ਹਦਵਾਣਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਦਵਾਣਾ (ਨਾਂ,ਪੁ) ਭੋਂਏਂ ਤੇ ਵਿਛ ਕੇ ਵਧਣ ਵਾਲੀ ਵੇਲ ਨੂੰ ਲੱਗਣ ਵਾਲਾ ਇੱਕ ਵੱਡ ਅਕਾਰਾ ਮੋਟੀ ਛਿੱਲ ਅਤੇ ਮਿੱਠੇ ਲਾਲ ਗੁੱਦੇ ਵਾਲਾ ਫ਼ਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1748, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹਦਵਾਣਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਦਵਾਣਾ [ਨਾਂਪੁ] ਕੱਦੂ ਜਾਤੀ ਦੀ ਇੱਕ ਵੇਲ ਨੂੰ ਲੱਗਣ ਵਾਲ਼ਾ ਵੱਡਾ ਗੋਲ਼ਾਕਾਰ ਫਲ਼, ਤਰਬੂਜ਼, ਮਤੀਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1748, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਦਵਾਣਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਦਵਾਣਾ : ਇਹ ਕੁਕਰਬਿਟੇਸੀ ਕੁਲ ਦੀ ਸਿਟਰੁਲਸ ਪ੍ਰਜਾਤੀ ਦਾ ਇਕ ਪ੍ਰਸਿੱਧ ਫਲ ਹੈ। ਇਸ ਦੀ ਇਕ ਜਾਤੀ ਵਲਗੈਰਿਸ ਹੈ। ਹਦਵਾਣੇ ਨੂੰ ਤਰਬੂਜ਼ ਵੀ ਕਿਹਾ ਜਾਂਦਾ ਹੈ। ਇਸ ਦਾ ਜਮਾਂਦਰੂ ਘਰ ਅਫ਼ਰੀਕਾ ਮੰਨਿਆ ਜਾਂਦਾ ਹੈ। ਭਾਰਤ ਅਤੇ ਮਿਸਰ ਵਿਚ ਵੀ ਇਸ ਦੀ ਕਾਸ਼ਤ ਬਹੁਤ ਪ੍ਰਾਚੀਨ ਸਮੇਂ ਤੋਂ ਕੀਤੀ ਜਾ ਰਹੀ ਹੈ ਮਿਸਰ ਦੇ ਚਿਤਰ ਤੇ ਸੰਸਕ੍ਰਿਤ ਗ੍ਰੰਥਾਂ ਵਿਚ ਵੀ ਇਸਦਾ ਜ਼ਿਕਰ ਆਉਂਦਾ ਹੈ।

          ਹਦਵਾਣਾ ਇਕ ਰੁੱਤੀ ਵੇਲ ਹੈ। ਇਹ ਵੇਲ ਬਹੁਤ ਪਸਾਰ ਵਾਲੀ ਹੁੰਦੀ ਹੈ। ਇਸ ਦਾ ਫਲ ਬਹੁਤ ਵੱਡਾ, ਤਕਰੀਬਨ 1.5 ਕਿ ਗ੍ਰਾ. ਤੋਂ 22 ਕਿ. ਗ੍ਰਾ. ਤਕ ਭਾਰਾ ਹੁੰਦਾ ਹੈ। ਫਲ ਵਿਚਲਾ ਗੁੱਦਾ ਲਾਲ, ਗੁਲਾਬੀ, ਚਿੱਟਾ ਜਾਂ ਪੀਲੇ ਰੰਗ ਦਾ, ਮਿੱਠਾ ਅਤੇ ਰਸ ਵਾਲਾ ਹੁੰਦਾ ਹੈ। ਬੀਜ ਆਮ ਤੌਰ ਤੇ ਕਾਲੇ ਹੁੰਦੇ ਹਨ।

