ਹੱਡੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਡੀ [ਨਾਂਇ] ਮਨੁੱਖ ਜਾਂ ਜਾਨਵਰਾਂ ਦੇ ਸਰੀਰ ਦੇ ਪਿੰਜਰ ਦਾ ਹਿੱਸਾ , ਅਸਥੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10623, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੱਡੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹੱਡੀ : ਹੱਡੀ, ਜੋੜਕ ਤੰਤੂ ਦੀ ਇਕ ਖ਼ਾਸ ਕਿਸਮ ਹੈ ਜਿਹੜੀ ਸੈੱਲਾਂ ਅਤੇ ਸੈੱਲਾਂ ਦੇ ਵਿਚਕਾਰਲੇ ਪਦਾਰਥ ਤੋਂ ਬਣਦੀ ਹੈ। ਸਰੀਰ ਨੂੰ ਆਸਰਾ ਦੇਣ ਵਾਲੇ ਦੂਜੇ ਤੰਤੂਆਂ ਨਾਲੋਂ ਹੱਡੀ ਦਾ ਵੱਡਾ ਫ਼ਰਕ ਇਹ ਹੈ ਕਿ ਇਹ ਬਹੁਤ ਸਖ਼ਤ ਹੁੰਦੀ ਹੈ। ਇਹ ਕਰੜਾਈ ਇਸ ਦੇ ਜੀਵ ਮੈਟ੍ਰਿਕਸ ਵਿਚ ਕੈਲਸ਼ੀਅਮ, ਫ਼ਾਸਫ਼ੇਟ ਅਤੇ ਕਾਰਬੋਨੇਟ ਆਦਿ ਜਮ੍ਹਾਂ ਹੋਣ ਕਰਕੇ ਹੁੰਦੀ ਹੈ। ਇਸ ਅਮਲ ਨੂੰ ਕੈਲਸੀਅਮ ਰਚਣ ਜਾਂ ਕੈਲਸੀਕਰਨ ਕਹਿੰਦੇ ਹਨ। ਹੱਡੀ ਦੇ ਸੈੱਲ ਹੋਰ ਜੋੜਕ ਤੰਤੂਆਂ ਨਾਲੋਂ ਬਿਲਕੁਲ ਅੱਡਰੇ ਹੁੰਦੇ ਹਨ। ਹੱਡੀਆਂ ਦਾ, ਇਕ ਤੰਤੂ ਦੇ ਤੌਰ ਤੇ, ਬੜਾ ਜ਼ਰੂਰੀ ਕੰਮ ਕੈਲਸ਼ੀਅਮ ਅਤੇ ਫ਼ਾਸਫ਼ੇਟ ਨੂੰ ਇਕੱਠਾ ਕਰਕੇ ਉਨ੍ਹਾਂ ਦੀ ਢਾਹ ਉਸਾਰ ਕ੍ਰਿਆ ਕਰਨਾ ਹੈ। ਹੱਡੀਆਂ ਸਾਰੇ ਰੀੜ੍ਹ–ਧਾਰੀਆਂ ਦੇ ਸਰੀਰ ਦਾ ਢਾਂਚਾ ਅਤੇ ਜੋੜ ਆਦਿ ਬਣਾਉਂਦੀਆਂ ਹਨ। ਹੱਡੀ ਦੇ ਮਿੱਝ ਤੋਂ ਖ਼ੂਨ ਦੇ ਹਰ ਤਰ੍ਹਾਂ ਦੇ ਸੈੱਲ ਬਣਦੇ ਹਨ। ਹੱਡੀਆਂ ਹੀ ਦਿਮਾਗ਼ ਸੁਖਮਨਾ ਅਤੇ ਸਰੀਰ ਦੇ ਹੋਰ ਨਾਜ਼ੁਕ ਅੰਗਾਂ ਦੀ ਰਖਿਆ ਕਰਦੀਆਂ ਹਨ।

          ਬਣਤਰ–– ਬਹੁਤੀਆਂ ਹੱਡੀਆਂ, ਖਾਸ ਕਰਕੇ ਲੰਬੀਆਂ ਹੱਡੀਆਂ ਦੋ ਪ੍ਰਕਾਰ ਦੀਆਂ ਬਣਤਰਾਂ ਤੋਂ ਬਣੀਆਂ ਹੁੰਦੀਆਂ ਹਨ। ਇਨ੍ਹਾਂ ਦਾ ਸ਼ਾਫ਼ਟ ਨਿੱਗਰ ਹੱਡੀ ਤੋਂ ਬਣਦਾ ਹੈ ਅਤੇ ਫੁੱਲੇ ਹੋਏ ਸਿਰੇ ਜਾਂ ਐਪੀਫਿਸਿਸ ਅੰਦਰੋਂ ਪੋਲੀ ਸਪੰਜ ਵਰਗੀ ਹੱਡੀ ਦੇ ਅਤੇ ਬਾਹਰੋਂ ਨਿੱਗਰ ਹੱਡੀ ਦੀ ਤਹਿ ਨਾਲ ਕੱਜੇ ਹੁੰਦੇ ਹਨ। ਇਹ ਤਰਤੀਬ ਭਾਰ ਅਤੇ ਦਬਾਓ ਨੂੰ ਹੱਡੀ ਤੋਂ ਜੋੜ ਤਕ ਪਹੁੰਚਾਉਣ ਵਿਚ ਸਹਾਇਤਾ ਕਰਦੀ ਹੈ। ਪੋਲੀ ਅਤੇ ਨਿੱਗਰ ਹੱਡੀ ਦੀ ਅੰਦਰੂਨੀ ਬਣਤਰ ਵਿਚ ਕੋਈ  ਫ਼ਰਕ ਨਹੀਂ ਹੁੰਦਾ।  

     ਹੈਵਰਸ ਸਿਸਟਮ ਜਾਂ ਆਸਟੀਓਨ ਹੱਡੀ ਦੇ ਬਣਨ ਦਾ ਇਕ ਢੰਗ ਹੈ। ਇਹ ਇਕ ਅਨਿਯਮਿਤ ਵੇਲਣਾਕਾਰ ਅਤੇ ਸ਼ਾਖ਼ਾਵਾਂ ਵਾਲੀ ਖ਼ੁਰਦਬੀਨੀ ਬਣਤਰ ਹੈ ਜਿਸ ਦੀ ਭਿੱਤੀ ਮੋਟੀ ਪਰ ਵਿਚਲੀ ਨਾਲੀ ਬਰੀਕ ਹੁੰਦੀ ਹੈ। ਇਸ ਵਿਚ ਇਕ ਜਾਂ ਜ਼ਿਆਦਾ ਲਹੂ–ਵਹਿਣੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਰੁਖ ਆਮ ਤੌਰ ਤੇ ਲੰਬੇਦਾਅ ਹੁੰਦਾ ਹੈ। ਆਸਟੀਓਨ ਦੀਆਂ ਭਿੱਤੀਆਂ ਪਤਲੀਆਂ ਪਲੇਟਾਂ ਦੀਆਂ ਕਈ ਤਹਿਆਂ ਦੀਆਂ ਬਣੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਸੰਚਾ ਕਾਲਜੈੱਨ ਪ੍ਰੋਟੀਨ ਤੋਂ ਬਣਦਾ ਹੈ। ਇਹ ਪ੍ਰੋਟੀਨ ਹੱਡੀ ਦੇ ਜੀਵ ਮਾਦੇ ਦਾ 90% ਤੋਂ ਵੀ ਜ਼ਿਆਦਾ ਹਿੱਸਾ ਬਣਾਉਂਦੀ ਹੈ। ਹੱਡੀ ਦੇ ਉਬਾਲਨ ਉਤੇ ਜਿਹੜੀ ਸ਼੍ਰੇਸ਼ ਜਾਂ ਜਿਲੇਟਿਨ ਨਿਕਲਦੀ ਹੈ ਉਹ ਇਸੇ ਹੀ ਪ੍ਰੋਟੀਨ ਤੋਂ ਬਣਦੀ ਹੈ। ਹੈਵਰਸ ਸਿਸਟਮ ਦੀਆਂ ਤਹਿਆਂ ਵਿਚ ਬਹੁਤ ਸਾਰੀਆਂ ਵਿਰਲਾਂ ਹੁੰਦੀਆਂ ਹਨ ਜਿਨ੍ਹਾਂ ਵਿਚ ਸੈੱਲ ਹੁੰਦੇ ਹਨ। ਵਿਰਲਾਂ ਬਹੁਤ ਸਾਰੀਆਂ ਨਿੱਕੀਆਂ ਨਾਲੀਆਂ ਦੇ ਜਾਲ ਜਿਹੇ ਰਾਹੀਂ ਆਪਸ ਵਿਚ ਮਿਲੀਆਂ ਹੁੰਦੀਆਂ ਹਨ। ਇਹ ਨਾਲੀਆਂ ਖ਼ੂਨ ਤੋਂ ਉਪਜੀ ਹੋਈ ਤਰਲ ਖ਼ੁਰਾਕ ਹੱਡੀ ਦੇ ਟਿਸ਼ੂ ਤਕ ਪਹੁੰਚਾਉਂਦੀਆਂ ਹਨ।

     

ਹੱਡੀ ਦੇ ਸੈੱਲ ਖ਼ਾਸ ਖ਼ਾਸ ਕੰਮ ਕਰਦੇ ਹਨ। ਆਸਟੀਓਬਲਾਸਟ ਹੱਡੀ ਦੀ ਸਤ੍ਹਾ ਉਤੇ ਹੁੰਦੇ ਹਨ ਅਤੇ ਹੱਡੀ ਬਣਾਉਂਦੇ ਹਨ ; ਆਸਟੀਓਸਾਈਟ ਵਿਰਲਾਂ ਵਿਚ ਹੁੰਦੇ ਹਨ ਅਤੇ ਹੱਡੀ ਨੂੰ ਜੀਵਤ ਰਖਦੇ ਹਨ ; ਆਸਟੀਓਕਲਾਸਟ ਜਿਨ੍ਹਾਂ ਦਾ ਕੰਮ ਹੱਡੀ ਨੂੰ ਤੋੜਨਾ ਜਾਂ ਖੋਰਨਾ ਹੈ, ਵੀ ਹੱਡੀ ਦੀ ਸਤ੍ਹਾ ਉਤੇ ਹੀ ਹੁੰਦੇ ਹਨ। ਇਨ੍ਹਾਂ ਸਭ ਸੈੱਲਾਂ ਦੇ ਮੂਲ ਸੋਮੇ ਸਾਂਝੇ ਹਨ।

