ਫ਼ੌਜਾ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਫ਼ੌਜਾ ਸਿੰਘ : ਪੰਜਾਬ ਦੇ ਇਸ ਸ਼੍ਰੋਮਣੀ ਇਤਿਹਾਸਕਾਰ ਜਿਸਨੇ ਪੰਜਾਬ ਦੇ ਇਤਿਹਾਸ ਉੱਤੇ ਅਨੇਕਾਂ ਖੋਜ ਪੁਸਤਕਾਂ ਅਤੇ ਖੋਜ ਨਿਬੰਧ ਲਿਖੇ, ਦਾ ਜਨਮ 18 ਸਤੰਬਰ, 1918 ਈ. ਨੂੰ ਪਿੰਡ ਬਾਲੀਆਂ ਕਲਾਂ (ਜ਼ਿਲ੍ਹਾ ਸਿਆਲਕੋਟ, ਪਾਕਿਸਤਾਨ) ਵਿਚ ਇਕ ਸਾਧਾਰਣ ਜੱਟ-ਸਿੱਖ ਪਰਿਵਾਰ ਵਿਚ ਹੋਇਆ। ਇਹ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਅਤੇ ਇਸ ਨੇ ਦਸਵੀਂ ਤੋਂ ਲੈ ਕੇ ਐਮ.ਏ. ਤਕ ਦੀਆਂ ਸਾਰੀਆਂ ਜਮਾਤਾਂ ਪਹਿਲੀ ਸ਼੍ਰੇਣੀ ਵਿਚ ਪਾਸ ਕੀਤੀਆਂ। ਦਿੱਲੀ ਯੂਨੀਵਰਸਿਟੀ ਤੋਂ ਇਸ ਨੇ 'ਮਿਲਟਰੀ ਸਿਸਟਮ ਆਫ਼ ਦਾ ਸਿੱਖਸ 1799-1849' ਵਿਸ਼ੇ ਉੱਪਰ ਸ਼ੋਧ-ਪ੍ਰਬੰਧ ਲਿਖੇ ਅਤੇ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ।

ਡਾ. ਫ਼ੌਜਾ ਸਿੰਘ ਨੇ ਇਤਿਹਾਸ ਦੇ ਲੈਕਚਰਾਰ ਵਜੋਂ ਖ਼ਾਲਸਾ ਕਾਲਜ, ਗੁਜਰਾਂਵਾਲਾ ਤੋਂ ਆਪਣਾ ਅਧਿਆਪਨ ਜੀਵਨ ਸ਼ੁਰੂ ਕੀਤਾ। ਪੰਜਾਬ ਦੀ ਵੰਡ ਪਿੱਛੋਂ ਇਸ ਨੇ ਖਾਲਸਾ ਕਾਲਜ, ਅੰਮ੍ਰਿਤਸਰ ਅਤੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਦਿੱਲੀ ਵਿਖੇ ਬਹੁਤ ਸਾਲ ਪੜ੍ਹਾਇਆ। ਸੰਨ 1961 ਵਿਚ ਇਸ ਦੀ ਨਿਯੁਕਤੀ ਰੀਡਰ ਵਜੋਂ ਦਿੱਲੀ ਯੂਨੀਵਰਸਿਟੀ ਵਿਚ ਹੋ ਗਈ। ਸੰਨ 1967 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਨਵੇਂ ਸਥਾਪਤ ਹੋਏ ਇਤਿਹਾਸ ਵਿਭਾਗ ਵਿਚ ਇਹ ਪ੍ਰੋਫ਼ੈਸਰ ਅਤੇ ਮੁਖੀ ਬਣ ਕੇ ਦਿੱਲੀ ਤੋਂ ਆਇਆ ਅਤੇ ਯੂਨੀਵਰਸਿਟੀ ਵਿਚ ਇਸ ਨੇ ਆਪਣੀ ਰਿਟਾਇਰਮੈਂਟ ਤਕ ਇਤਿਹਾਸ-ਵਿਭਾਗ ਦੇ ਮੁਖੀ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਡਾਇਰੈਕਟਰ ਵਜੋਂ ਕੰਮ ਕੀਤਾ। ਇਸ ਨੇ  ਇਨ੍ਹਾਂ ਦੋਹਾਂ ਵਿਭਾਗਾਂ ਦਾ ਕੰਮ 1967 ਤੋਂ 1981 ਈ. ਤਕ ਬਹੁਤ ਹੀ ਚੰਗੀ ਤਰ੍ਹਾਂ ਨਿਭਾਇਆ। ਰਿਟਾਇਰਮੈਂਟ ਪਿੱਛੋਂ ਯੂਨੀਵਰਸਿਟੀ ਨੇ ਇਸ ਦੀਆਂ ਚੰਗੀਆਂ ਸੇਵਾਵਾਂ ਨੂੰ ਧਿਆਨ ਵਿਚ ਰੱਖ ਕੇ ਤਿੰਨ ਸਾਲ ਲਈ ਇਸ ਨੂੰ ਪੁਨਰ ਨਿਯੁਕਤ ਕਰ ਲਿਆ।  ਤਿੰਨ ਸਾਲ ਪਿੱਛੋਂ ਫ਼ਿਰ ਇਸ ਨੂੰ ਯੂਨੀਵਰਸਿਟੀ ਨੇ ਫ਼ੈਲੋਸ਼ਿਪ ਦੇ ਦਿੱਤੀ। ਇਹ ਦਿੱਲੀ ਆਪਣੇ ਘਰ ਚਲਾ ਗਿਆ।

