ਗਾਲ੍ਹੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਲ੍ਹੜ (ਨਾਂ,ਪੁ) ਗਲਹਿਰੀ ਦਾ ਨਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1859, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗਾਲ੍ਹੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਲ੍ਹੜ. ਕਾਟੋ, ਗਿਲਹਰੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਾਲ੍ਹੜ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗਾਲ੍ਹੜ : ਇਸ ਨੂੰ ਗਲਹਿਰੀ, ਗਾਲ੍ਹੜ ਜਾਂ ਕਾਟੋ ਵੀ ਕਹਿੰਦੇ ਹਨ। ਇਹ ਰੋਡੇਸ਼ੀਆ ਵਰਗ ਦੀ ਸਾਈਉਰਡੀ ਕੁਲ ਦੇ ਕਿਸੇ ਵੀ ਕੁਤਰਨ-ਪ੍ਰਾਣੀ ਲਈ ਇਹ ਆਮ ਨਾਂ ਹੈ ਪਰ ਕਈ ਵਾਰੀ ਇਹ ਨਾਂ ਆਮ ਮਿਲਣ ਵਾਲੀਆਂ ਝਾੜੀਨੁਮਾ-ਪੂਛ ਵਾਲੀਆਂ, ਬਿਰਛਵਾਸੀ ਜਾਤੀਆਂ ਤੱਕ ਹੀ ਸੀਮਿਤ ਰੱਖਿਆ ਜਾਂਦਾ ਹੈ। ਇਨ੍ਹਾਂ ਦੀਆਂ ਤਕਰੀਬਨ 50 ਪ੍ਰਜਾਤੀਆਂ ਅਤੇ 260 ਜਾਤੀਆਂ ਹਨ, ਜਿਹੜੀਆਂ ਸਾਰੇ ਸੰਸਾਰ ਵਿਚ ਕਈ ਤਰ੍ਹਾਂ ਦੇ ਨਿਵਾਸ-ਸਥਾਨਾਂ, ਜਿਵੇਂ ਜੰਗਲਾਂ, ਮਾਰੂਥਲਾਂ, ਮੈਦਾਨਾਂ ਅਤੇ ਟੁੰਡਰਾ ਵਿਚ ਮਿਲ ਜਾਂਦੀਆਂ ਹਨ। ਇਨ੍ਹਾਂ ਵਿਚ ਗਰਾਊਂਡ ਸਕੁਅਰਲ, ਮਾਰਮਟ ਅਤੇ ਚਿਪਮੰਕ ਆਉਂਦੀਆਂ ਹਨ। ਬਹੁਤੀਆਂ ਗਾਲ੍ਹੜਾਂ ਦਰਖ਼ਤਾਂ ਤੇ ਰਹਿਣ ਵਾਲੀਆਂ, ਕੁਝ ਜ਼ਮੀਨ ਤੇ ਰਹਿਣ ਵਾਲੀਆਂ (ਮਾਰਮਟ) ਅਤੇ ਕੁਝ ਹੋਰ ਇਕ ਦਰਖ਼ਤ ਤੋਂ ਦੂਜੇ ਤੱਕ ਉੱਡਣ ਵਾਲੀਆਂ ਹੁੰਦੀਆਂ ਹਨ। ਇਨ੍ਹਾਂ ਦੀਆਂ ਅਗਲੀਆਂ ਅਤੇ ਪਿਛਲੀਆਂ ਲੱਤਾਂ ਦੇ ਵਿਚਕਾਰ ਦੋਹਾਂ ਨੂੰ ਜੋੜਨ ਵਾਲੀ ਇਕ ਚਮੜੀ ਹੁੰਦੀ ਹੈ ਜਿਸ ਦੀ ਸਹਾਇਤਾ ਨਾਲ ਇਹ ਉਡਦੀਆਂ ਹਨ।

