ਜ਼ਹਿਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜ਼ਹਿਰ (ਨਾਂ, ਇ, ਪੁ) ਸੇਵਨ ਕਰਨ ’ਤੇ ਜਾਨ ਲੈ ਸੱਕਣ ਵਾਲੀ ਵਿਸ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6793, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਜ਼ਹਿਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜ਼ਹਿਰ [ਨਾਂਪੁ] ਵਿਸ਼, ਮਹੁਰਾ , ਵਿਹੁ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6791, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜ਼ਹਿਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜ਼ਹਿਰ : ਜ਼ਹਿਰ, ਵਿਸ਼, ਵਿਹੁ ਜਾਂ ਜ਼ਹਿਰੀਲੀਆਂ ਦਵਾਈਆਂ ਉਹ ਪਦਾਰਥ ਹਨ ਜਿਹੜੇ ਖਾਧੇ ਜਾਣ ਤੇ ਜਾਂ ਲਹੂ ਵਿਚ ਦਾਖ਼ਲ ਹੋਣ ਤੇ ਸਿਹਤ ਨੂੰ ਹਾਨੀ ਪਹੁੰਚਾਉਂਦੇ ਜਾਂ ਘਾਤਕ ਅਸਰ ਕਰਦੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਉਹ ਜ਼ਹਿਰੀ ਰਿਸਾਉ ਹਨ ਜਿਹੜੇ ਕੁਝ ਪ੍ਰਾਣੀਆਂ ਦੇ ਵਿਸ਼ੇਸ਼ ਗਲੈਂਡਾਂ ਵਿਚੋਂ ਹੀ ਨਿਕਲਦੇ ਹਨ ਅਤੇ ਦੂਜੇ ਪ੍ਰਾਣੀਆਂ ਨੂੰ ਡੰਗ ਮਾਰ ਕੇ ਜਾਂ ਖਾਧੇ ਜਾਣ ਤੇ ਉਨ੍ਹਾਂ ਦੇ ਸਰੀਰ ਵਿਚ ਦਾਖ਼ਲ ਹੁੰਦੇ ਹਨ ਅਤੇ ਆਪਣਾ ਅਸਰ ਕਰਦੇ ਹਨ।
ਜ਼ਹਿਰਾਂ ਦੀ ਕਿਰਿਆ।
ਜ਼ਹਿਰਾਂ ਜਾਂ ਜ਼ਹਿਰੀਲੀਆਂ ਦਵਾਈਆਂ ਦਾ ਅਸਰ ਸਥਾਨਕ ਹੁੰਦਾ ਹੈ ਜਾਂ ਲਹੂ ਵਿਚ ਮਿਲ ਕੇ ਇਹ ਸਾਰੇ ਅੰਗਾਂ ਤੇ ਅਸਰ ਕਰਦੀਆਂ ਹਨ। ਜ਼ਹਿਰ ਦੀ ਕਿਰਿਆ ਤੇ ਅਸਰ ਕਰਨ ਵਾਲੀਆਂ ਕੁਝ ਹਾਲਤਾਂ ਹੇਠ ਲਿਖੀਆਂ ਹਨ :––
ਜ਼ਹਿਰ ਦੀ ਮਾਤਰਾ––ਕਈ ਬੀਮਾਰੀਆਂ ਦੇ ਇਲਾਜ ਲਈ ਕੁਝ ਜ਼ਹਿਰੀਲੀਆਂ ਦਵਾਈਆਂ ਦੇਣੀਆਂ ਪੈਂਦੀਆਂ ਹਨ। ਜੇਕਰ ਦਵਾਈ ਦੀ ਖ਼ੁਰਾਕ ਲੋੜ ਨਾਲੋਂ ਜ਼ਿਆਦਾ ਲੈ ਲਈ ਜਾਵੇ ਤਾਂ ਜ਼ਹਿਰ ਘਾਤਕ ਵੀ ਹੋ ਸਕਦੀ ਹੈ ਪਰ ਕੁਝ ਕੁ ਜ਼ਹਿਰੀਲੀਆਂ ਦਵਾਈਆਂ ਨੂੰ ਛੱਡ ਕੇ ਆਰਸੇਨਿਕ ਐਸਿਡ ਅਤੇ ਟਾਰਟਾਰ ਵਾਧੂ ਦਵਾਈ ਉਲਟੀ ਆਦਿ ਨਾਲ ਬਾਹਰ ਨਿਕਲ ਜਾਂਦੀ ਹੈ।
