ਸੰਸਕ੍ਰਿਤ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੰਸਕ੍ਰਿਤ : ਸੰਸਕ੍ਰਿਤ ਉਸ ਭਾਸ਼ਾ ਦਾ ਨਾਂ ਹੈ ਜਿਹੜੀ ਅੱਜ ਤੋਂ ਕੋਈ 3500 ਸਾਲ ਪਹਿਲੇ ਪੰਜਾਬ ਵਿੱਚ ਬੋਲੀ ਜਾਂਦੀ ਸੀ । ਸੰਸਕ੍ਰਿਤ ਨੂੰ ਜਰਮਨ ਵਿਦਵਾਨ Altindi-sone ਕਹਿੰਦੇ ਹਨ । ਇਹ ਭਾਸ਼ਾ ਨਿਕਾਸ ਦੀ ਪੱਧਰ ਤੇ ਪੁਰਾਣੀ ਅਵੇਸਤਾ ( ਪਾਰਸੀਆਂ ਦੀ ਪਵਿੱਤਰ ਪੁਸਤਕਾਂ ਦੀ ਭਾਸ਼ਾ ) ਯੂਨਾਨੀ , ਲਾਤੀਨੀ , ਪੁਰਾਣੀ ਜਰਮਨ , ਪੁਰਾਣੀ ਅੰਗਰੇਜ਼ੀ , ਪੁਰਾਣੀ ਰੂਸੀ ਆਦਿ ਨਾਲ ਸੰਬੰਧਿਤ ਹੈ । ਇਹਨਾਂ ਸਾਰੀਆਂ ਭਾਸ਼ਾਵਾਂ ਨੂੰ ਅਸੀਂ ਭਾਰਤੀ-ਯੂਰਪੀ ਭਾਸ਼ਾ ਪਰਿਵਾਰ ਕਹਿੰਦੇ ਹਾਂ । ਇਹਨਾਂ ਭਾਸ਼ਾਵਾਂ ਦੇ ਮੂਲ ਰੂਪ ਨੂੰ ਸਥਾਪਿਤ ਕਰਨ ਲਈ ਵੈਦਿਕ ਸੰਸਕ੍ਰਿਤ ਦਾ ਬਹੁਤ ਵੱਡਾ ਯੋਗਦਾਨ ਹੈ ।

 

        ਜਿਵੇਂ ਕਿ ਸਪਸ਼ਟ ਹੈ ਕਿ ਵੈਦਿਕ ਸੰਸਕ੍ਰਿਤ ਇੱਕ ਬਹੁਤ ਹੀ ਮਹੱਤਵਪੂਰਨ ਭਾਸ਼ਾ ਹੈ; ਭਾਸ਼ਾਈ ਤੌਰ ਤੇ ਵੀ ਅਤੇ ਸਾਹਿਤਕ ਤੌਰ ਤੇ ਵੀ । ਅਸੀਂ ਵੈਦਿਕ ਭਾਸ਼ਾ ਤੇ ਸੰਸਕ੍ਰਿਤ ਵਿੱਚ ਅੰਤਰ ਕਰਦੇ ਹਾਂ । ਭਾਵੇਂ ਅਸੀਂ ਵੈਦਿਕ ਸੰਸਕ੍ਰਿਤ ਕਹਿੰਦੇ ਹਾਂ ਪਰ ਵੈਦਿਕ ਭਾਸ਼ਾ ਤੇ ਸੰਸਕ੍ਰਿਤ ਭਾਸ਼ਾ ਨੂੰ ਦੋ ਵੱਖਰੀਆਂ ਭਾਸ਼ਾਵਾਂ ਵੀ ਕਿਹਾ ਜਾ ਸਕਦਾ ਹੈ । ਵੈਦਿਕ ਆਪਣੇ ਸਮੇਂ ਬੋਲੀ ਜਾਂਦੀ ਸੀ ਤੇ ਇਸ ਵਿੱਚ ਉਸ ਵੇਲੇ ਦੇ ਕਵੀਆਂ ( ਰਿਸ਼ੀਆਂ ) ਨੇ ਆਪਣੇ ਗੀਤ ਲਿਖੇ ਤੇ ਇਹ ਗੀਤ ਉਹਨਾਂ ਦੇ ਦੁੱਖਾਂ , ਸੁੱਖਾਂ , ਲੋੜਾਂ ਤੇ ਪ੍ਰਾਪਤੀਆਂ ਨੂੰ ਪ੍ਰਗਟ ਕਰਦੇ ਹਨ । ਰਿਗਵੇਦ ਵਿੱਚ ਇਹ ਗੀਤ ( ਰਿਚਾਵਾਂ ) ਸਾਨੂੰ ਪ੍ਰਾਪਤ ਹਨ । ਰਿਗਵੇਦ ਨੂੰ ਇੱਕ ਧਾਰਮਿਕ ਗ੍ਰੰਥ ਮੰਨਿਆ ਜਾਂਦਾ ਹੈ ਪਰ ਵਾਸਤਵ ਵਿੱਚ ਇਹ ਗ੍ਰੰਥ ਉਸ ਵੇਲੇ ਦੀ ਸੱਭਿਅਤਾ ਤੇ ਸੰਸਕ੍ਰਿਤੀ ਦਾ ਪ੍ਰਤੀਕ ਹੈ ।

        ਸੰਸਕ੍ਰਿਤ ( ਸਾਡਾ ਭਾਵ ਵੈਦਿਕ ਸੰਸਕ੍ਰਿਤ ਹੈ ) ਵਿੱਚ ਕੁੱਲ 42 ਧੁਨੀਆਂ ਹਨ । ਇਹਨਾਂ ਵਿੱਚ ਨੌਂ ਸ੍ਵਰ ਹਨ ਤੇ ਇਹ ਹਨ : ਅ , ੲ , ੳ , ऋ , ऌ ਏ , ਐ , ਓ ਤੇ ਔ । ਇਹਨਾਂ ਵਿੱਚ ਅ , ੲ , ਉ , ऋ , ऌ ਹਰਸਵ ( ਛੋਟੇ ) ਤੇ ਆ , ਈ , ਊ , ऋ , ऌ , ਏ , ਐ , ਓ ਤੇ ਔ ਦੀਰਘ । ਇਹਨਾਂ ਧੁਨੀਆਂ ਵਿੱਚ ਈ , ਊ , ਆ , ऋ , ऌ ਦੀਰਘ ਤਾਂ ਜ਼ਰੂਰ ਹਨ ਪਰ ਇਹਨਾਂ ਨੂੰ ਵਿਆਕਰਨਕਾਰ ਗਿਣਤੀ ਤੋਂ ਬਾਹਰ ਰੱਖਦੇ ਹਨ ਕਿਉਂਕਿ ਇਹ ਇੱਕ ਸ਼ਬਦ ਦੀ ਵਿਉਤਪਤੀ ਵਿੱਚ ਮਹੱਤਵਪੂਰਨ ਨਹੀਂ ਹਨ ।

                  ਵਿਅੰਜਨ ਧੁਨੀਆਂ :

                  ਕ  ਖ  ਗ  ਘ  ਙ

                  ਚ  ਛ  ਜ  ਝ  ਞ

                  ਟ  ਠ  ਡ  ਢ  ਣ

                  ਤ  ਥ  ਦ  ਧ  ਨ

                  ਪ  ਫ  ਬ  ਭ  ਮ

                  ਅਰਧ ਸ੍ਵਰ             :                

                  ਯ  ਰ  ਲ  ਵ

                  ਸ-ਧੁਨੀਆਂ :

                  ਸ  ਸ਼  ਤੇ   ष

                  ਕੰਠੀ       :

                  ਹ

        ਵੈਦਿਕ ਸੰਸਕ੍ਰਿਤ ਵਿੱਚ ਬਲਾਘਾਤ ਵੀ ਅਰਥਵਤ ਤੇ ਮਹੱਤਵਪੂਰਨ ਹੈ ਅਤੇ ਇਸ ਭਾਸ਼ਾ ਵਿੱਚ ਕੋਈ ਵੀ ਸ਼ਬਦ ਙ , ਞ ਤੇ ਣ ਨਾਲ ਸ਼ੁਰੂ ਨਹੀਂ ਹੁੰਦਾ ।

        ਸ਼ਬਦ ਬਣਤਰ ਪੱਖੋਂ ਸੰਸਕ੍ਰਿਤ ਵਿੱਚ ਬੁਨਿਆਦੀ ਤੌਰ ਤੇ ਦੋ ਤਰ੍ਹਾਂ ਦੇ ਸ਼ਬਦ ਹਨ-ਨਾਂਵ ਤੇ ਕਿਰਿਆਵਿਸ਼ੇਸ਼ਣ , ਕਿਰਿਆ ਵਿਸ਼ੇਸ਼ਣ ਤੇ ਪੜਨਾਂਵ ਕੋਈ ਸੁਤੰਤਰ ਸ਼ਬਦ ਨਹੀਂ ਹਨ ਤੇ ਇਹਨਾਂ ਦੀ ਆਪਣੀ ਕੋਈ ਹੋਂਦ ਨਹੀਂ । ਇੱਕ ਸ਼ਬਦ ਦੇ ਬੁਨਿਆਦੀ ਅੰਸ਼ ਹਨ-ਧਾਤੂ , ਵਿਕਰਨ ਤੇ ਵਿਭਕਤੀ । ਜਦੋਂ ਵਿਭਕਤੀ ਲੱਗ ਜਾਂਦੀ ਹੈ ਤਾਂ ਉਹ ਸ਼ਬਦ ਇੱਕ ਵਾਕ ਵਿੱਚ ਪ੍ਰਯੋਗ ਕੀਤਾ ਜਾ ਸਕਦਾ ਹੈ । ਇੱਕ ਧਾਤੂ ਤੋਂ ਕਈ ਸ਼ਬਦ ਬਣ ਸਕਦੇ ਹਨ ਜਿਵੇਂ ‘ ਦਾ` ਦਾਤਾ , ਦਾਤਿ ਆਦਿ । ਕਈ ਵਾਰੀ ਵਿਕਰਨ ਸ਼ੂਨਯ ( zero ) ਵੀ ਹੋ ਸਕਦਾ ਹੈ ਜਿਵੇਂ ਧਾਤੂ ‘ ਅਸੁ` ਤੋਂ ਅਸੀਂ ‘ ਅਸਤਿ` ‘ ਉਹ ਹੈ` ਬਣਾਉਂਦੇ ਹਾਂ ਇਸ ਵਿੱਚ ਅਸੁ ( ਧਾਤੂ ) ਤੇ ( -ਤਿ ) ਵਿਭਕਤੀ ਵਿੱਚ ਕੋਈ ਵਿਕਰਨ ਨਹੀਂ ਹੈ । ਕਈ ਵਾਰੀ ਵਿਕਰਨ ਦੀ ਬਜਾਏ ਧਾਤੂ ਜਾਂ ਉਸ ਦੇ ਕੁਝ ਹਿੱਸੇ ਦਾ ਦੁਹਰਾਉ ਜਾਂ ਦੁਰੁਕੜੀ ਦਾ ਪ੍ਰਯੋਗ ਕੀਤਾ ਜਾਂਦਾ ਹੈ । ਵੇਖੋ ਦਾ ਤੋਂ ਦਦਾਤਿ ‘ ਉਹ ਦਿੰਦਾ ਹੈ` । ਫਲ ਤੋਂ ਪਫਲਤਿ “ ਉਹ ਫੁਲਦਾ ਹੈ , ਵਧਦਾ ਹੈ । ”

        ਵਿਭਕਤੀ ਤੋਂ ਭਾਵ ਹੈ ਸ਼ਬਦ ਦਾ ਅੰਤਲਾ ਭਾਗ ਜਿਹੜਾ ਸ਼ਬਦ ਦੇ ਵਿਆਕਰਨਿਕ ਰੂਪ ਨੂੰ ਦਰਸਾਉਂਦਾ ਹੈ । ਉਦਾਹਰਨ ਵਜੋਂ ਪੰਜਾਬੀ ਵਿੱਚ ‘ ਮੁੰਡੇ` ਜਾਂ ਤਾਂ ਇੱਕ ਵਚਨ ਅਪ੍ਰਧਾਨ ਰੂਪ ਹੈ । ( ਅਪ੍ਰਧਾਨ ਰੂਪ ਕਰਤਾ ਨਹੀਂ ਹੋ ਸਕਦਾ ) ਤੇ ਜਾਂ ਪ੍ਰਧਾਨ ਬਹੁਵਚਨ ਰੂਪ ਹੈ । ‘ ਾ ` ਅੰਤਕ ਨਾਵਾਂ ਦੇ ਇਹ ਰੂਪ ‘   ੇ ` ਦੁਆਰਾ ਦਰਸਾਏ ਜਾਂਦੇ ਹਨ । ਸੰਸਕ੍ਰਿਤ ਵਿੱਚ ਇੱਕ ਨਾਂਵ , ਪੜਨਾਂਵ ਜਾਂ ਵਿਸ਼ੇਸ਼ਣ ਦੇ ਅੱਠ ਰੂਪ ਹੋ ਸਕਦੇ ਹਨ ਤੇ ਅਨੇਕ ਕਾਰਜ ਅਰਥਾਤ ਕਾਰਕ ਕਾਰਜ/ਕਰਮ ਕਾਰਕ ਵਿਭਕਤੀ ਦਾ ਅਰਥ ਹੋ ਸਕਦਾ ਹੈ , ਟੀਚਾ , ਮਕਸਦ , ਥਾਂ ਜਾਂ ਇੱਕ ਸਕਰਮਕ ਕਿਰਿਆ ਦਾ ਪੂਰਕ ਨਾਂਵ ਰੂਪ ।

        ਸੰਸਕ੍ਰਿਤ ਵਿੱਚ ਕਿਰਿਆ ਬਹੁਤ ਮਹੱਤਵਪੂਰਨ ਹੈ ਪਰ ਕਿਰਿਆ ਕਰਤਾ ਨਾਲ ਵਚਨ ਵਿੱਚ ਸੁਮੇਲ ਰੱਖਦੀ ਹੈ ਲਿੰਗ ਵਿੱਚ ਨਹੀਂ । ਅਸੀਂ ਪੰਜਾਬੀ ਵਿੱਚ ਕਹਿੰਦੇ ਹਾਂ 1. ‘ ਮੁੰਡਾ ਜਾਂਦਾ ਹੈ` ਤੇ 2. ‘ ਕੁੜੀ ਜਾਂਦੀ ਹੈ । ` ਵਾਕ ਨੰ : 1 ਵਿੱਚ ਮੁੰਡਾ ਪੁਲਿੰਗ ਹੈ ਤੇ ਕਿਰਿਆ ਦਾ ਰੂਪ ‘ ਜਾਂਦਾ` ਹੈ ਤੇ ਵਾਕ ਨੰ : 2 ਵਿੱਚ ਕੁੜੀ ਇਸਤਰੀ ਲਿੰਗ ਹੈ ਤੇ ਕਿਰਿਆ ਦਾ ਰੂਪ ‘ ਜਾਂਦੀ` ਹੈ । ਪਰ ਸੰਸਕ੍ਰਿਤ ਵਿੱਚ ‘ ਗੱਛਿਤ` ਕੁੜੀ ਲਈ ਵੀ ਹੈ ਤੇ ਮੁੰਡੇ ਲਈ ਵੀ । ਇਸ ਤਰ੍ਹਾਂ ਸੰਸਕ੍ਰਿਤ ਅੰਗਰੇਜ਼ੀ ਵਾਂਗ ਹੈ-The boy goes and the girl goes.

        ਸੰਸਕ੍ਰਿਤ ਵਿੱਚ ਤਿੰਨ ਵਚਨ ਤੇ ਤਿੰਨ ਲਿੰਗ ਹਨ । ਲਿੰਗ ਹਨ-ਪੁਲਿੰਗ , ਇਸਤਰੀ ਲਿੰਗ ਤੇ ਨਿਪੁੰਸਕ ਲਿੰਗ; ਵਚਨ ਹਨ-ਇੱਕਵਚਨ , ਦ੍ਵਿਵਚਨ ਤੇ ਬਹੁਵਚਨ । ਲਿੰਗ ਸੰਸਕ੍ਰਿਤ ਵਿੱਚ ਵਿਆਕਰਨਿਕ ਹੈ ਅਰਥਾਤ ਕੋਈ ਨਾਂਵ ਕਿਉਂ ਇਸਤਰੀ ਲਿੰਗ ਹੈ , ਪੁਲਿੰਗ ਹੈ ਜਾਂ ਨਿਪੁੰਸਕ ਲਿੰਗ ਹੈ ਬਾਰੇ ਕੋਈ ਤਰਕ ਜਾਂ ਕਿੰਤੂ ਨਹੀਂ ਹੋ ਸਕਦਾ । ਪੰਜਾਬੀ ਦਾ ਵੀ ਇਹੋ ਹਾਲ ਹੈ ਜਿਵੇਂ ‘ ਫਲ` ਪੁਲਿੰਗ ਹੈ ਪਰ ‘ ਗਲ` ਇਸਤਰੀ ਲਿੰਗ ਹੈ ।

        ਸੰਸਕ੍ਰਿਤ ਵਿੱਚ ਕਿਰਿਆ ਹੇਠ ਲਿਖਿਆਂ ਕਾਲਾਂ ਨੂੰ ਦਰਸਾਉਂਦੀ ਹੈ-ਵਰਤਮਾਨ , ਭਵਿੱਖ , ਅਦਿੱਖ ਭੂਤ ( aorist ) , ਪੂਰਨ ਭੂਤ ( perfect ) ਤੇ ਅਪੂਰਨ ਭੂਤ ( imperfect ) । ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸੰਸਕ੍ਰਿਤ ਵਿਆਕਰਨ ਬਹੁਤ ਗੁੰਝਲਦਾਰ ਹੈ । ਇਹਨਾਂ ਕਿਰਿਆਵਾਂ ਤੋਂ ਬਹੁਤ ਸਾਰੇ ਕ੍ਰਿਦੰਤ ਰੂਪ ਵੀ ਬਣੇ ਹਨ ਤੇ ਇਹ ਕ੍ਰਿਦੰਤ ਰੂਪ ਪਾਲੀ ਤੇ ਪ੍ਰਾਕਿਰਤਾਂ ( ਵੇਖੋ ਪਾਲੀ ਤੇ ਪ੍ਰਾਕਿਰਤ ) ਦੇ ਵਾਕ ਵਿਨਿਆਸ ਲਈ ਬਹੁਤ ਮਹੱਤਵਪੂਰਨ ਬਣ ਜਾਂਦੇ ਹਨ ।

