ਹੋਤੀ ਪ੍ਰੇਮ ਸਿੰਘ ਬਾਬਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਹੋਤੀ, ਪ੍ਰੇਮ ਸਿੰਘ (ਬਾਬਾ) : ਪੰਜਾਬੀ ਦੇ ਇਸ ਉੱਘੇ ਇਤਿਹਾਸਕਾਰ ਅਤੇ ਸਾਹਿਤਕਾਰ ਦਾ ਜਨਮ ਹੋਤੀ ਮਰਦਾਨ, ਜ਼ਿਲ੍ਹਾ ਪਿਸ਼ਾਵਰ ਪਾਕਿਸਤਾਨ ਵਿਚ ਬਾਬਾ ਗੰਡਾ ਸਿੰਘ ਦੇ ਘਰ 2 ਨਵੰਬਰ, 1882 ਨੂੰ ਹੋਇਆ। ਇਸ ਦਾ ਪਿਤਾ ਹੋਤੀ ਦੇ ਨਵਾਬ ਸਰ ਬੁਲੰਦ ਖ਼ਾਨ ਦਾ ਨਾਜ਼ਮ ਸੀ। ਸੰਨ 1903 ਵਿਚ ਪਿਤਾ ਦੇ ਅਕਾਲ ਚਲਾਣੇ ਪਿੱਛੋਂ ਇਹ ਨਜ਼ਾਮਤ ਦਾ ਕਾਰਜ ਨਿਭਾਉਂਦਾ ਰਿਹਾ। ਸਿੰਘ ਸਭਾ ਲਹਿਰ ਅਤੇ ਚੀਫ਼ ਖ਼ਾਲਸਾ ਦੀਵਾਨ ਤੋਂ ਪ੍ਰਭਾਵਿਤ ਹੋ ਕੇ ਇਸ ਨੇ ਧਾਰਮਿਕ ਸੁਧਾਰ, ਵਿਆਹ ਸੁਧਾਰ ਅਤੇ ਵਿਦਿਅਕ ਖੇਤਰ ਵਿਚ ਬਹੁਤ ਕੰਮ ਕੀਤਾ। ਉਸ ਸਮੇਂ ਦੇ ਖ਼ਾਲਸਾ ਸਮਾਚਾਰ ਵਿਚ ਇਸ ਦੀਆਂ ਕਵਿਤਾਵਾਂ ਵੀ ਛਪਦੀਆਂ ਰਹੀਆਂ।

ਸੰਨ 1908-1909 ਵਿਚ ਬਾਬਾ ਪ੍ਰੇਮ ਸਿੰਘ ਹੋਤੀ ਨੇ ਭਾਈ ਵੀਰ ਸਿੰਘ ਜੀ ਤੋਂ ਪ੍ਰੇਰਿਤ ਹੋ ਕੇ ਸਿੱਖ ਇਤਿਹਾਸ ਦੀ ਖੋਜ ਵੱਲ ਮੂੰਹ ਮੋੜਿਆ। ਇਸ ਦੀਆਂ ਰਚਨਾਵਾਂ ਜਿਥੇ ਸਿੱਖ ਇਤਿਹਾਸ ਸਬੰਧੀ ਬਹੁਪੱਖੀ ਜਾਣਕਾਰੀ ਦਿੰਦੀਆਂ ਹਨ ਉਥੇ ਇਸ ਦੀ ਸਰਲ ਅਤੇ ਰਵਾਨਗੀ ਵਾਲੀ ਸ਼ੈਲੀ, ਸਾਦਗੀ ਅਤੇ ਸੁੰਦਰਤਾ ਦੀ ਮੂੰਹ ਬੋਲਦੀ ਤਸਵੀਰ ਹੈ। ਸੰਨ 1939 ਵਿਚ ਇਹ ਸਿੱਖ ਹਿਸਟਰੀ ਸੁਸਾਇਟੀ ਦਾ ਪ੍ਰਧਾਨ ਬਣਿਆ। ਸੰਨ 1953 ਵਿਚ ਇਸ ਨੂੰ ਭਾਸ਼ਾ ਵਿਭਾਗ,ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ। ਬਾਬਾ ਪ੍ਰੇਮ ਸਿੰਘ ਹੋਤੀ ਦੀਆਂ ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ :–
'ਜੀਵਨ ਬਿਰਤਾਂਤ ਅਕਾਲੀ ਫੂਲਾ ਸਿੰਘ', 'ਜੀਵਨ ਚਰਿੱਤਰ ਮਹਾਰਾਜਾ ਰਣਜੀਤ ਸਿੰਘ', 'ਜੀਵਨ ਬਿਰਤਾਂਤ ਕੰਵਰ ਨੌਨਿਹਾਲ ਸਿੰਘ, 'ਜੀਵਨ ਬਿਰਤਾਂਤ ਸ. ਹਰੀ ਸਿੰਘ ਨਲੂਆ', 'ਜੀਵਨ ਬਿਰਤਾਂਤ ਮਹਾਰਾਜਾ ਸ਼ੇਰ ਸਿੰਘ', 'ਜੀਵਨ ਬਿਰਤਾਂਤ ਨਵਾਬ ਕਪੂਰ ਸਿੰਘ, 'ਖ਼ਾਲਸਾ ਰਾਜ ਦੇ ਉਸਰਈਏ', 'ਖਾਲਸਾ ਰਾਜੇ ਦੇ ਬਦੇਸ਼ੀ ਕਾਰਿੰਦੇ'।
10 ਜਨਵਰੀ, 1954 ਨੂੰ ਪਟਿਆਲਾ ਵਿਖੇ ਇਸ ਦਾ ਦੇਹਾਂਤ ਹੋ ਗਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 247, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-11-01-02, ਹਵਾਲੇ/ਟਿੱਪਣੀਆਂ: ਹ. ਪੁ. –ਪੰਜਾਬ ਦੇ ਸਨਮਾਨਤ ਸਾਹਿਤਕਾਰ–ਭਾ. ਵਿ. ਪੰ.
ਵਿਚਾਰ / ਸੁਝਾਅ
Please Login First