ਅਉਧੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਉਧੂ. ਸੰ. ਅਵਧੂਤ. ਅਵਧੂਨਨ ਕਰਨ ਵਾਲਾ. ਸੰਸਕ੍ਰਿਤ ਵਿੱਚ ਅਵਧੂਨਨ ਦਾ ਅਰਥ ਕੰਬਾਉਣਾ—ਝਾੜਨਾ—ਪਛਾੜਨਾ ਹੈ. ਜੋ ਵਿਕਾਰਾਂ ਨੂੰ ਝਾੜਕੇ ਪਰੇ ਸਿੱਟੇ, ਉਹ ਅਵਧੂਤ ਹੈ. ਜੋ ਵਿਰਕ੍ਤ ਮਿੱਟੀ ਸੁਆਹ ਵਿੱਚ ਰਾਤ ਨੂੰ ਲੇਟਦਾ ਹੈ ਅਤੇ ਸਵੇਰੇ ਉਠਕੇ ਸਰੀਰ ਤੋਂ ਗਰਦ ਝਾੜਕੇ ਚਲਦਾ ਹੈ, ਉਹ ਭੀ ਅਵਧੂਤ ਸਦਾਉਂਦਾ ਹੈ। ੨ ਸੰਨ੍ਯਾਸੀ. “ਬਿਨ ਸਬਦੈ ਰਸੁ ਨ ਆਵੈ, ਅਉਧੂ!” (ਸਿਧਗੋਸਟਿ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4928, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਉਧੂ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਉਧੂ (ਸੰ.। ਸੰਸਕ੍ਰਿਤ ਅਵਧੂਤ=ਸੰਸਾਰਿਕ ਜ਼ਿੰਮੇਵਾਰੀਆਂ ਤੋਂ ਜੁਦਾ ਕੀਤਾ ਗਿਆ। ‘ਧੂ’ ਧਾਤੂ ਹੈ ਹਿਲਨਾ ਅਰਥ ਵਿਚ, ‘ਧੂ’ ਧਾਤੂ ਹੈ ਹਿਲਨਾ ਅਰਥ ਵਿਚ, ਅਵਧੂਤ ਜੋ ਨਾ ਹਿੱਲੇ।) ਜੋਗੀ ਯਥਾ-‘ਸੁਣਿ ਮਾਛਿੰਦ੍ਰਾ ਅਉਧੂ ਨੀਸਾਣੀ’ ਹੇ ਮਛਿੰਦ੍ਰ! ਜੋਗੀ ਦਾ ਲੱਛਣ ਸੁਣ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4843, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅਉਧੂ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਉਧੂ/ਅਉਧੂਤ : ਵੇਖੋ ‘ਅਵਧੂ/ਅਵਧੂਤ’।

ਅਵਧੂ/ਅਵਧੂਤ : ਸੰਸਕ੍ਰਿਤ ਮੂਲ ਦੇ ਅਵਧੂਤ ਸ਼ਬਦ ਦਾ ਅਰਥ ਹੈ ਝਾੜਿਆ ਹੋਇਆ ਹਿਲਾਇਆ ਹੋਇਆ। ਅਧਿਆਤਮਿਕ ਖੇਤਰ ਦਾ ਉਹ ਵਿਅਕਤੀ ਜਿਸ ਨੇ ਪਾਪਾਂ ਜਾਂ ਵਿਕਾਰਾਂ ਨੂੰ ਝਾੜ ਸੁਟਿਆ ਹੋਵੇ ਅਤੇ ਸਾਧੂ ਬਿਰਤੀ ਧਾਰਣ ਕਰਦਾ ਹੋਵੇ, ‘ਅਵਧੂਤ’ ਅਖਵਾਉਂਦਾ ਹੈ, ਭਾਵ ਸੰਨਿਆਸੀ।