        ਸੰਸਕ੍ਰਿਤ ਕਿਰਿਆ ਨਾਲ ਹੀ ਸੰਬੰਧਿਤ ਦੋ ਵਾਕ ਹਨ- ਆਤਮਨੇ ਪਦ ( ਆਪਣੇ ਆਪ ਲਈ ਕੋਈ ਸ਼ਬਦ ਜਾਂ ਕਿਰਿਆ ) ਤੇ ਪਰਸਮੈ ਪਦ ਅਰਥਾਤ ਦੂਜੇ ਲਈ ਸ਼ਬਦ ਜਾਂ ਕਿਰਿਆ । ਇਹਨਾਂ ਵਾਕਾਂ ਲਈ ਵਿਭਕਤੀਆਂ ਵੀ ਵੱਖਰੀਆਂ ਹਨ । ਇਹਨਾਂ ਨੂੰ ਅਸੀਂ ਅੰਗਰੇਜ਼ੀ ਵਿੱਚ middle/passive ਤੇ active voice ਕਹਿੰਦੇ ਹਾਂ । ਉਦਾਹਰਨ ਲਈ ਵੇਖੋ ‘ ਯਜਤੇ` ( ਇੱਕ ਬ੍ਰਾਹਮਣ ) ਯੱਗ ਕਰਦਾ ਹੈ ਜਿਸ ਦਾ ਫਲ ਉਸ ਨੂੰ ਮਿਲਦਾ ਹੈ ਤੇ ‘ ਯਜਤਿ` ( ਇੱਕ ਬ੍ਰਾਹਮਣ ) ਯੱਗ ਕਰਦਾ ਹੈ ਜਿਸ ਦਾ ਫਲ ਕਿਸੇ ਹੋਰ ਨੂੰ ਜਾਂਦਾ ਹੈ ।

        ਵੈਦਿਕ ਸਾਹਿਤ ਰਿਗਵੇਦ ਤੋਂ ਸ਼ੁਰੂ ਹੁੰਦਾ ਹੈ ਤੇ ਕਾਫ਼ੀ ਦੇਰ ਤੱਕ ਸੰਸਕ੍ਰਿਤ ਵਿੱਚ ਸਾਹਿਤ ਸਿਰਜਣਾ ਹੁੰਦੀ ਰਹੀ ਹੈ । ਸੰਸਕ੍ਰਿਤ ਲੋਕਾਂ ਦੀ ਭਾਸ਼ਾ ਨਹੀਂ ਸੀ । ਸੰਸਕ੍ਰਿਤ ਸਾਹਿਤ ਸ਼ਿਸ਼ਟ ਲੋਕਾਂ ਦੁਆਰਾ ਸ਼ਿਸ਼ਟ ਲੋਕਾਂ ਲਈ ਰਚਿਆ ਗਿਆ । ਸੰਸਕ੍ਰਿਤ ਦੇ ਨਾਟਕਾਂ ਵਿੱਚ ਆਮ ਲੋਕ , ਇਸਤਰੀਆਂ ਤੇ ਨੌਕਰ ਸੰਸਕ੍ਰਿਤ ਵਿੱਚ ਨਹੀਂ ਪ੍ਰਾਕਿਰਤ ਵਿੱਚ ਗੱਲ-ਬਾਤ ਕਰਦੇ ਹਨ । ਜੇ ਅਸੀਂ ਪ੍ਰਸਿੱਧ ਸੰਸਕ੍ਰਿਤ  ਨਾਵਲ ਦਸ਼ਕੁਮਾਰ ਚਰਿਤ   ਦੇ ਪਹਿਲੇ ਪੰਨੇ ਵੱਲ ਵੇਖੀਏ ਤਾਂ ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਪਹਿਲੇ ਦੋ ਪੰਨੇ ਕੇਵਲ ਇੱਕ ਸਮਾਜ ਦੇ ਦਰਸਾਊ ਹਨ ।

                  ਸੰਸਕ੍ਰਿਤ ਵਿੱਚ ਵਿਆਕਰਨ ਸਾਹਿਤ ਪੰਜਵੀਂ ਸਦੀ ਈਸਾ ਪੂਰਬ ਤੋਂ ਰਚਿਆ ਗਿਆ । ਪਾਣਿਨੀ , ਜੋ ਪੰਜਾਬੀ ਸੀ ਤੇ ਪਿਸ਼ਾਵਰ ਦਾ ਰਹਿਣ ਵਾਲਾ ਸੀ , ਨੇ ਚੌਥੀ ਸਦੀ ਵਿੱਚ ਸੰਸਕ੍ਰਿਤ ਦੇ ਇੱਕ ਵਿਆਕਰਨ ਦੀ ਰਚਨਾ ਕੀਤੀ । ਇਸ ਵਿਆਕਰਨ ਦਾ ਨਾਂ ਅਸ਼ਟਾਧਿਆਈ   ਹੈ । ਇਹ ਗ੍ਰੰਥ ਸੂਤਰ ਸ਼ੈਲੀ ਵਿੱਚ ਹੈ ਤੇ ਇਸ ਵਿੱਚ 3996 ਸੂਤਰ ਹਨ । ਇਸ ਵਿਆਕਰਨ ਨੂੰ ਅੱਜ ਵੀ ਦੁਨੀਆ ਦਾ ਸਭ ਤੋਂ ਵਧੀਆ ਵਿਆਕਰਨ ਮੰਨਿਆ ਜਾਂਦਾ ਹੈ । ਪਤੰਜਲੀ ਨੇ ਇਸ ਗ੍ਰੰਥ ਤੇ ਇੱਕ ਪੜਚੋਲਵੀਂ ਪੁਸਤਕ ਲਿਖੀ ਜਿਸ ਨੂੰ ਮਹਾਂਭਾਸ਼   ਕਿਹਾ ਜਾਂਦਾ ਹੈ । ਇਹ ਪੁਸਤਕ ਅੱਜ ਤੋਂ ਕੋਈ 2100 ਸਾਲ ਪਹਿਲਾਂ ਲਿਖੀ ਗਈ । ਇਹ ਦੋਵੇਂ ਗ੍ਰੰਥ ਸੰਸਕ੍ਰਿਤ , ਭਾਸ਼ਾ-ਵਿਗਿਆਨ , ਦਰਸ਼ਨ ਤੇ ਸਾਹਿਤ ਦੇ ਅਧਿਐਨ ਵਿੱਚ ਬਹੁਤ ਮਹੱਤਵਪੂਰਨ ਸਿੱਧ ਹੋਏ ਹਨ ।


