ਸੰਬੰਧਕ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਬੰਧਕ : ਵਾਕ ਬਣਤਰ ਵਿੱਚ ਜਿਹੜੇ ਸ਼ਬਦ ਨਾਂਵ,ਪੜਨਾਂਵ ਅਤੇ ਕਿਰਿਆ ਸ਼੍ਰੇਣੀਆਂ ਦੇ ਸ਼ਬਦਾਂ ਦੇ ਆਪਸੀ ਅਰਥਗਤ ਅਤੇ/ਜਾਂ ਵਿਆਕਰਨਿਕ ਅਰਥਾਂ ਨੂੰ ਉਜਾਗਰ ਕਰਦੇ ਹਨ ਉਹਨਾਂ ਨੂੰ ਸੰਬੰਧਕ ਸ਼੍ਰੇਣੀ ਦੇ ਸ਼ਬਦ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਇਸ ਸ਼੍ਰੇਣੀ ਦੇ ਸ਼ਬਦ ਸੀਮਿਤ ਗਿਣਤੀ ਵਾਲੇ ਹਨ ਜਿਨ੍ਹਾਂ ਵਿੱਚੋਂ ਪ੍ਰਮੁਖ ਹਨ-ਨੇ, ਨੂੰ, ਨਾਲ, ਲਈ, ਵਿੱਚ, ਕੋਲ, ਉੱਤੇ, ਹੇਠਾਂ, ਦਾ, ਆਦਿ। ਜਿਸ ਨਾਂਵ/ਪੜਨਾਂਵ/ ਕਿਰਿਆ ਤੋਂ ਪਿੱਛੋਂ ਕਿਸੇ ਸੰਬੰਧਕ ਦੀ ਵਰਤੋਂ ਕੀਤੀ ਜਾਵੇ ਉਹ ਸੰਬੰਧਕੀ ਰੂਪ ਵਿੱਚ ਵਿਚਰਦਾ ਹੈ। ਕਿਰਿਆ ਦੇ ਅਮਿਤ ਰੂਪਾਂ (ਨ/ਵ-ਅੰਤਕ) ਨਾਲ ਸੰਬੰਧਕ ਵਰਤੇ ਜਾਂਦੇ ਹਨ। ਮਿਸਾਲ ਵਜੋਂ ਨਾਂਵ ਸ਼ਬਦ ‘ਮੁੰਡਾ` ਦਾ ਇੱਕਵਚਨੀ ਸੰਬੰਧੀ ਰੂਪ ‘ਮੁੰਡੇ` ਅਤੇ ਬਹੁਵਚਨੀ ਸੰਬੰਧਕੀ ਰੂਪ ‘ਮੁੰਡਿਆਂ` ਹੈ ਅਤੇ ਇਹਨਾਂ ਨਾਲ ਹੀ ਕਿਸੇ ਸੰਬੰਧਕ ਦੀ ਵਰਤੋਂ ਕੀਤੀ ਜਾਂਦੀ ਹੈ (ਮੁੰਡੇ/ਮੁੰਡਿਆਂ, ਨੇ, ਲਈ, ਨੂੰ ਆਦਿ)। ਪੜਨਾਵਾਂ ਦੇ ਸੰਬੰਧਕੀ ਰੂਪਾਂ ਵਿੱਚ ਸੰਬੰਧਕ ਜੁੜਿਆ ਹੋਇਆ ਹੁੰਦਾ ਹੈ (ਮੈਂ+ਨੂੰ=ਮੈਨੂੰ; ਮੈਂ+ਤੋਂ=ਮੈਥੋਂ, ਆਦਿ)। ਕਿਰਿਆ ਦੇ ਅਮਿਤ ਰੂਪ ਨਾਲ ਹੀ ਵੱਖ-ਵੱਖ ਸੰਬੰਧਕ ਵਰਤੇ ਜਾਂਦੇ ਹਨ (ਜਾਣ ਨੂੰ/ਲਈ/ਵਾਸਤੇ/ਤੋਂ ਆਦਿ)।
