ਹੰਸ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੰਸ ( ਨਾਂ , ਪੁ ) ਲੰਮੀਆਂ ਲੱਤਾਂ ਅਤੇ ਬਤਖ਼ ਜਿਹੀ ਸਫ਼ੈਦ ਸ਼ਕਲ ਦਾ ਵੱਡੀਆਂ ਝੀਲਾਂ ਜਾਂ ਖੁੱਲ੍ਹੇ ਪਾਣੀਆਂ ਨੇੜੇ ਰਹਿਣ ਦਾ ਆਦੀ ਪੰਛੀ; ਗ੍ਰੰਥਾਂ ਅਨੁਸਾਰ , ਚੁੰਝ ਵਿੱਚ ਖਟਾਸ ਹੋਣ ਕਾਰਨ ਦੁੱਧ ਵਿੱਚ ਡੋਬ ਦੇਣ ਤੇ ਪਾਣੀ ਨੂੰ ਵੱਖ ਕਰ ਦੇਣ ਵਾਲਾ ਪੰਛੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹੰਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੰਸ [ ਨਾਂਪੁ ] ਬਤਖ਼ ਦੀ ਨਸਲ ਦਾ ਇੱਕ ਸਫ਼ੈਦ ਪੰਛੀ; ਜੀਵ-ਆਤਮਾ , ਰੂਹ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੰਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੰਸ . ਸੰ. ਸੰਗ੍ਯਾ— ਬੱਤਕ ਦੀ ਕਿਸਮ ਦਾ ਇੱਕ ਪੰਛੀ , ਜਿਸ ਦੇ ਪੰਖ ( ਖੰਭ ) ਚਿੱਟੇ , ਪੈਰ ਅਤੇ ਚੁੰਜ ਗੁਲਾਬੀ ਹੁੰਦੇ ਹਨ.1Swan , lygnus minor. ਪੁਰਾਣੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇਸ ਦੀ ਚੁੰਜ ਵਿੱਚ ਖਟਾਸ ਹੁੰਦਾ ਹੈ , ਜਦ ਦੁੱਧ ਵਿੱਚ ਪਾਉਂਦਾ ਹੈ ਤਦ ਪਾਣੀ ਅਲਗ ਹੋ ਜਾਂਦਾ ਹੈ. ਇਸੇ ਦ੍ਰਿ੄਍ਾਂਤ ਨੂੰ ਲੈ ਕੇ ਸਤ੍ਯ ਅਸਤ੍ਯ ਦਾ ਵਿਵੇਕ ਕਰਨ ਵਾਲੇ ਨੂੰ ਭੀ ਹੰਸ ਸੱਦੀਂਦਾ ਹੈ. ਹੰਸ ਨੂੰ ਮੋਤੀ ਚੁਗਣ ਵਾਲਾ ਭੀ ਅਨੇਕ ਕਵੀਆਂ ਨੇ ਲਿਖਿਆ ਹੈ.

“ ਜੈਸੇ ਮਾਨਸਰ ਤ੍ਯਾਗ ਹੰਸ ਆਨ ਸਰ ਜਾਤ ,

ਖਾਤ ਨ ਮੁਕਤਫਲ ਭੁਗਤਿ ਜੁ ਗਾਤ ਕੀ.”

                                                                                                                      ( ਭਾਗੁ ਕ )

