ਸੱਭਿਆਚਾਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Culture ( ਕਅੱਲਚਅ * ) ਸੱਭਿਆਚਾਰ : ਸਮੂਹਿਕ ਮਾਨਸਿਕ ਤੇ ਅਧਿਆਤਮਿਕ ਸਾਖਿਆਤਾਵਾਂ ( visible ) ( ਸੁਹਜਾਤਮਿਕ ਪ੍ਰਤੱਖ ਗਿਆਨ , ਇਤਕਾਦ , ਵਿਚਾਰ , ਚਿੰਨ੍ਹ , ਕਦਰਾਂ-ਕੀਮਤਾਂ , ਆਦਿ ) , ਵਿਵਹਾਰਿਕ ਰੂਪ ਤੇ ਸਮਾਜਿਕ ਬਣਤਰਾਂ ( ਸੰਗਠਨਾਂ ਦੇ ਢੰਗ , ਰੀਤੀ-ਰਿਵਾਜਾਂ , ਗੁੱਟਾਂ , ਅਦਾਰੇ ਆਦਿ ) ਅਤੇ ਨਾਲ ਹੀ ਪਦਾਰਥ ਤੇ ਕਲਾਨਾਤਮਿਕ ਸਾਖਿਆਤਾਵਾਂ ( ਔਜ਼ਾਰ , ਇਮਾਰਤਾਂ , ਕਲਾ ਦੇ ਕੰਮ , ਆਦਿ ) ਜੋ ਲੋਕਾਂ ਦੁਆਰਾ ਰੂਪਵਾਨ ਤੇ ਨਿਰਮਾਣਿਤ ਕੀਤੇ ਹੁੰਦੇ ਹਨ ਜਿਹੜੇ ਕਿ ਸਮਾਜ ਨੂੰ ਵਿਸ਼ੇਸ਼ਤਾਉਂਦੇ ਹਨ । ਇਹ ਸਭ ਮਿਲਕੇ ਇਕ ਸੱਭਿਆਚਾਰ ਬਣਾਉਂਦੇ ਹਨ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਸੱਭਿਆਚਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਭਿਆਚਾਰ [ ਨਾਂਪੁ ] ਸੱਭਿਅਕ ਜੀਵਨ-ਜਾਂਚ ਦਾ ਭਾਵ , ਸੰਸਕ੍ਰਿਤੀ , ਇਖ਼ਲਾਕ , ਨੇਕ ਵਰਤਾਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੱਭਿਆਚਾਰ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਸੱਭਿਆਚਾਰ : ਮਨੁੱਖ ਦੇ ਇੱਕ ਉੱਚਤਮ ਸ਼ਖ਼ਸੀਅਤ ਬਣਨ ਸੰਬੰਧੀ ਜੋ ਗੁਣ ਪਾਏ ਗਏ ਹਨ , ਉਹ ਜਿੱਥੇ ਉਸ ਦੇ ਵੰਸ਼-ਅਣੂ ਤੋਂ ਬਣੇ ਹੁੰਦੇ ਹਨ , ਉੱਥੇ ਉਸ ਦੇ ਸੰਬੰਧਿਤ ਸਮਾਜ ਖ਼ਾਸ ਕਰਕੇ ਸੱਭਿਆਚਾਰ ਅਤੇ ਸੱਭਿਅਤਾ ਦਾ ਕਾਫ਼ੀ ਵੱਡਾ ਯੋਗਦਾਨ ਹੁੰਦਾ ਹੈ । ਮਨੁੱਖ ਦੀ ਸ਼ਖ਼ਸੀਅਤ ਅਤੇ ਉਸ ਦਾ ਜੀਵਨ ਸੱਭਿਆਚਾਰ ਦੀਆਂ ਪਰਿਸਥਿਤੀਆਂ ਅਨੁਸਾਰ ਬਣਦਾ ਹੈ । ਦੂਸਰੇ ਸ਼ਬਦਾਂ ਵਿੱਚ ਬਿਨਾਂ ਸੱਭਿਆਚਾਰ ਅਤੇ ਸੱਭਿਅਤਾ ਦੇ ਮਨੁੱਖ , ਵਾਕਈ ਹੀ ਇੱਕ ਪਸੂ ਹੈ । ਸੱਭਿਆਚਾਰ ਮਨੁੱਖ ਦੀ ਸ਼ਖ਼ਸੀਅਤ ਅਤੇ ਜੀਵਨ ਦੀ ਆਧਾਰਸ਼ਿਲਾ ਹੈ । ਸੱਭਿਆਚਾਰ ਦਾ ਅੰਗਰੇਜ਼ੀ ਵਿੱਚ ਅਨੁਵਾਦਿਤ ਸ਼ਬਦ ‘ Culture’ ਇੱਕ ਹੋਰ ਅੰਗਰੇਜ਼ੀ ਸ਼ਬਦ ‘ Cultivate’ ਤੋਂ ਬਣਿਆ ਹੈ , ਜਿਸ ਦਾ ਅਰਥ ਹੈ ‘ ਵਧਣਾ , ਵਿਕਸਿਤ ਹੋਣਾ ਜਾਂ ਵਿਸਥਾਰ ਹੋਣਾ । ’ ਸੰਸਕ੍ਰਿਤੀ-‘ ਸਮ’ ਅਤੇ ‘ ਕ੍ਰਿਤੀ’ ਦਾ ਮੇਲ ਹੈ । ‘ ਸਮ’ ਤੋਂ ਭਾਵ ਸੁੰਦਰ ( Beautiful ) ਅਤੇ ‘ ਕ੍ਰਿਤੀ’ ਤੋਂ ਭਾਵ-ਕਿਰਤ ਜਾਂ ਕਰਮ ( Actions ) । ਸੁੰਦਰ ਕਰਮ ਜਾਂ ਉਹ ਕਮਜ਼ੋਰ ਮਨੁੱਖੀ ਜੀਵਨ ਅਤੇ ਫਿਰ ਸਮਾਜ ਨੂੰ ਸੁੰਦਰ ਬਣਾਉਂਦੇ ਹਨ । ਸੰਸਕ੍ਰਿਤੀ ਆਪਣੇ ਸਰੂਪ ਪੱਖੋਂ ਸਮਾਜਿਕ ਅਤੇ ਵਧੇਰੇ ਨੈਤਿਕ ਹੈ । ਮੁੱਖ ਰੂਪ ਵਿੱਚ ਸੱਭਿਆਚਾਰ ਸਮਾਜ ਵਿੱਚ ਇੱਕ ਅਜਿਹੇ ਮਾਹੌਲ ਦੇ ਵਿਚਾਰ ਤੋਂ ਹੈ ਜਿਸ ਅਧੀਨ ਮਨੁੱਖ ਆਪਣਾ ਚਹੁੰ-ਤਰਫ਼ਾ ਵਿਕਾਸ ਕਰ ਪਾਉਂਦਾ ਹੈ । ਮਾਨਵ ਸ਼ਾਸਤਰੀਆਂ ਨੇ ਸੱਭਿਆਚਾਰ ਨੂੰ ਮਨੁੱਖ ਦੁਆਰਾ ਬਣਾਇਆ ਸੰਪੂਰਨ ਵਾਤਾਵਰਨ ਕਿਹਾ ਹੈ , ਜਿਸ ਵਿੱਚ ਮਨੁੱਖ ਰਹਿੰਦਾ ਹੈ , ਸੋਚਦਾ ਹੈ , ਕਾਰਜ ਕਰਦਾ ਹੈ , ਆਪਣੀਆਂ ਲੋੜਾਂ ਪੂਰੀਆਂ ਕਰਦਾ ਹੈ ਅਤੇ ਗੁਣ , ਆਦਤਾਂ , ਪ੍ਰਥਾਵਾਂ ਅਤੇ ਪਰੰਪਰਾਵਾਂ ਸਿੱਖਦਾ ਹੈ । ਸੱਭਿਆਚਾਰਿਕ ਉਹਨਾਂ ਆਦਰਸ਼ਾਂ ਦਾ ਨਾਮ ਹੈ , ਜੋ ਨਿੱਜੀ ਜੀਵਨ ਅਤੇ ਸਮਾਜਿਕ ਵਿਕਾਸ ਲਈ ਜ਼ਰੂਰੀ ਹਨ ।

