ਹੱਥ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਥ ( ਨਾਂ , ਪੁ ) ਪੂਰੇ ਕੱਦ-ਕਾਠ ਦੇ ਬੰਦੇ ਦੀ ਅਰਕ ਤੋਂ ਵਿਚਕਾਰਲੀ ਉਂਗਲ ਤੱਕ ਦੀ ਲਮਾਈ; ਬਾਂਹ ਦੇ ਮੁੂਹਰਲੇ ਹਿੱਸੇ ਦੀ ਹਥੇਲੀ; ਉਂਗਲੀਆਂ , ਨਹੁੰ ਅਤੇ ਗੁੱਟ ਦੇ ਸਮੁੱਚ ਵਾਲਾ ਸਰੀਰਕ ਹਿੱਸਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4935, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹੱਥ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਥ [ ਨਾਂਪੁ ] ਬਾਂਹ ਦਾ ਗੁੱਟ ਤੋਂ ਅਗਲਾ ਭਾਗ; ਅੱਧੇ ਗਜ਼ ਦਾ ਮਾਪ; ਵੱਲ , ਤਰਫ਼; ਵਸ , ਇਖ਼ਤਿਆਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4929, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੱਥ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਥ . ਦੇਖੋ , ਹਸ੍ਤ. “ ਕਰੇ ਭਾਵ ਹੱਥੰ.” ( ਵਿਚਿਤ੍ਰ ) ੨ ਹਾਥੀ ਦਾ ਸੰਖੇਪ. “ ਹਰੜੰਤ ਹੱਥ.” ( ਕਲਕੀ ) ੩ ਹਾਥੀ ਦੀ ਸੁੰਡ. “ ਹਾਥੀ ਹੱਥ ਪ੍ਰਮੱਥ.” ( ਗੁਪ੍ਰਸੂ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੱਥ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹੱਥ : ਕੁਝ ਖ਼ਾਸ ਰੀੜ੍ਹਧਾਰੀ ਪ੍ਰਾਣੀਆਂ ਦੀਆਂ ਬਾਹਾਂ ਦੇ ਅਗਲੇ ਸਿਰੇ ਤੇ ਪਕੜਨ ਲਈ ਇਕ ਅੰਗ ਹੁੰਦਾ ਹੈ , ਜਿਸਨੂੰ ਹੱਥ ਕਿਹਾ ਜਾਂਦਾ ਹੈ । ਸਾਰੇ ਥਣ– ਧਾਰੀ ਪ੍ਰਾਣੀਆਂ ਵਿਚੋਂ ਕਾਰਗਰ ਹੱਥ ਸਿਰਫ਼ ਮਨੁੱਖ ਪਾਸ ਹੈ ਜਾਂ ਫਿਰ ਇਸ ਨਾਲ ਮਿਲਦੀ ਜਾਤੀ ਬਾਂਦਰਾਂ ਕੋਲ । ਮਨੁੱਖ ਦੀ ਅਥਾਹ ਸ਼ਕਤੀ ਵਿਚ ਹੱਥ ਦਾ ਕਾਫ਼ੀ ਯੋਗਦਾਨ ਹੈ । ਹੱਥ ਮਨੁੱਖ ਦੀ ਸਿਰਜਾਣਤਮਕ ਤੇ ਕਲਾਤਮਕ ਸ਼ਕਤੀ ਦਾ ਇਕ ਸੋਮਾ ਹੈ । ਮਨੁੱਖ ਦੀ ਦਿਮਾਗ਼ੀ ਚੇਤਨਤਾ ਵਿਚ ਹੱਥ ਦੀ ਵਰਤੋਂ ਨੇ ਇਕ ਅਹਿਮ ਹਿੱਸਾ ਪਾਇਆ ਹੈ ।

                  ਹੱਥ ਦੀ ਬਣਤਰ ਪੈਰ ਨਾਲ ਮੇਲ ਖਾਂਦੀ ਹੈ , ਪਰੰਤੂ ਇਸਦੀ ਹਰਕਤ ਤੇ ਹਿਲਜੁਲ ਪੈਰ ਨਾਲੋਂ ਕਈ ਗੁਣਾ ਵੱਧ ਹੈ । ਹੱਥ ਦੇ ਅੰਗੂਠੇ ਦੀ ਬਣਤਰ , ਪੈਰ ਦੇ ਅੰਗੂਠੇ ਤੋਂ ਬਿਲਕੁਲ ਵੱਖਰੀ ਹੈ । ਹੱਥ ਦਾ ਅੰਗੂਠਾ ਅੱਗੇ ਵਲ ਵਧਾ ਕੇ ਸਾਰੀਆਂ ਉਂਗਲੀਆਂ ਨੂੰ ਛੋਹ ਸਕਦਾ ਹੈ । ਇਹ ਛੋਹ ਅਤੇ ਸਾਂਝ ਸਦਕਾ ਉਂਗਲੀਆਂ ਕਲਮ ਫੜ ਸਕਦੀਆਂ ਹਨ ਤੇ ਕਹੀ ਚਲਾ ਸਕਦੀਆਂ ਹਨ । ਇਸੇ ਕਾਰਨ , ਹੱਥ ਹਰ ਗੁੰਝਲਦਾਰ ਮਸ਼ੀਨਰੀ ਅਤੇ ਇਸ ਦੇ ਅਤਿ ਛੋਟੇ ਪੁਰਜ਼ਿਆਂ ਨੂੰ ਵਰਤ ਸਕਦਾ ਹੈ ।

                  ਆਦਮੀ ਦੇ ਹੱਥ ਵਿਚ 27 ਹੱਡੀਆਂ ਹੁੰਦੀਆਂ ਹਨ । ਸਭ ਤੋਂ ਪਹਿਲੇ ਹਿੱਸੇ ਗੁੱਟ ਵਿਚ 8 ਹੱਡੀਆਂ ( ਕਾਰਪਲਜ਼ ) ਹੁੰਦੀਆਂ ਹਨ । 5 ਲੰਮੀਆਂ ਨਲਕੀ ਅਕਾਰ ਹੱਡੀਆਂ ( ਮੈਟਾਕਾਰਪਲ ) ਅਤੇ 14 ਛੋਟੀਆਂ ਨਲਕੀ ਅਕਾਰ ਹੱਡੀਆਂ ਹੁੰਦੀਆਂ ਹਨ । ਫੈਲੈਂਜਿਜ਼ ਇਕੱਠੇ ਹੋ ਕੇ ਉਂਗਲਾਂ ਬਣਾਉਂਦੇ ਹਨ । ਅੰਗੂਠੇ ਵਿਚ ਦੋ , ਦੂਜੀਆਂ ਚਾਰ ਉਂਗਲੀਆਂ ਵਿਚ ਤਿੰਨ ਤਿੰਨ ਫੈਲੈਂਜਿਜ਼ ਹੁੰਦੇ ਹਨ । ਅਖ਼ੀਰਲੀ ਉਂਗਲ ਹੱਡੀ ਦਾ ਅਗਲਾ ਹਿੱਸਾ ਖ਼ਾਲੀ ਹੁੰਦਾ ਹੈ , ਇਸ ਲਈ ਹਰ ਉਂਗਲੀ ਵਿਚ ਤਿੰਨ ਜੋੜ ਹੁੰਦੇ ਹਨ । ਕਾਰਪਾਲ ਹੱਡੀਆਂ ਛੋਟੀਆਂ , ਚਪਟੀਆਂ ਤੇ ਚਾਰ ਚਾਰ ਕਰਕੇ ਦੋ ਲਾਈਨਾਂ ਵਿਚ ਵੰਡੀਆਂ ਹੋਈਆਂ ਹੁੰਦੀਆਂ ਹਨ । ਚਾਰ ਅਗਲੀ ਲਾਈਨ ਵਿਚ ਅਤੇ ਚਾਰ ਪਿਛਲੀ ਲਾਈਨ ਵਿਚ । ਪਿਛਲੀ ਲਾਈਨ ਦਾ ਉਪਰਲਾ ਹਿੱਸਾ ਬਾਂਹ ਹੱਡੀਆਂ ਦੇ ਹੇਠਲੇ ਸਿਰੇ ਨਾਲ ਵੀਣੀ ( ਗੁੱਟ ) ਜੋੜ ਬਣਾਉਂਦਾ ਹੈ । ਇਸ ਜੋੜ ਸਦਕੇ ਹੱਥ ਅੱਗੇ ਪਿੱਛੇ , ਸੱਜੇ ਖੱਬੇ ਤੇ ਗੋਲ ਅਕਾਰ ਵਿਚ ਘੁੰਮ ਸਕਦਾ ਹੈ ।

