ਸੇਖੋਂ ਸੰਤ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੇਖੋਂ, ਸੰਤ ਸਿੰਘ : ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸੰਤ ਸਿੰਘ ਸੇਖੋਂ ਦਾ ਜਨਮ 30 ਮਈ, 1908 ਨੂੰ ਸਰਦਾਰ ਹੁਕਮ ਸਿੰਘ ਦੇ ਘਰ ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ ਵਿਚ) ਵਿਚ ਚੱਕ ਨੰ : 70 (ਝੰਗ ਨਹਿਰ) ਵਿਖੇ ਹੋਇਆ। ਇਸ ਨੇ ਅਰਥ-ਸ਼ਾਸਤਰ ਅਤੇ ਅੰਗਰੇਜ਼ੀ ਵਿਚ ਐਮ. ਏ. ਕੀਤੀ। ਸੇਖੋਂ 1932 ਵਿਚ ਖ਼ਾਲਾਸ ਕਾਲਜ, ਅੰਮ੍ਰਿਤਸਰ ਵਿਖੇ ਪ੍ਰੋਫ਼ੈਸਰ ਲਗ ਗਿਆ। ਇਸ ਨੂੰ ਪ੍ਰਿੰ. ਤੇਜਾ ਸਿੰਘ ਵਰਗੇ ਸ਼ਰੋਮਣੀ ਸਾਹਿਤਕਾਰ ਦੀ ਅਗਵਾਈ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ।

          ਸੇਖੋਂ ਨੇ ਪਹਿਲਾਂ ਅੰਗਰੇਜ਼ੀ ਵਿਚ ਸਾਹਿਤ ਰਚਨਾ ਸ਼ੁਰੂ ਕੀਤੀ। 1933 ਵਿਚ ਇਸਨੇ ‘ਈਵ ਐਟ ਬੇ’ ਨਾਂ ਦਾ ਨਾਟਕ ਲਿਖਿਆ ਤੇ ਛਪਵਾਇਆ। ਇਸ ਨੇ ਲਾਹੌਰ ਤੋਂ ਇਕ ਅੰਗਰੇਜ਼ੀ ਰਸਾਲਾ ‘Northern Review’ ਕੱਢਿਆ। ਬਾਅਦ ਵਿਚ ਜਲਦੀ ਹੀ ਇਸ ਦਾ ਰੁਝਾਨ ਪੰਜਾਬੀ ਵੱਲ ਹੋ ਗਿਆ। ਸੇਖੋਂ ਨੇ ਰਿਟਾਇਰ ਹੋਣ ਤੱਕ ਆਪਣਾ ਕਿੱਤਾ ਮੁੱਖ ਤੌਰ ਤੇ ਅਧਿਆਪਨ ਹੀ ਰੱਖਿਆ ਭਾਵੇਂ ਇਸ ਨੇ ਕੇਵਲ ਕਸਬੀ ਲਿਖਾਰੀ ਬਣੇ ਰਹਿਣ ਤੇ ਸਰਗਰਮ ਰਾਜਨੀਤੀ ਵਿਚ ਆਉਣ ਦੇ ਉਪਰਾਲੇ ਵੀ ਕੀਤੇ। ਸੇਖੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਪ੍ਰੋਫ਼ੈਸਰ ਅਮੈਰੀਟਸ ਦੀ ਪਦਵੀ ਤੇ ਵੀ ਸੁਸ਼ੋਭਿਤ ਰਹੇ। ਅਜਕਲ੍ਹ (1983) ਇਹ ਆਪਣੇ ਪਿੰਡ ਦਾਖਾ (ਜ਼ਿਲ੍ਹਾ ਲੁਧਿਆਣਾ) ਵਿਖੇ ਖੇਤੀਬਾੜੀ ਕਰਵਾ ਰਹੇ ਹਨ।

          ਸੇਖੋਂ ਪੰਜਾਬੀ ਦਾ ਬਹੁਪੱਖੀ ਸਾਹਿਤਕਾਰ ਹੈ। ਇਸ ਨੇ ਨਾਟਕ, ਇਕਾਂਗੀ, ਕਹਾਣੀ, ਨਾਵਲ, ਆਲੋਚਨਾ, ਨਿਬੰਧ ਆਦਿ ਸਭ ਸਾਹਿਤ ਰੂਪਾਂ ਵਿਚ ਰਚਨਾ ਕਰਕੇ ਆਪਣੀ ਪ੍ਰਤਿਭਾ ਦਾ ਸਿੱਕਾ ਜਮਾਇਆ ਹੈ।

          ਸੇਖੋਂ ਪੰਜਾਬੀ ਨਾਟਕ ਸਾਹਿਤ ਵਿਚ ਇਕ ਨਵਾਂ ਪੜਾਅ ਲੈ ਕੇ ਆਉਂਦਾ ਹੈ। ਭਾਰਤੀ ਤੇ ਪੱਛਮੀ ਪਰੰਪਰਾ ਦਾ ਜਾਣੂ ਸੇਖੋਂ ਬੌਧਿਕਧਾਰਾ ਦਾ ਯਥਾਰਥਵਾਦੀ ਨਾਟਕਕਾਰ ਹੈ। ਇਸ ਉੱਤੇ ਮਾਰਕਸਵਾਦੀ ਵਿਚਾਰਾਂ ਦਾ ਬਹੁਤ ਪ੍ਰਭਾਵ ਹੈ। ਥੋੜ੍ਹੇ ਪਾਤਰ, ਥੋੜ੍ਹੀਆਂ ਝਾਕੀਆਂ, ਇਕਹਿਰਾ ਦ੍ਰਿਸ਼ ਪਿਛੋਕੜ ਐਪਰ ਪਰਮਾਣਿਕ ਤੇ ਯੁੱਗ ਚੇਤੰਨਤਾ ਦੇ ਹਾਣੀ ਵਿਸ਼ੇ ਅਤੇ ਉਨ੍ਹਾਂ ਨਾਲ ਜੁੜਿਆ ਭਰਪੂਰ ਸਮਾਜਕ ਚੇਤੰਨਤਾ ਵਾਲਾ ਮਾਹੌਲ ਇਹੀ ਸੰਖੇਪ ਵਿਚ ਇਸ ਦੀ ਨਾਟਕਕਲਾ ਹੈ।

