ਸਮਾਜਵਾਦ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Socialism (ਸਅਉਸ਼ਅਲਿਜ਼ਅਮ) ਸਮਾਜਵਾਦ: ਇਹ ਸ਼ਬਦ ਸਮਾਜਿਕ ਇਨਸਾਫ਼ ਅਤੇ ਸਮਾਨਤਾ ਸੰਬੰਧੀ ਵਿਚਾਰਾਂ ਅਤੇ ਯਕੀਦਿਆਂ ਨੂੰ ਵਿਅਕਤ ਕਰਦਾ ਹੈ। ਸਮਾਜਵਾਦ ਵਿੱਚ ਇਕ ਸਮਾਜਿਕ ਪ੍ਰਣਾਲੀ ਦੇ ਉਤਪਾਦਨ ਦੇ ਸਰੋਤ ਅਤੇ ਵਿਤਰਨ, ਸਾਂਝੀ ਮਲਕੀਅਤ ਤੇ ਆਧਾਰਿਤ ਹੁੰਦੇ ਹਨ। ਸੰਖੇਪ ਵਿੱਚ ਸਮਾਜਵਾਦ ਇਕ ਪ੍ਰਣਾਲੀ ਹੈ, ਜਿਸ ਵਿੱਚ ਉਤਪਾਦਨ ਸਾਧਨਾਂ ਦੀ ਮਲਕੀਅਤ ਬਹੁਤਾਤ ਗਿਣਤੀ ਵਿੱਚ ਰਾਜ ਸਰਕਾਰ ਪਾਸ ਹੁੰਦੀ ਹੈ ਅਤੇ ਉਹ ਹੀ ਇਹਨਾਂ ਨੂੰ ਸੁਚਾਰੂ ਢੰਗ ਨਾਲ ਚਲਾਉਂਦੀ ਹੈ। ਸਾਮਵਾਦੀ ਸਿਧਾਂਤ ਵਿੱਚ ਸਮਾਜਵਾਦ ਪੂਰਨ ਸਾਮਵਾਦ ਲਈ ਪਹਿਲਾ ਮਹੱਤਵਪੂਰਨ ਚਰਨ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11311, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਸਮਾਜਵਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਮਾਜਵਾਦ [ਨਾਂਪੁ] ਉਹ ਰਾਜਨੀਤਿਕ-ਸਮਾਜਿਕ ਵਿਵਸਥਾ ਜਿਸ ਵਿੱਚ ਇੱਕ ਜਾਂ ਮੁੱਠੀ ਭਰ ਵਿਅਕਤੀਆਂ ਦੀ ਬਜਾਏ ਸਾਰੇ ਸਮਾਜ ਦੀਆਂ ਲੋੜਾਂ/ਉਮੰਗਾਂ ਨੂੰ ਪਹਿਲ ਦੇਣ ਦਾ ਪ੍ਰਬੰਧ ਹੋਵੇ, ਸਾਂਝੀਵਾਲਤਾ ਉੱਤੇ ਆਧਾਰਿਤ ਸਮਾਜਿਕ ਵਿਵਸਥਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11293, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਮਾਜਵਾਦ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Socialism_ਸਮਾਜਵਾਦ: ਮੂਲ ਰੂਪ ਵਿਚ ਬਣਾਏ ਗਏ ਭਾਰਤ ਦੇ ਸੰਵਿਧਾਨ ਵਿਚ ਸਮਾਜਵਾਦ ਸ਼ਬਦ ਦੀ ਵਰਤੋਂ ਨਹੀਂ ਸੀ ਕੀਤੀ ਗਈ। ਸਮਾਜਵਾਦ ਦੇ ਭਾਰਤੀ ਸੰਕਲਪ ਵਿਚ ਜਿਸ ਸਮਾਜਵਾਦ ਦੀ ਕਲਪਨਾ ਕੀਤੀ ਗਈ ਹੈ ਉਹ ਮਨੁੱਖੀ ਗੌਰਵ ਵਾਲੇ ਲੋਕਰਾਜੀ ਸਮਾਜਵਾਦ ਦੀ ਹੈ ਜਿਸ ਦਾ ਮਤਲਬ ਹੈ ਹਰੇਕ  ਵਿਅਕਤੀ ਦੇ ਵਿਕਾਸ ਲਈ ਅਵਸਰਾਂ ਦੀ ਸਿਰਜਣਾ। ਇਹ ਸਮਾਜਵਾਦ ਵਿਅਕਤੀ ਨੂੰ ਸਮਾਜ ਵਿਚ ਹਲੂਲ ਕਰਨ ਦੀ ਗੱਲ ਨਹੀਂ ਕਰਦਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਮਾਜਵਾਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਮਾਜਵਾਦ : ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ‘ਸਮਾਜਵਾਦ’ ਕਮਿਊਨਿਸਟ ਸਮਾਜਕ–ਆਰਥਿਕ ਬਣਤਰ ਦਾ ਪਹਿਲਾ ਦੌਰ ਹੈ। ਇਸ ਵਿਚ ਪਰੋਲਤਾਰੀ ਜਮਾਦ ਦੀ ਡਿਕਟੇਟਰਸ਼ਿਪ ਹੁੰਦੀ ਹੈ ਅਤੇ ਇਸੇ ਹੀ ਜਮਾਤ ਦਾ ਪੈਦਾਵਾਰੀ/ਉਪਜਾਊ ਸਾਧਨਾਂ ਉੱਤੇ ਕਬਜ਼ਾ ਹੁੰਦਾ ਹੈ। ਸਮਾਜਵਾਦ ਅਜਿਹਾ ਰਾਜਨੀਤਿਕ, ਸਮਾਜਕ ਅਤੇ ਆਰਥਿਕ ਨਿਜ਼ਾਮ ਹੈ ਜੋ ਮਨੁੱਖੀ ਇਤਿਹਾਸ ਵਿਚ ਪੂੰਜੀਵਾਦੀ ਨਿਜ਼ਾਮ ਤੋਂ ਬਾਅਦ ਹੋਂਦ ਵਿਚ ਆਇਆ। ਪੂੰਜੀਵਾਦ ਤੋਂ ਪਹਿਲਾਂ ਭੂਪਵਾਦ ਅਤੇ ਭੂਪਵਾਦ ਤੋਂ ਪਹਿਲਾਂ ਕਬੀਲਾਂ ਨਿਜ਼ਾਮ ਅਤੇ ਇਸ ਤੋਂ ਪਹਿਲਾਂ ਆਦਿ–ਕਾਲੀ ਕਮਿਊਨੀ–ਪ੍ਰਣਾਲੀ ਪ੍ਰਧਾਨ ਸੀ। ‘ਸਮਾਜਵਾਦ’ ਪੂੰਜੀਵਾਦ ਦੇ ਸਮੇਂ ਪ੍ਰਚੱਲਿਤ ਹਰ ਪ੍ਰਕਾਰ ਦੀ ਲੁੱਟ ਖਸੁੱਟ ਤੇ ਸ਼ੋਸ਼ਣ ਨੂੰ ਬੰਦ ਕਰਦਾ ਹੈ। ਇਸ ਨਿਜ਼ਾਮ ਵਿਚ ਭਿੰਨ ਭਿੰਨ ਰਾਸ਼ਟਰਾਂ, ਵੱਖ ਵੱਖ ਭਾਸ਼ਾਵਾਂ, ਸ਼ਹਿਰਾਂ ਤੇ ਪਿੰਡਾਂ, ਮਰਦਾਂ ਤੇ ਇਸਤ੍ਰੀਆਂ, ਦਿਮਾਗ਼ੀ ਤੇ ਸ਼ਰੀਰਿਕ ਕੰਮਾਂ ਦੀ ਬਰਾਬਰੀ ਦਾ ਸਿਧਾਂਤ ਕੰਮ ਕਰਦਾ ਹੈ। ਇਸ ਵਿਚ ਮਨੁੱਖ ਹੱਥੋਂ ਮਨੁੱਖ ਦੀ ਅਤੇ ਕੌਮ ਹੱਥੋਂ ਕੌਮ ਦੀ ਲੁੱਟ ਖ਼ਤਮ ਹੋ ਜਾਂਦੀ ਹੈ। ਇਸ ਸਮਾਜ ਵਿਚ ਹਰ ਬੰਦੇ ਨੂੰ ਆਪਣੀ ਪ੍ਰਤਿਭਾ ਉਜਾਗਰ ਕਰਨ ਦੇ ਬਰਾਬਰ ਮੌਕੇ ਉਪਲਬਧ ਹੁੰਦੇ ਹਨ।

          ਸਮਾਜਵਾਦੀ ਰਾਜ ਦੀ ਸਥਾਪਨਾ ਮਿਹਨਤਕਸ਼ ਮਜ਼ਦੂਰ ਵਰਗ ਅਤੇ ਛੋਟੀ ਕਿਸਾਨੀ ਰਲ ਕੇ ਜਮਾਤੀ ਘੋਲ ਦੁਆਰਾ ਬੁਰਜੁਆ ਵਰਗ ਤੇ ਦੂਜੀਆਂ ਸ਼੍ਰੇਣੀਆਂ ਨੂੰ ਭਾਂਜ ਦੇ ਕੇ ਹੁੰਦੀ ਹੈ। ਇਸ ਸੰਘਰਸ਼ ਦੀ ਸਹਾਇਤਾ ਚੇਤੰਨ ਬੁੱਧੀਜੀਵੀ ਵਰਗ ਕਰਦਾ ਹੈ। ਸਮਾਜਵਾਦੀ ਨਿਜ਼ਾਮ ਦਾ ਪ੍ਰਬੰਧ ਕਿਰਤੀ ਸ਼੍ਰੇਣੀ ਦੁਆਰਾ ਲੋਕ–ਤੰਤਰੀ ਢੰਗ ਨਾਲ ਹੁੰਦਾ ਹੈ ਅਤੇ ਕਿਰਤੀ ਸ਼੍ਰੇਣੀ ਦੀ ਅਗਵਾਈ ਕਮਿਊਨਿਸਟ ਪਾਰਟੀ ਕਰਦੀ ਹੈ।