ਸੰਬੰਧਕ ਸ਼੍ਰੇਣੀ ਦੇ ਸ਼ਬਦ, ਮੁੱਖ ਤੌਰ ਤੇ ਕਾਰਕੀ ਸੰਬੰਧਾਂ ਨੂੰ ਉਜਾਗਰ ਕਰਨ ਲਈ ਵਰਤੇ ਜਾਂਦੇ ਹਨ (ਵੇਖੋ: ਕਾਰਕ)। ਉਂਞ ਕਾਰਕੀ ਸੰਬੰਧਾਂ ਤੋਂ ਇਲਾਵਾ ਇਹ ਸ਼ਬਦ ਕਿਰਿਆ-ਵਿਸ਼ੇਸ਼ਣੀ ਵਾਕਾਂਸ਼ਾਂ ਦੀ ਸਿਰਜਣਾ ਵੀ ਕਰਦੇ ਹਨ ਅਤੇ ਹੋਰ ਕਈ ਪ੍ਰਕਾਰ ਦੇ ਅਰਥਗਤ ਸੰਬੰਧਾਂ ਨੂੰ ਵੀ ਸੂਚਿਤ ਕਰਦੇ ਹਨ।
ਵੱਖ-ਵੱਖ ਸੰਬੰਧਕਾਂ ਦੀ ਵਰਤੋਂ ਵੱਖ-ਵੱਖ ਕਾਰਕੀ ਸੰਬੰਧਾਂ ਲਈ ਕੀਤੀ ਜਾਂਦੀ ਹੈ ਪਰ ਕਈ ਸੰਬੰਧਕ ਇੱਕ ਤੋਂ ਵੱਧ ਕਾਰਕੀ ਸੰਬੰਧਾਂ ਲਈ ਵੀ ਵਰਤੇ ਜਾਂਦੇ ਹਨ। ਪੰਜਾਬੀ ਵਾਕ-ਬਣਤਰਾਂ ਵਿੱਚ ਸਕਾਰ ਹੋਣ ਵਾਲੇ ਕਾਰਕੀ ਸੰਬੰਧਾਂ (ਕਰਤਾ, ਕਰਮ, ਕਰਨ, ਅਧਿਕਰਨ, ਅਪਾਦਾਨ, ਸੰਪਰਦਾਨ, ਆਦਿ) ਲਈ ਵਰਤੇ ਜਾਂਦੇ ਸੰਬੰਧਕਾਂ ਦੀ ਪਛਾਣ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ।
ਕਰਤਾ ਕਾਰਕੀ ਸੰਬੰਧ ਲਈ ‘ਨੇ` ਸੰਬੰਧਕ ਵਰਤਿਆ ਜਾਂਦਾ ਹੈ (ਵਾਕ 1); ਕਿਸੇ ਹੋਰ ਕਾਰਕੀ ਸੰਬੰਧ ਲਈ ਨਹੀਂ। ਪੰਜਾਬ ਵਿੱਚ ‘ਨੇ`ਦੀ ਵਰਤੋਂ ਕੇਵਲ ਤੀਜੇ ਪੁਰਖ ਲਈ ਹੀ ਕੀਤੀ ਜਾਂਦੀ ਹੈ, ਪਹਿਲੇ ਅਤੇ ਦੂਜੇ ਪੁਰਖ ਲਈ ਨਹੀਂ।
1. ਮਾਂ ਨੇ ਬੱਚੇ ਨੂੰ ਰੋਟੀ ਦਿੱਤੀ।
ਕਰਮ ਕਾਰਕ ਨੂੰ ਸੂਚਿਤ ਕਰਨ ਲਈ ‘ਨੂੰ` ਸੰਬੰਧਕ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ‘ਨੂੰ` ਦੀ ਵਰਤੋਂ ਸੰਪਰਦਾਨ ਕਾਰਕ ਲਈ ਵੀ, ਸਮੇਂ/ਸਥਾਨ ਦੀ ਸੂਚਨਾ ਦੇਣ ਲਈ ਵੀ ਅਤੇ ਕਰਤਾ ਕਾਰਕ ਲਈ ਕੀਤੀ ਜਾਂਦੀ ਹੈ ਜਿਵੇਂ :
