ਹੜ੍ਹ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੜ੍ਹ ( ਨਾਂ , ਪੁ ) ਨਦੀ ਨਾਲੇ ਜਾਂ ਦਰਿਆ ਆਦਿ ਵਿੱਚ ਉਛਾਲ ਆ ਜਾਣ ਕਾਰਨ ਰਿਹਾਇਸ਼ੀ ਅਤੇ ਵਾਹੀ ਯੋਗ ਥਾਂ ’ ਤੇ ਕੁਝ ਸਮੇਂ ਲਈ ਵੇਗ ਨਾਲ ਚੜ੍ਹ ਆਇਆ ਪਾਣੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹੜ੍ਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੜ੍ਹ [ ਨਾਂਪੁ ] ਦਰਿਆ ਆਦਿ ਵਿੱਚ ਪਾਣੀ ਚੜ੍ਹ ਜਾਣ ਦਾ ਭਾਵ , ਸੈਲਾਬ , ਰੋਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੜ੍ਹ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੜ੍ਹ . ਦੇਖੋ , ਹੜ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1712, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੜ੍ਹ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹੜ੍ਹ : ਕੁਦਰਤੀ ਵਹਿਣਾਂ ਦੇ ਪਾਣੀ ਦੀ ਸਤ੍ਹਾ ਜਦ ਜ਼ਿਆਦਾ ਬਾਰਸ਼ਾਂ ਹੋਣ ਕਾਰਨ ਉੱਚੀ ਹੋ ਜਾਏ ਅਤੇ ਇਸ ਪਾਣੀ ਨਾਲ ਨੁਕਸਾਨ ਹੋਣਾ ਵੀ ਸ਼ੁਰੂ ਹੋ ਜਾਏ ਤਾਂ ਉਸ ਹਾਲਤ ਨੂੰ ਹੜ੍ਹ ਕਿਹਾ ਜਾਂਦਾ ਹੈ । ਨੁਕਸਾਨ ਉਸ ਹਾਲਤ ਵਿਚ ਹੁੰਦਾ ਹੈ ਜਦ ਨਦੀਆਂ ਨਾਲੇ ਕੰਢਿਆਂ ਤਕ ਭਰੇ ਹੋਣ । ਇਸ ਤੋਂ ਪਿੱਛੋਂ ਹੜ੍ਹ ਮੈਦਾਨੀ ਇਲਾਕੇ ਵਿਚ ਫੈਲਣਾ ਸ਼ੁਰੂ ਹੁੰਦਾ ਹੈ । ਕਿਸੇ ਪਹਾੜੀ ਖੇਤਰ ਵਿਚ ਇਹ ਫੈਲਾਅ ਤੰਗ ਸੀਮਿਤ ਹੁੰਦਾ ਹੈ ਜਦ ਕਿ ਇਹ ਦਰਿਆਈ ਵਹਿਣ ਵਿਚ ਕਈ ਕਿ. ਮੀ. ਤਕ ਫੈਲਿਆ ਹੋਇਆ ਹੁੰਦਾ ਹੈ ।

ਚਾਰ ਹਜ਼ਾਰ ਸਾਲ ਦਾ ਇਤਿਹਾਸ ਸਾਨੂੰ ਮਨੁੱਖ ਦੀ  ਹੜ੍ਹਾਂ ਨਾਲ ਹੁੰਦੀ ਤਬਾਹੀ ਅੱਗੇ ਬੇਵਸੀ ਬਾਰੇ ਦੱਸਦਾ ਹੈ । ਚੀਨ ਦੇ ਹਵਾਂਗਹੋ ਅਤੇ ਯੰਗਸੀ ਦਰਿਆਵਾਂ ਦੀਆਂ ਜ਼ਰਖ਼ੇਜ਼ ਵਾਦੀਆਂ ਵਿਚ ਹੜ੍ਹਾਂ ਨੇ ਮਨੁੱਖ ਨੂੰ ਵਸਣ ਨਹੀਂ ਦਿੱਤਾ । ਹਰ ਵਾਰ ਦਰਿਆ ਆਪਣਾ ਰੁਖ਼ ਬਦਲ ਲੈਂਦੇ ਹਨ ਤੇ ਕਿਸੇ ਤਰ੍ਹਾਂ ਦੇ ਕੰਟਰੋਲ ਸਾਧਨ ਕਾਰਗਰ ਨਹੀਂ ਹੁੰਦੇ । ਇਸ ਦੇ ਉਲਟ ਨੀਲ ਦਰਿਆ ਦੇ ਹੜ੍ਹਾਂ ਨੇ ਨਿਸ਼ਚਿਤ ਫ਼ਾਇਦੇ ਪਹੁੰਚਾਏ ਹਨ । ਕਈ ਹਜਾਰ ਸਾਲ ਇਸਦੇ ਨਿਯਮਿਤ ਅਤੇ ਕੰਟਰੋਲ ਕੀਤੇ ਉਤਰਾਅ– ਚੜ੍ਹਾਅ ਨੇ ਹੜ੍ਹ ਵਾਲੇ ਖੇਤਰ ਵਿਚ ਕਾਫ਼ੀ ਜ਼ਰਖ਼ੇਜ਼ੀ ਲਿਆਂਦੀ ਹੈ ।

ਬਹੁਤ ਜ਼ਿਆਦਾ ਬਾਰਸ਼ਾਂ ਕਾਰਨ ਕਈ ਦੇਸ਼ਾਂ ਵਿਚ ਜ਼ਬਰਦਸਤ ਹੜ੍ਹ ਆਏ । ਪੈਰਿਸ ਵਿਚ 1658 ਅਤੇ 1910 ਵਿਚ ਵਾਰਸਾ 1861 ਅਤੇ 1934 ਵਿਚ ਫਰੈਂਕਫਰਟ ਦੇ ਮੇਨ ਦਰਿਆ ਵਿਚ 1854 ਅਤੇ 1930 ਵਿਚ , ਰੋਮ ਵਿਚ 1530 ਅਤੇ 1557 ਵਿਚ , ਆਸਟ੍ਰੇਲੀਆ ਵਿਚ ਡਾਰਲਿੰਗ ਦਰਿਆ ਨੇ 1864 ਵਿਚ ਅਤੇ 1866 ਵਿਚ ਕਾਫ਼ੀ ਇਲਾਕੇ ਵਿਚ ਹੜ੍ਹ ਲਿਆਂਦਾ । ਸੰਨ 1927 ਵਿਚ ਭਾਰਤ ਦੇ ਸਾਰੇ ਦਰਿਆਵਾਂ ਵਿਚ ਹੜ੍ਹ ਆ ਗਏ । ਇਸ ਨਾਲ ਜਾਇਦਾਦ ਨੂੰ ਕਾਫ਼ੀ ਹਾਨੀ ਹੋਈ । ਹਾਲੈਂਡ ਅਤੇ ਇੰਗਲੈਂਡ ਵਿਚ 1099 ਵਿਚ ਸਮੁੰਦਰੀ ਜਵਾਰਭਾਟੇ ਨਾਲ ਤਟਵਰਤੀ ਇਲਾਕਿਆਂ ਵਿਚ ਪਾਣੀ ਆ ਜਾਣ ਕਾਰਨ 10 , 000 ਲੋਕ ਮਾਰੇ ਗਏ । ਸੰਨ 1953 ਦੇ ਜ਼ਬਰਦਸਤ ਸਮੁੰਦਰੀ ਡੂਫ਼ਾਨ ਨਾਲ ਵੀ ਇਨ੍ਹਾਂ ਮੁਲਕਾਂ ਅਤੇ ਬੈਲਜੀਅਮ ਦੇਸ਼ ਵਿਚ 2000 ਲੋਕਾਂ ਦੀਆਂ ਜਾਨਾਂ ਗਈਆਂ । ਰੂਸ ਦੇ ਦਰਿਆ ਨੀਵਾ ਵਿਚ ਆਏ ਹੜ੍ਹਾਂ ਕਾਰਨ 10 , 000 ਲੋਕ ਡੁੱਬ ਗਏ ।

