ਸੰਘਰਸ਼ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਘਰਸ਼ [ ਨਾਂਪੁ ] ਕੁਝ ਪ੍ਰਾਪਤ ਕਰਨ ਵਾਸਤੇ ਕੀਤੀ ਕਾਰਵਾਈ , ਘੋਲ , ਜੱਦੋ-ਜਹਿਦ , ਸਖ਼ਤ ਕੋਸ਼ਿਸ਼; ਰਗੜ , ਘੱਸਾ , ਖਹਿ , ਲਗਾਤਾਰ ਭਰਪੂਰ ਯਤਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1429, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਘਰਸ਼ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਸੰਘਰਸ਼ : ਪ੍ਰਤਿਯੋਗਤਾ ਵਾਂਗ ਸੰਘਰਸ਼ ( Conflict ) ਵੀ ਮਨੁੱਖੀ ਸਮਾਜ ਦਾ ਇੱਕ ਬੁਨਿਆਦੀ ਲੱਛਣ ਹੈ । ਸਿੱਮਲ ਦਾ ਮੰਨਣਾ ਹੈ ਕਿ ਪੂਰੀ ਤਰ੍ਹਾਂ ਸੰਘਰਸ਼ ਰਹਿਤ ਇੱਕਸੁਰ ਸਮੂਹ ਅਮਲੀ ਰੂਪ ਵਿੱਚ ਮਿਲਣੇ ਅਸੰਭਵ ਹੀ ਹਨ । ਸਮਾਜ ਦੇ ਕਾਰਜਾਂ ਲਈ ਸਹਿਯੋਗ ਅਤੇ ਸੰਘਰਸ਼ ਦੋਵੇਂ ਪ੍ਰਕਿਰਿਆਵਾਂ ਜ਼ਰੂਰੀ ਹਨ । ਸੈਮੂਅਲ ਕੋਇਨਿੰਗ ਦਾ ਵਿਚਾਰ ਹੈ ਕਿ ਸੰਘਰਸ਼ ਹਮੇਸ਼ਾਂ ਵਿਨਾਸ਼ਕਾਰੀ ਅਤੇ ਨਕਾਰਾਤਮਕ ਨਹੀਂ ਹੁੰਦਾ ਸਗੋਂ ਬਹੁਤ ਵਾਰੀ ਇਹ ਸਾਕਾਰਾਤਮਕ ਅਤੇ ਰਚਨਾਤਮਿਕ ਉਦੇਸ਼ਾਂ ਦੀ ਪੂਰਤੀ ਵੀ ਕਰਦਾ ਹੈ । ਪਾਰਕ ਅਤੇ ਬਰਜਸ ਅਨੁਸਾਰ , ਪ੍ਰਤਿਯੋਗਤਾ ਅਤੇ ਸੰਘਰਸ਼ ਵਿਰੋਧ ਪ੍ਰਗਟ ਕਰਨ ਦੇ ਦੋ ਰੂਪ ਹਨ । ਪ੍ਰਤਿਯੋਗਤਾ ਅਵਿਅਕਤ ਅਤੇ ਨਿਰੰਤਰ ਹੁੰਦੀ ਹੈ ਜਦੋਂ ਕਿ ਸੰਘਰਸ਼ ਦਾ ਸਰੂਪ ਵਿਅਕਤਕ ਅਤੇ ਨਿਰੰਤਰਹੀਨ ਹੁੰਦਾ ਹੈ । ਕਿੰਗਸਲੇ ਡੇਵਿਸ ਦਾ ਮੰਨਣਾ ਹੈ ਕਿ ਸੰਘਰਸ਼ ਦਾ ਉਦੇਸ਼ ਵਿਰੋਧੀ ਨੂੰ ਨਸ਼ਟ ਕਰਨਾ ਜਾਂ ਉਸ ਤੋਂ ਛੁਟਕਾਰਾ ਪਾਉਣਾ ਹੈ । ਏ. ਡਬਲਿਊ ਗ੍ਰੀਨ ਦਾ ਵਿਚਾਰ ਹੈ ਕਿ ਸੰਘਰਸ਼ ਜਾਣ ਬੁਝ ਕੇ ਕੀਤਾ ਜਾਣ ਵਾਲਾ ਉਹ ਯਤਨ ਹੁੰਦਾ ਹੈ ਜੋ ਕਿਸੇ ਦੀ ਇੱਛਾ ਦਾ ਵਿਰੋਧ ਕਰਨ , ਉਸ ਉੱਪਰ ਰੋਕ ਜਾਂ ਦਬਾਅ ਪਾਉਣ ਲਈ ਕੀਤਾ ਜਾਂਦਾ ਹੈ ।

