ਸੂਫ਼ੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੂਫ਼ੀ (ਨਾਂ,ਪੁ) ਸੂਫ਼ ਦਾ ਲਿਬਾਸ ਧਾਰਨ ਕਰਨ ਵਾਲਾ; ਸੂਫ਼ੀ ਮੱਤ ਦਾ ਅਨੁਸਾਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6960, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੂਫ਼ੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੂਫ਼ੀ [ਨਾਂਪੁ] ਸੂਫ਼ੀਮੱਤ ਦਾ ਅਨੁਆਈ, ਰੱਬ ਨਾਲ਼ ਇੱਕ-ਮਿੱਕ ਹੋਇਆ ਮਨੁੱਖ, ਦਰਵੇਸ਼ , ਫ਼ਕੀਰ , ਵਲੀ, ਔਲੀਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੂਫ਼ੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੂਫ਼ੀ: ਇਸਲਾਮ ਦੇ ਅਧਿਆਤਮਵਾਦੀਆਂ ਨੂੰ ‘ਸੂਫ਼ੀ’ ਕਹਿੰਦੇ ਹਨ। ਸੂਫ਼ੀ ਸ਼ਬਦ ਕਿਵੇਂ ਤੇ ਕਿਸ ਧਾਤੂ ਤੋਂ ਬਣਿਆ, ਇਸ ਸੰਬੰਧੀ ਵਿਦਵਾਨਾਂ ਦੀਆਂ ਵੱਖ ਵੱਖ ਰਾਵਾਂ ਹਨ :

          (1) ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ‘ਸੂਫ਼ੀ’ ਸ਼ਬਦ ‘ਸਫ਼ਾ’ ਤੋਂ ਬਣਿਆ ਹੈ। ਸੁਫ਼ਾ ਦਾ ਅਰਥ ਹੈ ਚਬੂਤਰਾ। ਹਜ਼ਰਤ ਮੁਹੰਮਦ ਸਾਹਿਬ ਦੇ ਜੀਵਨ ਕਾਲ ਵਿਚ ਕੁਝ ਲੋਕ (ਜਿਨ੍ਹਾਂ ਦਾ ਘਰ ਘਾਟ ਨਹੀਂ ਸੀ, ਜਾਂ ਜੋ ਆਪਣਾ ਘਰ ਬਾਰ ਛੱਡ ਆਏ ਸਨ) ਮੱਕੇ ਦੀ ਮਸਜਿਦ ਤੋਂ ਬਾਹਰ ਸੁਫ਼ੇ ਤੇ ਹੀ ਬੈਠੇ ਰਹਿੰਦੇ ਸਨ। ਰਾਤ ਅਲ੍ਹਾ ਦੇ ਜ਼ਿਕਰ ਵਿਚ ਗੁਜ਼ਰਦੇ ਤੇ ਦਿਨੇ ਹਜ਼ਰਤ ਮੁਹੰਮਤ ਦੇ ਪੈਗ਼ਾਮ ਦਾ ਪ੍ਰਚਾਰ ਕਰਦੇ। ਇਸ ਲਈ ਕੁਝ ਦਰਵੇਸ਼ਾਂ ਦੇ ਨਜ਼ਦੀਕ ਸੂਫ਼ੀ ਉਹ ਹੈ ਜਿਸ ਪਾਸ ਕੁਝ ਨਹੀਂ ਹੈ ਅਤੇ ਜੇ ਹੈ ਤਾਂ ਉਹ ਖ਼ਰਚ ਕਰ ਦਿੰਦਾ ਹੈ। ਇਸ ਵਿਚਾਰ ਅਧੀਨ ਜੇ ਸੂਫ਼ੀ ਸ਼ਬਦ ਦਾ ਆਰੰਭ ‘ਸੁਫ਼ਾ’ ਤੋਂ ਮੰਨ ਲਿਆ ਜਾਏ ਤਾਂ ਸ਼ਬਦ ‘ਸੁਫ਼ੀ’ ਹੋਣਾ ਚਾਹੀਦਾ ਸੀ ‘ਸਫ਼ੀ’ ਨਹੀਂ।

          (2) ਕੁਝ ਹੋਰ ਚਿੰਤਕਾਂ ਦਾ ਵਿਚਾਰ ਹੈ ਕਿ ਇਹ ਸ਼ਬਦ ‘ਸਫ਼’ ਤੋਂ ਬਣਿਆ ਹੈ। ‘ਸਫ਼’ ਦੇ ਅਰਥ ਹਨ ‘ਕਤਰ’, ਭਾਵ ਪਹਿਲੀ ਕਤਾਰ ਵਿਚ ਨਮਾਜ਼ ਪੜ੍ਹਨ ਵਾਲੇ, ਸਭ ਤੋਂ ਵੱਧ ਰੱਬ ਵੱਲ ਖਿੱਚੇ, ਰੱਬ ਹਜ਼ੂਰੀ ਵਿਚ ਪਹਿਲੀ ਕਤਾਰ ਵਿਚ ਪਹੁੰਚਣ ਵਾਲੇ। ਇਸ ਤਰ੍ਹਾਂ ‘ਸਫ਼’ ਤੋਂ ਹੀ ਇਹ ਸ਼ਬਦ ‘ਸਫ਼ਵੀ’ ਬਣਦਾ ਹੈ, ਸੂਫੀ ਨਹੀਂ।

          (3) ਸਮੇਂ ਸਮੇਂ ਹੋਰ ਸੂਫ਼ੀ ਦਰਵੇਸ਼ਾਂ ਨੇ ਸੂਫ਼ੀ ਦੀ ਤਾਰੀਫ਼ ਇਸ ਤਰ੍ਹਾਂ ਕੀਤੀ ਹੈ :