ਲੇਖਕ : ਪ੍ਰੇਮ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8449, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸੰਸਕ੍ਰਿਤ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸੰਸਕ੍ਰਿਤ : ਪਰਾਚੀਨ ਭਾਰਤੀ-ਆਰੀਆ ਭਾਸ਼ਾ ਪਰਿਵਾਰ ਵਿਚ ਵੈਦਿਕ ਭਾਸ਼ਾ ਨੂੰ ਸਭ ਤੋਂ ਪੁਰਾਣੀ ਭਾਸ਼ਾ ਮੰਨਿਆ ਜਾਂਦਾ ਹੈ । ਇਸ ਭਾਸ਼ਾ ਵਿਚ ਵੇਦਾਂ ਦੀ ਸਿਰਜਨਾ ਕੀਤੀ ਗਈ । ਵੇਦਾਂ ਦੀ ਭਾਸ਼ਾ ਪਿਛੋਂ ਆ ਕੇ ਸਾਹਿਤਕ ਭਾਸ਼ਾ ਰਹਿ ਗਈ ਜਦੋਂ ਕਿ ਬੋਲ-ਚਾਲ ਦੀ ਭਾਸ਼ਾ ਵਿਚ ਅੰਤਰ ਆ ਗਿਆ । ਇਸ ਬੋਲ-ਚਾਲ ਦੀ ਭਾਸ਼ਾ ਨੂੰ ਲੌਕਿਕ ਸੰਸਕ੍ਰਿਤ ਕਿਹਾ ਜਾਂਦਾ ਹੈ । ਵੈਦਿਕ ਸੰਸਕ੍ਰਿਤ ਵਿਚ ਕੁਲ 52 ਧੁਨੀਆਂ ਹਨ ਜਿਨ੍ਹਾਂ ਵਿਚੋਂ13 ਸਵਰ ਤੇ 39 ਵਿਅੰਜਨ ਹਨ । ਵੈਦਿਕ ਭਾਸ਼ਾ ਵਿਚ ਆਧੁਨਿਕ ਪੰਜਾਬੀ ਦੀ ਸੁਰ ਵਾਲਾ ਇਕ ਲੱਛਣ ਸੀ ਜਿਸ ਨੂੰ ਸਵਰਘਾਤ ਕਿਹਾ ਜਾਂਦਾ ਸੀ । ਸਵਰਘਾਤ ਦੀ ਵਰਤੋਂ ਤੋਂ ਬਿਨਾਂ ਉਚਾਰੇ ਗਏ ਮੰਤਰਾਂ ਦਾ ਉਚਾਰਨ ਸ਼ੁੱਧ ਨਹੀਂ ਮੰਨਿਆ ਜਾਂਦਾ ਸੀ । ਸਵਰਘਾਤ ਦੀ ਵਰਤੋਂ ਹਰ ਸ਼ਬਦ ’ ਤੇ ਕੀਤੀ ਜਾਂਦੀ ਸੀ । ਵਿਦਵਾਨਾਂ ਅਨੁਸਾਰ ਇਸ ਦੀ ਵਰਤੋਂ ਸੰਗੀਤਾਤਮਕਤਾ ਪੈਦਾ ਕਰਨ ਲਈ ਕੀਤੀ ਜਾਂਦੀ ਸੀ । ਇਹ ਭਾਸ਼ਾ ਸੰਯੋਗਾਤਮਕ ਸੀ ਅਤੇ ਸਬੰਧਕਾਂ ਦੀ ਵਰਤੋਂ ਨਹੀਂ ਸੀ ਹੁੰਦੀ । ਇਸ ਵਿਚ ਤਿੰਨ ਲਿੰਗ ਅਤੇ ਤਿੰਨ ਵਚਨ ਸਨ । ਵਿਸ਼ੇਸ਼ਣਾਂ ਦਾ ਰੂਪ ਪਰਿਵਰਤਨ ਨਾਵਾਂ ਵਾਂਗ ਹੁੰਦਾ ਸੀ । ਕਿਰਿਆਵਾਂ ਦਾ ਰੂਪ ਵੀ ਕਾਫੀ ਗੁੰਝਲਦਾਰ ਸੀ ਅਤੇ ਸਹਾਇਕ ਕਿਰਿਆ ਦੀ ਵਰਤੋਂ ਵੀ ਨਹੀਂ ਸੀ ਹੁੰਦੀ । ਇਸ ਵਿਚ ਅੱਠ ਕਾਰਕ ਸਨ । ਇਸ ਵਿਚ ਸੰਧੀ ਤੇ ਸਮਾਸ ਦੋਹਾਂ ਦੀ ਵਰਤੋਂ ਕੀਤੀ ਜਾਂਦੀ ਸੀ । ਪਾਣਿਨੀ ਵੈਦਿਕ ਭਾਸ਼ਾ ਨੂੰ ‘ ਛਾਂਦਸ’ ਭਾਵ ਸਹਿਤਕ ਭਾਸ਼ਾ ਕਹਿੰਦਾ ਹੈ ਅਤੇ ਸੰਸਕ੍ਰਿਤ ਨੂੰ ਲੌਕਿਕ \ ਵੈਦਿਕ ਭਾਸ਼ਾ ਤੋਂ ਪਿਛੋਂ ਸੰਸਕ੍ਰਿਤ ਦਾ ਸਮਾਂ ਮੰਨਿਆ ਜਾਂਦਾ ਹੈ । ਇਸ ਸਮੇਂ ਤੱਕ ਆਰੀਆ ਲੋਕਾਂ ਦਾ ਫੈਲਾ ਕਾਫੀ ਹੋ ਚੁੱਕਾ ਸੀ । ਇਸ ਭਾਸ਼ਾ ਦੀ ਵਿਆਕਰਨ ਪਾਣਿਨੀ ਨੇ ਰਚੀ ਜੋ ਟੈਕਸਲਾ ਯੂਨੀਵਰਸਿਟੀ ਵਿਚ ਪਹਿਲਾਂ ਵਿਦਿਆਰਥੀ ਅਤੇ ਪਿਛੋਂ ਅਧਿਆਪਕ ਰਿਹਾ । ਵੈਦਿਕ ਸੰਸਕ੍ਰਿਤ ਦੇ ਤਿੰਨ ਸਵਰ ˆ ‡ ਤੇ l÷ ਸ਼ੁੱਧ ਸਵਰ ਧੁਨੀਆ ਹਨ ਪਰ ਪਿਛੋਂ ਇਨ੍ਹਾਂ ਦਾ ਉਚਾਰਨ ਵਿਅੰਜਨ ਵਿਚ ਪਰਿਵਰਤਿਤ ਹੋ ਗਿਆ । ਵੈਦਿਕ ਸੰਸਕ੍ਰਿਤ ਵਿਚ ( ਆਈ ਤੇ ਆਉ ) ਦੋ ਸੰਧੀ ਸਵਰ ਸਨ ਪਰ ਇਨ੍ਹਾਂ ਦਾ ਉਚਾਰਨ ( ਆਇ ਤੇ ਅਉ ) ਹੋ ਗਿਆ । ਵੈਦਿਕ ਦੀਆਂ ( ਲ ਲ੍ਹ ) ਧੁਨੀਆਂ ਸੰਸਕ੍ਰਿਤ ਵਿਚ ਨਹੀਂ । ਵੈਦਿਕ ਵਿਚਲਾ ਸਵਰਘਾਤ ਬਲਾਤਮਕ ਸਵਰਘਾਤ ਵਿਚ ਬਦਲ ਗਿਆ । ਵੈਦਿਕ ਵਿਚ ਸਮਾਸ ਦੇ ਸ਼ਬਦਾਂ ਤੱਕ ਸੀਮਤ ਸੀ ਪਰ ਸੰਸਕ੍ਰਿਤ ਵਿਚ ਇਨ੍ਹਾਂ ਦੀ ਮਾਤਰਾ ਵੱਧ ਵੀ ਹੋ ਸਕਦੀ ਹੈ । ਵਿਆਕਰਨ ਦੇ ਪੱਧਰ ’ ਤੇ ਲਿੰਗ , ਵਚਨ , ਕਾਰਕ , ਵਿਭਕਤੀ ਦਾ ਸਰੂਪ ਵੈਦਿਕ ਭਾਸ਼ਾ ਵਾਲਾ ਹੀ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 8441, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਸੰਸਕ੍ਰਿਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਸਕ੍ਰਿਤ [ ਨਾਂਇ ] ਇੱਕ ਪ੍ਰਸਿੱਧ ਪ੍ਰਾਚੀਨ ਭਾਸ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8428, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਸਕ੍ਰਿਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਸਕ੍ਰਿਤ . ਵਿ— ਜਿਸ ਦਾ ਸੰਸਕਾਰ ਕੀਤਾ ਗਿਆ ਹੈ । ੨ ਸ਼ੁੱਧ ਕੀਤਾ । ੩ ਸੁਧਾਰਿਆ । ੪ ਸੰਗ੍ਯਾ— ਵ੍ਯਾਕਰਣ ਦੀ ਰੀਤਿ ਅਨੁਸਾਰ ਸੁਧਾਰੀ ਹੋਈ ਬੋਲੀ । ੫ ਦੇਵਭਾ੄੠. ਸੰਸਕ੍ਰਿਤ. ( संस्कृत ) .


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਸਕ੍ਰਿਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਸਕ੍ਰਿਤ . ਵਿ— ਜਿਸ ਦਾ ਸੰਸਕਾਰ ਕੀਤਾ ਗਿਆ ਹੈ । ੨ ਸ਼ੁੱਧ ਕੀਤਾ । ੩ ਸੁਧਾਰਿਆ । ੪ ਸੰਗ੍ਯਾ— ਵ੍ਯਾਕਰਣ ਦੀ ਰੀਤਿ ਅਨੁਸਾਰ ਸੁਧਾਰੀ ਹੋਈ ਬੋਲੀ । ੫ ਦੇਵਭਾ੄੠. ਸੰਸਕ੍ਰਿਤ. ( संस्कृत ) .


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਸਕ੍ਰਿਤ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੰਸਕ੍ਰਿਤ : ਇਹ ਭਾਰਤ ਦੀ ਇਕ ਪ੍ਰਾਚੀਨ ਭਾਸ਼ਾ ਹੈ ਜੋ ਭਾਸ਼ਾ-ਵਿਗਿਆਨ , ਸਾਹਿਤਕ , ਸਭਿਆਚਾਰਕ ਅਤੇ ਵਿਆਕਰਣਕ ਪੱਖ ਤੋਂ ਬਹੁਤ ਹੀ ਮਹੱਤਵਪੂਰਨ ਹੈ । ਭਾਸ਼ਾ-ਵਿਗਿਆਨੀਆਂ ਨੇ ਇਸ ਨੂੰ ਵਿਸ਼ਵ ਦੇ ਪ੍ਰਸਿੱਧ “ ਭਾਰਤ-ਯੂਰਪੀ ਭਾਸ਼ਾ-ਪਰਿਵਾਰ” ਦੀ ਇਕ ਸ਼ਾਖਾ ਮੰਨਿਆ ਹੈ । ਸਰ ਵਿਲੀਅਮ ਜੋਨਜ਼ ਨੇ ਸੰਸਕ੍ਰਿਤ ਨੂੰ ਉਪਰੋਕਤ ਪਰਿਵਾਰ ਦੀ ਸਰਵੋਤਮ ਭਾਸ਼ਾ ਦੱਸਿਆ ਹੈ ।