          ਸਮਾਜਵਾਦ ਵਿਚ ਧਨ, ਪਦਾਰਥ ਤੇ ਦੌਲਤ ਦੇ ਭੰਡਾਰੇ ਨੂੰ ਹਰ ਇਕ ਨੂੰ ਉਸ ਦੀ ਯੌਗਤਾ ਅਨੁਸਾਰ, ਹਰ ਇਕ ਨੂੰ ਉਸ ਦੇ ਕੰਮ ਅਨੁਸਾਰ ਵੰਡਿਆ ਜਾਂਦਾ ਹੈ। ਇਹ ਨਿਯਮ ਕਿਰਤ ਦੀ ਮੁਕਤੀ ਅਤੇ ਫਤਹਿ ਦਾ ਪ੍ਰਤੀਕ ਹੈ ਅਤੇ ਇਹ ਨਿਯਮ ਸਮਾਜ ਦੀਆਂ ਉਤਪਾਦਨ ਸ਼ਕਤੀਆਂ ਵਿਚ ਉੱਨਤੀ ਅਤੇ ਵਿਕਾਸ ਲਈ ਜ਼ਾਮਨ ਬਣਦਾ ਹੈ। ਸਮਾਜਵਾਦ ਦੀ ਸਥਾਪਨਾ ਨਾਲ ਬੁਰਜੁਆ ਸਮਾਜ ਵੱਲੋਂ ਪੈਦਾਵਰੀ ਸ਼ਕਤੀਆਂ ਉਤੇ ਲਾਈਆਂ ਗਈਆਂ ਰੋਕਾਂ ਖ਼ਤਮ ਹੋ ਜਾਂਦੀਆਂ ਹਨ। ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਸਿਰਜੇ ਗਏ ‘ਸਮਾਜਵਾਦ’ ਦੇ ਇਸ ਸੰਕਲਪ ਨੂੰ ‘ਵਿਗਿਆਨਕ ਸਮਾਜਵਾਦ’ ਕਿਹਾ ਜਾਂਦਾ ਹੈ। ਮਾਰਕਸ ਦੇ ਇਸ ਸੰਕਲਪ ਤੋਂ ਪਹਿਲਾਂ ਸਮਾਜਵਾਦ ਦੇ ਕਈ ਤਰ੍ਹਾਂ ਦੇ ਸੰਕਲਪ ਉਭਰੇ ਪਰ ਉਨ੍ਹਾਂ ਦਾ ਆਧਾਰ–ਦਰਸ਼ਨ ਸਮਾਜਕ, ਆਰਥਿਕ ਤੇ ਰਾਜਨੀਤਿਕ ਪੱਖ ਤੋਂ ਠੋਸ ਤੱਥਾਂ ਉੱਤੇ ਆਧਾਰਿਤ ਨਹੀਂ ਸੀ, ਇਸ ਲਈ ਉਨ੍ਹਾਂ ਵਿਚੋਂ ਵੀ ਹਕੀਕਤ ਦਾ ਰੂਪ ਧਾਰਣ ਨਾ ਕਰ ਸਕਿਆ। ਮਾਰਕਸ ਤੇ ਏਂਗਲਜ਼ ਨੇ ਕਮਿਊਨਿਸਟ ਪਾਰਟੀ ਦੇ ਘੋਸ਼ਣਾ ਪੱਤਰ ਵਿਚ ਪਿਛਾਂਹ–ਖਿਚੂ ਸਮਾਜਵਾਦਾਂ ਦੇ ਪੂਰਬਲੇ ਸੰਕਲਪਾਂ ਜਿਵੇਂ ‘ਭੂਪਵਾਦੀ ਸਮਾਜਵਾਦ’, ‘ਪੈਟੀਬੁਰਜੁਆ ਸਮਾਜਵਾਦ’ ਅਤੇ ‘ਜਰਮਨ’ ਜਾਂ ‘ਸੱਚਾ ਸਮਾਜਵਾਦ’ ਦਾ ਤਰਕ ਪੂਰਣ ਖੰਡਨ ਕੀਤਾ ਹੈ। ਇਨ੍ਹਾ ਤੋਂ ਬਿਨਾ ਵੀ ਪਿਛਾਂਹ–ਖਿਚੂ ਸਮਾਜਵਾਦ ਦੇ ਹੋਰ ਵੀ ਸੰਕਲਪ ਹਨ ਜਿਵੇਂ ‘ਲੋਕਤੰਤਰੀ ਸਮਾਜਵਾਦ’, ‘ਫੈਬੀਅਨ ਸਮਾਜਵਾਦ’, ‘ਗਿਲਡ ਸਮਾਜਵਾਦ’, ‘ਮੰਤਰੀਵਾਦੀ ਸਮਾਜਵਾਦ’, ‘ਪੁਲਸੀ ਸਮਾਜਵਾਦ’, ‘ਯਟੋਪੀਆਈ ਸਮਾਜਵਾਦ’ ਆਦਿ। ਵਿਗਿਆਨਕ ਸਮਾਜਵਾਦ ਇਨ੍ਹਾਂ ਨਾਲੋਂ ਨਾ ਕੇਵਲ ਤਾਤਵਿਕ ਤੌਰ ਤੇ ਭਿੰਨ ਹੈ, ਸਗੋਂ ਇਨ੍ਹਾਂ ਦਾ ਪੁਰਜ਼ੋਰ ਖੰਡਨ ਵੀ ਕਰਦਾ ਹੈ। ਵਿਗਿਆਨਕ ਸਮਾਜਵਾਦ ਦਾ ਆਧਾਰ ਦ੍ਵੰਦਾਤਮਕ ਪਦਾਰਥਵਾਦ ਅਤੇ ਮਾਰਕਸਵਾਦ ਦਾ ਕ੍ਰਾਂਤੀਕਾਰੀ ਦਰਸ਼ਨ ਹੈ।

          ਦੁਨੀਆਂ ਦਾ ਸਭ ਤੋਂ ਪਹਿਲਾਂ ਸਮਾਜਵਾਦ ਸੋਵੀਅਤ ਯੂਨੀਅਨ ਵਿਚ ਕਾਇਮ ਹੋਇਆ, ਜਿੱਥੇ ਅਕਤੂਬਰ, 1917 ਦੇ ਇਨਕਲਾਬ ਦੇ ਫਲਸਰੂਪ ਕਾਮਰੇਡ ਲੈਨਿਨ ਦੀ ਅਗਵਾਈ ਹੇਠ ਇਸ ਨਵੀਂ ਸਮਾਜਕ–ਆਰਥਿਕ ਰਾਜ ਵਿਵਸਥਾ ਨੂੰ ਕਾਇਮ ਕੀਤਾ ਗਿਆ। ਏਸ਼ੀਆ ਵਿਚ ਸਮਾਜਵਾਦੀ ਰਾਜ ਸਭ ਤੋਂ ਪਹਿਲਾਂ ਚੀਨ ਵਿਚ ਮਾਓ–ਜ਼ੇ–ਤੁੰਗ ਦੀ ਅਗਵਾਈ ਵਿਚ 1949 ਈ. ਵਿਚ ਸਥਾਪਿਤ ਹੋਇਆ। ਇਨ੍ਹਾਂ ਤੋਂ ਬਿਨਾ ਕਈ ਹੋਰ ਯੂਰਪੀ ਤੇ ਏਸ਼ੀਆਈ ਦੇਸ਼ਾਂ ਵਿਚ ਸਮਾਜਵਾਦ ਦਾ ਬੋਲਬਾਲਾ ਹੋ ਗਿਆ। ਸਮਾਜਵਾਦ ਵਿਚ ਸਮਾਜਵਾਦੀ–ਸਭਿਆਚਾਰ ਦਾ ਵਿਕਾਸ ਹੁੰਦਾ ਹੈ। ਇਹ ਸਭਿਆਚਾਰ ਆਪਣੇ ਆਚਰਣਿਕ ਗੁਣਾਂ ਦੇ ਪੱਖ ਤੋਂ ਬੁਰਜੁਆ ਸਭਿਆਚਾਰ ਦਾ ਵਿਰੋਧੀ ਹੁੰਦੀ ਹੈ। ਅੱਜ ਦੁਨੀਆ ਦੇ ਬਹੁਤ ਵੱਡੇ ਹਿੱਸੇ ਅਤੇ ਬਹੁਤ ਵੱਡੀ ਜਨ–ਸੰਖਿਆ ਉਤੇ ਇਸ ਸਮਾਜਕ ਪ੍ਰਬੰਧ ਦੀ ਸਰਦਾਰੀ ਹੈ ਅਤੇ ਬਾਕੀ ਦੀ ਦੁਨੀਆ ਵਿਚ ਵੀ ਇਹ ਵਧੇਰੇ ਚਰਚਿਤ ਹੈ। ਸਮਾਜਵਾਦ ਅਤੇ ਸਾਮਵਾਦ (ਕਮਿਊਨਿਸਟ) ਦੇ ਪਰਸਪਰ ਅੰਗਿਕ ਸੰਬੰਧ ਹਨ।

          ਮਾਰਕਸਵਾਦੀ ਪੰਜਾਬੀ ਕਵੀ ਬਾਵਾ ਬਲਵੰਤ ਸਿੰਘ ਆਪਣੀ ਕਵਿਤਾ ‘ਸਮਾਜਵਾਦ’ ਵਿਚ ਸਮਾਜਵਾਦ ਬਾਰੇ ਲਿਖਦਾ ਹੈ :

                   ਮੇਰੇ ਪਿਛੇ ਹੋਰ ਹੈ ਮਿਹਰ ਦੀ ਬਾਰਸ਼ ਅਜੇ,

                   ਉਸ ਤੋਂ ਪਿੱਛੋਂ ਹੋਰ ਹੋ ਸਕਦਾ ਹੈ ਰਹਿਮਤ ਦਾ ਨਿਜ਼ਾਮ

                   ਸੂਝ ਇਨਸਾਨੀ ਕਿਸੇ ਦੀ ਰਹਿ ਨਹੀਂ ਸਕਦੀ ਗ਼ੁਲਾਮ,

                   ਜ਼ਿੰਦਗਾਨੀ ਨੂੰ ਸਦੀਵੀ ਬੇੜੀਆਂ ਕੋਈ ਨਹੀਂ,

                   ਜ਼ਿੰਦਗੀ ਦੇ ਸੁਪਨਿਆਂ ਦੀ ਮੈਂ ਹਾਂ ਇਕ ਤਸਵੀਰ ਹੀ।                            ––(ਬੰਦਰਗਾਹ)

          ਸਮਾਜਵਾਦ ਦੇ ਪ੍ਰਭਾਵ ਨੂੰ ਸੰਸਾਰ ਦੇ ਬਹੁਤ ਸਾਰੇ ਲੇਖਕਾਂ ਤੇ ਕਲਾਕਾਰਾਂ ਨੇ ਗ੍ਰਹਿਣ ਕੀਤਾ ਹੈ ਕਿਉਂਕਿ ਇਸ ਨੇ ਸਾਹਿੱਤਕਾਰ ਜਾਂ ਕਲਾਕਾਰ ਦੀ ਸਜਗ ਚੇਤਨਾ ਨੂੰ ਨਵੀਆਂ ਦਿਸ਼ਾਵਾਂ ਦਾ ਸੰਕੇਤ ਕੀਤਾ ਹੈ। ਪੰਜਾਬੀ ਸਾਹਿੱਤ ਵਿਚ ਵੀਹਵੀਂ ਸਦੀ ਦੀ ਪਹਿਲੀ ਚੋਥਾਈ ਤੋਂ ਬਾਅਦ ਸਮਾਜਵਾਦ ਨੂੰ ਇਕ ਆਦਰਸ਼ ਸਮਾਜਕ ਪ੍ਰਬੰਧ ਦੇ ਰੂਪ ਵਿਚ ਵੱਡੀ ਪੱਧਰ ਉੱਤੇ ਚਿਤਰਿਆ ਗਿਆ ਹੈ। ਇਸ ਨਿਜ਼ਾਮ ਦੀ ਸਥਾਵਨਾ ਲਈ ਜੂਝ ਰਹੇ ਵਿਅਕਤੀਆਂ ਨੂੰ ਨਾਇਕ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਸਮਾਜਵਾਦੀ ਧਾਰਾ ਦੇ ਪ੍ਰਮੁੱਖ ਸਿਰਜਨਾਤਮਕ ਲੇਖਕ ਹਨ ਸੰਤ ਸਿੰਘ ਸੇਖੋਂ, ਬਾਵਾ ਬਲਵੰਤ ਸਿੰਘ, ਜਸਵੰਤ ਸਿੰਘ ਕੰਵਲ, ਸੰਤੋਖ ਸਿੰਘ ਧੀਰ, ਪਿਆਰਾ ਸਿੰਘ ਸਹਿਰਾਈ ਆਦਿ।