          ਹਦਵਾਣੇ ਨੂੰ ਲੰਬੇ ਵਧਣ–ਕਾਲ ਅਤੇ ਜ਼ਿਆਦਾ ਤਾਪਮਾਨ ਦੀ ਲੋੜ ਹੁੰਦੀ ਹੈ। ਇਹ ਕੋਰਾ ਬਰਦਾਸ਼ਤ ਨਹੀਂ ਕਰ ਸਕਦਾ। ਇਸ ਦੇ ਚੰਗੇ ਫਲਾਰ ਲਈ ਅਨੁਕੂਲ ਤਾਪਮਾਨ 22º ਤੋਂ 25º ਸੈਂ. ਹੈ। ਇਹ ਰੇਤ–ਰਲੀ ਮੈਰਾ ਜ਼ਮੀਨ ਤੋਂ ਲੈ ਕੇ ਚੀਕਨੀ ਮੈਰਾ, ਲਗਭਗ ਹਰ ਤਰ੍ਹਾਂ ਦੀ ਭੂਮੀ ‘ਚ ਪੈਦਾ ਹੋ ਸਕਦਾ ਹੈ। ਆਮ ਤੌਰ ਤੇ ਇਹ ਦਰਿਆਵਾਂ ਅਤੇ ਨਦੀਆਂ ਦੇ ਕੰਢਿਆਂ ਉੱਤੇ ਬੀਜਿਆ ਜਾਂਦਾ ਹੈ। ਖੇਤਾਂ ਵਿਚ ਇਹ ਖਾਈਆਂ ਜਾਂ ਖੱਤਿਆਂ ਵਿਚ ਉਗਾਇਆ ਜਾਂਦਾ ਹੈ।

          ਕਾਸ਼ਤ–– ਬੀਜ ਦਸੰਬਰ, ਜਨਵਰੀ ਦੇ ਮਹੀਨੇ ਵਿਚ ਬੀਜੇ ਜਾਂਦੇ ਹਨ ਅਤੇ ਬੀਜਣ ਉਪਰੰਤ ਇਨ੍ਹਾਂ ਨੂੰ ਹਰ ਚੌਥੇ ਦਿਨ ਪਾਣੀ ਦੇਣਾ ਚਾਹੀਦਾ ਹੈ। ਜਦੋਂ ਵੇਲਾਂ ਧਰਤੀ ਨੂੰ ਚੰਗੀ ਤਰ੍ਹਾਂ ਕੱਜ ਲੈਣ ਤਾਂ ਹਰ ਦਸਵੇਂ ਦਿਨ ਪਾਣੀ ਦੇਣਾ ‘ਲਾਭਵੰਦ ਸਿੱਧ ਹੁੰਦਾ ਹੈ। ਵੇਲਾਂ ਉਗਣ ਤੇ ਉਨ੍ਹਾਂ ਵਿਚੋਂ ਮਾੜੀਆਂ ਤੇ ਕਮਜ਼ੋਰ ਵੇਲਾਂ ਨੂੰ ਕੱਢ ਦੇਣਾ ਚਾਹੀਦਾ ਹੈ। ਵੇਲਾਂ ਨੂੰ ਫਰਵਰੀ, ਮਾਰਚ ਵਿਚ ਫੁੱਲ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਗਰਮੀ ਦੇ ਮਹੀਨਿਆਂ ਵਿਚ ਫਲ ਖਾਣ ਦੇ ਯੋਗ ਹੋ ਜਾਂਦਾ ਹੈ।

          ਤੁੜਾਈ ਵੇਲੇ ਇਸ ਗਲ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ ਕਿ ਹਦਵਾਣੇ ਚੰਗੀ ਤਰ੍ਹਾਂ ਪੱਕ ਗਏ ਹੋਣ। ਫਲ ਦੇ ਭੂਮੀ ਨਾਲ ਲਗਦੇ ਹੋਏ ਹਿੱਸੇ ਦਾ ਰੰਗ ਅਤੇ ਰੰਗ ਦੀ ਤਬਦੀਲੀ ਤੋਂ ਇਸ ਦੇ ਕੱਚੇ, ਪੱਕੇ ਹੋਣ ਦਾ ਅਨੁਮਾਨ ਲਗਾਇਆ ਜਾਂਦਾ ਹੈ। ਪੱਕਣ ਸਮੇਂ ਉਸ ਹਿੱਸੇ ਦਾ ਰੰਗ ਚਿੱਟੇ ਤੋਂ ਪੀਲਾ ਹੋ ਜਾਂਦਾ ਹੈ। ਤਣੇ ਦੇ ਸਿਰੇ ਤੇ ਲੱਗੇ ਤੰਦ ਦਾ ਸੁੱਕ ਜਾਣਾ ਜਾਂ ਜਿਸ ਡੰਡਲੀ ਦੁਆਰਾ ਫਲ ਵੇਲ ਨਾਲ ਜੁੜਿਆ ਹੁੰਦਾ ਹੈ, ਉਸ ਉੱਤੋਂ ਲੂੰਈਂ ਦਾ ਬਿਲਕੁਲ ਝੜ ਜਾਣਾ ਵੀ ਫਲ ਦੇ ਪੱਕੇ ਹੋਣ ਦਾ ਸੂਚਕ ਹਨ।