          ਸੇਖੋਂ ਨੇ ‘ਕਲਾਕਾਰ’ (1946) ‘ਨਾਰਕੀ’, ‘ਵਾਰਸ’ ‘ਭੂਦਾਨ’ ‘ਮੋਇਆਂ ਸਾਰ ਨਾ ਕਾਈ’, ‘ਬੇੜਾ ਬੰਧ ਨਾ ਸਕਿਓ’, ‘ਦਮਯੰਤੀ’ ‘ਸਿਆਲਾਂ ਦੀ ਨੱਢੀ’ ਤੇ ‘ਮਿੱਤਰ ਪਿਆਰਾ’ ਆਦਿ ਨਾਟਕ ਪੰਜਾਬੀ ਸਾਹਿਤ ਨੂੰ ਦਿੱਤੇ ਹਨ। ‘ਕਲਾਕਾਰ’ ਇਸ ਦਾ ਪਹਿਲਾ ਨਾਟਕ ਹੈ ਜੋ ਕਿ ਬੌਧਿਕ ਪੱਖ ਤੋਂ ਪੰਜਾਬੀ ਸਾਹਿਤ ਦੀ ਵਡਮੁੱਲੀ ਪ੍ਰਾਪਤੀ ਹੈ। ਇਸ ਵਿਚ ਸੇਖੋਂ ਇਕ ਮਿਥਿਹਾਸਕ ਕਹਾਣੀ ਨੂੰ ਆਧੁਨਿਕ ਹਵਾਲੇ ਅਨੁਸਾਰ ਨਵਾਂ ਰੂਪ ਦਿੰਦਾ ਹੋਇਆ ਕਲਾ ਤੇ ਕਲਾਕਾਰ ਬਾਰੇ ਆਪਣੇ ਮੌਲਿਕ ਵਿਚਾਰ ਦੱਸਦਾ ਅਤੇ ਬੌਧਿਕ ਹਾਸ-ਰਸ ਤੇ ਲਿੰਗ-ਵਾਸਨਾ ਦਾ ਖੁਲ੍ਹਾ ਪ੍ਰਗਟਾਵਾ ਕਰਦਾ ਹੋਇਆ ਪੰਜਾਬੀ ਨਾਟਕ ਨੂੰ ਇਕ ਖ਼ਾਸ ਪੜਾਅ ਤੇ ਲੈ ਆਉਂਦਾ ਹੈ। ‘ਨਾਰਕੀ’ ਇਸ ਦਾ ਇਕ ਸਮੱਸਿਆ ਪ੍ਰਧਾਨ ਨਾਟਕ ਹੈ। ‘ਵਾਰਸ’, ‘ਮੋਇਆਂ ਸਾਰ ਨਾ ਕਾਈ’ ਤੇ ‘ਬੇੜਾ ਬੰਧ ਨਾ ਸਕਿਓ’ ਇਤਿਹਾਸਕ ਨਾਟਕ ਹਨ ਜਿੰਨ੍ਹਾਂ ਵਿਚ ਇਤਿਹਾਸਵਾਦੀ ਚੇਤੰਨਤਾ ਅਤੇ ਇਤਿਹਾਸਕ ਪਦਾਰਥਵਾਦ ਦੀ ਦ੍ਰਿਸ਼ਟੀ ਤੋਂ ਪੰਜਾਬ ਦੇ ਇਤਿਹਾਸ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ‘ਦਮਯੰਤੀ’ ਵੀ ਇਸ ਦੀ ਇਕ ਹੋਰ ਸਫਲ ਨਾਟ ਰਚਨਾ ਹੈ ਤੇ ‘ਸਿਆਲਾਂ ਦੀ ਨੱਢੀ’ (ਹੀਰ ਤੇ ਰਾਂਝੇ ਦੀ ਪ੍ਰੀਤ-ਕਥਾ ਤੇ ਅਧਾਰਤ), ‘ਮਿੱਤਰ ਪਿਆਰਾ’ ਵੀ ਪੰਜਾਬੀ ਨਾਟਕਾਂ ਵਿਚ ਖ਼ਾਸ ਥਾਂ ਰਖਦੇ ਹਨ। ‘ਬਹਾਦਰ ਭੈਣ’ ਤੇ ‘ਮੈਕਬੱਥ’ ਇਸ ਦੇ ਅਨੁਵਾਦਤ ਨਾਟਕ ਹਨ।

          ਇਸ ਦਾ ਨਾਂ ਪੰਜਾਬ ਦੇ ਸ਼ਰੋਮਣੀ ਇਕਾਂਗੀਕਾਰਾਂ ਵਿਚ ਵੀ ਗਿਣਿਆ ਜਾਂਦਾ ਹੈ। ਇਸ ਨੇ 1941 ਵਿਚ ਛਪੇ ਆਪਣੇ ਪਹਿਲੇ ਹੀ ਇਕਾਂਗੀ ਸੰਗ੍ਰਹਿ ‘ਛੇ ਘਰ’ ਵਿਚ ‘ਮਹਾਤਮਾ’, ‘ਹੜਤਾਲ’ ਤੇ ‘ਇਕ ਐਤਵਾਰ’ ਵਰਗੇ ਵਧੀਆ ਇਕਾਂਗੀਆਂ ਦੀ ਸਿਰਜਨਾ ਕੀਤੀ। ਇਸ ਤੋਂ ਇਲਾਵਾ ਸੇਖੋਂ ਤੇ ‘ਤਪਿਆ ਕਿਉਂ ਖਪਿਆ’ ‘ਨਾਟ ਸੁਨੇਹੇ’, ‘ਸੁੰਦਰ ਪਦ’, ‘ਮੇਰੇ ਦਸ ਇਕਾਂਗੀ’ ਅਤੇ ‘ਮੇਰੇ ਚੋਣਵੇਂ ਇਕਾਂਗੀ’ ਆਦਿ ਇਕਾਂਗੀ ਸੰਗ੍ਰਹਿ ਪੰਜਾਬੀ ਨੂੰ ਦਿੱਤੇ ਹਨ। ਇਨ੍ਹਾਂ ਵਿਚ ‘ਨਿਸ਼ਾਤ ਬਾਗ਼ ਵਿਚ’, ‘ਲੇਡੀ ਡਾਕਟਰ’, ‘ਬਾਬਾ ਬੋਹੜ’ ਆਦਿ ਵਰਗੇ ਪ੍ਰਸਿੱਧ ਇਕਾਂਗੀ ਸੰਕਲਤ ਹਨ। ਇਹ ਇਕਾਂਗੀ ਬਹੁਤੇ ਸਮਾਜਕ ਵਿਸ਼ਿਆਂ ਬਾਰੇ ਹਨ।

          ਸੇਖੋਂ ਦੇ ਨਾਟਕ ਤੇ ਇਕਾਂਗੀ ਆਪਣੇ ਬੁੱਧੀ ਪ੍ਰਧਾਨ ਤੱਤ, ਮੌਲਿਕ ਵਿਸ਼ੇ-ਵਸਤੂ ਤੇ ਨਵੇਕਲੇ ਰੂਪ-ਵਿਧਾਨ ਕਾਰਨ ਆਪਣੀ ਖ਼ਾਸ ਥਾਂ ਰਖਦੇ ਹਨ।

          ਸੇਖੋਂ ਦੀ ਗਿਣਤੀ ਪੰਜਾਬੀ ਦੇ ਪਹਿਲੀ ਕਤਾਰ ਦੇ ਕਹਾਣੀਕਾਰਾਂ ਵਿਚ ਕੀਤੀ ਜਾਂਦੀ ਹੈ। ਇਸ ਦੀਆਂ ਕਹਾਣੀਆਂ ਵਿਚ ਸਾਡੇ ਜੀਵਨ ਦੀਆਂ ਸਮਾਜਕ, ਆਰਥਕ, ਰਾਜਸੀ ਤੇ ਦਾਰਸ਼ਨਿਕ ਸਮੱਸਿਆਵਾਂ ਦਾ ਝਲਕਾਰਾ ਤੇ ਇਨ੍ਹਾਂ ਦਾ ਸੁਧਾਰ ਕਰਨ ਲਈ ਸੁਝਾਅ ਮਿਲਦਾ ਹੈ। ਇਨ੍ਹਾਂ ਕਹਾਣੀਆਂ ਦੀ ਵਿਸ਼ੇਸ਼ਤਾ ਨਿੱਗਰ ਯਥਾਰਥਵਾਦ ਦੇ ਘੇਰੇ ਵਿਚ ਰਹਿਣਾ ਹੈ। ‘ਸਮਾਚਾਰ’, ‘ਕਾਮੇ ਤੇ ਯੋਧੇ’, ‘ਤੀਜਾ ਪਹਿਰ’, ‘ਅੱਧੀ ਵਾਟ’ ਆਦਿ ਇਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਹਨ। ਇਸ ਦੀ ਸ਼ੈਲੀ ਆਧੁਨਿਕ, ਵਿਸ਼ਾ ਯਥਾਰਥਾਵਾਦੀ, ਰੰਗ ਬੌਧਿਕ ਤੇ ਆਸ਼ਾ ਪ੍ਰਗਤੀਵਾਦੀ ਹੁੰਦਾ ਹੈ। ਲਿੰਗ ਵਾਸਨਾ ਦਾ ਖੁੱਲ੍ਹਾ ਵਰਣਨ, ਮਾਨਸਕ ਵਿਸ਼ਲੇਸ਼ਣ, ਸਥਾਨਕ ਉਪ-ਭਾਸ਼ਾ ਦੀ ਵਰਤੋਂ, ਵਿਅੰਗ, ਅਤਿ ਸਾਧਾਰਨ ਘਟਨਾ ਨੂੰ ਹੀ ਵਧੀਆ ਕਹਾਣੀ ਦਾ ਰੂਪ ਦੇ ਦੇਣਾ––ਇਸ ਦੀਆਂ ਹੋਰ ਵਿਸ਼ੇਸ਼ਤਾਵਾਂ ਹਨ।