  • Maclver ਦਾ ਵਿਚਾਰ ਹੈ , “ ਗਤੀਸ਼ੀਲ ਸਮਾਜਿਕ ਬਦਲਾਵ ਹੀ ਸੱਭਿਆਚਾਰਿਕ ਹੈ । ”
  • P.A. Sorokin ਨੇ ਕਿਹਾ ਹੈ ਕਿ , “ ਸੱਭਿਆਚਾਰ ਉਸ ਸਭ ਦਾ ਮੇਲ ਹੈ , ਜੋ ਦੋ ਜਾਂ ਵਧੇਰੇ ਮਨੁੱਖਾਂ ਦੀਆਂ ਚੇਤਨ ਅਤੇ ਅਚੇਤਨ ਗਤੀਵਿਧੀਆਂ ਰਾਹੀਂ ਬਣਾਇਆ ਜਾਂ ਸੁਧਾਰਿਆ ਜਾਂਦਾ ਹੈ । ”

ਸੱਭਿਆਚਾਰ ਦੇ ਸਰੂਪ ਦੇ ਆਧਾਰ ਤੇ ਅਸੀਂ ਇਸ ਨੂੰ ਦੋ ਰੂਪਾਂ ਵਿੱਚ ਵੰਡ ਸਕਦੇ ਹਾਂ :

1.              ਵਿਅਕਤੀਗਤ ਜਾਂ ਆਤਮਗਤ

2.            ਰਾਸ਼ਟਰੀ ਜਾਂ ਵਸਤੂਗਤ ।

ਅਸੀਂ ‘ ਸੱਭਿਆਚਾਰਿਕ ਮਨੁੱਖ’ ਜਾਂ ‘ ਅਸੱਭਿਅਕ ਮਨੁੱਖ’ ਬਾਰੇ ਚੰਗੀ ਤਰ੍ਹਾਂ ਜਾਣੂੰ ਹਾਂ । ਹਰ ਮਨੁੱਖ ਦਾ ਆਪਣਾ ਵਿਅਕਤੀਗਤ ਸੱਭਿਆਚਾਰ ਹੁੰਦਾ ਹੈ । ਇਹ ਉਹ ਸੱਭਿਆਚਾਰ ਹੈ , ਜੋ ਕਿਸੇ ਦੇ ਵਿਅਕਤੀਗਤ ਦੀ ਸ੍ਰੇਸ਼ਠਤਾ ਨਾਲ ਸੰਬੰਧਿਤ ਹੈ । ਇਸ ਦੇ ਉਲਟ ਜਦ ਮਨੁੱਖ ਆਪਣੇ ਸਮਾਜ ਜਾਂ ਆਪਣੇ ਆਪ ਤੋਂ ਬਾਹਰ ਇਹ ਸਭ ਕੁਝ ਕਰਦਾ ਹੈ , ਉਹ ਰਾਸ਼ਟਰੀ ਸੱਭਿਆਚਾਰ ਬਣਾਉਂਦਾ ਹੈ ।