[ਸਹਾ. ਗ੍ਰੰਥ––(Karl Marx : Capital (3 Volumes); Frederic Engles : The Origin of    Family, Private Property and th State; Karl Marx and Frederic Engles : Selected     Works; Mao–Tse–Tung : Selected Works of Mao Tse–Tung; J.V. Stalin : Collected           Works; ਲੈਨਿਨ : ‘ਲੈਨਿਨ ਦੀ ਚੋਣਵੀਂ ਰਚਨਾ’; ਗੁਰਬਚਨ ਸਿੰਘ ਭੁੱਲਰ : ‘ਅਰਥ ਸ਼ਾਸਤਰ ਅਤੇ ਸ਼ਬਦ–          ਕੋਸ਼’; ਬਾਵਾ ਬਲਵੰਤ : ‘ਬੰਦਰਗਾਹ’]


ਲੇਖਕ : ਡਾ. ਅਜਮੇਰ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9993, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-04, ਹਵਾਲੇ/ਟਿੱਪਣੀਆਂ: no

ਸਮਾਜਵਾਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਮਾਜਵਾਦ : ਇਹ ਸ਼ਬਦ ਅੰਗਰੇਜ਼ੀ ਅਤੇ ਫ਼ਰਾਂਸੀਸੀ ਸ਼ਬਦ ‘ਸੋਸ਼ਲਿਜ਼ਮ’ (Socialism) ਦਾ ਪੰਜਾਬੀ ਰੂਪ ਹੈ। 19ਵੀਂ ਸਦੀ ਦੇ ਪੂਰਵ-ਅਰਧ ਵਿਚ ਇਸ ਸ਼ਬਦ ਦਾ ਪ੍ਰਯੋਗ ਵਿਅਕਤੀਵਾਦ ਦੇ ਵਿਰੋਧ ਵਿਚ ਅਤੇ ਉਨ੍ਹਾਂ ਵਿਚਾਰਾਂ ਦੇ ਸਮਰਥਨ ਲਈ ਕੀਤਾ ਜਾਂਦਾ ਸੀ, ਜਿਨ੍ਹਾਂ ਦਾ ਉਦੇਸ਼ ਸਮਾਜ ਦੇ ਆਰਥਕ ਅਤੇ ਨੈਤਿਕ ਆਧਾਰ ਨੂੰ ਬਦਲਣਾ ਸੀ ਅਤੇ ਜਿਹੜੇ ਜੀਵਨ ਵਿਚ ਵਿਅਕਤੀਗਤ ਨਿਯੰਤਰਨ ਦੀ ਥਾਂ ਸਮਾਜਕ ਨਿਯੰਤਰਨ ਸਥਾਪਤ ਕਰਨਾ ਚਾਹੁੰਦੇ ਸਨ।

          ਸਮਾਜਵਾਦ ਸਬਦ ਦਾ ਪ੍ਰਯੋਗ ਅਨੇਕ ਅਤੇ ਕਈ ਵਾਰ ਪਰਸਪਰ ਵਿਰੋਧੀ ਪ੍ਰਸੰਗਾਂ ਵਿਚ ਕੀਤਾ ਜਾਂਦਾ ਹੈ, ਜਿਵੇਂ ਸਮੂਹਵਾਦ, ਅਰਾਜਕਤਾਵਾਦ, ਆਦਿ-ਕਾਲੀਨ ਕਬਾਇਲੀ ਸਾਮਵਾਦ, ਸੈਨਿਕ ਸਾਮਵਾਦ, ਈਸਾਈ ਸਾਮਵਾਦ, ਸਹਿਕਾਰਤਾ ਆਦਿ। ਇਥੋਂ ਤਕ ਕਿ ਨਾਜ਼ੀ ਦਲ ਦਾ ਪੂਰਾ ਨਾਂ ਵੀ ਰਾਸ਼ਟਰੀ ਸਮਾਜਵਾਦੀ ਦਲ ਸੀ। ਆਦਿ ਕਾਲੀਨ ਸਾਮਵਾਦੀ ਸਮਾਜ ਵਿਚ ਵਿਅਕਤੀਆਂ ਦੇ ਪਰਸਪਰ ਸਹਿਯੋਗ ਦੁਆਰਾ ਲੋੜੀਂਦੀਆਂ ਚੀਜ਼ਾਂ ਦੀ ਪ੍ਰਾਪਤੀ ਅਤੇ ਹਰੇਕ ਮੈਂਬਰ ਦੀ ਜ਼ਰੂਰਤ ਅਨੁਸਾਰ ਉਨ੍ਹਾਂ ਦਾ ਆਪਸ ਵਿਚ ਬਟਵਾਰਾ ਕੀਤਾ ਜਾਂਦਾ ਸੀ। ਪਰੰਤੂ ਇਹ ਸਾਮਵਾਦ ਪ੍ਰਾਕ੍ਰਿਤਕ ਕਿਸਮ ਦਾ ਸੀ ਅਤੇ ਮਨੁੱਖ ਦੀ ਸੁਚੇਤ ਕਲਪਨਾ ਅਤੇ ਆਧਾਰਿਤ ਨਹੀਂ ਸੀ।

          ਸਮਾਜਵਾਦ ਦੀ ਪਰਿਭਾਸ਼ਾ ਦੇਣਾ ਕਠਿਨ ਹੈ। ਇਹ ਸਿਧਾਂਤ ਵੀ ਹੈ ਅਤੇ ਅੰਦੋਲਨ ਵੀ। ਇਹ ਵਿਭਿੰਨ ਇਤਿਹਾਸਕ ਅਤੇ ਸਥਾਨਕ ਪਰਿਸਥਿਤੀਆਂ ਵਿਚ ਵਿਭਿੰਨ ਰੂਪ ਧਾਰਨ ਕਰਦਾ ਹੈ। ਮੂਲ ਰੂਪ ਵਿਚ ਇਹ ਗਲ ਕਹੀ ਜਾ ਸਕਦੀ ਹੈ ਕਿ ਉਹ ਅੰਦੋਲਨ ਹੈ ਜੋ ਕਿ ਉਤਪਾਦਨ ਦੇ ਮੁਖ ਸਾਧਨਾਂ ਦੇ ਸਮਾਜੀਕਰਨ ਉੱਤੇ ਆਧਾਰਿਤ ਵਰਗ-ਰਹਿਤ ਸਮਾਜ ਦੀ ਸਥਾਪਨਾ ਕਰਨਾ ਚਾਹੁੰਦਾ ਹੈ ਅਤੇ ਜੋ ਮਜ਼ਦੂਰ ਵਰਗ ਨੂੰ ਇਸ ਦਾ ਮੁਖ ਆਧਾਰ ਬਣਾਉਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਇਸ ਵਰਗ ਨੂੰ ਲੁਟਿਆ ਖਸੁਟਿਆ ਜਾਂ ਸ਼ੋਸ਼ਿਤ ਵਰਗ ਖ਼ਿਆਲ ਕਰਦਾ ਹੈ ਜਿਸ ਦਾ ਇਤਿਹਾਸਕ ਕਾਰਜ ਵਰਗ-ਵਿਵਸਥਾ ਦਾ ਅੰਤ ਕਰਨਾ ਹੈ।

          ‘ਐਨਸਾਈਕਲੋਪੀਡੀਆ ਬ੍ਰਿਟੈਨਿਕਾ’ ਅਨੁਸਾਰ ਸ਼ਬਦ ‘ਸਮਾਜਵਾਦ’ ਅਤੇ ‘ਸਮਾਜਵਾਦੀ’ 1825 ਈ. ਤੋਂ ਛੇਤੀ ਬਾਅਦ ਬਰਤਾਨੀਆ ਅਤੇ ਫਰਾਂਸ ਵਿਚ ਵਰਤੋਂ ਵਿਚ ਆਉਣ ਲਗ ਪਏ ਅਤੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਵਰਤੋਂ ਉਨ੍ਹਾਂ ਵਿਸ਼ੇਸ਼ ਲੇਖਕਾਂ ਦੇ ਸਿਧਾਂਤਾਂ ਲਈ ਕੀਤੀ ਜਾਣ ਲਗੀ ਜਿਹੜੇ ਕਿ ਜੀਵਨ ਦੇ ਕੰਮ ਅਤੇ ਸੰਗਠਨ ਵਿਚ ਵਿਅਕਤੀਗਤ ਨਿਯੰਤਰਣ ਦੀ ਥਾਂ ਸਮਾਜਕ ਨਿਯੰਤਰਣ ਦੀ ਅਤੇ ਵਿਅਕਤੀਗਤ ਸ਼ਕਤੀਆਂ ਦੀ ਥਾਂ ਸਮਾਜਕ ਸ਼ਕਤੀਆਂ ਦੀ ਸਥਾਪਨਾ ਕਰਨਾ ਚਾਹੁੰਦੇ ਸਨ।

          ਸਮਾਜਵਾਦ ਦੀਆਂ, ਵੱਖ ਵੱਖ ਦੇਸ਼ਾਂ ਦੀ ਨਿਆਂ ਦੀ ਕਲਪਨਾ, ਰਾਜ ਦੇ ਪ੍ਰਤਿ ਉਨ੍ਹਾਂ ਦੇ ਰੁਖ ਅਤੇ ਉਦੇਸ਼ ਕਰ ਕੇ, ਵੱਖ ਵੱਖ ਕਿਸਮਾਂ ਹਨ ਜਿਨ੍ਹਾਂ ਵਿਚੋਂ ਮੁਖ ਨੂੰ ਨਿਮਨ ਅਨੁਸਾਰ ਪ੍ਰਗਟਾਇਆ ਜਾ ਸਕਦਾ ਹੈ :––

          ਕਾਲਪਨਿਕ ਸਮਾਜਵਾਦ (Utopian Socialism)––ਭਾਵੇਂ ਸਮਾਜਵਾਦੀ ਅੰਦੋਲਨ ਅਤੇ ਸਮਾਜਵਾਦੀ ਸ਼ਬਦ ਦੀ ਵਰਤੋਂ ਉਨ੍ਹੀਵੀਂ ਸਦੀ ਦੇ ਪੂਰਵ-ਅਰਧ ਤੋਂ ਆਰੰਭ ਹੋਈ ਪਰ ਸਮਾਜਵਾਦੀ ਵਿਚਾਰਾਂ ਦਾ ਵਰਣਨ ਬਹੁਤ ਪਹਿਲਾਂ ਤੋਂ ਮਿਲਦਾ ਹੈ। ਅਫਲਾਤੂਨ ਸਭ ਤੋਂ ਪਹਿਲਾਂ ਦਾਰਸ਼ਨਕ ਹੈ ਜਿਸ ਨੇ ਇਨ੍ਹਾਂ ਵਿਚਾਰਾਂ ਨੂੰ ਸਪੱਸ਼ਟ ਰੂਪ ਵਿਚ ਪ੍ਰਗਟਾਇਆ ਹੈ। ਉਹ ਨਾ ਕੇਵਲ ਸੰਪਤੀ ਦੀ ਸਮਾਨ ਅਤੇ ਸਮੂਹਕ ਵਰਤੋਂ ਦੇ ਹੱਕ ਵਿਚ ਸੀ ਸਗੋਂ ਉਹ ਵਿਅਕਤੀਗਤ ਪਰਿਵਾਰ ਪ੍ਰਣਾਲੀ ਦਾ ਅੰਤ ਕਰ ਕੇ ਇਸਤਰੀਆਂ ਅਤੇ ਬੱਚਿਆਂ ਦਾ ਵੀ ਸਮਾਜੀਕਰਨ ਕਰਨਾ ਚਾਹੁੰਦਾ ਸੀ। ਉਸ ਦੇ ਸਮਾਜਵਾਦ ਦਾ ਆਧਾਰ ਗੁਲਾਮ ਪ੍ਰਥਾ ਸੀ ਅਤੇ ਉਹ ਕੇਵਲ ਛੋਟੇ ਜਿਹੇ ਸ਼ਾਸਕ ਵਰਗ ਤਕ ਹੀ ਸੀਮਤ ਸੀ। ਮੱਧ-ਕਾਲ ਵਿਚ ਵੀ ਸਮਾਜਵਾਦ ਦੀਆਂ ਇੱਕਾ-ਦੁੱਕਾ ਉਦਾਹਰਣਾਂ ਮਿਲਦੀਆਂ ਹਨ ਪਰ ਇਸ ਪੜਾ ਦੇ ਸਮਾਜਵਾਦਾ ਦਾ ਆਧਾਰ ਧਾਰਮਕ ਅਤੇ ਨੈਤਿਕ ਸੀ।