ਉਦਯੋਗਿਕ ਅਤੇ ਸਮਾਜਿਕ ਵਿਕਾਸ ਲਈ ਵੱਡੇ ਵੱਡੇ ਦਰਿਆਵਾਂ ਦੇ ਕੁਦਰਤੀ ਮੰਡਾਂ ਉੱਤੇ ਨਾਜਾਇਜ਼ ਕਬਜ਼ੇ ਨੇ ਹੜ੍ਹਾਂ ਨਾਲ ਹੋਈ ਬਰਬਾਦੀ ਵਿਚ ਚੋਖਾ ਹਿੱਸਾ ਪਾਇਆ ਹੈ । ਜਿੰਨ ਚਿਰ ਇਨ੍ਹਾਂ ਥਾਵਾਂ ਦੀ ਅਯੋਗ ਵਰਤੋਂ ਬੰਦ ਨਹੀਂ ਕੀਤੀ ਜਾਂਦੀ ਉਨਾਂ ਚਿਰ ਤਕ ਇਨ੍ਹਾਂ ਥਾਵਾਂ ਨੂੰ ਹੜ੍ਹਾਂ ਤੋਂ ਬਚਾਉਣਾ ਮੁਸ਼ਕਲ ਹੈ । ਕਈ ਦੇਸ਼ਾਂ ਵਿਚ ਮੌਸਮੀ ਬਾਰਸ਼ਾਂ ਅਤੇ ਬਰਫ਼ ਦੇ ਪਿਘਲਣ ਨਾਲ ਹੜ੍ਹਾਂ ਦਾ ਖ਼ਤਰਾ ਹੋਰ ਵੀ ਵਧ ਜਾਂਦਾ ਹੈ ।

ਮੌਸਮ ਬਾਰੇ ਅਨੁਮਾਨ ਲਾਉਣ ਵਾਲੇ ਮਹਿਕਮੇ ਦੀ ਹੜ੍ਹਾਂ ਬਾਰੇ ਵੇਲੇ ਸਿਰ ਦਿੱਤੀ ਹੋਈ ਚਿਤਾਵਨੀ ਨਾਲ ਨੁਕਸਾਨ ਘੱਟ ਹੋ ਸਕਦਾ ਹੈ । ਕਿਉਂਕਿ ਨੁਕਸਾਨ ਹੋਣ ਵਾਲੀਆਂ ਵਸਤੂਆਂ ਅਤੇ ਪਰਿਵਾਰ ਸਮੇਂ ਸਿਰ ਸੁਰੱਖਿਅਤ ਥਾਵਾਂ ਤੇ ਪਹੁੰਚਾਏ ਜਾ ਸਕਦੇ ਹਨ । ਹੜ੍ਹਾਂ ਵਿਚ ਕਈ ਸੰਸਥਾਵਾਂ ਦੀ ਮਦਦ ਲਈ ਜਾਂਦੀ ਹੈ ਜਿਵੇਂ ਆਰਮੀ ਇੰਜਨੀਅਰ , ਰੈੱਡ ਕਰਾਸ ਤੇ ਕਈ ਹੋਰ ਨਿਸ਼ਕਾਮ ਸੇਵਾ ਸੰਸਥਾਵਾਂ ਆਦਿ ।

ਭਾਰਤ ਵਿਚ ਹੜ੍ਹਾਂ ਦੀ ਸਥਿਤੀ ਤੇ ਕੰਟਰੋਲ – ਭਾਰਤ ਵਿਚ ਕੁਝ ਖ਼ਾਸ ਹਿੱਸੇ ਅਜਿਹੇ ਹਨ ਜਿੱਥੇ ਹਰ ਸਾਲ ਹੀ ਹੜ੍ਹ ਆ ਜਾਂਦੇ ਹਨ । ਬਰਬਾਦੀ ਵਾਲੇ ਹੜ੍ਹ ਭਾਰਤ ਵਿਚ 1952– 56 ਤਕ ਆਉਂਦੇ ਰਹੇ । ਇਹ ਬ੍ਰਹਮਪੁੱਤਰ ਦਰਿਆ ਅਤੇ ਉਸਦੀਆਂ ਸਹਾਇਕ ਨਦੀਆਂ ਵਿਚੋਂ ਸ਼ੁਰੂ ਹੋਏ ਅਤੇ ਇਨ੍ਹਾਂ ਨਾਲ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋਇਆ । ਦੱਖਣ– ਪੱਛਮੀ ਮਾਨਸੂਨ ਬਾਰਸ਼ਾਂ ਨਾਲ 1953 ਵਿਚ ਗੋਦਾਵਰੀ ਵਿਚ ਜ਼ਬਰਦਸਤ ਹੜ੍ਹ ਆਇਆ ਜੋ 50 ਸਾਲਾਂ ਵਿਚ ਇਕ ਮਿਸਾਲ ਸੀ । ਸੰਨ 1954 ਵਿਚ ਦੱਖਣੀ ਭਾਰਤ ਵਿਚ ਬਹੁਤ ਹੜ੍ਹ ਆਏ ਜਿਨ੍ਹਾਂ ਨਾਲ ਬਹੁਤ ਨੁਕਸਾਨ ਹੋਇਆ । ਇਸ ਹੀ ਸਮੇਂ ਆਸਾਮ , ਬੰਗਾਲ ਅਤੇ ਬਿਹਾਰ ਵਿਚ ਵੀ ਹੜ੍ਹਾਂ ਨੇ ਬਹੁਤ ਮਾਰ ਕੀਤੀ । ਹੜ੍ਹਾਂ ਨੇ 1955 ਵਿਚ ਤਾਂ ਰਿਕਾਰਡ ਕਾਇਮ ਕਰ ਦਿੱਤੇ ਜਦ ਕਿ ਸਾਰੇ ਦੇ ਸਾਰੇ ਦਰਿਆ ਹੀ ਗੰਭੀਰ ਹਾਲਤ ਧਾਰਨ ਕਰ ਗਏ । ਉੜੀਸਾ ਦੀ ਮਹਾਂਨਦੀ ਵਿਚ ਜ਼ਬਰਦਸਤ ਹੜ੍ਹ ਆਉਣ ਕਾਰਨ 300 , 000 ਲੋਕ ਡੁੱਬ ਗਏ । ਬਿਆਸ , ਸਤਲੁਜ ਰਾਵੀ ਤੇ ਜਮਨਾ ਦਰਿਆ ਵੀ ਹੜ੍ਹਾਂ ਦੀ ਮਾਰ ਹੇਠ ਆ ਗਏ । ਰਾਵੀ ਦਰਿਆ ਵਿਚ ਇੰਨਾਂ ਹੜ੍ਹ ਸੀ ਕਿ ਇਸ ਦਰਿਆ ਨੇ ਆਪਣਾ ਰੁਖ਼ ਹੀ ਬਦਲ ਲਿਆ ਤੇ ਭਾਰਤ– ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸੇ ਹਜ਼ਾਰਾਂ ਹੀ ਪਿੰਡਾਂ ਵਿਚ ਪਾਣੀ ਭਰ ਗਿਆ ।