              ਵਿਕਾਸ ਦੇ ਕਾਲ-ਕ੍ਰਮ ਅਨੁਸਾਰ ਸੰਸਕ੍ਰਿਤ ਭਾਰਤ-ਯੂਰਪੀ ਭਾਸ਼ਾ ਪਰਿਵਾਰ ਦੇ ‘ ਸ਼ਤਮ’ ਭਾਸ਼ਾ ਵਰਗ ਦੀ ਭਾਰਤੀ-ਈਰਾਨੀ ਸ਼ਾਖਾ ਦੀ ਹਿੰਦ ਆਰੀਆਈ ਉਪਸ਼ਾਖਾ ਨਾਲ ਸਬੰਧਤ ਹੈ । ਵਿਦਵਾਨਾਂ ਦੇ ਹਿੰਦ ਆਰੀਆਈ ਭਾਸ਼ਾ ਦੇ ਵਿਕਾਸ ਦੇ ਤਿੰਨ ਪੜਾਅ ਨਿਰਧਾਰਤ ਕੀਤੇ ਹਨ-ਪ੍ਰਾਚੀਨ ਹਿੰਦ ਭਾਸ਼ਾ , ਮਧਕਾਲੀਨ ਹਿੰਦ-ਆਰੀਆਈ ਭਾਸ਼ਾ ਅਤੇ ਆਧੁਨਿਕ ਹਿੰਦ-ਆਰੀਆਈ ਭਾਸ਼ਾ । ਸੰਸਕ੍ਰਿਤ ਪ੍ਰਾਚੀਨ ਹਿੰਦ-ਆਰੀਆਈ ਭਾਸ਼ਾ-ਕਾਲ ਨਾਲ ਸਬੰਧਤ ਹੈ ਜਿਸ ਦਾ ਕਾਲ 1500 ਪੂ. ਈ. ਤੋਂ ਲੈ ਕੇ 500 ਪੂ. ਈ. ਗਿਣਿਆ ਜਾਂਦਾ ਹੈ । ਇਸ ਪ੍ਰਾਚੀਨ ਕਾਲ-ਖੰਡ ਵਿਚ ਭਾਸ਼ਾ ਦੇ ਦੋ ਰੂਪ ਮਿਲਦੇ ਹਨ-ਵੈਦਿਕ ਸੰਸਕ੍ਰਿਤ ਅਤੇ ਕਲਾਸੀਕਲ ਸੰਸਕ੍ਰਿਤ । ਵੈਦਿਕ ਸੰਸਕ੍ਰਿਤ ਨੂੰ ਵੈਦਿਕ ਪ੍ਰਾਕ੍ਰਿਤ , ਛੰਦਸ , ਵੈਦਿਕੀ ਜਾਂ ਪ੍ਰਾਚੀਨ ਸੰਸਕ੍ਰਿਤ ਵੀ ਕਿਹਾ ਜਾਂਦਾ ਹੈ ਅਤੇ ਕਲਾਸੀਕਲ ਸੰਸਕ੍ਰਿਤ ਨੂੰ ਲੌਕਿਕ ਸੰਸਕ੍ਰਿਤ ਜਾਂ ਸਾਹਿਤਕ ਸੰਸਕ੍ਰਿਤ ਵੀ ਕਿਹਾ ਜਾਂਦਾ ਹੈ ।

              ਵੈਦਿਕ ਸੰਸਕ੍ਰਿਤ ਦਾ ਪ੍ਰਾਚੀਨਤਮ ਰੂਪ ਰਿਗਵੇਦ ਵਿਚ ਮਿਲਦਾ ਹੈ । ਉਂਜ ਚਾਰੇ ਵੇਦਾਂ , ਬ੍ਰਾਹਮਣ ਗ੍ਰੰਥਾਂ , ਉਪਨਿਸ਼ਦਾਂ ਦੀ ਭਾਸ਼ਾ ਵੀ ਵੈਦਿਕ ਸੰਸਕ੍ਰਿਤ ਹੀ ਹੈ । ਕਲਾਸੀਕਲ ਸੰਸਕ੍ਰਿਤ ਦਾ ਪ੍ਰਯੋਗ ਤੇ ਵਿਕਾਸ ਮਹਾਭਾਰਤ ਤੇ ਰਾਮਾਇਣ ਮਹਾਕਾਵਿ ਗ੍ਰੰਥਾਂ ਤੋਂ ਲੈ ਕੇ ਹੁਣ ਤਕ ਕਿਸੇ ਨਾ ਕਿਸੇ ਸ਼ਕਲ ਵਿਚ ਹੁੰਦਾ ਆ ਰਿਹਾ ਹੈ । ਸੰਸਕ੍ਰਿਤ ਭਾਸ਼ਾ ਦਾ ਸੰਰਚਨਾਤਮਕ ਪੱਖ ਨਿਮਨ ਅਨੁਸਾਰ ਹੈ :

              ਧੁਨੀ-ਸੰਰਚਨਾ– – ਸੰਸਕ੍ਰਿਤ ਵਿਚ ਸ੍ਵਰਾਂ ਦੀ ਬਹੁਲਤਾ ਹੈ । ਇਥੇ 13 ਸ੍ਵਰ ਹਨ :

              ਅ , ਆ , ਇ , ਈ , ਉ , ਊ ,

              ਰਿ , ਰੀ , ਲ੍ਰਿ , ਏ , ਓ , ਐ , ਔ ,

              ਪਹਿਲੇ ਨੌ ਸ੍ਵਰਾਂ ਨੂੰ ਵੈਦਿਕ ਸੰਸਕ੍ਰਿਤ ਦੇ ਗ੍ਰੰਥ ‘ ਸਮਾਨ-ਅਕਸ਼ਰ’ ਲਿਖਦੇ ਹਨ ਅਤੇ ਬਾਕੀ ਚਾਰ ਸ੍ਵਰਾਂ ਨੂੰ ‘ ਸੰਧੀ-ਅਕਸ਼ਰ’ ਕਹਿੰਦੇ ਹਨ । ਸੰਸਕ੍ਰਿਤ ਵਿਚ ਖਾਸ ਕਰਕੇ ਵੈਦਿਕ ਸੰਸਕ੍ਰਿਤ ਵਿਚ ਸ੍ਵਰਾਘਾਤ ਦੀ ਖ਼ਾਸ ਵਰਤੋਂ ਕੀਤੀ ਜਾਂਦੀ ਸੀ ਜਿਸ ਦੇ ਕਾਰਣ ਸ਼ਬਦਾਂ ਦੇ ਅਰਥਾਂ ਵਿਚ ਤਬਦੀਲੀ ਹੋ ਜਾਂਦੀ ਹੈ । ਇਹ ਸ੍ਵਰਾਘਾਤ ਤਿੰਨ ਤਰ੍ਹਾਂ ਦਾ ਸੀ :

              ਉੱਦਾਤ ( acute )

              ਅਨੁਦਾਤ ( unaccented )

              ਸ੍ਵਰਿਤ ( circumflex )

              ਸੰਸਕ੍ਰਿਤ ਵਿਚ ਹੇਠ ਲਿਖੇ ਵਿਅੰਜਨ ਹਨ :

              ਕ-ਵਰਗ : ਕ , ਖ , ਗ , ਘ , ਙ

              ਚ-ਵਰਗ : ਚ , ਛ , ਜ , ਝ , ਞ

              ਟ-ਵਰਗ : ਟ , ਠ , ਡ , ਢ , ਣ , ਲ਼ , ਲ੍ਹ ,

              ਤ-ਵਰਗ : ਤ , ਥ , ਦ , ਧ , ਨ

              ਪ-ਵਰਗ : ਪ , ਫ , ਬ , ਭ , ਮ ,

              ਅੰਤਸਥ : ਯ , ਰ , ਲ , ਵ

              ਊਸ਼ਮ : ਸ਼ , ਸ , ( ष )

              ਮਹਾਪ੍ਰਾਣ : ਹ

              ਵਿਸਰਗ : ( : )

              ਅਨੁਨਾਸਿਕ : ( = )

              ਕੋਮਲ ਧੁਨੀ ( ਵੈਦਿਕ ) : ਲ੍ਹ , ਲ਼ਹ  (     )

              ਸ਼ਬਦ ਰੂਪ-ਸੰਰਚਨਾ –

              ਨਾਂਵ – ਸੰਸਕ੍ਰਿਤ ਵਿਚ ਸ਼ਬਦਾਂ ( ਨਾਂਵਾਂ ) ਦੇ ਦੋ ਭਾਗ ਹਨ-ਅਜੰਤ ਤੇ ਹਲੰਤ । ਸ੍ਵਰ-ਅੰਤਕ ਸ਼ਬਦ ਅਜੰਤ ਹਨ ਅਤੇ ਵਿਅੰਜਨ-ਅੰਤਕ ਸ਼ਬਦ ਹਲੰਤ ਹਨ :

