ਉਪਪੁਰਾਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਪਪੁਰਾਣ [ਨਾਂਪੁ] ਛੋਟਾ ਪੁਰਾਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 409, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉਪਪੁਰਾਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਪਪੁਰਾਣ. ਦੂਜੇ ਦਰਜੇ ਦੇ ਪੁਰਾਣ. ਇਨ੍ਹਾਂ ਦੀ ਗਿਨਤੀ ਭੀ ੧੮ ਹੈ:— ਉਸਨਾ, ਸਨਤਕੁਮਾਰ, ਸ਼ਾਂਬ, ਸ਼ੈਵ, ਕਾਪਿਲ, ਕਾਲਿਕਾ, ਦੁਰਵਾਸਾ, ਦੇਵੀ , ਨਾਰਸਿੰਘ, ਨਾਰਦੀਯ, ਨੰਦਿਕੇਸ਼੍ਵਰ, ਪਾਰਾਸ਼ਰ, ਪਾਦੑਮ, ਭਾਸੑਕਰ, ਮਾਹੇਸ਼੍ਵਰ, ਮਾਰੀਚ, ਵਾਯਵੀਯ ਅਤੇ ਵਾਰੁਣ. ਦੇਖੋ, ਪੁਰਾਣ.3 


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 391, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਉਪਪੁਰਾਣ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉਪਪੁਰਾਣ : ਵੇਖੋ ‘ਅਠਾਰ੍ਹਾਂ ਪੁਰਾਣ’।

 ਅਠਾਰ੍ਹਾਂ ਪੁਰਾਣ :  ਆਮ ਤੌਰ ਉਨ੍ਹਾਂ ਗ੍ਰੰਥਾਂ ਨੂੰ ‘ਪੁਰਾਣ’ ਕਿਹਾ ਜਾਂਦਾ ਜਿਨ੍ਹਾਂ ਵਿਚ ਪ੍ਰਾਚੀਨ ਕਾਲ ਦੀਆਂ ਕਥਾਵਾਂ ਜਾਂ ਆਖਿਆਨ ਸੰਕਲਿਤ ਹੋਣ। ਨਿਰੁਕਤਕਾਰ ਯਾਸਕਾ-ਚਾਰਯ ਅਨੁਸਾਰ ਉਹ ਪੁਰਾਣ ਹੈ ਜੋ ਪਹਿਲਾਂ ਕਦੀ ਨਵਾਂ ਰਿਹਾ ਹੋਵੇ। ‘ਮਤ੍ਰਸ੍ਰਯ ਪੁਰਾਣ’ (53/62) ਅਨੁਸਾਰ ਪ੍ਰਾਚੀਨ ਘਟਨਾਵਾਂ ਦਾ ਵੇਰਵਾ ਜੁਟਾਉਣ ਵਾਲਾ ਗ੍ਰੰਥ ਪੁਰਾਣ ਹੈ। ਡਾ. ਵਿਟਰਨਿਟ੍ਰਸ ਅਤੇ ਡਾ. ਪੁਸਲਕਾਰ ਵਰਗੇ ਵਿਦਵਾਨਾਂ ਨੇ ‘ਪੁਰਾਣ’ ਸ਼ਬਦ ਨੂੰ ਪੁਰਾਣੇ ਆਖਿਆਨ (‘ਪੁਰਾਣੰ ਆਖ੍ਰਯਾਨੰ’) ਦਾ ਸੂਚਕ ਮੰਨਿਆ ਹੈ। ਹੌਲੀ ਹੌਲੀ ਇਹ ਸ਼ਬਦ ਵਰਤਮਾਨ ਅਠਾਰ੍ਹਾਂ ਗ੍ਰੰਥਾਂ ਲਈ ਰੂੜ੍ਹ ਹੋ ਗਿਆ ਹੈ।

        ਆਮ ਤੌਰ ਤੇ ਪੁਰਾਣਾ ਦੀ ਗਿਣਤੀ 18 ਮੰਨੀ ਗਈ ਹੈ। ਇਹ ਗੱਲ ਪੁਰਾਣਾਂ ਦੀਆਂ ਅੰਦਰੀਆਂ ਅਤੇ ਬਾਹਰਲੀਆਂ ਗਵਾਈਆਂ ਤੋਂ ਸਿੱਧ ਹੈ। ਇਨ੍ਹਾਂ ਦਾ ਕ੍ਰਮ ਮੁੱਖ ਤੌਰ ਤੇ ਇਸ ਪ੍ਰਕਾਰ ਹੈ—ਬ੍ਰਹਮ, ਪਦਮ, ਵਿਸ਼ਣੂ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗ੍ਰਨਿ (ਅਗਨੀ), ਭਵਿਸ਼੍ਰਯ, ਬ੍ਰਹਮ-ਵੈਵਰਤ, ਲਿੰਗ, ਵਾਰਾਹ, ਸ੍ਰਕੰਦ, ਵਾਮਨ, ਕੂਰਮ, ਮਤ੍ਰਸ੍ਰਯ, ਗਰੁੜ, ਬ੍ਰਹਮਾਂਡ। ਇਨ੍ਹਾਂ ਵਿਚੋਂ ਸ਼ਿਵ ਅਤੇ ਵਾਯੂ ਤੇ ਭਾਗਵਤ ਅਤੇ ਦੇਵੀ-ਭਾਗਵਤ ਨਾਂ ਦੇ ਕੁਝ ਪੁਰਾਣਾ ਦੇ ਨਾਵਾਂ ਸੰਬੰਧੀ ਅਜੇ ਵਿਦਵਾਨਾਂ ਵਿਚ ਵਾਦ-ਵਿਵਾਦ ਹੈ। ਕਿਉਂਕਿ ਕੁਝ ਪੁਰਾਣ-ਸੂਚੀਆਂ ਵਿਚ ਜਿਥੇ ਸ਼ਿਵ ਪੁਰਾਣ ਲਿਖਿਆ ਹੈ, ਉਥੇ ਕੁਝ ਹੋਰ ਪੁਰਾਣ-ਸੂਚੀਆਂ ਵਿਚ ਵਾਯੂ ਨਾ ਆਇਆ ਹੈ।ਇਸੇ ਤਰ੍ਹਾਂ ਭਾਗਵਤ ਪੁਰਾਣ ਅਤੇ ਦੇਵੀ-ਭਾਗਵਤ ਪੁਰਾਣ ਸੰਬੰਧੀ ਵੀ ਵਿਵਾਦ ਹੈ। ਕਿਉਂਕਿ ਜਿਥੇ ਵੀ ਇਸ ਪੁਰਾਣ ਦਾ ਨਾਂ ਆਇਆ ਹੈ ਉਥੇ ਕੇਵਲ ‘ਭਾਗਵਤ’ ਲਿਖਿਆ ਹੈ।