ਸੱਚਾ ਸੌਦਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਸੱਚਾ ਸੌਦਾ: ‘ਸੱਚਾ ਸੌਦਾ’ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਬਣਿਆ ਇਕ ਗੁਰਦੁਆਰਾ ਹੈ ਜਿਹੜਾ ਗੁਰੂ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਲਗਭਗ 20 ਕਿਲੋਮੀਟਰ ਦੇ ਫ਼ਾਸਲੇ ਤੇ ਸਥਿਤ ਹੈ। ਗੁਰੂ ਨਾਨਕ ਦੇਵ ਜੀ ਦਾ ਦਿਲ ਦੁਨੀਆਦਾਰੀ ਤੋਂ ਦੂਰ ਜਾਂਦਾ ਵੇਖ ਕੇ ਇਸ ਦਿਨ ਉਨ੍ਹਾਂ ਦੇ ਪਿਤਾ ਮਹਿਲਾ ਕਾਲੂ ਨੇ ਵੀਹ ਰੁਪਏ ਦੇ ਕੇ ਭਾਈ ਬਾਲੇ ਨਾਲ ਵਪਾਰ ਕਰਨ ਲਈ ਭੇਜਿਆ। ਅਜੇ ਉਹ ਲਗਭਗ 20 ਕਿਲੋ ਮੀਟਰ ਦਾ ਸਫ਼ਰ ਕਰ ਕੇ ਚੂਹੜਕਾਣੇ ਪਿੰਡ ਕੋਲ ਪਹੁੰਚੇ ਸਨ ਕਿ ਉਨ੍ਹਾਂ ਨੂੰ ਫ਼ਕੀਰਾਂ ਦੀ ਇਕ ਮੰਡਲੀ ਵਿਖਾਈ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ਘੋੜੀ ਤੋਂ ਉਤਰ ਕੇ ਫ਼ਕੀਰਾਂ ਦਾ ਹਾਲ ਚਾਲ ਪੁਛਿਆ। ਇਹ ਪਤਾ ਲਗਣ ਤੇ ਕਿ ਫ਼ਕੀਰਾਂ ਨੇ ਭੋਜਨ ਨਹੀਂ ਛਕਿਆ ਹੋਇਆ, ਗੁਰੂ ਨਾਨਕ ਦੇਵ ਜੀ ਨੇ ਇਹ ਸੋਚ ਕੇ ਇਸ ਨਾਲੋਂ ‘ਸੱਚਾ ਸੌਦਾ’ ਹੋਰ ਕਿਹੜਾ ਹੋਵੇਗਾ, ਉਨ੍ਹਾਂ ਵੀਹ ਰੁਪਇਆਂ ਦਾ ਭੋਜਨ ਮੰਗਵਾ ਕੇ ਫ਼ਕੀਰਾਂ ਨੂੰ ਛਕਾ ਦਿੱਤਾ। ਇਵੇਂ ਸੱਚਾ ਸੌਦਾ ਕਰ ਕੇ ਗੁਰੂ ਨਾਨਕ ਦੇਵ ਜੀ ਬਾਲੇ ਨਾਲ ਘਰ ਪਰਤ ਆਏ। ਘਰ ਪਰਤਣ ਤੇ ਪਿਤਾ ਜੀ ਨੂੰ ਗੁੱਸੇ ਵਿਚ ਵੇਖ ਕੇ ਗੁਰੂ ਨਾਨਕ ਦੇਵ ਜੀ ਬੋਲੇ ਮੈਂ ਤਾਂ ਆਪਦੇ ਹੁਕਮ ਦੀ ਪਾਲਣਾ ਕਰਦੇ ਹੋਏ ‘ਸੱਚਾ ਸੌਦਾ’ ਕੀਤਾ ਹੈ। ਪਿਤਾ ਸਹਿਤ ਕਾਲੂ ਬਹੁਤ ਗੁੱਸੇ ਹੋਏ ਅਤੇ ਗੁਰੂ ਨਾਨਕ ਦੇਵ ਜੀ ਨੂੰ ਦੋ ਤਿੰਨ ਚਪੇੜਾਂ ਮਾਰੀਆਂ। ਜਦੋਂ ਇਹ ਖ਼ਬਰ ਉਥੋਂ ਦੇ ਹਾਕਮ ਰਾਇ ਬੁਲਾਰ ਨੇ ਸੁਣੀ ਤਾਂ ਉਸ ਨੇ ਮਹਿਲਾ ਕਾਲੂ ਨੂੰ ਬੁਲਾ ਭੇਜਿਆ ਅਤੇ ਕਿਹਾ ਕਿ ਜਿੰਨੇ ਪੈਸੇ ਨਾਨਕ ਦੇਵ ਜੀ ਨੇ ਖ਼ਰਚ ਕੀਤੇ ਹਨ, ਖ਼ਜ਼ਾਨੇ ਵਿਚੋਂ ਲੈ ਲਉ ਪਰ ਨਾਨਕ ਨੂੰ ਕੁਝ ਨਹੀਂ ਕਹਿਣਾ। ਇਸ ਘਟਨਾ ਨੂੰ ‘ਸੱਚਾ ਸੌਦਾ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਜਿਸ ਥਾਂ ਤੇ ਫ਼ਕੀਰਾਂ ਨੂੰ ਭੋਜਨ ਵੰਡਿਆ ਗਿਆ ਸੀ ਉਥੇ ਇਕ ਸੁੰਦਰ ਗੁਰਦੁਆਰਾ ਬਣਾ ਦਿੱਤਾ ਗਿਆ ਹੈ ਜੋ ‘ਸੱਚਾ ਸੌਦਾ’ ਦੇ ਨਾਂ ਨਾਲ ਪ੍ਰਸਿੱਧ ਹੈ। ਹ. ਪੁ. – ਸਿ. ਸ਼੍ਰਾ. ਵੈ. ਪਾਕਿ. ; ਤਵਾ. ਗੁ. ਖਾ. ਭਾਗ–1