2. ਦਾਈ ਨੇ ਬੱਚੇ ਨੂੰ ਜਗਾ ਦਿੱਤਾ।
3. ਸੇਠ ਨੇ ਗ਼ਰੀਬਾਂ ਨੂੰ ਕੰਬਲ ਦਿੱਤੇ।
4. ਮੈਂ, ਸਵੇਰ ਨੂੰ ਦਿੱਲੀ ਪਹੁੰਚ ਜਾਵਾਂਗਾ।
5. ਮੋਹਣ ਨੂੰ ਸਾਰੀ ਗੱਲ ਦੀ ਸਮਝ ਆ ਗਈ।
ਕਰਨ ਕਾਰਕ ਲਈ ਨਾਲ, ਦੁਆਰਾ, ਰਾਹੀਂ ਆਦਿ ਸੰਬੰਧਕ ਵਰਤੇ ਜਾਂਦੇ ਹਨ ਜਿਵੇਂ :
6. ਬਲਕਾਰ ਨੇ ਚਾਕੂ ਨਾਲ ਸੇਬ ਕੱਟਿਆ।
7. ਅਸੀਂ ਆਪਣੇ ਕੰਨਾਂ ਨਾਲ ਸੁਣਦੇ ਹਾਂ।
‘ਵਿੱਚ`, ‘ਉੱਤੇ`, ‘ਅੰਦਰ`, ਆਦਿ ਸੰਬੰਧਕ ਜਾਂ ਅਧਿਕਰਨ ਕਾਰਕੀ ਸੰਬੰਧਾਂ ਲਈ ਵੀ ਵਰਤੇ ਜਾਂਦੇ ਹਨ। ‘ਵਿੱਚ` ਦੀ ਵਰਤੋਂ ਟਾਕਰਾ ਸੂਚਕ ਅਤੇ ਕੀਮਤ ਸੂਚਕ ਵਜੋਂ ਵੀ ਕੀਤੀ ਜਾਂਦੀ ਮਿਲਦੀ ਹੈ ਜਿਵੇਂ:
8. ਉਸ ਦਾ ਦਾਦਾ ਹਸਪਤਾਲ ਵਿੱਚ ਦਾਖ਼ਲ ਹੈ।
9. ਕਿਤਾਬ ਮੇਜ਼ ਉੱਤੇ ਰੱਖੀ ਹੈ।
10. ਦੋਹਾਂ ਭੈਣਾਂ ਵਿੱਚ ਬਹੁਤ ਫ਼ਰਕ ਹੈ।
11. ਇਹ ਕਿਤਾਬ ਮੈਨੂੰ ਸੌ ਰੁਪਏ ਵਿੱਚ ਪਈ ਹੈ।
ਅਪਾਦਾਨ-ਕਾਰਕੀ ਸੰਬੰਧ ਲਈ ਵਰਤਿਆ ਜਾਣ ਵਾਲਾ ਮੁਖ ਸੰਬੰਧਕ ‘ਤੋਂ`, ‘ਹੈ` ਹੈ। ਵਿੱਚੋਂ, ਉੱਤੋਂ, ਹੇਠੋਂ ਆਦਿ ਇਸ ਦੇ ਹੀ ਰੂਪ ਹਨ। ਇਹ ਸੰਬੰਧਕ ਹੋਰ ਸੰਬੰਧਾਂ ਨੂੰ ਵੀ ਉਜਾਗਰ ਕਰਦੇ ਹਨ ਜਿਵੇਂ :
12. ਉਹ ਕੋਠੇ ਉੱਤੋਂ ਡਿਗ ਪਿਆ।
13. ਦੁੱਧ ਤੋਂ ਹੀ ਦਹੀਂ ਬਣਦਾ ਹੈ।
14. ਮੈਂ ਤਾਂ ਸਵੇਰ ਤੋਂ ਉਸ ਦੀ ਉਡੀਕ ਕਰ ਰਿਹਾ ਹਾਂ।