“ ਪੰਛਨਿ ਮੇ ਹੰਸ ਮ੍ਰਿਗਰਾਜਨ ਮੇ ਸਾਰਦੂਲ.” ( ਭਾਗੁ ਕ ) ੨ ਸੂਰਜ. “ ਮਹਿਮਾ ਜਾ ਕੀ ਨਿਰਮਲ ਹੰਸ.” ( ਭੈਰ ਅ : ਮ : ੫ ) ਦੇਖੋ , ਹੰਸ ਵੰਸ । ੩ ਜੀਵਾਤਮਾ. ਰੂਹ. “ ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿਜਾਇ ? ” ( ਮ : ੩ ਵਾਰ ਗੂਜ ੧ ) ੪ ਵਿਵੇਕੀ. ਅਵਧੂਤ ਸਤ੍ਯ ਅਸਤ੍ਯ ਦਾ ਵਿਚਾਰ ਕਰਨ ਵਾਲਾ. “ ਸਿਖ ਹੰਸ ਸਰਵਰਿ ਇਕਠੇ ਹੋਏ.” ( ਮ : ੫ ਵਾਰ ਰਾਮ ੨ ) “ ਹੰਸਾ ਵੇਖਿ ਤਰੰਦਿਆਂ ਬਗਾਂ ਭਿ ਆਇਆ ਚਾਉ.” ( ਵਾਰ ਵਡ ਮ : ੩ ) ੫ ਇੱਕ ਰਾਜਾ , ਜੋ ਜਰਾਸੰਧ ਦਾ ਮਿਤ੍ਰ ਸੀ । ੬ ਚਿੱਟੇ ਕੇਸ਼ , ਜਿਨ੍ਹਾਂ ਦਾ ਰੰਗ ਹੰਸ ਜੇਹਾ ਹੈ. “ ਹੰਸ ਉਲਥੜੇ ਆਇ.” ( ਸ੍ਰੀ ਮ : ੫ ਪਹਿਰੇ ) ੭ ਹੰਸ ਪ੍ਰਾਣਾਯਾਮ. ਇਸ ਦੀ ਰੀਤਿ ਹੈ ਕਿ ਸ੍ਵਾਸ ਦੇ ਅੰਦਰ ਜਾਣ ਸਮੇ “ ਹੰ” ਅਤੇ ਬਾਹਰ ਜਾਣ ਸਮੇ “ ਸ” ਦਾ ਜਾਪ ਹੋਵੇ.1ਦੇਖੋ , ਅਜਪਾ ੩ ਅਤੇ ਹੰਸਾ ੩ । ੮ ਹੰਸ ਅਵਤਾਰ. ਦੇਖੋ , ਹੰਸਾਵਤਾਰ । ੯ ਵਿ੄ਨੁ । ੧੦ ਸ਼ਿਵ । ੧੧ ਘੋੜਾ । ੧੨ ਵਿ— ਉੱਤਮ । ੧੩ ਕਰਤਾਰ , ਵਾਹਗੁਰੂ । ੧੪ ਇੱਕ ਛੰਦ , ਜਿਸ ਦਾ ਲੱਛਣ ਹੈ— ਦੋ ਚਰਣ , ਪ੍ਰਤਿ ਚਰਣ , ੧੫ ਮਾਤ੍ਰਾ. ਸੱਤ ਅਤੇ ਅੱਠ ਮਾਤ੍ਰਾ ਤੇ ਵਿਸ਼੍ਰਾਮ. ਅੰਤ ਗੁਰੁ ਲਘੁ.

ਉਦਾਹਰਣ—

ਜਹਿ ਤਹਿ ਬਢਾ ਪਾਪ ਕਾ ਕਮ੗ ,

                                                                                                                  ਜਗ ਤੇ ਘਟਾ ਧਮ੗ ਕਾ ਭਮ੗                                            ( ਕਲਕੀ )

( ਅ ) ਕੇਸ਼ਵ ਦਾਸ ਨੇ ਹੰਸ ਛੰਦ ਦੇ ਆਦਿ ਭਗਣ ਦਾ ਹੋਣਾ ਵਿਧਾਨ ਕੀਤਾ ਹੈ , ਯਥਾ—

ਆਵਤ ਜਾਤ ਰਾਜ ਕੇ ਲੋਗ.

ਮੂਰਤਧਾਰੀ ਮਾਨਹੁ ਭੋਗ. xxx

                                                                                                                                                        ( ਰਾਮਚੰਦ੍ਰਿਕਾ )

( ੲ ) ਦੇਖੋ , ਹੰਸਕ.