ਇਸ ਲਈ ਦੇਵੀ ਦੇ ਉਪਾਸਕਾਂ ਨੇ ਇਸ ਨੂੰ ‘ਦੇਵੀ-ਭਾਗਤ ਪੁਰਾਣ’ ਮੰਨਿਆ ਹੈ ਅਤੇ ਵੈਸ਼ਣਵਾਂ ਨੇ ‘ਭਾਗਵਤ ਪੁਰਾਣ’। ਕਿਤੇ ਕਿਤੇ ਵਾਯੂ ਅਤੇ ਬ੍ਰਹਮਾਂਡ ਬਾਰੇ ਵੀ ਵਿਵਾਦ ਹੈ। ‘ਭਵਿਸ਼੍ਰਯ ਪੁਰਾਣ’ ਦੇ ਵੀ ਚਾਰ ਭੇਦ ਮੰਨੇ ਗਏ ਹਨ। ਹੁਣ ਇਹ ਕਹਿਣਾ ਬਹੁਤ ਕਠਿਨ ਹੈ ਕਿ ਇਨ੍ਹਾਂ ਪੁਰਾਣਾਂ ਦੇ ਵੱਖ-ਵੱਖ ਵਿਸ਼ੇਸ਼ ਨਾਂ ਕਦ ਪਏ। ਪਰ ਇਨ੍ਹਾਂ ਦੇ ਨਾਵਾਂ ਵਿਚ ਭਿੰਨ-ਭਿੰਨ ਧਾਰਮਿਕ ਸੰਪ੍ਰਦਾਵਾਂ ਦੀਆਂ ਰੁਚੀਆਂ ਦਾ ਪ੍ਰਭਾਵ ਜ਼ਰੂਰ ਰਿਹਾ ਹੋਵੇਗਾ ਕਿਉਂਕਿ ਇਨ੍ਹਾਂ ਦੇ ਅਧਿਕਤਰ ਨਾਂ ਪੂਜਨੀਕ ਦੇਵਤਿਆਂ ਅਤੇ ਰਿਸ਼ੀਆਂ ਦੇ ਨਾਂ ਉਤੇ ਰਖੇ ਹੋਏ ਹਨ।

        ਅਠਾਰ੍ਹਾਂ ਪੁਰਾਣਾਂ ਤੋਂ ਇਲਾਵਾ ਕੁਝ ‘ਉਪ-ਪੁਰਾਣ’ ਵੀ ਮਿਲਦੇ ਹਨ। ਇਨ੍ਹਾਂ ਦਾ ਆਕਾਰ ਵਜੋਂ ਛੋਟਾ ਹੋਣਾ, ਪੁਰਾਣ ਸਾਹਿੱਤ ਵਿਚ ਇਨ੍ਹਾਂ ਦੀ ਵਿਸ਼ੇਸ਼ ਰੂਪ ਵਿਚ ਗਿਣਤੀ ਨਾ ਹੋਣਾ ਅਤੇ ਪ੍ਰਸਿੱਧ ਅਠਾਰ੍ਹਾਂ ਪੁਰਾਣਾਂ ਤੋਂ ਇਨ੍ਹਾਂ ਦੀ ਭਿੰਨਤਾ ਸਿੱਧ ਕਰਨ ਲਈ ਇਨ੍ਹਾਂ ਨੂੰ ‘ਉਪ-ਪਰਾਣ’ ਅਤੇ ਅਠਾਰ੍ਹਾਂ ਪੁਰਾਣਾਂ ਨੂੰ ‘ਮਹਾਪੁਰਾਣ’ ਕਿਹਾ ਜਾਣ ਲਗਿਆ। ‘ਅਮਰਕੋਸ਼’ ਵਿਚ ਇਨ੍ਹਾਂ ਦਾ ਜ਼ਿਕਰ ਨਾ ਹੋਣ ਕਾਰਣ ਡਾ. ਹਾਜ਼ਰਾ ਨੇ ਮੰਨਿਆ ਹੈ ਕਿ ਅਠਾਰ੍ਹਾਂ ਪੁਰਾਣਾਂ ਦੇ ਦ੍ਰਿੜ੍ਹ ਰੂਪ ਧਾਰਣ ਕਰ ਚੁਕਣ ਤੋਂ ਬਾਦ ਉਪ-ਪੁਰਾਣ ਹੋਂਦ ਵਿਚ ਆਏ ਹੋਣਗੇ।