          ਸੇਖੋਂ ਦਾ ਨਾਵਲ ‘ਲਹੂ ਮਿੱਟੀ’ ਪੰਜਾਬੀ ਨਾਵਲ ਕਲਾ ਦੇ ਇਤਿਹਾਸ ਵਿਚ ਇਕ ਮੀਲ-ਪੱਥਰ ਹੈ ਜਿਸ ਵਿਚ ਪਹਿਲੀ ਵਾਰ ਗਰੀਬ ਕਿਰਸਾਣ ਦੇ ਸਮਾਜਕ ਤੇ ਆਰਥਕ ਜੀਵਨ ਨੂੰ ਪਰਮਾਣੀਕ ਢੰਗ ਨਾਲ ਬਿਆਨਿਆ ਗਿਆ ਹੈ। ਇਸ ਦੇ ਪਾਤਰ ਬਹੁਤ ਹੀ ਯਥਾਰਥਕ, ਹੱਡ ਮਾਸ ਦੇ ਬਣੇ ਆਪਣੀ ਸ਼੍ਰੇਣੀ ਦੇ ਪ੍ਰਤਿਨਿਧ ਪਾਤਰ ਹੁੰਦੇ ਹੋਏ ਵੀ ਆਪਣੀ ਸ਼ਖਸੀਅਤ ਦੀ ਵਿਸ਼ੇਸ਼ ਛਾਪ ਲਾਈ ਬੈਠੇ ਹਨ। ਢਿੱਲੀ ਕਥਾ-ਵਸਤੂ ਦੀ ਪੂਰਤੀ ਪ੍ਰਬਲ ਮਾਨਸਿਕ-ਸੰਘਰਸ਼ ਕਰਦਾ ਹੈ। ਸੇਖੋਂ ਦਾ ਇਕ ਛੋਟਾ ਨਾਵਲ ‘ਬਾਬਾ ਉਸਮਾਨ’ ਇਕ ਦੇਸ਼ ਭਗਤ ਦੀ ਕਹਾਣੀ ਨੂੰ ਰੂਪਮਾਨ ਕਰਦਾ ਹੈ। ਇਹ ਕੋਈ ਇਤਨੀ ਪ੍ਰਬਲ ਰਚਨਾ ਨਹੀਂ। ਅਸਲ ਵਿਚ ‘ਲਹੂ ਮਿੱਟੀ’ ਕਰਕੇ ਹੀ ਸੇਖੋਂ ਦਾ ਪੰਜਾਬੀ ਨਾਵਲਕਾਰੀ ਵਿਚ ਵਿਸ਼ੇਸ਼ ਸਥਾਨ ਹੈ।

          ਸੇਖੋਂ ਪੰਜਾਬੀ ਸਾਹਿਤ ਵਿਚ ਪ੍ਰਗਤੀਵਾਦੀ ਆਲੋਚਨਾ ਦਾ ਮੋਢੀ ਹੈ। ਮਾਰਕਸਵਾਦੀ ਦਰਸ਼ਨ ਦੇ ਸਿਧਾਂਤ ਤੇ ਅਮਲ ਦੇ ਸੁਮੇਲ ਦੀ ਦ੍ਰਿਸ਼ਟੀ ਤੋਂ ਪੰਜਾਬੀ ਸਾਹਿਤ ਵਿਚ ਆਧੁਨਿਕ ਦ੍ਰਿਸ਼ਟੀਕੋਣ ਦਾ ਪਸਾਰ ਕਰਨ ਵਿਚ ਸੇਖੋਂ ਦਾ ਸਭ ਤੋਂ ਵੱਧ ਯੋਗਦਾਨ ਹੈ। ‘ਸਾਹਿਤਿਆਰਥ’, ‘ਪੰਜਾਬੀ ਕਾਵਿ ਸ਼ਰੋਮਣੀ’, ‘ਪ੍ਰਸਿੱਧ ਪੰਜਾਬੀ ਕਵੀ ਭਾਈ ਵੀਰ ਸਿੰਘ ਤੇ ਉਨ੍ਹਾਂ ਦਾ ਯੁਗ’ ‘ਨਾਵਲ ਵਿਚ ਪਲਾਟ’, ‘ਸਮੀਖਿਆ ਪ੍ਰਣਾਲੀਆਂ’, ‘ਨਾਟਕ ਕਲਾ ਤੇ ਮੇਰਾ ਅਨੁਭਵ’ ਆਦਿ ਰਚਨਾਵਾਂ ਤੋਂ ਬਿਨਾਂ ਇਸ ਨੇ ਅਨੇਕ ਲੇਖਾਂ, ਗੋਸ਼ਟੀ-ਪਤਰਾਂ ਤੇ ਭੂਮਿਕਾਵਾਂ ਵਿਚ ਆਪਣਾ ਸਮੀਖਿਆ ਸਿਧਾਂਤ ਪੇਸ਼ ਕੀਤਾ ਹੈ। ਇਹ ਸ਼ਾਸਤਰੀ ਆਧਾਰ ਤੇ ਟੇਕ ਬਿਲਕੁਲ ਨਹੀਂ ਰਖਦਾ। ਕਈ ਵਾਰ ਤਾਂ ਇਹ ਨਿਰੋਲ ਨਿਜੀ ਪਰਿਭਾਸ਼ਾ ਸਥਾਪਤ ਕਰਦਾ ਹੈ। ਇਸ ਦਾ ਲਿਖਣ ਢੰਗ ਵਿਗਿਆਨਕ ਤੇ ਬੌਧਿਕ ਹੈ।