          ਹੱਡੀਆਂ ਬਾਹਰੋਂ ਇਕ ਪਰਿਅਸਥੀ ਝਿੱਲੀ ਜਾਂ ਪੈਰੀਅਾਸਟੀਅਮ ਨਾਲ ਢੱਕੀਆਂ ਹੁੰਦੀਆਂ ਹਨ। ਇਨ੍ਹਾਂ ਦੀ ਮਿੱਝ ਨਾਲ ਵੀ, ਜਿਹੜੀ ਘੱਟ ਤੋਂ ਘੱਟ ਭਾਰ ਨਾਲ ਵੱਧ ਤੋਂ ਵੱਧ ਸ਼ਕਤੀ ਦਿੰਦੀ ਹੈ, ਅੰਦਰੋਂ ਇਸੇ ਤਰ੍ਹਾਂ ਦੀ ਇਕ ਝਿੱਲੀ, ਐਂਡੋਸਟੀਅਮ ਨਾਲ ਢੱਕੀ ਹੁੰਦੀ ਹੈ। ਝਿੱਲੀਆਂ ਦੇ ਸੈੱਲ ਹੱਡੀਆਂ ਦਾ ਵਾਧਾ ਅਤੇ ਹੱਡੀ ਟੁੱਟ ਜਾਣ ਤੇ ਉਸ ਦੀ ਮੁਰੰਮਤ ਕਰਨ ਦਾ ਕੰਮ ਕਰਦੇ ਹਨ। ਜਦੋਂ ਇਹ ਸੈੱਲ ਹੱਡੀ ਬਣਾਉਂਦੇ ਹਨ ਤਾਂ ਇਹ ਆਸਟੀਓਬਲਾਸਟ ਸੈੱਲਾਂ ਵਾਲਾ ਕੰਮ ਕਰਦੇ ਹਨ ਅਤੇ ਵੇਖਣ ਵਿਚ ਵੀ ਉਨ੍ਹਾਂ ਵਰਗੇ ਹੀ ਲਗਦੇ ਹਨ।

          ਅੰਤਰਸੈੱਲੀ ਮਾਦਾ-ਹੱਡੀ ਦਾ ਅੰਤਰ ਸੈੱਲੀ ਹਿੱਸਾ ਕੈਲਸੀਅਮੀ ਕਾਲਜੈੱਨ ਮਾਦੇ ਦਾ ਬਣਿਆ ਹੁੰਦਾ ਹੈ। ਇਹ ਅੰਤਰ ਸੈੱਲੀ ਮਾਦਾ ਜੀਵ ਢਾਂਚਾ ਜਾਂ ਮੈਟ੍ਰਿਕਸ, ਖਣਿਜਾਂ ਅਤੇ ਪਾਣੀ ਦਾ ਬਣਿਆ ਹੁੰਦਾ ਹੈ। ਜੀਵ ਮੈਟ੍ਰਿਕਸ ਦੇ ਦੋ ਹਿੱਸੇ ਹੁੰਦੇ ਹਨ––ਕਾਲਜੈੱਨ ਧਾਗੇ ਅਤੇ ਆਧਾਰ ਪਦਾਰਥ । ਸਾਧਾਰਨ ਖ਼ੁਰਦਬੀਨ ਵਿਚ ਅੰਤਰਸੈੱਲੀ ਮਾਦਾ ਇਕਸਾਰ ਦਿਖਾਈ ਦਿੰਦਾ ਹੈ ਪਰ ਇਲੈੱਕਟ੍ਰਾਨੀ ਖ਼ੁਰਦਬੀਨ ਰਾਹੀਂ ਵਡਦਰਸ਼ਿਤ ਕਰਕੇ ਦੇਖਣ ਨਾਲ ਕਾਲਜੈੱਨ ਧਾਗੇ ਦਿਸਦੇ ਹਨ। ਇਹ ਧਾਗੇ ਦੂਹਰੀਆਂ ਪੱਟੀਆਂ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਇਕਸਾਰ ਵਿੱਥ ਉਤੇ ਕਾਟਵੇਂ ਧਾਗੇ ਹੁੰਦੇ ਹਨ। ਧਾਗਿਆਂ ਵਿਚਲੀ ਥਾਂ ਹੱਡੀ ਦੇ ਖਣਿਜਾਂ ਅਤੇ ਇਕ ਅੱਧਤਰਲ ਜਿਹੇ ਆਧਾਰ ਪਦਾਰਥ ਜਾਂ ਸੀਮੈਂਟ ਨਾਲ ਭਰੀ ਹੁੰਦੀ ਹੈ।

          ਹੱਡੀ ਖਣਿਜ ਜਾਂ ਹੱਡੀ ਲੂਣ ਤਕਰੀਬਨ 500 ਐਂਗਸਟ੍ਰਮ ਇਕਾਈ ਵੱਡੇ ਅਤੇ ਛੇਤੀ ਨਾ ਘੁਲਨ ਵਾਲੇ ਰਵਿਆਂ ਤੋਂ ਬਣਦੇ ਹਨ। ਇਹ ਛੇ–ਕੋਣੀ ਟਿੱਕੀਆਂ ਦੀ ਸ਼ਕਲ ਦੇ ਹੁੰਦੇ ਹਨ ਜੋ ਕਾਲਜੈੱਨ ਧਾਗਿਆ ਦੇ ਦੁਆਲੇ ਲੰਮੇ ਦਾਅ ਇਕ ਤਰਤੀਬ ਨਾਲ ਪਏ ਹੁੰਦੇ ਹਨ। ਇਲੈੱਕਟ੍ਰਾਨੀ ਖ਼ੁਰਦਬੀਨ ਵਿਚੋਂ ਦਿਸਦੀਆਂ ਧਾਰੀਆਂ ਇਨ੍ਹਾਂ ਹੀ ਰਵਿਆਂ ਕਰਕੇ ਹੁੰਦੀਆਂ ਹਨ। ਹੱਡੀ ਲੂਣ ਦੇ ਰਵਿਆਂ ਦੀ ਬਣਤਰ ਅਤੇ ਰਸਾਇਣਿਕ ਫ਼ਾਰਮੂਲਾ ਲਗਭਗ ਹੇਠ ਲਿਖੇ ਅਨੁਸਾਰ ਹੈ :

                             3Ca3 (PO4)2 . Ca (OH)2 (Hydroxyapatite)

          ਆਸਟੀਓਜੈਨਿਸਿਸ ਜਾਂ ਹੱਡੀ ਦੀ ਉਤਪਤੀ –– ਹੱਡੀ ਸਦਾ ਹੀ, ਗਰਭ ਸਮੇਂ ਅਤੇ ਬਾਅਦ ਵਿਚ ਵੀ, ਜੋੜਕ ਤੰਤੂਆਂ ਦੇ ਰੂਪਾਂਤਰਨ  ਨਾਲ ਬਣਦੀ ਹੈ। ਰੇਸ਼ੇਦਾਰ ਤੰਤੂ ਅਤੇ ਉਪ–ਅਸਥੀ (ਜਾਂ ਕਾਰਟੀਲੇਜ) ਜੋੜਕ ਤੰਤੂਆਂ ਦੀਆਂ ਹੀ ਕੁਝ ਵੰਨਗੀਆਂ ਹਨ। ਹੱਡੀ ਪਹਿਲਾਂ ਉਪ-ਅਸਥੀ ਤੋਂ ਬਣਨੀ ਸ਼ੁਰੂ ਹੁੰਦੀ ਹੈ ਜਾਂ ਇਹ ਸਿੱਧੀ ਹੀ ਰੇਸ਼ੇਦਾਰ ਤੰਤੂ ਤੋਂ ਬਣ ਸਕਦੀ ਹੈ। ਉਪ–ਅਸਥੀ ਤੋਂ ਹੱਡੀ ਬਣਨ ਦੇ ਢੰਗ ਨੂੰ ਅੰਤਰਾ ਉਪ–ਅਸਥੀ ਆਸੀਫ਼ਿਕੇਸ਼ਨ (ਅਸਥੀ–ਬਣਨ) ਅਤੇ ਰੇਸ਼ੇਦਾਰ ਤੰਤੂ ਤੋਂ ਹੱਡੀ ਬਣਨ ਨੂੰ ਅੰਤਰਾ ਝਿੱਲੀ ਅਸਥੀ–ਬਣਨ ਆਖਿਆ ਜਾਂਦਾ ਹੈ। ਹੱਡੀ ਦੇ ਵਾਧੇ ਸਮੇਂ ਅਤੇ ਹੱਡੀ ਟੁੱਟ ਜਾਣ ਤੇ ਦੋਵੇਂ ਹੀ ਢੰਗ ਕੰਮ ਆਉਂਦੇ ਹਨ।

          ਉਪ–ਅਸਥੀ ਤੋਂ ਬਣਨ ਵਾਲੀ ਹੱਡੀ ਦੇ ਸਿਰੇ ਉਤੇ, ਇਕ ਉਪ–ਅਸਥੀ ਦੀ ਪਲੇਟ ਹੁੰਦੀ ਹੈ ਜਿਸਨੂੰ ਐਪੀਫ਼ਿਸੀਅਲ ਕਾਰਟੀਲੇਜ ਕਹਿੰਦੇ ਹਨ। ਇਹ ਉਪ–ਅਸਥੀ ਲਗਾਤਾਰ ਵਧਦੀ ਰਹਿੰਦੀ ਹੈ ਅਤੇ ਇਸ ਵਿਚੋਂ ਹੱਡੀ ਬਣਦੀ ਰਹਿੰਦੀ ਹੈ ਅਤੇ ਇਸ ਤਰ੍ਹਾਂ ਹੱਡੀ ਦੀ ਲੰਬਾਈ ਵਧਦੀ ਜਾਂਦੀ ਹੈ। ਹੱਡੀ ਦੀ ਮੋਟਾਈ ਵਖਰੇ ਢੰਗ ਨਾਲ ਵਧਦੀ ਹੈ। ਇਸ ਵਿਚ ਮਿੱਝ ਨਾਲੀ ਵਲੋਂ ਹੱਡੀ ਖੁਰਦੀ ਜਾਂਦੀ ਹੈ ਅਤੇ ਬਾਹਰਲੀ ਪੈਰੀਆਸਟੀਅਮ ਸਤ੍ਹਾ ਵਧਦੀ ਜਾਂਦੀ ਹੈ।

          ਹੱਡੀ ਦਾ ਕੈਲਸੀਕਰਨ ਜੀਵ ਮੈਟ੍ਰਿਕਸ ਵਿਚ ਹੱਡੀ ਖਣਿਜਾਂ ਦੇ ਜਮ੍ਹਾਂ ਹੋਣ ਨਾਲ ਹੁੰਦਾ ਹੈ ਅਤੇ ਆਮ ਤੌਰ ਤੇ ਇਹ ਕ੍ਰਿਆ ਮੈਟ੍ਰਿਕਸ ਵਿਚ ਕਾਲਜੈੱਨ ਧਾਗੇ ਬਣਨ ਦੇ ਨਾਲ ਹੁੰਦੀ ਰਹਿੰਦੀ ਹੈ। ਕੈਲਸੀਕਰਨ ਲਈ ਕਈ ਸਥਾਨਕ ਅਤੇ ਕਈ ਰਸਾਇਣਿਕ ਅਵਸਥਾਵਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਰਸਾਇਣਿਕ ਅਵਸਥਾ ਤਰਲ ਪਦਾਰਥ ਅੰਦਰ ਲੋੜੀਂਦੇ ਖਣਿਜਾਂ ਦਾ ਕੈਲਸੀਕਰਨ ਵਾਲੀ ਥਾਂ ਤੇ ਲੋੜੀਂਦੀ ਮਾਤਰਾ ਵਿਚ ਪਹੁੰਚਾਉਣਾ ਜ਼ਰੂਰੀ ਹੈ। ਸਥਾਨਕ ਅਵਸਥਾਵਾਂ ਕਿਸੇ ਕਰੜਾ ਹੋਣ ਵਾਲੇ ਟਿਸ਼ੂ ਨੂੰ ਨਾ–ਕਰੜਾ ਹੋਣ ਵਾਲੇ ਟਿਸ਼ੂ ਤੋਂ ਵਖ ਕਰਨ ਵਾਲੀਆਂ ਹੁੰਦੀਆਂ ਹਨ।