          ਆਧੁਨਿਕ ਕਾਲ ਵਿਚ ਵੀ ਸਮਾਜਵਾਦ ਬਾਰੇ ਚਰਚਾ ਚਲ ਪਈ। ਅੰਤਰ ਕੇਵਲ ਇਹ ਸੀ ਕਿ ਇਸ ਪੜਾ ਦੇ ਸਮਾਜਵਾਦ ਦਾ ਧਰਮ ਨਾਲ ਕੋਈ ਸਬੰਧ ਨਹੀਂ ਸੀ। ਆਰੰਭਕ ਪੜਾ ਤੇ ਟਾਮਸ ਮੂਰ ਅਤੇ ਕੰਪਾਨੈਲਾ (Campanella) ਆਦਿ ਦੇ ਨਾਂ ਲਏ ਜਾ ਸਕਦੇ ਹਨ ਪਰ ਆਧੁਨਿਕ ਕਿਸਮ ਦੇ ਸਮਾਜਵਾਦ ਲਈ ਭੌਤਿਕ ਆਧਾਰ ਉਦਯੋਗਿਕ ਇਨਕਲਾਬ ਨੇ ਹੀ ਤਿਆਰ ਕੀਤਾ। ਇਸ ਸਬੰਧ ਵਿਚ ਸਭ ਤੋਂ ਪਹਿਲਾਂ ਆਧੁਨਿਕ ਕਾਲਪਨਿਕ ਸਮਾਜਵਾਦੀਆਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਇਨ੍ਹਾਂ ਵਿਚ ਪਹਿਲਾਂ ਨਾਂ ਫਰਾਂਸ ਦੇ ਵਸਨੀਕ ਬਾਬੂਫ (Babuef––1764-1797) ਦਾ ਹੈ। ਉਹ ਭੂਮੀ ਦੇ ਰਾਸ਼ਟਰੀਕਰਨ ਦੇ ਹੱਕ ਵਿਚ ਸੀ ਅਰਥਾਤ ਉਹ ਆਪਣੇ ਉਦੇਸ਼ ਦੀ ਪ੍ਰਾਪਤੀ ਇਨਕਲਾਬ ਦੁਆਰਾ ਕਰਨਾ ਚਾਹੁੰਦਾ ਸੀ। ਅਠਾਰ੍ਹਵੀਂ ਸਦੀ ਦੇ ਅੰਤ ਅਤੇ ਉਨ੍ਹੀਵੀਂ ਸਦੀ ਦੇ ਆਰੰਭ ਦੇ ਹੋਰ ਪ੍ਰਮੁਖ ਫਰਾਂਸੀਸੀ ਸਮਾਜਵਾਦੀ ਸੇਂਟ ਸਾਈਮਨ (Saint Samon––1760-1825) ਅਤੇ ਫੋਰੀਓ (Fourier––1772-1837) ਸਨ। ਸਾਈਮਨ  ਸੰਪਤੀ ਤੇ ਸਮਾਜਕ ਅਧਿਕਾਰ ਸਥਾਪਤ ਕਰਨਾ ਚਾਹੁੰਦਾ ਸੀ। ਫੋਰੀਓ ਦੇ ਵਿਚਾਰ ਕਾਫ਼ੀ ਹੱਦ ਤਕ ਸਾਈਮਨ ਨਾਲ ਮਿਲਦੇ ਜੁਲਦੇ ਹਨ ਪਰੰਤੂ ਉਹ ਸਹਿਕਾਰੀ ਸੰਗਠਨਾਂ ਦੀ ਕਲਪਨਾ ਵੀ ਕਰਦਾ ਹੈ।

          ਉਪਰੋਕਤ ਸਮਾਜਵਾਦੀਆਂ ਦੇ ਵਿਚਾਰਾਂ ਤੋਂ ਬਰਤਾਨੀਆ ਅਤੇ ਸੰਯੁਕਤ ਰਾਜ ਅਮਰੀਕਾ ਦੇ ਚਿੰਤਕ ਵੀ ਪ੍ਰਭਾਵਤ ਹੋਏ। ਬਰਤਾਨੀਆਂ ਦਾ ਮੁਖ ਸਮਾਜਵਾਦੀ ਰਾਬਰਟ ਓਵਨ (Robert Owen––1771-1858) ਸੀ। ਇਹ ਸਿਖਿਆ, ਪਰਚਾਰ ਅਤੇ ਸੁਧਾਰ ਰਾਹੀਂ ਪੂੰਜੀਵਾਦੀਆਂ ਦੀ ਲੁੱਟ-ਖਸੁੱਟ ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਇਸ ਨੇ ਆਪਣੇ ਵਿਚਾਰਾਂ ਨੂੰ ਅਮਲੀ ਰੂਪ ਦੇਣ ਦੇ ਜਤਨ ਕੀਤੇ ਪਰ ਅਸਫਲ ਰਿਹਾ। ਕਾਬੇ (Cabet––1788-1856) ਨੇ ਵੀ ਸੰਯੁਕਤ ਰਾਜ ਅਮਰੀਕਾ ਵਿਚ ਓਵਨ ਦੀਆਂ ਲੀਹਾਂ ਤੇ ਕੰਮ ਆਰੰਭ ਕੀਤਾ ਪਰ ਇਹ ਵੀ ਅਸਫ਼ਲ ਰਿਹਾ। ਓਵਨ ਤੋਂ ਬਾਅਦ ਚਾਰਟਿਸਟਾਂ ਨੇ ਵੀ ਇੰਗਲੈਂਡ ਵਿਚ ਮਤ-ਅਧਿਕਾਰ ਦੀ ਪ੍ਰਾਪਤੀ ਦੇ ਸੰਘਰਸ਼ ਤੋਂ ਇਲਾਵਾ ਸਮਾਜਵਾਦੀ ਵਿਚਾਰਾਂ ਦਾ ਪਰਚਾਰ ਕੀਤਾ।

          ਇਸ ਤੋਂ ਪਿਛੋਂ ਫਰਾਂਸ ਦੇ ਲੂਈ ਬਲਾਂ (Louis Blonc––1881-1882) ਦਾ ਜ਼ਿਕਰ ਜ਼ਰੂਰੀ ਹੈ। ਉਹ ਉਦਯੋਗਾਂ ਦੇ ਸਮਾਜੀਕਰਨ ਦਾ ਹੀ ਨਹੀਂ, ਸਗੋਂ ਮਜ਼ਦੂਰਾਂ ਦੇ ਕੰਮ ਕਰਨ ਦੇ ਅਧਿਕਾਰ ਦਾ ਵੀ ਸਮਰਥਕ ਸੀ।

          ਕਾਰਲ ਮਾਰਕਸ (1818-1883) ਦੇ ਸਾਥੀ ਏਂਗਲਜ਼ ਨੇ ਉਪਰੋਕਤ ਆਧੁਨਿਕ ਸਮਾਜਵਾਦੀ ਵਿਚਾਰਾਂ ਨੂੰ ਕਾਲਪਨਿਕ ਸਮਾਜਵਾਦ ਦਾ ਨਾਂ ਦਿੱਤਾ। ਇਨ੍ਹਾਂ ਵਿਚਾਰਾਂ ਦਾ ਆਧਾਰ ਭੌਤਿਕ ਅਤੇ ਵਿਗਿਆਨਕ ਨਹੀਂ, ਸਗੋਂ ਨੈਤਿਕ ਸੀ। ਕਾਲਪਨਿਕ ਸਮਾਜਵਾਦ ਦੇ ਸਾਰੇ ਹਿਮਾਇਤੀ ਸੁਧਾਰਵਾਦੀ ਸਾਧਨਾਂ ਵਿਚ ਵਿਸ਼ਵਾਸ ਕਰਦੇ ਸਨ।

          ਮਾਰਕਸ ਦਾ ਵਿਗਿਆਨਕ ਸਮਾਜਵਾਦ––ਮਾਰਕਸ ਨੂੰ ਵਿਗਿਆਨਕ ਸਮਾਜਵਾਦ ਦਾ ਹਿਮਾਇਤੀ ਮੰਨਿਆ ਜਾਂਦਾ ਹੈ। ਮਾਰਕਸ ਜਰਮਨੀ ਦੇ ਇਕ ਰਾਜ ਦਾ ਰਹਿਣ ਵਾਲਾ ਸੀ। ਭਾਵੇਂ ਜੌਹਨ ਫਿਕਟੇ (Johan Fichte––1768-1815) ਦੇ ਵਿਚਾਰਾਂ ਵਿਚ ਸਮਾਜਵਾਦ ਦੀ ਝਲਕ ਹੈ ਪਰੰਤੂ ਜਰਮਨੀ ਦਾ ਸਭ ਤੋਂ ਪਹਿਲਾ ਅਤੇ ਪ੍ਰਮੁਖ ਸਮਾਜਵਾਦੀ ਚਿੰਤਕ ਕਾਰਲ ਮਾਰਕਸ ਨੂੰ ਹੀ ਮੰਨਿਆ ਜਾਂਦਾ ਹੈ। ਮਾਰਕਸ ਦੇ ਵਿਚਾਰਾਂ ਤੇ ਹੀਗਲ ਦੇ ਆਦਰਸ਼ਵਾਦ ਫੌਰਬਾਕ (Feurebach) ਦੇ ਭੌਤਿਕਵਾਦ, ਬਰਤਾਨੀਆ ਦੇ ਕਲਾਸਕੀ ਅਰਥ-ਸ਼ਾਸਤਕ ਅਤੇ ਫਰਾਂਸ ਦੀ ਕ੍ਰਾਂਤੀਕਾਰੀ ਰਾਜਨੀਤੀ ਦਾ ਪ੍ਰਭਾਵ ਹੈ। ਉਸ ਨੇ ਆਪਣੇ ਪੂਰਵਗਾਸ਼ੀ ਅਤੇ ਸਮਕਾਲੀਨ ਸਮਾਜਵਾਦੀ ਵਿਚਾਰਾਂ ਦਾ ਵੀ ਖੰਡਨ ਕੀਤਾ। ਉਸਦੇ ਵੱਡੇ ਦੋਸਤ ਅਤੇ ਪੁਸ਼ਟੀਕਾਰ ਏਂਗਲਜ਼ ਨੇ ਵੀ ਸਮਾਜਵਾਦੀ ਵਿਚਾਰਾਂ ਨੂੰ ਪ੍ਰਗਟਾਇਆ ਹੈ ਪਰੰਤੂ ਉਸ ਨੇ ਵਧੇਰੇ ਕਰਕੇ ਮਾਰਕਸ ਦੇ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ। ਉਸਦੇ ਲੇਖ ਮਾਰਕਸਵਾਦ ਦਾ ਹਿੱਸਾ ਹੀ ਸਮਝੇ ਜਾਂਦੇ ਹਨ।