          ਸੇਖੋਂ ਨੇ ਭਾਵੇਂ ਸਿਰਜਨਾਤਮਕ ਨਿਬੰਧਾਂ ਵਲ ਘੱਟ ਧਿਆਨ ਦਿੱਤਾ ਹੈ ਪਰ ਉੱਚ ਪੱਧਰ ਤੇ ਆਲੋਚਨਾਤਮਕ ਨਿਬੰਧ ਲਿਖਣ ਵਿਚ ਵੀ ਇਸ ਨੇ ਆਪਣੀ ਵਿਗਿਆਨਕ ਬੌਧਿਕ, ਤੇ ਉਪਯੋਗੀ ਸ਼ੈਲੀ ਦੀ ਸਫਲ ਵਰਤੋਂ ਕੀਤੀ ਹੈ। ਉੱਤਮ ਸਾਹਿਤਕ ਨਿਬੰਧਾਂ ਦੇ ਇਲਾਵਾ ਸੇਖੋਂ ਨੇ ‘ਪ੍ਰਗਤੀ ਪੰਧ’ ਨਾਂ ਦੀ ਗੱਦ ਪੁਸਤਕ ਦੀ ਰਚਨਾ ਕੀਤੀ ਹੈ ਜਿਸ ਨੂੰ ਆਧੁਨਿਕ ਚਿੰਤਨ ਤੇ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਮਨੁੱਖੀ ਇਤਿਹਾਸ ਦੇ ਵਿਕਾਸ ਦਾ ਪ੍ਰਗਤੀਸ਼ੀਲ ਵਿਵੇਚਨ ਆਖਿਆ ਜਾ ਸਕਦਾ ਹੈ। ਇਸ ਨੇ ‘ਕਾਵਿ-ਦੂਤ’ ਨਾਂ ਦੀ ਇਕ ਕਾਵਿ-ਪੁਸਤਕ ਵੀ ਲਿਖੀ ਹੈ।

          ਸੇਖੋਂ ਨੇ ਬੱਚਿਆਂ ਵਾਸਤੇ ‘ਗਾਂਧੀ ਜੀ ਦੀ ਕਹਾਣੀ’ ਅਤੇ ਦਰਸ਼ਨ ਸਿੰਘ ਅਵਾਰਾ ਨਾਲ ਮਿਲ ਕੇ ‘ਮਾਸਟਰ ਜੀ’, ‘ਲਾਡੂ ਤੇ ਮਿੱਠੂ’, ‘ਸਾਡਾ ਦੇਸ਼‘’, ‘ਮਾਸਟਰ ਜੀ ਤੇ ਹੋਰ ਡਰਾਮੇ’ ਆਦਿ ਪੁਸਤਕਾਂ ਲਿਖੀਆਂ।

          ਹਰ ਸਾਹਿਤ-ਰੂਪ ਨੂੰ ਨਵੀਂ ਨੁਹਾਰ ਦੇਣ ਵਾਲੇ ਇਸ ਸਰਬ-ਪੱਖੀ ਸਾਹਿਤਕਾਰ ਦੀ ਪੰਜਾਬੀ ਨੂੰ ਦੇਣ ਅਮੁੱਲੀ ਹੈ।

          ਹ. ਪੁ.––ਸਾਹਿਤ ਸਮਾਚਾਰ, ਸੇਖੋਂ ਅੰਕ; ਪੰ. ਸਾ. ਇ. (ਭਾਸ਼ਾ ਵਿਭਾਗ-ਭਾਗ 2); ਪੰ. ਸਾ. ਉ. ਤੇ ਵਿ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 14087, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਸੇਖੋਂ ਸੰਤ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੇਖੋਂ, ਸੰਤ ਸਿੰਘ  :    ਪੰਜਾਬੀ ਸਾਹਿਤ ਦੇ ਬਾਬਾ ਬੋਹੜ ਕਰ ਕੇ ਜਾਣੇ ਜਾਂਦੇ ਇਸ ਸੁਪ੍ਰਸਿੱਧ ਲੇਖਕ ਦਾ ਜਨਮ ਚੱਕ ਨੰ : 70, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਚ ਇਕ ਕਿਸਾਨ ਪਰਿਵਾਰ ਵਿਚ ਸ. ਹੁਕਮ ਸਿੰਘ ਦੇ ਘਰ 30 ਮਈ, 1908 ਨੂੰ ਹੋਇਆ। ਇਸ ਨੇ ਫੌਰਮਨ ਕ੍ਰਿਸਚਿਨ (ਐਫ.ਸੀ.) ਕਾਲਜ, ਲਾਹੌਰ ਤੋਂ ਬੀ. ਏ. ਕੀਤੀ ਅਤੇ ਫਿਰ ਸੰਨ 1930 ਵਿਚ ਐਮ. ਏ. ਅਰਥ ਸ਼ਾਸਤਰ ਅਤੇ 1931 ਵਿਚ ਐਮ. ਏ. ਅੰਗਰੇਜ਼ੀ ਪਾਸ ਕੀਤੀ। ਇਹ 1931 ਵਿਚ ਹੀ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਚ ਲੈਕਚਰਾਰ ਲੱਗਾ ਗਿਆ ਅਤੇ 1951 ਤਕ ਇਸੇ ਅਹੁਦੇ ਤੇ ਰਿਹਾ। ਇਸ ਨੇ 1953-61 ਤਕ ਗੁਰੂਸਰ ਸਧਾਰ ਕਾਲਜ ਵਿਖ ਲੰਗਰੇਜ਼ੀ ਵਿਭਾਗ ਦੇ ਮੁਖੀ ਦੇ ਤੌਰ ਤੇ ਸੇਵਾ ਕੀਤੀ।