          ਫਿਜ਼ਿਆਲੋਜੀ–– ਹੱਡੀ ਲੂਣ ਜ਼ਰਾ ਔਖਿਆਈ ਨਾਲ ਘੁਲਦੇ ਹਨ ਅਤੇ ਇਸ ਦੀ ਕ੍ਰਿਆਤਮਕ ਤੌਰ ਤੇ ਬੜੀ ਮਹੱਤਤਾ ਹੈ। ਇਸ ਗੁਣ ਕਰਕੇ, ਨਾ ਸਿਰਫ਼ ਹੱਡੀ ਖਣਿਜ ਜਮ੍ਹਾਂ ਹੀ ਹੁੰਦੇ ਹਨ ਸਗੋਂ ਇਹ ਹੱਡੀ ਦੀ ਬਣਤਰ ਅਤੇ ਕਠੋਰਤਾ ਵੀ ਕਾਇਮ ਰਖਦੇ ਹਨ। ਇਸ ਦੀ ਪਿੰਜਰ ਅਤੇ ਸਰੀਰ ਦੇ ਤਰਲ ਵਿਚ ਖਣਿਜਾਂ ਦੀ ਮਾਤਰਾ ਸੰਤੁਲਿਤ ਰਖਣ ਵਿਚ ਮਹਾਨਤਾ ਹੈ। ਹਰ ਪ੍ਰੋੜ ਜੀਵ ਕੈਲਸ਼ੀਅਮ ਦੀ ਇਕ ਸੰਤੁਲਿਤ ਅਵਸਥਾ ਵਿਚ ਹੁੰਦਾ ਹੈ ਅਰਥਾਤ ਕੈਲਸ਼ੀਅਮ ਦਾ ਉਤਪਾਦਨ ਅਤੇ ਨਿਵੇਸ਼ ਬਰਾਬਰ ਹੁੰਦਾ ਹੈ ਅਰਥਾਤ ਹੱਡੀ ਖਣਿਜਾਂ ਦੇ ਜਮ੍ਹਾਂ ਹੋਣ ਅਤੇ ਘੁਲਨ ਦੀ ਦਰ ਬਰਾਬਰ ਰਹਿੰਦੀ ਹੈ।

          ਲਹੂ–ਪਲਾਜ਼ਮਾਂ ਵਿਚ ਕੈਲਸ਼ੀਅਮ ਆਇਨਾਂ ਦੀ ਸੰਘਣਤਾ ਦੀ ਹੋਮਿਓਸਟੈਟਿਕ ਨਿਯਮਿਤਤਾ ਰਖਣ ਲਈ ਖ਼ੂਨ ਅਤੇ ਹੱਡੀਆਂ ਵਿਚ, ਦੋਹਾਂ ਦਿਸ਼ਾਵਾਂ ਵਲ, ਕੈਲਸ਼ੀਅਮ ਆਇਨਾਂ ਦੀ ਅਦਲਾ ਬਦਲੀ ਦੀ ਨਿਯਮਿਤਤਾ ਜ਼ਰੂਰੀ ਹੈ। ਦਿਲ ਅਤੇ ਨਾੜੀ–ਪੇਸ਼ੀ ਸਿਸਟਮ ਦੇ ਕੰਮ ਕਰਨ ਲਈ ਅਤੇ ਖ਼ੂਨ ਦੇ ਜੰਮਣ ਲਈ, ਅਰਥਾਤ ਜਿਉਂਦੇ ਰਹਿਣ ਲਈ ਹੀ ਇਸ ਸੰਘਣਤਾ ਦਾ ਲਗਭਗ ਸਥਿਰ ਤਲ ਜ਼ਰੂਰੀ ਹੈ। ਪੈਰਾੱਖਾਇਰਾੱਇਡ ਗਲੈਂਡ ਇਸ ਨਿਯਮਿਤਤਾ ਨੂੰ ਰਖਣ ਵਿਚ ਸਹਾਇਤਾ ਕਰਦਾ ਹੈ।

          ਸਾਰੀ ਜ਼ਿੰਦਗੀ ਹੈਵਰਸ ਸਿਸਟਮ ਦੀ ਨਵਉਸਾਰੀ ਹੁੰਦੀ ਰਹਿੰਦੀ ਹੈ। ਇਹ ਖ਼ੂਨ ਅਤੇ ਹੱਡੀਆਂ ਵਿਚ ਕੈਲਸ਼ੀਅਮ ਦੀ ਘਾਟ ਵਾਧ ਦੀ ਨਿਯਮਿਤਤਾ ਨਾਲ ਸਬੰਧਤ ਹੈ। ਸਖ਼ਤ ਹੱਡੀ ਵਿਚ ਸੁਰੰਗਾਂ ਜਿਹੀਆਂ ਬਣ ਜਾਂਦੀਆਂ ਹਨ ਜਿਨ੍ਹਾਂ ਵਿਚ ਬਾਅਦ ਵਿਚ ਨਵਾਂ ਹੈਵਰਸ ਸਿਸਟਮ ਬਣਦਾ ਹੈ। ਸੁਰੰਗ ਦੀ ਦੀਵਾਰ ਤੇ ਪਤਲੀਆਂ ਪਲੇਟਾਂ ਜਾਂ ਲਮੈਲੀ ਉਦੋਂ ਤਕ ਜਮ੍ਹਾਂ ਹੁੰਦੀਆਂ ਰਹਿੰਦੀਆਂ ਹਨ ਜਦੋਂ ਤਕ ਸਧਾਰਨ ਅਕਾਰ ਦੀ ਹੈਵਰਸ ਨਾਲੀ ਬਾਕੀ ਰਹਿ ਜਾਂਦੀ ਹੈ। ਇਸ ਸਮੇਂ ਦੇ ਦੌਰਾਨ ਹੱਡੀ ਪ੍ਰਤਿਕ੍ਰਿਆਸ਼ੀਲ ਰਹਿੰਦੀ ਹੈ। ਹੱਡੀ ਦਾ ਖੁਰਨਾ ਹਮੇਸ਼ਾ ਸਤ੍ਹਾ ਤੋਂ ਅੰਦਰ ਵਲ ਨੂੰ ਚਲਦਾ ਹੈ, ਅੰਦਰੋਂ ਬਾਹਰ ਵਲ ਨਹੀਂ ; ਨਾ ਹੀ ਕਦੀ ਵਿਚਕਾਰੋਂ ਹੱਡੀ ਖੁਰਦੀ ਹੈ। ਨਵੀਂ ਹੱਡੀ ਦਾ ਬਣਨਾ ਅਤੇ ਹੱਡੀ ਦਾ ਖੁਰਨਾ ਦੋਵੇਂ ਪੂਰਨ ਕਿਰਿਆਵਾਂ ਹਨ ਅਤੇ ਇਕੱਠੀਆਂ ਹੀ ਹੁੰਦੀਆਂ ਰਹਿੰਦੀਆਂ ਹਨ। ਹੱਡੀ ਦੇ ਵਾਧੇ ਅਤੇ ਇਸਦੀ ਸਥਿਰ ਨਵਉਸਾਰੀ ਲਈ ਦੋਨੋਂ ਜ਼ਰੂਰੀ ਹਨ। ਹੱਡੀ ਦਾ ਖੁਰਨਾ ਕੁਝ ਹਦ ਤਕ ਪੈਰਾਥਾਇਰਾੱਇਡ ਗਲੈਂਡ ਰਾਹੀਂ ਕੰਟਰੋਲ ਹੁੰਦਾ ਹੈ।

          ਬਹੁਤੇ ਰੇਡੀਓ–ਐੱਕਟਿਵ ਤੱਤਾਂ, ਖ਼ਾਸ ਕਰਕੇ ਰੇਡੀਅਮ ਅਤੇ ਸਟ੍ਰਾਂਸ਼ੀਅਮ ਦਾ ਪਿੰਜਰ ਸਿਸਟਮ ਨਾਲ ਸਬੰਧ ਹੈ, ਜਿਥੇ ਉਹ ਬਹੁਤ ਸਮੇਂ ਤਕ ਜਮ੍ਹਾਂ ਰਹਿੰਦੇ ਹਨ ਅਤੇ ਹੱਡੀ ਮਿੱਝ ਅਤੇ ਹੱਡੀ ਟਿਸ਼ੂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ‘ਬੋਨ ਸਕਰੋਮਾ’ ਵੀ ਹੋ ਜਾਂਦਾ ਹੈ।

                                      ਹੱਡੀਆਂ ਦੇ ਨੁਕਸ

          ਹੱਡੀਆਂ ਵਿਚ ਕਈ ਪ੍ਰਕਾਰ ਦੇ ਨੁਕਸ ਸੱਟ ਲਗਣ ਜਾਂ ਕੋਈ ਰੋਗ ਹੋ ਜਾਣ ਕਾਰਨ ਪੈਦਾ ਹੁੰਦੇ ਹਨ। ਇਹ ਨੁਕਸ ਜਮਾਂਦਰੂ, ਮੈਟਾਬੋਲਿਕ ਵਿਗਾੜਾਂ, ਛੂਤ ਦੇ ਰੋਗਾਂ, ਹੱਡੀ ਟੁੱਟ ਜਾਣ ਜਾਂ ਗਮੋੜ੍ਹੀਆਂ ਹੋਣ ਕਰਕੇ ਪੈਦਾ ਹੁੰਦੇ ਹਨ।

          ਜਮਾਂਦਰੂ ਨੁਕਸ–– ਭਾਵੇਂ ਇਨ੍ਹਾਂ ਦੇ ਕਾਰਨਾਂ ਦਾ ਪਤਾ ਨਹੀਂ ਹੈ ਪਰ ਫਿਰ ਵੀ ਇਨ੍ਹਾਂ ਨੁਕਸਾਂ ਵਿਚ ਕਿਸੇ ਹੱਡੀ ਦੀ ਅਣਹੋਂਦ, ਦੂਹਰਾਪਨ, ਗ਼ਲਤ ਜਗ੍ਹਾ ਤੇ ਲਗੇ ਹੋਣ  ਜਾਂ ਇਕ ਹਿੱਸੇ ਵਿਚ ਵਿਗਾੜ ਕਰਕੇ ਸਾਰੇ ਪਿੰਜਰ ਸਿਸਟਮ ਵਿਚ ਵਿਗਾੜ ਆਦਿ ਸ਼ਾਮਲ ਹਨ। ਜੇ ਉਪ–ਅਸਥੀ ਦੇ ਵਾਧੇ ਤੇ ਅਸਰ ਪੈਂਦਾ ਹੈ ਤਾਂ ਹੱਡੀ ਦੇ ਲੰਮੇ ਦਾਅ ਦਾ ਵਾਧਾ ਅਸਧਾਰਨ ਹੋ ਜਾਂਦਾ ਹੈ ਤੇ ਇਹ ਨੁਕਸ ਜੇਕਰ ਜਨਮ ਸਮੇਂ ਨਾ ਵੀ ਹੋਣ ਤਾਂ ਕੁਝ ਸਮੇਂ ਬਾਅਦ ਪ੍ਰਗਟ ਹੋ ਸਕਦੇ ਹਨ। ਇਸਦੀ ਸਭ ਤੋਂ ਪ੍ਰਚਲਿਤ ਉਦਾਹਰਨ ਸਰਕਸ ਡਵਾਰਫ਼ (ਛੋਟੇ ਕੱਦ ਦਾ ਬਾਜ ) ਹੈ ਜਿਸ ਦਾ ਸਿਰ ਵੱਡਾ, ਧੜ ਲੰਮਾ ਅਤੇ ਹੋਰ ਹਿੱਸੇ ਬਹੁਤ ਛੋਟੇ ਹੁੰਦੇ ਹਨ। ਇਸ ਤਰ੍ਹਾਂ ਦੇ ਇਕ ਹੋਰ ਵਿਗਾੜ ਨੂੰ ਐਪੀਫਿਸੀਆਲਸਿਸ ( Epiphyseolysis) ਕਹਿੰਦੇ ਹਨ। ਇਸ ਵਿਚ ਸਾਰਾ ਐਪੀਫਿਸਿਸ ਉਪ–ਅਸਥੀ ਖੇਤਰ ਵਿਚ ਪੱਟ–ਹੱਡੀ ਦੀ ਗਰਦਨ ਤੇ ਚੜ੍ਹ ਜਾਂਦਾ ਹੈ। ਜੇਕਰ ਨੁਕਸ ਦਾ ਜਲਦੀ ਹੀ ਪਤਾ ਲਗ ਜਾਵੇ ਤਾਂ ਸੌਖੇ ਹੀ ਇਲਾਜ ਹੋ ਸਕਦਾ ਹੈ ਪਰ ਜੇ ਕੋਈ ਖ਼ਾਸ ਵਿਗਾੜ ਪੈਦਾ ਹੋ ਚੁਕਿਆ ਹੋਵੇ ਤਾਂ ਇਹ ਵੱਡੇ ਆਪ੍ਰੇਸ਼ਨ ਰਾਹੀਂ ਠੀਕ ਹੋ ਜਾਂਦਾ ਹੈ।

          ਮੈਟਾਬੋਲਿਕ ਵਿਗਾੜ–– ਹੱਡੀਆਂ ਜੀਵਤ ਅਤੇ ਕ੍ਰਿਆਸ਼ੀਲ ਅੰਗ ਹਨ ਜੋ ਲਗਭਗ ਇਕੋ ਹੀ ਸਮੇਂ ਖੁਰਦੀਆਂ ਤੇ ਦੁਬਾਰਾ ਬਣਦੀਆਂ ਰਹਿੰਦੀਆਂ ਹਨ। ਸਧਾਰਨ ਹਾਲਤਾਂ ਵਿਚ ਇਹ ਦੋਵੇਂ ਅਮਲ ਸੰਤੁਲਨ ਵਿਚ ਰਹਿੰਦੇ ਹਨ। ਹੱਡੀਆਂ ਜਿਸ ਤੰਤੂ ਨੂੰ ਸਹਾਰਾ ਦਿੰਦੀਆਂ ਹੋਣ ਉਸ ਦੀ ਆਮ ਹਾਲਤ ਨੂੰ ਵੀ ਦਰਸਾਉਂਦੀਆਂ ਹਨ। ਇਸੇ ਲਈ ਕੋਈ ਵੀ ਚੀਜ਼ ਜੇ ਕਿਸੇ ਮਨੁੱਖ ਦੇ ਮੈਟਾਬੋਲਿਜ਼ਮ (ਭੰਨ ਘੜ ਕ੍ਰਿਆ) ਵਿਚ ਵਿਘਨ ਪਾਉਂਦੀ ਹੋਵੇ, ਉਸਦੇ ਪਿੰਜਰ ਸਿਸਟਮ ਤੇ ਜ਼ਰੂਰ ਅਸਰ ਪਾਉਂਦੀ ਹੈ। ਵਿਟਾਮਿਨ C ਜਾਂ D ਦੀ ਘਾਟ ਕਾਰਨ ਕ੍ਰਮਵਾਰ ਦੰਦਾਂ ਦਾ ਰੋਗ ਅਤੇ ਸੋਕੇ ਦਾ ਰੋਗ ਹੋ ਜਾਂਦੇ ਹਨ। ਪੈਰਾੱਥਾਇਰਾੱਇਡ ਗਲੈਂਡ, ਗੁਰਦੇ, ਮਿਹਦਾ–ਆਂਦਰ ਨਲੀ ( ਗੈਸਟ੍ਰੋਇਨਟੈਸਟਾਈਨਲ ਟਰੈਕਨਾ) ਜਾਂ ਗੁਰਦੇ ਲਾਗਲਾ ਗਲੈਂਡ ( ਐਡ੍ਰੀਨਲ ਗਲੈਂਡ) ਜਾਂ ਤਕਰੀਬਨ ਕਿਸੇ ਵੀ ਅੰਗ ਜਾਂ ਸਿਸਟਮ ਦੇ ਕੰਮ ਵਿਚ ਵਿਗਾੜ ਪੈ ਜਾਣ ਕਾਰਨ ਹੱਡੀਆਂ ਵਿਚ ਤਬਦੀਲੀ ਆ ਸਕਦੀ ਹੈ। ਇਨ੍ਹਾਂ ਹਾਲਤਾਂ ਵਿਚ ਇਲਾਜ ਉਸ ਬਿਮਾਰੀ ਨੂੰ ਠੀਕ ਕਰਨ ਤੇ ਹੁੰਦਾ ਹੈ।

          ਛੂਤ ਦੇ ਰੋਗ––ਹੱਡੀਆਂ ਵਿਚ ਲਾਗ ਕਿਸੇ ਵੀ ਰੋਗ ਸੰਚਾਰੀ ਏਜੰਟ ਦੁਆਰਾ ਸ਼ੁਰੂ ਹੋ ਸਕਦੀ ਹੈ ਪਰ ਜ਼ਿਆਦਾਤਰ ਇਹ ਪਾਇਓਜੈਨਿਕ (ਪੀਕ ਬਨਾਉਣ ਵਾਲੇ) ਜੀਵਾਂ ਜਾਂ ਟਿਊਬਰਕਲ ਬਸਿਲਾਈ ਤੋਂ ਪੈਦਾ ਹੁੰਦਾ ਹੈ। ਸੰਨ 1940 ਵਿਚ ਰਸਾਇਣ–ਚਿਕਿਤਸਾ ਅਤੇ ਪ੍ਰਤਿ–ਜੀਵਾਣੂ ਦਵਾਈਆਂ ਦੀ ਕਾਢ ਤੋਂ ਪਹਿਲਾਂ ਹੱਡੀਆਂ ਦੀ ਪਾਇਓਜੈਨਿਕ ਆਸਟੀਓਮਾਈਲਿਟਿਸ ਬਿਮਾਰੀਆਂ ਬਾਰੇ ਬੜੀ ਭਾਰੀ ਮੁਸ਼ਕਲ ਪੇਸ਼ ਆਉਂਦੀ ਸੀ। ਇਸ ਤੋਂ ਬਾਅਦ ਆਸਟੀਓਮਾਈਲਿਟਿਸ ਬਿਮਾਰੀ ਬਹੁਤ ਹੀ ਘਟ ਗਈ। ਪ੍ਰਤਿ–ਜੀਵਾਣੂ ਦਵਾਈਆਂ ਨੇ ਟਿਊਬਰਕਿਓਲਸ ਆਸੀਟੀਓਮਾਈਲਿਟਿਸ ਦੇ ਇਲਾਜ ਵਿਚ ਵੀ ਕਾਫ਼ੀ ਮਦਦ ਦਿੱਤੀ ਹੈ। ਇਸ ਬਿਮਾਰੀ ਨਾਲ  ਜ਼ਿਆਦਾ ਰੀੜ੍ਹ ਦੀ ਹੱਡੀ, ਚੂਲੇ ਅਤੇ ਗੋਡੇ ਤੇ ਅਸਰ ਪੈਂਦਾ ਹੈ ਪਰ ਕੋਈ ਵੀ ਅੰਗ ਇਸ ਦੇ ਅਸਰ ਤੋਂ ਬਚਿਆ ਨਹੀਂ ਰਹਿ ਸਕਦਾ।