( ਸ ) ਦੇਖੋ , ਦੋਹਰੇ ਦਾ ਰੂਪ ੧੧ । ੧੫ ਕਾਮਦੇਵ । ੧੬ ਪ੍ਰਾਣ । ੧੭ ਵਿ— ਉੱਤਮ. ਸ੍ਰੇ੄†.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੰਸ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹੰਸ : ਇਹ ਐਨਸਾਰਫਾਰਮੀਜ਼ ਵਰਗ , ਐਨਡਿਡੀ ਕੁਲ ਅਤੇ ਐਨਸਾਰਿਨੀ ਉਪ– ਕੁਲ ਦੀ ਮੁਰਗਾਬੀ ਹੈ । ਇਸ ਦੀ ਗਰਦਨ ਲੰਮੀ , ਸਰੀਰ ਭਾਰਾ ਤੇ ਪੈਰ ਵੱਡੇ ਵੱਡੇ ਹੁੰਦੇ ਹਨ । ਇਹ ਬੜੀ ਮਟਕ ਨਾਲ ਤੈਰਦਾ ਹੈ । ਉਡਦੇ ਸਮੇਂ ਇਸ ਦੀ ਗਰਦਨ ਬਾਹਰ ਨੂੰ ਖਿੱਚੀ ਹੋਈ ਹੁੰਦੀ ਹੈ ਅਤੇ ਪਰ ਹੌਲੀ ਹੌਲੀ ਮਾਰਦਾ ਹੈ । ਪ੍ਰਵਾਸ ਕਰਨ ਲਗਿਆਂ ਇਹ ਅੰਗ੍ਰੇਜ਼ੀ ਦੇ ਅੱਖਰ ‘ V’ ਦੀ ਸ਼ਕਲ ਵਿਚ ਇਕੱਠੇ ਬਹੁਤ ਉਚਾਈ ਤੇ ਉਡਦੇ ਹਨ । ਹੋਰ ਕੋਈ ਵੀ ਮੁਰਗਾਬੀ ਪਾਣੀ ਜਾਂ ਹਵਾ ਵਿਚ ਹੰਸ ਜਿੰਨੀ ਤੇਜ਼ ਨਹੀਂ ਉਡ ਸਕਦੀ । ਇਹ ਘੱਟ ਡੂੰਘੇ ਪਾਣੀ ਵਿਚੋਂ ਜਲੀ– ਪੌਦਿਆਂ ਨੂੰ ਹੰਗਾਲ ਕੇ ਖਾਂਦੇ ਹਨ । ਤੈਰਦੇ ਸਮੇਂ ਜਾਂ ਖੜੇ ਹੋਏ ਗੂੰਗਾ ਹੰਸ ( Cygnus olor ) ਅਤੇ ਕਾਲਾ ਹੰਸ ( C. atratus ) ਆਮ ਤੌਰ ਤੇ ਇਕ ਪੈਰ ਆਪਣੀ ਪਿੱਠ ਉਤੇ ਰਖਦੇ ਹਨ । ਹੰਸ ਕਈ ਤਰ੍ਹਾਂ ਦੀਆਂ ਆਵਾਜ਼ਾਂ ਕਢ ਸਕਦੇ ਹਨ; ਇਥੋਂ ਤਕ ਕਿ ਗੂੰਗਾ ਹੰਸ ਵੀ ਫੁੰਕਾਰੇ , ਹੌਲੀ ਹੌਲੀ ਬੁੜਬੁੜ ਜਾਂ ਘੁਰਾੜੇ ਮਾਰ ਸਕਦਾ ਹੈ । ਪ੍ਰਜਣਨ ਰੁੱਤ ਤੋਂ ਬਿਨ੍ਹਾਂ ਹੰਸ ਮਿਲਾਪੜਾ ਪੰਛੀ ਹੈ । ਹੰਸਾਂ ਦਾ ਮੁਖ ਖਾਣਾ ਬਨਸਪਤੀ ਹੈ ਪਰ ਇਹ ਮੌਲਸਕ ਅਤੇ ਕ੍ਰਾਸਟੇਸ਼ੀਅਨ ਵੀ ਖਾਂਦੇ ਹਨ ।