ਸੰਘਰਸ਼ ਦੀ ਪ੍ਰਕਿਰਿਆ ਦੀਆਂ ਮੁੱਖ ਵਿਸ਼ੇਸ਼ਤਾਈਆ ਹੇਠ ਲਿਖੇ ਅਨੁਸਾਰ ਹਨ :

1. ਸੰਘਰਸ਼ ਇੱਕ ਚੇਤਨ ਪ੍ਰਕਿਰਿਆ ਹੈ । ਸੰਘਰਸ਼ ਵਿੱਚ ਸ਼ਾਮਲ ਵਿਅਕਤੀਆਂ ਜਾਂ ਸਮੂਹਾਂ ਨੂੰ ਇੱਕ ਦੂਜੇ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ ਅਤੇ ਉਹ ਜਾਣ- ਬੁੱਝ ਕੇ ਅਤੇ ਸੋਚ-ਸਮਝ ਕੇ ਆਪਣੇ ਵਿਰੋਧੀਆਂ ਦਾ ਨਾਸ਼ ਕਰਨਾ ਚਾਹੁੰਦੇ ਹਨ ।

2. ਸੰਘਰਸ਼ ਇੱਕ ਪ੍ਰਗਟ ਪ੍ਰਕਿਰਿਆ ਹੈ । ਵਿਰੋਧੀਆਂ ਦਾ ਉਦੇਸ਼ ਇੱਕ ਦੂਜੇ   ਨੂੰ ਹਾਨੀ ਪਹੁੰਚਾਉਣਾ ਜਾਂ ਉਹਨਾਂ ਦਾ ਨਾਸ਼ ਕਰਨਾ ਹੁੰਦਾ ਹੈ । ਇਸ ਲਈ ਉਹ ਇੱਕ ਦੂਜੇ ਨੂੰ ਨਿੱਜੀ ਤੌਰ ’ ਤੇ ਜਾਣਦੇ ਹੁੰਦੇ ਹਨ ਅਤੇ ਇੱਕ ਦੂਜੇ ਬਾਰੇ ਪੂਰੀ ਜਾਣਕਾਰੀ ਰੱਖਦੇ ਹਨ ।

3. ਸੰਘਰਸ਼ ਨਿਰੰਤਰ ਪ੍ਰਕਿਰਿਆ ਨਹੀਂ ਹੈ ਸਗੋਂ ਸਮੇਂ-ਸਮੇਂ ਤੇ ਬੰਦ ਵੀ ਹੋ ਜਾਂਦੀ ਹੈ । ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਪ੍ਰਕਿਰਿਆ ਦਾ ਆਧਾਰ ਭਾਵਨਾਤਮਿਕ ਹੁੰਦਾ ਹੈ । ਭਾਵਨਾਵਾਂ ਵਿੱਚ ਪਰਿਵਰਤਨ ਦੇ ਨਾਲ-ਨਾਲ ਇਸ ਵਿੱਚ ਵੀ ਪਰਿਵਰਤਨ ਆਉਂਦਾ ਹੈ । ਉਦਾਹਰਨ ਵਜੋਂ ਕੋਈ ਵੀ ਯੁੱਧ ਹਮੇਸ਼ਾਂ ਨਹੀਂ ਚੱਲਦਾ ਸਗੋਂ ਕੁਝ ਦੇਰ ਬਾਅਦ ਸ਼ਾਂਤੀ ਵੀ ਸਥਾਪਿਤ ਹੋ ਸਕਦੀ ਹੈ ।

4. ਸੰਘਰਸ਼ ਇੱਕ ਸਰਬ-ਵਿਆਪਕ ਪ੍ਰਕਿਰਿਆ ਹੈ । ਇਹ ਪ੍ਰਕਿਰਿਆ ਹਰ ਇੱਕ ਸਮਾਜ , ਸਮੇਂ ਅਤੇ ਸਥਾਨ ਤੇ ਚੱਲਦੀ ਰਹਿੰਦੀ ਹੈ । ਇਹ ਵਿਅਕਤੀਆਂ ਅਤੇ ਸਮੂਹਾਂ ਦੇ ਹਿਤਾਂ ਅਤੇ ਸ੍ਵਾਰਥਾਂ ਵਿੱਚ ਟਕਰਾਓ ਵਜੋਂ ਪੈਦਾ ਹੁੰਦੀ ਹੈ , ਜੋ ਸਰਬ-ਵਿਆਪਕ ਹਨ ।

