ਹੈਸੈ ਹਰਮਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹੈਸੈ, ਹਰਮਨ : ਇਹ ਜਰਮਨੀ ਦਾ ਪ੍ਰਸਿੱਧ ਨਾਵਲਕਾਰ ਅਤੇ ਕਵੀ ਹੋਇਆ ਹੈ, ਜਿਸ ਨੇ 1946 ਦਾ ਸਾਹਿਤ ਦਾ ਨੋਬਲ ਪੁਰਸਕਾਰ ਪ੍ਰਾਪਤ ਹੋਇਆ। ਇਸ ਦੀਆਂ ਲਿਅਤਾਂ ਦਾ ਮੂਲ ਧੁਰਾ ਮਨੁੱਖ ਵਲੋਂ ਰੂੜ੍ਹੀਵਾਦੀ ਰੀਤਾਂ ਨੂੰ ਤੋੜਕੇ ਆਪਣੇ ਆਪੇ ਦੀ ਪਛਾਣ ਕਰਨਾ ਹੈ। ਇਸ ਦਾ ਜਨਮ 2 ਜੁਲਾਈ, 1877 ਨੂੰ ਵੂਰਟੈਮਬਰਗ ਵਿਚ ਕਾਲਵ ਵਿਖੇ ਹੋਇਆ। ਇਸਦਾ ਪਿਤਾ ਏਸ਼ੀਆ ਵਿਚ ਇਕ ਮਿਸ਼ਨਰੀ ਵਜੋਂ ਕੰਮ ਕਰਦਾ ਰਿਹਾ ਸੀ। ਉਸ ਨੇ ਹੈਸੈ ਨੂੰ ਮੌਲਬ੍ਰੋਨ ਦੇ ਧਰਮ-ਵਿਦਆਲੇ ਵਿਚ ਦਾਖਲ ਕਰਵਾਇਆ। ਇਹ ਇਕ ਬਹੁਤ ਸੁਘੜ ਵਿਦਿਆਰਥੀ ਸੀ, ਪਰ ਛੇ ਮਹੀਨੇ ਮਗਰੋਂ ਹੀ ਘੋਰ ਨਿਰਾਸ਼ਾ ਵਿਚ ਉਥੋਂ ਭੱਜ ਨਿਕਲਿਆ। ਅੰਤ ਵਿਚ ਇਸ ਦੇ ਪਿਤਾ ਨੇ ਇਸ ਨੂੰ ਉਥੋਂ ਹਟਾ ਲਿਆ। ਇਹ ਆਮ ਸਕੂਲਾਂ ਵਿਚ ਵੀ ਚਲ ਨਹੀਂ ਸਕਿਆ। ਇਸ ਲਈ ਪਹਿਲਾਂ ਇਹ ਇਕ ਟਾਵਰ-ਕਲਾੱਕ ਫੈਕਟਰੀ ਅਤੇ ਫਿਰ ਟਿਊਬਿੰਗੈਨ ਵਿਖੇ ਇਕ ਕਿਤਾਬਾਂ ਦੀ ਦੁਕਾਨ ਵਿਚ ਕੰਮ ਕਰਨ ਲੱਗ ਪਿਆ। ਰੂੜ੍ਹੀਵਾਦੀ ਸਕੂਲੀ ਪੜ੍ਹਾਈ ਵਿਰੁਧ ਆਪਣੀ ਨਿਰਾਸ਼ਾ ਦਾ ਪ੍ਰਗਟਾਵਾ ਇਸ ਨੇ ਆਪਣੀ ਪੁਸਤਕ ‘ਅਨਟਰਮ ਰੈਡ’ (1906 ; ਅੰਗ. ਅਨੁ. ‘ਬੀਨੀਥ ਦੀ ਵ੍ਹੀਲ’) ਵਿਚ ਕੀਤਾ, ਜਿਸ ਵਿਚ ਇਕ ਬਹੁਤ ਹੀ ਹੁਸ਼ਿਆਰ ਵਿਦਿਆਰਥੀ ਆਪਣੇ ਆਪ ਨੂੰ ਤਬਾਹ ਕਰਦਾ ਦਿਖਾਇਆ ਗਿਆ ਹੈ।