                  ਨਰ ਹੰਸ ਨੂੰ ਕਾੱਬ ਅਤੇ ਮਾਦਾ ਨੂੰ ਪੈੱਨ ਕਹਿੰਦੇ ਹਨ । ਦੇਖਣ ਵਿਚ ਦੋਨੋਂ ਇਕੋ ਜਿਹੇ ਲਗਦੇ ਹਨ ।

                ਲਾਡ– ਪਿਆਰ ਕਰਦੇ ਸਮੇਂ ਇਹ ਇਕ ਦੂਜੇ ਦੀਆਂ ਚੁੰਝਾ ਵਿਚ ਚੁੰਝਾਂ ਪਾਉਂਦੇ ਜਾਂ ਸਿਰ ਨਾਲ ਸਿਰ ਟਿਕਾਉਂਦੇ ਹਨ । ਮਾਦਾ ਹੰਸ ਲਗਭਗ ਅੱਧਾ ਦਰਜਨ ਪੀਲੇ ਅਤੇ ਨਿਸ਼ਾਨ– ਰਹਿਤ ਅੰਡਿਆਂ ਨੂੰ ਇਕ ਬਨਸਪਤੀ ਦੇ ਢੇਰ ਉਪਰ ਸੇਂਦੀ ਹੈ ਅਤੇ ਨਰ ਹੰਸ ਉਨ੍ਹਾਂ ਦੀ ਨਿਗਰਾਨੀ ਕਰਦਾ ਹੈ । ਕਈ ਜਾਤੀਆਂ ਵਿਚ ਇਹ ਵਾਰੋ ਵਾਰੀ ਅੰਡਿਆਂ ਤੇ ਬੈਠਦਾ ਵੀ ਹੈ । ਆਪਣੇ ਦੁਸ਼ਮਣ ਨੂੰ ਭਜਾ ਕੇ ਇਹ ਜਿੱਤ ਦੀ ਲਲਕਾਰ ਮਾਰਦਾ ਹੈ । ਅੰਡਿਆਂ ਵਿਚੋਂ ਛੋਟੀ ਧੌਣ ਵਾਲੇ  ਸਿਰ ਤੋਂ ਪੈਰਾਂ ਤਕ ਪਰਾਂ ਨਾਲ ਢੱਕੇ ਹੋਏ ਬੱਚੇ ਨਿਕਲਦੇ ਹਨ । ਭਾਵੇਂ ਇਹ ਜਨਮ ਤੋਂ ਕੁਝ ਘੰਟਿਆਂ ਬਾਅਦ ਹੀ ਦੌੜਨ ਤੇ ਤੈਰਨ ਦੇ ਯੋਗ ਹੁੰਦੇ ਹਨ ਫਿਰ ਵੀ ਕਈ ਮਹੀਨਿਆਂ ਤਕ ਇਨ੍ਹਾਂ ਦੀ ਦੇਖ ਭਾਲ ਕੀਤੀ ਜਾਂਦੀ ਹੈ । ਕਈ ਜਾਤੀਆ ਵਿਚ ਤਾਂ ਇਹ ਆਪਣੀ ਮਾਂ ਦੀ ਪਿੱਠ ਤੇ ਵੀ ਸਵਾਰੀ ਕਰਦੇ ਹਨ । ਪਹਿਲੇ ਦੋ ਜਾਂ  ਜ਼ਿਆਦਾ ਸਾਲਾਂ ਤਕ ਇਨ੍ਹਾਂ ਦੇ ਪਰ ਖਾਕੀ ਜਾਂ ਭੂਰੇ ਜਿਹੇ ਰੰਗ ਦੇ ਹੁੰਦੇ ਹਨ । ਇਨ੍ਹਾਂ ਨੂੰ ਸਿਗਨੱਟ ਕਹਿੰਦੇ ਹਨ । ਹੰਸ ਤੀਜੇ ਜਾਂ ਚੌਥੇ ਸਾਲ ਵਿਚ ਪੋੜ੍ਹ ਹੋ ਜਾਂਦੇ ਹਨ । ਜੰਗਲੀ ਹਾਲਤ ਵਿਚ ਇਨ੍ਹਾਂ ਦੀ ਉਮਰ ਤਕਰੀਬਨ 20 ਸਾਲ ਅਤੇ ਪਾਲਤੂ ਹਾਲਤ ਵਿਚ 50 ਸਾਲ ਜਾਂ ਇਸ ਤੋਂ ਵਧ ਹੁੰਦੀ ਹੈ ।

                  ਹੰਸਾਂ ਦੀਆਂ ਤਕਰੀਬਨ ਸੱਤ ਜਾਂ ਅੱਠ ਜਾਤੀਆਂ ਹਨ । ਇਨ੍ਹਾਂ ਵਿਚੋਂ ਪੰਜ ਜਾਤੀਆਂ ਬਿਲਕੁਲ ਚਿੱਟੇ ਰੰਗ ਦੀਆਂ ਅਤੇ ਕਾਲੀਆਂ ਲੱਤਾਂ ਵਾਲੀਆਂ , ਉੱਤਰੀ ਅਰਧ ਗੋਲੇ ਵਿਚ ਮਿਲਦੀਆਂ ਹਨ । ਇਨ੍ਹਾਂ ਦੇ ਨਾਂ ਮਿਊਟ ਹੰਸ ( C.olor ) , ਟਰੰਪਿਟਰ ਹੰਸ ( C.Cygnus buccinator ) , ਹੂਪਰ ਹੰਸ ( C. cygnus cygnus ) , ਬਿਊਇਕ ਹੰਸ ( C. columbianus bewickii ) ਅਤੇ ਵਿਸਲਿੰਗ ਹੰਸ ( C. columbianus Columbianus ਹਨ ।

                  ਦੱਖਣੀ ਅਰਧ ਗੋਲੇ ਵਿਚ ਆਸਟ੍ਰੇਲੀਆ ਦਾ ਕਾਲਾ ਹੰਸ ਅਤੇ ਦੱਖਣੀ ਅਮਰੀਕਾ ਦੀਆਂ ਦੋ ਗੁਲਾਬੀ ਲੱਤਾਂ ਵਾਲੀਆਂ ਕਿਸਮਾਂ , ਕਾਲੀ ਗਰਦਨ ਵਾਲਾ ਹੰਸ ( C. melancoribhus ) ਅਤੇ ਕਾਸਕਰੋਬਾ ਹੰਸ ( Coscoroba coscoroba ) ਮਿਲਦੇ ਹਨ ।

                  ਹ. ਪੁ. – – ਐਨ. ਬ੍ਰਿ. ਮਾ. 9 : 710 ; ਮੈਕ. ਐਨ. ਸ. ਟ. 13 : 333.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1227, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-10, ਹਵਾਲੇ/ਟਿੱਪਣੀਆਂ: no

ਹੰਸ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹੰਸ : ਮਹਾਂਭਾਰਤ ਵਿਚ ਦਿੱਤੇ ਵੇਰਵਿਆਂ ਅਨੁਸਾਰ  ‘ ਹੰਸ’ ਤੇ ਦਿੰਭਾਂਗ ਨਾਂ ਦੇ ਦੋ ਬਹਾਦਰ ਸੂਰਮੇ ਸਨ । ਇਹ ਦੋਵੇਂ ਜਰਾਸੰਧ ਦੇ ਦੋਸਤ ਸਨ । ‘ ਹੰਸ’ ਨਾਂ ਦਾ ਇਕ ਰਾਜਾ ਬਲਰਾਮ ਦੇ ਹੱਥੋਂ ਵੀ ਮਾਰਿਆ ਗਿਆ ਸੀ । ਦੱਸਿਆ ਜਾਂਦਾ ਹੈ ਕਿ ਜਦੋਂ ਦਿੰਭਾਂਗ ਨੇ ਇਹ ਸੁਣਿਆ ਕਿ ‘ ‘ ਹੰਸ ਮਾਰਿਆ ਗਿਆ ਹੈ’ ’ ਤਾਂ ਉਸ ਨੇ ਇਸ ਤੋਂ ਬਿਨਾਂ ਜਿਉਂਦੇ ਰਹਿਣਾ ਕਠਿਨ ਸਮਝਿਆ ਅਤੇ ਆਤਮਘਾਤ ਕਰ ਲਿਆ । ਦੂਜੇ ਪਾਸੇ ਜਦੋਂ ਹੰਸ ਨੇ ਇਹ ਗੱਲ ਸੁਣੀ ਤਾਂ ਉਹ ਵੀ ਜਮਨਾ ਵਿਚ ਡੁੱਬ ਕੇ ਮਰ ਗਿਆ ।

