ਅਣੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਣੂ (ਨਾਂ,ਪੁ) ਸੂਖਮ ਅੰਸ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਣੂ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Proton (ਪਰੋਟੋਨ) ਅਣੂ: ਮੂਲ ਕਣਾਂ ਦਾ ਜੋ ਸਾਰਿਆਂ ਐਟਮਾਂ (atoms) ਵਿੱਚ ਹਨ, ਦਾ ਧਨਾਤਮਿਕ ਚਾਰਜ (positive charge) ਹੋਣਾ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਅਣੂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਣੂ (Molecule) : ਇਹ ਪਦਾਰਥ ਦਾ ਉਹ ਛੋਟੇ ਤੋਂ ਛੋਟਾ ਕਣ ਹੈ ਜਿਹੜਾ ਸੁਤੰਤਰ ਰੂਪ ਵਿਚ ਮੌਜੂਦ ਰਹਿ ਸਕਦਾ ਹੈ ਅਤੇ ਜਿਸ ਵਿਚ ਪਦਾਰਥ ਦੇ ਸਾਰੇ ਗੁਣ ਮੌਜੂਦ ਹੁੰਦੇ ਹਨ। ਅਣੂ ਵਿਚ ਆਮ ਤੌਰ ਤੇ ਦੋ ਜਾਂ ਵੱਧ ਪਰਮਾਣੂ ਹੁੰਦੇ ਹਨ। ਅਣੂ ਦੀ ਕਲਪਨਾ ਤੋਂ ਪਹਿਲਾਂ ਪਰਮਾਣੂ ਨੂੰ ਹੀ ਤੱਤਾਂ ਤੇ ਯੋਗਿਕਾਂ ਦੋਹਾਂ ਦਾ ਸੂਖ਼ਮ ਤੋਂ ਸੂਖ਼ਮ ਕਣ ਮੰਨਿਆ ਜਾਂਦਾ ਸੀ। ਡਾਲਟਨ ਅਤੇ ਬਰਜ਼ੀਲੀਅਸ ਨੇ ਇਹ ਸੋਚਿਆ ਸੀ ਕਿ ਇਕੋ ਜਿਹੇ ਤਾਪਮਾਨ ਅਤੇ ਦਬਾਉ ਉੱਤੇ ਸਭ ਗੈਸਾਂ ਦੇ ਇਕ ਨਿਸ਼ਚਿਤ ਆਇਤਨ ਵਿਚ ਮੌਜੂਦ ਪਰਮਾਣੂਆਂ ਦੀ ਗਿਣਤੀ ਇਕੋ ਜਿਹੀ ਹੁੰਦੀ ਹੈ। ਇਸ ਵਿਚਾਰ ਨਾਲ ਜਦ ਗੇ ਲੂਸੈਕ ਦੇ ਗੈਸ ਦੇ ਆਇਤਨ ਸੰਬੰਧੀ ਨਿਯਮ ਦੀ ਵਿਆਖਿਆ ਕਰਨ ਦਾ ਜਤਨ ਕੀਤਾ ਗਿਆ ਤਾਂ ਔਕੜ ਪੇਸ਼ ਆਈ। ਇਸ ਔਕੜ ਨੂੰ ਦੂਰ ਕਰਨ ਲਈ ਇਟਲੀ ਦੇ ਵਿਗਿਆਨੀ ਅਮੇਡੀਉ ਐਵੋਗਾਡਰੋ (Amadeo Avogadro; 1776––1856) ਨੇ ਅਣੂਆਂ ਦੀ ਕਲਪਨਾ ਕੀਤੀ।