                   (ੳ) ਸੂਫ਼ੀ ਉਹ ਹੈ ਜਿਸ ਦਾ ਦਿਲ ਰੱਬ ਵੱਲ ਸਾਫ਼ ਹੈ।

                   (ਅ) ਸਾਫ਼ ਦਿਲ ਤੇ ਪਵਿੱਤਰ ਕਰਮਾਂ ਦੇ ਕਾਰਣ ਸੂਫ਼ੀ ਇਸ ਨਾਂ ਨਾਲ ਪੁਕਾਰੇ ਜਾਂਦੇ ਹਨ।

                       ਜੇ ਸੂਫ਼ੀ ਸ਼ਬਦ ਦਾ ਮੂਲ ‘ ਸਫ਼ਾ’ ਮੰਨਿਆ ਜਾਏ ਤਾਂ ਸ਼ਬਦ ਦੀ ਠੀਕ ਸੂਰਤ ‘ਸਫ਼ਾਈ’

                      ਬਣਦੀ ਹੈ, ਸੂਫ਼ੀ ਨਹੀਂ।

          (4) ਸ਼ਿਪਲੇ ਦੁਆਰਾ ਸੰਪਾਦਿ ‘ਡਿਕਸ਼ਨਰੀ ਔਫ਼ ਵਰਡਜ਼’ ਵਿਚ ਬੜੀਆਂ ਜ਼ੋਰਦਾਰ ਦਲੀਲਾਂ ਰਾਹੀਂ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਸੂਫ਼ੀ ਸ਼ਬਦ ਯੂਨਾਨੀ ਸ਼ਬਦ ਸੋਫ਼ੀਆ ਤੋਂ ਬਣਿਆ ਹੈ। ਇਸ ਦੇ ਅਰਥ ਹਨ ਦਾਨਿਸ਼, ਅਕਲ, ਬੁੱਧੀ। ਪੱਛਮ ਦੇ ਹੋਰ ਵਿਦਵਾਨਾਂ ( ਨਿਕਲਸਨ ਤੇ ਬ੍ਰਾਊਨ ) ਦਾ ਵੀ ਇਹੀ ਮੱਤ ਹੈ। ਮਲਿਕੁਲ–ਸ਼ੁਅਰਾ–ਬਹਾਰ ਵੀ ਇਸ ਦੀ ਪੁਸ਼ਟੀ ਕਰਦਾ ਹੈ। ਪਰ ਇਸ ਸਿਧਾਂਤ ਦੇ ਮੰਨਣ ਵਿਚ ਇਕ ਵੱਡੀ ਰੁਕਵਾਟ ਹੈ। ਅਰਬੀ ਭਾਸ਼ਾ ਅਨੁਸਾਰ ਯੂਨਾਨ ਦੇ ਅੱਖਰ ‘ਸ’ ਦੀ ਆਵਾਜ਼ ‘ਸੀਨ’ ਰਾਹੀਂ ਪ੍ਰਗਟ ਕੀਤੀ ਜਾਂਦੀ ਹੈ। ਯੂਨਾਨੀ ਦੇ ਕਈ ਹੋਰ ਸ਼ਬਦਾਂ ਵਿਚ ਇਹੀ ਅੱਖਰ ਵਰਤਿਆ ਗਿਆ ਹੈ। ਪਰ ਅਰਬੀ ਫ਼ਾਰਸੀ ਵਿਚ ਸੂਫ਼ੀ ਸਦਾ ‘ਸੁਆਦ’ ਨਾਲ ਲਿਖਿਆ ਜਾਂਦਾ ਹੈ ਅਤੇ ਇਸ ਦਾ ਜਵਾਬ ਸ਼ਿਪਲੇ ਜਾਂ ਇਸ ਤਰ੍ਹਾਂ ਹੋਰ ਸੋਚਣ ਵਾਲਿਆਂ ਪਾਸ ਨਹੀਂ ਹੈ। ਫਿਰ ‘ਸੋਫ਼ੀਆ’ ਤੋਂ ਸੋਫ਼ੀ  ਬਣਦਾ ਹੈ, ਸੂਫ਼ੀ ਨਹੀਂ।

          (5) ਅੱਜ ਦੀ ਪ੍ਰਵਾਣਿਤ ਰਾਏ ਇਹ ਹੈ ਕਿ ਸੂਫ਼ੀ ਸ਼ਬਦ ‘ਸੂਫ਼’ ਤੋਂ ਨਿਕਲਿਆ ਹੈ। ਸੂਫ਼ ਦੇ ਅਰਥ ਹਨ, ਊਨੀ ਮੋਟਾ ਕੱਪੜਾ। ਦਰਵੇਸ਼ ਲੋਕ ਆਮ ਤੌਰ ਪੁਰ ਇਹੀ ਕੱਪੜਾ ਪਹਿਨਦੇ ਹਨ। ਇਹ ਬਹੁਤੀ ਵਾਰ ਕਾਲੀ ਉੱਨ ਦਾ ਬਣਿਆ ਹੁੰਦਾ ਹੈ। ਸ਼ੇਖ਼ ਫ਼ਰੀਦ ਦਾ ਸਲੋਕ–‘ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ। ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਹਿ ਦਰਵੇਸ।’ ਵੀ ਇਸੇ ਤੱਥ ਦੀ ਪੁਸ਼ਟੀ ਕਰਦਾ ਹੈ। ਇਸ ਤਰ੍ਹਾਂ ਸੂਫ਼ੀ ਸ਼ਬਦ ‘ਸੂਫ਼’ ਤੋਂ ਨਿਕਲਿਆ ਹੀ ਸਿੱਧ ਹੁੰਦਾ ਹੈ। ਜਿਵੇਂ ਸੂਫ਼ੀ ਸ਼ਬਦ ਦੀ ਮੂਲ ਧਾਤੂ ਬਾਰੇ ਵੱਖ–ਵੱਖ ਵਿਚਾਰ ਹਨ, ਠੀਕ ਇਸੇ ਤਰ੍ਹਾਂ ਸੂਫ਼ੀਆਂ ਦੇ ਆਰੰਭ ਬਾਰੇ ਵਿਦਵਾਨਾਂ ਵਿਚ ਮੱਤਭੇਦ ਹਨ।