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2558, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-25, ਹਵਾਲੇ/ਟਿੱਪਣੀਆਂ: no

ਸੱਚਾ ਸੌਦਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੱਚਾ ਸੌਦਾ : ‘ਸੱਚਾ ਸੌਦਾ’ ਜਿਸ ਨੂੰ ਖਰਾ ਸੌਦਾ ਵੀ ਕਿਹਾ ਜਾਂਦਾ ਹੈ, ਇਕ ਸਾਖੀ ਦਾ ਨਾਂ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ। ਇਸ ਵਿਚ ਉਸ ਘਟਨਾ ਦਾ ਵਰਣਨ ਹੈ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਪਾਸੋਂ ਵਪਾਰ ਲਈ ਲਿਆਂਦੇ ਵੀਹ ਰੁਪਿਆਂ ਦਾ ਭੋਜਨ ਭੁੱਖੇ ਸਾਧੂਆਂ ਨੂੰ ਖੁਆ ਦਿੱਤਾ ਸੀ। ਇਕ ਵਾਰ ਪਿਤਾ ਕਾਲੂ ਜੀ ਨੇ 20 ਰੁਪਏ ਦੇ ਕੇ ਉਨ੍ਹਾਂ ਨੂੰ ਚੁਹੜਕਾਣੇ ਭੇਜਿਆ ਕਿ ਇਨ੍ਹਾਂ ਪੈਸਿਆਂ ਦਾ ਅਜਿਹਾ ਸੌਦਾ ਖ਼ਰੀਦ ਕੇ ਲਿਆਂਦਾ ਜਾਵੇ ਜਿਸ ਤੋਂ ਚੰਗਾ ਨਫ਼ਾ ਹੋਵੇ। ਉਨ੍ਹਾਂ ਦਿਨਾਂ ਵਿਚ ਚੂਹੜਕਾਣਾ ਤਲਵੰਡੀ ਦੇ ਨੇੜੇ ਦਾ ਵੱਡਾ ਨਗਰ ਸੀ। ਗੁਰੂ ਜੀ ਦੇ ਨਾਲ ਉਨ੍ਹਾਂ ਦਾ ਸਾਥੀ ਭਾਈ ਬਾਲਾ ਵੀ ਸੀ। (ਕਈ ਇਤਿਹਾਸਕਾਰਾਂ ਨੇ ਮਰਦਾਨਾ ਲਿਖਿਆ ਹੈ।) ਗੁਰੂ ਨਾਨਕ ਦੇਵ ਜੀ ਦੀ ਬਿਰਤੀ ਨੂੰ ਧਿਆਨ ਵਿਚ ਰੱਖਦਿਆਂ ਪਿਤਾ ਨੇ ਆਪਣੇ ਸੁਭਾਅ ਅਨੁਸਾਰ ਗੁਰੂ ਜੀ ਨੂੰ ਕਾਫ਼ੀ ਹਦਾਇਤਾਂ ਦਿੱਤਆਂ ਕਿ ਚੰਗੇ ਨਫ਼ੇ ਵਾਲਾ ਸੌਦਾ ਕੀਤਾ ਜਾਵੇ।