        ਉਪ-ਪੁਰਾਣਾਂ ਦੀ ਗਿਣਤੀ ਨਿਸ਼ਚਿਤ ਨਹੀਂ ਹੈ। ਕਿਤੇ-ਕਿਤੇ ਇਨ੍ਹਾਂ ਦੀ ਗਿਣਤੀ ਵੀ ਅਠਾਰ੍ਹਾਂ ਮਿਲਦੀ ਹੈ, ਪਰ ਇਨ੍ਹਾਂ ਦੇ ਨਾਵਾਂ ਵਿਚ ਅੰਤਰ ਹੈ। ਡਾ. ਹਜ਼ਾਰਾ ਅਨੁਸਾਰ ਉਪ-ਪੁਰਾਣ ਦੇ ਨਾਂ ਨਾਲ ਪ੍ਰਚਲਿਤ ਗ੍ਰੰਥਾਂ ਦੀ ਗਿਣਤੀ ਇਕ ਸੌ ਤੋਂ ਜ਼ਿਆਦਾ ਹੈ ਜਿਨ੍ਹਾਂ ਵਿਚੋਂ ਕੁਝ ਛਪ ਚੁੱਕੇ ਹਨ ਅਤੇ ਅਜੇ ਬਹੁਤੇ ਅਪ੍ਰਕਾਸ਼ਿਤ ਹਨ, ਕੁਝ ਦੇ ਕੇਵਲ ਸੰਕੇਤ ਮਿਲਦੇ ਹਨ। ਕੁਝ ਕੁ ਪ੍ਰਮੁਖ ਉਪ-ਪੁਰਾਣ ਇਸ ਪ੍ਰਕਾਰ ਹਨ—ਸਨਤਕੁਮਾਰ, ਨਰਸਿੰਹ, ਬ੍ਰਿਹਤ-ਨਾਰਦੀਯ, ਸ਼ਿਵਧਰਮ, ਦੁਰਵਾਸਾ, ਕਪਿਲ, ਮਾਨਵ, ਵਾਰੁਣ, ਆਦਿਤ੍ਰਯ, ਕਾਲਿਕਾ, ਸਾਂਬ, ਸੌਰ, ਪਰਾਸ਼ਰ, ਮਾਹੇਸ਼੍ਵਰ, ਵਾਸਿਸ਼ਠ, ਭਾਰਗਵ, ਆਦਿ, ਮੁਦਗਲ, ਕਲਕਿ, ਦੇਵੀ, ਮਹਾਭਾਗਵਤ, ਬ੍ਰਿੱਧਧਰਮੋਤਰ, ਪਰਾਨੰਦ, ਨੰਦਿਕੇਸ਼੍ਰਵਰ, ਕੌਰਮ, ਪਸ਼ੁਪਤਿ ਵਹਿਨ, ਭਾਸਕਰ, ਔਸ਼ਨਸ, ਆਦਿ।

        ਪੁਰਾਣਾਂ ਦਾ ਪ੍ਰਾਚੀਨਤਮ ਉੱਲੇਖ ‘ਅਥਰਵ-ਵੇਦ’ ਅਤੇ ‘ਸ਼ਥਪਥ ਬ੍ਰਾਹਮਣ’ ਵਿਚ ਮਿਲਦਾ ਹੈ। ‘ਪੁਰਾਣ ਸੰਹਿਤਾ’ ਦੀ  ਰਚਨਾ ਕਦ ਹੋਈ, ਇਸ ਬਾਰੇ ‘ਵਿਸ਼ਣੂ ਪੁਰਾਣ’ (3/6/15-19) ਵਿਚ ਲਿਖਿਆ ਹੈ ਕਿ ਵਿਆਸ ਨੇ ਆਖਿਆਨ, ਗਾਥਾ ਅਤੇ ਕਲਪ-ਸ਼ੁੱਧਿ ਸਹਿਤ ਪੁਰਾਣ ਸੰਹਿਤਾ ਦੀ ਰਚਨਾ ਕੀਤੀ। ਆਪਣੇ ਸ਼ਿਸ਼ ਰੋਮ-ਹਰਸ਼ਣ ਸੂਤ ਨੂੰ ਵਿਆਸ ਨੇ ਪੁਰਾਣ ਸੰਹਿਤਾ ਦਾ ਅਧਿਐਨ ਕਰਾਇਆ। ਰੋਮ-ਹਰਸ਼ਣ ਦੇ ਛੇ ਸ਼ਿਸ਼ ਸਨ ਅਤੇ ਉਨ੍ਹਾਂ ਸ਼ਿਸ਼ਾਂ ਦੇ ਵੀ ਅਗੋਂ ਕਈ ਸ਼ਿਸ਼ ਸਨ। ਸ਼ਾਇਦ ਇਸੇ ਸ਼ਿਸ਼-ਪਰੰਪਰ ਦੁਆਰਾ ਅਠਾਰ੍ਹਾਂ ਪੁਰਾਣਾ ਦੀ ਰਚਨਾ ਹੋਈ ਹੋਵੇ। ਡਾ. ਰਾਜ ਬਲੀ ਪਾਂਡੇਯ ਦਾ ਮਤ ਹੈ ਕਿ ਹੋ ਸਕਦਾ ਹੈ, ਵਿਆਸ ਦੁਆਰਾ ਪੇਸ਼ ਕੀਤੇ ਪੁਰਾਣ ਸੰਹਿਤਾ ਦੇ ਅਠਾਰ੍ਹਾਂ ਹਿੱਸੇ ਰਹੇ ਹੋਣ ਜਿਨ੍ਹਾਂ ਦੇ ਆਧਾਰ ’ਤੇ ਇਨ੍ਹਾਂ ਸ਼ਿਸ਼ਾਂ ਨੇ  ਅਠਾਰ੍ਹਾਂ ਪੁਰਾਣਾਂ ਦੀ ਰਚਨਾ ਕੀਤੀ ਹੋਏ। ਅਤੇ ਫਿਰ ਉਨ੍ਹਾਂ ਦੀਆਂ ਅੰਤਿਕਾਵਾਂ ਦੇ ਰੂਪ ਵਿਚ ਉਪ-ਪੁਰਾਣਾਂ ਦੀ ਰਚਨਾ ਕੀਤੀ ਹੋਏ। ਕਿਉਂਕਿ ਸਾਰਿਆਂ ਪੁਰਾਣਾਂ ਵਿਚ ਵਿਸ਼ੇ-ਗਤ ਬਹੁਤ ਸਮਾਨਤਾ ਹੈ। ਲਗਭਗ ਸਾਰੇ ਪੁਰਾਣਾ ਵਿਚ ਸੂਤ ਅਤੇ ਸੌਤਿ ਹੀ ਕਥਾ-ਵਾਚਕ ਹਨ। ਕਿਤੇ ਕਿਤੇ ਉਨ੍ਹਾਂ ਦੇ ਸ਼ਿਸ਼ਾਂ-ਪੜਸ਼ਿਸ਼ਾਂ ਦੇ ਨਾਂ ਵੀ ਮਿਲਦੇ ਹਨ। ਪੁਰਾਣਾਂ ਵਿਚ ਵਰਣਿਤ ਵਿਸ਼ੇ ਦਾ ਸਰੂਪ ਇਤਨਾ ਵਿਆਪਕ ਹੈ ਕਿ ਉਸ ਨੂੰ ਕੁਝ ਵਿਸ਼ੇਸ਼ ਲੱਛਣਾਂ ਵਿਚ ਬੰਨ੍ਹਆ ਨਹੀਂ ਜਾ ਸਕਦਾ। ਸੰਸਕ੍ਰਿਤ ਦੇ ਪ੍ਰਾਚੀਨ ਕੋਸ਼ਕਾਰ ਅਮਰ ਸਿੰਘ (ਪੰਜਵੀਂ ਸਦੀ ਈ.) ਨੇ ਪੁਰਾਣਾਂ ਦੇ ਪੰਜ ਲੱਛਣ ਦਸੇ ਹਨ। ਪੁਰਾਣ ਸਾਹਿੱਤ ਵਿਚ ਵੀ ਇਹੀ ਪੰਜ ਲੱਛਣ ਲਿਖੇ ਮਿਲਦੇ ਹਨ—ਸਰਗ, ਪ੍ਰਤਿਸਰਗ, ਵੰਸ਼, ਮਨਵੰਤਰ, ਵੰਸ਼ਾਨੁਚਰਿਤ। ‘ਸਰਗ’ ਤੋਂ ਭਾਵ ਹੈ ਸ੍ਰਿਸ਼ਟੀ ਦਾ ਵਿਗਿਆਨ। ‘ਪ੍ਰਤਿਸਰਗ’ ਦਾ ਅਰਥ ਹੈ ਸ੍ਰਿਸ਼ਟੀ ਦਾ ਵਿਸਤਾਰ, ਲਯ ਅਤੇ ਫਿਰ ਤੋਂ ਸ੍ਰਿਸ਼ਟੀ। ਦੇਵਤਿਆਂ ਅਤੇ ਰਿਸ਼ੀਆਂ ਦੀ ਵੰਸ਼-ਪਰੰਪਰਾ ‘ਵੰਸ਼’ ਹੈ। ਕਿਹੜੇ ਕਿਹੜੇ ਮਨੁ ਦਾ ਕਿਤਨੇ ਸਮੇਂ ਤਕ ਅਧਿਕਾਰ ਰਿਹਾ, ਇਹ ‘ਮਨਵੰਤਰ’ਹੈ।ਸੂਰਜਵੰਸ਼ੀ ਅਤੇ ਚੰਦ੍ਰਵੰਸ਼ੀ ਰਾਜਿਆਂ ਦੇ ਵੰਸ਼ਾਂ ਦਾ ਵਰਣਨ ‘ਵੰਸ਼ਾਨੁਚਰਿਤ’ ਹੈ।

        ਵਰਤਮਾਨ ਪੁਰਾਣਾਂ ਵਿਚੋਂ ਕੋਈ ਵੀ ਇਨ੍ਹਾਂ ਪੰਚ ਲੱਛਣਾਂ ਦੀ ਪਰਿਭਾਸ਼ਾ ’ਤੇ ਪਬਰਾ ਨਹੀਂ ਉਤਰਦਾ। ਇਨ੍ਹਾਂ ਲੱਛਣਾਂ ਦੀ ਹੋਂਦ, ਡਾ. ਪੁਸਲਕਾਰ ਅਨੁਸਾਰ, ਪੁਰਾਣਾਂ ਦੇ ਲਗਭਗ ਚਾਲੀਵੇਂ ਹਿੱਸੇ ਵਿਚ ਹੀ ਮਿਲਦੀ ਹੈ। ਸਹਿਜੇ-ਸਹਿਜੇ ਅਨੇਕ ਪ੍ਰਕਾਰ ਦੇ ਧਾਰਮਿਕ ਵਿਸ਼ਿਆਂ ਅਤੇ ਕਰਮ-ਕਾਂਡਾਂ, ਅਨੁਸ਼ਠਾਨਾਂ ਦੇ ਸ਼ਾਮਲ ਹੋਣ ਨਾਲ ਪੰਚ-ਲੱਛਣੀ ਪਰਿਭਾਸ਼ਾ ਦੇ ਲਾਗੂ ਹੋਣ ਦੀ ਸੀਮਾ ਸੁੰਗੜ ਗਈ ਹੈ। ਇਸ ਲਈ ‘ਭਾਗਵਤ ਪੁਰਾਣ’ (12/7/10) ਵਿਚ ਇਨ੍ਹਾਂ ਵਿਚ ਦਸ ਲੱਛਣਾਂ ਦੀ ਕਲਪਨਾ ਕੀਤੀ ਗਈ ਹੈ, ਪਰ ਉਹ ਵੀ ਪੁਰਾਣਾਂ ਦੇ ਵਿਸ਼ਿਆਂ ਨੂੰ ਆਪਣੇ ਅੰਦਰ ਸਮੇਟ ਨਹੀਂ ਸਕਦੀ। ਅਸਲ ਵਿਚ, ਪੁਰਾਣ-ਪਰੰਪਰਾ ‘ਮਹਾਭਾਰਤ’ ਵਾਂਗ ਨਿਰੰਤਰ ਪ੍ਰਵਾਹਮਾਨ ਅਤੇ ਜੀਵਨ ਵਾਂਗ ਪਰਿਵਰਤਨਸ਼ੀਲ ਰਹੀ ਹੈ ਅਤੇ ਸਮੇਂ-ਸਮੇਂ ਇਨ੍ਹਾਂ ਦੇ ਮੂਲ ਵਿਚ ਵਾਧ-ਘਾਟ, ਸੋਧ-ਸੁਧਾਈ ਅਤੇ ਅਦਲਾ-ਬਦਲਾ ਹੁੰਦੀ ਰਹੀ ਹੈ। ਇਸ ਲਈ ਪੁਰਾਣਾਂ ਦੇ ਵਿਸ਼ਿਆਂ ਨੂੰ ਕਿਸੇ ਖ਼ਾਸ ਸੀਮਾ ਵਿਚ ਨਹੀਂ ਬੰਨ੍ਹਿਆ ਜਾ ਸਕਦਾ। ਵਾਸਤਵ ਵਿਚ, ਇਹ ਸਮੁੱਚੇ ਜੀਵਨ ਨੂੰ ਆਪਣੇ ਕਲਾਵੇ ਵਿਚ ਸਮੇਟਦੇ ਹਨ।