           ਇਸ ਨੇ ਪਹਿਲਾਂ ਅੰਗਰੇਜ਼ੀ ਵਿਚ ਲਿਖਣਾ ਆਰੰਭ ਕੀਤਾ ਤੇ ਸਭ ਤੋਂ ਪਹਿਲਾ ਨਾਟਕ 'ਈਵ ਐਟ ਬੇ' 1933 ਈ.  ਵਿਚ ਲਿਖਿਆ। ਇਸ ਮਗਰੋਂ ਲਾਹੌਰ ਤੋਂ ਅੰਗਰੇਜ਼ੀ ਰਸਾਲਾ 'ਨਾਰਦਰਨ ਰਿਵੀਊ' ਕੱਢਿਆ ਪਰ ਅਠਾਰਾਂ ਮਹੀਨੇ ਬਾਅਦ ਇਹ ਘੱਟ ਪਾਠਕਾਂ ਕਾਰਨ ਬੰਦ ਕਰਨਾ ਪਿਆ। ਰਿਟਾਇਰ ਹੋਣ ਉਪਰੰਤ ਇਸ ਨੇ ਲਿਖਣਾ ਹੀ ਆਪਣਾ ਕਿੱਤਾ ਬਣਾ ਲਿਆ। ਪੰਜਾਬੀ ਦਾ ਬਹੁਪੱਖੀ ਸਾਹਿਤਕਾਰ ਹੋਣ ਦੇ ਨਾਤੇ ਇਸ ਨੇ ਨਾਟਕ, ਇਕਾਂਗੀ, ਨਾਵਲ, ਕਹਾਣੀ ਆਲੋਚਨਾ ਅਤੇ ਨਿਬੰਧ ਆਦਿ ਹਰ ਕਿਸਮ ਦੀ ਰਚਨਾ ਕੀਤੀ। ਕਾਵਿ ਰੂਪ ਵਿਚ ਰਚਨਾ ਕਰ ਕੇ ਇਸ ਨੇ ਸਾਹਿਤਕਾਰਾਂ ਵਿਚਕਾਰ ਆਪਣੀ ਨਿਵੇਕਲੀ ਥਾਂ ਬਣਾਈ।

         ਸੇਖੋਂ ਮਾਰਕਸਵਾਦੀ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸੀ। ਭਾਰਤੀ ਅਤੇ ਪੱਛਮੀ ਪਰੰਪਰਾ ਦਾ ਜਾਣੂ ਇਹ ਬੌਧਿਕਧਾਰਾ ਦਾ ਯਥਾਰਥਵਾਦੀ ਨਾਟਕਕਾਰ ਸੀ। ਪੰਜਾਬੀ ਨਾਟਕ ਸਾਹਿਤ ਵਿਚ ਇਹ ਇਕ ਨਵਾਂ ਪੜਾਅ ਲੈ ਕੇ ਆਇਆ। ਸੰਨ 1941 ਵਿਚ ਇਸ ਦੇ ਲਿਖੇ ਛੇ ਇਕਾਂਗੀ ਨਾਟਕਾਂ ਦੀ ਪਹਿਲੀ ਪੁਸਤਕ 'ਛੇ-ਘਰ' ਛਪੀ ਅਤੇ ਇਸ ਨਾਲ ਚੰਗੇ ਪੰਜਾਬੀ ਲੇਖਕਾਂ ਵਿਚ ਸੇਖੋਂ ਦਾ ਨਾਂ ਗਿਣਿਆ ਜਾਣ ਲੱਗਾ। ਸੇਖੋਂ ਦੀ ਨਾਟਕ-ਕਲਾ ਦੀ ਵਿਸ਼ੇਸ਼ਤਾ ਥੋੜ੍ਹੇ ਪਾਤਰ, ਇਕਹਿਰਾ ਦ੍ਰਿਸ਼ ਪਿਛੋਕੜ, ਪਰਮਾਣਿਕ ਤੇ ਯੁਗ ਚੇਤੰਨਤਾ ਦੇ ਵਿਸ਼ੇ ਅਤੇ ਭਰਪੂਰ ਸਮਾਜਿਕ ਮਾਹੌਲ ਹੈ। ਇਸ ਨੇ ਤਪਿਆ ਕਿਉਂ ਖਪਿਆ, ਨਾਟ ਸੁਨੇਹੇ, ਸੁੰਦਰ  ਪਦ ਆਦਿ ਇਕਾਂਗੀ ਵਿਸ਼ੇਸ਼ ਤੌਰ ਤੇ ਬੱਚਿਆਂ ਲਈ ਲਿਖੇ। 'ਮੇਰੇ ਦਸ ਇਕਾਂਗੀ' ਅਤੇ 'ਮੇਰੇ ਚੋਣਵੇਂ ਇਕਾਂਗੀ' ਆਦਿ ਸਮਾਜਿਕ ਵਿਸ਼ਿਆਂ ਬਾਰੇ ਇਕਾਂਗੀ ਸੰਗ੍ਰਹਿ, ਪੰਜਾਬੀ ਸਾਹਿਤ ਨੂੰ ਦਿੱਤੇ।

            ਸੰਨ 1943 ਵਿਚ ਸੇਖੋਂ ਦਾ ਕਹਾਣੀ ਸੰਗ੍ਰਹਿ 'ਸਮਾਚਾਰ' ਛਪਿਆ। ਇਸ ਤੋਂ ਬਾਅਦ 'ਕਾਮੇ ਤੇ ਯੋਧੇ', 'ਅੱਧੀ ਵਾਟ'  'ਤੀਜਾ ਪਹਿਰ' ਅਤੇ 'ਸਿਆਣ', ਚਾਰ ਹੋਰ ਸੰਗ੍ਰਹਿ ਛਪੇ। ਇਸ ਦੀਆਂ ਕਹਾਣੀਆਂ ਵਿਚ ਆਮ ਜੀਵਨ ਦੀਆਂ ਸਮਾਜਕ, ਆਰਥਕ, ਰਾਜਸੀ ਤੇ ਦਾਰਸ਼ਨਿਕ ਸਮੱਸਿਆਵਾਂ ਦਾ ਝਲਕਾਰਾ ਮਿਲਦਾ ਹੈ। ਇਸ ਦੀ ਆਧੁਨਿਕ ਸ਼ੈਲੀ, ਯਥਾਰਥਵਾਦੀ ਵਿਸ਼ਾ, ਪ੍ਰਗਤੀਵਾਦੀ ਆਸ਼ਾ, ਲਿੰਗ-ਵਾਸ਼ਨਾ ਦਾ ਖੁਲ੍ਹਾ ਵਰਣਨ, ਮਾਨਸਕ ਵਿਸ਼ਲੇਸ਼ਣ, ਸਥਾਨਕ ਉਪ-ਭਾਸ਼ਾ ਦਾ ਉਪਯੋਗ ਤੇ ਵਿਅੰਗ ਆਦਿ ਇਕ ਅਤਿ ਸਾਧਾਰਨ ਘਟਨਾ ਨੂੰ ਵੀ ਵਧੀਆ ਕਹਾਣੀ ਦਾ ਰੂਪ ਦਿੰਦੇ ਹਨ।

