ਸੰਸਾਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਸਾਰ (ਨਾਂ,ਪੁ) ਦੁਨੀਆਂ; ਜਹਾਨ; ਸ੍ਰਿਸ਼ਟੀ; ਕੁੱਲ ਆਲਮ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12101, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੰਸਾਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਸਾਰ [ਨਾਂਪੁ] ਦੁਨੀਆ , ਜੱਗ , ਜਹਾਨ , ਸ੍ਰਿਸ਼ਟੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12093, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੰਸਾਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਸਾਰ. ਨਾਕੂ. ਮਗਰਮੱਛ. ਨਿਹੰਗ। ੨ ਸੰ. ਜੋ ਸੰਸਰਣ ਕਰੇ (ਬਦਲਦਾ ਰਹੇ) ਉਹ ਸੰਸਾਰ ਹੈ. ਜਗਤ. “ਸੰਸਾਰ ਕਾਮ ਤਜਣੰ.” (ਗਾਥਾ) ੩ ਸੰਸਾਰ ਦੇ ਲੋਕ । ੩ ਪਰਿਵਾਰ. ਕੁਟੁੰਬ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੰਸਾਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੰਸਾਰ (ਸੰ.। ਸੰਸਕ੍ਰਿਤ) ਜੰਮਣ ਮਰਨ ਦਾ ਪ੍ਰਵਾਹ, ਜਗਤ। ਯਥਾ-‘ਸੰਸਾਰ ਸਾਗਰ ਤੇ ਕਢੁ ਦੇ ਹਾਥੀ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11697, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੰਸਾਰ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਸਾਰ: ‘ਸੰਸਾਰ’ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਅਤੇ ‘ਸ੍ਰਿ’ ਧਾਤੂ ਨਾਲ ‘ਸਮੑ’ ਉਪਸਰਗ ਲਗਣ ਨਾਲ ਬਣਿਆ ਹੈ। ਇਸ ਤੋਂ ਭਾਵ ਹੈ ਸ੍ਰਿਸ਼ਟੀ, ਜਗਤ। ਇਸ ਤੋਂ ਬਿਨਾ ਦੁਨੀਆ, ਜਹਾਨ ਆਦਿ ਫ਼ਾਰਸੀ ਭਾਸ਼ਾ ਦੇ ਸ਼ਬਦ ਵੀ ਇਸੇ ਅਰਥ ਭਾਵ ਨਾਲ ਵਰਤੇ ਜਾਂਦੇ ਹਨ। ਸੰਸਾਰ ਦੀ ਉਤਪੱਤੀ ਅਤੇ ਇਸ ਦੇ ਖ਼ਾਤਮੇ ਸੰਬੰਧੀ ਅਨੇਕ ਪ੍ਰਕਾਰ ਦੇ ਮੱਤ ਪ੍ਰਚੱਲਿਤ ਹਨ। ਕਈ ਮੱਤ ਇਹ ਮੰਨਦੇ ਹਨ ਕਿ ਸੰਸਾਰ ਦੀ ਇਹ ਸਾਰੀ ਖੇਡ ਅਨਾਦਿ ਪ੍ਰਵਾਹ ਹੈ, ਭਾਵ ਇਹ ਰਚਨਾ ਸਦਾ ਇਸ ਤਰ੍ਹਾਂ ਹੁੰਦੀ ਆਈ ਹੈ ਅਤੇ ਸਦਾ ਇਸੇ ਤਰ੍ਹਾਂ ਤੁਰਦੀ ਰਹੇਗੀ। ਇਹ ਸ੍ਰਿਸ਼ਟੀ ਦਾ ਨਾ ਆਦਿ ਮੰਨਦੇ ਹਨ ਅਤੇ ਨਾ ਅੰਤ। ਪਰ ਕੁਝ ਧਰਮਾਂ ਵੱਲੋਂ ਸੰਸਾਰ ਉਤਪੱਤੀ ਸੰਬੰਧੀ ਸਪਸ਼ਟ ਤੌਰ ਤੇ ਵਿਚਾਰ ਪ੍ਰਗਟਾਏ ਗਏ ਹਨ।
ਇਸਲਾਮ ਅਨੁਸਾਰ ਸੰਸਾਰ ਦੀ ਉਤਪੱਤੀ ਉਸ ਪ੍ਰਭੂ ਵੱਲੋਂ ‘ਕੁੰਨ’ (‘ਹੋ ਜਾ’) ਕਹਿਣ ਨਾਲ ਹੋਈ ਹੈ ਅਤੇ ਖ਼ੁਦਾ ਨੇ ਸ੍ਰਿਸ਼ਟੀ ਰਚ ਕੇ ਆਦਮ ਤੇ ਹਵਾ ਨੂੰ ਪੈਦਾ ਕੀਤਾ ਤੇ ਸਵਰਗ ਦੇ ਬਾਗ਼ ਵਿਚ ਇਕ ਵਿਸ਼ੇਸ਼ ਫਲ ਖਾਣ ਦੀ ਮਨਾਹੀ ਕਰ ਦਿੱਤੀ, ਜੋ ਉਨ੍ਹਾਂ ਨੇ ਸ਼ੈਤਾਨ ਦੇ ਕਹਿਣ ਤੇ ਖਾ ਲਿਆ ਅਤੇ ਖੁਦਾ ਨੇ ਗੁੱਸੇ ਨਾਲ ਉਨ੍ਹਾਂ ਨੂੰ ਸਵਰਗ ਵਿਚੋਂ ਕੱਢ ਕੇ ਧਰਤੀ ਤੇ ਸੁੱਟ ਦਿੱਤਾ। ‘ਬਾਈਬਲ’ ਅਨੁਸਾਰ ਪ੍ਰਭੂ ਨੇ ਪਹਿਲਾਂ ਸਵਰਗ ਤੇ ਧਰਤੀ ਪੈਦਾ ਕੀਤੀ। ਉਦੋਂ ਧਰਤੀ ਉੱਤੇ ਅੰਧਕਾਰ ਸੀ। ਪਰ ਪ੍ਰਭੂ ਦੇ ਇਹ ਕਹਿਣ ਤੇ ਕਿ ਰੋਸ਼ਨੀ ਹੋ ਜਾਏ ਤੇ ਸਭ ਪਾਸੇ ਰੋਸ਼ਨੀ ਹੋ ਗਈ। ਰੋਸ਼ਨੀ ਤੇ ਹਨੇਰੇ ਨੂੰ ਵੱਖ ਵੱਖ ਕਰ ਦਿੱਤਾ ਗਿਆ ਜਿਸ ਨਾਲ ਦਿਨ ਰਾਤ ਹੋਂਦ ਵਿਚ ਆਏ। ਧਰਤੀ ਤੇ ਸਮੁੰਦਰ ਨੂੰ ਵੰਡਣ ਉਪਰੰਤ ਜੀਵ ਜੰਤੂ ਪੈਦਾ ਕੀਤੇ ਅਤੇ ਫਿਰ ਆਪਣੇ ਸਰੂਪ ਤੇ ਮਨੁੱਖ ਦਾ ਸਿਰਜਣਾ ਕੀਤੀ ਅਤੇ ਮਨੁੱਖ ਨੂੰ ਵੱਧਣ ਫੁੱਲਣ ਦਾ ਆਸ਼ੀਰਵਾਦ ਦਿੱਤਾ। ਕੁਲ ਜੀਵ ਜੰਤੂ ਮਨੁੱਖ ਦੀਆਂ ਲੋੜਾਂ ਲਈ ਤਾਬਿਆ ਕਰ ਦਿੱਤੇ। ਛੇ ਦਿਨ ਇਸ ਸਭ ਕਾਸੇ ਦੀ ਸਿਰਜਣਾ ਕਰਨ ਉਪਰੰਤ ਸੱਤਵੇਂ ਦਿਨ ਆਰਾਮ ਕੀਤਾ। ਇਸ ਤੋਂ ਉਪਰੰਤ ਈਡਨ ਦਾ ਬਾਗ਼ ਲਗਾਇਆ ਤੇ ਮਨੁੱਖ ਨੂੰ ਕੇਵਲ ਇਕ ਪੌਦਾ ਛੱਡ ਕੇ ਬਾਕੀ ਸਾਰੇ ਪੌਦੇ ਖਾਣ ਲਈ ਕਿਹਾ ਤੇ ਜਦ ਸਾਰੇ ਪਸ਼ੂ ਪੰਛੀ ਮਨੁੱਖ ਦੀ ਇੱਛਾਪੂਰਤੀ ਲਈ ਯੋਗ ਸਾਬਤ ਨਾ ਹੋਏ, ਤਾਂ ਉਸ ਦੀ ਪੱਸਲੀ ਲੈ ਕੇ ਇਸਤਰੀ ਪੈਦਾ ਕਰ ਦਿੱਤੀ। ਸੱਪ ਸਭ ਤੋਂ ਵਧ ਖ਼ਤਰਨਾਕ ਪੈਦਾ ਕੀਤਾ। ਇਸ ਦੇ ਕਹਿਣ ਤੇ ਇਸਤਰੀ ਨੇ ਵਿਵਰਜਿਤ ਫਲ ਆਪ ਖਾਧਾ ਤੇ ਪੁਰਸ਼ ਨੂੰ ਖੁਆਇਆ ਜਿਸ ਤੋਂ ਨਾਰਾਜ਼ ਹੋ ਕੇ ਪ੍ਰਭੂ ਨੇ ਦੋਹਾਂ (ਸੱਪ ਅਤੇ ਮਨੁੱਖ ਦੀ ਸੰਤਾਨ ) ਵਿਚ ਪੱਕੀ ਦੁਸ਼ਮਣੀ ਪੈਦਾ ਕਰ ਦਿੱਤੀ ਅਤੇ ਪੁਰਸ਼ ਤੇ ਤੀਵੀਂ ਨੂੰ ਸਰਾਪ ਦੇ ਕੇ ਸਵਰਗ ਵਿਚੋਂ ਧਰਤੀ ਤੇ ਭੇਜ ਦਿੱਤਾ। ਹਿੰਦੂ ਮੱਤ ਅਨੁਸਾਰ ਪ੍ਰਭੂ ਨੇ ਪਹਿਲਾਂ ਤਿੰਨ ਦੇਵਤਿਆਂ ਦੀ ਸਿਰਜਣਾ ਕੀਤੀ ਤੇ ਫਿਰ ਉਨ੍ਹਾਂ ਵਿਚ ਬ੍ਰਹਮਾ ਦਾ ਕਾਰਜ ਸੰਸਾਰ ਦੀ ਉਤਪੱਤੀ ਕਰਨਾ, ਵਿਸ਼ਨੂੰ ਦਾ ਕਾਰਜ ਸੰਸਾਰ ਨੂੰ ਰਿਜ਼ਕ ਦੇਣਾ ਅਤੇ ਮਹੇਸ਼ ਦਾ ਕਾਰਜ ਸੰਸਾਰ ਦਾ ਖੈ (ਖ਼ਾਤਮਾ) ਕਰਨਾ, ਨਿਸ਼ਚਿਤ ਕੀਤਾ ਗਿਆ। ਇੱਥੇ ਸ਼ਿਵ ਤੇ ਪਾਰਵਤੀ ਵੱਲੋਂ ਕਣਕ ਖਾਣ ਸਦਕਾ ਉਨ੍ਹਾਂ ਨੂੰ ਧਰਤੀ ਉਪਰ ਭੇਜਣ ਦੀ ਕਲਪਨਾ ਵੀ ਕੀਤੀ ਗਈ ਹੈ।
ਪਰ ਗੁਰਮਤਿ ਵਿਚ ਸੰਸਾਰ ਦੀ ਉਤਪੱਤੀ ‘ਕੀਤਾ ਪਸਾਉ ਏਕੋ ਕਵਾਉ’ (ਜਪੁ ) ਦੇ ਮਹਾਨ ਵਾਕ ਅਨੁਸਾਰ ਹੌਈ ਹੈ। ਇੱਥੇ ‘ਕਵਾਉ’ ਪ੍ਰਭੂ ਦੇ ਹੁਕਮ ਦਾ ਸੂਚਕ ਹੈ। ਗੁਰੂ ਨਾਨਕ ਦੇਵ ਨੇ ‘ਜਪੁਜੀ’ ਵਿਚ ਇਸੇ ਗੱਲ ਦੀ ਪੁਸ਼ਟੀ ਕੀਤੀ ਹੈ : ‘ਹੁਕਮੀ ਹੋਵਨ ਆਕਾਰ’ । ‘ਆਸਾ ਦੀ ਵਾਰ’ ਵਿਚ ਗੁਰੂ ਜੀ ਨੇ ਉਸ ਪ੍ਰਭੂ ਵੱਲੋਂ ਸਭ ਪ੍ਰਕਾਰ ਦੀ ਸ੍ਰਿਸ਼ਟੀ ਤੋਂ ਪਹਿਲਾਂ ਆਪਣੇ ਆਪਣੇ ਆਪ ਦੀ ਰਚਨਾ ਦਾ ਜ਼ਿਕਰ ਵੀ ਕੀਤਾ ਹੈ–‘ਆਪੀਨੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ।’ ਪਰ ਇਹ ਸ੍ਰਿਸ਼ਟੀ ਕਦੋਂ ਰਚੀ ਗਈ, ਇਸ ਦਾ ਸਹੀ ਬੋਧ ਪਰਮਾਤਮਾ ਤੋਂ ਭਿੰਨ ਹੋਰ ਕਿਸੇ ਨੂੰ ਨਹੀਂ ਹੈ:
ਕਵਣੁ ਸੁ ਵੇਲਾ ਵਖਤ ਕਵਣੁ ਕਵੁਣ ਥਿਤੀ ਕਵਣੁ ਵਾਰੁ।
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ।
ਵੇਲ ਨ ਪਾਇਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ।
ਵਖਤ ਨ ਪਾਇਓ ਕਾਦੀਆਂ ਜਿ ਲਿਖਨਿ ਲੇਖੁ ਕੁਰਾਣ।
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ।
ਜਾ ਕਰਤਾ ਸਿਰਠੀ ਕਉ ਸਾਜੇ ਆਪ ਜਾਣੇ ਸੋਈ।
ਗੁਰੂ ਗੋਬਿੰਦ ਸਿੰਘ ਜੀ ਨੇ ਚੌਪਈ ਵਿਚ ਇਸ ਵਿਚਾਰ ਦੀ ਪੁਸ਼ਟੀ ਇਸ ਪ੍ਰਕਾਰ ਕੀਤੀ ਹੈ :
ਤੁਮਰਾ ਲਖਾ ਨਾ ਜਾਇ ਪਸਾਰਾ।
ਕਿਹ ਬਿਧਿ ਸਜਾ ਪ੍ਰਿਥਮ ਸੰਸਾਰਾ। –(‘ਜਪੁ’)
ਗੁਰੂ ਅਮਰਦਾਸ ਜੀ ਨੇ ਸੰਸਾਰ ਦੀ ਉਤਪੱਤੀ ਤੇ ਇਸ ਦਾ ਖ਼ਾਤਮਾ ਸ਼ਬਦ ਤੋ ਹੀ ਮੰਨਿਆ ਹੈ:
ੳਤਪਤਿ ਪਰਲਉ ਸਬਦੈ ਹੋਵੈ।
ਸਬਦੈ ਹੀ ਫਿਰ ਓਪਤਿ ਹੋਵੈ। (ਮਾਝ, ਅਸ਼ਟਪਦੀਆਂ ਮ.੩)
ਗੁਰੂ ਰਾਮ ਦਾਸ ਜੀ ਨੇ ਛੱਤੀ ਜੁਗ ਦੇ ਅੰਧ–ਗੁਬਾਰ ਉਪਰੰਤ ‘ਅਫੁਰ ਅਵਸਥਾ’ ਤੋਂ ਸੰਸਾਰ ਦੀ ਰਚਨਾ ਦੀ ਜ਼ਿਕਰ ਕੀਤਾ ਹੈ :
ਜੁਗ ਛਤੀਤ ਗੁਬਾਰੁ ਕਰਿ ਵਰਤਿਆ ਸੁੰਨਾਹਰਿ।
ਓਥੈ ਵੇਦ ਪੁਰਾਨ ਨ ਸਾਸਤਾ ਆਪੇ ਹਰਿ ਨਰ ਹਰਿ।
ਬੈਠਾ ਤਾੜੀ ਲਾਇ ਆਪਿ ਸਭਦੂ ਹੀ ਬਾਹਰਿ। –(ਵਾਰ ਬਿਹਾਗੜਾ, ਮ.੪)
ਗੁਰੂ ਅਰਜਨ ਦੇਵ ਜੀ ਨੇ ਸੰਸਾਰ ਨੂੰ ‘ਸੁਖਮਨੀ’ ਵਿਚ ਜਿੱਥੇ ਤਿੰਨ ਗੁਣਾਂ ਦਾ ਵਿਸਥਾਰ ਮੰਨਿਆ, ਉੱਥੇ ਇਸ ਦੀ ਰਚਨਾ ਦੇ ਚਾਰ ਮੁੱਖ ਸਾਧਨਾਂ ਦਾ ਵੀ ਜ਼ਿਕਰ ਕੀਤਾ ਹੈ :
ਅੰਡਜ਼ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ।
ਏਕ ਪੁਰਬ ਮੈ ਤੇਰਾ ਦੇਖਿਆ ਤੂੰ ਸਭਨਾ ਮਹਿ ਰਵੰਤਾ। (ਸੋਰਠਿ ਮ.ਪ)
ਇੱਥੇ ਇਹ ਗੱਲ ਸਪਸ਼ਟ ਕਰ ਦੇਣੀ ਬੜੀ ਜ਼ਰੂਰੀ ਹੈ ਕਿ ਗੁਰਮਤਿ ਅਨੁਸਾਰ ਇਹ ਸੰਸਾਰ ਸੱਚਾ ਹੈ। (‘ਆਪ ਸਚੁ ਕੀਅ ਸਭੁ ਸਚ’, ‘ ਸਚ ਤੇਰੇ ਖੰਡ ਸਚੇ ਬ੍ਰਹਮੰਡ’ ਜਾਂ ‘ਨਾਨਕੁ ਸਾਚੇ ਕੀ ਸਾਚੀ ਕਾਰ’ ) ਅਤੇ ਨਾਲ ਹੀ ਝੂਠਾ ਵੀ ਹੈ (‘ਨਾਨਕ ਦੁਨੀਆਂ ਮੁਕਾਮੇ ਫਾਨੀ’, ‘ਕੂੜ ਗਜਾ ਕੂੜ ਪਰਜਾ ਕੂੜ ਸਭ ਸੰਸਾਰ’) । ਓਪਰੀ ਨਜ਼ਰ ਤੋਂ ਇਹ ਦੋਵੋਂ ਪਰਸਪਰ ਵਿਰੋਧੀ ਸਥਾਪਨਾਵਾਂ ਪ੍ਰਤੀਤ ਹੁੰਦੀਆਂ ਹਨ, ਪਰ ਅਸਲ ਵਿਚ ਇਨ੍ਹਾਂ ਦੋਹਾਂ ਅੰਦਰ ਕੋਈ ਵਿਰੋਧ ਨਹੀਂ। ਜਦੋਂ ਇਸ ਸੰਸਾਰ ਨੂੰ ਸੱਚਾ ਕਿਹਾ ਜਾਂਦਾ ਹੈ ਤਾਂ ਇਸ ਦਾ ਭਾਵ ਹੈ ਕਿ ਇਸ ਦਾ ਸੰਸਾਰ ਵਿਵਹਾਰਕ ਰੂਪ ਵਿਚ ਮੌਜੂਦ ਹੈ। ਇਸ ਦੀ ਮੌਜੂਦਗੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਇਸ ਲਈ ਇਹ ਸੱਚਾ ਹੈ। ਪਰ ਇਹ ਸੱਚ ਵਿਵਹਾਰਕ ਸੱਚ ਹੈ,ਪਰਮਾਰਥਿਕ ਸੱਚ ਨਹੀਂ। ਪਰਮਾਰਥਿਕ ਦ੍ਰਿਸ਼ਟੀ ਤੋਂ ਕੇਵਲ ਪਰਮਾਤਮਾ ਹੀ ਸੱਚ ਹੈ, ਬਾਕੀ ਸਭ ਕੁਝ ਅੱਸਤ ਜਾਂ ਨਾਸ਼ਵਾਨ ਹੈ। ਇਸ ਲਈ ਪਰਮਾਰਥਿਕ ਦ੍ਰਿਸ਼ਟੀ ਤੋਂ ਸੰਸਾਰ ਨਾਸ਼ਵਾਨ ਹੈ।
ਅਜੋਕੋ ਸਾਇੰਸਦਾਨ ਵੀ ਸੰਸਾਰ ਦੀ ਉਤਪੱਤੀ ਸੰਬੰਧੀ ਇਕ–ਮੱਤ ਨਹੀਂ। ਕੁਝ ਦਾ ਮੱਤ ਹੈ ਕਿ ਸੰਸਾਰ ਦੀ ਰਚਨਾ ਇਕੋ ਸਮੇਂ ਹੋਈ ਜਦ ਕਿ ਕੁਝ ਇਹ ਖ਼ਿਆਲ ਕਰਦੇ ਹਨ ਕਿ ਸ੍ਰਿਸ਼ਟੀ ਦੀ ਰਚਨਾਂ ਇਕੋ ਵਾਰ ਨਹੀਂ ਹੋਈ ਸਗੋਂ ਇਹ ਰਚਨਾ ਬਰਾਬਰ ਜਾਰੀ ਹੈ। ਕੁਝ ਵਿਗਿਆਨੀ ਇਹ ਵੀ ਮੰਨਦੇ ਹਨ ਕਿ ਸੰਸਾਰ ਅਨਾਦਿ ਤੇ ਅਨੰਤ ਨਹੀਂ। ਉਨ੍ਹਾਂ ਦਾ ਵਿਚਾਰ ਹੈ ਕਿ ਪ੍ਰਮਾਣੂਆਂ ਦੀ ਤਰਤੀਬ ਤੇ ਸੰਗਠਨ ਵਿਚ ਵਿਘਨ ਵਧ ਰਿਹਾ ਹੈ। ਇਕ ਵਾਰ ਟੁੱਟਣ ਤੇ ਇਹ ਮੁੜ ਆਪਣੀ ਪਹਿਲੀ ਹਾਲਤ ਵਿਚ ਨਹੀਂ ਆ ਸਕਦਾ । ਉਨ੍ਹਾਂ ਇਸ ਵਿਘਨ ਦੇ ਮਾਪ ਦਾ ਨਾਂ ਐਨਟ੍ਰੋਪੀ (Entropy ) ਰੱਖਿਆ ਹੈ। ਉਹ ਇਹ ਵੀ ਮੰਨਦੇ ਹਨ ਕਿ ਇਹ ਐਨਟ੍ਰੋਪੀ ਸੰਸਾਰ ਵਿਚ ਵਧ ਸਕਦੀ ਹੈ, ਘਟ ਕਦੀ ਨਹੀਂ ਸਕਦੀ। ਤਰਤੀਬ ਤੇ ਸੰਗਠਨ ਦੇ ਅੰਤ ਨਾਲ ਸੰਸਾਰ ਦੀ ਮੌਜੂਦ ਸੂਰਤ ਵੀ ਨਾਸ਼ ਹੋ ਜਾਵੇਗੀ। ਕੋਈ ਸਮਾਂ ਦੀ ਜਦ ਇਹ ਤਰਤੀਬ ਤੇ ਸੰਗਠਨ ਨਿਰਵਿਘਨ ਸੀ। ਇਸ ਲਈ ਇਸ ਦਿੱਸਦੇ ਸੰਸਾਰ ਦਾ ਆਦਿ ਵੀ ਹੈ ਤੇ ਅੰਤ ਵੀ।