        ਧਾਰਮਿਕ ਦ੍ਰਿਸ਼ਟੀ ਤੋਂ ਇਨ੍ਹਾਂ ਵਿਚ ਜੋ ਤੱਤ ਸ਼ਾਮਲ ਕਰ ਦਿੱਤੇ ਗਏ ਹਨ, ਉਨ੍ਹਾਂ ਦੇ ਆਧਾਰ ’ਤੇ ਕੁਝ ਕੁ ਮੁੱਖ ਪ੍ਰਵਿੱਤੀਆਂ ਇਸ ਪ੍ਰਕਾਰ ਹਨ—ਆਸਤਿਕਤਾ, ਅਵਤਾਰਵਾਦ, ਸੰਪ੍ਰਦਾਇਕਤਾ, ਸਮਨਵੈ-ਭਾਵਨਾ, ਚਰਿਤ੍ਰ-ਚਿਤ੍ਰਣਗਤ ਰੂਪਕਾਤਮਕਤਾ, ਚਮਤਕਾਰਵਾਦ ਅਤੇ ਚਰਿਤ੍ਰ-ਵਿਚਿਤ੍ਰਤਾ, ਵਰਣ-ਆਸ਼੍ਰਮ ਵਿਧਾਨ, ਕਰਮ-ਕਾਂਡ ਪੂਜਾ-ਵਿਧੀਆਂ, ਉਪਦੇਸ਼ਾ-ਤਮਕਤਾ ਅਤੇ ਧਰਮ-ਸੰਕਟ ਮੀਮਾਂਸਾ।

        ਹਿੰਦੂ ਧਰਮ ਵਿਚ ਇਨ੍ਹਾਂ ਦਾ ਵਿਸ਼ੇਸ਼ ਮਹੱਤਵ ਹੈ। ਆਚਾਰਯ ਰਾਮਾਨੁਯ ਅਨੁਸਾਰ ਸ੍ਰੇਸ਼ਠਤਮ ਗਿਆਨ ਦੀ ਪ੍ਰਾਪਤੀ ਲਈ ਵੇਦ ਸਨ ਅਤੇ ਪਾਪਾਂ ਤੋਂ ਮੁਕਤ ਕਰਾਉਣ ਲਈ ਇਤਿਹਾਸ ਅਤੇ ਪੁਰਾਣ ਸਨ। ਕਿਉਂਕਿ ਇਤਿਹਾਸ ਅਤੇ ਪੁਰਾਣਾਂ ਰਾਹੀਂ ਵੇਦਾਂ ਦਾ ਅਧਿਐਨ ਪੁਸ਼ਟ ਹੁੰਦਾ ਹੈ। (ਮਹਾਭਾਰਤ-1/1/204) ਸੱਚ ਤਾਂ ਇਹ ਹੈ ਕਿ ਪੁਰਾਣ ਭਾਰਤੀ ਸਭਿਅਤਾ ਅਤੇ ਸੰਸਕ੍ਰਿਤੀ ਦੇ ਦਰਪਣ ਹਨ। ਸੰਸਕ੍ਰਿਤ, ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਦੀਆਂ ਅਨੇਕਾਂ ਰਚਨਾਵਾਂ ਦੇ ਕਥਾ-ਸੂਤਰ, ਦ੍ਰਿਸ਼ਟਾਂਤ, ਸੰਦਰਭ ਅਤੇ ਸੰਕੇਤ ਆਦਿ ਪੁਰਾਣ ਸਾਹਿੱਤ ਦੇ ਭੰਡਾਰ ਵਿਚੋਂ ਲਏ ਗਏ ਹਨ। ਧਾਰਮਿਕ ਦ੍ਰਿਸ਼ਟੀ ਤੋਂ ਹਿੰਦੂ ਧਰਮ ਦੇ ਸਾਰੇ ਵਿਸ਼ਵਾਸਾਂ ਅਤੇ ਮਾਨਤਾਵਾਂ ਦਾ ਸਜੀਵ ਵਰਣਨ ਇਨ੍ਹਾਂ ਵਿਚ ਮਿਲਦਾ ਹੈ। ਇਹੀ ਕਾਰਣ ਹੈ ਕਿ ਪੰਜਾਬੀ ਦੇ ਧਾਰਮਿਕ ਜਾਂ ਅਧਿਆਤਮਿਕ ਕਾਵਿ ਵਿਚ ਇਨ੍ਹਾਂ ਦੇ ਹਵਾਲੇ ਮਿਲਦੇ ਹਨ। ਗੁਰੂ ਨਾਨਕ ਦੇਵ ਜੀ ਨੇ ਸ੍ਰਿਸ਼ਟੀ ਦੇ ਉਤਪਤੀ ਸੰਬੰਧੀ ‘ਜਪੁਜੀ’ ਵਿਚ ਲਿਖਿਆ ਹੈ੍‘ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ।’ਗੌਂਡ ਰਾਗ ਵਿਚ ਕਬੀਰ ਜੀ ਨੇ ਅਠਾਰ੍ਹਾਂ ਪੁਰਾਣਾਂ ਵਲ ਸੰਕੇਤ ਕੀਤਾ ਹੈ—‘ਦਸ ਅਠ ਪੁਰਾਣ ਤੀਰਥ ਰਸ ਕੀਆ’ (ਅ. ਗ੍ਰੰ. 872)। ਸੁਲਤਾਨ ਬਾਹੂ ਨੇ ਇਨ੍ਹਾਂ ਨੂੰ‘ਅਠਾਰ੍ਹਾ ਸੁਖਨ’ ਕਿਹਾ ਹੈ—‘ਛੇ ਹਰਫ਼ਾਂ ਦੇ ਸੁਖਨ ਅਠਾਰਾਂ, ਓਥੋਂ ਦੋ ਦੋ ਮਾਅਨੀ ਧਰਦੇ ਹੂ।’

 


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-11-30, ਹਵਾਲੇ/ਟਿੱਪਣੀਆਂ: no

ਉਪਪੁਰਾਣ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉਪਪੁਰਾਣ, ਪੁਲਿੰਗ : ਮੁੱਖ ਪੁਰਾਣ ਤੋਂ ਇਲਾਵਾ ਛੋਟਾ ਪੁਰਾਣ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 149, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-24-03-50-41, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.