        ਗੁਰੂ ਜੀ ਜਦੋਂ ਚੂਹੜਕਾਣੇ ਦੇ ਨੇੜੇ ਪੁੱਜੇ ਤਾਂ ਨਗਰ ਤੋਂ ਬਾਹਰ ਵਾਰ ਜੰਗਲ ਵਿਚ ਸਾਧੂਆਂ ਦੀ ਇਕ ਟੋਲੀ ਬੈਠੀ ਵੇਖੀ। ਉਹ ਸਾਧੂਆਂ ਕੋਲ ਚਲੇ ਗਏ ਅਤੇ ਉਨ੍ਹਾਂ ਨਾਲ ਗਲ ਬਾਤ ਕੀਤੀ ਜਿਸ ਤੋਂ ਪਤਾ ਚਲਿਆ ਕਿ ਉਹ ਸੱਤ ਦਿਨਾਂ ਦੇ ਭੁੱਖੇ ਹਨ।

        ਗੁਰੂ ਨਾਨਕ ਦੇਵ ਜੀ ਨੇ ਵਪਾਰ ਲਈ ਲਿਆਂਦੇ ਸਾਰੇ ਰੁਪਏ ਉਨ੍ਹਾਂ ਸਾਧੂਆਂ ਦੇ ਭੋਜਨ ਉਤੇ ਖ਼ਰਚ ਕਰ ਦਿੱਤੇ। ਕਹਿੰਦੇ ਹਨ ਕਿ ਸਾਥੀ ਨੇ ਰੋਕਿਆ ਕਿ ਇੰਜ ਨਾ ਕਰੋ, ਮਹਿਤਾ ਜੀ ਗੁੱਸੇ ਹੋਣਗੇ। ਗੁਰੂ ਨਾਨਕ ਦੇਵ ਜੀ ਕਹਿਣ ਲਗੇ ਕਿ ਇਸ ਤੋਂ ਲਾਭ ਵਾਲਾ ਹੋਰ ਕੋਈ ਵਪਾਰ ਨਹੀਂ। ਅਸਲੀ ਖਰਾ ਸੌਦਾ ਤਾਂ ਇਹੀ ਹੈ। ਜਦੋਂ ਤਲਵੰਡੀ ਦੇ ਨੇੜੇ ਵਾਪਸ ਪੁੱਜੇ ਤਾਂ ਸਿਧਾ ਆਪਣੇ ਘਰ ਨਹੀਂ ਗਏ। ਮਨ ਵਿਚ ਪਿਤਾ ਦੇ ਗੁੱਸੇ ਦਾ ਡਰ ਸੀ। ਆਪ ਨਗਰੋਂ ਬਾਹਰ ਇਕ ਸੁੱਕੇ ਖੂਹ ਦੇ ਕਿਨਾਰੇ ਇੱਕ ਰੁੱਖ ਹੇਠ ਬਹਿ ਗਏ। (ਉਸ ਥਾਂ ਹੁਣ ਵੀ ਇਕ ਸਥਾਨ ਬਣਿਆ ਹੋਇਆ ਹੈ ਜਿਸ ਨੂੰ ਤੰਬੂ ਸਾਹਿਬ ਕਿਹਾ ਜਾਂਦਾ ਹੈ।) ਜਦੋਂ ਮਹਿਤਾ ਜੀ ਨੂੰ ਪਤਾ ਲਗਾ ਕਿ ਗੁਰੂ ਨਾਨਕ ਸਾਰਾ ਪੈਸਾ ਸਾਧੂਆਂ ਤੇ ਖ਼ਰਚ ਕਰ ਆਏ ਹਨ ਤਾਂ ਉਨ੍ਹਾਂ ਨੂੰ ਬਹੁਤ ਗੁੱਸਾ ਚੜ੍ਹਿਆ। ਉਹ ਉਸੇ ਵਕਤ ਉਧਰ ਆਏ ਜਿੱਥੇ ਗੁਰੂ ਸਾਹਿਬ ਬੈਠੇ ਸਨ ਅਤੇ ਬੁਰਾ ਭਲਾ ਆਖਿਆ। ਇਥੋਂ ਤਕ ਕਿ ਗੁਰੂ ਜੀ ਦੇ ਮੂੰਹ ਤੇ ਚਪੇੜਾਂ ਵੀ ਮਾਰੀਆਂ। ਚਪੇੜ ਇੰਨੀ ਜ਼ੋਰ ਦੀ ਸੀ ਕਿ ਗੁਰੂ ਜੀ ਦੀਆਂ ਗੱਲ੍ਹਾਂ ਤੇ ਨੀਲ ਪੈ ਗਏ। ਕਵੀ ਸੰਤੋਖ ਸਿੰਘ ਇਨ੍ਹਾਂ ਨੀਲਾਂ ਬਾਰੇ ਲਿਖਦੇ ਹਨ :