          ਗਾਲ੍ਹੜਾਂ ਦੇ ਰੰਗਾਂ ਅਤੇ ਉਨ੍ਹਾਂ ਦੇ ਸਰੀਰ ਉਪਰਲੇ ਨਿਸ਼ਾਨਾਂ ਵਿਚ ਕਈ ਵਖਰੇਵੇਂ ਹਨ ਅਤੇ ਇਸੇ ਤਰ੍ਹਾਂ ਉਨ੍ਹਾਂ ਦਾ ਸਰੀਰ ਪਤਲਾ ਜਾਂ ਗਠੀਲਾ ਹੁੰਦਾ ਹੈ। ਇਨ੍ਹਾਂ ਦਾ ਆਕਾਰ ਲਗਭਗ 10 ਸੈਂ. ਮੀ. ਤੋਂ ਲੈ ਕੇ 40 ਸੈਂ. ਮੀ. ਤੱਕ ਹੁੰਦਾ ਹੈ।

          ਸਿਰਫ ਉੱਡਣ ਵਾਲੀਆਂ ਕਿਸਮਾਂ ਨੂੰ ਛੱਡ ਕੇ ਬਾਕੀ ਸਾਰੀਆਂ ਗਾਲ੍ਹੜਾਂ ਦਿਨਚਰ ਪ੍ਰਾਣੀ ਹਨ। ਦਰਖ਼ਤਾਂ ਤੇ ਰਹਿਣ ਵਾਲੀਆਂ ਕਿਸਮਾਂ ਫੁਰਤੀਲੀਆਂ ਹੁੰਦੀਆਂ ਹਨ। ਇਹ ਦਰਖ਼ਤਾਂ ਦੇ ਖੋਲਾਂ ਵਿਚ ਜਾਂ ਪੱਤਿਆਂ ਅਤੇ ਟਹਿਣੀਆਂ ਦੇ ਬਣਾਏ ਘਰਾਂ ਵਿਚ ਰਹਿੰਦੀਆਂ ਹਨ। ਇਹ ਸਾਰਾ ਸਾਲ ਚੁਸਤ ਰਹਿੰਦੀਆਂ ਹਨ। ਜ਼ਮੀਨ ਤੇ ਰਹਿਣ ਵਾਲੀਆਂ ਕਿਸਮਾਂ ਖੁੱਡਾਂ ਵਿਚ ਰਹਿੰਦੀਆਂ ਹਨ ਅਤੇ ਜ਼ਿਆਦਾ ਸਰਦੀ ਅਤੇ ਗਰਮੀ ਹੋ ਜਾਣ ਤੇ ਇਹ ਨਿਸ਼ਕਿਰਿਆ ਹੋ ਜਾਂਦੀਆਂ ਹਨ। ਗਾਲ੍ਹੜ ਬਨਸਪਤੀ ਆਹਾਰੀ ਪ੍ਰਾਣੀ ਹਨ ਅਤੇ ਬੀਜ ਅਤੇ ਗਿਰੀਵਾਲੇ ਫ਼ਲ ਪਸੰਦ ਕਰਦੀਆਂ ਹਨ। ਕਈ ਜਾਤੀਆਂ ਕੀੜੇ ਵੀ ਖਾਂਦੀਆਂ ਹਨ। ਮਾਦਾ ਇਕ ਸਾਲ ਵਿਚ ਇਕ ਜਾਂ ਜ਼ਿਆਦਾ ਵਾਰੀ ਬੱਚੇ ਦਿੰਦੀਆਂ ਹਨ ਅਤੇ ਹਰ ਝੋਲ ਵਿਚ 1-15 ਬੱਚੇ ਹੁੰਦੇ ਹਨ। ਗਰਭ ਕਾਲ 22-45 ਦਿਨ ਦਾ ਹੁੰਦਾ ਹੈ।

