ਸੰਸਾਰ ਚੰਦ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਸਾਰ ਚੰਦ (1765-1823) : ਕਾਂਗੜਾ ਰਿਆਸਤ ਦਾ ਕਟੋਚ ਰਾਜਪੂਤ ਰਾਜਾ ਜੋ 1775 ਈ. ਵਿਚ ਗੱਦੀ ਉੱਤੇ ਬੈਠਾ ਸੀ। ਇਹ ਇਕ ਆਕਾਂਖਿਆਵਾਨ ਸ਼ਾਸਕ ਸੀ ਅਤੇ ਇਸ ਨੇ ਗੁਆਂਢੀ ਪਹਾੜੀ ਰਿਆਸਤਾਂ ਅਤੇ ਨਾਲ ਹੀ ਸ਼ਿਵਾਲਿਕ ਲੜੀ (ਸਿਲਸਿਲੇ) ਨਾਲ ਲਗਦੇ ਮੈਦਾਨੀ ਖੇਤਰ ਉੱਤੇ ਆਪਣਾ ਪ੍ਰਭਾਵ ਵਧਾਉਣਾ ਸ਼ੁਰੂ ਕਰ ਦਿੱਤਾ ਸੀ। ਇਹ ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ ਤਕ ਆ ਪੁੱਜਿਆ ਅਤੇ ਇਥੇ ਇਸਨੇ ਬਜਵਾੜਾ ਨਾਂ ਦਾ ਇਕ ਪ੍ਰਸਿੱਧ ਕਿਲਾ ਬਣਵਾਇਆ। ਪਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ 1804 ਵਿਚ ਇਸ ਮੈਦਾਨੀ ਇਲਾਕੇ ਤੋਂ ਪਿੱਛੇ ਧੱਕ ਦਿੱਤਾ। ਸਿਰਮੂਰ ਦੇ ਰਾਜੇ ਦੇ ਸੱਦੇ ਉੱਤੇ ਉਸ ਦੀ ਪਰਜਾ ਦੀ ਬਗਾਵਤ ਨੂੰ ਕੁਚਲਣ ਲਈ ਨੇਪਾਲੀ ਜਰਨੈਲ, ਅਮਰ ਸਿੰਘ ਥਾਪਾ ਨੇ ਜਮਨਾ ਨਦੀ ਪਾਰ ਕੀਤੀ ਪਰ ਇਸਨੇ ਅਗੇ ਵੱਧ ਕੇ ਕਾਂਗੜੇ ਦੇ ਕਿਲੇ ਨੂੰ ਘੇਰ ਲਿਆ। ਸੰਸਾਰ ਚੰਦ ਨੇ ਚਾਰ ਸਾਲ ਤਕ ਗੋਰਖਿਆਂ ਦਾ ਮੁਕਾਬਲਾ ਕੀਤਾ। ਜਦੋਂ ਇਹ ਹੋਰ ਲੜਨ ਯੋਗ ਨਾ ਰਿਹਾ ਤਾਂ ਇਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਹਾਇਤਾ ਲਈ ਯਾਚਨਾ ਕੀਤੀ। ਮਹਾਰਾਜੇ ਨੇ ਕਾਂਗੜਾ ਵੱਲ ਆਪਣੀ ਫ਼ੌਜ ਭੇਜੀ ਤੇ ਨੇਪਾਲੀਆਂ ਨੂੰ ਹਰਾ ਦਿੱਤਾ ਪਰ ਨਾਲ ਹੀ ਨਾਲ ਕਾਂਗੜੇ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਸੰਸਾਰ ਚੰਦ ਨੂੰ ਆਪਣੀ ਸਰਕਾਰ ਦਾ ਇਕ ਖ਼ਿਰਾਜਗੁਜ਼ਾਰ (ਕਰਦਾਤਾ) ਮੰਨ ਲਿਆ।


ਲੇਖਕ : ਹ.ਰ.ਗ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1147, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੰਸਾਰ ਚੰਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਸੰਸਾਰ ਚੰਦ: ਭਾਰਤ ਛਡੋ ਅੰਦੋਲਨ ਦੇ ਇਸ ਸ਼ਹੀਦ ਦਾ ਜਨਮ ਪਿੰਡ ‘ਰਿਹਾਣਾ ਜੱਟਾਂ’ ਜ਼ਿਲ੍ਹਾ ਕਪੂਰਥਲਾ (ਪੰਜਾਬ) ਵਿਖੇ ਸ੍ਰੀ ਪੂਰਨ ਚੰਦ ਦੇ ਘਰ ਹੋਇਆ। ਸੰਨ 1942 ਵਿਚ ਭਾਰਤ ਛੱਡੋ ਲਹਿਰ ਵਿਚ ਇਸ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਹ 21 ਅਗਸਤ, 1942 ਦੇ ਦਿਨ ਦਿੱਲੀ ਵਿਚ ਕੰਢੇ ਗਏ ਜਲੂਸ ਵਿਚ ਸ਼ਾਮਲ ਹੋਇਆ। ਇਸ ਜਲੂਸ ਤੇ ਪੁਲਿਸ ਨੇ ਗੋਲੀ ਚਲਾਈ ਤੇ ਗੋਲੀ ਲਗਣ ਕਾਰਨ ਸੰਸਾਰ ਚੰਦ ਸ਼ਹੀਦ ਹੋ ਗਿਆ।