ਵੱਖ-ਵੱਖ ਸਮਾਜ-ਵਿਗਿਆਨੀਆਂ ਨੇ ਸੰਘਰਸ਼ ਦੀਆਂ ਕਿਸਮਾਂ ਦਾ ਜ਼ਿਕਰ ਕੀਤਾ ਹੈ ਅਤੇ ਗਿਲਿਨ ਨੇ ਸੰਘਰਸ਼ ਦੀਆਂ ਹੇਠ ਲਿਖੀਆਂ ਪੰਜ ਕਿਸਮਾਂ ਦੱਸੀਆਂ ਹਨ :

1. ਵਿਅਕਤੀਗਤ ਸੰਘਰਸ਼ : ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਅਤੇ ਸਮੂਹਾਂ ਵਿਚਕਾਰ ਜਦੋਂ ਵਿਅਕਤੀਗਤ ਸ੍ਵਾਰਥਾਂ ਜਾਂ ਆਪਣੇ ਹਿਤਾਂ ਦੀ ਸੁਰੱਖਿਆ ਲਈ ਸੰਘਰਸ਼ ਹੁੰਦਾ ਹੈ ਤਾਂ ਉਸ ਨੂੰ ਵਿਅਕਤੀਗਤ ਸੰਘਰਸ਼ ਆਖਿਆ ਜਾਂਦਾ ਹੈ ।

2. ਨਸਲੀ ਸੰਘਰਸ਼ : ਜਦੋਂ ਵੱਖ-ਵੱਖ ਨਸਲਾਂ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ ਤਾਂ ਕੁਝ ਨਸਲਾਂ ਆਪਣੇ ਆਪ ਨੂੰ ਦੂਜੀਆਂ ਨਸਲਾਂ ਤੋਂ ਉਚੇਰਾ ਅਤੇ ਬਿਹਤਰ ਸਮਝਣ ਲੱਗ ਪੈਂਦੀਆਂ ਹਨ । ਉਦਾਹਰਨ ਵਜੋਂ ਅਮਰੀਕਾ ਦੇ ਗੋਰੇ ਲੋਕ ਆਪਣੇ ਆਪ ਨੂੰ ਨੀਗਰੋ ਨਸਲ ਦੇ ਲੋਕਾਂ ਤੋਂ ਚੰਗੇਰਾ ਸਮਝਦੇ ਹਨ ਅਤੇ ਉਹਨਾਂ ਤੋਂ ਸਮਾਜਿਕ ਦੂਰੀ ਬਣਾਈ ਰੱਖਦੇ ਹਨ । ਇਸ ਦੇ ਸਿੱਟੇ ਵਜੋਂ ਗੋਰੀ ਅਤੇ ਕਾਲੀ ਨਸਲ ਦੇ ਲੋਕਾਂ ਵਿੱਚ ਸੰਘਰਸ਼ ਚੱਲਦਾ ਰਹਿੰਦਾ ਹੈ ।

3. ਵਰਗ ਸੰਘਰਸ਼ : ਜਦੋਂ ਇੱਕ ਵਰਗ ਦੂਜੇ ਵਰਗ ਦਾ ਸ਼ੋਸ਼ਣ ਕਰਨ ਲੱਗ ਪੈਂਦਾ ਹੈ ਤਾਂ ਵਰਗ ਸੰਘਰਸ਼ ਜਨਮ ਲੈਂਦਾ ਹੈ । ਵਰਗ ਸੰਘਰਸ਼ ਦੇ ਸਿਧਾਂਤ ਨੂੰ ਵਿਸਤਾਰ ਨਾਲ ਪੇਸ਼ ਕਰਨ ਲਈ ਕਾਰਲ ਮਾਰਕਸ ਅਤੇ ਏਂਜਲਸ ਮਸ਼ਹੂਰ ਹਨ । ਉਹਨਾਂ ਦਾ ਵਿਚਾਰ ਹੈ ਕਿ ਸਾਰੇ ਸਮਾਜ ਦੋ ਮੁੱਖ ਵਰਗਾਂ ਵਿੱਚ ਵੰਡੇ ਹੁੰਦੇ ਹਨ । ਪੂੰਜੀਪਤੀ ਜਾਂ ਬੁਰਜੂਆ ਵਰਗ ਅਤੇ ਕਾਮੇ ਜਾਂ ਪ੍ਰੋਲੋਤਾਰੀ ਵਰਗ । ਪੂੰਜੀਪਤੀ ਵਰਗ ਕਾਮਿਆਂ ਦੇ ਵਰਗ ਦਾ ਸ਼ੋਸ਼ਣ ਕਰਦਾ ਹੈ ਜਿਸ ਵਜੋਂ ਸਮਾਜ ਵਿੱਚ ਵਰਗ ਸੰਘਰਸ਼ ਹੋਂਦ ਵਿੱਚ ਆਉਂਦਾ ਹੈ ।

4. ਰਾਜਨੀਤਿਕ ਸੰਘਰਸ਼ : ਇਸ ਕਿਸਮ ਦਾ ਸੰਘਰਸ਼ ਕਿਸੇ ਦੇਸ ਦੇ ਵੱਖ-ਵੱਖ ਰਾਜਨੀਤਿਕ ਦਲਾਂ ਵਿਚਕਾਰ ਹੁੰਦਾ ਹੈ । ਹਰ ਇੱਕ ਰਾਜਨੀਤਿਕ ਪਾਰਟੀ ਦੇ ਆਪਣੇ ਵੱਖਰੇ ਸਿਧਾਂਤ , ਨੀਤੀਆਂ ਅਤੇ ਵਿਚਾਰਧਾਰਾਵਾਂ ਹੁੰਦੀਆਂ ਹਨ , ਜਿਸ ਕਾਰਨ ਉਹ ਇੱਕ ਦੂਜੇ ਦੀਆਂ ਵਿਰੋਧੀ ਹੋ ਜਾਂਦੀਆਂ ਹਨ । ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਲਈ ਵੀ ਵੱਖ-ਵੱਖ ਪਾਰਟੀਆਂ ਵਿੱਚ ਰਾਜਨੀਤਿਕ ਸੰਘਰਸ਼ ਚੱਲਦਾ ਰਹਿੰਦਾ ਹੈ ।

5. ਅੰਤਰਰਾਸ਼ਟਰੀ ਸੰਘਰਸ਼ : ਜਦੋਂ ਦੋ ਜਾਂ ਦੋ ਤੋਂ ਵੱਧ ਦੇਸਾਂ ਵਿਚਕਾਰ ਸੰਘਰਸ਼ ਹੁੰਦਾ ਹੈ ਤਾਂ ਉਸ ਨੂੰ ਅੰਤਰਰਾਸ਼ਟਰੀ ਸੰਘਰਸ਼ ਆਖਿਆ ਜਾਂਦਾ ਹੈ । ਇਸ ਦਾ ਸਭ ਤੋਂ ਮਹੱਤਵਪੂਰਨ ਪ੍ਰਗਟਾਵਾ ਯੁੱਧ ਦੇ ਰੂਪ ਵਿੱਚ ਹੁੰਦਾ ਹੈ ।

ਸਿੱਮਲ ਨੇ ਸੰਘਰਸ਼ ਦੀਆਂ ਚਾਰ ਕਿਸਮਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ :

1. ਯੁੱਧ : ਪੁਰਾਤਨ ਕਾਲ ਵਿੱਚ ਲੜਾਈਆਂ ਅਤੇ ਯੁੱਧ ਬਹੁਤ ਵਿਆਪਕ ਸਨ । ਕਬੀਲਿਆਂ ਦੇ ਲੋਕ ਆਪਸ ਵਿੱਚ ਲੜਾਈ ਝਗੜੇ ਕਰਦੇ ਹੀ ਰਹਿੰਦੇ ਸਨ । ਅੰਤਰਰਾਸ਼ਟਰੀ ਵਪਾਰ ਦੇ ਵਿਕਾਸ ਤੋਂ ਪਹਿਲੋਂ , ਪੁਰਾਤਨ ਸਥਿਤੀਆਂ ਵਿੱਚ , ਯੁੱਧ ਹੀ ਅਜਿਹਾ ਸਾਧਨ ਸੀ ਜੋ ਵਿਦੇਸ਼ੀ ਸਮੂਹਾਂ ਵਿੱਚ ਸੰਪਰਕ ਸਥਾਪਿਤ ਕਰਦੇ ਸਨ ।

2. ਜੱਦੀ ਵੈਰ ਜਾਂ ਧੜੇਬੰਦੀ ਸੰਬੰਧੀ ਸੰਘਰਸ਼ : ਇਹ ਵੀ ਪੁਰਾਤਨ ਕਾਲ ਵਿੱਚ ਸਮੂਹਾਂ ਵਿਚਕਾਰ ਹੋਣ ਵਾਲੀਆਂ ਮਹੱਤਵਪੂਰਨ ਸੰਘਰਸ਼ ਦੀਆਂ ਕਿਸਮਾਂ ਵਿੱਚੋਂ ਇੱਕ ਸੀ । ਕਈ ਵਾਰ ਇੱਕ ਪਰਵਾਰ ਜਾਂ ਉਸਦੇ ਮੈਂਬਰ ਮਹਿਸੂਸ ਕਰਦੇ ਸਨ ਕਿ ਕਿਸੇ ਹੋਰ ਪਰਵਾਰ ਨੇ ਉਹਨਾਂ ਨਾਲ ਅਨਿਆਂ ਜਾਂ ਧੱਕਾ ਕੀਤਾ ਹੈ , ਜਿਸ ਵਜੋਂ ਪਰਵਾਰਾਂ ਵਿੱਚ ਦੁਸ਼ਮਣੀਆਂ ਪੈਦਾ ਹੋ ਜਾਂਦੀਆਂ ਸਨ ਅਤੇ ਕਈ ਵਾਰੀ ਹਿੰਸਕ ਰੂਪ ਧਾਰਨ ਕਰ ਲੈਂਦੀਆਂ ਸਨ । ਕਈ ਵਾਰੀ ਤਾਂ ਇਹ ਦੁਸ਼ਮਣੀਆਂ ਪੁਸ਼ਤ ਦਰ ਪੁਸ਼ਤ ਚੱਲਦੀਆਂ ਰਹਿੰਦੀਆਂ ਸਨ ।

3. ਕਨੂੰਨਸਾਜ਼ੀ : ਇਸ ਤਰ੍ਹਾਂ ਦਾ ਸੰਘਰਸ਼ ਕੋਰਟ ਕਚਹਿਰੀਆਂ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਅਰੰਭ ਹੋਇਆ । ਕੁਝ ਕੁੱਲ , ਪਰਵਾਰ ਜਾਂ ਵਿਅਕਤੀ ਆਪਣੇ ਹਿਤਾਂ ਜਾਂ ਜਾਇਦਾਦ ਦੀ ਰਾਖੀ ਲਈ ਇਸ ਪ੍ਰਕਾਰ ਦੇ ਸੰਘਰਸ਼ ਵਿੱਚ ਭਾਗੀਦਾਰ ਬਣਦੇ ਹਨ । ਵਰਤਮਾਨ ਸਮੇਂ ਵਿੱਚ ਇਸ ਪ੍ਰਕਾਰ ਦਾ ਸੰਘਰਸ਼ ਵਧਦਾ ਜਾ ਰਿਹਾ ਹੈ ।

4. ਅਵਿਅਕਤਕ ਆਦਰਸ਼ਾਂ ਵਿੱਚ ਸੰਘਰਸ਼ : ਇਸ ਪ੍ਰਕਾਰ ਦਾ ਸੰਘਰਸ਼ ਇਸ ਲਈ ਅਵਿਅਕਤਕ ਹੁੰਦਾ ਹੈ ਕਿਉਂਕਿ ਇਹ ਵਿਅਕਤੀ ਵਿਸ਼ੇਸ਼ ਨਾਲ ਸੰਬੰਧਿਤ ਨਾ ਹੋ ਕੇ ਕੁਝ ਕੁ ਤਟਸਥ ਆਦਰਸ਼ਾਂ ਨਾਲ ਸੰਬੰਧ ਰੱਖਦਾ ਹੈ । ਇਸ ਪ੍ਰਕਾਰ ਦੇ ਸੰਘਰਸ਼ ਵਿੱਚ ਜਿੱਤ ਦਾ ਲਾਭ ਕਿਸੇ ਵਿਅਕਤੀ ਨੂੰ ਨਹੀਂ ਮਿਲਦਾ ਸਗੋਂ ਉਸ ਉਦੇਸ਼ ਨੂੰ ਮਿਲਦਾ ਹੈ ਜਿਸ ਲਈ ਵਿਅਕਤੀ ਸੰਘਰਸ਼ ਕਰ ਰਿਹਾ ਹੁੰਦਾ ਹੈ । ਉਦਾਹਰਨ ਵਜੋਂ ,   ਸਮਾਜਵਾਦੀਆਂ ਜਾਂ ਸਾਮਵਾਦੀਆਂ ਦਾ ਬਿਹਤਰ ਜੀਵਨ ਲਈ ਸੰਘਰਸ਼ ਜਾਂ ਕਿਸੇ ਅਲਪਸੰਖਿਅਕ ਸਮੂਹ ਦਾ ਆਪਣੇ ਹਿਤਾਂ ਦੀ ਰਾਖੀ ਲਈ ਸੰਘਰਸ਼ ।


ਲੇਖਕ : ਜੀ.ਐੱਸ.ਭਟਨਾਗਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 204, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-13-02-26-16, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.