15. ਮੋਹਣ ਤਾਂ ਸੋਹਣ ਤੋਂ ਵੀ ਵੱਡਾ ਹੈ।
ਸੰਪਰਦਾਨ ਕਾਰਕੀ ਸੰਬੰਧਾਂ ਲਈ ਪੰਜਾਬੀ ਵਿੱਚ ਮੁੱਖ ਤੌਰ ਉਤੇ ‘ਲਈ`, ‘ਵਾਸਤੇ` ਆਦਿ ਸੰਬੰਧਕ ਵਰਤੇ ਜਾਂਦੇ ਹਨ, ਜਿਵੇਂ:
16. ਉਸ ਨੇ ਆਪਣੇ ਭਰਾ ਲਈ ਇੱਕ ਪੈੱਨ ਲਿਆਂਦਾ।
ਪੰਜਾਬੀ ਵਿੱਚ ‘ਦਾ` ਨਵੇਕਲੀ ਕਿਸਮ ਦਾ ਸੰਬੰਧਕ ਹੈ। ਪੰਜਾਬੀ ਦੇ ਸੰਬੰਧਕਾਂ ਵਿੱਚੋਂ ਕੇਵਲ ‘ਦਾ` ਹੀ ਵਿਕਾਰੀ ਹੈ ਜੋ ‘ਵਚਨ` ਅਤੇ ‘ਲਿੰਗ` ਵਿਆਕਰਨਿਕ ਸ਼੍ਰੇਣੀਆਂ ਅਨੁਸਾਰ ਰੂਪਾਂਤਰਿਤ ਹੁੰਦਾ ਹੈ/(ਦਾ, ਦੇ, ਦੀ, ਦੀਆਂ)। ‘ਦਾ` ਤੋਂ, ਪਹਿਲਾਂ ਆਉਣ ਵਾਲਾ ਨਾਂਵ ਸੰਬੰਧਕੀ ਰੂਪ ਵਿੱਚ ਹੁੰਦਾ ਹੈ ਅਤੇ ਪਿੱਛੋਂ ਆਉਣ ਵਾਲਾ ਨਾਂਵ ਇਸ ਨਾਲ ‘ਵਚਨ` ਅਤੇ ‘ਲਿੰਗ` ਦੀ ਸਮਤਾ ਵਾਲਾ ਹੁੰਦਾ ਹੈ (ਮੁੰਡੇ ਦਾ ਬਸਤਾ, ਦੇ ਬਸਤੇ, ਦੀ ਕਿਤਾਬ, ਦੀਆਂ ਕਿਤਾਬਾਂ)। ਪਹਿਲੇ ਪੁਰਖ ਅਤੇ ਦੂਜੇ ਪੁਰਖ ਦੇ ‘ਦਾ-ਯੁਕਤ` ਪੜਨਾਂਵੀ ਰੂਪ ਮਿਲਦੇ ਹਨ-ਮੈਂ+ਦਾ= ਮੇਰਾ, ਅਸਾਂ+ਦਾ=ਸਾਡਾ, ਤੂੰ+ਦਾ=ਤੇਰਾ, ਤੁਸੀਂ+ਦਾ= ਤੁਹਾਡਾ, ਆਦਿ। ‘ਦਾ` ਸੰਬੰਧਕ ਦੇ ਸੰਬੋਧਨੀ ਰੂਪ ਵੀ ਮਿਲਦੇ ਹਨ-ਮੁੰਡੇ ਦਿਆ ਭਰਾਵਾ!, ਮੁੰਡੇ ਦਿਓ ਭਰਾਵੋ!, ਮੁੰਡੇ ਦੀਓ ਭੈਣੋ!, ਆਦਿ।
‘ਦਾ` ਸੰਬੰਧਕ, ਦਰਅਸਲ, ਕਾਰਕੀ ਸੰਬੰਧਾਂ ਦੀ ਸੂਚਨਾ ਤੋਂ ਇਲਾਵਾ ਆਪਣੇ ਤੋਂ ਪਹਿਲੇ ਅਤੇ ਪਿਛਲੇ ਨਾਵਾਂ ਦੇ ਅਜਿਹੇ ਗੁਣਵਾਚਕ ਸੰਬੰਧਾਂ ਨੂੰ ਉਜਾਗਰ ਕਰਦਾ ਹੈ ਜੋ ਕਿਸੇ ਰਿਸ਼ਤੇਦਾਰੀ, ਮਾਲਕ ਹੋਣ ਦੀ ਭਾਵਨਾ, ਸਮੇਂ/ਸਥਾਨ, ਗਿਣਤੀ/ਮਿਣਤੀ, ਬਣਤਰ ਦੇ ਅੰਸ਼ ਆਦਿ ਦਾ ਸੰਕੇਤ ਕਰਦੇ ਹਨ, ਜਿਵੇਂ :