ਆਦਤ––ਕਈ ਵਾਰ ਕਿਸੇ ਜ਼ਹਿਰੀਲੀ ਦਵਾਈ ਦਾ ਵਾਰ ਵਾਰ ਸੇਵਨ ਕਰਨ ਨਾਲ ਸਰੀਰ ਵਿਚ ਉਸ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ ਅਤੇ ਉਸ ਦੀ ‘ਘਾਤਕ ਖ਼ੁਰਾਕ’ ਲੈਣ ਨਾਲ ਵੀ ਕੋਈ ਖਾਸ ਫ਼ਰਕ ਨਹੀਂ ਪੈਂਦਾ।
ਸੁਭਾਅ ਦੀ ਵਿਲੱਖਣਤਾ––ਕਈ ਮਨੁੱਖਾਂ ਦਾ ਸਰੀਰ ਕੁਝ ਖਾਸ ਦਵਾਈਆਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਦਵਾਈ ਦੀ ਆਮ ਖ਼ੁਰਾਕ ਵੀ ਉਨ੍ਹਾਂ ਤੇ ਗੰਭੀਰ ਜਾਂ ਘਾਤਕ ਅਸਰ ਕਰ ਸਕਦੀ ਹੈ ਜਿਵੇਂ ਮਾਰਫ਼ੀਨ, ਕੋਕੇਨ, ਕੁਨੀਨ, ਆਇਓਡੀਨ, ਬ੍ਰੋਮੀਨ ਆਦਿ।
ਉਮਰ––ਬਾਲਗਾਂ ਨਾਲੋਂ ਬੱਚਿਆਂ ਉੱਤੇ ਜ਼ਹਿਰੀਲੀਆਂ ਚੀਜ਼ਾਂ ਦਾ ਅਸਰ ਜ਼ਿਆਦਾ ਹੁੰਦਾ ਹੈ ਅਤੇ ਫ਼ਾਰਮਾਕਾੱਲੋਜੀਕਲ ਨਿਯਮ ਅਨੁਸਾਰ ਬੱਚਿਆਂ ਲਈ ਦਵਾਈ ਦੀ ਖ਼ੁਰਾਕ ਨਿਸ਼ਚਿਤ ਕੀਤੀ ਹੁੰਦੀ ਹੈ ਪਰ ਮਾਰਫ਼ੀਨ, ਅਫ਼ੀਮ ਅਤੇ ਇਨ੍ਹਾਂ ਵਿਚ ਬਣਾਈਆਂ ਦਵਾਈਆਂ ਦੀ ਮਾਤਰਾ ਨਿਯਮਾਂ ਦੇ ਹਿਸਾਬ ਨਾਲ ਦੱਸੀ ਮਾਤਰਾ ਤੋਂ ਵੀ ਜ਼ਿਆਦਾ ਜ਼ਹਿਰੀਲੀ ਹੁੰਦੀ ਹੈ। ਇਸੇ ਤਰ੍ਹਾਂ ਬੱਚੇ ਬੈਲਾਡੋਨਾ ਵਿਚ ਤਿਆਰ ਕੀਤੀਆਂ ਦਵਾਈਆਂ ਨੂੰ ਬਾਲਗਾਂ ਤੋਂ ਵੀ ਜ਼ਿਆਦਾ ਚੰਗੀ ਤਰ੍ਹਾਂ ਸਹਾਰ ਸਕਦੇ ਹਨ।
ਸਿਹਤ––ਜ਼ਹਿਰੀਲੀਆਂ ਦਵਾਈਆਂ ਦਾ ਅਸਰ ਮਨੁੱਖ ਦੀ ਸਿਹਤ ਤੇ ਵੀ ਨਿਰਭਰ ਕਰਦਾ ਹੈ। ਥੋੜ੍ਹੀ ਜਿਹੀ ਖ਼ੁਰਾਕ ਜਿਸ ਨਾਲ ਇਕ ਤਕੜੇ ਸਰੀਰ ਵਾਲਾ ਮਰੀਜ਼ ਤਾਂ ਰਾਜ਼ੀ ਹੋ ਜਾਂਦਾ ਹੈ ਪਰ ਉਹੀ ਖ਼ੁਰਾਕ ਇਕ ਮਾੜੇ ਸਰੀਰ ਵਾਲੇ ਮਰੀਜ਼ ਤੇ ਘਾਤਕ ਅਸਰ ਕਰ ਸਕਦੀ ਹੈ। ਬੀਮਾਰੀਆਂ ਵਿਚ ਜਿਹੜੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਉਹ ਜ਼ਿਆਦਾ ਕਰਕੇ ਜ਼ਹਿਰੀਲੀਆਂ ਹੁੰਦੀਆਂ ਹਨ ਅਤੇ ਇਹ ਮਲ ਤਿਆਗ ਅੰਗਾਂ ਤੇ ਸਭ ਤੋਂ ਜ਼ਿਆਦਾ ਅਸਰ ਕਰਦੀਆਂ ਹਨ। ਜੇ ਮਲ ਤਿਆਗ ਅੰਗ ਤਕੜੇ ਹੋਣ ਤਾਂ ਕਈ ਪੀੜਾਂ ਨੂੰ ਘਟਾਉਣ ਲਈ ਦਿੱਤੀਆਂ ਜਾਣ ਵਾਲੀਆਂ ਨਸ਼ੀਲੀਆਂ ਦਵਾਈਆਂ ਦਾ ਅਸਰ ਇਨ੍ਹਾਂ ਤੇ ਘਟ ਹੀ ਹੁੰਦਾ ਹੈ।
ਜ਼ਹਿਰ ਖਾਣ ਦਾ ਤਰੀਕਾ––ਜੇ ਕੋਈ ਜ਼ਹਿਰ ਤਰਲ ਰੂਪ ਵਿਚ ਮੂੰਹ ਰਾਹੀਂ ਖਾਧੀ ਜਾਵੇ ਤਾਂ ਇਸ ਦਾ ਅਸਰ ਜ਼ਿਆਦਾ ਹੁੰਦਾ ਹੈ ਜਦੋਂ ਕਿ ਅਘੁਲਣਸ਼ੀਲ ਗੋਲੀਆਂ ਆਦਿ ਜਾਂ ਕਿਸੇ ਹੋਰ ਰੂਪ ਵਿਚ ਖਾਣ ਤੇ ਇਹ ਅਸਰ ਘਟ ਹੁੰਦਾ ਹੈ। ਦੂਜਾ ਜੇ ਪੇਟ ਖਾਲੀ ਹੋਵੇ ਤਾਂ ਇਸ ਦਾ ਅਸਰ ਜ਼ਿਆਦਾ ਤੇ ਜਲਦੀ ਹੁੰਦਾ ਹੈ ਤੇ ਜੇ ਜ਼ਹਿਰ ਘੁਲਣਸ਼ੀਲ ਰੂਪ ਵਿਚ ਹੋਵੇ ਤਾਂ ਅਸਰ ਹੋਰ ਵੀ ਜਲਦੀ ਹੁੰਦਾ ਹੈ। ਜੇ ਗੈਸ ਜਾਂ ਵਾਸ਼ਪਾਂ ਦੇ ਰੂਪ ਵਿਚ ਇਹ ਸਾਹ ਰਾਹੀਂ ਅੰਦਰ ਚਲੀ ਜਾਵੇ ਜਾਂ ਨਾੜਾਂ ਵਿਚ ਟੀਕੇ ਆਦਿ ਰਾਹੀਂ ਦਿੱਤੀ ਜਾਵੇ ਤਾਂ ਇਸ ਦਾ ਅਸਰ ਸਭ ਤੋਂ ਜਲਦੀ ਹੁੰਦਾ ਹੈ। ਯੋਨੀ ਜਾਂ ਰੈਕਟਮ ਦੀ ਮਿਊਕਸ ਝਿੱਲੀ ਤੇ ਜ਼ਹਿਰ ਦਾ ਘਾਤਕ ਅਸਰ ਹੁੰਦਾ ਹੈ।
ਰਸਾਇਣਿਕ ਸੰਯੋਗ––ਕਈ ਪਦਾਰਥ ਕੁਝ ਸੰਯੋਜਨਾਂ ਵਿਚ ਬਹੁਤ ਜ਼ਹਿਰੀਲੇ ਹੁੰਦੇ ਹਨ। ਕਈਆਂ ਵਿਚ ਬਿਲਕੁਲ ਨਹੀਂ। ਇਸੇ ਤਰ੍ਹਾਂ ਕਿਸੇ ਦਵਾਈ ਦੇ ਅੰਸ਼ ਵੱਖਰੇ ਤੌਰ ਤੇ ਤਾਂ ਜ਼ਹਿਰੀਲਾ ਅਸਰ ਕਰਦੇ ਹਨ ਪਰ ਇਕੱਠੇ ਹੋ ਕੇ ਉਨ੍ਹਾਂ ਦਾ ਜ਼ਹਿਰੀਲਾਪਣ ਖਤਮ ਹੋ ਜਾਂਦਾ ਹੈ।
ਸਮੁੱਚਾ ਪ੍ਰਭਾਵ––ਕਈ ਪਦਾਰਥ ਜਿਵੇਂ ਪਾਰਾ, ਕਾਰਬਨ ਮਾਨੋ-ਆੱਕਸਾਈਡ ਸਿੱਕਾ ਆਦਿ ਸਰੀਰ ਵਿਚੋਂ ਬਹੁਤ ਹੌਲੀ ਖਾਰਜ ਹੁੰਦੇ ਹਨ ਤੇ ਇਸ ਤਰ੍ਹਾਂ ਸਰੀਰ ਵਿਚ ਜਮ੍ਹਾਂ ਹੁੰਦੇ ਰਹਿੰਦੇ ਹਨ। ਜੇ ਲਗਾਤਾਰ ਇਨ੍ਹਾਂ ਪਦਾਰਥਾਂ ਦੀ ਥੋੜ੍ਹੀ ਥੋੜ੍ਹੀ ਮਾਤਰਾ ਦਾ ਵੀ ਸੇਵਨ ਕੀਤਾ ਜਾਵੇ ਤਾਂ ਕਿਸੇ ਵੀ ਸਮੇਂ ਇਹ ਆਪਣਾ ਜ਼ਹਿਰੀਲਾ ਅਸਰ ਸ਼ੁਰੂ ਕਰ ਦਿੰਦੇ ਹਨ।
ਜ਼ਹਿਰ-ਪ੍ਰਭਾਵ ਦੀ ਤਸ਼ਖ਼ੀਸ ਅਤੇ ਇਲਾਜ
ਜ਼ਹਿਰ ਪ੍ਰਭਾਵ ਦੇ ਲੱਛਣ––ਜ਼ਹਿਰ ਖਾਣ ਤੋਂ ਬਾਅਦ ਪੈਦਾ ਹੋਏ ਲੱਛਣ ਕਈ ਵਾਰੀ ਬੀਮਾਰੀ ਦੇ ਲੱਛਣਾਂ ਨਾਲ ਹੋਰ ਵੀ ਉਭਰ ਆਉਂਦੇ ਹਨ ਜਿਵੇਂ ਆਰਸੈਨਿਕ ਜ਼ਹਿਰ ਪ੍ਰਭਾਵ ਦੇ ਲੱਛਣ ਹੈਜ਼ੇ ਜਾਂ ਜੀਵਾਣੂਆਂ ਰਾਹੀਂ ਹੋਏ ਜ਼ਹਿਰੀਲੇ ਭੋਜਨ ਦੇ ਅਸਰ ਕਰਕੇ ਪੈਦਾ ਹੋਏ ਲੱਛਣਾਂ ਨਾਲ ਮਿਲਦੇ ਕਾਫ਼ੀ ਹਨ। ਫ਼ਰਕ ਸਿਰਫ਼ ਉਲਟੀ, ਟੱਟੀ, ਪਿਸ਼ਾਬ ਆਦਿ ਵਿਚ ਆਰਸੈਨਿਕ ਮਿਲਣ ਕਰਕੇ ਪਤਾ ਲਗਦਾ ਹੈ।
ਮ੍ਰਿਤਕ ਸਰੀਰ ਦਾ ਮੁਆਇਨਾ––ਕਿਸੇ ਜ਼ਹਿਰੀਲੇ ਪਦਾਰਥ ਦੇ ਖਾਣ ਨਾਲ ਕੋਈ ਮੌਤ ਦੇ ਸ਼ੱਕ ਵਿਚ ਮ੍ਰਿਤਕ ਦੇ ਅੰਗਾਂ ਦਾ ਮੁਆਇਨਾ ਕੀਤਾ ਜਾਂਦਾ ਹੈ ਅਤੇ ਇਸ ਵਿਚ ਮਿਲੇ ਚਿੰਨ੍ਹਾਂ ਤੋਂ ਜ਼ਹਿਰ ਦੀ ਕਿਸਮ, ਉਸ ਦੇ ਖਾਣ ਦਾ ਢੰਗ ਅਤੇ ਖ਼ੁਰਾਕ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਇਲਾਜ––ਵੱਖ ਵੱਖ ਜ਼ਹਿਰਾਂ ਦੇ ਇਲਾਜ ਉਨ੍ਹਾਂ ਦੀ ਕਿਸਮ ਤੇ ਨਿਰਭਰ ਕਰਦੇ ਹਨ। ਮਿਹਦੇ ਦੀ ਸਫ਼ਾਈ ਰਾਹੀਂ ਜ਼ਹਿਰ ਇਕਦਮ ਕੱਢਣੀ ਚਾਹੀਦੀ ਹੈ ਤੇ ਵਿਹੁ ਮਾਰ ਦਵਾਈ ਸਰੀਰ ਵਿਚ ਦਾਖ਼ਲ ਕਰਨੀ ਚਾਹੀਦੀ ਹੈ। ਕੋਸੇ ਲੂਣੇ ਪਾਣੀ ਨਾਲ ਕੋਲਾੱਨ ਵੱਡੀ ਆਂਦਰ ਦੇ ਇਕ ਹਿੱਸੇ ਦੀ ਸਫ਼ਾਈ ਕਰਨ ਨਾਲ ਆਂਦਰਾਂ ਰਾਹੀਂ ਵੀ ਜ਼ਹਿਰ ਕੱਢੀ ਜਾਂਦੀ ਹੈ।