ਭਾਰਤ ਵਿਚ ਹੜ੍ਹ , ਜ਼ਿਆਦਾਤਰ ਮੌਸਮੀ ਬਾਰਸ਼ਾਂ ਕਾਰਨ ਆਉਂਦੇ ਹਨ ਅਤੇ ਇਸ ਤਰ੍ਹਾਂ ਪਹਾੜਾਂ ਉੱਪਰ ਪਈ ਹੋਈ ਬਰਫ਼ ਵੀ ਪਿਘਲ ਕੇ ਆਪਣਾ ਹਿੱਸਾ ਪਾਉਂਦੀ ਹੈ । ਤਕਰੀਬਨ ਭਾਰਤ ਦੀ ਅੱਧੀ ਆਬਾਦੀ ਹਰ ਸਾਲ ਹੜ੍ਹਾਂ ਦੀ ਮਾਰ ਵਿਚ ਆਉਂਦੀ ਹੈ ।

ਜ਼ਿਆਦਾਤਰ ਮਾਰ ਹੇਠ ਆਉਣ ਵਾਲੇ ਇਲਾਕੇ ਉੜੀਸਾ ਵਿਚ ਦਰਿਆ ਦੇ ਮੁਹਾਣੇ ਅਤੇ ਹੇਠਲਾ ਗੰਗਾ ਦਾ ਮੈਦਾਨ ਹਨ । ਭਾਰਤ ਵਿਚ ਹੜ੍ਹ ਦੀ ਮਾਰ ਹੇਠ ਇਲਾਕਾ ਇਕ ਅਨੁਮਾਨ ਅਨੁਸਾਰ 2 ਕਰੋੜ ਹੈਕਟੇਅਰ ਦੇ ਲਗਭਗ ਹੈ ।   ਇਸ ਇਲਾਕੇ ਨੂੰ ਹੜ੍ਹਾਂ ਤੋਂ ਬਚਾਉਣ ਲਈ 1954 ਵਿਚ ‘ ਨੈਸ਼ਨਲ ਫਲੱਡ ਕੰਟਰੋਲ ਪ੍ਰੋਗਰਾਮ’ ਚਾਲੂ ਕੀਤਾ ਗਿਆ । ਪਹਿਲੇ ਦੋ ਸਾਲ ਇਸ ਪ੍ਰੋਗਰਾਮ ਵਿਚ ਜ਼ਿਆਦਾ ਮਹੱਤਵਪੂਰਨ ਪੱਖਾਂ ਜਿਵੇਂ ਤਫ਼ਤੀਸ਼ ਅੰਕੜੇ ਇਕੱਠੇ ਕਰਨਾ ਅਤੇ ਕੁਝ ਜ਼ਰੂਰੀ ਲੋੜਾ ਨੂੰ ਸ਼ੁਰੂ ਕਰਨਾ ਸੀ । ਸੰਨ 1956 ਤੋਂ ਹੜ੍ਹ ਕੰਟਰੋਲ ਅਤੇ ਸੇਮ ਰੋਕੂ ਸਕੀਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ । ਹੜ੍ਹ ਦੀ ਅਗਾਊਂ ਸੂਚਨਾ ਅਤੇ ਸਾਵਧਾਨ ਕਰਨ ਬਾਰੇ ਕੇਂਦਰ ਜ਼ਿਆਦਾ ਹੜ੍ਹ ਆਉਣ ਵਾਲੇ ਇਲਾਕਿਆਂ ਵਿਚ ਕਾਇਮ ਕੀਤੇ ਗਏ ਹਨ ।

ਫਲੱਡ ਕੰਟਰੋਲ ਬੋਰਡ ਰਾਜ ਪੱਧਰ ਦੀਆਂ ਨੀਤੀਆਂ ਤਿਆਰ ਕਰਦੇ ਹਨ ਅਤੇ ਰਿਵਰ ਕਮਿਸ਼ਨ ( ਫਲੱਡ ) ਇਨ੍ਹਾਂ ਨੀਤੀਆਂ ਨੂੰ ਅੰਤਰਰਾਜੀ ਪੱਧਰ ਤੇ ਲਾਗੂ ਕਰਦੇ ਹਨ । ਕੌਮੀ ਪੱਧਰ ਤੇ ਕੇਂਦਰੀ ਹੜ੍ਹ ਕੰਟਰੋਲ ਬੋਰਡ ਰਾਜ ਪੱਧਰ ਦੇ ਬੋਰਡਾਂ ਅਤੇ ਰਿਵਰ ਕਮਿਸ਼ਨਾਂ ਦੇ ਕੰਮ ਵਿਚਕਾਰ ਤਾਲ– ਮੇਲ ਰਖਦਾ ਹੈ ।

ਬ੍ਰਹਮਪੁੱਤਰ ਦੀ ਵਾਦੀ ਅਤੇ ਉੱਤਰੀ ਬੰਗਾਲ ਦੇ ਦਰਿਆਵਾਂ ਵਿਚ ਹੜ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਆਸਾਮ ਅਤੇ ਪੱਛਮੀ ਬੰਗਾਲ ਦੀਆਂ ਰਾਜ ਸਰਕਾਰਾਂ ਨੇ ਹੜ੍ਹ ਕੰਟਰੋਲ ਕਮਿਸ਼ਨ ਕਾਇਮ ਕੀਤੋ ਹੋਏ ਹਨ । ਭਾਰਤ ਸਰਕਾਰ ਨੇ ਬ੍ਰਹਮਪੁੱਤਰ ਹੜ੍ਹ ਕੰਟਰੋਲ ਬੋਰਡ ਅਤੇ ਉੱਤਰੀ ਬੰਗਾਲ ਹੜ੍ਹ ਕੇਂਦਰ ਬਣਾਏ ਹਨ ਤਾਂ ਜੋ ਇਹ ਹੜ੍ਹ ਕੰਟਰੋਲ ਬਾਰੇ ਨੀਤੀਆਂ ਬਣਾਉਣ , ਸਕੀਮਾਂ ਮਨਜ਼ੂਰ ਕਰਕੇ ਇਹ ਦੱਸਣ ਕਿ ਕਿਸ ਸਕੀਮ ਨੂੰ ਪਹਿਲ ਦੇਣੀ ਚਾਹੀਦੀ ਹੈ । ਗੰਗਾ ਦਰਿਆ ਦੀ ਵਾਦੀ ਅਤੇ ਮੁਹਾਣੇ ਦੇ ਹੜ੍ਹਾਂ ਨੂੰ ਕੰਟਰੋਲ ਕਰਨ ਲਈ ‘ ਗੰਗਾ ਹੜ੍ਹ ਕੰਟਰੋਲ ਬੋਰਡ ਅਤੇ ਕਮਿਸ਼ਨ’ ਬਣਾਏ ਗਏ ਹਨ ।

ਸੰਨ 1954 ਵਿਚ ਕੇਂਦਰੀ ਹੜ੍ਹ ਕੰਟਰੋਲ ਪ੍ਰੋਗਰਾਮ ਦੇ ਸ਼ੁਰੂ ਕਰਨ ਨਲ 31 ਮਾਰਚ , 1975 ਤਕ 7 , 880 ਬੰਨ੍ਹ , 1 , 34 , 000 ਕਿ. ਮੀ. ਲੰਬੀਆਂ ਨਿਕਾਸ ਨਾਲੀਆਂ ਅਤੇ 215 ਸ਼ਹਿਰ ਬਚਾਊ ਸਕੀਮਾਂ ਮੁਕੰਮਲ ਹੋ ਚੁੱਕੀਆਂ ਹਨ । ਲਗਭਗ 4700 ਪਿੰਡ ਹੜ੍ਹਾਂ ਦੀ ਮਾਰ ਤੋਂ ਉੱਚੇ ਥਾਵਾਂ ਤੇ ਬਣਾਏ ਗਏ ਹਨ । ਇਸ ਪ੍ਰੋਗਰਾਮ ਉੱਪਰ 394 ਕਰੋੜ ਰੁਪਿਆ ਖ਼ਰਚ ਆਇਆ ਅਤੇ 80 ਲੱਖ ਹੈਕਟੇਅਰ ਜ਼ਮੀਨ ਨੂੰ ਲਾਭ ਪਹੁੰਚਿਆ । ਅੱਠ ਹੜ੍ਹ ਕੰਟਰੋਲ ਕੇਂਦਰ ਭੁਵਨੇਸ਼ਵਰ , ਦਿੱਲੀ , ਗੋਹਾਟੀ , ਜਲਪਾਈਗੁੜੀ , ਲਖਨਊ , ਪਟਨਾ ਪੋਚਾਮਡ ਅਤੇ ਸੂਰਤ ਵਿਚ ਕਾਇਮ ਕੀਤੇ ਗਏ ਹਨ ।

