ਸੰਯੁਕਤ ਕਿਰਿਆ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸੰਯੁਕਤ ਕਿਰਿਆ: ਕਿਰਿਆ ਇਕ ਸ਼ਬਦ-ਸ਼ਰੇਣੀ ਹੈ। ਇਸ ਸ਼ਰੇਣੀ ਦੇ ਸ਼ਬਦ ਜਦੋਂ ਵਾਕ-ਬਣਤਰ ਵਿਚ ਵਿਚਰਦੇ ਹਨ ਤਾਂ ਇਨ੍ਹਾਂ ਦੀ ਵਰਤੋਂ ਵਾਕੰਸ਼ ਵਜੋਂ ਹੁੰਦੀ ਹੈ। ਜਿਸ ਵਾਕੰਸ਼ ਦਾ ਕੇਂਦਰੀ ਤੱਤ ਕਿਰਿਆ ਹੋਵੇ ਉਸ ਵਾਕੰਸ਼ ਨੂੰ ਕਿਰਿਆ ਵਾਕੰਸ਼ ਕਿਹਾ ਜਾਂਦਾ ਹੈ। ਇਕ ਸਧਾਰਨ ਬਿਆਨੀਆ ਵਾਕ ਦੀ ਬਣਤਰ ਵਿਚ ਇਕ ਕਾਲਕੀ ਕਿਰਿਆ ਵਾਕੰਸ਼ ਦਾ ਵਿਚਰਨ ਲਾਜ਼ਮੀ ਹੁੰਦਾ ਹੈ। ਇਕ ਕਿਰਿਆ ਵਾਕੰਸ਼ ਦੀ ਬਣਤਰ ਵਿਚ ਘੱਟੋ ਘੱਟ ਇਕ ਕਿਰਿਆ ਸ਼ਬਦ ਅਤੇ ਵੱਧ ਤੋਂ ਵੱਧ ਪੰਜ ਕਿਰਿਆ ਸ਼ਬਦ ਵਿਚਰਦੇ ਹਨ। ਇਨ੍ਹਾਂ ਸਾਰੇ ਕਿਰਿਆ ਰੂਪਾਂ ਦਾ ਇਕ ਨਿਸ਼ਚਤ ਘੇਰਾ ਹੁੰਦਾ ਹੈ। ਵਾਕ ਵਿਚ ਵਿਚਰਨ ਦੇ ਅਧਾਰ ’ਤੇ ਕਿਰਿਆ ਨੂੰ ਇਕ-ਸ਼ਬਦੀ, ਦੋ-ਸ਼ਬਦੀ ਅਤੇ ਬਹੁ-ਸ਼ਬਦੀ ਕਿਰਿਆ ਵਿਚ ਵੰਡਿਆ ਜਾਂਦਾ ਹੈ। ਇਕ-ਸ਼ਬਦੀ ਕਿਰਿਆ, ਇਕ ਸ਼ਬਦ ਤੇ ਅਧਾਰਤ ਹੁੰਦੀ ਹੈ ਜਦੋਂ ਕਿ ਦੋ-ਸ਼ਬਦੀ ਤੇ ਬਹੁ-ਸ਼ਬਦੀ ਕਿਰਿਆ ਇਕ ਤੋਂ ਵਧੇਰੇ ਸ਼ਬਦਾਂ ’ਤੇ ਅਧਾਰਤ ਹੁੰਦੀ ਹੈ। ਦੋ-ਸ਼ਬਦੀ ਕਿਰਿਆ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਦੋਹਰੀ ਕਿਰਿਆ ਅਤੇ (ii) ਸੰਯੁਕਤ ਕਿਰਿਆ। ਦੋਹਰੀ ਕਿਰਿਆ ਦੀ ਬਣਤਰ ਵਿਚ ਵਿਚਰਨ ਵਾਲੇ ਸ਼ਬਦਾਂ ਦਾ ਸ਼ਰੇਣੀਗਤ ਮੂਲ ਕਿਰਿਆ ਹੁੰਦਾ ਹੈ ਭਾਵ ਇਨ੍ਹਾਂ ਦੀ ਬਣਤਰ, ਕਿਰਿਆ+ਕਿਰਿਆ ਹੁੰਦੀ ਹੈ। (ਵੇਖੋ ਦੋਹਰੀ ਕਿਰਿਆ) ਸੰਯੁਕਤ ਕਿਰਿਆ ਦੀ ਬਣਤਰ ਵਿਚਲੇ ਸ਼ਬਦਾਂ ਦਾ ਸ਼ਰੇਣੀਗਤ ਮੂਲ ਇਕ ਨਹੀਂ ਹੁੰਦਾ। ਇਸ ਭਾਂਤ ਦੀ ਬਣਤਰ ਵਿਚ ਇਕ ਸ਼ਬਦ ਕਿਰਿਆ ਰੂਪੀ ਹੁੰਦਾ ਹੈ ਅਤੇ ਦੂਜਾ ਸ਼ਬਦ ਨਾਂਵ ਜਾਂ ਵਿਸ਼ੇਸ਼ਣ ਹੁੰਦਾ ਹੈ। ਇਸ ਤਰ੍ਹਾਂ ਸੰਯੁਕਤ ਕਿਰਿਆ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ : (i) ਨਾਂਵ+ਕਿਰਿਆ ਅਤੇ (ii) ਵਿਸ਼ੇਸ਼ਣ+ਕਿਰਿਆ। ਪਹਿਲੇ ਭਾਗ ਵਿਚ ਇਕ ਨਾਂਵ ਸ਼ਬਦ ਤੇ ਇਕ ਕਿਰਿਆ ਸ਼ਬਦ ਮਿਲ ਕੇ ਸੰਯੁਕਤ ਕਿਰਿਆ ਵਜੋਂ ਵਿਚਰ ਕੇ ਕਿਰਿਆ ਦੇ ਵਾਕਾਤਮਕ ਕਾਰਜ ਨੂੰ ਸਕਾਰ ਕਰਦੇ ਹਨ, ਜਿਵੇਂ : ਉਸ ਨੇ ਮੰਦਰ ਨੂੰ ਦਾਨ ਦਿੱਤਾ, ਉਸ ਨੂੰ ਸ਼ਰਮ ਆਈ, ਉਸ ਨੇ ਪੁੰਨ ਕੀਤਾ, ਵਿਚ ਕ੍ਰਮਵਾਰ ‘ਦਾਨ, ਸ਼ਰਮ, ਪੁੰਨ’ ਨਾਂਵ ਅਤੇ ‘ਦਿੱਤਾ, ਆਈ, ਕੀਤਾ’ ਕਿਰਿਆ ਸ਼ਬਦ ਹਨ। ਦੂਜੇ ਪਾਸੇ ਵਿਸ਼ੇਸ਼ਣ ਅਤੇ ਕਿਰਿਆ ਸ਼ਬਦ ਮਿਲ ਕੇ ਸੰਯੁਕਤ ਕਿਰਿਆ ਦੀ ਸਿਰਜਨਾ ਕਰਦੇ ਹਨ, ਜਿਵੇਂ : ਉਸ ਨੇ ਮਾਂ ਨੂੰ ਦੁੱਖ ਦਿੱਤਾ, ਸਕੂਲ ਦਾ ਰਿਜਲਟ ਚੰਗਾ ਰਿਹਾ। ‘ਦੁੱਖ ਤੇ ਚੰਗਾ’ ਵਿਸ਼ੇਸ਼ਣ ਅਤੇ ‘ਦਿੱਤਾ ਤੇ ਰਿਹਾ’ ਕਿਰਿਆ ਸ਼ਬਦ ਹਨ। ਇਹ ਦੋਵੇਂ ਸ਼ਬਦ ਰੂਪ ਮਿਲ ਕੇ ਇਕ ਇਕਾਈ ਵਜੋਂ ਵਿਚਰਦੇ ਹਨ। ਕਿਰਿਆ ਵਾਕੰਸ਼ ਦੇ ਇਸ ਪਰਕਾਰ ਦੇ ਵਿਚਰਨ ਨੂੰ ਸੰਯੁਕਤ ਕਿਰਿਆ ਕਿਹਾ ਜਾਂਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 966, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.