17. ਉਹ ਮੋਹਣ ਸਿੰਘ ਦਾ ਮਾਮਾ ਹੈ।
18. ਇਹ ਹਰਨਾਮ ਦਾ ਘਰ ਹੈ।
19. ਉਹ ਕੱਲ੍ਹ, ਰਾਤ ਦਾ ਇੱਥੇ ਆਇਆ ਹੋਇਆ ਹੈ।
20. ਇਹ ਕਿਤਾਬ ਦੋ ਸੌ ਰੁਪਏ ਦੀ ਆਈ ਸੀ।
21. ਉਸ ਨੇ ਸੋਨੇ ਦਾ ਕੜਾ ਪਾਇਆ ਹੋਇਆ ਸੀ।
ਸੰਯੁਕਤ ਸੰਬੰਧਕਾਂ ਵਿੱਚ ‘ਦਾ` ਇੱਕ ਇਖ਼ਤਿਆਰੀ ਅੰਸ਼ ਵਜੋਂ ਵੀ ਵਿਚਰਦਾ ਹੈ। ਬਣਤਰ ਦੇ ਪੱਖ ਤੋਂ ਪੰਜਾਬੀ ਦੇ ਸੰਬੰਧਕਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ-ਮੂਲ ਸੰਬੰਧਕ, ਸੰਯੁਕਤ ਸੰਬੰਧਕ ਅਤੇ ਸੰਧੀ ਸੰਬੰਧਕ।
ਸੁਤੰਤਰ ਭਾਵਾਂਸ਼ ਦੇ ਰੂਪ ਵਾਲੇ ਸੰਬੰਧਕਾਂ ਨੂੰ ਮੂਲ ਸੰਬੰਧਕ, ਕਿਹਾ ਜਾਂਦਾ ਹੈ। ਇੰਜ, ਮੂਲ ਸੰਬੰਧਕ ਇੱਕ ਸ਼ਬਦ ਅਤੇ ਇੱਕ ਭਾਵਾਂਸ਼ ਵਾਲੇ ਹੁੰਦੇ ਹਨ : ਨੂੰ, ਨੇ, ਤੋਂ, ਕੋਲ, ਨਾਲ, ਦਾ, ਵਿੱਚ, ਉੱਤੇ, ਹੇਠ ਆਦਿ।
ਇੱਕ ਤੋਂ ਵੱਧ ਸੰਬੰਧਕ ਸੰਯੁਕਤ ਰੂਪ ਵਿੱਚ ਸਾਂਝੇ ਅਰਥਾਂ ਅਰਥਾਤ ਇੱਕ ਭਾਵਾਂਸ਼ ਦਾ ਵਾਕਾਤਮਿਕ ਕਾਰਜ ਕਰਨ ਤਾਂ ਉਹਨਾਂ ਨੂੰ ਸੰਯੁਕਤ ਸੰਬੰਧਕ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਸੰਯੁਕਤ ਸੰਬੰਧਕ ਦੋ ਸੰਬੰਧਕਾਂ ਤੋਂ ਬਣਦੇ ਹਨ ਅਤੇ ਇਹਨਾਂ ਵਿੱਚ ਇੱਕ ਸੰਯੁਕਤ ‘ਦਾ` ਹੁੰਦਾ ਹੈ ਜੋ ਇਖ਼ਤਿਆਰੀ ਰੂਪ ਵਿੱਚ ਵਿਚਰਦਾ ਹੈ-ਦੇ ਵਿੱਚ, ਦੇ ਨਾਲ, ਦੇ ਕੋਲ, ਦੇ ਉੱਤੇ, ਦੇ ਲਾਗੇ, ਆਦਿ। ‘ਦਾ` ਦੀ ਦੋਹਰੀ ਵਰਤੋਂ ਹੋਣ ਸਦਕਾ ਸੰਯੁਕਤ ਸੰਬੰਧਕ ਵਿੱਚ ਤਿੰਨ ਸ਼ਬਦ ਹੁੰਦੇ ਹਨ, ਉਦਾਹਰਨ ਵਜੋਂ :