          ਗੰਢਾਂ–– ਹੱਡੀਆਂ ਦੀਆਂ ਗੰਢਾਂ ਜ਼ਿਆਦਾ ਪ੍ਰਚਲਿਤ ਤਾਂ ਨਹੀਂ ਹਨ ਪਰ ਫਿਰ ਵੀ ਜਦ ਕਦੀ ਇਹ ਪੈਦਾ ਹੋ ਜਾਣ ਤਾਂ ਆਪ੍ਰੇਸ਼ਨ ਕਰਕੇ ਕੱਢ ਦਿੱਤੀਆਂ ਜਾਂਦੀਆਂ ਹਨ। ਕਾਰਨੀਕੋਮਾ ( ਕੈਂਸਰ) ਕਦੀ ਵੀ ਹੱਡੀ ਵਿਚੋਂ ਪੈਦਾ ਨਹੀਂ ਹੁੰਦਾ ਸਗੋਂ ਹੋਰ ਹਿੱਸਿਆਂ ਤੋਂ ਉਤਪੰਨ ਹੋ ਕੇ ਹੱਡੀ ਵਲ ਨੂੰ ਵਧਦਾ ਹੈ। ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਸਖ਼ਤ ਦਰਦ ਉਠਦਾ ਹੈ ਅਤੇ ਉਹ ਨਿਕਾਰੇ ਵੀ ਹੋ ਸਕਦੇ ਹਨ। ਕੋਈ ਪੱਕਾ ਇਲਾਜ ਸੰਭਵ ਨਹੀਂ ਹੁੰਦਾ ਪਰ ਫਿਰ ਵੀ ਇਲਾਜ ਸਦਕਾ ਮਰੀਜ਼ ਦੀ ਉਮਰ ਵਧਾਈ ਜਾ ਸਕਦੀ ਹੈ ਅਤੇ ਉਸਨੂੰ ਆਰਾਮਦਾਇਕ ਬਣਾਇਆ ਜਾ ਸਕਦਾ ਹੈ। ਹੱਡੀਆਂ ਵਿਚ ਉਤਪੰਨ ਅਸਧਾਰਨਤਾਵਾਂ ਨੂੰ ਸਰਕੋਮਾ ਕਿਹਾ ਜਾਂਦਾ ਹੈ। ਕਿਸੇ ਵੀ ਤੰਤੂ ਦੇ ਹਿੱਸੇ ਤੋਂ ਇਹ ਅਸਧਾਰਨਤਾਵਾਂ ਪੈਦਾ ਹੋ ਸਕਦੀਆਂ ਹਨ ਪਰ ਤਿੰਨ ਮੁੱਖ ਕਿਸਮਾਂ ਉਹ ਹਨ ਜੋ ਧਾਗੇਦਾਰ ਹੱਡਲ ਜਾਂ ਉਪ–ਅਸਥੀ ਤੰਤੂ ਬਣਾਉਂਦੀਆਂ ਹਨ। ਇਨ੍ਹਾਂ ਦੇ ਇਲਾਜ ਲਈ ਇਕੋ ਇਕ ਆਸ ਉਸ ਅੰਗ ਨੂੰ ਪੂਰੀ ਤਰ੍ਹਾਂ ਕੱਢ ਦੇਣ ਦੀ ਹੀ ਰਹਿ ਜਾਂਦੀ ਹੈ। ਸਮਸਥਾਨਕ ਕੈੱਮੋਥੈਰੈਪੀ ਤੇ ਕਿਰਨ–ਪ੍ਰਭਾਵਨ ਆਦਿ ਇਲਾਜ ਦੇ ਤਰੀਕੇ ਕਾਫ਼ੀ ਲਾਭਵੰਦ ਸਿਧ ਹੋਏ ਹਨ।

          ਹੱਡੀ ਟੁੱਟਣੀ-ਹੱਡੀ ਟੁੱਟਣਾ, ਹੱਡੀ ਦੀਆਂ ਸਭ ਤੋਂ ਪ੍ਰਚਲਿਤ ਸੱਟਾਂ ਵਿਚੋਂ ਹੈ ਆਮ ਤੌਰ ਤੇ ਇਹ ਦੰਗੇ ਫਸਾਦਾਂ ਕਾਰਨ ਟੁੱਟਦੀਆਂ ਹਨ। ਪਰੰਤੂ ਜਦ ਕੋਈ ਹੱਡੀ ਅਸਧਾਰਾਨ ਹੋਵੇ ਤਾਂ ਇਹ ਕਿਸੇ ਵੀ ਘਟਨਾ ਕਾਰਨ ਜਾਂ ਕਿਸੇ ਬਿਮਾਰੀ ਦੇ ਕਾਰਨ ਖੁਰਨ ਤੇ ਵੀ ਟੁੱਟ ਸਕਦੀ ਹੈ। ਜੇਕਰ ਨਰਮ ਤੰਤੂ ਇਸ ਤਰ੍ਹਾਂ ਖਰਾਬ ਹੋ ਗਿਆ ਹੋਵੇ ਕਿ ਟੁੱਟੀ ਹੋਈ ਹੱਡੀ ਸਾਫ਼ ਨਜ਼ਰ ਆਵੇ ਤਾਂ ਇਸਨੂੰ ‘ਖੁੱਲ੍ਹਾ ਫ਼ਰੈਕਚਰ’ ਕਿਹਾ ਜਾਂਦਾ ਹੈ ਨਹੀਂ ਤਾਂ ਇਸਨੂੰ ‘ਬੰਦ ਫਰੈਕਚਰ’ ਕਿਹਾ ਜਾਂਦਾ ਹੈ।

          ਟੁੱਟੀ ਹੱਡੀ ਦੇ ਇਲਾਜ ਵੇਲੇ ਹੱਡੀ ਦੇ ਸਾਰੇ ਹੀ ਟੁੱਟੇ ਹੋਏ ਹਿੱਸਿਆ ਨੂੰ ਬਹੁਤ ਨੇੜੇ ਲਿਆ ਕੇ ਉਨ੍ਹਾਂ ਦੀ ਅਸਲੀ ਹਾਲਤ ਵਿਚ ਉਨਾਂ ਚਿਰ ਰਖਣਾ ਚਾਹੀਦਾ ਹੈ ਜਿੰਨਾਂ ਚਿਰ ਹੱਡਲ ਜੋੜ ਪੂਰੀ ਤਰ੍ਹਾਂ ਨਹੀਂ ਜੁੜ ਜਾਂਦਾ। ਇਲਾਜ ਦੇ ਇਨ੍ਹਾਂ ਸਿਧਾਂਤਾਂ ਨੂੰ ਲਾਗੂ ਕਰਨਾ ਮਰੀਜ਼ ਦੀ ਸਧਾਰਨ ਹਾਲਤ, ਉਮਰ ਅਤੇ ਹੱਡੀ ਟੁੱਟਣ ਦੀ ਜਗ੍ਹਾ ਤੇ ਨਿਰਭਰ ਕਰਦਾ ਹੈ।

          ਇਹ ਠੀਕ ਹੈ ਕਿ ਵੱਡੀ ਉਮਰ ਦੇ ਮਰੀਜ਼ ਦੀ ਟੁੱਟੀ ਹੱਡੀ ਨਾਲੋਂ ਬੱਚੇ ਦੀ ਟੁੱਟੀ ਹੱਡੀ ਜ਼ਿਆਦਾ ਆਸਾਨੀ ਨਾਲ ਜੁੜ ਸਕਦੀ ਹੈ ਤੇ ਸਮਾਂ ਪੈਣ ਤੇ ਇਸ ਵਿਚ ਆਈ ਕੋਈ ਵੀ ਕਰੂਪਤਾ ਦੂਰ ਹੋ ਜਾਂਦੀ ਹੈ। ਬੱਚਿਆਂ ਦੀਆਂ ਟੁੱਟੀਆਂ ਹੱਡੀਆਂ ਜੋੜਨ ਲਈ ਆਪ੍ਰੇਸ਼ਨ ਦੀ ਬਹੁਤ ਹੀ ਘੱਟ ਲੋੜ ਪੈਂਦੀ ਹੈ ਕਿਉਂਕਿ ਜੋੜ ਬਹੁਤ ਨਰਮ ਹੁੰਦੇ ਹਨ ਤੇ ਜੇਕਰ ਹਿਲਾਏ ਜੁਲਾਏ ਨਾ ਜਾਣ ਤਾਂ ਜਲਦੀ ਹੀ ਜੁੜ ਜਾਂਦੇ ਹਨ।

          ਬਾਲਗ਼ ਦੀ ਕਿਸੇ ਵੱਡੀ ਹੱਡੀ ਦਾ ਜੋੜਨਾ ਕਾਫ਼ੀ ਹੁਨਰ ਤੇ ਸਮਾਂ ਮੰਗਦਾ ਹੈ। ਜਿਵੇਂ ਗੁੱਟ ਦੀ ਹੱਡੀ ਦੇ ਕਈ ਟੁਕੜਿਆਂ ਨੂੰ ਸਧਾਰਨ ਮਾਲਸ਼ ਕਰਕੇ ਪਲੱਸਤਰ ਵਿਚ ਬੰਨ੍ਹ ਕੇ ਠੀਕ ਕੀਤਾ ਜਾ ਸਕਦਾ ਹੈ। ਕਈ ਹਾਲਤਾਂ ਵਿਚ ਆਪ੍ਰੇਸ਼ਨ ਕਰਕੇ ਹੱਡੀ ਦੇ ਟੋਟੇ ਜੋੜ ਲਏ ਜਾਂਦੇ ਹਨ ਤੇ ਇਨ੍ਹਾਂ ਨੂੰ ਕਿਸੇ ਧਾਤ ਦੇ ਟੁਕੜੇ ਨਾਲ ਕਸ ਕੇ ਇਕ ਥਾਂ ਤੇ ਟਿਕਾਇਆ ਜਾਂਦਾ ਹੈ। ਕਈ ਵਾਰੀ ਕਈ ਮਰੀਜ਼ਾਂ ਦੀਆਂ ਟੁੱਟੀਆਂ ਹੱਡੀਆਂ ਇਕ ਤੋਂ ਵੱਧ ਤਰੀਕਿਆਂ ਨਾਲ ਠੀਕ ਕਰਨ ਦੀ ਲੋੜ ਪੈਂਦੀ ਹੈ ; ਜਦੋਂ ਕਿਸੇ ਇਕ ਜੋੜ ਲਈ ਕਾਸਟ, ਦੂਜੇ ਲਈ ਟ੍ਰੈਕਸ਼ਨ ਤੇ ਤੀਜੇ ਲਈ ਸਰੀਰਕ ਕਸਰਤਾਂ ਦੀ ਲੋੜ ਪੈਂਦੀ ਹੈ।

          ਜੇਕਰ ਕਿਸੇ ਟੁੱਟੀ ਹੱਡੀ ਦੇ ਜੋੜਨ ਵਿਚ ਅਣਜਾਣ ਇਲਾਜ, ਕੋਈ ਲਾਗ ਜਾਂ ਕੋਈ ਹੋਰ ਗੁੰਝਲਦਾਰ ਉਲਝਨ ਨਾ ਪਾਵੇ ਤਾਂ ਇਹ ਜੋੜ ਆਪਣੇ ਆਪ ਹੀ ਜੁੜ ਜਾਂਦੇ ਹਨ। ਟੁੱਟੇ ਹੋਏ ਹਿੱਸੇ ਤੇ ਇਕ ਦਮ ਹੀਮੋਟੋਮਾ (ਖ਼ੂਨ ਦਾ ਇੱਕਠ) ਇਕੱਠਾ ਹੋ ਜਾਂਦਾ ਹੈ ਜਿਸ ਦੀ ਜਗ੍ਹਾ ਬਾਅਦ ਵਿਚ ਸੰਗਠਿਤ ਸਕਾਰ ਟਿਸ਼ੂ ਲੈ ਲੈਂਦੇ ਹਨ। ਭਾਵੇਂ ਹੱਡੀ ਦੇ ਟੁੱਟੇ ਹੋਏ ਹਿੱਸੇ ਦੇ ਸੈੱਲ ਮਰ ਜਾਂਦੇ ਹਨ ਪਰ ਫਿਰ ਵੀ ਸਤ੍ਹਾ ਦੇ ਕਈ ਸੈਲ ਜੀਉਂਦੇ ਹੁੰਦੇ ਹਨ ਤੇ ਇਹ ਜਲਦੀ ਵਧਣਾ ਸ਼ੁਰੂ ਕਰ ਦਿੰਦੇ ਹਨ। ਸਭ ਪਾਸਿਆਂ ਤੋਂ ਨਵੀਂ ਹੱਡੀ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਟੁੱਟੇ ਹੋਏ ਦੋ ਟੋਟੇ ਜੁੜ ਜਾਂਦੇ ਹਨ। ਨਵੀਂ ਹੱਡੀ ਕੈਲਸ਼ੀਅਮ ਖ਼ੂਨ ਤੋਂ ਲੈ ਲੈਂਦੀ ਹੈ।

