ਸੋਹਣਾ ਜ਼ੈਨੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੋਹਣਾ ਜ਼ੈਨੀ : ਇਹ ਸੋਹਣੀ ਦੇ ਦੇਸ਼ ਗੁਜਰਾਤ (ਪਾਕਿਸਤਾਨ) ਦੀ ਇਕ ਹੋਰ ਪ੍ਰੀਤ ਕਹਾਣੀ ਹੈ ਜਿਸ ਨੂੰ ਖ਼ਾਹਸ਼ ਅਲੀ, ਕਵੀ ਜਲਾਲ ਅਤੇ ਬਖਸ਼ੀ ਈਸਾਈ ਨੇ ਕਿੱਸਿਆਂ ਦਾ ਰੂਪ ਦਿੱਤਾ ਹੈ। ਇਨ੍ਹਾਂ ਕਿੱਸਿਆਂ ਤੋਂ ਇਸ ਕਥਾਂ ਦੇ ਵਾਪਰਨ ਦੇ ਸਮੇਂ ਦਾ ਸਹੀ ਪਤਾ ਨਹੀਂ ਲਗਦਾ। ਕਵੀ ਜਲਾਲ, ਜਿਹੜਾ ਜ਼ਿਲ੍ਹਾ ਸਿਆਲਕੋਟ ਦਾ ਰਹਿਣ ਵਾਲਾ ਸੀ ਆਪਣਾ ਕਿੱਸਾ ਸਮਾਪਤ ਕਰਨ ਦੀ ਮਿਤੀ 8 ਜਨਵਰੀ, 1931 ਈ. ਦੱਸਦਾ ਹੈ। ਇਨ੍ਹਾਂ ਕਿੱਸਿਆਂ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਸਭ ਤੋਂ ਪਹਿਲਾਂ ਖ਼ਾਹਸ਼ ਅਲੀ ਨੇ ਕਿਸੇ ਪੁਰਸ਼ ਪਾਸੋਂ ਇਸ ਕਹਾਣੀ ਨੂੰ ਸੁਣਿਆ ਤੇ ਇਸਨੂੰ ਕਿੱਸੇ ਦਾ ਰੂਪ ਦਿੱਤਾ। ਕਹਿੰਦੇ ਹਨ ਕਿ ਜ਼ਿਲ੍ਹਾ ਗੁਜਰਾਤ ਦੇ ਚੱਕ ਅਬਦੁੱਲਾ ਨਾਮ ਪਿੰਡ ਦੇ ਮਾਲਕ ਅਬਦੁੱਲਾ ਦੇ ਖੂਹ ਦੇ ਨੇੜੇ ਜੋਗੀਆਂ ਨੇ ਡੇਰਾ ਲਗਾਇਆ ਹੋਇਆ ਸੀ। ਅਬਦੁੱਲਾ ਦਾ ਸਭ ਤੋਂ ਛੋਟਾ ਨੌਜਵਾਨ ਪੁੱਤਰ ਸੋਹਣਾ ਇਕ ਦਿਨ ਸ਼ਿਕਾਰ ਖੇਡਦਾ ਖੇਡਦਾ ਆਪਣੇ ਖੂਹ ਤੇ ਜਾ ਪੁੱਜਾ। ਉੱਥੇ ਉਸ ਵੇਲੇ ਡੇਰੇ ਦੇ ਮੁਖੀ ਜੋਗੀ ਸਮਰ ਨਾਥ ਦੀ ਅਲਬੇਲੀ ਧੀ ਜ਼ੈਨੀ ਆਪਣੀ ਸਹੇਲੀ ਚੰਦਾ ਨਾਲ ਖੂਹ ਤੋਂ ਪਾਣੀ ਭਰ ਰਹੀ ਸੀ। ਸੋਹਣਾ ਜ਼ੈਨੀ ਦੇ ਹੁਸਨ ਦੀ ਤਾਬ ਨਾ ਝਲ ਸਕਿਆ ਤੇ ਉਹ ਜ਼ੈਨੀ ਤੇ ਮੋਹਤ ਹੋ ਗਿਆ। ਜ਼ੈਨੀ ਪਾਣੀ ਦੇ ਘੜੇ ਭਰਕੇ ਆਪਣੇ ਡੇਰੇ ਜਾ ਪੁੱਜੀ ਤੇ ਸੋਹਣਾ ਜ਼ੈਨੀ ਦੀ ਮਿੱਠੀ ਤੇ ਨਿੱਘੀ ਨੁਹਰ ਦਾ ਰਾਂਗਲਾ ਸੁਪਨਾ ਆਪਣੇ ਨੈਣਾਂ ਵਿਚ ਸਮੋ ਘਰ ਪਰਤ ਆਇਆ।

