ਜ਼ਮੀਨ ਦਾ ਠੇਕਾ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਜ਼ਮੀਨ ਦਾ ਠੇਕਾ : ਜ਼ਮੀਨ ਦਾ ਠੇਕਾ ਭਾਵ ਪਟੇਦਾਰੀ ਮੁਆਇਦੇ ਦਾ ਪ੍ਰਤਿਫਲ। ਇਸ ਪ੍ਰਤਿਫਲ ਨੂੰ ਆਮ ਤੌਰ ’ਤੇ ਰੈਂਟ, ਸ਼ਹਿਰੀ ਖੇਤਰ ਵਿੱਚ ਕਿਰਾਇਆ ਅਤੇ ਪੇਂਡੂ ਖੇਤਰ ਵਿੱਚ ਜ਼ਮੀਨ ਦਾ ਠੇਕਾ ਕਿਹਾ ਜਾਂਦਾ ਹੈ। ਇਹ ਪਟੇਦਾਰੀ ਮੁਆਇਦੇ ਦੀ ਵਿਸ਼ਾ-ਵਸਤੂ ਅਰਥਾਤ ਜ਼ਮੀਨ ਦੀ ਵਰਤੋਂ ਜਾਂ ਕਬਜ਼ੇ ਬਦਲੇ ਪਟੇਦਾਰ ਵੱਲੋਂ ਆਪਣੇ ਲੈਂਡਲਾਰਡ ਨੂੰ ਅਦਾਇਗੀਯੋਗ ਦੇਣਦਾਰੀ ਹੈ। ਇਹ ਦੇਣਦਾਰੀ ਪਟੇਦਾਰੀ ਮੁਆਇਦੇ ਦਾ ਪ੍ਰਮੁਖ ਤੱਤ ਹੈ। ਪਟੇਦਾਰੀ ਸਾਬਤ ਕਰਨ ਲਈ ਇਹ ਦੇਣਦਾਰੀ ਸਾਬਤ ਕਰਨਾ ਅਤਿ ਜ਼ਰੂਰੀ ਹੈ।
ਭੋਂਪਤੀ ਆਪਣੀ ਜ਼ਮੀਨ ਨੂੰ ਮਰਜ਼ੀ ਮੁਤਾਬਕ ਇਸਤੇਮਾਲ ਕਰਨ ਲਈ ਅਧਿਕਾਰਤ ਹੈ। ਉਹ ਜ਼ਮੀਨ ਨੂੰ ਖ਼ੁਦ ਇਸਤੇਮਾਲ ਕਰ ਸਕਦਾ ਹੈ, ਕਿਸੇ ਨੂੰ ਆਮ ਜਾਂ ਖ਼ਾਸ ਵਰਤੋਂ ਵਾਸਤੇ ਮੁਫ਼ਤ ਦੇ ਸਕਦਾ ਹੈ ਜਾਂ ਆਮ ਜਾਂ ਖ਼ਾਸ ਵਰਤੋਂ ਵਾਸਤੇ ਠੇਕੇ ਤੇ ਦੇ ਸਕਦਾ ਹੈ। ਉਹ ਕਿਹੜੀ-ਕਿਹੜੀ ਜ਼ਮੀਨ ਠੇਕੇ ਤੇ ਦੇ ਸਕਦਾ ਹੈ, ਠੇਕਾ ਕਿਸ-ਕਿਸ ਪ੍ਰਕਾਰ ਦਾ ਹੋ ਸਕਦਾ ਹੈ, ਵੱਧ ਤੋਂ ਵੱਧ ਠੇਕਾ ਕਿੰਨਾ ਹੋ ਸਕਦਾ ਹੈ, ਠੇਕਾ ਨਾ ਮਿਲਣ ਦੀ ਸੂਰਤ ਵਿੱਚ ਕੀ ਕੀਤਾ ਜਾ ਸਕਦਾ ਹੈ। ਠੇਕੇ ਨਾਲ ਸੰਬੰਧਿਤ ਹੋਰ ਮਸਲਿਆਂ ਲਈ ਭਾਰਤ ਵਿੱਚ ਵੱਖ-ਵੱਖ ਰਾਜਾਂ ਦੇ ਆਪੋ-ਆਪਣੇ ਕਨੂੰਨ ਹਨ। ਪੰਜਾਬ ਵਿੱਚ ਜ਼ਮੀਨ ਦੇ ਠੇਕੇ ਸੰਬੰਧੀ ਤਿੰਨ ਕਨੂੰਨ ਮੌਜੂਦ ਹਨ ਜਿਵੇਂ ਕਿ ਪੰਜਾਬ ਟੇਨੈਂਸੀ ਐਕਟ, 1887; ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਉਰਜ਼ ਐਕਟ, 1953 (ਇਸ ਤੋਂ ਬਾਅਦ ਪੰਜਾਬ ਲਾਅ 1953) ਅਤੇ ਪੈਪਸੂ ਟੇਨੈਂਸੀ ਐਂਡ ਐਗਰੀਕਲਚਰਲ ਲੈਂਡਜ਼ ਐਕਟ, 1955 (ਇਸ ਤੋਂ ਬਾਅਦ ਪੈਪਸੂ ਲਾਅ 1955)। ਇਹਨਾਂ ਵਿੱਚੋਂ ਮੁੱਖ ਕਨੂੰਨ ਹੈ ਪੰਜਾਬ ਟੇਨੈਂਸੀ ਐਕਟ, 1887।
ਭੋਂਪਤੀ ਵੱਲੋਂ ਠੇਕੇ ਉੱਤੇ ਦਿੱਤੀ ਜਾ ਸਕਣ ਵਾਲੀ ਜ਼ਮੀਨ ਦੇ ਖੇਤਰ ਨੂੰ ਸੁਨਿਸ਼ਚਿਤ ਕਰਨ ਦੇ ਮੰਤਵ ਨਾਲ ਪੰਜਾਬ ਟੇਨੈਂਸੀ ਐਕਟ 1887 ਦੀ ਧਾਰਾ 4 (1) ਵਿੱਚ ਭੋਂ ਦੀ ਪਰਿਭਾਸ਼ਾ ਦਿੱਤੀ ਗਈ ਹੈ। ਇਸ ਪਰਿਭਾਸ਼ਾ ਦੇ ਘੇਰੇ ਵਿੱਚ ਆਉਂਦੀ ਜ਼ਮੀਨ ਹੀ ਪਟੇਦਾਰੀ ਮੁਆਇਦੇ ਦੀ ਵਿਸ਼ਾ-ਵਸਤੂ ਬਣ ਸਕਦੀ ਹੈ। ਇਸ ਪਰਿਭਾਸ਼ਾ ਦੇ ਦੋ ਪੱਖ ਹਨ : ਨਕਾਰਾਤਮਕ ਅਤੇ ਸਾਕਾਰਤਮਕ। ਨਕਾਰਾਤਮਕ ਭਾਵ ਉਹ ਜ਼ਮੀਨ ਜੋ ਪਰਿਭਾਸ਼ਾ ਅਨੁਸਾਰ ਜ਼ਮੀਨ ਨਹੀਂ ਹੈ। ਇਸ ਵਿੱਚ ਪਿੰਡ ਜਾਂ ਸ਼ਹਿਰ ਵਿੱਚ ਕਿਸੇ ਇਮਾਰਤ ਦੇ ਸਥਾਨ ਹੇਠ ਆਉਂਦੀ ਜ਼ਮੀਨ ਸ਼ਾਮਲ ਹੈ। ਸਾਕਾਰਾਤਮਕ ਭਾਵ ਉਹ ਜ਼ਮੀਨ ਜੋ ਇਸ ਪਰਿਭਾਸ਼ਾ ਦੇ ਘੇਰੇ ਵਿੱਚ ਆਉਂਦੀ ਹੈ। ਇਸ ਘੇਰੇ ਵਿੱਚ ਸ਼ਾਮਲ ਹੈ :