          ਮਾਰਕਸ ਦੇ ਦਰਸ਼ਨ ਨੂੰ ਦ੍ਵੰਦਾਤਮਕ ਭੌਤਿਕਵਾਦ ਕਿਹਾ ਜਾਂਦਾ ਹੈ। ਮਾਰਕਸ ਦੇ ਲਈ ਵਾਸਤਵਿਕ ਜਾਂ ਯਥਾਰਥ ਵਿਚਾਰ ਮਾਤਰ ਨਹੀਂ ਸਗੋਂ ਇਕ ਭੌਤਿਕ ਸੱਚ ਹੈ। ਵਿਚਾਰ ਖੁਦ ਪਦਾਰਥ ਦਾ ਵਿਕਸਿਤ ਰੂਪ ਹੈ। ਉਸਦਾ ਭੌਤਿਕਵਾਦ ਵਿਕਾਸਸ਼ੀਲ ਹੈ ਪਰੰਤੂ ਇਹ ਵਿਕਾਸ ਦ੍ਵੰਦਾਤਮਕ ਕਿਸਮ ਦਾ ਹੁੰਦਾ ਹੈ। ਇਸ ਪ੍ਰਕਾਰ ਮਾਰਕਸ, ਹੀਗਲ ਦੇ ਆਦਰਸ਼ਵਾਦ ਜਾਂ ਵਿਚਾਰਵਾਦ ਦਾ ਵਿਰੋਧੀ ਹੈ ਪਰੰਤੂ ਉਸਦੀ ਦ੍ਵੰਦਾਤਮਕ ਪ੍ਰਣਾਲੀ ਨੂੰ ਆਪਣੇ ਮਨੋਰਥਾਂ ਲਈ ਅਪਨਾਉਂਦਾ ਹੈ।

          ਮਾਰਕਸ ਦੇ ਵਿਚਾਰਾਂ ਦੀ ਦੂਜੀ ਵਿਸ਼ੇਸ਼ਤਾ ਉਸਦਾ ਇਤਿਹਾਸਕ ਭੌਤਿਕਵਾਦ (Historical Materialism) ਹੈ। ਮਾਰਕਸ ਨੇ ਇਹ ਸਿੱਧ ਕੀਤਾ ਕਿ ਸਮਾਜਕ ਪਰਿਵਰਤਨਾਂ ਦਾ ਆਧਾਰ ਉਤਪਾਦਨ ਦੇ ਸਾਧਨ ਅਤੇ ਉਨ੍ਹਾਂ ਤੋਂ ਉਤਪੰਨ ਹੋਣ ਵਾਲੇ ਉਦਯੋਗਿਕ ਸਬੰਧ ਹੁੰਦੇ ਹਨ। ਉਤਪਾਦਨ ਦੇ ਸਾਧਨਾਂ ਵਿਚ ਉੱਨਤੀ ਹੋਣ ਨਾਲ ਇਕ ਪੜਾ ਉਹ ਆਉਂਦਾ ਹੈ ਜਦੋਂ ਸ਼ੌਸ਼ਣ ਕਰਨ ਵਾਲੀ ਸ਼੍ਰੇਣੀ ਅਤੇ ਸ਼ੋਸ਼ਿਤ ਸ਼੍ਰੇਣੀ ਵਿਚਕਾਰ ਸੰਘਰਸ਼ ਆਰੰਭ ਹੋ ਜਾਂਦਾ ਹੈ। ਸ਼ੋਸ਼ਿਤ ਵਰਗ ਪੁਰਾਣੇ ਉਦਯੋਗਿਕ ਸਬੰਧਾਂ ਨੂੰ ਤੋੜਨਾ ਚਾਹੁੰਦਾ ਹੈ। ਇਸ ਤਰ੍ਹਾਂ ਨਾਲ ਹੋਣ ਵਾਲਾ ਸੰਘਰਸ਼ ਕ੍ਰਾਂਤੀ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਪ੍ਰਕਾਰ ਇਕ ਨਵੇਂ ਸਮਾਜ ਦਾ ਜਨਮ ਹੁੰਦਾ ਹੈ। ਇਸ ਪ੍ਰਕ੍ਰਿਆ ਦੁਆਰਾ ਸਮਾਜ ਆਦਿ-ਕਾਲੀਨ ਕਬਾਇਲੀ ਸਾਮਵਾਦ, ਪ੍ਰਾਚੀਨ ਗੁਲਾਮੀ, ਮੱਧਕਾਲੀਨ ਸਾਮੰਤਵਾਦ ਅਤੇ ਆਧੁਨਿਕ ਪੂੰਜੀਵਾਦ ਅਵਸਥਾਵਾਂ ਵਿਚੋਂ ਲੰਘਿਆ ਹੈ। ਅੱਜ ਤਕ ਦੇ ਇਤਿਹਾਸ ਵਿਚ ਦੋ ਵਰਗਾਂ ਦਾ ਸੰਘਰਸ਼ ਹਮੇਸ਼ਾ ਚਲਦਾ ਰਿਹਾ ਹੈ। ਹੁਣ ਦੇ ਪੜਾ ਤੇ ਇਹ ਸੰਘਰਸ਼ ਸ਼ੋਸ਼ਣ ਕਰਨ ਵਾਲੇ ਅਤੇ ਸ਼ੋਸ਼ਿਤ ਵਰਗ ਵਿਚਕਾਰ ਚਲ ਰਿਹਾ ਹੈ। ਆਮ ਇਨਕਲਾਬ ਦੁਆਰਾ ਹੀ ਵਰਗ-ਰਹਿਤ ਸਮਾਜ ਦੀ ਸਥਾਪਨਾ ਕੀਤਾ ਜਾ ਸਕਦੀ ਹੈ।

          ਮਾਰਕਸ ਦੇ ਪੂੰਜੀਵਾਦੀ ਸਮਾਜ ਦਾ ਗੂੜ੍ਹਾ ਅਤੇ ਵਿਸਤ੍ਰਿਤ ਵਿਸ਼ਲੇਸ਼ਣ ਆਪਣੀ ਪੁਸਤਕ ‘ਕੈਪੀਟਲ’ ‘Capital’ ਵਿਚ ਕੀਤਾ ਹੈ। ਇਸ ਵਿਚ ਉਸ ਨੇ ਮੁੱਲ (Value) ਅਤੇ ਵਾਧੂ ਮੁੱਲ (Surplus Value) ਦੇ ਸਿਧਾਂਤਾਂ ਨੂੰ ਪ੍ਰਗਟਾਇਆ ਹੈ। ਉਸ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਚੀਜ਼ ਦਾ ਮੁੱਲ ਕਿਰਤ ਦੁਆਰਾ ਨਿਸਚਿਤ ਹੁੰਦਾ ਹੈ ਪਰ ਕਿਰਤੀ ਨੂੰ ਪ੍ਰਾਪਤ ਮੁੱਲ ਦਾ ਬਹੁਤ ਘੱਟ ਹਿੱਸਾ ਪ੍ਰਾਪਤ ਹੁੰਦਾ ਹੈ। ਉਸਦੇ ਵਿਚਾਰ ਅਨੁਸਾਰ, ਪੂੰਜੀਵਾਦ ਦੇ ਅੰਦਰ ਹੀ ਇਸ ਨੂੰ ਨਸ਼ਟ ਕਰਨ ਵਾਲੇ ਬੀਜ ਛਿਪੇ ਹੋਏ ਹਨ। ਇਹ ਆਪਣੀ ਪ੍ਰਕ੍ਰਿਆ ਰਾਹੀਂ ਪ੍ਰੋਲਤਾਰੀ ਸ਼੍ਰੇਣੀ ਨੂੰ ਸੰਗਠਤ ਕਰਦਾ ਹੈ ਅਤੇ ਉਨ੍ਹਾਂ ਨੂੰ ਇਨਕਲਾਬ ਲਿਆਉਣ ਲਈ ਚੇਤਨਤਾ ਪ੍ਰਦਾਨ ਕਰਦਾ ਹੈ। ਇਨਕਲਾਬ ਆਉਣ ਤੇ ਰਾਜ ਦੀ ਸਾਰੀ ਸ਼ਕਤੀ ਪ੍ਰੋਲਤਾਰੀ ਸ਼੍ਰੇਣੀ ਦੇ ਹੱਥ ਵਿਚ ਆ ਜਾਂਦੀ ਹੈ ਜੋ ਇਸਦੀ ਵਰਤੋਂ ਅਮੀਰ ਸ਼੍ਰੇਣੀ ਨੂੰ ਦਬਾਉਣ ਲਈ ਵਰਤਦੀ ਹੈ। ਮੌਕਾ ਆਉਣ ਤੇ ਹੌਲੇ ਹੌਲੇ ਵਰਗ-ਰਹਿਤ ਸਮਾਜ ਦੀ ਸਥਾਪਨਾ ਹੋ ਜਾਵੇਗੀ।

          ਮਾਰਕਸ ਨੇ ਆਪਣੇ ਵਿਚਾਰਾਂ ਨੂੰ ਵਿਵਹਾਰਕ ਰੂਪ ਦੇਣ ਲਈ ਅੰਤਰ-ਰਾਸ਼ਟਰੀ ਕਿਰਤੀ ਸਭਾ (ਫਸਟ ਇੰਨਟਰਨੈਸ਼ਨਲ) ਦੀ ਸਥਾਪਨਾ 1864 ਵਿਚ ਕੀਤੀ ਜਿਸਦੀ ਸਹਾਇਤਾ ਨਾਲ ਉਸ ਨੇ ਕਾਫੀ ਦੇਸ਼ਾਂ ਵਿਚ ਕ੍ਰਾਂਤੀਕਾਰੀ ਕਿਰਤੀ ਅੰਦੋਲਨਾਂ ਨੂੰ ਉਤਸ਼ਾਹ ਦਿੱਤਾ। ਮਾਰਕਸ ਨੇ 1848 ਈ. ਵਿਚ ਆਪਣੇ ‘ਕਮਿਊਨਿਸਟ ਮੈਨੀਫੈਸਟੋ’ ਵਿਚ ਜਿਸ ਕ੍ਰਾਂਤੀ ਦੀ ਭਵਿਖਬਾਣੀ ਕੀਤੀ ਸੀ, ਉਹ ਅੰਤ ਵਿਚ ਠੀਕ ਸਿੱਧ ਹੋਈ ਅਤੇ ਉਸ ਸਾਲ ਅਤੇ ਉਸ ਤੋਂ ਕਈ ਸਾਲ ਬਾਅਦ ਤਕ ਯੂਰਪ ਵਿਚ ਕ੍ਰਾਂਤੀ ਦੀ ਜੁਆਲਾ ਫੈਲਦੀ ਰਹੀ ਪਰ ਜਿਸ ਸਮਾਜਵਾਦੀ ਵਿਵਸਥਾ ਦੀ ਉਸ ਨੂੰ ਆਸ ਸੀ, ਉਹ ਸਥਾਪਤ ਨਾ ਹੋ ਸਕੀ। ਬਹੁਤ ਸਾਰੀਆਂ ਥਾਂਵਾਂ ਤੇ ਮਜ਼ਦੂਰ ਅੰਦੋਲਨ ਦਬਾ ਦਿੱਤੇ ਗਏ।