  • ਸੱਭਿਆਚਾਰ ਕੇਵਲ ਮਨੁੱਖੀ ਸੰਬੰਧਾਂ ਕਾਰਨ ਹੀ ਹੋਂਦ ਰੱਖਦਾ ਹੈ ।
  • ਸੱਭਿਆਚਾਰ ਸਿੱਖਿਆ ਰਾਹੀਂ ਅੱਗੇ ਭੇਜਿਆ ਜਾਂਦਾ ਹੈ ।
  • ਸੱਭਿਆਚਾਰ ਮਨੁੱਖੀ ਦੌੜ ਦੀ ਸਮ੍ਰਿਤੀ ਹੈ ।
  • ਸੱਭਿਆਚਾਰ ਇੱਕ ਦੂਸਰੇ ਨਾਲ ਵੰਡਿਆ ਜਾਂਦਾ ਹੈ ।
  • ਸੱਭਿਆਚਾਰ ਆਪਣੇ ਅਸਤਿਤਵ ਲਈ ਸਮੂਹ ਜੀਵਨ ਤੇ ਨਿਰਭਰ ਹੈ ।
  • ਸੱਭਿਆਚਾਰ ਸੁਪਰ ਜੈਵਿਕ ਹੈ ।
  • ਸੱਭਿਆਚਾਰ ਜੀਵਨ ਦੀ ਰਾਹ ਜਾਂ ਜੀਵਨ ਲਈ ਰੂਪ-ਰੇਖਾ ਹੈ ।
  • ਸੱਭਿਆਚਾਰ ਸਾਨੂੰ ਮਨੁੱਖ ਬਣਾਉਂਦਾ ਹੈ ।
  • ਸੱਭਿਆਚਾਰ ਹਮੇਸ਼ਾਂ ਸਾਕਾਰਾਤਮਿਕ ਅਤੇ ਆਦਰਸ਼ਾਤਮਿਕ ਹੁੰਦਾ ਹੈ ।
  • ਸੱਭਿਆਚਾਰ ਰਚਨਾਤਮਿਕ ਅਤੇ ਚੇਤਨ ਕੋਸ਼ਿਸ਼ਾਂ ਦਾ ਪ੍ਰਗਟਾਵਾ ਹੈ ।
  • ਸੱਭਿਆਚਾਰ ਇੱਕ ਸੰਘਰਸ਼ ਕਰ ਰਹੇ ਮਨੁੱਖ ਨੂੰ ਹੱਦਾਂ ਤੋਂ ਉੱਪਰ ਉੱਠਣ ਵਿੱਚ ਮਦਦ ਕਰਦਾ ਹੈ ।

ਸੱਭਿਆਚਾਰ ਨੂੰ ਬਣਾਉਣ ਵਾਲੇ ਤੱਤ :

ਰੀਤੀ ਰਿਵਾਜ ਅਤੇ ਪਰੰਪਰਾਵਾਂ : ਸਧਾਰਨ ਸ਼ਬਦਾਂ ਵਿੱਚ ਇੱਕ ਸਮਾਜ ਦੇ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨੂੰ ਹੀ ਸੱਭਿਆਚਾਰ ਸਮਝਿਆ ਜਾਂਦਾ ਹੈ , ਇਸ ਤੋਂ ਭਾਵ ਰੀਤੀ-ਰਿਵਾਜ ਇੱਕ ਸੱਭਿਆਚਾਰ ਦਾ ਅਟੁੱਟਵਾਂ ਅੰਗ ਹੁੰਦੇ ਹਨ । ਇੱਕ ਸਮਾਜ ਉਸ ਦੇ ਸੱਭਿਆਚਾਰ ਤੋਂ ਪਹਿਚਾਣਿਆ ਜਾਂਦਾ ਹੈ ਅਤੇ ਸੱਭਿਆਚਾਰ ਉਸ ਦੇ ਰੀਤੀ-ਰਿਵਾਜ ਦੀ ਛਾਪ ਹੁੰਦੇ ਹਨ ।

ਵਿਚਾਰਧਾਰਾਵਾਂ ਅਤੇ ਜੀਵਨ ਪ੍ਰਤਿ ਸੋਚ : ਹਰ ਸੱਭਿਆਚਾਰ ਵਿੱਚ ਇੱਕ ਵੱਖਰੇ ਕਿਸਮ ਦੀਆਂ ਵਿਚਾਰਧਾਰਾਵਾਂ ਹੁੰਦੀਆਂ ਹਨ , ਜੋ ਉਸ ਦੀ ਪਹਿਚਾਣ ਬਣਦੀਆਂ ਹਨ । ਇਹ ਵਿਚਾਰਧਾਰਾਵਾਂ ਜਾਂ ਜੀਵਨ ਪ੍ਰਤਿ ਸੋਚ ਉਹਨਾਂ ਦੇ ਸਮਾਜ ਅਤੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ ।