ਸੰਨ 1974 ਵਿਚ ਬ੍ਰਹਮਪੁੱਤਰ ਵਾਦੀ , ਆਸਾਮ , ਬਿਹਾਰ , ਯੂ. ਪੀ. ਅਤੇ ਉੱਤਰੀ ਬੰਗਾਲ ਵਿਚ ਬਹੁਤ ਜ਼ਬਰਦਸਤ ਹੜ੍ਹ ਆਏ । ਇਨ੍ਹਾਂ ਹੜ੍ਹਾਂ ਅਤੇ ਤੂਫ਼ਾਨਾਂ ਕਾਰਨ 1974 ਵਿਚ 569 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ । ਕੇਰਲ ਅਤੇ ਕਰਨਾਟਕ ਵਿਚ ਹੜ੍ਹਾਂ ਨਾਲ ਕਾਫ਼ੀ ਨੁਕਸਾਨ ਹੋਇਆ ।

ਸੰਨ 1975 ਦੌਰਾਨ ਬਿਹਾਰ ਅਤੇ ਕੁਝ ਹੋਰ ਰਾਜਾਂ ਵਿਚ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ , ਜਿਸ ਨਾਲ ਖੜ੍ਹੀਆਂ ਫ਼ਸਲਾਂ ਨੂੰ ਅਤੇ ਕੁਝ ਜਾਨੀ ਨੁਕਸਾਨ ਵੀ ਹੋਇਆ । ਪਟਨੇ ਦਾ ਤਿੰਨ ਚੌਥਾਈ ਹਿੱਸਾ ਗੋਡੇ ਗੋਡੇ ਪਾਣੀ ਵਿਚ ਡੁੱਬਿਆ ਹੋਇਆ ਸੀ ।

ਸੰਨ 1978 ਵਿਚ ਵੀ ਹੁੜ੍ਹਾਂ ਨੇ ਬਹੁਤ ਤਬਾਹੀ ਕੀਤੀ । ਹਿਮਾਚਲ , ਪੰਜਾਬ , ਹਰਿਆਣਾ , ਉੱਤਰ ਪ੍ਰਦੇਸ਼ , ਬਿਹਾਰ ਅਤੇ ਬੰਗਾਲ ਰਾਜਾਂ ਵਿਚ ਹੜ੍ਹਾਂ ਦਾ ਬਹੁਤ ਅਸਰ ਪਿਆ । ਇਕੱਲੇ ਹਿਮਾਚਲ ਪ੍ਰਦੇਸ਼ ਵਿਚ ਨੁਕਸਾਨ ਦਾ ਅੰਦਾਜ਼ਾ 4 ਕਰੌੜ ਦੇ ਲਗਭਗ ਸੀ । ਹਰਿਆਣੇ ਵਿਚ ਆਏ ਹੜ੍ਹਾਂ ਕਾਰਨ ਕਰਨਾਲ , ਗੁੜਗਾਉਂ , ਯਮੁਨਾਨਗਰ , ਕੁਰੂਕਸ਼ੇਤਰ , ਅੰਬਾਲਾ ਜ਼ਿਲ੍ਹਿਆਂ ਵਿਚ ਹੜ੍ਹਾਂ ਕਾਰਨ ਬਹੁਤ ਨੁਕਸਾਨ ਹੋਇਆ । ਇਕੱਲੇ ਗੁੜਗਾਉਂ ਜ਼ਿਲ੍ਹੇ ਵਿਚ ਹੀ 25 , 250 ਹੈਕਟੇਅਰ ਭੂਮੀ ਹੜ੍ਹਾਂ ਦੀ ਲਪੇਟ ਵਿਚ ਆ ਗਈ ਜਿਸ ਨਾਲ 1.10 ਕਰੋੜ ਦਾ ਨੁਕਸਾਨ ਹੋ ਗਿਆ । ਪੰਜਾਬ ਵਿਚ ਹੜ੍ਹਾਂ ਨੇ ਸਭ ਤੋਂ ਜ਼ਿਆਦਾ ਨੁਕਸਾਨ ਲੁਧਿਆਣੇ ਜ਼ਿਲ੍ਹੇ ਵਿਚ ਕੀਤਾ । ਗੋਬਿੰਦ ਸਾਗਰ ਵਿਚ ਪਾਣੀ ਦੀ ਸਤ੍ਹਾ ਉੱਪਰ ਉੱਠ ਜਾਣ ਤੇ ਭਾਖੜਾ ਡੈਮ ਦੇ ਸਪਿਲਵੇਜ ਰਾਹੀਂ ਪਾਣੀ ਖੋਲ ਦਿੱਤਾ ਗਿਆ ।

                  ਹ. ਪੁ. – ਐਨ. ਬ੍ਰਿ. 9 : 454; ਇੰਡ. ਪਾਕਿ – 57


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1220, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-15, ਹਵਾਲੇ/ਟਿੱਪਣੀਆਂ: no