          ਈਸਾਈ ਸਮਾਜਵਾਦ––ਈਸਾਈ ਸਮਾਜਵਾਦ ਦਾ ਮੁਖ ਪ੍ਰਚਾਰਕ ਬਰਤਾਨੀਆ ਦਾ ਜੇ. ਐਮ. ਲੁਡਲੋ (J. M. Ludlow––1821-1911) ਸੀ। ਇਸ ਦੇ ਨਾਲ ਹੀ ਫਰਾਂਸ ਦੇ ਬਿਸ਼ਪ ਕਲਡ ਫਾਸ਼ੇ (Claude Fauchet) ਅਤੇ ਜਰਮਨੀ ਦੇ ਵਿਕਟਰ ਆਈਮੇ ਹਿਊਬਰ (Victore Aime Huber) ਦੇ ਨਾਂ ਗਿਣੇ ਜਾ ਸਕਦੇ ਹਨ। ਪੂੰਜੀਵਾਦੀ ਸ਼ੋਸ਼ਣ ਦੁਆਰਾ ਮਜ਼ਦੂਰਾਂ ਦੀ ਦੁਰਦਸ਼ਾ ਵੇਖ ਕੇ ਇਨ੍ਹਾਂ ਵਿਚਾਰਕਾਂ ਨੇ ਇਸ ਵਿਵਸਥਾ ਦੀ ਆਲੋਚਨਾ ਕੀਤੀ ਅਤੇ ਮਜ਼ਦੂਰਾਂ ਵਿਚ ਸਹਿਕਾਰੀ ਅੰਦੋਲਨਾਂ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਉਪਭੋਗੀਆਂ ਅਤੇ ਉਤਪਾਦਕਾਂ ਦੀਆਂ ਸਹਿਕਾਰੀ ਸਮਤੀਆਂ ਸਥਾਪਤ ਕੀਤੀਆਂ। ਈਸਾਈ ਸਮਾਜਵਾਦ ਦਾ ਪ੍ਰਭਾਵ ਬਰਤਾਨੀਆ, ਫਰਾਂਸ ਅਤੇ ਜਰਮਨੀ ਤੋਂ ਇਲਾਵਾ ਆਸਟਰੀਆ ਅਤੇ ਬੈਲਜੀਅਮ ਵਿਚ ਵੀ ਸੀ।

          ਫੇਬੀਅਨਵਾਦ––ਬਰਤਾਨੀਆ ਵਿਚ ਫੇਬੀਅਨ ਸੋਸਾਇਟੀ ਦੀ ਸਥਾਪਨਾ 1883-84 ਈ. ਵਿਚ ਕੀਤੀ ਗਈ। ਰਾਬਰਟ ਓਵਨ ਅਤੇ ਚਾਰਟਿਸਟ ਅੰਦੋਲਨਾਂ ਦੇ ਪ੍ਰਭਾਵ ਨਾਲ ਇਥੇ ਸੁਤੰਤਰ ਮਜ਼ਦੂਰ ਅੰਦੋਲਨਾਂ ਦੀ ਨੀਂਹ ਪੈ ਚੁੱਕੀ ਸੀ। ਫੇਬੀਅਨ ਸੋਸਾਇਟੀ ਨੇ ਇਸ ਅੰਦੋਲਨ ਨੂੰ ਜਨਮ ਦਿੱਤਾ। ਇਸ ਸੋਸਾਇਟੀ ਦਾ ਨਾਂ ਫੇਬੀਅਸ ਕੰਕਟੇਟਰ (Fabius Cunctator) ਦੇ ਨਾਂ ਤੇ ਪਿਆ। ਫੇਬੀਅਸ ਪ੍ਰਾਚੀਨ ਰੋਮ ਦਾ ਇਕ ਫ਼ੌਜੀ ਸੀ ਜਿਸ ਨੇ ਕਾਰਥਿਜ ਦੇ ਪ੍ਰਸਿੱਧ ਜਰਨੈਲ ਹਨੀਬਾਲ (Hannibal) ਦੇ ਵਿਰੁੱਧ ਸੰਘਰਸ਼ ਵਿਚ ਧੀਰਜ ਨਾਲ ਕੰਮ ਲਿਆ ਅਤੇ ਗੁਰੀਲਾ ਨੀਤੀ ਨਾਲ ਉਸ ਨੂੰ ਕਈ ਸਾਲਾਂ ਵਿਚ ਨੀਵਾਂ ਵਿਖਾਇਆ। ਇਸ ਪ੍ਰਕਾਰ ਫੇਬੀਅਨ ਸਮਾਜਵਾਦੀਆਂ ਦਾ ਵਿਚਾਰ ਇਹ ਹੈ ਕਿ ਪੂੰਜੀਵਾਦ ਨੂੰ ਕੇਵਲ ਇੱਕੋ ਮੁੱਠ-ਭੇੜ ਵਿਚ ਕ੍ਰਾਂਤੀਕਾਰੀ ਅੰਦੋਲਨਾਂ ਦੁਆਰਾ ਦਬਾਇਆ ਨਹੀਂ ਜਾ ਸਕਦਾ ਸਗੋਂ ਇਸਦੇ ਲਈ ਲੰਮੇ ਕਾਲ ਤਕ ਸੋਚ ਵਿਚਾਰ ਅਤੇ ਤਿਆਰੀ ਦੀ ਲੋੜ ਹੈ। ਇਨ੍ਹਾਂ ਦਾ ਤਰੀਕਾ ਧੀਰਜ ਵਾਲਾ ਅਤੇ ਸੁਧਾਰਵਾਦੀ ਹੈ। ਸੁਤੰਤਰ ਮਜ਼ਦੂਰ ਦਲ ਦੀ ਸਥਾਪਨਾ ਤੋਂ ਪਹਿਲਾਂ ਇਹ ਬਰਤਾਨੀਆ ਦੇ ਭਿੰਨ ਭਿੰਨ ਰਾਜਨੀਤਕ ਦਲਾਂ ਵਿਚ ਸ਼ਾਮਲ ਹੋ ਕੇ ਆਪਣੇ ਉਦੇਸ਼ ਪੂਰੇ ਕਰਨਾ ਚਾਹੁੰਦੇ ਸਨ। ਇਹ ਨੈਤਿਕ ਵਿਧੀਆਂ ਰਾਹੀਂ ਸਮਾਜ ਨਿਰਮਾਣ ਦੇ ਹਾਮੀ ਹਨ। ਇਸ ਰਾਜ ਨੂੰ ਵਰਗ ਸ਼ਾਸਨ ਦਾ ਜੰਤਰ ਨਾ ਮੰਨਦੇ ਹੋਏ ਇਕ ਸਮਾਜਕ ਜੰਤਰ ਮੰਨਦੇ ਹਨ, ਜਿਸ ਦੁਆਰਾ ਸਮਾਜ ਕਲਿਆਣ ਅਤੇ ਸਮਾਜਵਾਦ ਦੀ ਸਥਾਵਨਾ ਸੰਭਵ ਹੈ। ਇਨ੍ਹਾਂ ਵਿਚਾਰਕਾਂ ਵਿਚੋਂ ਪ੍ਰਮੁੱਖ-ਸਿਡਨੀ ਵੈੱਬ (Sydeny Webb) ਜਾਰਜ ਬਰਨਾਰਡ ਸ਼ਾਅ (G. B. Shaw), ਜੀ. ਡੀ. ਐਚ. ਕੋਲ (G. D. H. Cole), ਏਨੀ ਬੇਸੇਂਟ (Annie Besant), ਗ੍ਰਾਹਮ ਵੈਲੇਸ (Graham Wallace) ਆਦਿ ਹਨ।

          ਜਰਮਨੀ ਦਾ ਪੁਨਰ-ਆਵ੍ਰਤੀਵਾਦ––ਜਰਮਨੀ ਦਾ ਪੁਨਰ-ਆਵ੍ਰਤੀਵਾਦ ਬਰਤਾਨੀਆਂ ਦੇ ਫੇਬੀਅਨਵਾਦ ਅਤੇ ਜਰਮਨੀ ਦੀਆਂ ਤਬਦੀਲ ਹੋਈਆਂ ਸਥਿਤੀਆਂ ਤੋਂ ਪ੍ਰਭਾਵਤ ਹੋਇਆ ਸੀ। ਜਰਮਨੀ ਅਤੇ ਪੂਰਬੀ ਯੂਰਪ ਦੇ ਸਮਾਜ ਦਾ ਸਰੂਪ ਸਾਮੰਤਵਾਦੀ, ਗ਼ੈਰ-ਪਰਜਾਤੰਤਰੀ ਅਤੇ ਨਿਰੰਕੁਸ਼ ਸੀ ਅਰਥਾਤ ਉਨ੍ਹੀਵੀਂ ਸਦੀ ਦੇ ਪਿਛਲੇ ਅੱਧ ਤਕ ਇਥੋਂ ਦੀ ਵਿਚਾਰਧਾਰਾ ਅਤਿਵਾਦੀ ਕ੍ਰਾਂਤੀਕਾਰੀਆਂ ਅਤੇ ਵੱਖ ਵੱਖ ਤਰ੍ਹਾਂ ਦੀਆਂ ਸਾਜ਼ਸ਼ਾ ਕਰਨ ਵਾਲਿਆਂ ਵਾਲੀ ਸੀ। ਇਨ੍ਹਾਂ ਦੇਸ਼ਾ ਤੇ ਮਾਰਕਸਵਾਦ ਦਾ ਪ੍ਰਭਾਵ ਸੀ ਪਰੰਤੂ ਉਨ੍ਹੀਵੀਂ ਸਦੀ ਦੇ ਅੰਤ ਵਿਚ ਜਰਮਨੀ ਵਿਚ ਵੀ ਉਦਯੋਗਿਕ ਉੱਨਤੀ ਹੋਈ ਅਤੇ ਰਾਜ ਨੇ ਕੁਝ ਵਿਅਕਤੀਗਤ ਅਤੇ ਰਾਜਨੀਤਕ ਅਧਿਕਾਰ ਪਰਵਾਨ ਕਰ ਲਏ। ਇਸਦੇ ਨਤੀਜੇ ਵਜੋਂ ਮਜ਼ਦੂਰਾਂ ਦਾ ਜੀਵਨ ਪੱਧਰ ਉੱਚਾ ਹੋ ਗਿਆ ਅਤੇ ਉਨ੍ਹਾਂ ਦੇ ਰਾਜਨੀਤਕ ਦਲ ਸੋਸ਼ਲ ਡੈਮੋਕ੍ਰੈਟਿਕ ਪਾਰਟੀ (Social Democratic Party) ਦਾ ਪ੍ਰਭਾਵ ਵੀ ਵਧਿਆ। ਇਸ ਦਲ ਦੇ ਬਹੁਤ ਸਾਰੇ ਮੈਂਬਰ ਸੰਸਦ ਦੇ ਮੈਂਬਰ ਵੀ ਬਣੇ। ਇਸ ਸਥਿਤੀ ਵਿਚ ਇਹ ਦਲ ਸਿਧਾਂਤਕ ਤੌਰ ਤੇ ਮਾਰਕਸ ਦੇ ਕ੍ਰਾਂਤੀਕਾਰੀ ਮਾਰਗ ਨੂੰ ਸਵੀਕਾਰ ਕਰਕੇ ਕੇ ਵਿਚਾਰ ਵਿਚ ਸੁਧਾਰਵਾਦੀ ਹੋ ਗਿਆ। ਐਡੁਅਰਡ ਬਰਨਸਟਾਈਨ (Eduard Bernstein––1850-1932) ਨੇ ਇਸ ਆਧਾਰ ਤੇ ਮਾਰਕਸਵਾਦ ਦੀ ਸੋਧ ਦਾ ਜਤਨ ਵੀ ਕੀਤਾ। ਬਰਨਸਟਾਈਨ ਸਮਾਜਕ ਲੋਕਤੰਤਰਵਾਦੀ ਪਾਰਟੀ ਦਾ ਪ੍ਰਮੁਖ ਦਾਰਸ਼ਨਿਕ ਅਤੇ ਏਂਗਲਜ਼ ਦਾ ਬਹੁਤ ਨਜ਼ਦੀਕੀ ਚੇਲਾ ਸੀ। ਇਹ ਕਈ ਸਾਲ ਬਰਤਾਨੀਆ ਵਿਚ ਰਿਹਾ ਅਤੇ ਉਥੇ ਫੇਬੀਅਨਵਾਦ ਤੋਂ ਪ੍ਰਭਾਵਤ ਹੋਇਆ।