        “ਸੋਹਤਿ ਪਰ ਗਏ ਨੀਲ ਕਪੋਲਾ।

        ਜਿਉਂ ਉਤਪਲ ਪਰ ਅਨਿਲ ਅਡੋਲਾ।”

        ਆਪ ਚਪੇੜਾਂ ਖਾ ਕੇ ਭੁਖਿਆਂ ਦੀ ਸੇਵਾ ਕਰਨੀ ਇਹ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਹੈ। ਇਸੇ ਪ੍ਰਥਾ ਨੂੰ ਜਾਰੀ ਰੱਖਣ ਲਈ ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਪਿਰਤ ਤੋਰੀ ਅਤੇ ਲੰਗਰ ਨੂੰ ਗੁਰੂ-ਘਰ ਦਾ ਇਕ ਜ਼ਰੂਰੀ ਅੰਗ ਬਣਾ ਦਿਤਾ।

        ਜਿਸ ਥਾਂ ਗੁਰੂ ਜੀ ਨੇ ਸਾਧੂਆਂ ਨੂੰ ਭੋਜਨ ਛਕਾਇਆ ਸੀ, ਉਸ ਥਾਂ ਬੜਾ ਸੁੰਦਰ ਗੁਰਦੁਆਰਾ ਬਣਾਇਆ ਗਿਆ ਹੈ। ਇਸ ਗੁਰਦੁਆਰੇ ਦਾ ਨਾਂ ਹੀ ‘ਸੱਚਾ ਸੌਦਾ’ ਪੈ ਗਿਆ। ਸੰਨ 1947 ਤਕ ਇਸ ਗੁਰਦੁਆਰੇ ਵਿਖੇ ਵਿਸਾਖੀ, ਮਾਘ ਅਤੇ ਕਤਕ ਦੀ ਪੁੰਨਿਆ ਨੂੰ ਮੇਲਾ ਲਗਦਾ ਸੀ। ਇਸ ਗੁਰਦੁਆਰੇ ਦੇ ਨਾਂ ਜ਼ਮੀਨ ਵੀ ਸੀ।

 


ਲੇਖਕ : ਡਾ. ਜਗੀਰ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2535, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-10-04-38-34, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.