ਵੱਖ-ਵੱਖ ਜ਼ਹਿਰਾਂ ਦੇ ਗੁਣ
ਜ਼ਹਿਰਾਂ ਨੂੰ ਉਨ੍ਹਾਂ ਦੇ ਗੁਣਾਂ ਜਿਵੇਂ ਰਸਾਇਣਕ ਬਣਤਰ, ਸਰੀਰ ਉੱਤੇ ਉਨ੍ਹਾਂ ਦੀ ਕਿਰਿਆ, ਭੌਤਿਕ ਗੁਣ ਆਦਿ ਦੇ ਆਧਾਰ ਤੇ ਹੇਠ ਲਿਖੀਆਂ ਪੰਜ ਕਿਸਮਾਂ ਵਿਚ ਵੰਡਿਆ ਗਿਆ ਹੈ :––
ਖੋਰਕ ਜ਼ਹਿਰਾਂ––ਖੋਰਕ ਜ਼ਹਿਰਾਂ ਦੇ ਸਰੀਰ ਦੇ ਅੰਦਰ ਜਾਂਦੇ ਹੀ ਨਾਲ ਦੀ ਨਾਲ ਗੰਭੀਰ ਲੱਛਣ ਨਜ਼ਰ ਆਉਣ ਲੱਗ ਜਾਂਦੇ ਹਨ। ਇਨ੍ਹਾਂ ਨਾਲ ਮੂੰਹ, ਗਲੇ ਅਤੇ ਈਸੋਫੇਗਸ (ਗ੍ਰਸ ਨਲੀ) ਵਿਚ ਜਲਣ ਦੇ ਨਾਲ ਮਿਹਦੇ ਅਤੇ ਆਂਦਰਾਂ ਵਿਚ ਦਰਦ ਹੁੰਦੀ ਹੈ। ਜਲਦੀ ਹੀ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਉਲਟੀ ਵਿਚ ਲਹੂ ਹੁੰਦਾ ਹੈ ਜਿਸ ਦਾ ਰੰਗ ਜ਼ਹਿਰ ਕਰਕੇ ਬਦਲ ਜਾਂਦਾ ਹੈ ਅਤੇ ਬਲਗਮੀ ਝਿੱਲੀ ਦੇ ਟੁਕੜੇ ਵੀ ਆਮ ਤੌਰ ਤੇ ਹੁੰਦੇ ਹਨ। ਜੇ ਇਨ੍ਹਾਂ ਜ਼ਹਿਰਾਂ ਦੀ ਖ਼ੁਰਾਕ ਘਾਤਕ ਖ਼ੁਰਾਕ ਜਿੰਨੀ ਹੋਵੇ ਅਤੇ ਜਲਦੀ ਹੀ ਵਿਹੁ ਮਾਰ ਦਵਾਈ ਨਾਲ ਇਲਾਜ ਨਾ ਕੀਤਾ ਜਾਵੇ ਤਾਂ 24 ਘੰਟੇ ਦੇ ਅੰਦਰ ਅੰਦਰ ਮੌਤ ਹੋ ਜਾਂਦੀ ਹੈ।
ਖੋਰਕ ਜ਼ਹਿਰਾਂ ਵਿਚ ਖੋਰਕ ਅਕਾੱਰਬਨੀ ਤੇਜ਼ਾਬ, ਗੰਧਕ ਦਾ ਤੇਜ਼ਾਬ, ਲੂਣ ਦਾ ਤੇਜ਼ਾਬ, ਸ਼ੋਰੇ ਦਾ ਤੇਜ਼ਾਬ ਆਦਿ ਕਾਸਟਿਕ ਖਾਰਾਂ, ਕਾਸਟਿਕ ਪੋਟਾਸ਼, ਕਾਸਟਿਕ ਸੋਡਾ, ਅਮੋਨੀਆ ਆਦਿ, ਅਤੇ ਖੋਰਕ ਕਾਰਬਨੀ ਤੇਜ਼ਾਬ-ਕਾਰਬਾੱਲਿਕ ਤੇਜ਼ਾਬ ਆਦਿ ਆਉਂਦੇ ਹਨ।
ਜਲਣ ਅਤੇ ਸੋਜਸ਼ ਪੈਦਾ ਕਰਨ ਵਾਲੀਆਂ ਜ਼ਹਿਰਾਂ––ਇਹ ਜ਼ਹਿਰਾਂ ਬਲਗਮੀ ਝਿੱਲੀਆਂ ਉੱਤੇ ਸਿੱਧਾ ਅਸਰ ਕਰਕੇ ਸੋਜਸ਼ ਪੈਦਾ ਕਰਦੀਆਂ ਹਨ। ਇਨ੍ਹਾਂ ਵਿਚੋਂ ਬਹੁਤੀਆਂ ਜ਼ਹਿਰਾਂ ਖ਼ਾਸ ਅੰਗਾਂ ਤੇ ਆਪਣਾ ਅਸਰ ਕਰਨ ਤੋਂ ਇਲਾਵਾ ਮਿਹਦੇ ਅਤੇ ਆਂਦਰਾਂ ਵਿਚ ਜਲਣ ਵੀ ਪੈਦਾ ਕਰਦੀਆਂ ਹਨ ਉਦਾਹਰਣ ਵਜੋਂ ਆੱਕਸੈਲਿਕ ਤੇਜ਼ਾਬ ਦਿਲ ਅਤੇ ਨਾੜੀ ਸਿਸਟਮ ਤੇ ਜ਼ਿਆਦਾ ਅਸਰ ਕਰਦਾ ਹੈ ਅਤੇ ਇਸ ਦੇ ਨਾਲ ਹੀ ਗਲੇ, ਗ੍ਰਸ-ਨਲੀ, ਮਿਹਦੇ ਅਤੇ ਆਂਦਰਾਂ ਵਿਚ ਜਲਣ ਤੇ ਦਰਦ ਪੈਦਾ ਕਰਦਾ ਹੈ। ਇਸੇ ਤਰ੍ਹਾਂ ਆਰਨਿਕ ਦਿਲ, ਗੁਰਦੇ ਅਤੇ ਹੋਰ ਅੰਗਾਂ ਉੱਤੇ ਅਸਰ ਕਰਨ ਦੇ ਨਾਲ ਨਾਲ ਆਂਦਰਾਂ ਤੇ ਪੇਟ ਵਿਚ ਬਹੁਤ ਦਰਦ ਪੈਦਾ ਕਰਦਾ ਹੈ। ਇਸ ਨਾਲ ਟੱਟੀਆਂ ਤੇ ਉਲਟੀਆਂ ਸ਼ੁਰੂ ਹੋ ਜਾਂਦੀਆਂ ਹਨ। ਐਂਟੀਮਨੀ, ਜਿਸਤ ਦੇ ਲੂਣ, ਬੇਰੀਅਮ ਦੇ ਲੂਣ, ਕ੍ਰੋਮੇਟ, ਮਰਕਿਊਰਿਕ ਕਲੋਰਾਈਡ ਆਦਿ ਇਸ ਦੀਆਂ ਹੋਰ ਉਦਾਹਰਣਾਂ ਹਨ।
ਸਰਬਾਂਸੀ ਜ਼ਹਿਰਾਂ––ਇਹ ਉਹ ਜ਼ਹਿਰਾਂ ਹਨ ਜਿਹੜੀਆਂ ਨਾੜੀ ਸਿਸਟਮ ਜਾਂ ਸਰੀਰ ਦੇ ਹੋਰ ਅੰਗਾਂ ਜਿਵੇਂ ਦਿਲ, ਜਿਗਰ, ਗੁਰਦੇ ਆਦਿ ਤੇ ਅਸਰ ਕਰਦੀਆਂ ਹਨ। ਇਨ੍ਹਾਂ ਦਾ ਖੋਰਕ ਜਾਂ ਜਲਣ ਪੈਦਾ ਕਰਨ ਵਾਲਾ ਕੋਈ ਅਸਰ ਨਹੀਂ ਹੁੰਦਾ। ਇਸ ਗਰੁੱਪ ਵਿਚ ਬਨਸਪਤ-ਜ਼ਹਿਰਾਂ ਜਾਂ ਉਨ੍ਹਾਂ ਦੇ ਐੱਲਕੋਲਾਇਡ, ਹਾਈਡ੍ਰੋਸਾਇਆਨਿਕ ਤੇਜ਼ਾਬ ਅਤੇ ਇਸ ਦੇ ਲੂਣ, ਕਲੋਰਲ, ਕਲੋਰੋਫਾਰਮ, ਅਲਕੋਹਲ ਈਥਰ, ਨੀਂਦਜਨਕ ਦਵਾਈਆਂ ਜਿਵੇਂ ਵੈਰੋਨਲ, ਸਲਫ਼ੋਨਲ ਆਦਿ ਹਨ। ਕੁਝ ਜ਼ਹਿਰਾਂ ਜਿਗਰ ਤੇ ਅਸਰ ਕਰਕੇ ਯਰਕਾਨ ਪੈਦਾ ਕਰਦੀਆਂ ਹਨ (ਜਿਵੇਂ ਟੈਟ੍ਰਾਕਲੋਰ ਈਥੇਨ; ਟ੍ਰਾਈਨਾਈਟ੍ਰੋ ਟਾਲੂਈਨ, ਪਿਕਰਿਕ ਐਸਿਡ ਆਦਿ)।
ਗੈਸੀ ਜ਼ਹਿਰਾਂ ਅਤੇ ਜੰਗੀ ਗੈਸਾਂ––ਇਨ੍ਹਾਂ ਵਿਚ ਕਾਰਬਨ ਮਾੱਨੋ-ਆੱਕਸਾਈਡ, ਕਾਰਬਨ ਡਾਈ-ਆੱਕਸਾਈਡ, ਕਲੋਰੀਨ, ਹਾਈਡ੍ਰੋਜਨ, ਸਲਫ਼ਾਈਡ ਆਦਿ ਜ਼ਹਿਰੀਲੀਆਂ ਗੈਸਾਂ ਆਉਂਦੀਆਂ ਹਨ।
ਜੰਗੀ ਗੈਸਾਂ ਨੂੰ ਚਾਰ ਗਰੁੱਪਾਂ ਵਿਚ ਵੰਡਿਆ ਜਾ ਸਕਦਾ ਹੈ :––
1. ਜਿਗਰ ਵਿਚ ਜਲਣ ਪੈਦਾ ਕਰਨ ਵਾਲੀਆਂ ਗੈਸਾਂ,
2. ਨੱਕ ਵਿਚ ਜਲਣ ਪੈਦਾ ਕਰਨ ਵਾਲੀਆਂ ਗੈਸਾਂ,
3. ਅੱਖਾਂ ਵਿਚ ਜਲਣ ਪੈਦਾ ਕਰਨ ਵਾਲੀਆਂ ਗੈਸਾਂ,
4. ਚਮੜੀ ਵਿਚ ਜਲਣ ਪੈਦਾ ਕਰਨ ਵਾਲੀਆਂ ਗੈਸਾਂ।
ਜ਼ਹਿਰੀਲੇ ਭੋਜਨ
ਭੋਜਨ ਜ਼ਹਿਰਬਾਦ ਟਰਮ ਆਮ ਤੌਰ ਤੇ ਅਜਿਹੀਆਂ ਬੀਮਾਰੀਆਂ ਲਈ ਵਰਤੀ ਜਾਂਦੀ ਹੈ ਜੋ ਅਜਿਹਾ ਭੋਜਨ ਜਿਸ ਵਿਚ ਰਸਾਇਣਿਕ, ਬਨਸਪਤ ਜਾਂ ਜੀਵਾਂ ਦੇ ਜ਼ਹਿਰ ਅਤੇ ਕੁਝ ਵਿਸ਼ੇਸ਼ ਰੋਗਾਣੂਆਂ ਜਾਂ ਉਨ੍ਹਾਂ ਦੇ ਜ਼ਹਿਰ ਮਿਲੇ ਹੋਣ, ਖਾਣ ਤੋਂ ਬਾਅਦ ਉੱਤਪੰਨ ਹੁੰਦੀਆਂ ਹਨ। ਜ਼ਹਿਰੀਲੀਆਂ ਖੁੰਭਾਂ ਜਾਂ ਸੈੱਲ ਫ਼ਿਸ਼ ਜਿਨ੍ਹਾਂ ਵਿਚ ਰੋਗਜਨਕ ਜੀਵਾਣੂ ਹੋਣ ਜ਼ਹਿਰੀਲੇ ਭੋਜਨ ਗਿਣੇ ਜਾਂਦੇ ਹਨ।