              ਸ੍ਵਰ-ਅੰਤਰ : ਹਰਿ , ਨਦੀ , ਲਕਸ਼ਮੀ , ਸ੍ਰੀਮਤੀ , ਵਾਰਿ

              ਵਿਅੰਜਨ-ਅੰਤਕ : ਪਰਿਸ਼ਦ , ਸੰਪਦ , ਅਵਾਕ , ਪਾਕ

              ਲਿੰਗ ਤਿੰਨ ਹਨ : ਪੁਲਿੰਗ , ਇਸਤਰੀ ਲਿੰਗ , ਨਪੁੰਸਕ ਲਿੰਗ

              ਵਚਨ ਤਿੰਨ ਹਨ : ਇਕ ਵਚਨ , ਦ੍ਵਿਵਚਨ , ਬਹੁਵਚਨ

              ਕਾਰਕ ਅੱਠ ਹਨ : ਕਰਤਾ , ਕਰਮ , ਕਰਣ , ਸੰਪ੍ਰਦਾਨ , ਅਪਾਦਾਨ , ਸਬੰਧ , ਅਧਿਕਰਣ , ਸੰਬੋਧਨ ।

              ਨਾਂਵੀ ਪ੍ਰਤਿਐ – ਨਾਂਵ-ਰੂਪਾਂ ਨਾਲ ਜਿਹੜੇ ਪ੍ਰਤਿਐ ਜੋੜੇ ਜਾਂਦੇ ਹਨ , ਉਨ੍ਹਾਂ ਨੂੰ ਸੰਸਕ੍ਰਿਤ ਵਿਆਕਰਣੀ ‘ ਪਾਣਿਨੀ’ ਨੇ ‘ ਸੁਬੰਤ’ ਕਿਹਾ ਹੈ । ਸੁਬੰਤ ਵਿਚ ਸੱਤ ਵਿਭਕਤੀਆਂ ਦੇ ਪ੍ਰਤਿਐ ਆ ਜਾਂਦੇ ਹਨ । ਸੁਬੰਤ ਨਾਂ ਸੰਖੇਪ ਹੈ ਇਹ ‘ ਸੁ’ ਤੋਂ ਸ਼ੁਰੂ ਹੋ ਕੇ ‘ ਪ’ ਤਕ ਖ਼ਤਮ ਹੁੰਦਾ ਹੈ । ਇਸ ਦਾ ਵਰਣਨ ਪਾਣਿਨੀ ਦੀ ‘ ਅਸ਼ਟਾਧਿਆਈ’ ਦੇ ਸੂਤਰ ( 4-1-2 ) ਵਿਚ ਦਿੱਤਾ ਗਿਆ ਹੈ ।

              ਕ੍ਰਿਆ ਰੂਪਾਂ ਦੇ ਮੂਲ ਨਾਲ ਜਿਹੜੇ ਪ੍ਰਤਿਐ ਜੁੜਦੇ ਹਨ ਉਨ੍ਹਾਂ ਨੂੰ ‘ ਕ੍ਰਿਦੰਤ’ ਕਿਹਾ ਜਾਂਦਾ ਹੈ ਅਤੇ ਜਿਹੜੇ ਨਾਂਵ-ਰੂਪਾਂ ਨਾਲ ਜੁੜਦੇ ਹਨ ਉਨ੍ਹਾਂ ਨੂੰ ‘ ਤੱਧਿਤ’ ਕਿਹਾ ਜਾਂਦਾ ਹੈ ।

              ਕ੍ਰਿਆ : ਸੰਸਕ੍ਰਿਤ ਵਿਚ ਕ੍ਰਿਆ-ਰੂਪਾਂ ਦੀ ਬਹੁਤਾਤ ਹੈ । ਕ੍ਰਿਆ ਵਿਚ ਹੇਠ ਲਿਖੇ ਅੰਸ਼ ਹਨ :

              ਵਚਨ : ਇਕਵਚਨ , ਦ੍ਵਿਵਚਨ , ਬਹੁਵਚਨ

              ਪੁਰਸ਼ : ਉੱਤਮ ਪੁਰਸ਼ , ਮਧਮ ਪੁਰਸ਼ , ਅਨਯ ਪੁਰਸ਼

              ਵਾਚਯ : ਕਰਤਰੀ ਵਾਚਯ , ਕਰਮਣੀ ਵਾਚਯ , ਭਾਵ ਵਾਚਯ

              ਕਾਲ : ਵਰਤਮਾਨ , ਭਵਿੱਖਤ , ਸਮਾਨਯ , ਸੰਪੰਨ ਭੂਤ ਆਦਿ

              ਮੂਡ : indicative , subjunctive , optative , imperative , injunctive.

              ਸੰਸਕ੍ਰਿਤ ਦੀਆਂ ਕ੍ਰਿਆਵਾਂ ਧਾਤੂਆਂ ਤੋਂ ਉਤਪੰਨ ਹੁੰਦੀਆਂ ਹਨ । ਧਾਤੂ ( root ) ਆਮ ਤੌਰ ਤੇ ਇਕ-ਅੱਖਰੀ ਹੁੰਦੇ ਹਨ ।

              ਕ੍ਰਿਆਵੀ ਪ੍ਰਤਿਐ – ਕ੍ਰਿਆ-ਰੂਪ ਘੜਨ ਲਈ ਧਾਤੂਆਂ ਨਾਲ ਜਿਹੜੇ ਪ੍ਰਤਿਐ ਜੋੜੇ ਜਾਂਦੇ ਹਨ , ਉਨ੍ਹਾਂ ਨੂੰ ‘ ਤਿਙੰਤ’ ਕਿਹਾ ਜਾਂਦਾ ਹੈ । ਪਾਣਿਨੀ ਦੀ ‘ ਅਸ਼ਟਾਧਿਆਈ’ ਵਿਚ ਇਨ੍ਹਾਂ ਦਾ ਵਰਣਨ ਹੈ । ਇਹ ਵੀ ‘ ਤਿ’ ਤੋਂ ਸ਼ੁਰੂ ਹੋ ਕੇ ‘ ਙ’ ਤੇ ਮੁਕਦੇ ਹਨ , ਇਸ ਲਈ ਇਨ੍ਹਾਂ ਸਾਰੇ ਕ੍ਰਿਆਵੀ ਪ੍ਰਤਿਆਂ ਦਾ ਨਾਂ ‘ ਤਿਙੰਤ’ ਪੈ ਗਿਆ ਹੈ । ਆਮ ਕ੍ਰਿਆਵਾਂ ਤੋਂ ਅੱਗੇ ਪ੍ਰੇਰਣਾਰਥਕ ਪ੍ਰਕ੍ਰਿਆਵਾਂ ਬਣਾਈਆਂ ਜਾਂਦੀਆਂ ਹਨ । ਇਹ ਹੇਠ ਲਿਖੇ ਅਨੁਸਾਰ ਹਨ :

              ਕਰਮਣਿ ਵਾਚਯ : passive

              ਯਙੰਤ ਪ੍ਰਕ੍ਰਿਆ : frequentative

              ਣਿਜੰਤ ਪ੍ਰਕ੍ਰਿਆ : causative

              ਸੱਨੰਤ ਪ੍ਰਕ੍ਰਿਆ : desiderative

              ਨਾਮਧਾਤੂ ਪ੍ਰਕਿਆ : denominative

              ਸਮਾਸ – – ਸੰਸਕ੍ਰਿਤ ਇਕ ਗੁਟਵੀਂ ( ਸੰਜੋਗਾਤਮਕ ) ਭਾਸ਼ਾ ਹੈ । ਇਹ ਸੰਜੋਗਾਤਮਕਤਾ ਸਭ ਤੋਂ ਵੱਧ ਇਸ ਦੇ ਸਮਾਸਾਂ ਵਿਚ ਮਿਲਦੀ ਹੈ । ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਇਕੱਠਾ ਕਰਕੇ ਇੱਕੋ ਹੀ ਸ਼ਬਦ ਬਣਾ ਲਿਆ ਜਾਂਦਾ ਹੈ । ਮਹਾਂਕਵੀ ਬਾਣ ਭੱਟ ਦੀ ਗੱਦ ਪੁਸਤਕ ‘ ਕਾਦੰਬਰੀ’ ਸੰਸਕ੍ਰਿਤ ਦੇ ਸਮਾਸਾਂ ਲਈ ਬਹੁਤ ਮਸ਼ਹੂਰ ਹੈ ।

              ਵਾਕ-ਸੰਰਚਨਾ– ਵਾਕ ਸੰਰਚਨਾ ਦੇ ਪੱਖ ਤੋਂ ਸੰਸਕ੍ਰਿਤ ਬਹੁਤੀ ਗੁੰਝਲਦਾਰ ਭਾਸ਼ਾ ਨਹੀਂ । ਸੰਸਕ੍ਰਿਤ ਦੇ ਹਰ ਵਾਕ ਵਿਚ ਇਕ ਕ੍ਰਿਆ ਤੇ ਇਕ ਕਰਤਾ ਉਸ ਸੂਰਤ ਵਿਚ ਰਹਿੰਦਾ ਹੈ ਜਦੋਂ ਕ੍ਰਿਆ ਅਕਰਮਕ ਹੋਵੇ ਪਰ ਜੇ ਕ੍ਰਿਆ ਸਕਰਮਕ ਹੋਵੇ ਤਾਂ ਕਰਮ ਵੀ ਵਾਕ ਵਿਚ ਮੌਜੂਦ ਰਹਿੰਦਾ ਹੈ । ਕ੍ਰਿਆ ਦਾ ਰੂਪ ਕਰਤਾ ਦੇ ਵਚਨ , ਪੁਰਸ਼ ਅਨੁਸਾਰ ਨਿਸ਼ਚਿਤ ਹੁੰਦਾ ਹੈ ।