ਹੜ੍ਹ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਹੜ੍ਹ : ਜੇਕਰ ਅਸੀਂ ਮਨੁੱਖੀ ਸੱਭਿਅਤਾ ਦੇ ਇਤਿਹਾਸ ਨੂੰ ਵੇਖੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਮਨੁੱਖ ਨੇ ਹਮੇਸ਼ਾਂ ਹੀ ਦਰਿਆਵਾਂ ਜਾਂ ਨਦੀਆਂ ਦੇ ਨੇੜੇ ਰਹਿਣਾ ਪਸੰਦ ਕੀਤਾ ਹੈ । ਜਿਵੇਂ ਕਿ ਸਿੰਧ ਘਾਟੀ ਦੀ ਸੱਭਿਅਤਾ ਦਰਿਆ ਸਿੰਧ ਦੇ ਕੰਢੇ ਤੇ ਵੱਸੀ ਸੀ , ਮਿਸਰ ਦੀ ਸੱਭਿਅਤਾ ਦਰਿਆ ਨੀਲ ਦੇ ਨੇੜੇ ਪ੍ਰਫੁਲਿਤ ਹੋਈ ਸੀ ਅਤੇ ਮੈਸੋਪਟਾਮੀਆ ਦੀ ਸੱਭਿਅਤਾ ਦਜ਼ਲਾ ਅਤੇ ਫ਼ਰਾਤ ਦਰਿਆਵਾਂ ਨੇੜੇ ਵੱਸੀ ਸੀ । ਇਹਨਾਂ ਤੋਂ ਇਲਾਵਾ ਕੋਈ ਹੋਰ ਪ੍ਰਾਚੀਨ ਸੱਭਿਅਤਾਵਾਂ ਦਰਿਆਵਾਂ ਦੇ ਕੰਢੇ ਤੇ ਹੀ ਪ੍ਰਫੁਲਿਤ ਹੋਈਆਂ ਹਨ । ਇਸ ਕਰਕੇ ਆਦਿ ਕਾਲ ਤੋਂ ਲੈ ਕੇ ਅੱਜ ਤੱਕ ਅਬਾਦੀ ਦੀ ਸੰਘਣੀ ਵੱਸੋਂ ਦਰਿਆਵਾਂ ਦੇ ਨੇੜੇ ਹੀ ਪਾਈ ਜਾਂਦੀ ਹੈ , ਕਿਉਂਕਿ ਦਰਿਆਵਾਂ ਜਾਂ ਨਦੀਆਂ ਤੋਂ ਮਨੁੱਖ ਹਮੇਸ਼ਾਂ ਆਪਣੀਆਂ ਬਹੁਤ ਸਾਰੀਆਂ ਲੋੜਾਂ ਦੀ ਪੂਰਤੀ ਕਰਦਾ ਰਿਹਾ ਹੈ ਜਿਵੇਂ ਕਿ ਦਰਿਆ ਪੀਣ ਵਾਲੇ ਅਤੇ ਖੇਤੀ ਦੀ ਸਿੰਜਾਈ ਲਈ ਪਾਣੀ ਦੇ ਮੁੱਖ ਸ੍ਰੋਤ ਹਨ । ਦਰਿਆਵਾਂ ਵਿੱਚੋਂ ਮੱਛੀਆਂ ਫੜੀਆਂ ਜਾਂਦੀਆਂ ਹਨ ਅਤੇ ਇਹਨਾਂ ਨੂੰ ਢੋਆ-ਢੁਆਈ ਦੇ ਸਾਧਨਾਂ ਵਜੋਂ ਵੀ ਵਰਤਿਆ ਜਾਂਦਾ ਹੈ , ਪਰ ਕਈ ਵਾਰੀ ਇਹੋ ਨਦੀਆਂ ਦਾ ਪਾਣੀ , ਜੋ ਨਾਲ ਲੱਗਦੀ ਵੱਸੋਂ ਦੀ ਜ਼ਿੰਦ-ਜਾਨ ਹੁੰਦਾ ਹੈ , ਹੜ੍ਹ ਦੇ ਰੂਪ ਵਿੱਚ ਕੁਦਰਤੀ ਕਰੋਪੀ ਦਾ ਰੂਪ ਧਾਰ ਲੈਂਦਾ ਹੈ । ਜਦੋਂ ਕਿਸੇ ਵੀ ਕਾਰਨ ਕਰਕੇ ਨਦੀ ਜਾਂ ਦਰਿਆ ਦਾ ਪਾਣੀ ਉਸ ਦੇ ਕਿਨਾਰਿਆਂ ਨੂੰ ਪਾਰ ਕਰਕੇ ਦੂਰ-ਦੂਰ ਤੱਕ ਫੈਲ ਜਾਂਦਾ ਹੈ , ਤਾਂ ਉਸ ਨੂੰ ਹੜ੍ਹ ਕਹਿੰਦੇ ਹਨ । ਮਨੁੱਖ ਸਦੀਆਂ ਤੋਂ ਹੜ੍ਹਾਂ ਦਾ ਸਾਮ੍ਹਣਾ ਕਰਦਾ ਆ ਰਿਹਾ ਹੈ ।

ਹੜ੍ਹ ਇੱਕ ਕੁਦਰਤੀ ਆਫ਼ਤ ਹੈ ਜੋ ਕਿ ਅਕਸਰ ਤਬਾਹੀ ਅਤੇ ਬਰਬਾਦੀ ਦਾ ਕਾਰਨ ਬਣਦੀ ਹੈ । ਹੜ੍ਹਾਂ ਕਾਰਨ ਕਾਫ਼ੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ । ਫ਼ਸਲਾਂ , ਇਮਾਰਤਾਂ , ਸੜਕਾਂ ਅਤੇ ਰੇਲਵੇ ਲਾਈਨਾਂ ਤਬਾਹ ਹੋ ਜਾਂਦੀਆਂ ਹਨ , ਜਿਸ ਕਰਕੇ ਆਰਥਿਕ ਤਰੱਕੀ ਵਿੱਚ ਵਿਘਨ ਪੈ ਜਾਂਦਾ ਹੈ । ਸੰਸਾਰ ਦੇ ਬਹੁਤੇ ਦੇਸਾਂ ਨੂੰ ਹੜ੍ਹਾਂ ਦੀ ਸਥਿਤੀ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ । ਹੜ੍ਹ ਜ਼ਿਆਦਾਤਰ ਸੰਸਾਰ ਦੇ ਮੈਦਾਨੀ ਭਾਗਾਂ ਵਿੱਚ ਹੀ ਆਉਂਦੇ ਹਨ ਅਤੇ ਸੰਸਾਰ ਦੀ ਬਹੁਤੀ ਵੱਸੋਂ ਵੀ ਮੈਦਾਨੀ ਭਾਗਾਂ ਵਿੱਚ ਵਸੀ ਹੋਣ ਕਰਕੇ ਹਰ ਸਾਲ ਲਗਪਗ 750 ਲੱਖ ਵਿਅਕਤੀ ਹੜ੍ਹਾਂ ਤੋਂ ਸਿੱਧੇ ਜਾਂ ਅਸਿੱਧੇ ਤੌਰ ’ ਤੇ ਪ੍ਰਭਾਵਿਤ ਹੁੰਦੇ ਹਨ । ਸਾਲ 1993 ਵਿੱਚ ਮਿੱਸੀਸਿਪੀ ਅਤੇ ਮਸੂਰੀ ਦਰਿਆਵਾਂ ਵਿੱਚ ਆਏ ਹੜ੍ਹਾਂ ਕਾਰਨ ਅਮਰੀਕਾ ਵਿੱਚ ਭਾਰੀ ਨੁਕਸਾਨ ਹੋਇਆ , ਜੋ ਕਿ ਤਕਰੀਬਨ 1500 ਕਰੋੜ ਡਾਲਰ ਸੀ । ਬੰਗਲਾ ਦੇਸ ਅਤੇ ਚੀਨ ਸੰਸਾਰ ਵਿੱਚ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਦੇਸ ਹਨ । ਇਸੇ ਤਰ੍ਹਾਂ ਭਾਰਤ ਦੇ ਮੈਦਾਨੀ ਖੇਤਰਾਂ ਦਾ ਬਹੁਤ ਸਾਰਾ ਹਿੱਸਾ ਹਰ ਸਾਲ ਹੜ੍ਹਾਂ ਦੀ ਮਾਰ ਹੇਠ ਆ ਜਾਂਦਾ ਹੈ । ਰਾਸ਼ਟਰੀ ਹੜ੍ਹ ਆਯੋਗ ਦੇ , ਅਨੁਮਾਨ ਅਨੁਸਾਰ ਭਾਰਤ ਦਾ 400 ਲੱਖ ਹੈਕਟੇਅਰ ਰਕਬਾ ਹਰ ਸਾਲ ਹੜ੍ਹਾਂ ਤੋਂ ਪ੍ਰਭਾਵਿਤ ਹੁੰਦਾ ਹੈ ਅਤੇ ਹਰ ਸਾਲ ਔਸਤਨ 80 ਲੱਖ ਹੈਕਟੇਅਰ ਰਕਬਾ ਹੜ੍ਹਾਂ ਦੀ ਮਾਰ ਹੇਠ ਆਉਂਦਾ ਹੈ । ਭਾਰਤ ਦੇ ਮੈਦਾਨੀ ਖੇਤਰ ਦੇ ਸਾਰੇ ਰਾਜ ਹੀ ਹੜ੍ਹਾਂ ਤੋਂ ਪ੍ਰਭਾਵਿਤ ਹੁੰਦੇ ਹਨ ਪਰ ਬਿਹਾਰ ਪ੍ਰਦੇਸ਼ ਸਭ ਤੋਂ ਵੱਧ ਹੜ੍ਹਾਂ ਦੀ ਮਾਰ ਹੇਠ ਆਉਂਦਾ ਹੈ । ਪੰਜਾਬ ਵਿੱਚ ਵੀ ਸਾਲ 1993 ਵਿੱਚ ਬਹੁਤ ਭਿਆਨਕ ਹੜ੍ਹ ਆਏ , ਜਿਨ੍ਹਾਂ ਕਰਕੇ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚੋਂ 13 ਜ਼ਿਲ੍ਹਿਆਂ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ।

