀ ਤਾਂ ਸਾਡੀ ਤਿੱਲੇ ਦੀ ਤਾਰ ਏ,
ਮੁੰਡਾ ਤਾਂ ਦਿਸਦਾ ਕੋਈ ਘੁਮਿਆਰ ਏ,
ਜੋੜੀ ਤਾਂ ਫੱਬਦੀ ਨਹੀਂ।
ਭੈਣਾਂ ਨੂੰ :
ਸਾਡੇ ਵਿਹੜੇ ਮਾਂਦਰੀ,
ਲਾੜੇ ਦੀ ਭੈਣ ਬਾਂਦਰੀ।
ਪਿਉ ਨੂੰ :
ਸਾਡੇ ਤਾਂ ਵਿਹੜੇ ਤਾਣਾ ਤਣੀਂਦਾ,
ਲਾੜੇ ਦਾ ਪਿਓ ਤਾਂ ਕਾਣਾ ਸੁਣੀਂਦਾ।
ਲਾੜੇ ਦੀ ਮਾਂ ਨੂੰ
ਦਿਲ ਮੰਗਦਾ ਦਹੀਂ ਅਖਰੋਟ ਕੁੜੇ,
ਕੁੜਮ ਤਾਂ ਹੈਗਾ ਪਤਲਾ ਜਿਹਾ, ਜੋਰੂ ਹੋ ਗਈ ਤੋਪ ਕੁੜੇ,
ਮਰਹਟੇ ਵਾਲੀ ਤੋਪ ਕੁੜੇ, ਭੰਗੀਆਂ ਵਾਲੀ ਤੋਪ ਕੁੜੇ।
ਛੜੇ ਬਰਾਤੀਆਂ ਨੂੰ :
ਭੈੜੇ ਭੈੜੇ ਤੁਸੀਂ ਕਰਦੇ ਓ ਕਾਰੇ
ਇਨ੍ਹੀਂ ਕਰਤੂਤੀ ਤੁਸੀਂ ਰਹੇ ਕੁਆਰੇ,
ਕਰਤੂਤ ਤੇ ਛੁਪਦੀ ਨਹੀਂ।
ਇਸ ਤਰ੍ਹਾਂ ਬਰਾਤੀਆਂ ਨੂੰ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ। ਵਿਆਹ ਉਪਰੰਤ ਮੇਲ ਦੇ ਵਾਪਸ ਜਾਣ ਤੇ ਰਿਸ਼ਤੇਦਾਰਾਂ ਨੂੰ ਸਿੱਠਣੀਆਂ ਤੇ ਹੋਰ ਗੀਤਾਂ ਨਾਲ ਵਿਦਾ ਕੀਤਾ ਜਾਂਦਾ ਹੈ। ਅੱਜਕੱਲ੍ਹ ਸਿੱਠਣੀਆਂ ਦਾ ਰਿਵਾਜ ਬਹੁਤ ਘੱਟ ਗਿਆ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6410, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-17-02-52-51, ਹਵਾਲੇ/ਟਿੱਪਣੀਆਂ: ਹ. ਪੁ. –ਪੰਜਾਬ ਦੀ ਆਵਾਜ਼-ਅੰਮ੍ਰਿਤਾ ਪ੍ਰੀਤਮ; ਪੰ. ਲੋ. ਗੀ. – ਰੰਧਾਵਾ; ਸੁਲਤਾਨਪੁਰ ਲੋਧੀ ਸਰਵੇ ਪੁਸਤਕ ਭਾ. ਵਿ. ਪੰ. ਲੋ. ਵਿ. ਕੋ. 3 : 655
ਸਿੱਠਣੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਿੱਠਣੀ, ਇਸਤਰੀ ਲਿੰਗ : ਇਸਤਰੀਆਂ ਦਾ ਵਿਆਹਾਂ ਸ਼ਾਦੀਆਂ ਸਮੇਂ ਕੁੜਮਾਂ ਨੂੰ ਸੁਣਾ ਕੇ ਗਾਇਆ ਗੀਤ ਜਿਸ ਵਿੱਚ ਉਨ੍ਹਾਂ ਦਾ ਮਖੌਲ ਉਡਾਇਆ ਹੁੰਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3851, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-17-04-35-09, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First