ਕਨੂੰਨੀ ਵਿਵਸਥਾ : ਹਰ ਸੱਭਿਆਚਾਰ ਦਾ ਕਨੂੰਨ ਜਾਂ ਕਨੂੰਨੀ ਵਿਵਸਥਾ ਵੀ ਉਸ ਦੇ ਅਮੀਰ ਸੱਭਿਆਚਾਰ ਹੋਣ ਦਾ ਸਬੂਤ ਹੈ , ਜਿਸ ਸੱਭਿਆਚਾਰ ਵਿੱਚ ਕਨੂੰਨ ਮਜ਼ਬੂਤ ਹੋਵੇਗਾ , ਉਸ ਦੀ ਵੱਖੋ-ਵੱਖ ਪਾਲਣਾ ਹੁੰਦੀ ਹੋਵੇਗੀ , ਉਸ ਨੂੰ ਵਧੇਰੇ ਮਜ਼ਬੂਤ ਅਤੇ ਅਮੀਰ ਮੰਨਿਆ ਜਾਂਦਾ ਹੈ ।

ਸਮਾਜਿਕ ਵਿਸ਼ਵਾਸ : ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਤੋਂ ਅਲੱਗ ਕੁਝ ਹੋਰ ਸਮਾਜਿਕ ਵਿਸ਼ਵਾਸ ਵੀ ਸੱਭਿਆਚਾਰ ਨੂੰ ਬਣਾਉਂਦੇ ਹਨ । ਅੰਧ-ਵਿਸ਼ਵਾਸ ਅਖਾਣ , ਕਹਾਵਤਾਂ , ਬੁਝਾਰਤਾਂ ਆਦਿ ਵੀ ਕਿਸੇ ਇੱਕ ਸੱਭਿਆਚਾਰ ਦੀ ਪਹਿਚਾਣ ਬਣਾਉਂਦੇ ਹਨ ।

ਸਮਾਜਿਕ ਆਦਰਸ਼ : ਸਮਾਜ ਦੇ ਕੁਝ ਆਦਰਸ਼ ਵੀ ਉਸ ਦੇ ਸੱਭਿਆਚਾਰ ਦੀ ਝਲਕ ਦਿੰਦੇ ਹਨ । ਇਹ ਆਦਰਸ਼ ਸਮਾਜ ਦੀ ਅੰਦਰੂਨੀ ਵਿਵਸਥਾ ਅਤੇ ਮਜ਼ਬੂਤੀ ਨੂੰ ਬਣਾਈ ਰੱਖਣ ਲਈ ਇੱਕ ਪ੍ਰਮੁਖ ਭੂਮਿਕਾ ਨਿਭਾਉਂਦੇ ਹਨ ।

ਭਾਸ਼ਾ ਅਤੇ ਸਾਹਿਤ : ਦੂਸਰੇ ਤੱਤ ਵਾਂਗ ਸਮਾਜ ਦੀ ਭਾਸ਼ਾ ਉਸ ਦੀ ਪਹਿਚਾਣ ਹੈ । ਵੱਖੋ-ਵੱਖ ਖੇਤਰਾਂ ਦੀਆਂ ਵੱਖੋ-ਵੱਖ ਭਾਸ਼ਾਵਾਂ ਉਸ ਦੇ ਹੋਰ ਸੱਭਿਆਚਾਰ ਨਾਲੋਂ ਅੰਤਰ ਪੇਸ਼ ਕਰਦੀਆਂ ਹਨ ।