ਹੜ੍ਹਾਂ ਦੇ ਕਾਰਨ :

1.              ਹੜ੍ਹਾਂ ਦਾ ਮੁੱਖ ਅਤੇ ਮੁਢਲਾ ਕਾਰਨ ਲਗਾਤਾਰ ਭਾਰੀ ਵਰਖਾ ਦਾ ਹੋਣਾ ਹੈ , ਜਿਸ ਨਾਲ ਨਦੀਆਂ ਵਿੱਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ । ਨਦੀਆਂ ਦੀਆਂ ਘਾਟੀਆਂ ਪਾਣੀ ਨੂੰ ਸੰਭਾਲ ਨਹੀਂ ਸਕਦੀਆਂ ਅਤੇ ਜੇਕਰ ਵਰਖਾ ਲਗਾਤਾਰ ਹੁੰਦੀ ਰਹੇ ਤਾਂ ਨਦੀਆਂ ਦਾ ਇਹ ਪਾਣੀ ਕਿਨਾਰਿਆਂ ਨੂੰ ਤੋੜ ਕੇ ਦੂਰ-ਦੂਰ ਤੱਕ ਫ਼ੈਲ ਜਾਂਦਾ ਹੈ ਅਤੇ ਹੜ੍ਹ ਦਾ ਰੂਪ ਧਾਰ ਲੈਂਦਾ ਹੈ ।

2.            ਨਦੀਆਂ ਦੇ ਸ੍ਰੋਤ ਖੇਤਰ ਵਿੱਚੋਂ ਦਰਖ਼ਤਾਂ ਦਾ ਵੱਡੇ ਪੱਧਰ ਤੇ ਕੱਟਿਆ ਜਾਣਾ ਵੀ ਅਕਸਰ ਹੜ੍ਹਾਂ ਦਾ ਕਾਰਨ ਬਣਦਾ ਹੈ , ਕਿਉਂਕਿ ਦਰਖ਼ਤ ਹਮੇਸ਼ਾਂ ਹੀ ਪਾਣੀ ਦੇ ਵਹਾਓ ਦੀ ਰਫ਼ਤਾਰ ਨੂੰ ਘਟਾਉਂਦੇ ਹਨ । ਜੇਕਰ ਦਰਖ਼ਤ ਕੱਟ ਦਿੱਤੇ ਜਾਣ ਤਾਂ ਪਾਣੀ ਦਾ ਵਹਾਓ ਵੱਧ ਜਾਂਦਾ ਹੈ ਜੋ ਮੈਦਾਨੀ ਭਾਗਾਂ ਵਿੱਚ ਹੜ੍ਹ ਦਾ ਰੂਪ ਧਾਰ ਲੈਂਦਾ ਹੈ ।

3.            ਕਈ ਵਾਰੀ ਨਦੀਆਂ ਦੇ ਕੁਦਰਤੀ ਵਹਾਓ ਵਿੱਚ ਮਨੁੱਖ ਦੁਆਰਾ ਕਈ ਤਰ੍ਹਾਂ ਦੇ ਵਿਘਨ ਪੈਦਾ ਕਰ ਦਿੱਤੇ ਜਾਂਦੇ ਹਨ ਜਿਵੇਂ ਕਿ ਨਦੀ ਉੱਪਰ ਪੁੱਲ ਬਣਾਉਣਾ । ਇਹ ਪੁੱਲ ਕਈ ਵਾਰੀ ਤੰਗ ਹੁੰਦੇ ਹਨ ਅਤੇ ਪਾਣੀ ਦੇ ਵਹਾਓ ਵਿੱਚ ਰੁਕਾਵਟ ਪੈਦਾ ਕਰਦੇ ਹਨ , ਜਿਸ ਕਰਕੇ ਪੁੱਲਾਂ ਤੋਂ ਪਿਛਲੇ ਖੇਤਰਾਂ ਵਿੱਚ ਹੜ੍ਹ ਆ ਜਾਂਦੇ ਹਨ । ਇਸ ਤੋਂ ਇਲਾਵਾ ਕਈ ਖੇਤਰਾਂ ਵਿੱਚ ਨਦੀ ਦੇ ਰਸਤੇ ਨੂੰ ਖੇਤੀ ਲਈ ਵਰਤ ਲਿਆ ਜਾਂਦਾ ਹੈ ਜਿਸ ਨਾਲ ਵੀ ਪਾਣੀ ਦੇ ਵਹਾਓ ਵਿੱਚ ਰੁਕਾਵਟ ਆਉਂਦੀ ਹੈ ਅਤੇ ਹੜ੍ਹ ਆ ਜਾਂਦੇ ਹਨ ।

4.            ਬਿਜਲੀ ਪੈਦਾ ਕਰਨ ਲਈ ਬਣਾਏ ਗਏ ਬੰਨ੍ਹਾਂ ( dams ) ਦੇ ਟੁੱਟ ਜਾਣ ਜਾਂ ਉਹਨਾਂ ਵਿੱਚ ਦਰਾੜ ਪੈ ਜਾਣ ਕਾਰਨ ਵੀ ਨਦੀਆਂ ਵਿੱਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਹੜ੍ਹ ਆ ਜਾਂਦੇ ਹਨ ।

5.            ਸਮੁੰਦਰੀ ਕਿਨਾਰਿਆਂ ਦੇ ਨੇੜੇ ਦੇ ਖੇਤਰਾਂ ਵਿੱਚ ਚੱਕਰਵਾਤੀ ਤੁਫ਼ਾਨਾਂ ਕਾਰਨ ਵੀ ਹੜ੍ਹ ਆ ਜਾਂਦੇ ਹਨ । ਨਵੰਬਰ 1999 ਵਿੱਚ ਉੜੀਸਾ ਰਾਜ ਵਿੱਚ ਅਜਿਹੇ ਤੁਫ਼ਾਨ ਨਾਲ ਆਏ ਹੜ੍ਹਾਂ ਕਾਰਨ ਲਗਪਗ 10 , 000 ਵਿਅਕਤੀਆਂ ਦੀਆਂ ਜਾਨਾਂ ਗਈਆਂ ਅਤੇ ਤਕਰੀਬਨ ਦਸ ਹਜ਼ਾਰ ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਗਿਆ ।