          ਹੱਡੀਆਂ ਦੇ ਕਈ ਜੋੜ ਜੋ ਟੁੱਟ ਜਾਣ ਤੇ ਬਹੁਤ ਹੀ ਮੁਸ਼ਕਲ ਨਾਲ ਜੁੜਨ ਵਿਚ ਆਉਂਦੇ ਹਨ, ਸਪੈਸ਼ਲ ਇਲਾਜ ਦੀ ਮੰਗ ਕਰਦੇ ਹਨ। ਇਨ੍ਹਾਂ ਨਾਲ ਕਈ ਵਾਰੀ ਖ਼ੂਨ ਦੀ ਸਪਲਾਈ ਵਿਚ ਰੁਕਾਵਟ ਪੈਂਦੀ ਹੈ ਜਿਵੇਂ ਕਿ ਐਸਟ੍ਰੈਗੈਲਸ (ਗਿੱਟਾ), ਨੈਵੀਕਿਊਲਰ (ਗੁੱਟ ਦੀ ਹੱਡੀ ) ਅਤੇ ਪੱਟ ਦੀ ਹੱਡੀ ਦੀ ਗਰਦਨ ਦੇ ਟੁੱਟਣ ਨਾਲ।

          ਇਨ੍ਹਾਂ ਹਾਲਤਾਂ ਵਿਚ ਹੱਡੀਆਂ ਦਾ ਜੁੜਨਾ ਮੁਸ਼ਕਲ ਹੁੰਦਾ ਹੈ; ਜੇਕਰ ਜੋੜ ਲੱਗ ਵੀ ਜਾਵੇ ਤਾਂ ਨਿਰਜੀਵ ਹੱਡੀ ਨੂੰ ਕਾਫ਼ੀ ਸਾਂਭਣ ਦੀ ਲੋੜ ਪੈਂਦੀ ਹੈ ਜਿੰਨਾ ਚਿਰ ਨਵੀਂ ਜੀਵਤ ਹੱਡੀ ਨਹੀਂ ਬਣ ਜਾਂਦੀ । ਕਈ ਹਾਲਤਾਂ ਵਿਚ ਵਿਗਾੜ ਪੈਣ ਕਰਕੇ ਸਖਤ ਪੀੜ ਵਾਲਾ ਹੱਡਾ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਸਰਜੀਕਲ ਆਪ੍ਰੇਸ਼ਨ ਕਰਨ ਨਾਲ ਇਹ ਰੋਗ ਦੂਰ ਹੋ ਸਕਦੇ ਹਨ। ਆਧੁਨਿਕ ਤਰੀਕੇ ਜਿਨ੍ਹਾਂ ਵਿਚ ਹੱਡੀ ਦਾ ਸਰਜੀਕਲ ਵਿਧੀ ਨਾਲ ਕੱਟਣਾ ਤੇ ‘ਬੋਨ ਗਰਾਫਟਿੰਗ’ ਤੇ ਧਾਤ ਜਾਂ ਸਿੰਥੈਟਿਕ ਟੁਕੜਿਆਂ ਦੀ ਵਰਤੋਂ ਸ਼ਾਮਲ ਹੈ, ਹੱਡੀਆਂ ਦੇ ਰੋਗਾਂ ਦੇ ਇਲਾਜ ਵਿਚ ਕਾਫ਼ੀ ਸਹਾਈ ਹੋ ਰਹੇ ਹਨ।

          ਹੱਡੀ ਪਰਤ–– ਇਹ ਤਹਿਦਾਰ ਚਟਾਨਾਂ ਵਿਚ ਹੱਡੀਆਂ ਦੀ ਪਰਤ ਹੁੰਦੀ ਹੈ ਜਿਹੜੀ ਆਮ ਤੌਰ ਤੇ ਦਰਿਆਵਾਂ ਦੇ ਤਲ ਤੇ ਮਿਲਦੀ ਹੈ। ਪ੍ਰਸਿੱਧ ਹੱਡੀ–ਪਰਤ ਨੈਬਰਾਸਕਾ ਦਾ ਐਗੇਟ ਸਪਰਿੰਗਜ਼ ਹੈ, ਜਿਸ ਵਿਚ ਮਾਇਓਸੀਨ ਮਹਾਕਲਪ ਦੇ ਲੁਪਤ ਥਣਧਾਰੀ ਜੀਵਾਂ, ਖ਼ਾਸ ਕਰਕੇ ਗੈਂਡੇ ਦੀਆਂ ਟੁੱਟੀਆਂ ਹੱਡੀਆਂ ਅਤੇ ਦੰਦ ਮਿਲਦੇ ਹਨ।

          ਹੱਡੀ ਮਿੱਝ–– ਹੱਡੀ ਮਿੱਝ ਜਾਂ ਮਾਈਲਾਇਡ ਟਿਸ਼ੂ ਹੱਡੀਆਂ ਦੀਆਂ ਵਿਰਲਾਂ ਵਿਚ ਹੁੰਦਾ ਹੈ। ਇਹ ਖ਼ੂਨ ਪਲੈਟਲੈੱਟੱਸ ਅਤੇ ਪੈਰੀਫਰੱਲ ਖ਼ੂਨ ਦੇ (ਮਿੱਝ ਖੋੜਾਂ ਦੇ ਬਾਹਰਵਾਰ) ਸੈੱਲ ਬਣਾਉਂਦਾ ਹੈ। ਪਰ ਲਿੰਫ਼ੈਟਿਕ ਟਿਸ਼ੂ ਲਿੰਫ਼ੋਸਾਈਟ ਤੋਂ ਬਣਦੇ ਹਨ। ਮਨੁੱਖ ਵਿਚ ਜਨਮ ਸਮੇਂ ਉਸਦੇ ਸਰੀਰਕ ਭਾਗ ਦਾ 2.3 ਪ੍ਰਤਿਸ਼ਤ ਹਿੱਸਾ ਹੱਡੀ ਮਿੱਝ ਜਾਂ ਮਾਈਲਾਇਡ ਟਿਸ਼ੂ ਦਾ ਹੁੰਦਾ ਹੈ। ਬਾਲਗ਼ ਮਨੁੱਖ ਵਿਚ ਹੱਡੀ ਮਿੱਝ ਸਰੀਰਕ ਭਾਰ ਦਾ 2.1 ਤੋਂ 4.9 ਪ੍ਰਤਿਸ਼ਤ ਹਿੱਸਾ ਹੁੰਦਾ ਹੈ। ਇਹ ਔਰਤਾਂ ਨਾਲੋਂ ਆਦਮੀਆਂ ਵਿਚ ਜ਼ਿਆਦਾ ਹੁੰਦਾ ਹੈ।

          ਹੱਡੀ ਮਿੱਝ ਲਾਲ ਤੇ ਪੀਲੇ ਦੋ ਰੰਗਾਂ ਦਾ ਹੁੰਦਾ ਹੈ। ਇਸ ਦੇ ਰੰਗਾਂ ਦਾ ਵੱਖਰਾਪਣ ਚਰਬੀ ਤੰਤੂ (ਪੀਲਾ) ਜਾਂ ਖ਼ੂਨ ਬਨਾਉਣ ਵਾਲੇ ਤੰਤੂ (ਲਾਲ) ਦੀ ਬਹੁਲਤਾ ਤੇ ਅਧਾਰਿਤ ਹੈ। ਬੱਚੇ ਦੇ ਜਨਮ ਤੋਂ ਲੈ ਕੇ ਤਕਰੀਬਨ 7 ਸਾਲ ਦੀ ਉਮਰ ਤੱਕ ਹੱਡੀ ਮਿੱਝ ਦਾ ਰੰਗ ਲਾਲ ਹੁੰਦਾ ਹੈ। ਹੌਲੀ ਹੌਲੀ ਲਾਲ ਹੱਡੀ ਮਿੱਝ ਦੀ ਥਾਂ ਚਰਬੀ ਤੰਤੂ ਵਧਣਾ ਸ਼ੁਰੂ ਹੋ ਜਾਂਦਾ ਹੈ। ਬਾਲਗ਼ ਮਨੁੱਖ ਵਿਚ ਲਾਲ ਹੱਡੀ ਮਿੱਝ ਸਿਰਫ਼ ਖੋਪਰੀ ਦੀਆਂ ਹੱਡੀਆਂ,ਛਾਤੀ ਦੀਆਂ ਹੱਡੀਆਂ, ਪਸਲੀਆਂ, ਹਸਲੀ , ਰੀੜ੍ਹ ਦੀ ਹੱਡੀ, ਪੱਟ ਦੀ ਹੱਡੀ ਦੇ ਉਤਲੇ ਹਿੱਸੇ ਅਤੇ ਬਾਂਹ ਦੀ ਉਪਰਲੀ ਹੱਡੀ ਵਿਚ ਹੀ ਹੁੰਦੀ ਹੈ। ਕੁਝ ਖ਼ਾਸ ਹਾਲਤਾਂ ਜਿਵੇਂ ਜ਼ਿਆਦਾ ਖ਼ੂਨ ਬਹਿ ਜਾਣ ਨਾਲ ਜਾਂ ਸਰੀਰਕ ਤਾਪਮਾਨ ਵਧ ਜਾਣ ਨਾਲ ਵੀ ਪੀਲੀ ਹੱਡੀ ਮਿੱਝ ਲਾਲ ਰੰਗ ਵਿਚ ਬਦਲ ਜਾਂਦੀ ਹੈ। ਅਜਿਹਾ ਉਨ੍ਹਾਂ ਬਿਮਾਰੀਆਂ ਵਿਚ ਹੋ ਸਕਦਾ ਹੈ ਜਿਨ੍ਹਾਂ ਨਾਲ ਹੱਡੀ ਮਿੱਝ ਦੀ ਖ਼ੂਨ ਬਣਾੳਣ ਸਬੰਧੀ ਕਿਰਿਆਸ਼ੀਲਤਾ ਵਿਚ ਵਾਧਾ ਹੁੰਦਾ ਹੋਵੇ। ਖ਼ੁਰਦਬੀਨ ਨਾਲ ਦੇਖਿਆ ਹੱਡੀ ਮਿੱਝ ਵਿਚ ਸਪੈਸ਼ਲ ਜੋੜ ਕੇ ਟਿਸ਼ੂ ਧਾਗੇ, ਜਾਲੀਦਾਰ ਧਾਗੇ, ਜਿਨ੍ਹਾਂ ਤੇ ਬਾਹਰ ਨੂੰ ਖਿੱਚੇ ਹੋਏ ਜਾਲੀ–ਰੂਪੀ ਸੈੱਲ ( ਜਾਂ ਰੈਟੀਕੁਲਰ ਸੈੱਲ) ਲੱਗੇ ਹੁੰਦੇ ਹਨ, ਦਾ ਤਿੰਨ–ਪੱਖੀ ਜਾਲ ਜਿਹਾ ਹੁੰਦਾ ਹੈ। ਇਹ ਦੋਵੇਂ ਹਿੱਸੇ ਹੱਡੀ ਮਿੱਝ ਦਾ ਸਟ੍ਰੋਮਾ ਬਣਾਉਂਦੇ ਹਨ। ਜਾਲੀ–ਰੂਪੀ ਸੈੱਲ ਦੋ ਤਰ੍ਹਾਂ ਦੇ ਹਨ, ਸਥਿਰ ਮੈਕ੍ਰੋਫੇਗ ਅਤੇ ਪ੍ਰਿਮਿਟਿਵ ਰੈਟੀਕੁਲਰ ਸੈੱਲ। ਸਥਿਰ ਮੈਕ੍ਰੋਫੇਗ ਖ਼ੂਨ ਪ੍ਰਵਾਹ ਵਿਚੋਂ ਵਿਸ਼ੇਸ਼ ਪਦਾਰਥ ਕੱਢਣ ਦੇ ਯੋਗ ਹੁੰਦੇ ਹਨ। ਪ੍ਰਿਮਿਟਿਵ ਰੈਟੀਕੁਲਰ ਸੈੱਲ ਜਾਂ ਤਾਂ ਮੈਕ੍ਰੋਫੇਗ ਵਿਚ ਜਾਂ ਖ਼ੂਨ ਸੈੱਲਾਂ ਵਿਚ ਬਦਲ ਸਕਦੇ ਹਨ। ਹੱਡੀ ਮਿੱਝ ਦੇ ਸਟ੍ਰੋਮਾ ਵਿਚ ਚਰਬੀ ਸੈੱਲ ਹੁੰਦੇ ਹਨ, ਜੋ ਜੇਕਰ ਜ਼ਿਆਦਾ ਗਿਣਤੀ ਵਿਚ ਹੋਣ ਤਾਂ ਹੱਡੀ ਮਿੱਝ ਦਾ ਰੰਗ ਪੀਲਾ ਲਗਦਾ ਹੈ।

