ਸੰਗਤ ਸਿੰਘ, ਭਾਈ (ਮ. 1705 ਈ.) ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸੰਗਤ ਸਿੰਘ, ਭਾਈ (ਮ. 1705 ਈ.): ਗੁਰੂ ਗੋਬਿੰਦ ਸਿੰਘ ਜੀ ਦਾ ਹਮ-ਸ਼ਕਲ ਅਤੇ ਹਮ-ਉਮਰ ਭਾਈ ਸੰਗਤ ਸਿੰਘ ਦਾ ਜਨਮ ਰੋਪੜ ਜ਼ਿਲ੍ਹੇ ਕੇ ਕੱਟਾ ਸਬੌਰ (ਨੇੜੇ ਨੂਰਪੁਰ ਬੇਦੀ) ਦੇ ਇਕ ਰਾਮਦਾਸੀਆ ਪਰਿਵਾਰ ਵਿਚ ਹੋਇਆ। ਹੋਸ਼ ਸੰਭਾਲਦਿਆਂ ਹੀ ਇਹ ਆਨੰਦਪੁਰ ਆ ਗਿਆ ਅਤੇ ਯੁੱਧ- ਵਿਦਿਆ ਵਿਚ ਪ੍ਰਬੀਨਤਾ ਹਾਸਲ ਕਰਨ ਤੋਂ ਬਾਦ ਗੁਰੂ ਜੀ ਦੇ ਅੰਗ-ਸੰਗ ਰਿਹਾ। ਜਦੋਂ ਆਨੰਦਪੁਰ ਦਾ ਕਿਲ੍ਹਾ ਛਡਣ ਉਪਰੰਤ ਗੁਰੂ ਜੀ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਸਹਿਤ ਚਮਕੌਰ ਦੀ ਕੱਚੀ ਗੜ੍ਹੀ ਵਿਚ ਪਹੁੰਚੇ ਤਾਂ ਇਹ ਵੀ ਉਨ੍ਹਾਂ ਨਾਲ ਸੀ। ਜਦੋਂ ਦੋਵੇਂ ਸਾਹਿਬਜ਼ਾਦੇ ਅਤੇ 35 ਸਿੰਘ ਸ਼ਹੀਦ ਹੋ ਗਏ ਤਾਂ ਬਾਕੀ ਬਚਦੇ ਪੰਜ ਸਿੰਘਾਂ— ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਤ ਸਿੰਘ ਅਤੇ ਭਾਈ ਸੰਗਤ ਸਿੰਘ — ਨੇ ਗੁਰੂ ਜੀ ਅਗੇ ਪ੍ਰਾਰਥਨਾ ਕੀਤੀ ਕਿ ਉਹ ਪੰਥ ਦੇ ਹਿਤ ਲਈ ਗੜ੍ਹੀ ਛਡ ਜਾਣ। ਗੁਰੂ ਜੀ ਨੇ ਪੰਜ ਸਿੰਘਾਂ ਦਾ ਹੁਕਮ ਮੰਨਦੇ ਹੋਇਆਂ ਭਾਈ ਦਯਾ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨੂੰ ਨਾਲ ਲਿਆ ਅਤੇ 7/8 ਦਸੰਬਰ ਦੀ ਰਾਤ ਨੂੰ ਗੜ੍ਹੀ ਛਡ ਕੇ ਮਾਛੀਵਾੜੇ ਵਾਲੇ ਪਾਸੇ ਨਿਕਲ ਗਏ। ਗੜ੍ਹੀ ਛਡਣ ਤੋਂ ਪਹਿਲਾਂ ਆਪਣੇ ਬਸਤ੍ਰ ਅਤੇ ਕਲਗੀ ਭਾਈ ਸੰਗਤ ਸਿੰਘ ਨੂੰ ਸਜਾ ਦਿੱਤੀ। ਦੂਜੇ ਦਿਨ ਜਦੋਂ ਮੁਗ਼ਲ ਸੈਨਾ ਗੜ੍ਹੀ ਵਿਚ ਦਾਖ਼ਲ ਹੋਈ ਤਾਂ ਭਾਈ ਸੰਗਤ ਸਿੰਘ ਨੇ ਭਾਈ ਸੰਤ ਸਿੰਘ ਸਹਿਤ ਉਨ੍ਹਾਂ ਦਾ ਖ਼ੂਬ ਟਾਕਰਾ ਕੀਤਾ ਅਤੇ 8 ਦਸੰਬਰ 1705 ਈ. ਨੂੰ ਸ਼ਹੀਦੀ ਪਾਈ। ਪਹਿਲਾਂ ਤਾਂ ਭਾਈ ਸੰਗਤ ਸਿੰਘ ਦੇ ਸਰੂਪ ਨੂੰ ਵੇਖ ਕੇ ਮੁਗ਼ਲ ਸੈਨਾ-ਨਾਇਕ ਪ੍ਰਸੰਨ ਹੋਏ ਕਿ ਸਿੱਖਾਂ ਦਾ ਗੁਰੂ ਮਾਰਿਆ ਗਿਆ ਹੈ, ਪਰ ਜਲਦੀ ਹੀ ਉਨ੍ਹਾਂ ਨੂੰ ਅਸਲੀਅਤ ਦਾ ਪਤਾ ਲਗ ਗਿਆ ਅਤੇ ਉਨ੍ਹਾਂ ਦੀ ਫ਼ੌਜ ਨੇ ਮਾਛੀਵਾੜੇ ਦਾ ਸਾਰਾ ਇਲਾਕਾ ਘੇਰ ਲਿਆ।

            ਭਾਈ ਸੰਗਤ ਸਿੰਘ ਦੀ ਯਾਦ ਵਿਚ ਸੰਨ 1995 ਈ. ਵਿਚ ‘ਸ਼ਹੀਦ ਬਾਬਾ ਸੰਗਤ ਸਿੰਘ ਯਾਦਗਾਰੀ ਟਰੱਸਟ ’ ਬਣਾਇਆ ਗਿਆ ਅਤੇ ਉਨ੍ਹਾਂ ਦੇ ਪਿਦਰੀ ਘਰ ਵਾਲੀ ਥਾਂ ਉਤੇ ਇਕ ਸਮਾਰਕ ਉਸਾਰਿਆ ਗਿਆ ਹੈ ਜਿਥੇ ਹਰ ਸਾਲ 21 ਦਸੰਬਰ ਨੂੰ ਬਾਬਾ ਜੀ ਦਾ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 740, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.