          ਪਰ ਦੂਜੀ ਭਲਕ ਜੋਗੀ ਆਪਣਾ ਡੇਰਾ ਚੁਕਕੇ ਅਗਾਂਹ ਟੁਰ ਗਏ। ਸੋਹਣਾ ਜ਼ੈਨੀ ਦੀ ਭਾਲ ਵਿਚ ਖੋਤਿਆਂ ਦਾ ਖੁਰਾ ਫੜਕੇ ਉਨ੍ਹਾਂ ਮਗਰ ਹੋ ਤੁਰਿਆ ਤੇ ਕਈ ਦਿਨਾਂ ਦੀ ਭਟਕਣਾ ਮਗਰੋਂ ਡੇਰੇ ਨਾਲ ਜਾ ਰਲਿਆ ਅਤੇ ਸਮਰ ਨਾਥ ਦੇ ਮਿਨਤਾਂ ਤਰਲੇ ਕਰਕੇ ਡੇਰੇ ਦੇ ਖੋਤੇ ਚਾਰਨ ਲੱਗਾ। ਪੂਰਾ ਇਕ ਵਰ੍ਹਾ ਉਹ ਖੋਤੇ ਚਰਾਂਦਾ ਰਿਹਾ। ਜ਼ੈਨੀ ਉਸ ਦੇ ਇਸ਼ਕ ਤੋਂ ਬੇਖ਼ਬਰ ਰਹੀ। ਆਖ਼ਰ ਇਕ ਦਿਨ ਸੋਹਣੇ ਨੇ ਆਪਣਾ ਦਿਲ ਜ਼ੈਨੀ ਅੱਗੇ ਫੋਲ ਸੁਟਿਆ। ਜ਼ੈਨੀ ਨੇ ਅੱਗੋਂ ਪਿਆਰ ਦੀ ਥਾਂ ਫਿੱਟਕਾਰਾਂ ਪਾਈਆਂ। ਇਕ ਵਰ੍ਹਾ ਹੋਰ ਬੀਤ ਗਿਆ। ਆਖ਼ਰ ਜ਼ੈਨੀ ਲਈ ਸੋਹਣੇ ਦੀ ਤਪੱਸਿਆ ਪੂਰੀ ਹੋ ਗਈ। ਜ਼ੈਨੀ ਸੋਹਣੇ ਦੀ ਹੋ ਗਈ। ਸੋਹਣਾ ਖੋਤੇ ਚਰਾਂਦਾ ਤੇ ਜ਼ੈਨੀ ਉਸ ਲਈ ਰੋਟੀ ਲੈ ਕੇ ਜਾਂਦੀ। ਦੋਨੋਂ ਪਿਆਰ ਮਿਲਣੀਆਂ ਮਾਣਦੇ। ਆਖ਼ਰ ਇਨ੍ਹਾਂ ਦੇ ਇਸ਼ਕ ਦੀ ਚਰਚਾ ਡੇਰੇ ਵਿਚ ਛਿੜ ਪਈ। ਸਮਰ ਨਾਥ ਨੇ ਸੋਹਣੇ ਨੂੰ ਡੇਰੇ ਵਿਚੋਂ ਕੱਢ ਦਿੱਤਾ ਪਰ ਸੋਹਣਾ ਨਾ ਗਿਆ ਤੇ ਡੇਰੇ ਦ ਬਾਹਰ ਆਪਣਾ ਡੇਰਾ ਜਮਾ ਕੇ ਬੈਠ ਗਿਆ। ਜੋਗੀ ਰਾਤ ਸਮੇਂ ਉਸ ਨੂੰ ਇਕ ਦਰੱਖਤ ਨਾਲ ਬੰਨ੍ਹਕੇ ਆਪ ਆਪਣਾ ਡੇਰਾ ਅਗਾਂਹ ਲੈ ਤੁਰੇ। ਦੂਜੀ ਭਲਕ ਕਿਸੇ ਸ਼ਿਕਾਰੀ ਨੇ ਸੋਹਣੇ ਨੂੰ ਦਰੱਖਤ ਨਾਲੋਂ ਖੋਹਲ ਦਿੱਤਾ। ਉਹ ਜ਼ੈਨੀ ਜ਼ੈਨੀ ਕੂਕਦਾ ਜੋਗੀਆਂ ਦੇ ਡੇਰੇ ਦੀ ਭਾਲ ਕਰਦਾ ਰਿਹਾ ਤੇ ਆਖ਼ਰ ਕਈ ਦਿਨਾਂ ਦੀ ਭਾਲ ਮਗਰੋਂ ਡੇਰੇ ਵਿਚ ਜਾ ਪੁੱਜਾ ਤੇ ਆਪਣੀ ਜ਼ੈਨੀ ਨੂੰ ਜਾ ਸਿਜਦਾ ਕੀਤਾ। ਜੋਗੀਆਂ ਨੂੰ ਪੂਰਾ ਯਕੀਨ ਹੋ ਗਿਆ ਕਿ ਉਹ ਜ਼ੈਨੀ ਦਾ ਪਿੱਛਾ ਛੱਡਣ ਵਾਲਾ ਨਹੀਂ। ਉਨ੍ਹਾਂ ਹੁਣ ਸੋਹਣੇ ਨੂੰ ਸੱਪ ਲੜਾਕੇ ਮਾਰਨ ਦੀ ਵਿਉਂਤ ਬਣਾਈ। ਚੰਦਾ ਨੇ ਜ਼ੈਨੀ ਨੂੰ ਇਸ ਵਿਉਂਤ ਬਾਰੇ ਜਾ ਦੱਸਿਆ।

          ਜੋਗੀ ਸੋਹਣੇ ਨੂੰ ਡੇਰੇ ਤੋਂ ਬਾਹਰ ਲੈ ਗਏ। ਅਤਿ ਜ਼ਹਿਰੀਲਾ ਨਾਗ (ਕੁਲਮਾਰ) ਉਨ੍ਹਾਂ ਦੇ ਕੋਲ ਸੀ। ਆਥਣ ਗੂੜ੍ਹੀ ਹੋਈ, ਬੀਨਾਂ ਵੱਜੀਆਂ, ਕੁਲਮਾਰ ਨਾਗ ਸੋਹਣੇ ਤੇ ਝੱਪਟਿਆ ਤੇ ਉਸਦੇ ਦੁਆਲੇ ਕਈ ਵਲ੍ਹੇਟ ਪਾ ਲਏ। ਜ਼ਹਿਰ ਨਾਲ ਸੋਹਣੇ ਦਾ ਸਰੀਰ ਕਾਲਾ ਸ਼ਾਹ ਹੋ ਗਿਆ ਤੇ ਉਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ। ਜੋਗੀਆਂ ਨੇ ਸਮਝਿਆ ਕਿ ਉਹ ਮਰ ਗਿਆ ਹੈ। ਇਸੇ ਖ਼ੁਸ਼ੀ ਵਿਚ ਉਹ ਡੇਰੇ ਆਕੇ ਨੱਚਣ ਗਾਉਣ ਲੱਗ ਪਏ। ਜ਼ੈਨੀ ਚੰਦਾ ਦੀ ਮਦਦ ਨਾਲ ਅੱਧਮੋਏ ਸੋਹਣੇ ਪਾਸ ਪੁੱਜੀ ਤੇ ਸਾਰੀ ਰਾਤ ਕਈ ਇਕ ਬੂਟੀਆਂ ਸੋਹਣੇ ਦੇ ਸਰੀਰ ਤੇ ਮਲਦੀ ਰਹੀ। ਪਹੁ ਫੁਟਾਲੇ ਤੱਕ ਉਹ ਸੁਰਤ ਵਿਚ ਆ ਗਿਆ। ਜੋਗੀ ਰਾਗ ਰੰਗ ਵਿਚ ਮਸਤ ਸਨ। ਸੋਹਣਾ ਤੇ ਜ਼ੈਨੀ ਸੋਹਣੇ ਦੇ ਪਿੰਡ ਨੂੰ ਨੱਸ ਤੁਰੇ। ਆਖ਼ਰ ਜੋਗੀਆਂ ਤੋਂ ਲੁਕਦੇ ਛਿਪਦੇ ਉਹ ਚੱਕ ਅਬਦੁੱਲਾ ਪੁਜ ਗਏ। ਸੋਹਣੇ ਦੇ ਪਿਤਾ ਨੇ ਸ਼ਰ੍ਹਾ ਅਨੁਸਾਰ ਸੋਹਣੇ ਦਾ ਨਿਕਾਹ ਜ਼ੈਨੀ ਨਾਲ ਪੜ੍ਹਾ ਦਿੱਤਾ।


ਲੇਖਕ : ਸੁਖਦੇਵ ਮਾਦਪੁਰੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 137, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.