              ਇਸ ਪ੍ਰਸੰਗ ਵਿਚ ਇਕ ਵਿਸ਼ੇਸ਼ ਗਲ ਵਰਣਨ-ਯੋਗ ਹੈ ਕਿ  ਸੰਸਕ੍ਰਿਤ ਵਾਕ-ਰਚਨਾ ਵਿਚ ਵਿਸ਼ੇਸ਼ਣ ਨਾਂਵ ਤੇ ਅਨੁਸਾਰ ਰਖੇ ਜਾਂਦੇ ਹਨ । ਜੇਕਰ ਨਾਂਵ ਇਕ ਵਚਨ ਹੈ ਤਾਂ ਸਾਰੇ ਵਿਸ਼ੇਸ਼ਣ ਵੀ ਇਕ ਵਚਨ ਹੋਣਗੇ ਪਰ ਜੇਕਰ ਨਾਂਵ ਦ੍ਵਿਵਚਨ ਜਾਂ ਬਹੁਵਚਨ ਹੋਣ ਤਾਂ ਵਿਸ਼ੇਸ਼ਣ ਵੀ ਉਸੇ ਤਰ੍ਹਾਂ ਹੀ ਹੋਣਗੇ ।

              ਸੰਸਕ੍ਰਿਤ ਵਾਕ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਸੰਸਕ੍ਰਿਤ ਵਾਕ ਵਿਚ ਹਰੇਕ ਸ਼ਬਦ ਦਾ ਆਪਸੀ ਸਬੰਧ ਵਿਭਕਤੀਆਂ ਰਾਹੀਂ ਪ੍ਰਗਟ  ਕੀਤਾ ਜਾਂਦਾ ਹੈ । ਕਰਤਾ ਦੀ ਅਤੇ ਕਰਮ ਦੀ ਵੱਖਰੀ ਵੱਖਰੀ ਵਿਭਕਤੀ ਹੁੰਦੀ ਹੈ ।

              ਵੈਦਿਕ ਤੇ ਕਲਾਸੀਕਲ ਸੰਸਕ੍ਰਿਤ ਵਿਚ ਅੰਤਰ– – ਦੋ ਹਜ਼ਾਰ ਈ. ਪੂ. ਤੋਂ ਲੈ ਕੇ 500 ਈ. ਪੂ. ਤਕ ਵੈਦਿਕ ਸੰਸਕ੍ਰਿਤ ਆਮ ਲੋਕਾਂ ਦੀ ਭਾਸ਼ਾ ਰਹੀਂ ਪਰ ਬਾਅਦ ਵਿਚ ਇਹ ਸੰਸਕ੍ਰਿਤ ਵਿਆਕਰਣੀ ਪਾਣਿਨੀ ਦੁਆਰਾ ਰਚੇ ਵਿਆਕਰਣ ਦੇ ਨਿਯਮਾਂ ਵਿਚ ਜਕੜ ਦਿੱਤੀ ਗਈ ਜਿਸ ਕਾਰਣ ਇਸਦਾ ਵਿਕਾਸ ਸਦਾ ਲਈ ਬੰਦ ਹੋ ਗਿਆ । ਇਸ ਰੂਪ ਨੂੰ ‘ ਕਲਾਸੀਕਲ ਸੰਸਕ੍ਰਿਤ’ ਕਿਹਾ ਜਾਂਦਾ ਹੈ ।

              ਟਕਸਾਲੀਕਰਣ – ਵੈਦਿਕ ਤੇ ਕਲਾਸੀਕਲ ਸੰਸਕ੍ਰਿਤ ਵਿਚ ਸਭ ਤੋਂ ਵੱਡਾ ਅੰਤਰ ਇਸ ਗੱਲ ਵਿਚ ਹੈ ਕਿ ਕਲਾਸੀਕਲ ਸੰਸਕ੍ਰਿਤ ਦਾ ‘ ਟਕਸਾਲੀਕਰਣ’ ਹੋ ਗਿਆ ਸੀ ਪਰ ਵੈਦਿਕ ਆਪਣੇ ਖੁੱਲ੍ਹੇ-ਡੁੱਲ੍ਹੇ ਰੂਪ ਵਿਚ ਵਰਤੀ ਜਾਂਦੀ ਰਹੀ । ਇਸ ਪੱਖ ਤੋਂ ਵੈਦਿਕ ਕਲਾਸੀਕਲ ਦੇ ਮੁਕਾਬਲੇ , ਲੋਕ ਭਾਸ਼ਾ ਅਖਵਾਉਣ ਦੀ ਵਧੇਰੇ ਹਕਦਾਰ ਹੈ । ਜਿਥੇ ਵੈਦਿਕ ਵਿਚ ਵਧ ਸਰਲਤਾ , ਖੁਲ੍ਹ ਤੇ ਜਕੜਬੰਦੀ ਤੋਂ ਛੋਟਾਂ ਸਨ , ਉਥੇ ਕਲਾਸੀਕਲ ਵਿਚ ਨਿਯਮਾਂ ਦੀ ਸਖ਼ਤ ਪਾਬੰਦੀ ਸੀ ਅਤੇ ਇਸੇ ਕਾਰਨ ਵੈਦਿਕ ਵਧੇਰੇ ਸਰਲ ਭਾਸ਼ਾ ਹੈ ਪਰ ਕਲਾਸੀਕਲ ਮੁਕਾਬਲਤਨ ਔਖੀ ਤੇ ਜਟਿਲ ਹੈ । ਭਾਸ਼ਾ-ਤੱਤਾਂ ਨੂੰ ਸਾਹਮਣੇ ਰਖਦਿਆਂ ਦੋਹਾਂ ਦਾ ਅੰਤਰ ਵੇਖਿਆ ਜਾ ਸਕਦਾ ਹੈ : -

              ਵੈਦਿਕ ਤੇ ਲੌਕਿਕ ਸੰਸਕ੍ਰਿਤ ਵਿਚ ਧੁਨੀਆਂ ਦੇ ਉਚਾਰਣ ਵਿਚ ਅੰਤਰ ਪੈਦਾ ਹੋਇਆ ਹੈ । ( 1 ) ਵੈਦਿਕ ਵਿਚ /लृ , ऋृ , /ਸ੍ਵਰ ਸਨ ਪਰ ਲੌਕਿਕ ਵਿਚ ਇਨ੍ਹਾਂ ਦਾ ਉਚਾਰਨ ऋृ , ਲ੍ਰਿ , ਰਿ , ਰੀ/ ਦੀ ਤਰ੍ਹਾਂ ਹੋ ਗਿਆ ਹੈ । ( 2 ) ਐ ਤੇ ਔ ਦੇ ਉਚਾਰਨ ਵੈਦਿਕ ਵਿਚ ਆਇ , ਆਉ ਸਨ ਪਰ ਕਲਾਸੀਕਲ ਵਿਚ ਇਹ ਅਇ ਤੇ ਅਉ ਹੋ ਗਏ । ( 3 ) ਵੈਦਿਕ ਦਾ /ਰ/ ਕਲਾਸੀਕਲ ਵਿਚ ਕਈ ਵਾਰ /ਲ/ ਵਿਚ ਬਦਲਦਾ ਹੈ । ( 4 ) ਵੈਦਿਕ ਦਾ /ਲ/ ਅਤੇ ਲ , ਹ/ ਧੁਨੀਆਂ ਸਮਾਪਤ ਹੋ ਗਈਆਂ ਅਤੇ ਉਨ੍ਹਾਂ ਦੀ ਥਾਂ /ਡ/ ਅਤੇ /ਢ/ ਵਿਗਸੀਆਂ । ( 5 ) ‘ ਇਯ’ ਤੋਂ ‘ ਉ’ ਦੀ ਥਾਂ ‘ ਯ’ ਤੇ ‘ ਵ’ ਹੋ ਗਏ ।

              ਸ੍ਵਰਾਘਾਤ – – ਵੈਦਿਕ ਵਿਚ ਸੰਗੀਤਾਤਮਕ ਸ੍ਵਰਾਘਾਤ ਸੀ । ਸ੍ਵਰਾਘਾਤ ਦੇ ਕਾਰਣ ਸ਼ਬਦਾਂ ਦੇ ਅਰਥਾਂ ਵਿਚ ਵੀ ਫ਼ਰਕ ਪੈਦਾ ਹੋ ਜਾਂਦਾ ਸੀ । ਵੈਦਿਕ ਵਿਚ ਇਕ ਉਦਾਹਰਣ ਬਹੁਤ ਉੱਘਾ ਹੈ : ‘ ਇੰਦ੍ਰਸ਼ਤਰੁ’ । ਇਸਦੇ ਦੋ ਸੰਧੀਛੇਦ ਅਰਥਾਤ ਅਰਥ ਹਨ : ਇਕ : ਇੰਦ੍ਰ ਹੈ ਸ਼ਤਰੂ । ਦੂਜਾ : ਇੰਦ੍ਰ ਦਾ ਸ਼ਤਰੂ ।

              ਪ੍ਰਸੰਗ ਵਿਚ ਕਿਹੜਾ ਸਹੀ ਹੈ ਇਸ ਦਾ ਗਿਆਨ ਸ੍ਵਰਾਘਾਤ ਤੋਂ ਹੁੰਦਾ ਸੀ । ਇਹ ਐਕਸੈਂਟ ‘ ਲੌਕਿਕ ਸੰਸਕ੍ਰਿਤ’ ਵਿਚ ਬਿਲਕੁਲ ਹੀ ਅਲੋਪ ਹੋ ਗਿਆ ।