          ਸੰਨ 1946 ਵਿਚ ਸੇਖੋਂ ਨੇ 'ਕਲਾਕਾਰ' ਅਤੇ ਇਸ ਤੋਂ ਬਾਅਦ 'ਨਾਰਕੀ',  'ਵਾਰਸ'  'ਭੂਮੀਦਾਨ'   'ਮੋਇਆ ਸਾਰ ਨਾ ਕਾਈ',  'ਬੇੜਾ ਬੰਧ ਨਾ ਸਕਿਓ',  'ਦਮਯੰਤੀ',  'ਸਿਆਲਾਂ ਦੀ ਨੱਢੀ',  'ਮਿੱਤਰ ਪਿਆਰਾ' ਆਦਿ ਨਾਟਕ ਵੀ ਪੰਜਾਬੀ ਸਾਹਿਤ ਨੂੰ ਦਿੱਤੇ। ਇਹ ਮਿਥਿਹਾਸਕ, ਇਤਿਹਾਸਕ ਅਤੇ ਸਮਾਜਿਕ ਹਰ ਤਰ੍ਹਾਂ ਦੇ ਵਿਸ਼ਿਆਂ ਤੇ ਨਾਟਕ ਲਿਖਣ ਵਿਚ ਇਕ ਕਾਮਯਾਬ ਨਾਟਕਕਾਰ ਸੀ। 'ਬਹਾਦਰ ਭੈਣ' ਅਤੇ 'ਮੈਕਬੱਥ' ਇਸ  ਦੇ ਅਨੁਵਾਦਤ ਨਾਟਕ ਹਨ।

          ਪੰਜਾਬੀ ਸਾਹਿਤ ਦੇ ਸ਼ੋਮਣੀ ਲੇਖਕਾਂ ਵਿਚ ਸੋਖੋਂ ਦਾ ਨਾਂ ਪਹਿਲੀ ਕਤਾਰ ਵਿਚ ਆਉਂਦਾ ਹੈ। ਸੇਖੋਂ ਦਾ ਨਾਵਲ 'ਲਹੂ ਮਿੱਟੀ' ਪੰਜਾਬੀ ਨਾਵਲ ਕਲਾ ਦੇ ਇਤਿਹਾਸ ਵਿਚ ਇਕ ਮੀਲ ਪੱਥਰ ਹੈ ਜਿਸ ਵਿਚ ਇਕ ਗ਼ਰੀਬ ਕਿਸਾਨ ਦੇ ਸਮਾਜਕ ਅਤੇ ਆਰਥਕ ਜੀਵਨ ਨੂੰ ਪਰਮਾਣਿਕ ਢੰਗ ਨਾਲ ਪਹਿਲੀ ਵਾਰ ਦਰਸਾਇਆ ਗਿਆ ਹੈ। ਇਸ ਨਾਵਲ ਕਾਰਨ ਸੇਖੋਂ ਨੂੰ ਬਹੁਤ ਸ਼ੁਹਰਤ ਮਿਲੀ।