ਜ਼ਹਿਰੀਲੇ ਰਿਸਾਉ––ਇਹ ਰਿਸਾਉ ਕਈ ਪ੍ਰਾਣੀਆਂ ਦੀਆਂ ਕੁਝ ਵਿਸ਼ਿਸ਼ਟ ਗਿਲਟੀਆਂ ਵਿਚੋਂ ਨਿਕਲਦੇ ਹਨ। ਕਈ ਵਾਰ ਇਹ ਰਿਸਾਉ ਚਮੜੀ ਜਾਂ ਕਿਊਟਿਕਲ ਦੇ ਵੀ ਹੁੰਦੇ ਹਨ। ਕਿਸੇ ਦੂਜੇ ਪ੍ਰਾਣੀ ਵਿਚ ਜ਼ਹਿਰ ਦੰਦਾਂ, ਕੰਡਿਆਂ ਆਦਿ ਰਾਹੀਂ ਪਹੁੰਚ ਜਾਂਦਾ ਹੈ।
ਕੁਝ ਰਿਸਾਉ ਮੂੰਹ ਰਾਹੀਂ ਖਾਣ ਨਾਲ ਜ਼ਹਿਰੀਲੇ ਹੁੰਦੇ ਹਨ ਅਤੇ ਜੇ ਚਮੜੀ ਜਾਂ ਬਲਗਮੀ ਝਿੱਲੀਆਂ ਉੱਤੇ ਪੈਣ ਤਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਪਰ ਬਹੁਤਿਆਂ ਦਾ ਅਸਰ ਤਾਂ ਹੀ ਹੁੰਦਾ ਹੈ ਜੇ ਉਹ ਚਮੜੀ ਦੇ ਅੰਦਰ ਜਾਂ ਹੇਠਲੇ ਟਿਸ਼ੂਆਂ ਵਿਚ ਦਾਖ਼ਲ ਹੋਣ। ਇਨ੍ਹਾਂ ਨਾਲ ਛਾਲੇ ਪੈ ਜਾਂਦੇ ਹਨ, ਬਹੁਤ ਜ਼ਿਆਦਾ ਸੋਜਸ਼ ਤੋਂ ਬਾਅਦ ਟਿਸ਼ੂ ਵਿਚ ਵਿਗਾੜ ਆਦਿ ਆ ਜਾਂਦਾ ਹੈ। ਪੱਠਿਆਂ ਵਿਚ ਖਿੱਚ ਪੈਂਦੀ ਹੈ ਅਤੇ ਸੰਵੇਦਨ ਵਿਚ ਵਿਗਾੜ ਆ ਜਾਂਦੇ ਹਨ। ਇਨ੍ਹਾਂ ਦੇ ਸਰਬਾਂਸੀ ਅਸਰਾਂ ਵਿਚ ਸਥਾਨਕ ਜਾਂ ਵਿਸਤ੍ਰਿਤ ਹੀਮੋਰੈਜ, ਲਹੂ ਸੈੱਲਾਂ ਦਾ ਖ਼ਰਾਬ ਹੋਣਾ ਤੇ ਲਹੂ ਦਾ ਘਟ ਜਾਂ ਬਹੁਤ ਛੇਤੀ ਛੇਤੀ ਜੰਮਣਾ ਆਦਿ ਹਨ। ਨਾੜੀ ਸਿਸਟਮ ਉੱਤੇ ਪ੍ਰਭਾਵਾਂ ਵਿਚ ਘਬਰਾਹਟ, ਕੜਵੱਲ, ਉਲਟੀਆਂ-ਟੱਟੀਆਂ ਆਦਿ ਹਨ।
ਪ੍ਰਾਣੀਆਂ ਦੇ ਬਹੁਤੇ ਫ਼ਾਈਲਮਾਂ ਵਿਚ ਜ਼ਹਿਰੀਲੀਆਂ ਜਾਤੀਆਂ ਹੁੰਦੀਆਂ ਹਨ ਪਰ ਇਨ੍ਹਾਂ ਵਿਚ ਮਨੁੱਖ ਲਈ ਬਹੁਤ ਘਟ ਹਾਨੀਕਾਰਕ ਹਨ ਜਿਵੇਂ ਇਲੈਪਡੀ ਅਤੇ ਵਾਈਪਰਿਡੀ ਕੁਲਾਂ ਦੇ ਸੱਪ, ਕੁਝ ਅਠੂੰਹੇ ਅਤੇ ਮੱਕੜੀਆਂ, ਕਈ ਸਮਾਜਕ ਕੀੜੇ (ਸ਼ਹਿਦ ਦੀਆਂ ਮੱਖੀਆਂ, ਭਰਿੰਡਾਂ, ਕੀੜੀਆਂ) ਕੁਝ ਜੈਲੀ ਫਿਸ਼ਾਂ ਆਦਿ। ਇਨ੍ਹਾਂ ਤੋਂ ਇਲਾਵਾ ਸਮੁੰਦਰੀ ਅਰਚਿਨ, ਕੰਨ-ਖਜੂਰੇ, ਬਹੁਤੀਆਂ ਮੱਕੜੀਆਂ ਅਤੇ ਅਠੂੰਹੇ ਕੁਝ ਚਿੱਚੜ ਅਤੇ ਮਾਈਟਾਂ, ਬਹੁਤੇ ਕੀੜੇ, ਜ਼ਹਿਰਲੇ ਕੰਡਿਆਂ ਵਾਲੀਆਂ ਮੱਛੀਆਂ ਤੇ ਕੁਝ ਸੱਪ ਅਜਿਹੇ ਜ਼ਹਿਰੀਲੇ ਪ੍ਰਾਣੀ ਹਨ ਜਿਹੜੇ ਮਨੁੱਖ ਨੂੰ ਬਹੁਤ ਘੱਟ ਜਾਂ ਬਿਲਕੁਲ ਹੀ ਨੁਕਸਾਨ ਨਹੀਂ ਪਹੁੰਚਾਉਂਦੇ। ਜ਼ਹਿਰੀਲੇ ਚਮੜੀ ਰਿਸਾਵਾਂ ਵਾਲੇ ਜਲ-ਥਲੀ ਜੀਵ, ਜ਼ਹਿਰੀਲੀਆਂ ਕਿਰਲੀਆਂ ਅਤੇ ਜ਼ਹਿਰੀਲੇ ਥਣਧਾਰੀ ਪ੍ਰਾਣੀ ਜੀਵ-ਵਿਗਿਆਨ ਲਈ ਮਹੱਤਵਪੂਰਨ ਪ੍ਰਾਣੀ ਹਨ।