          ਸੈੱਲਾਂ ਅਤੇ ਧਾਗਿਆਂ ਦੇ ਜਾਲ ਵਿਚ ਲਾਲ ਰਕਤਾਣੂ, ਸਫ਼ੈਦ ਰਕਤਾਣੂ ਅਤੇ ਇਨ੍ਹਾਂ ਦੇ ਅਣਪੱਕੇ ਪੂਰਵਗਾਮੀ ਹੁੰਦੇ ਹਨ। ਲਾਲ ਅਤੇ ਸਫ਼ੈਦ ਦੋਵੇਂ ਰਕਤਾਣੂ ਇਕ ਸਾਂਝੇ ਸਟੈਮ ਸੈੱਲ ਮਾਇਲੋਬਲਾਸਟ ਜਾਂ ਲਿੰਫੋਬਲਾਸਟ ਤੋਂ ਬਣਦੇ ਹਨ। ਮੈਨੋਫਾਈਲੈਕਟਿਕ ਸਿਧਾਂਤ ਅਨੁਸਾਰ ਹੱਡੀ ਮਿੱਝ ਦੇ ਸਟੈਮ ਸੈੱਲ ਨੂੰ ਹੀਮੋਸਾਈਟੋਬਲਾਸਟ ਕਹਿੰਦੇ ਹਨ।

          ਕਿਉਂਕਿ ਹੱਡੀ ਮਿੱਝ ਦੇ ਸਟੈਮ ਸੈੱਲ ਲਾਲ ਰਕਤਾਣੂਆਂ ਵਿਚ ਵਿਕਸਿਤ ਹੋ ਜਾਂਦੇ ਹਨ ਇਸ ਲਈ ਹੀਮੋਗਲੋਬਿਨ ਸਾਈਟੋਪਲਾਜ਼ਮ ਵਿਚ ਇਕੱਠਾ ਹੁੰਦਾ ਰਹਿੰਦਾ ਹੈ। ਲਾਲ ਰਕਤਾਣੂ ਪੂਰਵਗਾਮੀ ਜਿਨ੍ਹਾਂ ਵਿਚ ਹੀਮੋਗਲੋਬਿਨ ਅਤੇ ਨਿਊਕਲੀਇਕ ਐਸਿਡ ਹੁੰਦਾ ਹੈ, ਉਨ੍ਹਾਂ ਵਿਚ ਸਧਾਰਨ ਬਲੱਡ ਪ੍ਰੈਪਰੇਸ਼ਨ ਵਿਚ ਇਕ ਅਜਿਹਾ ਰੰਗ ਚੜ੍ਹਦਾ ਹੈ ਜੋ ਗੁਲਾਬੀ ਰੰਗ ਚੜ੍ਹਨ ਵਾਲੇ ਹੀਮੋਗਲੋਬਿਨ ਅਤੇ ਨੀਲਾ ਰੰਗ ਚੜ੍ਹਨ ਵਾਲੇ ਨਿਊਕਲੀਇਕ ਐਸਿਡ ਦਾ ਮਿਸ਼ਰਨ ਹੈ ਅਤੇ ਇਸ ਲਈ ਇਸਨੂੰ ਪਾਲੀਕ੍ਰੋਮੈਟੋਫਿਲਿਕ ਐਰਿਥਰੋਬਲਾਸਟ ਕਿਹਾ ਜਾਂਦਾ ਹੈ। ਇਨ੍ਹਾਂ ਵਿਚ ਨਿਊਕਲੀਇਕ ਐਸਿਡਾਂ ਦੀ ਥਾਂ ਤੇ ਹੀਮੋਗਲੋਬਿਨ ਵਧਦਾ ਰਹਿੰਦਾ ਹੈ। ਇਸੇ ਹੀ ਵਕਤ ਨਿਊਕਲੀਅਸ ਬਹੁਤ ਗੂੜ੍ਹੇ ਰੰਗ ਦਾ ਤੇ ਗੋਲ ਹੋ ਜਾਂਦਾ ਹੈ ਅਤੇ ਇਸ ਤਰ੍ਹਾਂ ਬਣਿਆ ਸੈੱਲ ਨਾਰਮੋਬਲਾਸਟ ਅਖਵਾਉਂਦਾ ਹੈ। ਇਸ ਸੈੱਲ ਤੋਂ ਸੰਪੂਰਨ ਨਿਊਕਲੀਅਸ ਰਹਿਤ ਲਾਲ ਰਕਤਾਣੂ ਜਾਂ ਤਾਂ ਨਿਕਾਸ ਜਾਂ ਨਿਊਕਲੀਅਸ ਦੇ ਘੁਲਨ ਨਾਲ ਪੈਦਾ ਹੁੰਦਾ ਹੈ।

          ਗ੍ਰੈਨੂਲੋਸਾਈਟ ਹੱਡੀ ਮਿੱਝ ਦੇ ਸਟੈਮ ਸੈੱਲ ਤੋਂ ਸਾਈਟੋਪਲਾਜ਼ਮ ਵਿਚ ਕਣਾਂ ਦੇ ਵਿਸਥਾਰ ਅਤੇ ਨਿਊਕਲੀਅਸ ਵਿਚ ਵਿਸ਼ੇਸ਼ ਤਬਦੀਲੀਆਂ ਕਾਰਨ ਬਣਦੇ ਹਨ। ਸੈੱਲਾਂ ਦੀਆਂ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਕਣ ਹੀਟੈਰੋਫਾਈਲ ਬਣ ਜਾਂਦੇ ਹਨ। ਕਣਮਈ ਲਿਊਕੋਸਾਈਗਸ ਦੀਆਂ ਇਨ੍ਹਾਂ ਅਪੂਰਨ ਕਿਸਮਾਂ ਨੂੰ ਮਾਈਲੋਸਾਈਟਸ ਕਿਹਾ ਜਾਂਦਾ ਹੈ।

          ਲਹੂ ਸੈੱਲਾਂ ਅਤੇ ਚਰਬੀ ਸੈੱਲਾਂ ਦੇ ਵਿਚਕਾਰ ਖਿੰਡੇ ਹੋਏ ਇਕ ਹੋਰ ਤਰ੍ਹਾਂ ਦੇ ਸੈੱਲ ਮੈਗਾਕੇਰੀਓਸਾਈਟਸ ਵੀ ਹੁੰਦੇ ਹਨ। ਯਕੀਨ ਕੀਤਾ ਜਾਂਦਾ ਹੈ ਕਿ ਇਹ ਸੈੱਲ ਆਪਣੇ ਪ੍ਰੋਟੋਪਲਾਜ਼ਮ ਦਾ ਕੁਝ ਹਿੱਸਾ ਕੱਟ ਕੱਟ ਕੇ ਬਲੱਡ ਪਲੇਟਲੈੱਟਸ ਬਣਾਉਂਦੇ ਰਹਿੰਦੇ ਹਨ।

          ਪੈਰੀਫਰੱਲ ਖ਼ੂਨ ਨੂੰ ਧਮਣੀਆਂ ਰਾਹੀਂ ਨਵੇਂ ਸੈੱਲ ਪਹੁੰਚਾਏ ਜਾਂਦੇ ਹਨ ਜੋ ਲੰਬੀਆਂ ਨਾੜੀਆਂ, ਸਾਈਨਸਾਇਡ ਰਾਹੀਂ ਸ਼ਿਰਾਵਾਂ ਵਿਚ ਦਾਖ਼ਲ ਹੁੰਦੇ ਹਨ।