          ਮਾਰਕਸ ਦਾ ਕਥਨ ਇਹ ਸੀ ਕਿ ਪਰਸਪਰ ਪ੍ਰਤਿਯੋਗਤਾ ਅਤੇ ਆਰਥਕ ਸੰਕਟਾਂ ਦੇ ਕਾਰਨ ਪੂੰਜੀਵਾਦੀ ਅਤੇ ਮੱਧ-ਵਰਗ ਗਿਣਤੀ ਦੇ ਪੱਖ ਤੋਂ ਘਟ ਹੁੰਦਾ ਜਾਵੇਗਾ ਅਤੇ ਮਜ਼ਦੂਰ ਤੇ ਨਿਰਧਨ ਵਰਗ ਗਿਣਤੀ ਦੇ ਪੱਖ ਤੋਂ ਵਧਦਾ ਜਾਵੇਗਾ। ਇਹ ਪਿਛਲਾ ਸੰਗਠਿਤ ਵੀ ਹੁੰਦਾ ਜਾਵੇਗਾ ਅਤੇ ਕ੍ਰਾਂਤੀਕਾਰੀ ਸਰਗਰਮੀਆਂ ਵਲ ਇਸਦੀ ਰੁਚੀ ਵਿਚ ਵੀ ਵਾਧਾ ਹੁੰਦਾ ਜਾਵੇਗਾ। ਬਰਨਸਟਾਈਨ ਨੇ ਮਾਰਕਸ ਦੇ ਉਲਟ ਸਮਾਜ ਸੁਧਾਰ ਅਤੇ ਸ਼੍ਰੇਣੀ ਸਹਿਯੋਗ ਤੇ ਜ਼ੋਰ ਦਿੱਤਾ। ਉਸ ਨੇ ਕ੍ਰਾਂਤੀਕਾਰੀ ਮਾਰਗ ਦੀ ਥਾਂ ਤੇ ਸੰਵਿਧਾਨਕ ਵਰਗ ਅਪਨਾਉਣਾ ਮਿਥ ਲਿਆ। ਉਸ ਨੇ ਮਾਰਕਸ ਦੇ ਉਲਟ ਗ਼ੈਰ-ਆਰਥਕ ਤੱਤਾਂ ਨੂੰ ਮਹੱਤਤਾ ਦੇਣੀ ਸ਼ੁਰੂ ਕਰ ਦਿੱਤੀ। ਬਰਨਸਟਾਈਨ ਦੇ ਵਿਚਾਰਾਂ ਨੂੰ ਪੁਨਰ-ਆਵ੍ਰਤੀਵਾਦ ਦਾ ਨਾਂ ਦਿੱਤਾ ਜਾਂਦਾ ਹੈ। ਭਾਵੇਂ ਜਰਮਨੀ ਦਾ ਮਜ਼ਦੂਰ ਅੰਦੋਲਨ ਵਧੇਰੇ ਕਰਕੇ ਸੁਧਾਰਵਾਦੀ ਰਿਹਾ ਫਿਰ ਵੀ ਕਾਰਲ ਕੌਟਸਟੀ (Karl Kautsky––1854-1938) ਦੀ ਅਗਵਾਈ ਹੇਠ ਮਜ਼ਦੂਰ ਵਰਗ ਦੇ ਕੁਝ ਭਾਗਾਂ ਨੇ ਬਰਨਸਟਾਈਨ ਦੀ ਸੋਧ ਨੂੰ ਅਸਵੀਕਾਰ ਕਰ ਕੇ ਮਾਰਕਸ ਦੇ ਵਿਚਾਰਾਂ ਵਿਚ ਆਪਣਾ ਨਿਸਚਾ ਪ੍ਰਗਟਾਇਆ।

          ਸਮੂਹਵਾਦੀ ਅਤੇ ਅਰਾਜਕਤਾਵਾਦ––ਸਮੂਹਵਾਦੀ ਉਹ ਸਮਾਜਵਾਦੀ ਹਨ ਜਿਹੜੇ ਸਮਾਜਵਾਦ ਦੀ ਸਥਾਪਨਾ ਲਈ ਰਾਜ ਨੂੰ ਜ਼ਰੂਰੀ ਸਮਝਦੇ ਹਨ ਪਰ ਇਨ੍ਹਾਂ ਦੇ ਉਲਟ ਅਰਾਜਕਤਾਵਾਦੀ ਉਹ ਦਾਰਸ਼ਨਿਕ ਹਨ ਜਿਹੜੇ ਪੂੰਜੀਵਾਦ ਦੇ ਦੁਸ਼ਮਣ ਤਾਂ ਹਨ ਪਰ ਰਾਜ ਨੂੰ ਲੁੱਟ-ਖਸੁਟ ਦਾ ਸਾਧਨ ਸਮਝ ਕੇ ਉਸ ਨੂੰ ਖਤਮ ਕਰਨਾ ਚਾਹੁੰਦੇ ਹਨ। ਅਰਾਜਕਤਾਵਾਦ ਜੀਵਨ ਅਤੇ ਆਚਾਰਣ ਦਾ ਇਕ ਅਜਿਹਾ ਸਿਧਾਂਤ ਹੈ ਜੋ ਸ਼ਾਸਨ-ਰਹਿਤ ਸਮਾਜ ਦੀ ਕਲਪਨਾ ਕਰਦਾ ਹੈ। ਇਹ ਸਮਾਜਕ ਪ੍ਰਬੰਧ ਵਿਵਸਾਇਕ ਸਮੂਹਾਂ ਦੇ ਸੁਤੰਤਰ ਸਮਝੌਤਿਆਂ ਦੁਆਰਾ ਚਲਾਉਣਾ ਚਾਹੁੰਦਾ ਹੈ। ਇਸ ਵਿਚਾਰ ਅਨੁਸਾਰ, ਉਪਰੋਕਤ ਸਮੂਹਾਂ ਦੁਆਰਾ ਉਤਪਾਦਨ, ਵੰਡ ਆਦਿ ਦੀਆਂ ਅਨੇਕ ਮਨੁੱਖੀ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਹਨ।

          ਅਰਾਜਕਤਾ ਸ਼ਬਦ ਦੇ ਫਰਾਂਸੀਸੀ ਰੂਪਾਂਤਰ ਦਾ ਪ੍ਰਯੋਗ ਪਹਿਲੀ ਵਾਰ ਫਰਾਂਸੀਸੀ ਕ੍ਰਾਂਤੀ ਦੇ ਸਮੇਂ (1789 ਈ.) ਉਨ੍ਹਾਂ ਕ੍ਰਾਂਤੀਕਾਰੀਆਂ ਲਈ ਕੀਤਾ ਗਿਆ ਸੀ ਜੋ ਸਾਮੰਤਾਂ ਦੀ ਜ਼ਮੀਨ ਨੂੰ ਜ਼ਬਤ ਕਰਕੇ ਕਿਸਾਨਾਂ ਵਿਚ ਵੰਡਣਾ ਅਤੇ ਅਮੀਰਾਂ ਦੀ ਆਮਦਨ ਨੂੰ ਘਟਾਉਣਾ ਚਾਹੁੰਦੇ ਸਨ। ਇਸ ਤੋਂ ਪਿੱਛੋਂ 1840 ਈ. ਵਿਚ ਫਰਾਂਸੀਸੀ ਦਾਰਸ਼ਨਿਕ-ਪ੍ਰੌਧਾਂ (Prudhon) ਨੇ ਆਪਣੀ ਪੁਸਤਕ ‘ਸੰਪਤੀ ਕੀ ਹੈ ?’ ਵਿਚ ਇਸ ਸ਼ਬਦ ਦਾ ਪ੍ਰਯੋਗ ਕੀਤਾ। ਸੰਨ 1871 ਤੋਂ ਬਾਅਦ ਜਦੋਂ ਅੰਤਰ-ਰਾਸ਼ਟਰੀ ਮਜ਼ਦੂਰ ਸੰਘ ਵਿਚ ਫੁੱਟ ਪਈ ਤਾਂ ਮਾਰਕਸਵਾਦੀ ਵਿਰੋਧੀਆਂ ਨੂੰ ਅਰਾਜਕਤਾਵਾਦੀ ਕਿਹਾ ਗਿਆ। ਆਮ ਤੌਰ ਤੇ ਆਤੰਕਵਾਦ ਅਤੇ ਅਰਾਜਕਤਾਵਾਦ ਨੂੰ ਸਮਾਨਾਰਥਕ ਸ਼ਬਦ ਸਮਝਿਆ ਜਾਂਦਾ ਹੈ ਪਰੰਤੂ ਅਸਲ ਵਿਚ ਦਾਰਸ਼ਨਿਕ ਅਰਾਜਕਤਾਵਾਦੀ ਕੇਵਲ ਲੁੱਟ-ਖਸੁੱਟ ਦੇ ਵਿਰੁੱਧ ਹੀ ਆਤੰਕ ਅਤੇ ਕ੍ਰਾਂਤੀਕਾਰੀ ਉਪਾਵਾਂ ਦੇ ਹੱਕ ਵਿਚ ਹਨ।