        ਕੁਝ ਵਿਦਵਾਨਾਂ ਨੇ ‘ਅਵਧੂ’ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ—‘ਵਧੂ ਜਾ ਕੇ ਨਾ ਹੋਇ ਸੋ ਅਵਧੂ ਕਹਾਵੈ।’ ਕਹਿਣ ਤੋਂ ਭਾਵ ਜੋ ਵਧੂ-ਵਾਲਾ, ਅਰਥਾਤ ਗ੍ਰਿਹਸਥੀ ਨਾ ਹੋਵੇ। ਇਹ ਸ਼ਬਦ, ਅਸਲ ਵਿਚ, ਤਾਂਤਿਕਾਂ, ਸਿੱਧਾਂ, ਨਾਥਾਂ ਦੀ ਟਕਸਾਲ ਦਾ ਸਿੱਕਾ ਹੈ। ਆਮ ਤੌਰ ਤੇ ਸੰਸਾਰਿਕ ਦੁਅੰਦਾਂ ਤੋਂ ਉੱਚੇ ਪਹੁੰਚ ਹੋਏ ਯੋਗੀਆਂ ਲਈ ਇਸ ਸ਼ਬਦ ਦੀ ਵਰਤੋਂ ਹੁੰਦੀ ਹੈ।

        ‘ਅਵਧੂਤ-ਉਪਨਿਸ਼ਦ’ ਵਿਚ ‘ਅਵਧੂਤ’ ਸ਼ਬਦ ਦੇ ਵੱਖ ਵੱਖ ਅੱਖਰਾਂ ਨੂੰ ਲੈ ਕੇ ਵਿਆਖਿਆ ਕੀਤੀ ਗਾਈ ਹੈ। ਇਸ ਤੋਂ ਇਲਾਵਾ ‘ਅਵਧੂਤ-ਗੀਤਾ’, ‘ਸਿੱਧ-ਸਿੱਧਾਂਤ-ਪੱਧਤੀ, ‘ਗੋਰਕ੍ਰਸ਼-ਸਿੱਧਾਂਤ-ਸੰਗ੍ਰਹ’ ਆਦਿ ਗ੍ਰੰਥਾਂ ਵਿਚ ਵੀ ਅਵਧੂਤ ਦੇ ਸਰੂਪ ਦੀ ਵਿਆਖਿਆ ਕੀਤੀ ਮਿਲਦੀ ਹੈ। ‘ਮਹਾਨਿਰਵਾਣ ਤੰਤ੍ਰ’ ਵਿਚ ਚਾਰ ਪ੍ਰਕਾਰ ਦੇ ਅਵਧੂਤ ਦਸੇ ਗਏ ਹਨ—(1) ਬ੍ਰਹਮਾਵਧੂਤ, ਜਿਸ ਦਾ ਕਿਸੇ ਵੀ ਵਰਣ ਜਾਂ ਆਸ਼੍ਰਮ ਨਾਲ ਸੰਬੰਧ ਨਾ ਹੋਵੇ। (2) ਸ਼ੈਵਾਵਧੂਤ, ਜੋ ਵਿਧੀ ਅਨੁਸਾਰ ਸੰਨਿਆਸ ਲੈ ਚੁੱਕਿਆ ਹੋਵੇ। (3) ਵੀਰਾਵਧੂਤ, ਜਿਸ ਦੇ ਸਿਰ ਉਤੇ ਜਟਾਵਾਂ, ਗਲੇ ਵਿਚ ਹੱਡੀਆਂ ਅਤੇ ਰੁਦ੍ਰਾਖ ਦੀ ਮਾਲਾ, ਲੰਗੋਟੀ ਬੰਨ੍ਹੇ ਹੋਏ ਸ਼ਰੀਰ ਉਤੇ ਭਸਮ, ਹੱਥ ਵਿਚ ਲਕੜਾ ਦਾ ਡੰਡਾ, ਕੁਠਾਰ ਜਾਂ ਡੰਮਰੂ ਅਤੇ ਕੱਛ ਵਿਚ ਹਿਰਨ ਦੀ ਖਲ੍ਹ ਸਮੇਟੀ ਹੋਵੇ। (4) ਕੁਲਾਵਧੂਤ,ਜੋ ਅਵਧੂਤੀ ਸਰੂਪ ਨੂੰ ਗ੍ਰਹਿਣ ਕਰਕੇ ਵੀ ਗ੍ਰਿਹਸਥ ਜੀਵਨ ਬਤੀਤ ਕਰਦਾ ਹੋਵੇ। ਕੁਝ ਤੰਤ੍ਰਾਂ ਵਿਚ ਤੀਜੇ ਚੌਥੇ ਦੀ ਥਾਂ ‘ਭਾਗਤਾਵਧੂਤ’ ਅਤੇ ‘ਹੰਸਾਵਧੂਤ’ ਨਾਂ ਲਿਖੇ ਹਨ। ‘ਨਿਰਵਾਣ ਤੰਤ੍ਰ’ (14 ਵਾਂ ਪਟਲ) ਵਿਚ ਦਿੱਤੇ ਅਵਧੂਤ ਦੇ ਲੱਛਣ ‘ਵੀਰਾਵਧੂਤ’ ਦੇ ਲੱਛਣਾਂ ਨਾਲ ਮੇਲ ਖਾਂਦੇ ਹਨ।