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 929, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਸੰਸਾਰ ਚੰਦ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੰਸਾਰ ਚੰਦ : ਇਹ ਕਾਂਗੜਾ ਰਿਆਸਤ ਦਾ ਸਭ ਤੋਂ ਪ੍ਰਸਿੱਧ ਰਾਜਾ ਹੋਇਆ ਹੈ। ਸੰਸਾਰ ਚੰਦ ਦਾ ਜਨਮ ਜਨਵਰੀ, 1765 ਵਿਚ ਹੋਇਆ।   ਇਹ ਦਸ ਸਾਲ ਦੀ ਉਮਰ ਵਿਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਰਾਜ ਗੱਦੀ ਤੇ ਬੈਠਿਆ। ਉਸ ਸਮੇਂ ਪੰਜਾਬ ਦੁਰਾਨੀਆਂ ਦੇ ਕਬਜ਼ੇ ਵਿਚ ਸੀ ਪਰੰਤੂ ਪਹਾੜੀ ਰਾਜਾਂ ਉੱਪਰ ਉਸ ਦਾ ਪੂਰਾ ਨਿਯੰਤਰਨ ਨਹੀਂ ਸੀ। ਕਾਂਗੜੇ ਦਾ ਕਿਲਾ ਨਵਾਬ ਸੈਫ਼ ਅਲੀ ਖ਼ਾਂ ਦੇ ਕਬਜ਼ੇ ਹੇਠ ਸੀ।

        ਗੱਦੀ ਤੇ ਬੈਠਦੇ ਹੀ ਸੰਸਾਰ ਚੰਦ ਨੇ ਕਾਂਗੜੇ ਦਾ ਕਿਲਾ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਇਸ ਨੇ ਸਰਦਾਰ ਜੈ ਸਿੰਘ (ਕਨ੍ਹਈਆ ਮਿਸਲ) ਤੋਂ ਸਹਾਇਤਾ ਪ੍ਰਾਪਤ ਕੀਤੀ। ਅੰਤ 1783 ਵਿਚ ਕਿਲਾ ਸੰਸਾਰ ਚੰਦ ਦੇ ਹੱਥ ਆ ਗਿਆ ਪਰ ਜੈ ਸਿੰਘ ਨੇ ਚਲਾਕੀ ਨਾਲ ਇਸ ਕੋਲੋਂ ਖੋਹ ਲਿਆ।

        ਸੰਨ 1786 ਤਕ ਕਿਲਾ ਸਰਦਾਰ ਜੈ ਸਿੰਘ ਪਾਸ ਰਿਹਾ ਪਰ ਉਸ ਨੇ ਕੁਝ ਮੈਦਾਨੀ ਖੇਤਰ ਦੇ ਬਦਲੇ ਕਿਲਾ ਸੰਸਾਰ ਚੰਦ ਨੂੰ ਵਾਪਸ ਦੇ ਦਿੱਤਾ। ਇਸ ਨੇ ਚੰਬਾ ਦੇ ਰਾਜਾ ਜੈ ਸਿੰਘ ਤੋਂ ਰੇਹਲੂ ਖੋਹ ਲਿਆ ਅਤੇ ਉਸ ਨੂੰ ਮਾਰ ਦਿੱਤਾ। ਇਸ ਨੇ ਮੰਡੀ ਉਪਰ ਵੀ ਕਬਜ਼ਾ ਕਰ ਲਿਆ ਅਤੇ ਉਥੋਂ ਦੇ ਰਾਜੇ ਨੂੰ ਕੈਦ ਕਰ ਲਿਆ। ਇਹ ਆਮ ਜਨਤਾ ਦੀ ਖੁਸ਼ਹਾਲੀ ਦਾ ਖ਼ਿਆਲ ਰਖਦਾ ਸੀ। ਇਹ ਪ੍ਰਤਿਭਾਵਾਨ ਵਿਅਕਤੀਆਂ, ਚਿਤਰਕਾਰਾਂ, ਸਿਪਾਹੀਆਂ, ਕਲਾਕਾਰਾਂ ਅਤੇ ਸਾਹਿਤਕਾਰਾਂ ਦੀ ਕਦਰ ਕਰਦਾ ਸੀ ਅਤੇ ਉਨ੍ਹਾਂ ਦੀ ਮਾਇਕ ਸਹਾਇਤਾ ਕਰਦਾ ਸੀ। ਉਸ ਸਮੇਂ ਦੇ ਬਹੁਤ ਸਾਰੇ ਚਿਤਰ ਹਾਲੀ ਵੀ ਮਿਲਦੇ ਹਨ। ਇਸ ਨੇ ਬਹੁਤ ਸਾਰੀਆਂ ਇਮਾਰਤਾਂ ਵੀ ਬਣਾਈਆਂ ਅਤੇ ਬਾਗ਼ ਵੀ ਲਗਵਾਏ। ਇਸ ਦੇ ਸਮੇਂ ਹੀ ਆਲਮਪੁਰ ਬਾਗ਼ ਲਗਾਇਆ ਗਿਆ ਜੋ ਲਾਹੌਰ ਦੇ ਸ਼ਾਲੀਮਾਰ ਬਾਗ਼ ਦਾ ਮੁਕਾਬਲਾ ਕਰਦਾ ਸੀ।