ਡਾ. ਫ਼ੌਜਾ ਸਿੰਘ ਇਕ ਬਹੁਤ ਉੱਘਾ ਅਤੇ ਸੁਲਝਿਆ ਹੋਇਆ ਵਿਦਵਾਨ ਸੀ ਜਿਸ ਨੇ ਸਿੱਖ ਧਰਮ ਅਤੇ ਪੰਜਾਬ ਇਤਿਹਾਸ ਸਬੰਧੀ ਬੜੀ ਲਗਨ ਨਾਲ ਖੋਜ ਕੀਤੀ। ਇਸ ਨੇ 30 ਪੁਸਤਕਾਂ ਲਿਖੀਆਂ ਅਤੇ 100 ਤੋਂ ਵੱਧ ਖੋਜ-ਨਿਬੰਧ ਪ੍ਰਕਾਸ਼ਿਤ ਕੀਤੇ। ਇਸ ਦੀਆਂ ਖਾਸ ਵਰਣਨਯੋਗ ਪੁਸਤਕਾਂ–ਮਿਲਟਰੀ ਸਿਸਟਮ ਆਫ਼ ਦੀ ਸਿੱਖਸ 1799-1849; ਕੂਕਾ ਮੂਵਮੈਂਟ; ਗੁਰੂ ਅਮਰ ਦਾਸ; ਗੁਰੂ ਤੇਗ ਬਹਾਦਰ; ਮਾਰਟਾਇਰ ਐਂਡ ਟੀਚਰ; ਟ੍ਰੇਵਲਜ਼ ਆਫ਼ ਗੁਰੂ ਗੋਬਿੰਦ ਸਿੰਘ; ਪੰਜਾਬੀ ਵੀਰ ਪਰੰਪਰਾ; ਸਟੇਟ ਐਂਡ ਸੋਸਾਇਟੀ ਅੰਡਰ ਰਣਜੀਤ ਸਿੰਘ ਅਤੇ ਆਫ਼ਟਰ ਰਣਜੀਤ ਸਿੰਘ ਹਨ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੀਆਂ ਪੁਸਤਕਾਂ ਦੀ ਇਸ ਨੇ ਸੰਪਾਦਨਾ ਵੀ ਕੀਤੀ ਜਿਵੇਂ ਐਮੀਨੈਂਟ ਫ਼ਰੀਡਮ ਫ਼ਾਈਟਰਜ਼ ਆਫ਼ ਪੰਜਾਬ; ਸਰਹਿੰਦ ਥਰੂ ਦਾ ਏਜਿਜ਼; ਹਿਸਟੋਰੀਅਨਜ਼ ਐਂਡ ਹਿਸਟੋਰੀਗਰਾਫੀ ਆਫ਼ ਦਾ ਸਿੱਖਸ; ਹਿਸਟਰੀ ਆਫ਼ ਪੰਜਾਬ (ਭਾਗ ਤੀਜਾ); ਮਹਾਰਾਜਾ ਖੜਕ ਸਿੰਘ; ਪੰਜਾਬ ਦਾ ਸਮਾਜਿਕ ਇਤਿਹਾਸ; ਜਵਾਹਰ ਲਾਲ ਨਹਿਰੂ ਇਨ ਪੰਜਾਬ ਆਦਿ ਖਾਸ ਮਹੱਤਤਾ ਰੱਖਦੀਆਂ ਹਨ।

ਡਾ. ਫ਼ੌਜਾ ਸਿੰਘ ਨੇ ਕੌਮਾਂਤਰੀ ਅਤੇ ਵਿਸ਼ੇਸ਼ ਤੌਰ ਤੇ ਪੰਜਾਬ ਪੱਧਰ ਤੇ ਆਯੋਜਿਤ ਕਈ ਸੈਮੀਨਾਰਾਂ ਅਤੇ ਕਾਨਫ਼ਰੰਸਾਂ ਦੀ ਪ੍ਰਧਾਨਗੀ ਕੀਤੀ। ਇਸ ਨੂੰ ਕਈ ਵਾਰ ਬਦੇਸ਼ਾਂ ਵਿਚ ਪੰਜਾਬ ਤੇ ਭਾਰਤੀ ਇਤਿਹਾਸ ਦੇ ਕੁਝ ਪਹਿਲੂਆਂ ਉੱਤੇ ਚਾਨਣਾ ਪਾਉਣ ਲਈ ਨਿਮੰਤ੍ਰਿਤ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਨੂੰ ਪੰਜਾਬੀ ਯੂਨੀਵਰਸਿਟੀ ਵਿਚ ਡੀਨ ਅਕਾਦਮਿਕ ਮਾਮਲੇ, ਡੀਨ ਸਮਾਜਿਕ ਵਿਗਿਆਨ ਅਤੇ ਹੋਰ ਅਨੇਕਾਂ ਉੱਚ ਪਦਵੀਆਂ ਤੇ ਕੰਮ ਕਰਨ ਦਾ ਮੌਕਾ ਮਿਲਿਆ। ਕੁਝ ਸਮਾਂ ਇਸ ਨੂੰ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ-ਚਾਂਸਲਰ ਦੇ ਤੌਰ ਤੇ ਕੰਮ ਕਰਨ ਦਾ ਸਨਮਾਨ ਵੀ ਪ੍ਰਾਪਤ ਹੋਇਆ।

8 ਅਪ੍ਰੈਲ, 1983 ਨੂੰ 64 ਸਾਲ ਦੀ ਉਮਰ ਵਿਚ ਦਿੱਲੀ ਵਿਖੇ ਇਸ ਦਾ ਦੇਹਾਂਤ ਹੋ ਗਿਆ।


ਲੇਖਕ : ਡਾ. ਮਹਿੰਦਰ ਸਿੰਘ ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 323, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-23-04-38-10, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.