        ਅਵਧੂਤ ਦਾ ਮੂਲ ਸੰਬੰਧ ਸ਼ਿਵ ਨਾਲ ਹੈ। ਉਹੀ ਆਦਿ-ਅਵਧੂਤ ਹੈ। ਭਾਈ ਗੁਰਦਾਸ ਦੀਆਂ ਵਾਰਾਂ ਵਿਚ ਇਸ ਸ਼ਬਦ ਦੇ ਛੇ ਵਾਰ ਵਰਤੋਂ ਹੋਈ ਹੈ ਜੋ ਮਹਾਦੇਵ ਨਾਲ ਹੀ ਸੰਬੰਧਿਤ ਹੈ—‘ਮਹਾਦੇਉ ਅਉਧੂਤੁ ਹੈ ਕਵਲਾਸਣਿ ਆਸਣਿ ਰਸਕੇਲਾ’ (26/17)।

        ਵੈਸ਼ਣਵ ਭਗਤਾਂ ਦੀ ਰਾਮਾਨੰਦੀ ਪਰੰਪਰਾ ਦੇ ਕੁਝ ਸਾਧੂ ਵੀ ਅਵਧੂਤ ਅਖਵਾਉਂਦੇ ਹਨ। ਇਨ੍ਹਾਂ ਦੇ ਸਿਰ ਤੇ ਜਟਾਵਾਂ ਅਤੇ ਗਲੇ ਵਿਚ ਸਫ਼ਟਿਕ (ਬਿਲੌਰ) ਦੀ ਮਾਲਾ ਹੁੰਦੀ ਹੈ। ਸ਼ਰੀਰ ਉਤੇ ਗੋਦੜੀ ਅਤੇ ਹੱਥ ਵਿਚ ਨਾਰੀਅਲ ਦਾ ਖੱਪਰ ਹੁੰਦਾ ਹੈ। ਬੰਗਾਲ ਵਿਚ ਇਨ੍ਹਾਂ ਅਵਧੂਤਾਂ ਦੇ ਕਈ ਵੱਖ-ਵੱਖ ਆਖਾੜੇ ਹਨ ਜਿਨ੍ਹਾਂ ਵਿਚ ਸਾਰੀਆਂ ਜਾਤਾਂ ਦੇ ਲੋਕ ਸ਼ਾਮਲ ਹੁੰਦੇ ਹਨ। ਭਿਛਿਆ ਮੰਗਣ ਵੇਲੇ ਇਹ ਇਕ-ਤਾਰਾ ਵਜਾ ਕੇ ਗਾਉਂਦੇ ਹਨ ਅਤੇ ‘ਬੀਰ ਅਵਧੂਤ’ ਨਾ ਉਚਾਰਦੇ ਹਨ।

        ਅਵਧੂਤਾਂ ਵਿਚੋਂ ਹੀ ਅਘੋਰ ਪੰਥ ਦਾ ਵਿਕਾਸ ਹੋਇਆ ਦਸਿਆ ਜਾਂਦਾ ਹੈ। ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਵਿਚ ਇਨ੍ਹਾਂ ਦੇ ਮਠ/ਡੇਰੇ ਮਿਲਦੇ ਹਨ। ਇਹ ਲੋਕ ਮੁਰਦੇ ਦਾ ਮਾਸ ਅਤੇ ਹੋਰ ਪ੍ਰਕਾਰ ਦੀ ਭੱਖ-ਅਭੱਖ ਸਾਮਗ੍ਰੀ ਦਾ ਸੇਵਨ ਕਰਨੋਂ ਸੰਕੋਚ ਨਹੀਂ ਕਰਦੇ। ਮਨੁੱਖੀ ਖੋਪਰੀ ਵਿਚ ਸ਼ਰਾਬ ਪੀਂਦੇ ਹਨ। ਇਨ੍ਹਾਂ ਦੇ ਹੱਥ ਵਿਚ ਤ੍ਰਿਸ਼ੂਲ, ਗੱਲੇ ਵਿਚ ਸਫ਼ਟਿਕ ਦੀ ਮਾਲਾ, ਮੱਥੇ ਤੇ ਤ੍ਰਿਸ਼ੂਲ ਚਿੰਨ੍ਹ ਅਤੇ ਸਿਰ ਜਟਾਵਾਂ ਹੁੰਦੀਆਂ ਹਨ। ਇਨ੍ਹਾਂ ਦਾ ਸਰੂਪ ਕਾਫ਼ੀ ਡਰਾਉਣਾ ਹੁੰਦਾ ਹੈ।