1. ਖੇਤੀ-ਬਾੜੀ ਮੰਤਵ ਹੇਠ ਆਉਂਦੀ ਜ਼ਮੀਨ। ਬਾਗ਼ਬਾਨੀ ਅਤੇ ਫੁੱਲ-ਕਿਰਸਾਨੀ ਵੀ ਖੇਤੀ-ਬਾੜੀ ਵਿੱਚ ਹੀ ਸ਼ਾਮਲ ਹੈ। ਇਸ ਜ਼ਮੀਨ ਨੂੰ ਵਾਹੀ ਜਾਣ ਵਾਲੀ ਜਾਂ ਕਾਬਲੇ-ਕਾਸ਼ਤ ਵੀ ਕਿਹਾ ਜਾਂਦਾ ਹੈ।
ਜਾਂ
2. ਖੇਤੀ-ਬਾੜੀ ਮੰਤਵ ਲਈ ਲਾਹੇਵੰਦ, ਸਹਾਇਕ ਅਤੇ ਉਪਯੋਗੀ ਕੰਮਾਂ ਹੇਠ ਆਉਂਦੀ ਜ਼ਮੀਨ। ਉਹ ਜ਼ਮੀਨ ਜੋ ਵਾਸਤਵ ਵਿੱਚ ਵਾਹੀ ਨਹੀਂ ਜਾਂਦੀ ਪਰ ਉਸ ਤੋਂ ਬਿਨਾਂ ਅਜੋਕੇ ਸਮੇਂ ਵਿੱਚ ਚੰਗੀ, ਲਾਹੇਵੰਦ ਅਤੇ ਖ਼ੁਸ਼ਹਾਲ ਖੇਤੀ-ਬਾੜੀ ਸੰਭਵ ਨਹੀਂ। ਇਸ ਵਰਗ ਵਿੱਚ ਸ਼ਾਮਲ ਹਨ ਖੂਹ, ਟਿਊਬਵੈੱਲ, ਖਾਲ, ਵਾੜੇ, ਪਿੜ ਅਤੇ ਰਾਹ ਹੇਠ ਆਉਂਦੇ ਜ਼ਮੀਨ ਦੇ ਟੁਕੜੇ; ਖੇਤੀ-ਬਾੜੀ ਸੰਦਾਂ, ਅਨਾਜ ਅਤੇ ਚਾਰੇ ਦੀ ਸੰਭਾਲ ਲਈ ਬਣਾਏ ਸਥਾਨ ਅਤੇ ਪਟੇਦਾਰਾਂ, ਨੌਕਰਾਂ, ਮਜ਼ਦੂਰਾਂ, ਆਦਿ ਦੀ ਸੁੱਖ-ਸੁਵਿਧਾ ਲਈ ਬਣਾਏ ਮਕਾਨ ਆਦਿ ਹੇਠ ਆਉਂਦੇ ਜ਼ਮੀਨ ਦੇ ਟੁਕੜੇ।
ਜਾਂ
3. ਚਰਾਂਦ। ਭਾਵ ਪਸੂ ਚਾਰਨ ਯੋਗ ਛੱਡੀ ਜ਼ਮੀਨ।
ਜਾਂ
4. ਉਪਰੋਕਤ ਜ਼ਮੀਨਾਂ ਤੇ ਇਮਾਰਤਾਂ ਅਤੇ ਹੋਰ ਢਾਂਚਿਆਂ ਦੇ ਸਥਾਨਾਂ ਹੇਠ ਆਉਂਦੀ ਜ਼ਮੀਨ।
ਠੇਕਾ ਪਟੇਦਾਰ ਵੱਲੋਂ ਲੈਂਡਲਾਰਡ ਨੂੰ ਜ਼ਮੀਨ ਦੀ ਵਰਤੋਂ ਜਾਂ ਕਬਜ਼ੇ ਲਈ ਦਿੱਤਾ ਜਾਂਦਾ ਹੈ। ਜ਼ਮੀਨ ਦੀ ਵਰਤੋਂ ਅਤੇ ਕਬਜ਼ਾ ਅਲੱਗ-ਅਲੱਗ ਅਵਸਥਾਵਾਂ ਹਨ। ਪਟੇਦਾਰ ਦੋਨਾਂ ਹਾਲਾਤਾਂ ਵਿੱਚ ਹੀ ਦੇਣਦਾਰ ਹੈ ਕਿਉਂਕਿ, ਜ਼ਮੀਨ ਦੀ ਵਰਤੋਂ ਜਾਂ ਕੇਵਲ ਕਬਜ਼ਾ, ਦੋਨੋਂ ਹੀ ਉਸਨੂੰ ਦੇਣਦਾਰ ਬਣਾਉਂਦੇ ਹਨ। ਜ਼ਮੀਨ ਦੀ ਵਰਤੋਂ ਜਾਂ ਕਬਜ਼ੇ ਤੋਂ ਬਿਨਾਂ ਕੀਤੀ ਕੋਈ ਵੀ ਅਦਾਇਗੀ ਜ਼ਮੀਨ ਦਾ ਠੇਕਾ ਨਹੀਂ ਬਣ ਸਕਦੀ। ਠੇਕੇ ਤੋਂ ਬਗ਼ੈਰ ਦਿੱਤੀ ਜ਼ਮੀਨ ਪਟੇਦਾਰੀ ਕਨੂੰਨ ਅਧੀਨ ਨਹੀਂ ਆ ਸਕਦੀ। ਸੋ ਜ਼ਮੀਨ ਦੀ ਵਰਤੋਂ ਜਾਂ ਕਬਜ਼ਾ ਅਤੇ ਠੇਕੇ ਵਜੋਂ ਦੇਣਦਾਰੀ ਦਾ ਗੂੜ੍ਹਾ ਸੰਬੰਧ ਹੈ। ਜ਼ਮੀਨ ਦਾ ਠੇਕਾ ਚਾਰ ਤਰ੍ਹਾਂ ਦਾ ਹੋ ਸਕਦਾ ਹੈ : ਨਕਦੀ, ਜਿਨਸ, ਸੇਵਾ ਅਤੇ ਰਲਿਆ-ਮਿਲਿਆ।
1. ਨਕਦੀ : ਭਾਵ ਪੈਸੇ, ਡਰਾਫਟ, ਚੈੱਕ, ਆਦਿ ਦੀ ਸ਼ਕਲ ਵਿੱਚ। ਅੱਜ-ਕੱਲ੍ਹ ਇਹ ਤਰੀਕਾ ਸਭ ਤੋਂ ਵੱਧ ਪ੍ਰਚਲਿਤ ਹੈ। ਆਮ ਤੌਰ ’ਤੇ ਇਹ ਉਹਨਾਂ ਫ਼ਸਲਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਨੂੰ ਅਸਾਨੀ ਨਾਲ ਵੰਡਿਆ ਨਹੀਂ ਜਾ ਸਕਦਾ ਜਿਵੇਂ ਕਿ ਮਿਰਚਾਂ, ਕਪਾਹ, ਗੰਨਾ, ਚਾਰਾ, ਸਬਜ਼ੀ ਆਦਿ। ਇਹ ਉੱਕਾ-ਪੁੱਕਾ ਜਾਂ ਵੱਖ-ਵੱਖ ਫ਼ਸਲਾਂ ਲਈ ਵੱਖੋ-ਵੱਖ ਹੋ ਸਕਦਾ ਹੈ।
2. ਜਿਨਸ : ਭਾਵ ਪੈਦਾਵਾਰ, ਫ਼ਸਲ, ਆਦਿ ਦੇ ਰੂਪ ਵਿੱਚ। ਇਹ ਤਰੀਕਾ ਪੁਰਾਣੇ ਸਮੇਂ ਤੋਂ ਪ੍ਰਚਲਿਤ ਹੈ। ਇਸ ਵਿੱਚ ਆਮ ਤੌਰ ’ਤੇ ਠੇਕਾ ਪੈਦਾ ਕੀਤੀ ਫ਼ਸਲ ’ਚੋਂ ਹਿੱਸੇ ਦੇ ਰੂਪ ਵਿੱਚ ਲਿਆ ਜਾਂਦਾ ਹੈ। ਪਰ ਇਹ ਉੱਕਾ-ਪੁੱਕਾ ਜਾਂ ਉਪਜਾਈ ਫ਼ਸਲ ਤੋਂ ਅਲੱਗ ਫ਼ਸਲ ਦੀ ਸ਼ਕਲ ਵਿੱਚ ਵੀ ਹੋ ਸਕਦਾ ਹੈ। ਇਸ ਤਰੀਕੇ ਵਿੱਚ ਠੇਕਾ ਜਿਨਸ ਤੇ ਪਹਿਲਾ ਭਾਰ ਹੈ। ਸੋ ਜਿਨਸ ਵਿੱਚੋਂ ਸਭ ਤੋਂ ਪਹਿਲਾਂ ਠੇਕਾ ਲਿਆ ਜਾਂਦਾ ਹੈ। ਇਸ ਤਰ੍ਹਾਂ ਦੇ ਠੇਕੇ ਵਾਲੀ ਜ਼ਮੀਨ ਤੇ ਪਟੇਦਾਰ ਨੂੰ ਆਮ ਤੌਰ ’ਤੇ ਆਪਣੇ ਖੇਤਰ ਵਿੱਚ ਪ੍ਰਚਲਿਤ ਤਰ੍ਹਾਂ ਦੀ ਖੇਤੀ-ਬਾੜੀ ਕਰਨੀ ਚਾਹੀਦੀ ਹੈ ਤਾਂ ਜੋ ਲੈਂਡਲਾਰਡ ਨੂੰ ਵੱਧ ਤੋਂ ਵੱਧ ਜਿਨਸ ਮਿਲ ਸਕੇ। ਇਸ ਵਿੱਚ ਪਟੇਦਾਰ ਫ਼ਸਲ ਦੀ ਦੇਖਭਾਲ, ਕਟਾਈ ਅਤੇ ਅਨਾਜ ਦੀ ਕਢਾਈ ਲੈਂਡਲਾਰਡ ਦੀ ਦਖ਼ਲ-ਅੰਦਾਜ਼ੀ ਤੋਂ ਬਗ਼ੈਰ ਕਰ ਸਕਦਾ ਹੈ। ਇਸ ਵਿੱਚ ਅਨਾਜ ਦੇ ਬਟਵਾਰੇ ਤੱਕ ਅਨਾਜ ਉੱਤੇ ਕੇਵਲ ਪਟੇਦਾਰ ਦਾ ਕਬਜ਼ਾ ਰਹਿੰਦਾ ਹੈ। ਲੈਂਲਲਾਰਡ ਬਟਵਾਰੇ ਸਮੇਂ ਹਾਜ਼ਰ ਰਹਿ ਸਕਦਾ ਹੈ ਅਤੇ ਬਟਵਾਰੇ ਵਿੱਚ ਹਿੱਸਾ ਲੈ ਸਕਦਾ ਹੈ। ਜਿਨਸ ਦੇ ਬਟਵਾਰੇ ਤੋਂ ਬਾਅਦ ਦੋਨੋਂ ਧਿਰਾਂ ਆਪੋ-ਆਪਣੇ ਹਿੱਸੇ ਤੇ ਕਬਜ਼ੇ ਲਈ ਅਧਿਕਾਰਤ ਹੁੰਦੇ ਹਨ।
3. ਸੇਵਾਵਾਂ : ਜ਼ਿਮੀਦਾਰੀ ਦੇ ਧੰਦੇ ਵਿੱਚ ਭੋਂਪਤੀ ਨੂੰ ਸਮੇਂ-ਸਮੇਂ ਕੁਝ ਲੋਕਾਂ ਦੀਆਂ ਸੇਵਾਵਾਂ ਲੈਣੀਆਂ ਪੈਂਦੀਆਂ ਹਨ ਜਿਵੇਂ ਕਿ ਲੁਹਾਰ, ਤਰਖਾਣ, ਘੁਮਿਆਰ, ਨਾਈ, ਮੋਚੀ, ਝਿਊਰ, ਆਦਿ। ਜੇ ਭੋਂਪਤੀ ਇਹਨਾਂ ਸੇਵਾਵਾਂ ਦੇ ਬਦਲੇ ਉਹਨਾਂ ਨੂੰ ਵਰਤੋਂ ਲਈ ਜ਼ਮੀਨ ਦੇਵੇ ਤਾਂ ਇਹ ਸੇਵਾਵਾਂ ਉਸ ਜ਼ਮੀਨ ਦਾ ਠੇਕਾ ਬਣ ਜਾਂਦੀਆਂ ਹਨ ਅਤੇ ਲੈਂਡਲਾਰਡ-ਪਟੇਦਾਰ ਸੰਬੰਧ ਸਥਾਪਿਤ ਹੋ ਜਾਂਦਾ ਹੈ। ਪਰ ਖੇਤੀ-ਬਾੜੀ ਦੇ ਮਸ਼ੀਨੀਕਰਨ ਹੋਣ ਕਾਰਨ ਇਹਨਾਂ ਸੇਵਾਵਾਂ ਦਾ ਇਸਤੇਮਾਲ ਘੱਟ ਗਿਆ ਹੈ। ਇਸ ਲਈ ਹੁਣ ਦੀਆਂ ਸੇਵਾਵਾਂ ਬਦਲੇ ਨਕਦ ਅਦਾਇਗੀ ਪ੍ਰਚਲਿਤ ਹੋ ਗਈ ਹੈ।
4. ਰਲਿਆ-ਮਿਲਿਆ : ਭਾਵ ਉਪਰੋਕਤ ਤਰ੍ਹਾਂ ਦੇ ਠੇਕਿਆਂ ਦਾ ਮਿਸ਼ਰਨ। ਇਸ ਤਰੀਕੇ ਵਿੱਚ ਪਟੇਦਾਰ ਮੁਆਇਦੇ ਮੁਤਾਬਕ ਪੈਸੇ, ਜਿਨਸ, ਸੇਵਾਵਾਂ ਵਿੱਚੋਂ ਸਾਰਿਆਂ ਜਾਂ ਇੱਕ ਤੋਂ ਵੱਧ ਤਰੀਕਿਆਂ ਨਾਲ ਠੇਕੇ ਦੀ ਅਦਾਇਗੀ ਕਰਨ ਲਈ ਦੇਣਦਾਰ ਹੁੰਦਾ ਹੈ।
ਪੰਜਾਬ ਲਾਅ 1953 ਅਤੇ ਪੈਪਸੂ ਲਾਅ 1955 ਨੇ ਠੇਕੇ ਦੀ ਵੱਧ ਤੋਂ ਵੱਧ ਹੱਦ ਨਿਸ਼ਚਿਤ ਕਰ ਦਿੱਤੀ ਹੈ। ਇਹਨਾਂ ਕਨੂੰਨਾਂ ਅਨੁਸਾਰ ਠੇਕੇ ਦੀ ਵੱਧ ਤੋਂ ਵੱਧ ਹੱਦ ਹੈ ਫ਼ਸਲ ਜਾਂ ਜਿਨਸ ਜਾਂ ਉਸਦੀ ਕੀਮਤ ਦਾ ਇੱਕ ਤਿਹਾਈ। ਸੋ ਲੈਂਡਲਾਰਡ ਪੈਦਾਵਾਰ ਜਾਂ ਉਸਦੀ ਕੀਮਤ ਦੇ ਇੱਕ ਤਿਹਾਈ ਤੋਂ ਵੱਧ ਠੇਕਾ ਨਹੀਂ ਲੈ ਸਕਦਾ।
ਠੇਕੇ ਦੀ ਇੱਕ ਕਿਸਮ ਨੂੰ ਦੂਸਰੀ ਕਿਸਮ ਵਿੱਚ ਬਦਲਣ ਲਈ ਦੋਨਾਂ ਧਿਰਾਂ ਦੀ ਸਹਿਮਤੀ ਜ਼ਰੂਰੀ ਹੈ। ਇਹ ਤਬਦੀਲੀ ਕਰਨਾ ਮਾਲ ਅਫ਼ਸਰਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਇੱਕ ਤੋਂ ਵੱਧ ਲੈਂਡਲਾਰਡ ਹੋਣ ਦੀ ਸੂਰਤ ਵਿੱਚ ਪਟੇਦਾਰ ਵੱਲੋਂ ਕਿਸੇ ਇੱਕ ਨੂੰ ਕੀਤੀ ਅਦਾਇਗੀ ਵੀ ਠੇਕੇ ਦੀ ਅਦਾਇਗੀ ਮੰਨੀ ਜਾਏਗੀ।