ਧਰਮ ਅਤੇ ਧਾਰਮਿਕ ਸੰਸਥਾਵਾਂ : ਧਰਮ ਵੀ ਸੱਭਿਆਚਾਰ ਦਾ ਪ੍ਰਮੁਖ ਅੰਗ ਹੈ । ਇਹਨਾਂ ਦੋਵਾਂ ਵਿੱਚ ਗੂੜ੍ਹਾ ਸੰਬੰਧ ਹੈ । ਧਰਮ ਸੱਭਿਆਚਾਰ ਦਾ ਉਹ ਜੀਵਨ ਪੱਖ ਹੈ ਜੋ ਮਨੁੱਖ ਦੇ ਸਿਰ ਕੱਢਵੇਂ ਆਦਰਸ਼ , ਕਦਰਾਂ-ਕੀਮਤਾਂ , ਗੁਣ , ਨਿਮਰਤਾ , ਦਇਆ , ਪਵਿੱਤਰਤਾ , ਪ੍ਰੇਮ , ਭਾਈਚਾਰਾ , ਸਦਭਾਵਨਾ , ਸਹਿਣਸ਼ੀਲਤਾ ਆਦਿ ਨੂੰ ਵਿਕਸਿਤ ਕਰਦਾ ਹੈ ।

ਲੋਕ ਰਵਾਇਤਾਂ ਅਤੇ ਤਿਉਹਾਰ : ਲੋਕ ਰਵਾਇਤਾਂ ਤੋਂ ਭਾਵ ਲੋਕਾਂ ਵਿੱਚ ਪ੍ਰਚਲਿਤ ਰਵਾਇਤਾਂ , ਗੀਤ , ਨਾਚ ਇਹਨਾਂ ਰਵਾਇਤਾਂ ਦਾ ਹਿੱਸਾ ਹਨ । ਪੰਜਾਬ ਦੇ ਟੱਪੇ , ਗਿੱਧਾ , ਭੰਗੜਾ ਹਰਿਆਣੇ ਦੀਆਂ ਰਾਗਨੀਆਂ , ਬੰਗਾਲ ਦੇ ਮਛੇਰਿਆਂ ਦੇ ਗੀਤ ਆਦਿ ਸੱਭਿਆਚਾਰ ਦੀ ਝਲਕ ਦਿੰਦੇ ਹਨ ।

ਪਦਾਰਥਕ ਪ੍ਰਾਪਤੀਆਂ ਅਤੇ ਤਕਨੀਕੀਕਰਨ : ਹਰ ਸਮਾਜ ਦੇ ਮੈਂਬਰਾਂ ਰਾਹੀਂ ਆਪਣੀ ਮਿਹਨਤ ਰਾਹੀਂ ਜੋ ਕੁਝ ਪ੍ਰਾਪਤ ਕੀਤਾ ਜਾਂਦਾ ਹੈ , ਉਹ ਵੀ ਉਹਨਾਂ ਦੇ ਸੱਭਿਆਚਾਰ ਦਾ ਅੰਗ ਹੀ ਹੁੰਦਾ ਹੈ ।

ਖਾਣ-ਪੀਣ ਅਤੇ ਪਹਿਰਾਵਾ : ਹੋਰ ਤੱਤਾਂ ਦੀ ਤਰ੍ਹਾਂ ਖਾਣਾ-ਪੀਣਾ ਖ਼ਾਸ ਕਰਕੇ ਸੱਭਿਆਚਾਰ ਦੀ ਪਹਿਚਾਣ ਬਣਦਾ ਹੈ , ਬਹੁਤੇ ਸਮਾਜ ਦੀ ਪਹਿਚਾਣ ਇਹਨਾਂ ਖਾਣ-ਪੀਣ ਦੇ ਵੱਖੋ-ਵੱਖ ਅਨੋਖੇ ਅੰਦਾਜ਼ਾਂ ਕਾਰਨ ਹੁੰਦੀ ਹੈ । ਜਿਵੇਂ ਪੰਜਾਬ ਵਿੱਚ ਸਾਗ ਅਤੇ ਮੱਕੀ ਦੀ ਰੋਟੀ , ਲੱਸੀ , ਕੜੀ , ਦੱਖਣੀ ਭਾਰਤ ਵਿੱਚ ਡੋਸਾ , ਇਡਲੀ , ਬੜਾ ਉਤਪਮ , ਸਾਂਵਰ ਆਦਿ ।


ਲੇਖਕ : ਰਾਜਵਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 68, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-18-02-28-36, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.