        ਨਾਥ ਪੰਥ ਵਿਚ ਅਵਧੂਤ ਦੀ ਸਿਥਤੀ ਬਹੁਤ ਉੱਚੀ ਮੰਨੀ ਗਈ ਹੈ। ਇਹ ਵਿਕਾਰਾਂ ਤੋਂ ਰਹਿਤ ਸਮਝਿਆ ਜਾਂਦਾ ਹੈ। ਇਹ ਕੈਵਲ੍ਰਯ ਦੀ ਪ੍ਰਾਪਤੀ ਲਈ ਆਤਮਾ-ਮਗਨ ਰਹਿੰਦਾ ਹੈ ਅਤੇ ਇਸ ਦਾ ਅਨੁਭਵ ਨਿਰਗੁਣ ਅਤੇ ਸਗੁਣ ਦੇ ਅਨੁਭਵ ਤੋਂ ਪਰ੍ਹੇ ਦਾ ਹੈ। ਨਾਥ-ਪੰਥੀ ਗੋਰਖਨਾਥ ਨੂੰ ਆਦਰਸ਼ ਅਵਧੂਤ ਮੰਨਦੇ ਹਨ। ਦੱਤਾਤ੍ਰੇਯ ਨੂੰ ਵੀ ਅਵਧੂਤ ਕਿਹਾ ਜਾਂਦਾ ਹੈ। ‘ਅਵਧੂਤ-ਗੀਤਾ’ ਅਨੁਸਾਰ ਦੱਥ ਸੰਪ੍ਰਦਾਇ ਵਿਚ ਅਵਧੂਤ ਮਤ ਨੂੰ ਸਰਵ ਸ੍ਰੇਸ਼ਠ ਚਿੱਤਰਿਆ ਗਿਆ ਹੈ। ਗੁਰੂ ਨਾਨਕ ਦੇਵ ਨੇ ‘ਸਿੱਧ ਗੋਸਟਿ’ ਵਿਚ ਸਿੱਧਾਂ ਨੂੰ ‘ਅਉਧੂ’ ਪਦ ਨਾਲ ਸੰਬੋਧਿਤ ਕੀਤਾ ਹੈ—‘ਬਿਨ ਸਬਦੈ ਰਸ ਨ ਆਵੈ ਅਉਧੂ’।

        ਅਵਧੂਤ ਵਾਂਗ ਸੰਨਿਆਸ ਧਾਰਣ ਕਰਨ ਵਾਲੀ ਇਸਤਰੀ ਨੂੰ ‘ਅਵਧੂਤਨੀ’ ਕਿਹਾ ਜਾਂਦਾ ਹੈ। ਇਨ੍ਹਾਂ ਦਾ ਕਿਸੇ ਪ੍ਰਕਾਰ ਦਾ ਕੋਈ ਸੰਬੰਧ ਅਵਧੂਤ ਨਾਲ ਨਹੀਂ ਹੁੰਦਾ, ਸਗੋਂ ਇਹ ਗੰਗਾ ਗਿਰੀ ਨਾਂ ਦੀ ਸੰਨਿਆਸਣ ਦੁਆਰਾ ਚਲਾਈ ਪਰੰਪਰਾ ਨਾਲ ਸੰਬੰਧਿਤ ਹਨ। ਇਹ ਗੁਰੂ-ਦੀਖਿਆ ਵੀ ਕਿਸੇ ਅਵਧੂਤਨੀ ਤੋਂ ਹੀ ਲੈਂਦੀਆਂ ਹਨ ਅਤੇ ਮਰਦਾਵੇਂ ਭੇਸ ਵਿਚ ਅਵਧੂਤੀ ਬਾਣਾ ਧਾਰਣ ਕਰਦੀਆਂ ਹਨ। ਸੰਨਿਆਸੀ ਜਾਂ ਅਵਧੂਤ ਇਨ੍ਹਾਂ ਨੂੰ ਆਪਣੇ ਬਰਾਬਰ  ਦਾ ਦਰਜਾ ਨਹੀਂ ਦਿੰਦੇ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3792, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.