          ਭਾਵੇਂ ਹੈਸੇ ਅਕਾਦਮਿਕ ਸੰਸਾਰ ਤੋਂ ਦੂਰ ਹੀ ਰਿਹਾ ਪਰ ਇਸਨੇ ਬਹੁਤ ਕੁਝ ਪੜ੍ਹਿਆ ਅਤੇ ਸਾਹਿਤਕ ਖੇਤਰਾਂ ਵਿਚ ਬੜਾ ਸਰਗਰਮ ਰਿਹਾ। 1904 ਤੱਕ ਪੁਸਤਕਾਂ ਵੇਚਣ ਦਾ ਕੰਮ ਵਿਚ ਲਗੇ ਰਹਿਣ ਮਗਰੋਂ ਇਹ ਇਕ ਆਜ਼ਾਦ ਲੇਖਕ ਬਣ ਗਿਆ ਅਤੇ ਕਿੰਨਿਆਂ ਦੇ ਹੀ ਰਸਾਲਿਆਂ ਵਿਚ ਕੰਮ ਕੀਤਾ। ਉਦੋਂ ਹੀ ਇਸ ਨੇ ਇਕ ਅਸਫਲ ਅਤ ਮਾਯੂਸ ਲੇਖਕ ਬਾਰੇ ਆਪਣਾ ਪਹਿਲਾਂ ਨਾਵਲ ‘Peter Camen-zind’ (ਅੰਗ. ਅਨੁ. 1961) ਲਿਖਿਆ। ਆਪਣੇ ਆਪ ਦੀ ਅੰਦਰੂਨੀ ਅਤੇ ਬਾਹਰੀ ਭਾਲ ਦੇ ਸਿੱਟੇ ਵਜੋਂ ਇਸ ਦੇ ਅਗਲੇ ਦੋ ਨਾਵਲ ‘Gertrud’ (1910) ਅਤੇ ‘Rosshalde’ (1914) ਹੋਂਦ ਵਿਚ ਰਹੱਸਵਾਦ ਤੋਂ ਪ੍ਰਭਾਵਤ ਹੋ ਕੇ ਇਸ ਨੇ ਮਹਾਤਮਾ ਬੁੱਧ ਦੇ ਮੁੱਢਲੇ ਜੀਵਨ ਸਬੰਧੀ ਆਪਣਾ ਪ੍ਰਸਿੱਧ ਸੰਗੀਤਕ ਨਾਵਲ ‘ਸਿਧਾਰਥ’ (1922) ਲਿਖਿਆ।

          ਪਹਿਲੇ ਸੰਸਾਰ ਯੁੱਧ ਦੌਰਾਨ ਹੈਸੈ ਸਵਿਟਜ਼ਰਲੈਂਡ ਚਲਾ ਗਿਆ। 1919 ਵਿਚ ਇਹ ਉੱਥੇ ਪੱਕੇ ਤੌਰ ਤੇ ਰਹਿਣ ਲਗ ਪਿਆ ਅਤੇ 1923 ਵਿਚ ਉਥੋਂ ਦਾ ਸ਼ਹਿਰੀ ਬਣ ਕੇ ਮਾਂਟੈਗਨੋਲਾ ਨਾਂ ਦੇ ਛੋਟੇ ਜਿਹੇ ਕਸਬੇ ਵਿਚ ਆਬਾਦ ਹੋ ਗਿਆ। ਇਸ ਨੇ ਜੰਗ ਅਤੇ ਕੌਮਪਰ-ਸਤੀ ਵਿਰੁੱਧ ਖ਼ੂਬ ਲਿਖਿਆ। ਜਰਮਨੀ ਦੇ ਜੰਗੀ ਕੈਦੀਆਂ ਲਈ ਇਸ ਨੇ ਇਕ ਰਸਾਲੇ ਦਾ ਸੰਪਾਦਨ ਵੀ ਕੀਤਾ। ਜੰਗ ਦੁਆਰਾ ਹੋਈ ਯੂਰਪ ਦੀ ਤਬਾਹੀ ਅਤੇ ਇਸ ਦੇ ਆਪਣੇ ਪਰਵਾਰ ਦੇ ਮੈਂਬਰਾਂ ਦੀ ਬਿਮਾਰੀ ਅਤੇ ਮੌਤ ਦੇ ਪ੍ਰਭਾਵ ਅਧੀਨ ਹੈਸੈ ਵੀ ਮਨੋਰੋਗੀ ਹੋ ਗਿਆ। ਇਸ ਨਾਵਲ ‘Demian’ (1919)  ਇਸੇ ਮਨੋ-ਦਸ਼ਾ ਬਾਰੇ ਹੈ, ਜਿਸ ਨਾਲ ਇਹ ਸਾਰੇ ਯੂਰਪ ਵਿਚ ਪ੍ਰਸਿੱਧ ਹੋ ਗਿਆ। ਉਸ ਤੋਂ ਮਗਰੋਂ ਇਸ ਦੀਆਂ ਰਚਨਾਵਾਂ ਅੰਦਰਵਰਤੀ, ਬਾਹਰਵਰਤੀ, ਆਦਰਸ਼ਕ ਅਤੇ ਚਿੰਨ੍ਹਵਾਦੀ ਵਿਸ਼ਿਆਂ ਨਾਲ ਸਬੰਧਤ ਸਨ। ਮਨੁੱਖੀ ਫ਼ਿਤਰਤ ਦਾ ਦਵੰਦ ਹੈਸੈ ਦੀਆਂ ਕਿਰਤਾਂ ਦਾ ਮੂਲ ਧੁਰਾ ਹੈ।

          ਹੈਸੈ ਦੀਆਂ ਹੋਰ ਰਚਨਾਵਾਂ ਵਿਚ ‘Der Steppewolf’ (1927) ‘Narziss und Goldmund’ (1930; ਅੰਗ. ਅਨੁ. ‘ਡੈਥ ਐਂਡ ਦੀ ਲਵਰ’) ਅਤੇ ‘Die Morgenlandfarht’ (1932); ਸ਼ਾਮਲ ਹਨ। ਇਸਦੇ ਅੰਤਲੇ ਅਤੇ ਸੱਭ ਤੋਂ ਲੰਬੇ ਨਾਵਲ ‘Das Glasperlenspiel’ (1943; ਅੰਗ. ਅਨੁ. ‘ਮਿਜਸਟਰ ਲੂਦੀ’) ਉੱਤ ਇਸ ਨੂੰ ਲੋਬਲ ਪੁਰਸਕਾਰ ਪ੍ਰਾਪਤ ਹੋਇਆ। ਇਹ ਨਾਵਲ ਵੀ ਮਨੁੱਖੀ ਦਵੰਦ ਬਾਰੇ ਹੀ ਹੈ। ਇਸ ਵਿਚ ਹੈਸੈ ਦੀਆਂ ਅੰਤਲੇ ਹਫ਼ਤੇ ਤੱਕ ਦੀਆਂ ਲਿਖੀਆਂ ਹੋਈਆਂ ਗਮਗੀਨ ਕਵਿਤਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਸ ਲੇਖਕ ਸਬੰਧੀ ਕਿੰਨੀਆਂ ਹੀ ਜੀਵਨੀਆਂ ਲਿਖੀਆਂ ਗਈਆਂ ਹਨ।

          9 ਅਗਸਤ, 1962 ਨੂੰ ਸਵਿਟਜ਼ਰਲੈਂਡ ਵਿਚ ਮਾਂਟੈਗਨੋਲਾ ਵਿਖੇ ਹੀ ਇਸ ਉੱਚ ਕੋਟੀ ਦੇ ਲੇਖਕ ਦੀ ਮੌਤ ਹੋ ਗਈ।

          ਹ. ਪੁ.––ਐਨ. ਬ੍ਰਿ. ਮਾ. 5 : 18 ; ਐਨ. ਅਮੈ. ; ਕੋਲ. ਐਨ. 9 : 387


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 284, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.