ਇਹ ਵਰਣਨਯੋਗ ਹੈ ਕਿ ਪਟੇਦਾਰ ਆਪਣੀ ਦੇਣਦਾਰੀ ਤੋਂ ਸੁਰਖ਼ੁਰੂ ਹੋਣ ਲਈ ਕੁਝ ਹਾਲਤਾਂ ਵਿੱਚ ਠੇਕਾ ਮਾਲ ਅਫ਼ਸਰ ਕੋਲ ਜਮ੍ਹਾ ਕਰਵਾ ਸਕਦਾ ਹੈ, ਜਿਵੇਂ ਕਿ :
1. ਲੈਂਡਲਾਰਡ ਵੱਲੋਂ ਠੇਕਾ ਲੈਣ ਤੋਂ ਇਨਕਾਰ ਕਰਨਾ, ਜਾਂ
2. ਲੈਂਡਲਾਰਡ ਵੱਲੋਂ ਠੇਕੇ ਦੀ ਰਸੀਦ ਦੇਣ ਤੋਂ ਇਨਕਾਰ ਕਰਨਾ, ਜਾਂ
3. ਇਹ ਸਪਸ਼ਟ ਨਾ ਹੋਣਾ ਕਿ ਠੇਕਾ ਲੈਣ ਲਈ ਅਧਿਕਾਰਤ ਕੌਣ ਹੈ।
ਉਪਰੋਕਤ ਹਾਲਤਾਂ ਵਿੱਚ ਪਟੇਦਾਰ ਠੇਕਾ ਜਮ੍ਹਾ ਕਰਾਉਣ ਲਈ ਮਾਲ ਅਫ਼ਸਰ ਨੂੰ ਦਰਖ਼ਾਸਤ ਦੇ ਸਕਦਾ ਹੈ। ਮਾਲ ਅਫ਼ਸਰ ਹਾਲਤਾਂ ਦੀ ਉਚਿਤਤਾ ਨੂੰ ਦੇਖਦੇ ਹੋਏ ਠੇਕਾ ਜਮ੍ਹਾ ਕਰਾਉਣ ਦੀ ਇਜਾਜ਼ਤ ਦੇ ਸਕਦਾ ਹੈ। ਇਸ ਤਰ੍ਹਾਂ ਜਮ੍ਹਾ ਕਰਵਾਇਆ ਹੋਇਆ ਠੇਕਾ ਪਟੇਦਾਰ ਵੱਲੋਂ ਲੈਂਡਲਾਰਡ ਨੂੰ ਠੇਕੇ ਦੀ ਅਦਾਇਗੀ ਮੰਨਿਆ ਜਾਏਗਾ। ਪਰ ਇਸ ਤਰ੍ਹਾਂ ਦੀ ਅਦਾਇਗੀ ਕੇਵਲ ਨਕਦੀ ਠੇਕੇ ਦੀ ਸੂਰਤ ਵਿੱਚ ਹੀ ਸੰਭਵ ਹੈ।
ਲੇਖਕ : ਬਲਦੇਵ ਸਿੰਘ ਮੱਲ੍ਹੀ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 543, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-28-10-16-57, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First