              ਸੰਧੀ – – ਧੁਨੀਆਂ ਦੀਆਂ ਸੰਧੀਆਂ ਵਿਚ ਵੀ ਕਾਫ਼ੀ ਫਰਕ ਹੈ । ਵੈਦਿਕ ਵਿਚ ਸੰਧੀਆਂ ਦੇ ਨਿਯਮ ਸਖ਼ਤ ਨਹੀਂ ਸਨ । ਛੰਦ ਦੇ ਵਜ਼ਨ ਲਈ ਧੁਨੀਆਂ ਨੂੰ ਸੰਧੀਂ-ਰਹਿਤ ਵੀ ਰਖ ਲਿਆ ਜਾਂਦਾ ਸੀ ਪਰ ਕਲਾਸੀਕਲ ਵਿਚ ਇਹ ਸੰਭਵ ਨਹੀਂ । ਮਿਸਾਲ ਦੇ ਤੌਰ ਤੇ ਵੈਦਿਕ ਰੂਪ “ ਸੋ ਅਰਯਹ” ਹੈ ਪਰ ਲੌਕਿਕ ਵਿਚ ਇਹ “ ਸੋਰਯਹ” ਬਣਦਾ ਹੈ ।

              ਕਾਰਕ-ਵਿਭਕਤੀਆਂ ਵੈਦਿਕ – – ਸੰਸਕ੍ਰਿਤ ਵਿਚ ਅ-ਅੰਤ ਪੁਲਿੰਗ ਸ਼ਬਦ ਦੀ ਪਹਿਲੀ ਵਿਭਕਤੀ ਦੇ ਬਹੁਵਚਨ ਵਿਚ ( ਆ : ਅਤੇ / -ਆਸ : / ਮਿਲਦੇ ਹਨ ਪਰ ਕਲਾਸੀਕਲ ਵਿਚ ਸਿਰਫ਼ ਇਹ /ਆ : / ਹੀ ਹੈ ਜਿਵੇਂ ਵੈਦਿਕ ‘ ਦੇਵਾ : ’ ਅਤੇ ‘ ਦੇਵਾਸ’ : ਪਰ ਕਲਾਸੀਕਲ ‘ ਦੇਵਾ : ’ । ( 2 ) ਵੈਦਿਕ ਦੀ ਤੀਜੀ ਵਿਭਕਤੀ ਵਿਚ ‘ ਰਾਮੈ’ ਅਤੇ ‘ ਰਾਮੇਭਿ’ ਦੇ ਰੂਪ ਹਨ ਪਰ ਕਲਾਸੀਕਲ ਵਿਚ ਇਕੋ ਹੀ ‘ ਰਾਮੈ’ : ਹੈ ।

              ਕ੍ਰਿਆ ਰੂਪ – – ਦੋਹਾਂ ਵਿਚ ਕ੍ਰਿਆ ਰੂਪਾਂ ਦੇ ਪੱਖ ਤੋਂ ਵੀ ਅੰਤਰ ਹੈ । ਵੈਦਿਕ ਦਾ ‘ ਲਟ’ ਲਕਾਰ ਕਲਾਸੀਕਲ ਵਿਚ ਗ਼ਾਇਬ ਹੋ ਗਿਆ ਹੈ । ਵੈਦਿਕ ਵਿਚ ਹੋਰ ਵੀ ਕ੍ਰਿਆਵੀ ਰੂਪ ਵਧ ਸਨ ਜਿਹੜੇ ਕਲਾਸੀਕਲ ਵਿਚ ਘਟਦੇ ਹੀ ਗਏ । ਕ੍ਰਿਆਵੀ ਪ੍ਰਤਿਆਂ ਵਿਚ ਵੈਦਿਕ ਅਮੀਰ ਸੀ । ਪੂਰਨਕਾਲੀ ਕ੍ਰਿਦੰਤ ਵੈਦਿਕ ਵਿਚ ਕਈ ਸਨ ਜਿਵੇਂ ਤ੍ਵਾ , ਤ੍ਵਾਯ , ਤ੍ਵੀਨ , ਤ੍ਵੀ ਪਰ ਕਲਾਸੀਕਲ ਵਿਚ ਸਿਰਫ਼ ਤ੍ਵਾ ਹੈ ਜਿਵੇਂ ਗਤ੍ਵਾ ( ਜਾ ਕੇ ) ਕ੍ਰਿਤ੍ਵਾ ( ਕਰ ਕੇ ) । ਵੈਦਿਕ ਵਿਚ ਕ੍ਰਿਆ ਰੂਪ ਕਈ ਤਰ੍ਹਾਂ ਦੇ ਸਨ : ਤੁਮ , ਤਵੇ , ਅਸ਼ੇ , ਧਯੈ ਪਰੰਤੂ ਲੌਕਿਕ ਵਿਚ ‘ ਤੁਮ’ ਇਕੋ ਹੀ ਹੈ ਜਿਵੇਂ ਗੰਤੁਮ ( ਜਾਣ ਲਈ ) , ਕਰਤੁਮ ( ਕਰਨ ਲਈ ) ।

              ਸਮਾਸ – – ਸਮਾਸਾਂ ਦੇ ਖੇਤਰ ਵਿਚ ਦੋਹਾਂ ਵਿਚ ਜਿਹੜਾ ਫ਼ਰਕ ਸੀ , ਉਹ ਇਹ ਸੀ ਕਿ ਵੈਦਿਕ ਵਿਚ ਲੰਬੇ ਲੰਬੇ ਸਮਾਸ ਨਹੀਂ ਸਨ । ਵੈਦਿਕ ਆਮ ਬੋਲਚਾਲ ਦੇ ਨੇੜੇ ਨੇੜੇ ਰਹੀ , ਉਸ ਵਿਚ ਕੋਈ ਬਨਾਉਟੀਪਣ ਨਹੀਂ ਸੀ ਪਰ ਕਲਾਸੀਕਲ ਵਿਚ ਸਮਾਸ ਬਹੁਤ ਲੰਬੇ ਹੁੰਦੇ ਗਏ , ਕਿਉਂਕਿ ਇਹ ਸਾਹਿਤਕ ਭਾਸ਼ਾ ਵੱਧ ਸੀ ਅਤੇ ਲੋਕ ਭਾਸ਼ਾ ‘ ਪਾਲੀ’ ਦੀ ਸ਼ਕਲ ਵਿਚ ਵਟ ਰਹੀ ਸੀ । ਇਸ ਕਾਰਨ ਸਾਹਿਤਕ ਬਨਾਉਟੀ ਰੂਪ ਵਧਦਾ ਹੀ ਗਿਆ । ਵੈਦਿਕ ਵਿਚ ਚਾਰ ਤਰ੍ਹਾਂ ਦੇ ਸਮਾਸ ਸਨ : ਤਤਪੁਰਸ਼ , ਕਰਮਧਾਰਯ , ਬਹੁਵ੍ਰੀਹਿ , ਦ੍ਵੰਦ੍ਵ । ਲੌਕਿਕ ਸੰਸਕ੍ਰਿਤ ਵਿਚ ਦੋ ਹੋਰ-ਦ੍ਵਿਗੁ ਤੇ ਅਵਯਯੀਭਾਵ ਸਮਾਸ ਆ ਗਏ ।

              ਸ਼ਬਦਾਵਲੀ – – ਵੈਦਿਕ ਦੇ ਅਨੇਕਾਂ ਸ਼ਬਦ ਕਲਾਸੀਕਲ ਵਿਚੋਂ ਉਡਪੁਡ ਗਏ । ਕਈਆਂ ਦੇ ਅਰਥ ਬਦਲ ਗਏ । ‘ ਕਸ਼ਿਤਿ’ ਦਾ ਵੈਦਿਕ ਅਰਥ ਬਸਤੀ , ਨਿਵਾਸ ਸਥਾਨ ਆਦਿ ਸੀ ਪਰ ਲੌਕਿਕ ਵਿਚ ਇਸ ਦਾ ਅਰਥ ਧਰਤੀ ਹੋ ਗਿਆ । ਵ੍ਰਤ ਦਾ ਵੈਦਿਕ ਅਰਥ ਪ੍ਰਸ਼ਾਸ਼ਨ ਜਾਂ ਪ੍ਰਬੰਧ ਹੈ ਪਰ ਲੌਕਿਕ ਵਿਚ ਪ੍ਰਤਿਗਿਆ ਤੇ ‘ ਅੰਨ ਨ ਖਾਣਾ’ ਬਣ ਗਿਆ । ਵੈਦਿਕ ਵਿਚ ਪਰਦੇਸੀ ਲਫ਼ਜ਼ ਘੱਟ ਸਨ ਪਰ ਲੌਕਿਕ ਸੰਸਕ੍ਰਿਤ ਵਿਚ ਦ੍ਰਾਵਿੜੀ , ਆਸਟ੍ਰਿਕ , ਯੂਨਾਨੀ , ਰੋਮਨ , ਅਰਬੀ , ਈਰਾਨੀ , ਤੁਰਕੀ , ਚੀਨੀ ਭਾਸ਼ਾਵਾਂ ਦੇ ਕਾਫ਼ੀ ਸ਼ਬਦ ਦਾਖ਼ਲ ਹੋ ਗਏ ਸਨ ।


ਲੇਖਕ : ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1825, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-02-04-30-52, ਹਵਾਲੇ/ਟਿੱਪਣੀਆਂ: ਹ. ਪੁ.– ਭਾਸ਼ਾ ਵਿਗਿਆਨ–ਡਾ. ਭੋਲਾ ਨਾਥ ਤਿਵਾੜੀ

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.