          ਸੂਫ਼ੀ ਲੋਕ ਆਪਣਾ ਸਿਲਸਿਲਾ ਹਜ਼ਰਤ ਅਲੀ (ਚੌਥੇ ਖ਼ਲੀਫ਼ੇ ) ਨਾਲ ਜੋੜਦੇ ਹਨ ਕਿਉਂਕਿ ਹਜ਼ਰਤ–ਅਲੀ ਦਰਵੇਸ਼ ਸੁਭਾਅ ਸਨ। ਇਸੇ ਤਰ੍ਹਾਂ ਇਹ ਲੋਕ ਆਪਣੇ ਕਲੰਦਰੀ ਵਿਚਾਰਾਂ ਨੂੰ ਹਜ਼ਰਤ ਮੁਹੰਮਦ ਦੇ ਬੋਲ ‘ਅਲਫ਼ਕਰ ਫ਼ਖਰੀ’ ( ਮੈਨ ਫ਼ਕੀਰੀ ਪਰ ਮਾਣ ਹੈ) ਨਾਲ ਜੋੜਦੇ ਹਨ ਅਤੇ ਹਜ਼ਰਤ ਮੁਹੰਮਦ ਨੂੰ ਹੀ ਪਹਿਲਾ ਸੂਫ਼ੀ ਮੰਨਦੇ ਹਨ। ਕੁਝ ਵੀ ਹੋਵੇ ਸੂਫ਼ੀ ਵਿਚਾਰਧਾਰਾ ਵੀ ਇਤਨੀ ਹੀ ਪੁਰਾਣੀ ਹੈ, ਜਿਤਨੀ ਇਸਲਾਮੀ ਜ਼ਿੰਦਗੀ।

          ਪਹਿਲੇ ਦੌਰ ਦੇ ਸੂਫ਼ੀਆਂ ਵਿਚ ਹਸਨ ਬਸਰੀ, ਰਾਬਿਆ ਤੇ ਇਮਾਮ ਜਾਫ਼ਿਰ ਸਾਦਿਕ ਆਦਿ ਦੇ ਨਾਂ ਲਏ ਜਾ ਸਕਦੇ ਹਨ। ਇਹ ਲੋਕ ਸਦਾ ਅਲ੍ਹਾ ਤਾਅਲਾ ਦੀ ਯਾਦ ਵਿਚ ਮਗਨ ਰਹਿੰਦੇ ਸਨ। ਇਕ ਵਾਰ ਰਾਬਿਆ ਨੂੰ ਕਿਸੇ ਪੁੱਛਿਆ, “ਤੂੰ ਕਦੇ ਹਜ਼ਰਤ ਮੁਹੰਮਤ ਨੂੰ ਵੀ ਯਾਦ ਕੀਤਾ ਹੈ? ” ਅਤੇ ਰਾਬਿਆ ਕਹਿਣ ਲੱਗੀ, “ਮੈਨੂੰ ਅਲ੍ਹਾ ਤਾਅਲਾ ਦੀ ਯਾਦ ਤੋਂ ਵਿਹਲ ਹੀ ਨਹੀਂ ਮਿਲਦੀ ਜੋ ਹੋਰ ਕਿਸੇ ਨੂੰ ਯਾਦ ਕਰਾਂ। ” ਸੂਫ਼ੀ ਵਿਚਾਰਧਾਰਾ ਨੂੰ ਤਸਵੁੱਫ਼ ਦਾ ਨਾਂ ਦਿੱਤਾ ਜਾਂਦਾ ਹੈ। ਇਹ ਤਸਵੁੱਫ਼ ਦਾ ਪਹਿਲਾ ਦੌਰ ਸੀ, ਪਰ ਤਸਵੁੱਫ਼ ਜਿਸ ਸੂਰਤ ਵਿਚ ਈਰਾਨ ਅੰਦਰ ਪ੍ਰਵਾਨ ਚੜ੍ਹਿਆ ਉਸ ਵਿਚ ਬਹੁਤ ਸਾਰੀਆਂ ਹੋਰ ਗੱਲਾਂ ਦਾ ਵਾਧਾ ਹੋ ਗਿਆ, ਜਿਵੇਂ ਉਨ੍ਹਾਂ ਦਿਨਾਂ ਵਿਚ ਯੂਨਾਨ ਦੇ ਨਵ–ਅਫ਼ਲਾਤੂਨੀ ਫ਼ਲਸਫ਼ੇ ਦਾ ਕਾਫ਼ੀ ਪ੍ਰਚਾਰ ਹੋ ਰਿਹਾ ਸੀ। ਸੂਫ਼ੀ ਵਿਚਾਰਵਾਨਾਂ ਤੇ ਵੀ ਇਸ ਦਾ ਪ੍ਰਭਾਵ ਪਿਆ ਤੇ ਉਨ੍ਹਾਂ ਨੇ ਕਈ ਵਿਚਾਰ ਆਪਣਾ ਲਏ, ਨਿਕਲਸਨ ਇਸੇ ਵਿਚਾਰ ਦੇ ਹਾਮੀ ਹਨ।

          ਕੁਝ ਵਿਦਵਾਨਾਂ ਦਾ ਮੱਤ ਹੈ ਕਿ ਤਸਵੁੱਫ਼ ਉੱਤੇ ਬੁੱਧ ਮੱਤ ਅਤੇ ਵੇਵਾਂਤ ਦਾ ਵੀ ਅਸਰ ਹੋਇਆ । ਇਸ ਵਿਚ ਰਿਆਜ਼ਤ ਤੇ ਤਿਆਗ ਯੋਗੀਆਂ ਵਾਲਾ ਹੈ ਅਤੇ ਤਰਕ ਦੁਨੀਆ ਅਤੇ ਖ਼ੈਰ ਮੰਗਣਾ ਬੁੱਧ ਮੱਤ ਦੀ ਯਾਦ ਹੈ।

          ਜ਼ਹੁਦ (ਪਰਹੇਜ਼ਹਾਰੀ) ਇਬਾਬਦ ਤੇ ਫ਼ਕੀਰੀ ਈਸਾਈ ਸਾਧਕਾਂ ਦੀ ਦੇਣ ਹੈ।

          ਇਸ ਤਰ੍ਹਾਂ ਬਹੁਤ ਸਾਰੇ ਵਿਚਾਰਵਾਨਾਂ ਦਾ ਖ਼ਿਆਲ ਹੈ ਕਿ ਤਸਵੁੱਫ਼ ਦੀ ਰੂਹ ਆਰੀਆਈ ਹੈ ਤੇ ਜਿਸਮ ਇਸਲਾਮੀ। ਉਨ੍ਹਾਂ ਦੇ ਖ਼ਿਆਲ ਵਿਚ ਈਰਾਨੀਆਂ ਨੇ ਮੈਦਾਨੇ ਜੰਗ ਵਿਚ ਹਾਰ ਖਾਣ ਉਪਰੰਤ ਇਸਲਾਮ ਕਬੂਲ ਕਰ ਲਿਆ, ਪਰ ਉਨ੍ਹਾਂ ਦੀ ਰੂਹ ਆਰੀਆਈ ਹੀ ਰਹੀ ਤੇ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਨੇ ਪੁਰਾਣੀਆਂ ਈਰਾਨੀ ਕੀਮਤਾਂ ਨੂੰ ਇਸਲਾਮੀ ਜਾਮਾ ਪਹਿਨਾ ਦਿੱਤਾ। ਇੱਥੇ ਪਹੁੰਚ ਕੇ ਹੀ ਬ੍ਰਾਊਨ ਨੇ ਇਹ ਖ਼ਿਆਲ ਦਿੱਤਾ ਕਿ ਤਸਵੁੱਫ਼ ਸੈਮਿਟਿਕ ਤੇ ਆਰੀਆਈ ਵਿਚਾਰਾਂ ਦੀ ਟੱਕਰ ਤੋਂ ਉਪਜਿਆ ਹੈ। ਇਹ ਵਿਚਾਰ ਕਿਸੇ ਹੱਦ ਤਕ ਠੀਕ ਹੈ, ਪਰ ਪੂਰਣ ਭਾਂਤ ਠੀਕ ਨਹੀਂ ਕਿਉਂਕਿ ਸਾਰੇ ਵੱਡੇ ਸੂਫ਼ੀ, ਇਸਲਾਮ ਵਿਚ ਕੇਵਲ ਯਕੀਨ ਹੀ ਨਹੀਂ ਰੱਖਦੇ ਸਨ, ਸਗੋਂ ਇਸਲਾਮ ਦਾ ਪ੍ਰਚਾਰ ਕਰਨਾ ਹੀ ਇਨ੍ਹਾਂ ਦਾ ਮੁੱਖ ਕਰਤੱਵ ਰਿਹਾ ਹੈ। ਭਾਰਤ ਵਿਚ ਇਸਲਾਮ ਦਾਪ੍ਰਚਾਰ ਜਿਤਨਾ ਦਾਤਾ ਗੰਜ ਬਖ਼ਸ਼ , ਸਖ਼ੀ ਸਰਵਰ, ਕਾਦਰੀ ਤੇ ਚਿਸ਼ਤੀ ਸਿਲਸਿਲਿਆਂ ਰਾਹੀਂ ਹੋਇਆ ਹੈ , ਉਤਨਾ ਤਲਵਾਰ ਦੇ ਜ਼ੋਰ ਨਾਲ ਨਹੀਂ ਹੋਇਆ।

          ਸਾਰੇ ਮਹਾਨ ਸੂਫ਼ੀਆਂ ਨੇ ਇਸਲਾਮ ਅਤੇ ਕੁਰਾਨ ਪਾਕ ਦੇ ਹੁਕਮ ਤੇ ਚਲਣ ਦੀ ਪੁਸ਼ਟੀ ਕੀਤੀ ਹੈ। ਅਲੀ ਹੁਜਵੀਰੀ ‘ਕਸ਼ਫੁੱਲ ਮਹਿਜੂਬ’ ਵਿਚ ਲਿਖਦੇ ਹਨ ਕਿ ਤਸਵੁੱਫ਼ ਹੁਕਮਿ ਇਲਾਹੀ ਤੇ ਆਂ ਰਸੂਲ ਅਲ੍ਹਾ ਦੇ ਹੁਕਮ ਪੁਰ ਚਲਣ ਦਾ ਵੱਡਾ ਮਾਰਗ ਹੈ। ਸ਼ੇਖ਼ ਸਾਅਦੀ ਕਹਿੰਦੇ ਹਨ :

                   ਮਪਿੰਦਾਰ ਸਾਅਦੀ ਕਿ ਰਾਹਿ ਸਫ਼ਾ।

                   ਤੁਵਾਂ ਰਫ਼ਤ ਜੁਜ਼ ਬਰਪਾਏ ਮੁਸਤਫ਼ਾ।

          ਅਰਥਾਤ : ਅਸੀਂ ਸਾਫ਼ ਦਿਲ ਲੋਕਾਂ ਦੇ ਰਸਤੇ ਪਰ ਨਹੀਂ ਚਲ ਸਕਦੇ ਜਦ ਤਕ ਮੁਹੰਮਦ ਮੁਸਤਫ਼ਾ ਦਾ ਰਸਤਾ ਨਾ ਅਪਣਾਇਆ ਜਾਏ।