22. ੳ. ਉਹ ਸਾਡੇ ਕਾਲਜ ਲਾਗੋਂ ਲੰਘਿਆ।
ਅ. ਉਹ ਸਾਡੇ ਕਾਲਜ ਦੇ ਲਾਗੋਂ ਲੰਘਿਆ।
ੲ. ਉਹ ਸਾਡੇ ਕਾਲਜ ਲਾਗੋਂ ਦੀ ਲੰਘਿਆ।
ਸ. ਉਹ ਸਾਡੇ ਕਾਲਜ ਦੇ ਲਾਗੋਂ ਦੀ ਲੰਘਿਆ।
ਸੰਧੀ ਸੰਬੰਧਕ ਇੱਕ ਸ਼ਬਦ ਰੂਪ ਵਾਲੇ ਹੁੰਦੇ ਹਨ ਪਰ ਇਹਨਾਂ ਦੀ ਬਣਤਰ ਵਿੱਚ ਕਿਸੇ ਸੰਬੰਧਕ ਦੇ ਮੁਕਤ ਰੂਪ ਨਾਲ ਕੋਈ ਸੰਬੰਧਕ ਯੁਕਤ ਰੂਪ ਵਿੱਚ ਲੱਗਾ ਹੋਇਆ ਹੁੰਦਾ ਹੈ। ਪੰਜਾਬੀ ਦੇ ਸੰਧੀ ਸੰਬੰਧਕਾਂ ਵਿੱਚ ‘ਤੋਂ` ਸੰਬੰਧਕ ਯੁਕਤ ਰੂਪ ਵਿੱਚ ਵਿਚਰਦਾ ਹੈ : ਕੋਲੋਂ (ਕੋਲ+ਤੋਂ), ਵਿੱਚੋਂ (ਵਿਚ+ਤੋਂ), ਬਾਹਰੋਂ (ਬਾਹਰ+ਤੋਂ), ਆਦਿ।
23. ਉਸ ਨੇ ਘੜੇ ਵਿੱਚੋਂ ਪਾਣੀ ਪੀਤਾ।
24. ਉਸ ਨੇ ਮੇਰੇ ਕੋਲੋਂ ਕਿਤਾਬ ਲਈ।
ਲੇਖਕ : ਵੇਦ ਅਗਨੀਹੋਤਰੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਸੰਬੰਧਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਬੰਧਕ [ਵਿਸ਼ੇ] (ਵਿਆ) ਸੰਬੰਧ ਜੋੜਨ ਵਾਲ਼ਾ; ਇਕ ਸ਼ਬਦ ਸ਼੍ਰੇਣੀ (ਨੂੰ, ਤ¨, ਉਤੇ)
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18011, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First