6.            ਵੱਸੋਂ ਦੇ ਵਾਧੇ ਕਾਰਨ ਹੜ੍ਹਾਂ ਦੇ ਮੈਦਾਨਾਂ ਉੱਪਰ ਵੱਸੋਂ ਦਾ ਦਬਾਅ ਵੱਧ ਰਿਹਾ ਹੈ । ਵਧਦੀ ਵੱਸੋਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਦੀਆਂ ਦੀਆਂ ਘਾਟੀਆਂ ਵਿੱਚ ਜਾਂ ਇਹਨਾਂ ਦੇ ਨਾਲ ਲੱਗਦੇ ਨੀਵੇਂ ਖੇਤਰਾਂ ਵਿੱਚ ਖੇਤੀ ਕੀਤੀ ਜਾਂਦੀ ਹੈ ਅਤੇ ਰਿਹਾਇਸ਼ੀ ਬਸਤੀਆਂ ਬਣਾਈਆਂ ਜਾ ਰਹੀਆਂ ਹਨ , ਜਿਸ ਨਾਲ ਨਦੀਆਂ ਦੀਆਂ ਘਾਟੀਆਂ ਤੰਗ ਹੋ ਜਾਂਦੀਆਂ ਹਨ ਅਤੇ ਹੜ੍ਹ ਆਉਂਦੇ ਹਨ ।

7.            ਕਈ ਵਾਰੀ ਸੜਕਾਂ , ਰੇਲਵੇ ਲਾਈਨਾਂ ਅਤੇ ਨਹਿਰਾਂ ਆਦਿ ਬਣਾਉਣ ਸਮੇਂ ਖੇਤਰੀ ਢਲਾਨ ਦਾ ਧਿਆਨ ਨਹੀਂ ਰੱਖਿਆ ਜਾਂਦਾ । ਅਰਥਾਤ ਸੜਕਾਂ , ਨਹਿਰਾਂ ਆਦਿ ਸਧਾਰਨ ਢਲਾਣ ਦੇ ਪ੍ਰਤਿਕੂਲ ਬਣ ਜਾਂਦੀਆਂ ਹਨ ਜਿਸ ਕਰਕੇ ਵੀ ਪਾਣੀ ਦੇ ਵਹਾਓ ਵਿੱਚ ਰੁਕਾਵਟ ਪੈਂਦੀ ਹੈ ਅਤੇ ਇਕੱਠਾ ਹੋਇਆ ਪਾਣੀ ਹੜ੍ਹ ਦਾ ਰੂਪ ਧਾਰਨ ਕਰ ਲੈਂਦਾ ਹੈ ।

8.            ਕਈ ਵਾਰੀ ਮਿੱਟੀ ਆਦਿ ਦੇ ਨਿਖੇਪ ( deposition ) ਕਰਕੇ ਨਦੀਆਂ ਦੀਆਂ ਘਾਟੀਆਂ ਨਾਲ ਲੱਗਦੇ ਖੇਤਰ ਤੋਂ ਉੱਚੀਆਂ ਹੋ ਜਾਂਦੀਆਂ ਹਨ ਜਿਸ ਕਰਕੇ ਉਹਨਾਂ ਦੀ ਵਹਾਓ ਸਮਰੱਥਾ ਘੱਟ ਜਾਂਦੀ ਹੈ ਇਸ ਕਰਕੇ ਵਰਖਾ ਦੇ ਦਿਨਾਂ ਵਿੱਚ ਪਾਣੀ ਅਕਸਰ ਨਦੀ ਦੇ ਕਿਨਾਰਿਆਂ ਨੂੰ ਤੋੜ ਕੇ ਹੜ੍ਹਾਂ ਦੇ ਰੂਪ ਵਿੱਚ ਫੈਲ ਜਾਂਦਾ ਹੈ ।

9.            ਨਦੀ ਦੀ ਘਾਟੀ ਵਿੱਚ ਕਈ ਪ੍ਰਕਾਰ ਦੀ ਬਨਸਪਤੀ ਅਤੇ ਘਾਹ ਦੇ ਉੱਗ ਆਉਣ ਕਰਕੇ ਵੀ ਪਾਣੀ ਦੇ ਵਹਾਓ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਹੜ੍ਹ ਆ ਜਾਂਦੇ ਹਨ ।

10. ਹੜ੍ਹਾਂ ਤੋਂ ਬਚਣ ਲਈ ਨਦੀ ਦੇ ਕਿਨਾਰਿਆਂ ਨਾਲ ਅਕਸਰ ਬੰਨ੍ਹ ( embankments ) ਬਣਾਏ ਜਾਂਦੇ ਹਨ ਜਿਨ੍ਹਾਂ ਕਰਕੇ ਨਦੀਆਂ ਵਿੱਚ ਪਾਣੀ ਹੋਰ ਵੱਧ ਉੱਪਰ ਚੜ੍ਹ ਜਾਂਦਾ ਹੈ ਅਤੇ ਜੇਕਰ ਬੰਨ੍ਹ ਵਿੱਚ ਕੋਈ ਦਰਾੜ ਪੈ ਜਾਵੇ ਤਾਂ ਪਾਣੀ ਹੜ੍ਹਾਂ ਦੇ ਰੂਪ ਵਿੱਚ ਦੂਰ ਤੱਕ ਫੈਲ ਜਾਂਦਾ ਹੈ ।

ਹੜ੍ਹਾਂ ਤੋਂ ਬਚਾਓ ਕਿਵੇਂ ਕਰੀਏ ?

ਹੜ੍ਹ ਉਹਨਾਂ ਕੁਦਰਤੀ ਆਫ਼ਤਾਂ ਵਿੱਚੋਂ ਇੱਕ ਆਫ਼ਤ ਹੈ , ਜਿਸ ਕਾਰਨ ਵੱਡੇ ਪੱਧਰ ਤੇ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ ਅਤੇ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ । ਹੜ੍ਹਾਂ ਕਾਰਨ ਕਈ ਪ੍ਰਕਾਰ ਦੀਆਂ ਜਾਨ-ਲੇਵਾ ਬਿਮਾਰੀਆਂ ਵੀ ਫੈਲ ਜਾਂਦੀਆਂ ਹਨ । ਇਸ ਲਈ ਸਾਨੂੰ ਹੜ੍ਹਾਂ ਤੋਂ ਬਚਾਓ ਦੇ ਤਰੀਕੇ ਅਪਣਾਉਣੇ ਚਾਹੀਦੇ ਹਨ । ਪੁਰਾਣੇ ਸਮੇਂ ਵਿੱਚ ਜਿਸ ਖੇਤਰ ਵਿੱਚ ਹੜ੍ਹ ਆਉਂਦਾ ਸੀ ਉਸ ਖੇਤਰ ਦੇ ਲੋਕ ਆਪਣੇ ਨਿੱਜੀ ਪੱਧਰ ਤੇ ਹੀ ਹੜ੍ਹਾਂ ਦੀ ਰੋਕਥਾਮ ਲਈ ਉਪਰਾਲਾ ਕਰਦੇ ਸਨ । ਪਰ ਅੱਜ ਦੇ ਸਾਇੰਸ ਅਤੇ ਤਕਨੀਕੀ ਯੁੱਗ ਵਿੱਚ ਹੜ੍ਹਾਂ ਦੀ ਰੋਕਥਾਮ ਲਈ ਰਾਸ਼ਟਰੀ ਜਾਂ ਕਈ ਵਾਰੀ ਅੰਤਰਰਾਸ਼ਟਰੀ ਪੱਧਰ ਤੇ ਵੀ ਉਪਰਾਲੇ ਕੀਤੇ ਜਾਂਦੇ ਹਨ । ਹੜ੍ਹਾਂ ਤੋਂ ਬਚਾਓ ਲਈ ਹੇਠ ਲਿਖੇ ਕਦਮ ਚੁੱਕੇ ਜਾ ਸਕਦੇ ਹਨ