          ਪੱਕੇ ਹੋਏ ਹਦਵਾਣੇ ਮਿੱਠੇ ਤੇ ਸੁਆਦਲੇ ਹੁੰਦੇ ਹਨ। ਕਦੇ ਕਦੇ ਕੱਚੇ ਹਦਵਾਣਿਆਂ ਦੀ ਸਬਜ਼ੀ ਵੀ ਬਣਾਈ ਜਾਂਦੀ ਹੈ। ਕਈ ਵਾਰੀ ਇਨ੍ਹਾਂ ਦੇ ਬੀਜ ਵੀ ਭੁੰਨ ਕੇ ਖਾਧੇ ਜਾਂਦੇ ਹਨ। ਇਸ ਵਿਚ ਭੋਜਨ–ਗੁਣ ਘੱਟ ਹੀ ਹੁੰਦੇ ਹਨ। ਹਦਵਾਣੇ ਦੀ ਸਿਟਰਲਸ ਵਲਗੈਰਿਸ ਕਿਸਮ ਜੈਮ, ਜੈਲੀ ਆਦਿ ਤਿਆਰ ਕਰਨ ਲਈ ਵਰਤੀ ਜਾਂਦੀ ਹੈ। ਇਕ ਹੋਰ ਕਿਸਮ ਸਿਟਰੁਲਸ ਕੋਲੋਸਿਨਥਿਸ ਕੁਝ ਕੜਵੇ ਸਵਾਦ ਵਾਲੀ ਹੁੰਦੀ ਹੈ।

          ਰਾਜਸਥਾਨ ਵਿਚ ਪੈਦਾ ਹੋਣ ਵਾਲੇ ਤਰਬੂਜ਼ ਬੜੇ ਸੁਆਦਲੇ ਤੇ ਵਜ਼ਨੀ ਹੁੰਦੇ ਹਨ। ਸਿੰਧ ਅਤੇ ਗੁਜਰਾਤ ਦੇ ਤਰਬੂਜ਼ ਵੀ ਕਾਫ਼ੀ ਉੱਤਮ ਹਨ।

          ਹਦਵਾਣੇ ਦੇ ਬੀਜਾਂ ਵਿਚ 30% ਪੀਲੇ ਰੰਗ ਦਾ ਤੇਲ ਹੁੰਦਾ ਹੈ।

          ਵਿਗਿਆਨਕ ਢੰਗਾਂ ਨਾਲ ਹਦਵਾਣੇ ਦੀ ਇਕ ਬਿਨਾ ਬੀਜਾਂ ਵਾਲੀ ਦੋਗਲੀ ਕਿਸਮ ਤਿਆਰ ਕੀਤੀ ਗਈ ਹੈ। ‘ਫਿਊਜ਼ੇਰੀਅਮ’ (ਕੁਮਲਾਉਣਾ) ਅਤੇ ‘ਫਫੂੰਦੀ ਫੋੜੇ’ ਇਸ ਨੂੰ  ਆਮ ਲੱਗਣ ਵਾਲੇ ਰੋਗ ਹਨ। ਪਰ ਹੁਣ ਅਜਿਹੀਆਂ ਕਿਸਮਾਂ ਕੱਢੀਆਂ ਗਈਆਂ ਹਨ ਜਿਹੜੀਆਂ ਇਨ੍ਹਾਂ ਰੋਗਾਂ ਦਾ ਮੁਕਾਬਲਾ ਕਰ ਸਕਦੀਆਂ ਹਨ। ਕੁਕੰਬਰ ਬੀਟਲ, ਕੱਟਵਰਮ, ਵਾਇਰਵਰਮ, ਮੈਲਨਐਫ਼ਿਡ ਅਤੇ ਮਾਈਟ ਕੁਝ ਪ੍ਰਸਿੱਧ ਕੀੜੇ ਹਨ ਜਿਹੜੇ ਹਦਵਾਣੇ ਦੀ ਪੈਦਾਵਾਰ ਨੂੰ ਘਟਾਉਂਦੇ ਹਨ।

          ਹ. ਪੁ. ––––ਸਬਜ਼ੀਆਂ–ਚੌਧਰੀ : 167; ਐਨ. ਬ੍ਰਿ. 23 : 424.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1387, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.