          ਸਾਈਉਰਸ ਪ੍ਰਜਾਤੀ ਦੀਆਂ ਲਗਭਗ 55 ਜਾਤੀਆਂ ਤਕਰੀਬਨ ਸਾਰੇ ਯੂਰੇਸ਼ੀਆ ਅਤੇ ਨਵੀਂ ਦੁਨੀਆ ਵਿਚ ਮਿਲਦੀਆਂ ਹਨ। ਇਨ੍ਹਾਂ ਵਿਚ ਆਮ ਮਿਲਣ ਵਾਲੀਆਂ ਬਿਰਛਵਾਸੀ ਗਾਲ੍ਹੜਾਂ ਜਿਵੇਂ ਯੂਰੇਸ਼ੀਆ ਦਾ ਲਾਲ ਗਾਲ੍ਹੜ (Sciras Nulgaris) ਅਤੇ ਸਲੇਟੀ (S. carolinensis) ਅਤੇ ਲੂੰਬੜ ਗਾਲ੍ਹੜਾਂ (S. niger) ਆਉਂਦੀਆਂ ਹਨ। ਇਹ ਦੋਵੇਂ ਕਿਸਮਾਂ ਸ਼ਹਿਰੀ ਪਾਰਕਾਂ ਤੇ ਬਾਗਾਂ ਵਿੱਚ ਆਮ ਮਿਲਦੀਆਂ ਹਨ। ਇਨ੍ਹਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ ਅਤੇ ਇਹ ਖਾਣ-ਯੋਗ ਪ੍ਰਾਣੀ ਹਨ। ਇਹ ਤਕਰੀਬਨ 20-30 ਸੈਂ. ਮੀ. ਲੰਮੀਆਂ ਅਤੇ ਇਨ੍ਹਾਂ ਦੀ ਪੂਛ ਲਗਭਗ ਇੰਨੀ ਹੀ ਲੰਮੀ ਹੁੰਦੀ ਹੈ। ਇਨ੍ਹਾਂ ਦਾ ਰੰਗ ਸਲੇਟੀ ਜਾਂ ਕਾਲਾ ਭੂਰਾ ਜਾਂ ਲਾਲ ਜਿਹਾ ਭੂਰਾ ਤੇ ਸਰੀਰ ਦੇ ਹੇਠਲਾ ਹਿੱਸਾ ਚਿੱਟਾ ਜਾਂ ਲਾਲ-ਭੂਰਾ ਹੁੰਦਾ ਹੈ।

          ਉੱਤਰੀ ਅਮਰੀਕਾ ਦੀਆਂ ਲਾਲ ਗਾਲ੍ਹੜਾਂ (Tamiasciusus) ਲਾਲ-ਭੂਰੇ ਰੰਗ ਦੇ ਉੱਚੀ ਆਵਾਜ਼ ਵਾਲੇ ਪ੍ਰਾਣੀ ਹਨ। ਇਹ ਗਾਲ੍ਹੜਾਂ ਚੀਲ੍ਹ ਦੇ ਦਰਖ਼ਤਾਂ ਵਿਚ ਰਹਿੰਦੀਆਂ ਅਤੇ ਸਰਦੀਆਂ ਵਿਚ ਆਪਣੇ ਖਾਣ ਲਈ ਉਨ੍ਹਾਂ ਦੇ ਫ਼ਲ ਇਕੱਠੇ ਕਰਕੇ ਰੱਖਦੀਆਂ ਹਨ। ਇਨ੍ਹਾਂ ਦੀਆਂ ਦੋ ਜਾਤੀਆਂ ਹਨ; ਇਕ ਲਾਲ ਜਾਂ ਚੀਲ੍ਹ ਦੀ ਗਾਲ੍ਹੜ (T. hudsonicus) ਜਿਹੜੀ ਤਕਰੀਬਨ 20 ਸੈਂ. ਮੀ. ਲੰਮੀ ਹੁੰਦੀ ਹੈ; ਇਸ ਦੀ ਪੂਛ ਕੋਈ 10-15 ਸੈਂ. ਮੀ. ਲੰਮੀ ਹੁੰਦੀ ਹੈ, ਅਤੇ ਸਰੀਰ ਦੇ ਹੇਠਲੇ ਹਿੱਸੇ ਦਾ ਰੰਗ ਚਿੱਟਾ ਹੁੰਦਾ ਹੈ; ਦੂਜੀ ਡਗਲੱਸ ਗਾਲ੍ਹੜ ਜਾਂ ਚਿਕਰੀ ਕੁਝ ਛੋਟੀ ਹੁੰਦੀ ਹੈ ਅਤੇ ਇਸ ਦੇ ਸਰੀਰ ਦੇ ਹੇਠਲੇ ਪਾਸੇ ਲਾਲ-ਭੂਰੇ ਰੰਗ ਦੇ ਹੁੰਦੇ ਹਨ।