          ਭਾਵੇਂ ਸੂਫ਼ੀ ਵਿਚਾਰਧਾਰਾ ਇਸਲਾਮ ਤੋਂ ਸੁਤੰਤਰ ਵਿਚਾਰਧਾਰਾ ਨਹੀਂ ਸੀ, ਫਿਰ ਵੀ ਈਰਾਨ ਵਿਚ ਪਹੁੰਚ ਕੇ ਇਸ ਦੀ ਇਕ ਖ਼ਾਸ ਰੂਪ–ਰੇਖਾ ਚਿਤਰੀ ਗਈ। ਹਕੀਮ ਸਨਾਈ, ਸ਼ੇਖ ਅੱਤਾਰ ਤੇ ਮੌਲਾਨਾ ਰੂਮੀ ਨੇ ਇਸ ਦੇ ਮੁੱਖ ਸਿਧਾਤ ਕਾਹਿਪਮ ਕੀਤੇ ਤੇ ਉਨ੍ਹਾਂ ਵਿਆਖਿਆ ਵੀ ਕੀਤੀ । ਇਹ ਵਿਚਾਰਧਾਰਾ ਤਪੱਸਿਆ ਤੇ ਰਿਆਜ਼ਤ ਦੀ ਸੀ। ਇਸ ਨੂੰ ਹੀ ਤਰੀਕਤ ਦਾ ਨਾਉਂ ਦਿੱਤਾ ਗਿਆ। ਇਹ ਸ਼ਰੀਅਲ ਤੋਂ ਅਗਲਾ ਪੜਾਉ ਸੀ। ਸ਼ੇਖ਼ ਅੱਤਾਰ ਅਨੁਸਾਰ ਸੂਫ਼ੀ ਸੱਤ ਮੰਜ਼ਿਲਾ ਵਿਚੋਂ ਦੀ ਲੰਘਦਾ ਹੈ ਤੇ ਅੰਤਿਮ ਮੰਜ਼ਿਲ ਪਰ ਪੁੱਜਦਾ ਹੈ। ਇਹ ਅੰਤਿਮ ਮੰਜ਼ਿਲ ਹੈ, ਫ਼ਨਾ ਤੇ ਬਕਾ ਦੀ। ਭਾਵ ਆਪਾ ਭੁਲ ਕੇ ਪਿਆਰੇ ਪ੍ਰਭੂ ਵਿਚ ਲੀਨ ਹੋ ਜਾਣਾ। ਇਹ ਸੂਫ਼ੀਆਂ ਦਾ ਅੰਤਿਮ ਨਿਸ਼ਾਨਾ ਹੈ। ਅੱਤਾਰ ਇਨ੍ਹਾਂ ਮੰਜ਼ਿਲਾਂ ਨੂੰ ਵਾਦੀਆਂ ਦਾ ਨਾਂ ਦਿੰਦਾ ਹੈ ਤੇ ਉਹ ਸੱਤ ਵਾਦੀਆਂ ਹਨ :

          (1) ਤਲਬ : ਅਥਵਾ ਜੁਸਤਜੂ ਜਾਂ ਪਿਆਰੇ ਦੀ ਭਾਲ

          (2) ਇਸ਼ਕ : ਇਹ ਭਾਲ ਕੇਵਲ ਇਸ਼ਕ ਅਥਵਾ ਪ੍ਰੇਮ ਰਾਹੀਂ ਹੀ ਹੋ ਸਕਦੀ ਹੈ। ‘ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਈਓ’ ਵਿਚ ਇਹੀ ਹਕੀਕਤ ਭਰੀ ਹੈ।

          (3) ਮਆਰਫ਼ਤ : ਸੱਚਾ ਪ੍ਰੇਮ, ਗਿਆਨ ਮਾਰਗ ਤੇ ਪਾਉਂਦਾ ਹੈ। ਅੰਦਰ ਕੁਝ ਸੋਝੀ ਹੁੰਦੀ ਹੈ।

          (4) ਇਸਤਗ਼ਨਾ : ਇਹ ਵੈਰਾਗ ਦੀ ਅਵਸਥਾ ਹੈ ਜੋ ਗਿਆਨ ਰਾਹੀਂ ਹੀ ਪ੍ਰਾਪਤ ਹੁੰਦੀ ਹੈ।

          (5) ਤੌਹੀਦ : ਸੰਸਾਰ ਤੇ ਇਸ ਦੀ ਮਾਇਆ ਤੋਂ ਵੈਰਾਗ, ਜੀਵ–ਆਤਮਾ ਨੂੰ ਅਜ਼ਲੀ ਆਤਮਾ ਨਾਲ ਜੋੜਦਾ ਹੈ। ਬਾਹਰ ਪਸਰੀ ਅਨੇਕਤਾ ਵਿਚ ਕੋਈ ਏਕਤਾ ਦ੍ਰਿਸ਼ਟਮਾਨ ਹੁੰਦੀ ਹੈ। ਇੱਥੇ ਹੀ ਸੂਫ਼ੀ ਹਮਾਓਸਤ ਭਾਵ ਤੂ, ਤੂ ਹੀ ਤੂ, ਦਾ ਨਾਅਰਾ ਲਾਉਂਦਾ ਹੈ। ਵੇਦਾਂਤ ਵਿਚ ਵੀ ਇਹ ਕੁਝ ਦਰਸਾਇਆ ਗਿਆ ਹੈ। ਮੈਂ ਮੇਰੀ ਦਾ ਝਗੜਾ ਮਿਟ ਗਿਆ ਤਾਂ ‘ ਜਿਤ ਦੇਖਾਂ ਤਿਤ ਨੂੰ’ ਵਾਲੀ ਗੱਲ ਬਣ ਜਾਂਦੀ ਹੈ।

          (6) ਹੈਰਤ : ਗਿਆਨ ਤੋਂ ਅਸਲੀਅਤ ਦੀ ਸੋਝੀ ਤੇ ਕਣ ਕਣ ਵਿਚ ਉਸ ਪਿਆਰੇ ਦੀ ਹੋਂਦ ਸੂਫ਼ੀ ਨੂੰ ਅਚੰਭਿਤ ਕਰ ਦਿੰਦੀ ਹੈ। ਸੂਫ਼ੀ ਵਜਦ ਵਿਚ ਨਚ ਉੱਠਦਾ ਹੈ। ਇਹੀ ਵਿਸਮਾਦ ਹੈ।