[ਸਹਾ. ਗ੍ਰੰਥ–ਭਾਈ ਜੋਧ ਸਿੰਘ : ‘ ਗੁਰਮਤਿ ਨਿਰਣਯ’ ; ਗੁ. ਮਾ, ; ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ ; ‘ਦਸਮ ਗ੍ਰੰਥ ’; ‘ਵਾਰ ਭਾਈ ਗੁਰਦਾਸ ’; Encyclopedia of Philosophy, Vol. V]
ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8598, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-07, ਹਵਾਲੇ/ਟਿੱਪਣੀਆਂ: no
ਸੰਸਾਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੰਸਾਰ, (ਸੰਸਕ੍ਰਿਤ) / ਪੁਲਿੰਗ : ੧. ਜਹਾਨ, ਜੱਗ, ਦੁਨੀਆ, ਸ੍ਰਿਸ਼ਟੀ; ੨. ਪਾਣੀ ਦਾ ਇਕ ਜਨੌਰ, ਮਗਰਮੱਛ, ਘੜਿਆਲ
–ਸੰਸਾਰ ਚੱਕਰ, ਪੁਲਿੰਗ : ਮੁੜ ਮੁੜ ਜਨਮ ਲੈਣ ਦਾ ਭਾਵ, ਕਰਮ ਤੇ ਕਰਮ ਫਲ ਦਾ ਗੇੜ ਪਰਪੰਚ, ਢੌਂਗ, ਦੁਨੀਆ ਦਾ ਉਲਟ ਫੇਰ
–ਸੰਸਾਰ ਯਾਤਰਾ, (ਹਿੰਦੀ) / ਇਸਤਰੀ ਲਿੰਗ / ਪੁਲਿੰਗ : ਸੰਸਾਰ ਵਿਚ ਫਿਰਨ ਦਾ ਭਾਵ, ਸਾਰੀ ਦੁਨੀਆ ਦੀ ਸੈਲ; ੨. ਮਾਤ ਲੋਕ ਵਿਚ ਜਨਮ, ਇਹ ਜਨਮ
–ਸੰਸਾਰਕ, ਵਿਸ਼ੇਸ਼ਣ : ਸੰਸਾਰ ਦਾ, ਦੁਨਿਆਵੀ, ਜਗਤੀ, ਮਾਇਆਵੀ
–ਸੰਸਾਰੀ, ਵਿਸ਼ੇਸ਼ਣ : ਸੰਸਾਰ ਸਬੰਧੀ, ਦੁਨੀਆਦਾਰ, ਗਰਿਸਤੀ, ਗ੍ਰਹਿਸਤੀ, ਸੰਸਾਰ ਦੇ ਮੋਹ ਮਾਇਆ ਵਿਚ ਫਸਿਆ ਹੋਇਆ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3804, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-26-04-29-20, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First