          ਅਫ਼ਰੀਕਾ ਵਿਚ ਕਈ ਬਿਰਛਵਾਸੀ ਗਾਲ੍ਹੜਾਂ ਮਿਲਦੀਆਂ ਹਨ। ਇਨ੍ਹਾਂ ਵਿਚੋਂ ਕੁਝ ਪ੍ਰਸਿੱਧ ਜਾਤੀਆਂ ਇੰਜ ਹਨ––ਵੱਡੀ ਜੰਗਲੀ ਗਾਲ੍ਹੜ (Protoaerus stangeri) ਇਹ ਧੱਬਿਆਂ ਵਾਲਾ ਭੂਰੇ ਜਾਂ ਕਾਲੇ ਰੰਗ ਦਾ ਪ੍ਰਾਣੀ ਹੈ; ਤਕਰੀਬਨ ਇਕ ਦਰਜਨ ਅਜਿਹੀਆਂ ਜਾਤੀਆਂ ਹਨ (Funisciurus) ਜਿਨ੍ਹਾਂ ਦੀ ਪਿੱਠ ਉਤੇ ਇਕ ਜਾਂ ਜ਼ਿਆਦਾ ਲੰਮੀਆਂ ਧਾਰੀਆਂ ਹੁੰਦੀਆਂ ਹਨ। ਤਕਰੀਬਨ 12 ਜਾਤੀਆਂ ਅਫ਼ਰੀਕੀ ਝਾੜੀਆਂ ਦੀਆਂ ਗਾਲ੍ਹੜਾਂ (Paraxerus) ਦੀਆਂ ਮਿਲਦੀਆਂ ਹਨ ਜਿਹੜੀਆਂ ਧੱਬਿਆਂ ਵਾਲੀਆਂ, ਸਲੇਟੀ ਜਿਹੇ ਪੀਲੇ ਜਾਂ ਸ਼ੋਖ ਲਾਲ ਭੂਰੇ ਰੰਗ ਦੀਆਂ ਹੁੰਦੀਆਂ ਹਨ; ਇਨ੍ਹਾਂ ਉੱਤੇ ਕਈ ਵਾਰੀ ਧਾਰੀਆਂ ਹੁੰਦੀਆਂ ਹਨ ਅਤੇ ਕਈ ਵਾਰੀ ਨਹੀਂ ਵੀ ਹੁੰਦੀਆਂ ਅਤੇ ਸੂਰਜ ਗਾਲ੍ਹੜਾਂ (Heliosciurus) ਗੂੜ੍ਹੇ ਰੰਗਾਂ ਦੀਆਂ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਬਹੁਤੀਆਂ ਦਾ ਰੰਗ ਹਰਾ ਜਿਹਾ ਹੁੰਦਾ ਹੈ।

          ਏਸ਼ੀਆ ਵਿਚ ਵੀ ਕਈ ਦਰਖ਼ਤਾਂ ਤੇ ਰਹਿਣ ਵਾਲੀਆਂ ਗਾਲ੍ਹੜਾਂ ਮਿਲਦੀਆਂ ਹਨ। ਇਨ੍ਹਾਂ ਵਿਚੋਂ ਕੁਝ ਪ੍ਰਸਿੱਧ, ਏਸ਼ੀਆਈ ਧਾਰੀਦਾਰ ਪਾਮ ਗਾਲ੍ਹੜ (Funambulus), ਰਾੱਕ ਗਾਲ੍ਹੜਾਂ (Ratufa) ਦੀਅ ਚਾਰ ਜਾਤੀਆਂ, ਜਿਨ੍ਹਾਂ ਦਾ ਰੰਗ ਚਿੱਟਾ, ਕਾਲਾ, ਪੀਲੇ ਤੋਂ ਲਾਲ ਭੂਰਾ ਜਾਂ ਸਲੇਟੀ ਹੁੰਦਾ ਹੈ ਅਤੇ ਓਰੀਐਂਟਲ ਗਾਲ੍ਹੜ (Callosciurus 20 ਜਾਤੀਆਂ), ਜਿਹੜੀਆਂ ਸੰਘਣੀ ਫ਼ਰ, ਸ਼ੋਖ ਰੰਗ ਅਤੇ ਪੂਰਬੀ ਏਸ਼ੀਆ ਵਿਚ ਰਹਿਣ ਵਾਲੀਆਂ ਹਨ।

          ਹ. ਪੁ.––ਐਨ. ਬ੍ਰਿ. ਮਾ. 9 : 504


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.