          ਡਾਲਟਨ ਦੇ ਯੋਗਿਕਾਂ ਦੇ ਛੋਟੇ ਤੋਂ ਛੋਟੇ ਕਣਾਂ ਨੂੰ ‘ਯੋਗਿਕ ਪਰਮਾਣੂ’ ਦਾ ਨਾਂ ਦਿੱਤਾ ਸੀ। ਇਸ ਪਰਿਭਾਸ਼ਾ ਅਨੁਸਾਰ ਯੋਗਿਕ ਪਰਮਾਣੂ ਕਿਸੇ ਵਿਸ਼ੇਸ਼ ਯੋਗਿਕ ਦੇ ਗੁਣਾਂ ਨੂੰ ਪਰਗਟ ਕਰਨ ਵਾਲਾ ਸਭ ਤੋਂ ਸੂਖ਼ਮ ਕਣ ਹੈ ਪਰ ਤੱਤਾਂ ਦੇ ਪਰਮਾਣੂਟਾਂ ਦੇ ਉਲਟ ਇਸ ਦੇ ਟੋਟੇ ਹੋ ਸਕਦੇ ਹਨ। ਕਿਸੇ ਯੋਗਿਕ ਪਰਮਾਣੂ ਦੇ ਟੁੱਟਣ ਤੇ ਸੰਯੁਕਤ ਤੱਤਾਂ ਦੇ ਪਰਮਾਣੂ ਪਰਾਪਤ ਕੀਤੇ ਜਾ ਸਕਦੇ ਹਨ। ਐਵੋਗਾਡਰੋ ਨੇ ਇਹ ਵੇਖ ਕੇ ਕਿ ਯੋਗਿਕ ਪਰਮਾਣੂ ਤੋੜੇ ਜਾ ਸਕਦੇ ਹਨ ਉਨ੍ਹਾਂ ਨੂੰ ਪਰਮਾਣੂ ਕਹਿਣਾ ਠੀਕ ਨਾ ਸਮਝਿਆ ਅਤੇ ਯੋਗਿਕ ਪਰਮਾਣੂਆਂ ਨੂੰ ‘ਅਣੂ’ ਦਾ ਨਾਂ ਦਿੱਤਾ। ਨਵੀਨ ਵਿਗਿਆਨੀ ਇਨ੍ਹਾਂ ਅਣੂਆਂ ਨੂੰ ਭੌਤਿਕ ਅਣੂ ਕਹਿੰਦੇ ਹਨ। ਨਾਲ ਹੀ ਰਸਾਇਣਿਕ ਅਣੂ ਯੋਗਿਕ ਦੇ ਉਸ ਸਭ ਤੋਂ ਸੂਖ਼ਮ ਅੰਸ਼ ਨੂੰ ਕਹਿੰਦੇ ਹਨ ਜਿਹੜਾ ਕਿਸੇ ਰਸਾਇਣਿਕ ਕਿਰਿਆ ਵਿਚ ਹਿੱਸਾ ਲੈ ਸਕਦਾ ਹੈ ਅਤੇ ਜਿਸ ਰਾਹੀਂ ਉਸ ਯੋਗਿਕ ਦੀ ਰਚਨਾ ਨੂੰ ਸਪੱਸ਼ਟ ਰੂਪ ਵਿਚ ਪ੍ਰਗਟ ਕੀਤਾ ਜਾ ਸਕਦਾ ਹੈ। ਉਦਾਹਰਨ ਦੇ ਤੌਰ ਤੇ ਕਣਦਾਰ ਠੋਸ ਪੋਟਾਸ਼ੀਅਮ ਕਲੋਰਾਈਡ ਵਿਚ ਰਸਾਇਣਿਕ ਅਣੂ ਪੋਟਾਸ਼ੀਅਮ ਅਤੇ ਕਲੋਰਾਈਡ ਹਨ ਪਰ ਇਸ ਲਈ ਭੌਤਿਕ ਅਣੂ ਦੀ ਕੋਈ ਹੋਂਦ ਨਹੀਂ ਜਦ ਤਕ ਕਿ ਸਾਰੇ ਕਣ ਨੂੰ ਹੀ ਇਕ ਅਣੂ ਨਾ ਮੰਨ ਲਿਆ ਜਾਏ। ਇਸ ਦੇ ਉਲਟ ਕਾਰਬਨ ਡਾਈਆਕਸਾਈਡ ਵਰਗੇ ਗੈਸੀ ਯੋਗਿਕਾਂ ਲਈ ਰਸਾਇਣਿਕ ਅਤੇ ਭੌਤਿਕ ਅਣੂ ਦੋਵੇਂ ਹੀ ਕਾਰਬਨ ਤੇ ਆਕਸੀਜਨ ਹਨ। ਇਸ ਤੋਂ ਬਿਨਾਂ ਵੀ ਐਵੋਗਾਰਡੋ ਨੇ ਤੱਤਾਂ ਦੇ ਸੁਤੰਤਰ ਰੂਪ ਵਿਚ ਰਹਿ ਸਕਣ ਵਾਲੇ ਸਭ ਤੋਂ ਸੂਖ਼ਮ ਕਣਾਂ ਨੂੰ ਵੀ ਅਣੂ ਦਾ ਨਾਂ ਦਿੱਤਾ ਹੈ। ਤੱਤ ਦੇ ਅਣੂ ਉਸੇ ਤੱਤ ਦੇ ਇਕ ਜਾਂ ਇਕ ਤੋਂ ਵੱਧ ਹੋਰ ਪਰਮਾਣੂਆਂ ਤੋਂ ਮਿਲ ਕੇ ਬਣਦੇ ਹਨ। ਤੱਤਾਂ ਅਤੇ ਯੋਗਿਕਾਂ ਦੇ ਅਣੂਆਂ ਵਿਚ ਇਹੋ ਫਰਕ ਹੈ ਕਿ ਤੱਤ ਦੇ ਅਣੂਆਂ ਵਿਚ ਮੌਜੂਦ ਪਰਮਾਣੂ ਇਕੋ ਜਿਹੇ ਹੁੰਦੇ ਹਨ, ਪਰ ਯੋਗਿਕ ਦੇ ਅਣੂਆਂ ਵਿਚ ਮੌਜੂਦ ਪਰਮਾਣੂ ਇਕ ਦੂਜੇ ਤੋਂ ਵੱਖਰੇ ਵੱਖਰੇ ਹੁੰਦੇ ਹਨ।

          ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਭੌਤਿਕ ਅਣੂ ਕੇਵਲ ਗੈਸੀ ਪਦਾਰਥਾਂ ਦੇ ਹੀ ਅੰਗ ਹੁੰਦੇ ਹਨ। ਗੈਸਾਂ ਦੀ ਗਤੀ ਸੰਬੰਧੀ ਸਿੱਧਾਂਤ ਦਾ ਅਧਾਰ ਹੀ ਅਣੂਆਂ ਦੀ ਹੋਂਦ ਹੈ। ਇਨ੍ਹਾਂ ਦੀ ਹੀ ਗਤੀ ਅਤੇ ਆਪੋ ਵਿਚ ਅਤੇ ਦੂਜੇ ਭੌਤਿਕ ਪਦਾਰਥਾਂ ਦੀ ਖਿੱਚ ਰਾਹੀਂ ਉਕਤ ਸਿੱਧਾਂਤ ਦੇ ਸਭ ਸਿੱਟੇ ਨਿਕਲਦੇ ਹਨ। ਜਿਨ੍ਹਾਂ ਤਰਲ ਅਤੇ ਠੋਸ ਪਦਾਰਥਾਂ ਦਾ ਜੌਹਰ (sublime) ਉਡਾਇਆ ਜਾ ਸਕਦਾ ਹੈ ਉਨ੍ਹਾਂ ਦੀ ਤਰਲ ਅਤੇ ਠੋਸ ਅਵਸਥਾ ਵਿਚ ਭੌਤਿਕ ਅਣੂਆਂ ਦੀ ਹੋਂਦ ਨਹੀਂ ਹੁੰਦੀ। ਪਰ ਜੇ ਇਹ ਪਦਾਰਥ ਕਿਸੇ ਹੋਰ ਪਿਘਲਣ ਵਾਲੇ ਪਦਾਰਥ ਵਿਚ ਲੀਨ ਹੋਵੇ ਤਾਂ ਲੀਨ ਅਵਸਥਾ ਵਿਚ ਮੌਜੂਦ ਉਨ੍ਹਾਂ ਦੇ ਸੂਖ਼ਮ ਤੋਂ ਸੂਖ਼ਮ ਕਣਾਂ ਨੂੰ ਅਣੂ ਕਹਿ ਸਕਦੇ ਹਾਂ। ਇਹ ਲੀਨ ਹੋਏ ਅਣੂ ਵਧੇਰੇ ਰੂਪ ਵਿਚ ਗੈਸੀ ਅਣੂਆਂ ਨਾਲ ਸਮਾਨਤਾ ਦਰਸਾਉਂਦੇ ਹਨ। ਇਹ ਹੀ ਵਾਂਟ ਹਾਫ਼ ਦੀ ਥਿਊਰੀ (Vant Hofffs Theory) ਦੱਸਦੀ ਹੈ।