          (7) ਫ਼ਕਰੋ–ਫ਼ਨਾ : ਇੱਥੇ ਸਭ ਰਸ਼ਤੇ ਮੁਕ ਜਾਂਦੇ ਹਨ। ਆਪਾ ਵੀ ਗੁਆਚ ਗਿਆ ਲੱਗਦਾ ਹੈ ਸਹੀ ਫ਼ਕੀਰੀ ਪ੍ਰਾਪਤ ਹੁੰਦੀ ਹੇ ਤੇ ਸਾਧਕ ਆਪਣੇ ਤੇ ਪ੍ਰੀਤਮ ਵਿਚ ਕੋਈ ਫ਼ਰਕ ਨਹੀਂ ਵੇਖਦਾ। ਇਸ ਪੜਾਅ ਤੇ ਪਹੁੰਚ ਕੇ ਹੀ ਮਨਸੂਰ ਨੇ ‘ਅਨਅਲਹਕ’ ਕਿਹਾ ਸੀ। ਇਸ ਵਿਵਸਥਾ ਨੂੰ ‘ਫ਼ਨਾ ਫ਼ੀ ਅਲ੍ਹਾ ਵੀ ਕਹਿੰਦੇ ਹਨ।

          ਸ਼ੇਖ ਅੱਤਾਰ ਤੋਂ ਬਾਅਦ ਆਉਣ ਵਾਲੇ ਸੂਫ਼ੀਆਂ ਨੇ ਇਹੀ ਪੜਾਅ ਕਾਇਮ ਰੱਖੇ ਹਨ, ਹਾਂ ਵਿਆਖਿਆ ਵਿਚ ਥੋੜਾ ਬਹੁਤ ਫ਼ਰਕ ਪਾਇਆ ਹੈ। ਪਰ ਅੰਤਿਮ ਨਿਸ਼ਾਨਾ ਪ੍ਰੀਤਮ ਵਿਚ ਅਭੇਦਤਾ ਹੀ ਰਿਹਾ ਹੈ। ਸੰਸਾਰਾ ਨੂੰ ਨਾਸ਼ਵਾਨ ਸਮਝਣਾ, ਮਨ ਮਾਰਨਾ, ਰੋਜ਼ਾ ਰੱਖਣਾ, ਸਬਰ ਕਰਨਾ, ਰਾਜ਼ੀ–ਬ–ਰਜ਼ਾ ਰਹਿਣਾ ਤਰੀਕਤ ਦੇ ਹੀ ਪੜਾਅ ਹਨ। ‘ ਰਾਜ਼ੀ–ਬ–ਰਜ਼ਾ’ ਤੇ ਪਹੁੰਚ ਕੇ ਹੀ ਸੂਫ਼ੀ ਦੀਦਾਰਿ–ਅਜ਼ਲੀ ਦੇ ਲਾਇਕ ਹੁੰਦਾ ਹੈ। ਇਸ ਸਭ ਪੌੜੀਆਂ ਹਨ; ਅੰਤਿਮ ਮੰਜ਼ਿਲ ਤਾਂ ਅਜ਼ਲੀ ਏਕਤਾ ਨਾਲ ਮੇਲ ਹੀ ਹੈ। ਮੋਟੇ ਤੌਰ ਤੇ ਸੂਫ਼ੀ ਸਾਧਕਾਂ ਦੀ ਤਪੱਸਿਆ ਦੇ ਪੜਾਵਾਂ ਨੂੰ ਚਾਰ ਹਿੱਸਿਆਂ –(1) ਸ਼ਰੀਅਤ , (2) ਤਰੀਕਤ, (3) ਮਆਰਫ਼ਤ ਤੇ (4) ਹਕੀਕਤ –ਵਿਚ ਵੀ ਵੰਡਿਆ ਜਾਂਦਾ ਹੈ। ਭਾਵ ਸੂਫ਼ੀ ਸ਼ਰੀਅਤ ਦੀ ਪਾਬੰਦੀ ਨਾਲ ਜੀਵਨ ਆਰੰਭ ਕਰਦਾ ਹੈ, ਤਰੀਕਤ ਤਾ ਮਾਰਗ ਤੈਅ ਪੁਰ ਮੁਆਰਫ਼ਤ (ਗਿਆਨ) ਦੀ ਪ੍ਰਾਪਤੀ ਹੁੰਦੀ ਹੈ ਅਤੇ ਗਿਆਨ ਸਦਕਾ ਉਹ ਅਮਰ ਜੋੜ ਦਾ ਪ੍ਰਕਾਸ਼ ਪਾਉਂਦਾ ਹੈ। ਬੂੰਦ ਸਾਗਰ ਵਿਚ ਮਿਲ ਜਾਂਦੀ ਹੈ। ਪ੍ਰੀਆ ਤੇ ਪ੍ਰੀਤਮ ਇਕ ਹੋ ਜਾਂਦੇ ਹਨ।

          ਸੂਫ਼ੀ ਵਿਚਾਰਧਾਰਾ ਦੇ ਫੈਲਣ ਨਾਲ ਅੱਗੇ ਸੂਫ਼ੀਆਂ ਵਿਚ ਕਈ ਸਿਲਸਿਲੇ ਕਾਇਮ ਹੋ ਗਏ। ਮੁੱਖ ਇਹ ਹਨ :

 (1) ਸੁਹਰਾਵਰਦੀ : ਇਹ ਸ਼ਹਾਬੁੱਦਦੀਨ ਸੁਹਰਾਵਰਦੀ ਨਾਲ ਆਰੰਭ ਹੁੰਦਾ ਹੈ। ਇਹ ਈਰਾਨ ਵਿਚ ਬਹੁਤ ਪ੍ਰਚੱਲਿਤ ਹੋਇਆ।

 (2) ਕਾਦਰੀ : ਅਬਦੁਲ ਕਾਦਰ ਜੀਲਾਨੀ ਇਸ ਦਾ ਮੋਢੀ ਸੀ। ਮੁੱਲਾ ਹੁਜ਼ਵੀਰੀ ਤੇ ਸ਼ਾਹ ਹੁਸੈਨ ਅਤੇ ਬੁਲ੍ਹੇ ਸ਼ਾਹ ਇਸੇ ਸਿਲਸਿਲੇ ਨਾਲ ਸੰਬੰਧ ਰੱਖਦੇ ਸਨ।

 (3) ਚਿਸ਼ਤੀ : ਮੁਅਈਉਦੀਨ ਚਿਸ਼ਤੀ ਇਸ ਦੇ ਬਾਨੀ ਸਨ। ਨਜ਼ਾਮੱਦੀਨ ਔਲੀਆ ਤੇ ਸ਼ੇਖ਼ ਫ਼ਰੀਦ ਇਸ ਸਿਲਸਿਲੇ ਵਿਚੋਂ ਸਨ। ਪੰਜਾਬ ਵਿਚ ਇਸ ਦਾ ਪ੍ਰਕਾਰ ਵਧੇਰੇ ਹੋਇਆ।

(4) ਨਕਸ਼–ਬੰਦੀ : ਹਿੰਦੁਸਤਾਨ ਵਿਚ ਇਨ੍ਹਾਂ ਦਾ ਵੱਡਾ ਕੇਂਦਰ ਸਰਹੰਦ ਹੈ। ਇਸ ਸਿਲਸਿਲੇ ਦੇ ਅਠਾਰ੍ਹਵੀਂ ਸਦੀ ਈ. ਵਿਚ ਹੌਏ ਅਹਿਮਦ ਫਾਰੂਕੀ ਨੂੰ ਮੁਜੱਦਿਦ ਸਾਨੀ ਦਾ ਨਾਂ ਦਿੱਤਾ ਜਾਂਦਾ ਹੈ। ਨਕਸ਼ਬੰਦੀਆਂ ਵਿਚ ਸਮਾਅ (ਰਾਗ) ਵਰਜਿਤ ਹੈ ਜਦ ਕਿ ਬਾਕੀ ਸੂਫ਼ੀ ਸਿਲਸਿਲਿਆਂ ਵਿਚ ਇਹ ਪ੍ਰਵਾਨ ਹੈ।

 (5) ਮੌਲਵੀਆ : ਇਹ ਮੌਲਾਨਾ ਜਲਾਲੁਦੀਨ ਰੂਮੀ ਦਾ ਨਾ ਚਲਦਾ ਹੈ। ਸਮਾਅ ਇਨ੍ਹਾਂ ਵਿਚ ਪ੍ਰਵਾਨਿਤ ਹੈ।

(6) ਸ਼ਾਹਜ਼ਿਲਾ : ਇਸ ਨੂੰ ਲਹਿੰਦੇ ਪੰਜਾਬ ਵਿਚ ਸ਼ਟਲੀ ਕਹਿੰਦੇ ਹਨ। ਮੁਲਤਾਨ, ਬਹਾਵਲਪੁਰ ਤੇ ਡੇਰਾ ਇਸਮਾਈਲ ਖ਼ਾਨ ਵੱਲ ਪ੍ਰਚੱਲਿਤ ਹੈ।

 (7) ਮਲਾਮਤੀ : ਇਸ ਫ਼ਿਰਕੇ ਦੇ ਅਨੁਯਾਈ ਪ੍ਰਗਟ ਤੌਰ ਤੇ ਸ਼ਰ੍ਹਾ ਵਿਰੋਧੀ ਲੱਗਦੇ ਹਨ, ਪਰੰਤੂ ਹੁੰਦੇ ਬੜੇ ਧਾਰਮਿਕ ਹਨ। ਸ਼ਾਹ ਹੁਸੈਨ ਦਾ ਸੰਬੰਧ ਇਸੇ ਫ਼ਿਰਕੇ ਨਾਲ ਸੀ।

 (8) ਭਾਰਤ ਵਿਚ ਆਮਦ : ਭਾਵੇਂ ਅਰਬਾਂ ਨੇ ਸਿੰਧ ਨੂੰ ਅੱਠਵੀਂ ਸਦੀ ਈ. ਵਿਚ ਹੀ ਫ਼ਤਹਿ ਕਰ ਲਿਆ ਸੀ ਪਰ ਉਹ ਇੱਥੇ ਇਸਲਾਮ ਫੈਲਾਉਣ ਵਿਚ ਬਹੁਤ ਸਫ਼ਲ ਨਾ ਹੋ ਸਕੇ, ਜਦ ਤਕ ਕਿ ਗ਼ਜ਼ਨਵੀ ਰਾਜ ਸਮੇਂ ਸੂਫ਼ੀ ਸੰਤਾਂ ਨੇ ਇੱਥੇ ਆ ਕੇ ਡੇਰੇ ਨਾ ਲਾ ਲਏ। ਸੂਫ਼ੀ ਵਿਚਾਰਧਾਰਾ ਦਾ ਕੇਂਦਰ ਸਥਾਪਤ ਕਰਨ ਵਾਲੇ ਪਹਿਲੇ ਸੂਫ਼ੀ ਸੰਤ ਅਲੀ ਬਿਨ ਉਸਮਾਨ ਅਲ ਹੁਜਵੀਰੀ ਸਨ। ਆਪ ਦਾਤਾ ਗੰਜ ਬਖ਼ਸ਼ ਦੇ ਨਾਂ ਨਾਲ ਪ੍ਰਸਿੱਧ ਹਨ। ਆਪ ਗ਼ਜ਼ਨੀ ਤੋਂ 1040 ਈ. ਵਿਚ ਆਏ ਤੇ ਆਪ ਦਾ ਦੇਹਾਂਤ 1072 ਈ. ਦੇ ਲਗਭਗ ਲਾਹੌਰ ਵਿਚ ਹੋਇਆ। ਆਪ ਨੇ ਬਹੁਤ ਸਾਰੀਆਂ ਪੁਸਤਕਾਂ ਲਿਖਿਆਂ ਜਿਨ੍ਹਾਂ ਵਿਚੋਂ ‘ਕਸ਼ਫੁਲ ਮਹਿਜੂਬ’ ਸਭ ਤੋਂ ਵੱਧ ਪ੍ਰਸਿੱਧ ਹੈ।

          ਇਸ ਸਮੇਂ ਦਾ ਦੂਜਾ ਵੱਡਾ ਸੁਲਤਾਨ ਸਖ਼ੀ ਸਰਵਰ (1181ਈ.) ਹੈ ਜੋ ਲਖੀਦਾਤਾ ਦੇ ਨਾਂ ਨਾਲ ਪ੍ਰਸਿੱਧ ਹੈ। ਸੁਲਤਾਨ ਸਖੀ ਸਰਵਰ ਦੇ ਉਪਾਸਕ ਸਾਰੇ ਪੰਜਾਬ ਵਿਚ ਫੈਲੇ ਹੋਏ ਹਨ ਜਿਨ੍ਹਾਂ ਵਿਚ ਗ਼ੈਰ ਮੁਸਲਿਮ ਵੀ ਭਾਰੀ ਗਿਣਤੀ ਵਿਚ ਹਨ। ਜਲੰਧਰ ਜ਼ਿਲ੍ਹੇ ਵਿਚ ਇਨ੍ਹਾਂ ਦੀ ਗਿਣਤੀ ਖ਼ਾਸੀ ਹੈ। ਪਰ ਸੂਫ਼ੀਆਂ ਦਾ ਸਭ ਤੋਂ ਪ੍ਰਸਿੱਧ ਸਿਲਸਿਲਾ ‘ਚਿਸ਼ਤੀਆ’ ਹੈ। ਇਸ ਸਿਲਸਿਲੇ ਦੇ ਬਾਨੀ ਖ਼ਵਾਜਾ ਮੁਈਨੁਦਦੀਨ ਅਜਮੇਰੀ ਹਨ। ਆਪ ਖ਼ਵਾਜਾ ਉਸਮਾਨ ਹਰਵਾਨੀ ਚਿਸ਼ਤ ਨਿਵਾਸੀ ਦੇ ਚੇਲੇ ਸਨ, ਇਸ ਲਈ ਆਪ ਵੀ ‘ਚਿਸ਼ਤੀ’ ਅਖਵਾਏ। ਆਪ 1161 ਈ. ਵਿਚ ਲਾਹੌਰ ਆਏ, ਤੇ ਦਿੱਲੀ ਹੁੰਦੇ ਅਜਮੇਰ ਜਾ ਮੱਲਿਆ ਤੇ ਉੱਥੇ ਹੀ 1234 ਈ. ਉਨ੍ਹਾਂ ਦਾ ਦੇਹਾਂਤ ਹੋਇਆ।

          ਖ਼ਵਾਜਾ ਮੁਆਈਨੁਉਦੀਨ ਚਿਸ਼ਤੀ ਤੋਂ ਬਾਅਦ ਬਖ਼ਤਯਾਰ ਕਾਕੀ ਆਪ ਦੀ ਗੱਦੀ ਪੁਰ ਬੈਠੇ ਤੇ ਉਨ੍ਹਾਂ ਨੇ ਦਿੱਲੀ ਜਾ ਡੇਰਾ ਲਾਇਆ। ਆਪ ਤੋਂ ਬਾਅਦ ਇਸ ਗੱਦੀ ਦੇ ਵਾਰਿਸ ਸ਼ੇਖ਼ ਫ਼ਰੀਦ ਸ਼ਕਰਗੰਜ ਉਨ੍ਹਾਂ ਨੇ ਦਿੱਲੀ ਜਾ ਡੇਰਾ ਲਾਇਆ। ਆਪ ਤੋਂ ਬਾਅਦ ਇਸ ਗੱਦੀ ਦੇ ਵਾਰਿਸ ਸ਼ੇਖ਼ ਫ਼ਰੀਦ ਸ਼ਕਰਗੰਜ ਬਣੇ। ਸ਼ੇਖ਼ ਫ਼ਰੀਦ ਨੇ ਆਪਣਾ ਕੇਂਦਰ ਪਾਕਪਟਨ (ਜਿਲ੍ਹਾ ਮਿੰਟਗੁਮਰੀ, ਪੰਜਾਬ) ਕਾਇਮ ਕੀਤਾ।

          ਤੇਰ੍ਹਵੀਂ ਸਦੀ ਈ. ਦੇ ਅੰਤ ਤਕ ਸੂਫ਼ੀ ਦਰਵੇਸ਼ ਸਾਰੇ ਉੱਤਰੀ ਭਾਰਤ ਵਿਚ ਫੈਲ ਚੁੱਕੇ ਸਨ।

          ਪੰਜਾਬ ਦੇ ਪਹਿਲੇ ਸੂਫ਼ੀ ਸ਼ੇਖ਼ ਫ਼ਰੀਦ ਹਨ। ਸ਼ਾਹ ਹੁਸੈਨ , ਸ਼ਾਹ ਸ਼ਰਫ਼, ਸੁਲਤਾਨ ਬਾਹੂ,

ਬੁਲ੍ਹੇ ਸ਼ਾਹ, ਅਲੀ ਹੈਦਰ, ਹਾਸ਼ਮ ਅਤੇ ਗ਼ਲਾਮ ਫ਼ਰੀਦ ਪੰਜਾਬ ਦੇ ਹੋਰ ਪ੍ਰਸਿੱਧ ਸੂਫ਼ੀ ਕਵੀ ਹਨ।

          [ਸਹਾ. ਗ੍ਰੰਥ–Brown : Literary History of Persia (Vol. II),; Nicholson : Mystics of Islam; John Arberry : Sufism, Mir Wali–ud–din : Quranic Sufism ; ਆਬਿਦ ਅਲੀ :

          ‘ ਤਲਮੀਹਾਤਿ–ਇਕਬਾਲ’ (ਉਰਦੂ ) ; ਮੁੱਲਾ ਹਜਵੀਰੀ: ‘ਕਸ਼ਫ਼–ਅਲ–ਮਹਿਜੂਬ’(ਫਾ.)]


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.