ਲੂਕੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਲੂਕੀ (ਸੰ.। ਸੰਸਕ੍ਰਿਤ ਲੁਕ=ਬਲਨਾ। ਹਿੰਦੀ ਲੌਕਾ, ਲੂਕਾ) ੧. ਚੁਆਤੀ ,

ਬਲਦੇ ਬਲਦੇ ਟੁਕੜੇ ਜੋ ਭਾਂਬੜ ਤੋਂ ਬਾਹਰ ਆ ਪੈਣ*, ਮੁਆਤਾ। ਯਥਾ-‘ਨਿੰਦਕੁ ਸਾਕਤੁ ਖਵਿ ਨ ਸਕੈ ਤਿਲੁ ਅਪਣੈ ਘਰਿ ਲੂਕੀ ਲਾਈ’। ਭਾਵ ਨਿੰਦਕ ਲੋਕ (ਪ੍ਰਤਿਸ਼੍ਟਾ) ਸਹਾਰ ਨਹੀਂ ਸਕਦੇ, ਆਪਣੇ ਘਰ ਨੂੰ ਆਪ ਹੀ ਮੁਆਤਾ ਲਾ ਦਿੰਦੇ ਹਨ, ਕਿਉਂ ਜੋ ਉਨ੍ਹਾਂ ਦਾ ਅੰਤਹਕਰਣ ਨਿਤ ਸੜਦਾ ਰਹਿੰਦਾ ਹੈ।

                        ਦੇਖੋ ,‘ਖਵਿ ਸਕਹਿ’

ਤਥਾ-‘ਧ੍ਰਿਸਟਬੁਧੀ ਅਪੁਨਾ ਘਰੁ ਲੂਕੀ ਜਾਰੇ’। ਭਾਵ ਧ੍ਰਿਸਟ ਬੁਧੀ ਰਾਜਾ ਨੇ ਅਪਣਾ ਘਰ ਅੱਗ ਨਾਲ ਸਾੜ ਲਿਆ ਭਾਵ ਚੰਦ੍ਰਹਾਸ ਭਗਤ ਨਾਲ ਧ੍ਰੋਹ ਕਰ ਕੇ ਆਪਣਾ ਪੁਤ੍ਰ ਮਦਨ ਸਿੰਘ ਮਰਵਾ ਲਿਆ।

੨. (ਗੁ.। ਦੇਖੋ, ਲੂਕ) ਲੁਕਿਆ ਹੋਇਆ। ਲੂਕੀ ਸ਼ਬਦ-ਉਹ ਰਚਨਾ ਜਿਸ ਦਾ ਅਰਥ ਲੁਕਾ ਕੇ ਰਖਿਆ ਹੋਇਆ ਹੋਵੇ। ਯਥਾ-‘ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ॥ ਕਛੂਆ ਕਹੈ ਅੰਗਾਰ ਭਿਲੋਰਉ ਲੂਕੀ ਸਬਦੁ ਸੁਨਾਇਆ’। ਅਰਥਾਤ ਕਬੀਰ ਜੀ ਬਚਨ ਕਰਦੇ ਹਨ ਹੇ ਸੰਤੋ! ਕੀੜੀ ਨੇ ਪਹਾੜ ਖਾ ਲੀਤਾ ਹੈ ਭਾਵ ਇਹ ਕਿ ਸੂਖਮਾਕਾਰ ਜਦ ਬ੍ਰਿਤੀ ਹੋਈ, ਉਸ ਨੇ ਸਾਰੇ ਸੰਸਾਰ ਦਾ ਅਭਾਵ ਕਰ ਦਿਤਾ, ਜਿਥੇ ਦੇਖਦੀ ਹੈ ਬ੍ਰਹਮ ਹੀ ਬ੍ਰਹਮ ਦਿਸਦਾ ਹੈ, ਪਰ ਫੇਰ ਬੀ ਕੱਛੂ ਕਹਿੰਦਾ ਹੈ ਮੈਂ ਅੰਗਾਰ ਭੀ ਚਾਹੁੰਦਾ ਹਾਂ, ਗੱਲ ਕੀ ਪਾਣੀ ਤਾਂ ਮੇਰੇ ਕੋਲ ਹੈ ਹੀ। ਇਸ ਦਾ

ਤਾਤਪਰਯ ਇਹ ਕਿ ਯਦਪਿ ਬ੍ਰਹਮਾਕਾਰ ਬ੍ਰਿਤੀ ਹੋਈ, ਪਰ ਚਿਤ ਰੂਪ ਕੱਛੂ ਰਾਮ ਨਾਮ ਰੂਪੀ* ਅੰਗਾਰ ਚਾਹੁੰਦਾ ਹੈ; ਇਹ ਸਾਰਾ ਸਬਦ, ਜੋ ‘ਫੀਲ ਰਬਾਬੀ ’ ਤੋਂ ‘ਸੁਣਾਇਆ’ ਤਕ ਹੈ, ਅਸਾਂ ਲੁਕੇ ਹੋਏ ਅਰਥਾਂ ਵਾਲਾ ਸੁਣਾਇਆ ਹੈ।

੩. (ਦੇਸ ਭਾਸ਼ਾ) ਨਰੋਤਮ ਤਾਰਾ ਸਿੰਘ ਜੀ ਲੂਕੀ ਦਾ ਇਕ ਅਰਥ -ਗੁੱਤੀ- ਕਰਦੇ ਹਨ, ਜੋ ਇਕ ਮੱਛਰ ਜਾਤੀ ਦਾ ਬ੍ਰੀਕ ਕੀੜਾ ਹੈ, ਜਿਸ ਦੀ ਅਵਾਜ਼ ਸੁਣਾਈ ਨਹੀਂ ਦੇਂਦੀ। ਫਿਰ ਤੁਕ ਦਾ ਅਰਥ ਬਣੂੰ ਕਿ- ਗੁਤੀ ਨੇ ਸ਼ਬਦ ਸੁਣਾਇਆ।

----------

* ਇਤਿ ਸ਼ੈਕਸਪੀਅਰ ਕੋਸ਼ੇ। ਲੌਕਾ=ਚੁਆੜਾ ਜਿਸ ਦਾ ਮੂਲ ਹੈ ਸੰਸਕ੍ਰਿਤ ਲੋਕੑ=ਚਮਕਣਾ। ਪੰਜਾਬੀ ਵਿਚ ਹੁਣ -ਲੂਕੀ- ਪਦ ਦਾ ਰੂਪ -ਲੂਤੀ- ਹੋ ਗਿਆ ਹੈ।

----------

* ਮੁਰਾਦ ਹੈ ਕਿ ਬ੍ਰਿਤੀ ਬ੍ਰਹਮਾਕਾਰ ਹੋਕੇ ਬੀ ਭਗਤੀ ਭਾਵ ਰਖਦੀ ਹੈ, ਜੈਸੇ ਇਸ ਵਾਕ ਵਿਚ ਕਿਹਾ ਹੈ-‘ਅਤਿ ਸੁੰਦਰ ਕੁਲੀਨ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5738, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.