ਜ਼ਹਿਰੀਲੇ ਰਿਸਾਵਾਂ ਰਾਹੀਂ ਪੈਦਾ ਹੋਏ ਜ਼ਹਿਰ ਪ੍ਰਭਾਵ ਦੇ ਮੁੱਖ ਇਲਾਜ ਇਹ ਹਨ––(1) ਜਿਸ ਜਗ੍ਹਾ ਤੇ ਜ਼ਹਿਰ ਦਾਖ਼ਲ ਹੁੰਦੀ ਹੈ ਉਸੇ ਥਾਂ ਤੇ ਇਸ ਨੂੰ ਰੋਕ ਲੈਣਾ। ਅਜਿਹਾ ਉਸ ਥਾਂ ਨੂੰ ਬੰਨ੍ਹ ਦੇਣ ਜਾਂ ਸੁੰਨ ਕਰ ਦੇਣ ਨਾਲ ਹੁੰਦਾ ਹੈ ਅਤੇ ਫਿਰ ਚੀਰਾ ਦੇਣ ਅਤੇ ਚੂਸਣ ਨਾਲ ਜ਼ਹਿਰ ਕੱਢ ਦਿੱਤੀ ਜਾਂਦੀ ਹੈ, (2) ਜ਼ਹਿਰ ਪ੍ਰਭਾਵ ਤੋਂ ਮੁਕਤ ਸੀਰਮ ਰਾਹੀਂ ਉਸ ਦਾ ਅਸਰ ਖ਼ਤਮ ਕਰਨ ਨਾਲ ਅਤੇ (3) ਵਿਰੋਧੀ ਪ੍ਰਭਾਵ ਵਾਲੀਆਂ ਦਵਾਈਆਂ ਦੇਣ ਨਾਲ ਅਤੇ (4) ਲਹੂ ਬਦਲਣ ਅਤੇ ਪੀੜਾਹਾਰੀ ਆਦਿ ਤਰੀਕਿਆਂ ਰਾਹੀਂ।
ਡੰਗ ਮਾਰਨ ਵਾਲੇ ਸਮੁੰਦਰੀ ਪ੍ਰਾਣੀਆਂ ਵਿਚੋਂ ਕੁਝ ਕੁ ਦੇ ਇਲਾਜ ਇਸ ਤਰ੍ਹਾਂ ਹਨ। ਸੀਲੈਂਟਰੇਟਾ, ਐਨੇਲਿਡਾਂ ਅਤੇ ਇਕਾਈਨੋਡਰਮੇਟਾ ਦੇ ਸਪੱਰਸ਼ਕਾਂ, ਕਰੜੇ ਵਾਲਾਂ, ਕੰਡਿਆਂ ਜਾਂ ਪੈਡੀਸਿਲੇਰਿਈ ਰਾਹੀਂ ਡੰਗ ਲਗਦਾ ਹੈ। ਇਨ੍ਹਾਂ ਨੂੰ ਡੰਗ ਵਾਲੀ ਥਾਂ ਤੇ ਤੌਲੀਆ, ਰੇਤ ਜਾਂ ਕੋਈ ਹੋਰ ਅਜਿਹੀ ਵਸਤੂ ਰਗੜ ਕੇ ਇਕ ਦਮ ਹਟਾ ਲੈਣਾ ਚਾਹੀਦਾ ਹੈ ਅਤੇ ਉਸ ਥਾਂ ਤੇ ਅਲਕੋਹਲ ਜਾਂ ਤੇਲ ਅਦਿ ਲਗਾ ਦੇਣਾ ਚਾਹੀਦਾ ਹੈ।
ਮੱਛੀ ਦੇ ਕੰਡੇ ਨਾਲ ਹੋਏ ਜ਼ਖ਼ਮ ਉੱਤੇ ਚੀਰਾ ਦੇ ਕੇ ਜ਼ਖਮ ਵਾਲੀ ਥਾਂ ਵੱਡੀ ਕਰ ਲੈਣੀ ਚਾਹੀਦੀ ਹੈ ਤਾਂ ਕਿ ਉਸ ਵਿਚੋਂ ਜ਼ਹਿਰ ਚੂਸੀ ਜਾ ਸਕੇ। ਜ਼ਹਿਰ ਨੂੰ ਫੈਲਣ ਤੋਂ ਰੋਕਣ ਲਈ ਜ਼ਖ਼ਮ ਦੇ ਨੇੜੇ ਜਿਹੇ ਕੱਸ ਕੇ ਪੱਟੀ ਬੰਨ੍ਹ ਦੇਣੀ ਚਾਹੀਦੀ ਹੈ। ਜ਼ਖਮ ਵਾਲੀ ਥਾਂ ਨੂੰ ਗਰਮ ਪਾਣੀ ਵਿਚ (ਜਿਨ੍ਹਾਂ ਗਰਮ ਸਹਾਰਿਆਂ ਜਾ ਸਕੇ) ਘੰਟਾ ਕੁ ਰੱਖਣ ਨਾਲ ਵੀ ਕਹਿੰਦੇ ਹਨ ਕਿ ਜ਼ਹਿਰ ਦਾ ਅਸਰ ਖਤਮ ਹੋ ਜਾਂਦਾ ਹੈ। ਸਟਿੰਗ ਰੇ ਦੇ ਬਾਰਬ ਜਾਂ ਕੈਟ ਫਿਸ਼ ਦੇ ਕੰਡਿਆਂ ਆਦਿ ਰਾਹੀਂ ਬਣੇ ਜ਼ਖਮਾਂ ਨੂੰ ਕੋਈ ਲਾਗ ਲੱਗਣ ਤੋਂ ਬਚਾਉਣ ਲਈ ਇਕ ਦਮ ਠੰਢੇ ਨਮਕੀਨ ਪਾਣੀ ਨਾਲ ਧੋ ਦੇਣਾ ਚਾਹੀਦਾ ਹੈ। ਸੈਫ਼ੈਲੋਪੋਡਾ ਦੇ ਡੰਗ ਦਾ ਵੀ ਮੱਛੀਆਂ ਦੇ ਡੰਗ ਵਾਲਾ ਹੀ ਇਲਾਜ ਹੈ।
ਜ਼ਹਿਰੀਲੇ ਸਮੁੰਦਰੀ ਸੱਪਾਂ ਦੇ ਡੱਸੇ ਜਾਣ ਤੇ ਵੀ ਦੂਜੇ ਸੱਪਾਂ ਵਾਂਗ ਕੱਸ ਕੇ ਪੱਟੀ ਬੰਨਣੀ ਅਤੇ ਵਿਹੁਮਾਰ ਦਵਾਈ ਦੇਣੀ ਚਾਹੀਦੀ ਹੈ। ਚੀਰਾ ਦੇ ਕੇ ਜ਼ਹਿਰ ਚੂਸਣ ਵਾਲੇ ਤਰੀਕੇ ਦਾ ਇਥੇ ਕੋਈ ਅਸਰ ਨਹੀਂ ਹੈ। ਭਾਵੇਂ ਕਿਸੇ ਥਾਂ ਤੇ ਜ਼ਹਿਰੀਲੇ ਸਮੁੰਦਰੀ ਪ੍ਰਾਣੀਆਂ ਦੀ ਹੋਂਦ ਦਾ ਪਤਾ ਲਗਾਉਣਾ ਮੁਸ਼ਕਿਲ ਹੈ ਪਰ ਫਿਰ ਵੀ ਕੁਝ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਹਨ ਜਿਵੇਂ ਤਲ ਤੋਂ ਉਪਰ ਦੇ ਪਾਣੀ ਨੂੰ ਥੋੜ੍ਹਾ ਜਿਹਾ ਹਿਲਾ ਕੇ ਦੇਖ ਲੈਣ ਜਾਂ ਕਿਸੇ ਸੋਟੀ ਆਦਿ ਨਾਲ ਗਾਰੇ ਨੂੰ ਹਿਲਾ ਕੇ ਦੇਖ ਲੈਣ ਨਾਲ ਉਸ ਵਿਚ ਦਬੇ ਸਟਿੰਗ ਰੇ ਵਰਗੇ ਪ੍ਰਾਣੀਆਂ ਦਾ ਪਤਾ ਲੱਗ ਸਕਦਾ ਹੈ। ਇਸੇ ਤਰ੍ਹਾਂ ਜੈਲੀ ਫ਼ਿਸ਼ਾਂ ਜਾਂ ਫ਼ਾਈਸੇਲੀਆ ਦੇ ਨੇੜੇ ਨਹੀਂ ਜਾਣਾ ਚਾਹੀਦਾ ਕਿਉਂਕਿ ਇਨ੍ਹਾਂ ਦੇ ਸਪਰਸ਼ਕ ਕਾਫ਼ੀ ਦੂਰ ਤੱਕ ਫੈਲੇ ਹੁੰਦੇ ਹਨ। ਸਮੁੰਦਰੀ ਕੰਢਿਆਂ ਤੇ ਪਏ ਮਰੇ ਹੋਏ ਇਨ੍ਹਾਂ ਜੀਵਾਂ ਨੂੰ ਵੀ ਹੱਥ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਮਰਨ ਤੋਂ ਕਾਫ਼ੀ ਚਿਰ ਬਾਅਦ ਤੱਕ ਵੀ ਇਨ੍ਹਾਂ ਵਿਚ ਜ਼ਹਿਰ ਰਹਿੰਦੀ ਹੈ। ਕੋਨ ਵਰਗੇ ਸੈੱਲਾਂ ਨੂੰ ਹੱਥ ਨਹੀਂ ਲਗਾਉਣਾ ਚਾਹੀਦਾ, ਖਾਸ ਕਰਕੇ ਕੋਨ ਵਾਲੇ ਹਿੱਸੇ ਤੇ। ਜ਼ਹਿਰੀਲੀਆਂ ਮੱਛੀਆਂ ਅਤੇ ਸਟਾਰ ਫਿਸ਼ਾਂ ਸਮੁੰਦਰੀ ਕੁਕੰਬਰਾਂ ਆਦਿ ਨੂੰ ਸਿੱਧੇ ਹੱਥ ਨਾਲ ਨਹੀਂ ਫੜਨਾ ਚਾਹੀਦਾ।
ਸਟਿੰਗ ਰੇ ਅਤੇ ਕੈਟ ਫਿਸ਼ ਡੰਗ ਅਤੇ ਖੰਭੜੇ ਹਟਾਉਣ ਤੋਂ ਬਾਅਦ, ਪਕਾ ਕੇ ਖਾਧੀਆਂ ਜਾ ਸਕਦੀਆਂ ਹਨ। ਉਬਾਲਣ ਨਾਲ ਜ਼ਹਿਰ ਦਾ ਅਸਰ ਖ਼ਤਮ ਹੋ ਜਾਂਦਾ ਹੈ।
ਇਨ੍ਹਾਂ ਸਮੁੰਦਰੀ ਪ੍ਰਾਣੀਆਂ ਦੀਆਂ ਜ਼ਹਿਰਾਂ ਨੂੰ ਕਈ ਤਰ੍ਹਾਂ ਇਸਤੇਮਾਲ ਵੀ ਕੀਤਾ ਜਾਂਦਾ ਹੈ, ਜਿਵੇਂ ਟੈਟ੍ਰੋਡੋਟਾੱਕਸਿਨ ਜਾਪਾਨ ਵਿਚ ਟਰਮੀਨਲ ਕੈਂਸਰ ਦੇ ਦਰਦ ਨੂੰ ਘਟਾਉਣ ਲਈ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਸੈਫ਼ਲੋਟਾੱਕਸਿਨ ਲਹੂ ਨੂੰ ਜੰਮਣ ਤੋਂ ਰੋਕਦੀ ਹੈ। ਹਾਈਪਰਟੈਨਸ਼ਨ ਠੀਕ ਕਰਨ ਲਈ ਸੈਕਸੀਟਾੱਕਸਿਨ ਵਧੀਆ ਦਵਾਈ ਹੈ। ਹੈਲੋਸਫੈਰਿਨ ਵਧੀਆ ਐਂਟੀਬਾਇਓਟਿਕ ਹੈ। ਹਾਲੋਥੂਰਿਨ ਆਰ. ਐਨ. ਏ. ਦੇ ਸੰਸ਼ਲੇਸ਼ਣ ਤੇ ਅਸਰ ਪਾਉਂਦੀ ਤੇ ਕਈ ਰੋਲ ਅਦਾ ਕਰਦੀ ਹੈ। ਕੈਂਸਰ ਦੇ ਇਲਾਜ ਵਿਚ ਵੀ ਇਹ ਮਹੱਤਵਪੂਰਨ ਸਿੱਧ ਹੋ ਸਕਦੀ ਹੈ।
ਹ. ਪੁ.––ਐਨ. ਬ੍ਰਿ. 18 : 98; ਐਨ. ਬ੍ਰਿ. 23 : 69; ਸਾ. ਟੂ. ਜੂਨ 77 : 26
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First