        ਸੰਨ 1803-04 ਵਿਚ ਇਸ ਨੇ ਹੁਸ਼ਿਆਰਪੁਰ ਅਤੇ ਬਜਵਾੜੇ ਵਾਲੇ ਖੇਤਰ ਉੱਪਰ ਹਮਲਾ ਕੀਤਾ ਪਰੰਤੂ ਮਹਾਰਾਜਾ ਰਣਜੀਤ ਸਿੰਘ ਦੇ ਹੱਥੋਂ ਹਾਰ ਖਾਧੀ। ਫਿਰ ਇਧਰੋਂ ਖ਼ਿਆਲ ਛੱਡ ਕੇ ਕਹਿਲੂਰ (ਬਿਲਾਸਪੁਰ ਰਿਆਸਤ) ਉੱਪਰ ਹਮਲਾ ਕੀਤਾ ਅਤੇ ਸਤਲੁਜ ਦੇ ਕਿਨਾਰੇ ਪੈਂਦੇ ਬਿਲਾਸਪੁਰ ਰਿਆਸਤ ਦੇ ਇਲਾਕੇ ਉੱਪਰ ਕਬਜ਼ਾ ਕਰ ਲਿਆ। ਇਸ ਦੀ ਫ਼ੌਜੀ ਤਾਕਤ ਕਮਜ਼ੋਰ ਵੇਖ ਕੇ ਗੋਰਖਿਆਂ ਨੇ ਪਹਾੜੀ ਰਾਜਿਆਂ ਵਲੋਂ ਸ਼ਹਿ ਮਿਲਣ ਤੇ ਇਸ ਉੱਪਰ 1806 ਈ. ਵਿਚ ਦੁਬਾਰਾ ਹਮਲਾ ਕੀਤਾ। ਇਸ ਨੇ ਹਾਰ ਖਾ ਕੇ ਕਾਂਗੜੇ ਦੇ ਕਿਲੇ ਵਿਚ ਪਰਿਵਾਰ ਸਮੇਤ ਆਪਣੇ ਆਪ ਨੂੰ ਬੰਦ ਕਰ ਲਿਆ। ਇਸ ਦੀ ਬੇਨਤੀ ਤੇ 1809 ਈ. ਵਿਚ ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜਾ ਫ਼ਤਹਿ ਕਰ ਲਿਆ ਅਤੇ ਇਸ ਦੀਆਂ ਦੋ ਲੜਕੀਆਂ ਨਾਲ ਵਿਆਹ ਕਰ ਲਿਆ ਜਿਨ੍ਹਾਂ ਵਿਚੋਂ ਇਕ ਨੇ ਖ਼ੁਦਕੁਸ਼ੀ ਕਰ ਲਈ ਅਤੇ ਦੂਜੀ ਮਹਾਰਾਜੇ ਨਾਲ ਸਤੀ ਹੋਈ। ਸੰਸਾਰ ਚੰਦ ਦੀ ਮੌਤ ਦਸੰਬਰ, 1823 ਵਿਚ ਹੋਈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-02-04-45-15, ਹਵਾਲੇ/ਟਿੱਪਣੀਆਂ: ਹ. ਪੁ.––ਕਾਂਗੜਾ ਜ਼ਿਲ੍ਹਾ ਗਜ਼ਟੀਅਰ, ਪੰਜਾਬ; ਜ਼ਿਲ੍ਹਾ ਗਜ਼ਟੀਅਰ ਲੜੀ, 1924-25.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.