                  ਪ੍ਰਾਚੀਨ ਚਰਿੱਤਰ ਕੋਸ਼ ਅਨੁਸਾਰ ਇਹ ਜਰਾਸੰਧ ਦਾ ਇਕ ਮੰਤਰੀ ਸੀ ਅਤੇ ਦਿੰਭਾਂਕ ਇਸ ਦਾ ਭਰਾ ਸੀ । ਇਨ੍ਹਾਂ ਦੋਹਾਂ ਨੇ ਪਰਸੂਰਾਮ ਤੋਂ ਸ਼ਸਤਰ ਵਿਦਿਆ ਪ੍ਰਾਪਤ ਕੀਤੀ । ਦੋਵੇਂ ਭਰਾ ਜਰਾਸੰਧ ਦੇ ਮੰਤਰੀ ਅਤੇ ਸਲਾਹਕਾਰ ਵਜੋਂ ਕੰਮ ਕਰਦੇ ਸਨ । ਇਨ੍ਹਾਂ ਦੋਹਾਂ ਭਰਾਵਾਂ ਨੇ ਸ਼ਿਵ ਜੀ ਦੀ ਘੋਰ ਤਪੱਸਿਆ ਕੀਤੀ ਅਤੇ ਯੁੱਧ ਸਬੰਧੀ ਉਸ ਪਾਸੋਂ ਵਰਦਾਨ ਪ੍ਰਾਪਤ ਕੀਤੇ । ਵਰ ਦੇ ਨਸ਼ੇ ਵਿਚ ਹੋਰਨਾਂ ਤੋਂ ਇਲਾਵਾ ਇਨ੍ਹਾਂ ਨੇ ਰਿਸ਼ੀ ਦੁਰਵਾਸਾ ਨੂੰ ਵੀ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ । ਰਿਸ਼ੀ ਨੇ ਗੁੱਸੇ ਵਿਚ ਆ ਕੇ ਇਨ੍ਹਾਂ ਨੂੰ ਵਿਸ਼ਨੂੰ ਦੁਆਰਾ ਨਸ਼ਟ ਹੋਣ ਦਾ ਸਰਾਪ ਦਿੱਤਾ । ਇਸ ਪਿੱਛੋਂ ਰਿਸ਼ੀ ਨੇ ਦਵਾਰਕਾ ਵਿਖੇ ਕ੍ਰਿਸ਼ਨ ਜੀ ਕੋਲ ਜਾ ਕੇ ਇਨ੍ਹਾਂ ਨੂੰ ਮਾਰਨ ਦੀ ਬੇਨਤੀ ਕੀਤੀ । ਅਗਲੇ ਸਾਲ ਇਨ੍ਹਾਂ ਨੇ ਰਾਜਸੂਯ ਯੱਗ ਕੀਤਾ ਅਤੇ ਆਪਣੇ ਮਿੱਤਰ ਜਨਾਰਦਨ ਨੂੰ ਕ੍ਰਿਸ਼ਨ ਜੀ ਪਾਸ ਕਰ ਭਾਰ ਲਈ ਭੇਜਿਆ । ਪਰ ਕ੍ਰਿਸ਼ਨ ਜੀ ਨੇ ਕਰ ਭਾਰ ਦੇਣ ਤੋਂ ਜਵਾਬ ਦੇ ਦਿੱਤਾ ਅਤੇ ਯੁੱਧ ਦਾ ਐਲਾਨ ਕਰ ਦਿੱਤਾ । ਲੜਾਈ ਵਿਚ ਇਸ ਦਾ ਦੋਸਤ ਮਾਰਿਆ ਗਿਆ । ਇਸ ਨੂੰ ਪਤਾਲ ਵਿਚ ਧੱਕ ਦਿੱਤਾ ਗਿਆ ਅਤੇ ਉੱਥੇ ਸੱਪਾਂ ਦੇ ਕੱਟਣ ਨਾਲ ਇਸ ਦੀ ਮੌਤ ਹੋ ਗਈ । ਮਹਾਂਭਾਰਤ ਅਨੁਸਾਰ ਆਪਣੇ ਭਰਾ ਦਿੰਭਾਕ ਦੇ ਕਤਲ ਹੋ ਜਾਣ ਬਾਰੇ ਸੁਣ ਕੇ ਇਸ ਨੇ ਜ਼ਮਨਾ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ।

                  ਪ੍ਰਾਚੀਨ ਚਰਿਤਰ ਕੋਸ਼ ਵਿਚ ਕਈ ਹੋਰ ‘ ਹੰਸ’ ਵੀ ਹੋਏ ਦੱਸੇ ਗਏ ਹਨ ।

                                    ਹੁ. ਪੁ. ਪ੍ਰਾ. ਚਰਿ. ਕੋ. 1097 ; ਹਿੰ. ਮਿ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1225, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.