ਹੰਢਿਆਇਆ ਪਿੰਡ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹਢਿਆਇਆ / ਹੰਢਿਆਇਆ ( ਪਿੰਡ ) : ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿਚ ਬਰਨਾਲਾ-ਮਾਨਸਾ ਸੜਕ ਉਤੇ ਸਥਿਤ ਅਤੇ ਬਰਨਾਲੇ ਤੋਂ ਲਗਭਗ 4 ਕਿ.ਮੀ. ਦੱਖਣ-ਪੱਛਮ ਵਿਚ ਬਾਬਾ ਆਲਾ ਸਿੰਘ ਦੇ ਭਰਾ ਬਾਬਾ ਸੁਭਾ ਦਾ ਵਸਾਇਆ ਇਕ ਪਿੰਡ ਜਿਸ ਨੂੰ ਗੁਰੂ ਤੇਗ ਬਹਾਦਰ ਜੀ ਦੇ ਚਰਣਾਂ ਦੀ ਛੋਹ ਪ੍ਰਾਪਤ ਹੋਈ ਸੀ । ਕਹਿੰਦੇ ਹਨ ਕਿ ਸੰਨ 1665 ਈ. ਵਿਚ ਇਥੋਂ ਲਿੰਘਦੇ ਹੋਏ ਨੌਵੇਂ ਗੁਰੂ ਜੀ ਟੋਭੇ ਦੇ ਕੰਢੇ ਇਕ ਝੰਗੀ ਵਿਚ ਕੁਝ ਸਮੇਂ ਲਈ ਠਹਿਰੇ ਸਨ । ਇਸ ਟੋਭੇ ਵਿਚ ਚਮੜਾ ਰੰਗਣ ਵਾਲੇ ਡੰਗਰਾਂ ਦੀਆਂ ਹੱਡੀਆਂ ਅਤੇ ਚਮੜੀ ਸੁਟਦੇ ਸਨ । ਉਥੇ ਬੈਠਿਆਂ ਗੁਰੂ ਜੀ ਕੋਲ ਇਕ ਤਾਪ-ਗ੍ਰਸਤ ਬੰਦਾ ਆਇਆ । ਰੋਗ ਦੂਰ ਕਰਨ ਲਈ ਗੁਰੂ ਜੀ ਨੇ ਉਸ ਨੂੰ ਟੋਭੇ ਵਿਚ ਇਸ਼ਨਾਨ ਕਰਨ ਲਈ ਕਿਹਾ । ਇਸ਼ਨਾਨ ਕਰਨ’ ਤੇ ਉਹ ਠੀਕ ਹੋ ਗਿਆ । ਇਸ ਚਮਤਕਾਰ ਨੂੰ ਵੇਖ ਕੇ ਪਿੰਡ ਦੀ ਲੁਕਾਈ ਉਥੇ ਇਕੱਠੀ ਹੋ ਗਈ ਅਤੇ ਟੋਭੇ ਵਿਚ ਇਸ਼ਨਾਨ ਕਰਕੇ ਆਪਣੇ ਰੋਗ ਦੂਰ ਕਰਨ ਲਗੀ । ਗੁਰੂ ਜੀ ਦੀ ਉਨ੍ਹਾਂ ਨੇ ਬਹੁਤ ਸੇਵਾ ਕੀਤੀ ।

                      ਪਟਿਆਲਾ ਰਿਆਸਤ ਦੇ ਮਹਾਰਾਜਾ ਕਰਮ ਸਿੰਘ ( 1798-1845 ਈ. ) ਨੇ ਉਥੇ ਗੁਰੂ-ਧਾਮ ਅਤੇ ਸਰੋਵਰ ਬਣਵਾਇਆ ਅਤੇ ਨਾਲ 90 ਕਿੱਲੇ ਜ਼ਮੀਨ ਵੀ ਲਗਵਾਈ । ਇਸ ਗੁਰੂ-ਧਾਮ ਦਾ ਨਾਂ ‘ ਗੁਰਦੁਆਰਾ ਸਾਹਿਬ ਗੁਰੂਸਰ ਪਾਤਿਸ਼ਾਹ ਨੌਵੀਂ’ ਹੈ । ਹੁਣ ਵੀ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਸ ਸਰੋਵਰ ਵਿਚ ਇਸ਼ਨਾਨ ਕਰਨ ਨਾਲ ਰੋਗ ਦੂਰ ਹੋ ਜਾਂਦੇ ਹਨ । ਮਸਿਆ ਵਾਲੇ ਦਿਨ ਇਥੇ ਬਹੁਤ ਭਾਰੀ ਇਕੱਠ ਹੁੰਦਾ ਹੈ । ਇਸ ਦੀ ਵਿਵਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ । ਇਥੇ ਗੁਰੂ ਨਾਨਕ ਦੇਵ ਜੀ , ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ-ਪੁਰਬ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5195, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.