          ਸੇਖੋਂ ਪੰਜਾਬੀ ਸਾਹਿਤ ਵਿਚ ਪ੍ਰਗਤੀਵਾਦੀ ਆਲੋਚਨਾ ਦਾ ਮੋਢੀ ਹੈ। ਪੰਜਾਬੀ ਸਾਹਿਤ ਵਿਚ ਆਧੁਨਿਕ ਦ੍ਰਿਸ਼ਟੀਕੋਣ ਦਾ ਪਸਾਰ ਕਰਨ ਵਿਚ ਇਸ ਦਾ ਬਹੁਤ ਯੋਗਦਾਨ ਹੈ। 'ਸਾਹਿਤਿਆਰਥ',  'ਪੰਜਾਬੀ ਕਾਵਿ ਸ਼ਿਰੋਮਣੀ',  'ਪ੍ਰਸਿੱਧ ਪੰਜਾਬੀ ਕਵੀ', 'ਭਾਈ ਵੀਰ ਸਿੰਘ ਤੇ ਉਨ੍ਹਾਂ ਦਾ ਯੁਗ' ਆਦਿ ਰਚਨਾਵਾਂ ਅਤੇ ਹੋਰ ਅਨੇਕ ਲੇਖਾਂ, ਗੋਸ਼ਟੀ ਪੱਤਰਾਂ ਵਿਚ ਸੇਖੋਂ ਨੇ ਆਪਣਾ ਸਮੀਖਿਆ ਸਿਧਾਂਤ ਪੇਸ਼ ਕੀਤਾ ਹੈ।ਇਸ ਦਾ ਲਿਖਣ ਢੰਗ ਵਿਗਿਆਨਕ ਤੇ ਬੌਧਿਕ ਹੈ। ਪੰਜਾਬੀ ਕਾਵਿ ਸ਼ਿਰੋਮਣੀ ਵਿਚ ਪੰਜ ਪਹਿਲੇ ਸਿੱਖ ਗੁਰੂ, ਸ਼ੇਖ ਫ਼ਰੀਦ ਅਤੇ ਭਾਈ ਗੁਰਦਾਸ ਦੀਆਂ ਰਚਨਾਵਾਂ ਦੀ ਆਲੋਚਨਾ ਹੈ। ਉੱਤਮ ਸਾਹਿਤਕ ਨਿਬੰਧਾਂ ਤੋਂ ਇਲਾਵਾ ਸੇਖੋਂ ਨੇ 'ਪ੍ਰਗਤੀ ਪੰਧ' ਨਾਂ ਦੀ ਪੁਸਤਕ ਲਿਖ ਜਿਸ ਨੂੰ ਆਧੁਨਿਕ ਚਿੰਤਨ ਅਤੇ ਵਿਗਿਆਨ ਦ੍ਰਿਸ਼ਟੀਕੋਣ ਅਤੇ ਮਨੁੱਖੀ ਇਤਿਹਾਸ ਦੇ ਵਿਕਾਸ ਦਾ ਪ੍ਰਗਤੀਸ਼ੀਲ ਵਿਵੇਚਨ ਆਖਿਆ ਜਾ ਸਕਦਾ ਹੈ। ਇਸ ਨੇ ਇਕ ਕਾਵਿ ਪੁਸਤਕ 'ਕਾਵਿ-ਦੂਤ' ਵੀ ਲਿਖੀ। ਇਸ ਨੇ ਬੱਚਿਆਂ ਲਈ ਗਾਂਧੀ ਜੀ ਦੀ ਕਹਾਣੀ ਅਤੇ ਦਰਸ਼ਨ ਸਿੰਘ ਅਵਾਰਾ ਨਾਲ ਮਿਲ ਕੇ ਮਾਸਟਰ ਜੀ, ਲਾਡੂ ਤੇ ਮਿਠੂ, ਸਾਡਾ ਦੇਸ਼ ਤੇ ਹੋਰ ਡਰਾਮੇ ਆਦਿ ਪੁਸਤਕਾਂ ਵੀ ਲਿਖੀਆਂ।

           ਸੇਖੋਂ ਨੇ 1952 ਈ. ਵਿਚ ਲੋਕ ਸਭਾ ਦੀ ਚੋਣ ਲੜੀ ਪਰ ਕਾਮਯਾਬ ਨਹੀਂ ਹੋਇਆ। ਇਸ ਤੋਂ ਮਗਰੋਂ ਸੇਖੋਂ ਮੁੜ ਆਪਣੇ ਪੜ੍ਹਨ  ਪੜ੍ਹਾਉਣ ਦੇ ਖੇਤਰ ਵਿਚ ਹੀ ਰਿਹਾ। ਸੰਨ 1953 ਵਿਚ ਖ਼ਾਲਸਾ ਕਾਲਜ, ਗੁਰੂਸਰ ਸਧਾਰ, (ਜ਼ਿਲ੍ਹਾ ਲੁਧਿਆਣਾ) ਵਿਖੇ ਅੱਠ ਸਾਲ ਅੰਗਰੇਜ਼ੀ ਵਿਭਾਗ ਦੇ ਮੁਖੀ ਦੇ ਤੌਰ ਤੇ ਕੰਮ ਕੀਤਾ। ਸੰਨ 1961 ਵਿਚ ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ ਦਾ ਪ੍ਰਿੰਸੀਪਲ ਅਤੇ 1965 ਈ. ਵਿਚ ਖ਼ਾਲਸਾ ਕਾਲਜ, ਪਟਿਆਲਾ ਦਾ ਪ੍ਰਿੰਸੀਪਲ ਬਣਿਆ। ਫਿਰ ਇਹ 1968 ਤੋਂ 1971 ਈ. ਤਕ ਗੁਰੂ ਗੋਬਿੰਦ ਸਿੰਘ ਕਾਲਜ, ਜੰਡਿਆਲਾ ਦਾ ਪ੍ਰਿੰਸੀਪਲ ਰਿਹਾ। ਸੰਨ 1971 ਤੋਂ ਬਾਅਦ  ਇਹ ਆਪਣੇ ਪਿੰਡ ਦਾਖਾ (ਲੁਧਿਆਣਾ) ਵਿਚ ਹੀ ਰਹਿੰਦਾ ਰਿਹਾ।

             ਪੰਜਾਬੀ ਸਾਹਿਤ ਨੂੰ ਇਸ ਦੀ ਅਮੁੱਲੀ ਦੇਣ ਸਦਕਾ ਭਾਰਤ ਸਰਕਾਰ ਨੇ ਇਸ ਨੂੰ ਸੰਨ 1986 ਵਿਚ 'ਪਦਮ ਸ੍ਰੀ' ਦਾ ਸਨਮਾਨ ਦਿੱਤਾ। ਇਸ ਨੂੰ ਸਾਹਿਤ ਅਕਾਦਮੀ ਐਵਾਰਡ ਤੋਂ ਇਲਾਵਾ 1972 ਈ. ਵਿਚ ਭਾਸ਼ਾ ਵਿਭਾਗ, ਪੰਜਾਬ ਨੇ ਸ਼੍ਰੋਮਣੀ ਸਾਹਿਤਕਾਰ ਦਾ ਸਨਮਾਨ ਵੀ ਪ੍ਰਦਾਨ ਕੀਤਾ। ਇਸਦਾ  7 ਅਕਤੁਬਰ, 1997 ਨੂੰ ਦੇਹਾਂਤ ਹੋ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12858, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-11-57-31, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ. 5. ; ਦੀ. ਟ੍ਰਿ. ਫ਼ਰਵਰੀ 15. 1987; ਸ. ਸੋ. (ਭਾ. ਵਿ. ਪੰ)

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.