1.              ਨਦੀਆਂ ਦੇ ਕੰਢਿਆਂ ਉੱਤੇ ਮਜ਼ਬੂਤ ਬੰਨ੍ਹ ਬਣਾ ਕੇ ਹੜ੍ਹਾਂ ਤੋਂ ਬਚਿਆ ਜਾ ਸਕਦਾ ਹੈ । ਇਹਨਾਂ ਬੰਨ੍ਹਾਂ ਦੀ ਲਗਾਤਾਰ ਦੇਖ-ਭਾਲ ਅਤੇ ਮੁਰੰਮਤ ਬਹੁਤ ਜ਼ਰੂਰੀ ਹੁੰਦੀ ਹੈ । ਕਿਉਂਕਿ ਵੇਖਿਆ ਗਿਆ ਹੈ ਕਿ ਦੇਖ-ਭਾਲ ਅਤੇ ਮੁਰੰਮਤ ਦੀ ਘਾਟ ਕਰਕੇ ਇਹ ਬੰਨ੍ਹ ਟੁੱਟ ਜਾਂਦੇ ਹਨ ਅਤੇ ਹੜ੍ਹ ਆ ਜਾਂਦੇ ਹਨ ।

2.            ਦਰਿਆਵਾਂ ਦੀਆਂ ਘਾਟੀਆਂ ਵਿੱਚ ਪੈਦਾ ਹੋਈਆਂ ਰੁਕਾਵਟਾਂ ਦੂਰ ਕਰਕੇ ਪਾਣੀ ਦੇ ਨਿਰਵਿਘਨ ਵਹਾਓ ਨੂੰ ਵਧਾਇਆ ਜਾ ਸਕਦਾ ਹੈ , ਜਿਸ ਨਾਲ ਹੜ੍ਹ ਨਹੀਂ ਆਉਣਗੇ ।

3.            ਨਦੀਆਂ ਉੱਤੇ ਬਣਾਏ ਗਏ ਡੈਮਾਂ ਦੀ ਦੇਖ-ਭਾਲ ਕਰਕੇ ਅਰਥਾਤ ਉਹਨਾਂ ਨੂੰ ਟੁੱਟਣ ਤੋਂ ਬਚਾ ਕੇ ਵੀ ਹੜ੍ਹਾਂ ਤੋਂ ਬਚਿਆ ਜਾ ਸਕਦਾ ਹੈ ।

4.            ਨਦੀਆਂ ਦੇ ਸ੍ਰੋਤ ਖੇਤਰਾਂ ਵਿੱਚ ਸੰਘਣੇ ਜੰਗਲ ਲਗਾ ਕੇ ਪਾਣੀ ਦੇ ਵਹਾਓ ਵਿੱਚ ਰੁਕਾਵਟ ਪੈਦਾ ਕੀਤੀ ਜਾ ਸਕਦੀ ਹੈ , ਜਿਸ ਨਾਲ ਪਾਣੀ ਇਕਦਮ ਦਰਿਆਵਾਂ ਦੀਆਂ ਘਾਟੀਆਂ ਵਿੱਚ ਨਹੀਂ ਆਉਂਦਾ ਅਤੇ ਹੜ੍ਹਾਂ ਤੋਂ ਬਚਾਓ ਹੋ ਸਕਦਾ ਹੈ ।

5.            ਜਿੱਥੇ ਵੀ ਸੰਭਵ ਹੋਵੇ ਨਦੀਆਂ ਉੱਤੇ ਮਜ਼ਬੂਤ ਬੰਨ੍ਹ ਬਣਾ ਕੇ ਨਦੀਆਂ ਦੇ ਵਾਧੂ ਪਾਣੀ ਨੂੰ ਇਕੱਠਾ ਕੀਤਾ ਜਾ ਸਕਦਾ ਹੈ ਅਤੇ ਨਹਿਰਾਂ ਕੱਢ ਕੇ ਸਿੰਜਾਈ ਲਈ ਵਰਤਿਆ ਜਾ ਸਕਦਾ ਹੈ , ਜਿਸ ਤਰ੍ਹਾਂ ਕਿ ਭਾਖੜਾ ਡੈਮ , ਰੋਪੜ ਡੈਮ , ਪੌਂਗ ਡੈਮ ਆਦਿ ਬਣਾ ਕੇ ਕੀਤਾ ਗਿਆ ਹੈ । ਅਜਿਹਾ ਕਰਨ ਨਾਲ ਸਤਲੁਜ ਅਤੇ ਬਿਆਸ ਦਰਿਆਵਾਂ ਦੁਆਰਾ ਆਉਣ ਵਾਲੇ ਹੜ੍ਹਾਂ ਦੀ ਮਾਤਰਾ ਘੱਟ ਗਈ ਹੈ ।

6.            ਜੇਕਰ ਕਿਸੇ ਕਾਰਨ ਹੜ੍ਹ ਆਉਣ ਦੀ ਸੰਭਾਵਨਾ ਹੋਵੇ ਤਾਂ ਸੰਬੰਧਿਤ ਖੇਤਰ ਦੇ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾਵੇ ਅਤੇ ਉਹਨਾਂ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ । ਅਜਿਹਾ ਕਰਨ ਨਾਲ ਹੜ੍ਹਾਂ ਤੋਂ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਕੁਝ ਹੱਦ ਤੱਕ ਬਚਿਆ ਜਾ ਸਕਦਾ ਹੈ ।

ਜੇਕਰ ਫਿਰ ਵੀ ਕਿਸੇ ਖੇਤਰ ਵਿੱਚ ਹੜ੍ਹ ਆਉਂਦਾ ਹੈ ਤਾਂ ਪ੍ਰਸਾਸ਼ਨ ਨੂੰ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਉਸ ਖੇਤਰ ਵਿੱਚੋਂ ਕੱਢ ਕੇ ਕਿਸੇ ਸੁਰੱਖਿਅਤ ਖੇਤਰ ਵਿੱਚ ਪਹੁੰਚਾਇਆ ਜਾਣਾ ਚਾਹੀਦਾ ਹੈ । ਉਹਨਾਂ ਲਈ ਖਾਧ ਪਦਾਰਥਾਂ ਦਾ ਲੋੜੀਂਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ । ਉੱਥੇ ਫੈਲ ਰਹੀਆਂ ਬਿਮਾਰੀਆਂ ਦਾ ਵੀ ਇਲਾਜ ਕੀਤਾ ਜਾਵੇ । ਮਰੇ ਹੋਏ ਜਾਨਵਰਾਂ ਨੂੰ ਵੀ ਸੰਭਾਲਿਆ ਜਾਵੇ ਤਾਂ ਕਿ ਜ਼ਿਆਦਾ ਬਿਮਾਰੀਆਂ ਨਾ ਫੈਲਣ । ਹੜ੍ਹਾਂ ਦੇ ਪਾਣੀ ਦਾ ਨਿਕਾਸ ਹੋ ਜਾਣ ਤੋਂ ਬਾਅਦ ਉਹਨਾਂ ਦੇ ਮੁੜ-ਵਸੇਬੇ ਦਾ ਪ੍ਰਬੰਧ ਵੀ ਪ੍ਰਸਾਸ਼ਨ ਦੁਆਰਾ ਕੀਤਾ ਜਾਣਾ ਚਾਹੀਦਾ ਹੈ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹੜ੍ਹ ਇੱਕ ਭਿਆਨਕ ਕੁਦਰਤੀ ਕਰੋਪੀ ਹੈ ਜਿਸ ਨਾਲ ਨਜਿੱਠਣ ਲਈ ਸਾਨੂੰ ਹਰ ਪੱਧਰ ਤੇ ਹੜ੍ਹਾਂ ਤੋਂ ਬਚਾਓ ਦੇ ਕਦਮ ਚੁੱਕਣੇ ਚਾਹੀਦੇ ਹਨ ।


ਲੇਖਕ : ਸ਼ੇਖ ਇਫਤਿਖਾਰ ਅਹਿਮਦ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 74, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-25-12-43-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.