                  ਗੁੱਟ ਹੱਡੀਆਂ ਦੇ ਅਗਲੇ ਪਾਸੇ ਇਕ ਚੌੜੀ ਸੁਰੰਗ ਜਿਹੀ ਬਣਦੀ ਹੈ । ਬਾਂਹ ਦੇ ਮਾਸ ਪੱਠਿਆਂ ਦੇ ਲੱਸੇ ਇਸ ਵਿਚੋਂ ਲੰਘ ਕੇ ਹੱਥ ਵਿਚ ਦਾਖ਼ਲ ਹੁੰਦੇ ਹਨ । ਇਹ ਲੱਸੇ ਉਂਗਲ ਹੱਡੀਆਂ ਦੇ ਸਿਰੇ ਪਾਸਿਆਂ ਨਾਲ ਜਾ ਜੁੜਦੇ ਹਨ । ਆਪਣੇ ਸੰਗੋੜ ਇਹ ਉਂਗਲਾਂ ਨੂੰ ਅੱਗੇ ਵਲ ਮੋੜਦੇ ਹਨ । ਇਨ੍ਹਾਂ ਲੱਸਿਆਂ ਦੁਆਲੇ , ਪਤਲੀ ਜਿਹੀ ਰਿਸਾਈ ਝਿੱਲੀ ਹੈ ਜਿਹਦੇ ਵਿਚ ਰਸ ਹੁੰਦਾ ਹੈ , ਜਿਸ ਕਾਰਨ ਇਹ ਲੱਸੇ ਖੂਹ ਦੀ ਮਾਹਲ ਵਾਂਗ ਬਿਨਾਂ ਰਗੜ ਤੋਂ ਉੱਪਰ ਹੇਠ੍ਹਾਂ ਹਿਲ ਸਕਦੇ ਹਨ ।

                  ਉਂਗਲਾਂ ਨੂੰ ਪਿੱਛੇ ਮੋੜਨ ਵਾਲੇ ਪੱਠੇ ਵੀ ਬਾਂਹ ਵਿਚੋਂ ਉਠਦੇ ਹਨ ਤੇ ਉਨ੍ਹਾਂ ਦੀਆਂ ਲਾਸਾਂ ਉਂਗਲਾਂ ਦੇ ਪੁੱਠੇ ਪਾਸੇ ਉੱਤੇ ਮੁਕਦੀਆਂ ਹਨ । ਇਨ੍ਹਾਂ ਦੀਆਂ ਆਪਣੀਆਂ ਰਿਸਾਵੀ ਝਿੱਲੀਆਂ ਹਨ ।

                  ਗੁੱਟ ਤੋਂ ਅੱਗੇ ਹਥੇਲੀ ਹੈ । ਇਹਦੀਆਂ ਲੰਮੀਆਂ ਉਂਗਲਾਂ ਵਰਗੀਆਂ ਪੰਜ ਹੱਡੀਆਂ ਹੁੰਦੀਆਂ ਹਨ , ਜਿਨ੍ਹਾਂ ਨੂੰ ਮੈਟਾਕਾਰਪਲ ਕਹਿੰਦੇ ਹਨ । ਹਰ ਮੈਟਾਕਾਰਪਲ ਹੱਡੀ ਦਾ ਪਿਛਲਾ ਸਿਰਾ ਗੁੱਟ ਹੱਡੀਆਂ ਨਾਲ ਤੇ ਅਗਲਾ ਹਿੱਸਾ ਪਹਿਲੀ ਉਂਗਲ ਹੱਡੀ ਨਾਲ ਜੁੜਿਆ ਹੋਇਆ ਹੁੰਦਾ ਹੈ । ਚਾਰ ਮੈਟਾਕਾਰਪਲ ਹੱਡੀਆਂ ਦੇ ਪਿਛਲੇ ਸਿਰੇ ਆਪਸ ਵਿਚ ਜੁੜੇ ਹੁੰਦੇ ਹਨ , ਪਰ ਅੰਗੂਠੇ ਦੀ ਮੈਟਾਕਾਰਪਲ ਵੱਖਰੀ ਹੈ , ਕਿਉਂ ਜੋ ਅੰਗੂਠੇ ਨੂੰ ਹਰਕਤ ਦੀ ਲੋੜ ਹੈ ।