          ਗੈਸਾਂ ਅਤੇ ਪਿਘਲਣ ਯੋਗ ਧਾਤਾਂ ਆਦਿ ਦੇ ਗੁਣਾਂ ਨੂੰ ਸਮਝਣ ਦੇ ਯਤਨਾਂ ਵਿਚ ਅਣੂਆਂ ਦੀ ਕਲਪਨਾ ਦੀ ਉਤਪਤੀ ਹੋਈ ਪਰ ਲੰਬੇ ਸਮੇਂ ਤਕ ਇਨ੍ਹਾਂ ਦੀ ਹੋਂਦ ਕਿਆਸ ਅਤੇ ਆਧਾਰਿਤ ਹੀ ਰਹੀ। ਉਨ੍ਹੀਵੀਂ ਸਦੀ ਦੇ ਅਖ਼ੀਰ ਵਿਚ ਰੇਡੀਓ-ਐੱਕਟਿਵ ਤੱਤਾਂ ਤੋਂ ਨਿਸ਼ਚਿਤ ਗਿਣਤੀ ਵਿਚ ਸੂਖਮ ਕਣਾਂ ਦੀ ਪ੍ਰਾਪਤੀ ਅਤੇ ਐੱਕਸ-ਕਿਰਨਾਂ ਅਤੇ ਇਲੈੱਕਟ੍ਰਾੱਨ ਵਿਕੀਰਨ (Electron radiation) ਰਾਹੀਂ ਮਾਦੇ ਦੇ ਚੰਚਲ ਸੁਭਾਅ ਦੀ ਜਾਂਚ ਨੇ ਅਣੂਆਂ ਦੀ ਮੌਜੂਦਗੀ ਦੇ ਵਿਚਾਰ ਦੀ ਪੁਸ਼ਟੀ ਕੀਤੀ ਪਰ ਅਣੂਆਂ ਅਤੇ ਉਨ੍ਹਾਂ ਦੀ ਗਤੀ ਦਾ ਸਭ ਤੋਂ ਪਰਤੱਖ ਪ੍ਰਮਾਣ ਬਰਾਊਨੀ ਗਤੀ (Brownian Movement) ਵਿਚ ਮਿਲਦਾ ਹੈ। ਅਣੂਆਂ ਦਾ ਆਪਣਾ ਆਕਾਰ ਤਾਂ ਇੰਨਾ ਛੋਟਾ (ਲਗਭਗ 10-8 ਸੈਂ. ਮੀ.) ਹੈ ਕਿ ਇਨ੍ਹਾਂ ਨੂੰ ਚੰਗੀ ਤੋਂ ਚੰਗੀ ਖ਼ੁਰਬਦੀਨ ਨਾਲ ਵੀ ਸਪਸ਼ਟ ਵੇਖਣਾ ਸੰਭਵ ਨਹੀਂ ਹੋ ਸਕਿਆ। ਜੇ ਇਨ੍ਹਾਂ ਦੇ ਨਾਲ ਨਾਲ ਕਿਸੇ ਤਰੀਕੇ ਨਾਲ ਸੂਖਮ ਖ਼ੁਰਬਦੀਨ ਰਾਹੀਂ ਵੇਖੇ ਜਾ ਸਕਣ ਵਾਲੇ ਇਤਨੇ ਸੂਖਮ ਕਣ ਮੌਜੂਦ ਹੋਣ ਜਿਨ੍ਹਾਂ ਵਿਚ ਇਨ੍ਹਾਂ ਅਤਿ ਸੂਖਮ ਅਣੂਆਂ ਦੇ ਟਕਰਾਉਣ ਨਾਲ ਕਾਫ਼ੀ ਗਤੀ ਪੈਦਾ ਹੋ ਸਕੇ ਤਾਂ ਇਨ੍ਹਾਂ ਦਿੱਸਣ-ਯੋਗ ਸੂਖਮ ਕਣਾਂ ਰਾਹੀਂ ਅਣੂਆਂ ਦੀ ਗਤੀ ਅਤੇ ਉਨ੍ਹਾਂ ਦੀ ਗਿਣਤੀ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਚੰਗੇ ਭਾਗਾਂ ਨੂੰ ਇਸ ਸ਼੍ਰੇਣੀ ਦੇ ਸੂਖਮ ਕਣ ਕੋਲਾੱਇਡ ਦੇ ਰੂਪ ਵਿਚ ਪ੍ਰਾਪਤ ਹਨ ਅਤੇ ਇਨ੍ਹਾਂ ਦੀ ਸਹਾਇਤਾ ਨਾਲ ਹੀ ਪੈਰਿਨ (Perrin) ਨਾਂ ਦੇ ਫ਼ਰਾਂਸੀਸੀ ਵਿਗਿਆਨੀ ਨੇ ਕਈ ਚੀਜ਼ਾਂ ਦੇ ਇਕ ਗ੍ਰਾਮ-ਅਣੂ ਭਾਰ ਵਿਚ ਮੌਜੂਦ ਅਣੂਆਂ ਦੀ ਗਿਣਤੀ ਲੱਭੀ ਜਿਹੜੀ ਲਗਭਗ 6.6×1023 ਨਿਕਲੀ (ਹੁਣ ਦੀ ਖੋਜ ਅਨੁਸਾਰ ਇਹ ਗਿਣਤੀ 6.023×1023 ਦੱਸੀ ਜਾਂਦੀ ਹੈ।) ਐਵੋਗੈਡ੍ਰੋ-ਸਿੱਧਾਂਤ ਅਨੁਸਾਰ ਵੀ ਹਰ ਇਕ ਗੈਸੀ ਪਦਾਰਥ ਦੇ ਇਕ ਗ੍ਰਾਮ-ਅਣੂ ਭਾਰ ਵਿਚ ਮੌਜੂਦ ਅਣੂਆਂ ਦੀ ਸੰਖਿਆ 6.06×1023 ਹੀ ਹੋਵੇਗੀ। ਇਸ ਸੰਖਿਆ ਨੂੰ ਐਵੋਗੈਡ੍ਰੋ-ਸੰਖਿਆ ਦਾ ਨਾਂ ਦਿੱਤਾ ਗਿਆ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4665, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਅਣੂ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਣੂ, ਸੰਸਕ੍ਰਿਤ / ਪੁਲਿੰਗ : ਕਿਸੇ ਚੀਜ਼ ਦਾ ਬਹੁਤ ਹੀ ਛੋਟਾ ਅੰਸ਼, ਕਣ, ਸੂਖਮ, ਵਿਸ਼ੇਸ਼ਣ : ਬਰੀਕ

–ਅਣੂਕੀਟ, ਪੁਲਿੰਗ : ਬਹੁਤ ਛੋਟਾ ਕੀੜਾ ਜੋ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ ਇਹ ਸਰੀਰ ਦੇ ਲਹੂ ਜਲ ਆਦਿ ਪਦਾਰਥਾਂ ਵਿਚ ਹੁੰਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2086, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-05-12-36-08, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.