          ਮਨੁੱਖਾਂ ਵਿਚ ਖ਼ੂਨ ਮੁਢਲੀਆਂ ਭਰੂਣ ਹਾਲਤਾਂ ਤੋਂ ਬਾਅਦ ਖ਼ੂਨ ਪ੍ਰਵਾਹ ਤੋਂ ਬਾਹਰ ਹੀ ਬਣਦਾ ਹੈ। ਪੰਛੀਆਂ ਤੇ ਰੀਂਗਣ ਵਾਲੇ ਜਾਨਵਰਾਂ ਵਿਚ ਲਾਲ ਰਕਤਾਣੂ ਖ਼ੂਨ ਪ੍ਰਵਾਹ ਵਿਚ ਬਣਦੇ ਹਨ। ਵਿਕਾਸ ਅਨੁਕ੍ਰਮਾਂ ਵਿਚ ਹੱਡੀ ਮਿੱਝ ਸਭ ਤੋਂ ਪਹਿਲਾਂ ਐਂਫ਼ਿਬੀਆ ਗਰੁੱਪ ਦੇ ਪੂਛ-ਰਹਿਤ ਜੀਵਾਂ ਵਿਚ ਬਣਿਆ ਹੈ ਜਿਸ ਵਿਚ ਡੱਡੂ ਅਤੇ ਡਡੂਆ ਆਦਿ ਸ਼ਾਮਲ ਹਨ। ਨਿਮਨ ਪੱਧਰ ਦੇ ਰੀੜ੍ਹਧਾਰੀ ਜੀਵਾਂ ਵਿਚ ਲਹੂ ਸੈੱਲ, ਤਿੱਲੀ, ਗੁਰਦੇ, ਜਿਗਰ, ਦਿਲ, ਭੋਜਨ ਪ੍ਰਣਾਲੀ ਦੀ ਮਿਊਕਸ–ਝਿੱਲੀ, ਲਿੰਗ ਗਲੈਂਡ ਆਦਿ ਵਿਚ ਬਣਦੇ ਹਨ। ਜੇਕਰ ਵਾਤਾਵਰਨ ਵਿਚ ਆਕਸੀਜਨ ਦੀ ਮਾਤਰਾ ਘਟ ਜਾਵੇ ਤਾਂ ਲਾਲ ਰਕਤਾਣੂ ਜ਼ਿਆਦਾ ਬਣਦੇ ਹਨ। ਕਈ ਰਸਾਇਣਿਕ ਪਦਾਰਥਾਂ ਜਿਵੇਂ ਕੋਬਾਲਟ, ਦਾ ਵੀ ਅਜਿਹਾ ਹੀ ਅਸਰ ਹੁੰਦਾ ਹੈ। ਬਿਮਾਰੀ ਦੀਆਂ ਹਾਲਤਾਂ ਵਿਚ ਹੱਡੀ ਮਿੱਝ ਵਿਚ ਬਹੁਤ ਜ਼ਿਆਦਾ ਤਬਦੀਲ ਹੋ ਜਾਂਦੀਆਂ ਹਨ। ਬਿਮਾਰੀ ਦਾ ਪਤਾ ਲਾਉਣ ਲਈ ਛਾਤੀ ਦੀ ਹੱਡੀ ਵਿਚੋਂ ਹੱਡੀ ਮਿੱਝ ਦੇ ਸੈਂਪਲ ਲਏ ਜਾਂਦੇ ਹਨ।

          ਆਇਨਕਾਰੀ ਵਿਕੀਰਨ ਦੀਆਂ ਸਭ ਕਿਸਮਾਂ ਹੱਡੀ ਮਿੱਝ ਤੇ ਮਾੜਾ ਅਸਰ ਪਾਉਂਦੀਆਂ ਹਨ ਜਿਸ ਨਾਲ ਪੈਰੀਫਰੱਲ ਖ਼ੂਨ ਵਿਚ ਸੈੱਲਾਂ ਦੀ ਗਿਣਤੀ ਘਟ ਜਾਂਦੀ ਹੈ। ਜਾਨਵਰਾਂ ਤੇ ਕੀਤੇ ਗਏ ਤਜ਼ਰਬਿਆਂ ਵਿਚ ਕਿਰਨ–ਪ੍ਰਭਾਵਨ ਤੋਂ ਪਿੱਛੋਂ ਤਿੱਲੀ ਜਿਹੇ ਹਿੱਸੇ ਦੇ ਸੈੱਲ ਪੁੰਗਰਨ ਲੱਗ ਜਾਂਦੇ ਹਨ ਅਤੇ ਮਨੁੱਖ ਤੇ ਸਮੁੱਚੇ ਤੌਰ ਤੇ ਇਕ ਬਚਾਵਾਂ ਅਸਰ ਪੈਂਦਾ ਹੈ।

          ਹ. ਪੁ. ––ਐਨ. ਬ੍ਰਿ. 3 : 905


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no

ਹੱਡੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੱਡੀ, ਇਸਤਰੀ ਲਿੰਗ : ਕੰਗਰੋੜ ਵਾਲੇ ਜਾਨਵਰਾਂ ਦੇ ਸਰੀਰ ਦੇ ਪਿੰਜਰ ਦਾ ਕੋਈ ਹਿੱਸਾ, ਪਿੰਜਰ ਦੀਆਂ ਹੱਡੀਆਂ ਦਾ ਕੋਈ ਟੁਕੜਾ

–ਹੱਡੀ ਸਿਸਟਮ, (ਸਰੀਰਕ ਵਿਗਿਆਨ) / ਪੁਲਿੰਗ : ਹੱਡੀ ਸੰਸਥਾ, ਹੱਡੀਆਂ ਦਾ ਨਿਜ਼ਾਮ

–ਹੱਡੀ ਕੜਕਣਾ, ਕਿਰਿਆ ਅਕਰਮਕ : ਹੱਡੀ ਟੁੱਟਣਾ

–ਕੁੱਤੇ ਦਾ ਹੱਡੀ ਵਾਲਾ ਸੁਆਦ, ਅਖੌਤ: ਆਦਤ ਜਾਂ ਝੱਸ ਜਿਸ ਤੋਂ ਕੁਝ ਪਰਾਪਤੀ ਨਾ ਹੋਵੇ

–ਹੱਡੀਕੋਲਾ, (ਰਸਾਇਣ ਵਿਗਿਆਨ) / ਪੁਲਿੰਗ : ਹੱਡੀਆਂ ਤੋਂ ਬਣਿਆ ਕੋਲਾ ਜੋ ਅਕਸਰ ਜਾਨਵਰਾਂ ਦੀਆਂ ਹੱਡੀਆਂ ਦਾ ਹੀ ਬਣਦਾ ਹੈ

–ਹੱਡੀਆਂ ਗਿਣੀਆਂ ਜਾਣਾ, ਮੁਹਾਵਰਾ : ਬਹੁਤ ਹੀ ਲਿੱਸਾ ਹੋਣਾ

–ਹੱਡੀਆਂ ਚੂੰਡਣਾ, ਮੁਹਾਵਰਾ : ੧. ਜੋ ਮਿਲ ਜਾਏ ਸੋ ਗਨੀਮਤ ਜਾਣ ਕੇ ਕਿਸੇ ਚੀਜ਼ ਲਈ ਯਤਨ ਕਰਨਾ; ੨. ਤੋੜ ਤੋੜ ਖਾਣਾ, ਕੋਈ ਚੀਜ਼ ਲੈਣ ਲਈ ਤੰਗ ਕਰਨਾ ਉਸ ਨੂੰ ਜਿਸ ਪਾਸ ਉਹ ਹੈ ਨਹੀਂ

–ਹੱਡੀਆਂ ਤੋਂ ਮਾਸ ਚੂੰਡਣਾ, ਮੁਹਾਵਰਾ : ਲੁੱਟੇ ਪੁੱਟੇ ਨੂੰ ਲੁੱਟਣਾ, ਕਿਸੇ ਦੀ ਰਹਿੰਦ ਖੂੰਹਦ ਚੀਜ਼ ਵੀ ਨਾ ਛੱਡਣਾ

–ਹੱਡੀਆਂ ਤੋੜਨਾ, ਮੁਹਾਵਰਾ : ਬੁਰੀ ਤਰ੍ਹਾਂ ਕੁੱਟਣਾ 

–ਹੱਡੀਆਂ ਦਾ ਸਾੜ, ਪੁਲਿੰਗ : ਸਤਾ ਦੇਣ ਵਾਲਾ ਆਦਮੀ

–ਹੱਡੀਆਂ ਦਾ ਪਿੰਜਰ, ਪੁਲਿੰਗ : ਬਹੁਤ ਲਿੱਸਾ (ਆਦਮੀ)

–ਹੱਡੀਆਂ ਦੀ ਮੁੱਠ, ਪੁਲਿੰਗ : ਬਹੁਤ ਲਿੱਸਾ ਆਦਮੀ

–ਹੱਡੀਆਂ ਨਿਕਲ ਆਉਣਾ, ਮੁਹਾਵਰਾ : ਬਹੁਤ ਲਿੱਸਾ ਹੋ ਜਾਣਾ

–ਹੱਡੀਆਂ ਫਿੱਸਣਾ, ਮੁਹਾਵਰਾ : ਸਖ਼ਤ ਲਤਾੜਿਆ ਜਾਣਾ, ਭਾਰ ਨਾਲ ਥੱਕ ਕੇ ਚੂਰ ਹੋਣਾ

–ਹੱਡੀ ਦੇਣਾ, ਹੱਡੀ ਮੂੰਹ ਦੇਣਾ, ਮੁਹਾਵਰਾ : ਰਿਸ਼ਵਤ ਦੇਣਾ

–ਹੱਡੀ ਪਸਲੀ ਇਕ ਕਰਨਾ, ਮੁਹਾਵਰਾ  : ਨਿਹੈਤ ਸਖ਼ਤ ਕੁਟਾਪਾ ਚਾੜ੍ਹਨਾ, ਬੁਰੀ ਤਰ੍ਹਾਂ ਚਿੱਪਣਾ

–ਹੱਡੀ ਪਸਲੀ ਚਬਾ ਜਾਣਾ, ਮੁਹਾਵਰਾ : ਸਭ ਕੁਝ ਚੱਟਮ ਕਰ ਜਾਣਾ, ਖਾਣ ਦੇ ਮਾਮਲੇ ਵਿਚ ਪਿੱਛੇ ਕੁਝ ਨਾ ਛੱਡਣਾ

–ਹੱਡੀ ਚੂਰਾ, ਪਦਾਰਥ ਵਿਗਿਆਨ / ਪੁਲਿੰਗ : ਸਹੇਸ਼ ਅਤੇ ਚਰਬੀ ਅੱਡ ਕਰ ਲੈਣ ਪਿੱਛੋਂ ਕੁੱਟੀਆਂ ਪੀਠੀਆਂ ਹੋਈਆਂ ਹੱਡੀਆਂ ਜੋ ਆਮ ਕਰ ਕੇ ਰੇਹ ਤੇ ਤੌਰ ਤੇ ਵਰਤੀਆਂ ਜਾਂਦੀਆਂ ਹਨ

–ਹੱਡੀ ਦੀ ਰਾਖ, ਰਸਾਇਣ ਵਿਗਿਆਨ / ਇਸਤਰੀ ਲਿੰਗ : ਉਹ ਰਾਖ ਜੋ ਹੱਡੀਆਂ ਨੂੰ ਸਾੜ ਕੇ ਤਿਆਰ ਕੀਤੀ ਗਈ ਹੋਵੇ

–ਹੱਡੀਧੂੜਾ, ਪੁਲਿੰਗ : ਪੀਠੀਆਂ ਹੋਈਆਂ ਹੱਡੀਆਂ ਜੋ ਬਤੌਰ ਰੇਹ ਵਰਤੀਆਂ ਜਾਂਦੀਆਂ ਹਨ

–ਹੱਡੀ ਭੰਗ, ਪੁਲਿੰਗ : ਹੱਡੀ ਦਾ ਟੁਟਣ, ਸਰੀਰ ਦੀ ਕੋਈ ਹੱਡੀ ਟੁਟਣ ਦਾ ਭਾਵ 

–ਪੁਰਾਣੀ ਹੱਡੀ, ਇਸਤਰੀ ਲਿੰਗ : ਬੁੱਢਾ ਆਦਮੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2804, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-10-10-41-32, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.