                  ਮੈਟਾਕਾਰਪਲ ਹੱਡੀਆਂ ਦੇ ਵਿਚਕਾਰ , ਇਨ੍ਹਾਂ ਦੇ ਧੜ ਤੋਂ ਨਿੱਕੇ ਨਿੱਕੇ ਇਨਟਰਿਉਸ਼ਿਆਈ ਮਾਸ ਪੱਠੇ ਉਠਦੇ ਹਨ । ਇਨ੍ਹਾਂ ਪੱਠਿਆਂ ਦੇ ਅਗਲੇ ਸਿਰੇ , ਪਹਿਲੀ ਉਂਗਲ ਹੱਡੀ ਉੱਤੇ ਜਾ ਕੇ ਮੁਕਦੇ ਹਨ । ਇਹ ਪੱਠੇ ਵੀ ਹੱਥ ਹਰਕਤ ਵਿਚ ਹਿੱਸਾ ਪਾਉਂਦੇ ਹਨ ।

                  ਹੱਥ ਦੇ ਸਿੱਧੇ ਪਾਸੇ , ਚਮੜੀ ਭਾਵੇਂ ਮੋਟੀ ਹੈ , ਫਿਰ ਵੀ ਇਸਦੀ ਸੂਝ ਤਿੱਖੀ ਹੈ , ਖ਼ਾਸ ਕਰ ਉਂਗਲ ਪੋਟਿਆਂ ਦੀ । ਪੁੱਠੇ ਪਾਸੇ ਦੀ ਚਮੜੀ ਕਾਫ਼ੀ ਪਤਲੀ ਹੈ ਇਥੋਂ ਤਕ ਕਿ ਇਹਦੇ ਵਿਚ ਤਾਂ ਸ਼ਿਰਾਵਾਂ ਵੀ ਦਿਸਦੀਆਂ ਹਨ । ਹੱਥ ਵਿਚ ਛੋਹ ਸ਼ਕਤੀ , ਦਬਾਓ ਅਤੇ ਤਾਪਮਾਨ ਮਹਿਸੂਸ ਕਰਨ ਦੀ ਸ਼ਕਤੀ ਹੁੰਦੀ ਹੈ ।

                  ਹੱਥ ਦੀਆਂ ਲਹੂ ਨਾਲੀਆਂ ਅਤੇ ਨਰਵ ਤੰਤੂ ਬਾਂਹ ਦੀਆਂ ਨਲੀਆਂ ਤੇ ਤੰਤੂਆਂ ਦਾ ਹੀ ਅੰਤਮ ਭਾਗ ਹਨ । ਜੇ ਕਦੇ ਦਬਾਓ ਜਾਂ ਸੱਟ ਫੇਟ ਨਾਲ ਬਾਂਹ ਅੰਦਰ ਲਹੂ ਨਲੀ ਜਾਂ ਤੰਤੂ ਫਿਸ ਜਾਂ ਕੱਟ ਜਾਏ ਤਾਂ ਉਸ ਨਾਲ ਲਹੂ ਅਤੇ ਸੂਝ ਗਵਾ ਕੇ ਹੱਥ ਵੀ ਨਕਾਰਾ ਹੋ ਜਾਂਦਾ ਹੈ ।

                  ਹੱਥ , ਬਾਂਹ ਦਾ ਅੰਤਲਾ ਤੇ ਜ਼ਰੂਰੀ ਭਾਗ ਹੈ । ਹੱਥ ਦੀਆਂ ਉਂਗਲਾਂ ਦੇ ਨਿਸ਼ਾਨ ਮਨੁੱਖ ਦੀ ਪਹਿਚਾਨ ਦਾ ਵੱਡਾ ਸਾਧਨ ਹਨ , ਪਰ ਇਹਦੀ ਹੋਂਦ ਬਾਂਹ ਅਤੇ ਸਾਰੇ ਤਨ ਦੀ ਸਨਅਤੀ ਨਾਲ ਹੀ ਕਾਇਮ ਹੈ । ਹੱਥ ਸਾਰੇ ਤਨ ਲਈ ਕਮਾਉਂਦਾ ਹੈ ਤੇ ਇਸ ਕਮਾਈ ਨਾਲ ਹੱਥ ਦੀ ਪਾਲਣਾ ਕਰਦਾ ਹੈ ।

                  ਹ. ਪੁ. – – ਐਨ. ਬ੍ਰਿ. ਮਾ. 4 : 883; ਮੈਕ. ਐਨ. ਸ. ਟ. 6 : 333 , ਐਨ. ਅਮੈ. 13 : 671.


ਲੇਖਕ : ਡਾ. ਜਸਵੰਤ ਗਿੱਲ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1726, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.