          ਸੰਸਾਰ ਦਾ ਪਹਿਲਾ ਅਰਾਜਕਤਾਵਾਦੀ ਵਿਚਾਰਕ ਚੀਨੀ ਦਾਰਸ਼ਨਿਕ ਲਾਓਜ਼ੇ (Lao Tse) ਮੰਨਿਆ ਜਾਂਦਾ ਹੈ। ਪ੍ਰਾਚੀਨ ਯੂਨਾਨ ਦੇ ਅਰਿਸਟੀਪਸ (Aristippus) ਦੇ ਦਰਸ਼ਨ ਵਿਚ ਵੀ ਇਨ੍ਹਾਂ ਵਿਚਾਰਾਂ ਦੀ ਪੁੱਠ ਮਿਲਦੀ ਹੈ। ਬਰਤਾਨੀਆਂ ਦਾ ਗਾਡਵਿਨ (Godwin) ਅਤੇ ਫਰਾਂਸੀਸੀ ਪ੍ਰੌਧਾਂ ਦੋਵੇਂ ਹੀ ਰਾਜ ਅਤੇ ਉਸਦੀਆਂ ਸ਼ਾਸਨ ਸੰਸਥਾਵਾਂ––ਨਿਆਂਪਾਲਕਾ ਆਦਿ ਦਾ ਵਿਰੋਧ ਕਰਕੇ ਸਨ। ਪ੍ਰੌਧਾਂ ਅਨੁਸਾਰ, ਸੰਪਤੀ ਚੋਰੀ ਦਾ ਮਾਲ ਹੈ। ਕੁਝ ਹੋਰ ਮਹੱਤਵਪੂਰਨ ਅਰਾਜਕਤਾਵਾਦੀਆਂ ਵਿਚੋਂ ਬਾਕੁਨਿਨ (Bakunin) ਕ੍ਰਾਂਤੀਕਾਰੀ ਅਰਾਜਕਤਾਵਾਦੀ, ਕਰੋਪੋਟਕਿਨ (Kropotkin––1842-1921) ਵਿਗਿਆਨਕ ਅਰਾਜਕਤਾਵਾਦੀ ਅਤੇ ਲੀਉ ਟਾਲਸਟਾਏ ਈਸਾਈ ਅਰਾਜਕਤਾਵਾਦੀ ਦਾ ਜ਼ਿਕਰ ਜ਼ਰੂਰੀ ਹੈ। ਬਾਕੁਨਿਨ ਰਾਜ ਨੂੰ ਇਕ ਅਵੱਸ਼ਕ ਬੁਰਾਈ ਪਛੜੇਪਨ ਦਾ ਚਿੰਨ੍ਹ ਅਤੇ ਸੰਪਤੀ ਅਤੇ ਲੁੱਟ-ਖਸੁੱਟ ਦਾ ਹਿਮਾਇਤੀ ਸਮਝਦਾ ਸੀ। ਰਾਜ ਵਿਅਕਤੀ ਦੀ ਸਾਵਧੀਨਤਾ, ਉਸਦੀ ਪ੍ਰਤਿਭਾ ਅਤੇ ਕਾਰਜ-ਸ਼ਕਤੀ, ਉਸਦੇ ਵਿਵੇਕ ਅਤੇ ਨੈਤਿਕਤਾ ਨੂੰ ਸੀਮਿਤ ਕਰਦਾ ਹੈ। ਉਪਰੋਕਤ ਵਿਚਾਰਵਾਨ ਕ੍ਰਾਂਤੀਕਾਰੀ ਮਾਰਗ ਦੁਆਰਾ ਰਾਜ ਅਤੇ ਊਸਦੀਆਂ ਸੰਸਥਾਵਾਂ ਪੁਲਿਸ, ਜੇਲ੍ਹਾਂ, ਨਿਆਂਪਾਲਕਾ ਆਦਿ ਦਾ ਅੰਤ ਕਰ ਕੇ ਹਰੇਕ ਪੱਧਰ ਤੇ ਸਥਾਨਕ ਸੰਸਥਾਵਾਂ ਦੀ ਸਥਾਪਨਾ ਦੇ ਪੱਖ ਵਿਚ ਸੀ। ਇਸ ਸਮੁਦਾਇ ਪਰਸਪਰ ਸਹਿਯੋਗ ਦੇ ਲਈ ਆਪਣਾ ਰਾਸ਼ੲਰੀ ਸੰਘ ਸਥਾਪਤ ਕਰ ਸਕਦੇ ਸਨ। ਕਰੋਪੋਟਕਿਨ ਦੇ ਵਿਚਾਰ ਵੀ ਬਾਕੁਨਿਨ ਨਾਲ ਮਿਲਦੇ ਹਨ। ਟਾਲਸਟਾਏ ਵੀ ਰਾਜ ਅਤੇ ਵਿਅਕਤੀਗਤ ਸੰਪਤੀ ਦਾ ਵਿਰੋਧੀ ਸੀ ਪਰ ਅਰਾਜਕਤਾਵਾਦੀ ਇਸ ਗਲ ਤੇ ਜ਼ੋਰ ਦਿੰਦੇ ਹਨ ਕਿ ਮਨੁੱਖ ਸੁਭਾ ਦਾ ਬਹੁਤ ਚੰਗਾ ਹੈ। ਜੇ ਰਾਜ ਦਾ ਦਬਾਉ ਉਸ ਤੋਂ ਹੱਟ ਜਾਵੇ ਤਾਂ ਉਹ ਬਹੁਤ ਸ਼ਾਂਤੀ ਨਾਲ ਆਪਣਾ ਜੀਵਨ ਬਿਤਾ ਸਕਦਾ ਹੈ।

          ਸ਼ਿਲਪੀ ਸੰਘਵਾਦ (Syndicalism) ਅਤੇ ਗਿਲਡ ਸਮਾਜਵਾਦ (Guild Socialism)––ਪਹਿਲੀ ਕਿਸਮ ਦਾ ਸਮਾਜਵਾਦ ਫਰਾਂਸ ਵਿਚ ਅਤੇ ਦੂਜੀ ਕਿਸਮ ਦਾ ਸਮਾਜਵਾਦ ਬਰਤਾਨੀਆ ਵਿਚ ਵਿਕਸਿਤ ਹੋਇਆ। ਇਨ੍ਹਾਂ ਦੋਹਾਂ ਕਿਸਮਾਂ ਦੇ ਸਮਾਜਵਾਦ ਦਾ ਜਨਮ ਉਨ੍ਹੀਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਆਰੰਭ ਵਿਚ ਹੋਇਆ। ਜਦੋਂ ਮਜ਼ਦੂਰਾਂ ਦਾ ਹੋਰ ਕਿਸਮਾਂ ਦੇ ਸਮਾਜਵਾਦ ਤੋਂ ਵਿਸ਼ਵਾਸ ਉਠ ਗਿਆ, ਲੋਕ-ਤੰਤਰ ਵੀ ਉਨ੍ਹਾਂ ਦੀਆਂ ਸਮਸਿਆਵਾਂ ਸੁਲਝਾਉਣ ਵਿਚ ਅਸਫਲ ਰਿਹਾ ਅਤੇ ਆਰਥਿਕ ਸੰਕਟ ਵੱਧ ਗਿਆ ਤਾਂ ਸੰਸਦੀ ਅਤੇ ਸੰਵਿਧਾਨਿਕ ਵਿਧੀਆਂ ਦੀ ਥਾਂ ਮਜ਼ਦੂਰ ਵਰਗ ਨੂੰ ਸਰਗਰਮ ਵਿਰੋਧ ਸਿਧਾਂਤਾਂ ਦੀ ਲੋੜ ਮਹਿਸੂਸ ਹੋਈ। ਇਸ ਕਮੀ ਨੂੰ ਉਪਰਲੀਆਂ ਵਿਚਾਰਧਾਰਾਵਾਂ ਨੇ ਪੂਰਿਆਂ ਕੀਤਾ।

          ਜਿੱਥੋਂ ਤਕ ਸ਼ਿਲਪੀ ਸੰਘਵਾਦ ਜਾਂ ਸਿੰਡਿਕਵਾਦ ਦਾ ਸਬੰਧ ਹੈ, ਇਕ ਹੋਰ ਸਮਾਜਵਾਦੀਆਂ ਵਾਂਗ ਸਮਾਜਵਾਦੀ ਵਿਵਸਥਾ ਦੇ ਪੱਖ ਵਿਚ ਹੈ ਪਰੰਤੂ ਅਰਾਜਕਤਾਵਾਦੀਆਂ ਵਾਂਗ ਇਹ ਰਾਜ ਦਾ ਅੰਤ ਕਰ ਕੇ ਸਥਾਨਕ ਸਮੁਦਾਵਾਂ ਦੇ ਹੱਥ ਵਿਚ ਸਮਾਜਕ ਨਿਯੰਤਰਨ ਚਾਹੁੰਦਾ ਹੈ। ਉਹ ਇਸ ਨਿਯੰਤਰਨ ਨੂੰ ਕੇਵਲ ਉਤਪਾਦਕ ਵਰਗ (ਮਜ਼ਦੂਰਾਂ) ਤਕ ਹੀ ਸੀਮਿਤ ਰਖਣਾ ਚਾਹੁੰਦਾ ਹੈ। ਅਰਾਜਕਤਾਵਾਦੀਆਂ ਵਾਂਗ ਸਿੰਡਿਕਵਾਦੀ ਵੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸੰਘਾਂ ਦੇ ਸਮਰੱਥਕ ਅਤੇ ਰਾਜ, ਰਾਜਨੀਤਿਕ ਦਲਾਂ, ਯੁੱਧ ਅਤੇ ਸੈਨਿਕਵਾਦ ਦੇ ਵਿਰੋਧੀ ਹਨ।

          ਸ਼ਿਲਪੀ ਸੰਘਵਾਦ ਦੇ ਹਿਮਾਇਤੀ ਕ੍ਰਾਂਤੀ ਦੇ ਮਾਰਗ ਦੇ ਪੱਖ ਵਿਚ ਹਨ। ਇਹ ਕ੍ਰਾਂਤੀ ਰਾਜਨੀਤਕ ਦਲ ਨਹੀਂ ਲਿਆ ਸਕਦੇ ਕਿਉਂਕਿ ਇਹ ਮਜ਼ਦੂਰਾਂ ਦੀ ਕ੍ਰਾਂਤੀਕਾਰੀ ਇੱਛਾ ਨੂੰ ਕਮਜ਼ੋਰ ਕਰਦੇ ਹਨ। ਇਸਦਾ ਹੜਤਾਲਾਂ ਵਿਚ ਅਟੁੱਟ ਵਿਸ਼ਵਾਸ ਹੈ। ਸਾਰੈਲ (Sorel) ਅਨੁਸਾਰ ਹੜਤਾਲਾਂ ਮਜ਼ਦੂਰਾਂ ਉਪਰ ਜਾਦੂ ਦਾ ਅਸਰ ਰਖਦੀਆਂ ਹਨ। ਇਹ ਉਨ੍ਹਾਂ ਵਿਚ ਏਕਤਾ ਲਿਆਉਂਦੀਆਂ ਹਨ ਅਤੇ ਇਨਕਲਾਬੀ ਭਾਵਨਾਵਾਂ ਪੈਦਾ ਕਰਦੀਆਂ ਹਨ। ਸ਼ਿਲਪੀ ਸੰਘਵਾਦ ਦੇ ਹਿਮਾਇਤੀ ਮਸ਼ੀਨਾਂ ਦੀ ਤੋੜ ਫੋੜ, ਬਾਈਕਾਟ, ਪੂੰਜੀਪਤੀ ਤੇ ਉਤਪਾਦਨ ਨੂੰ ਬਦਨਾਮ ਕਰਨਾ, ਕੰਮ ਪੂਰਾ ਨਾ ਕਰਨਾ ਆਦਿ ਦੇ ਪੱਖ ਵਿਚ ਹਨ। ਅੰਤ ਵਿਚ ਇਕ ਆਮ ਹੜਤਾਲ ਦੁਆਰਾ ਪੂੰਜੀਵਾਦੀ ਵਿਵਸਥਾ ਨੂੰ ਖਤਮ ਕਰ ਕੇ ਇਹ ਸ਼ਿਲਪੀ ਸੰਘਵਾਦ ਦੀ ਸਥਾਪਤੀ ਕਰਨਾ ਚਾਹੁੰਦੇ ਹਨ।

          ਗਿਲਡ ਸਮਾਜਵਾਦ ਬਰਤਾਨਵੀ ਪਰਿਸਥਿਤੀਆਂ ਦੇ ਅਨੁਕੂਲ ਹੈ। ਗਿਲਡ ਸਮਾਜਵਾਦ ਦਾ ਨਾਂ ਯੂਰਪ ਦੇ ਮੱਧ-ਕਾਲੀਨ ਪੇਸ਼ਾਵਰਾਨਾ-ਸੰਘ-ਸੰਗਠਨਾਂ (ਗਿਲਡਾਂ) ਤੋਂ ਲਿਆ ਗਿਆ ਹੈ। ਉਸ ਸਮੇਂ ਇਹ ਸੰਘ ਆਰਥਿਕ ਅਤੇ ਸਮਾਜਿਕ ਜੀਵਨ ਤੇ ਛਾਏ ਹੋਏ ਸਨ। ਗਿਲਡ ਸਮਾਜਵਾਦੀਆਂ ਨੇ ਇਨ੍ਹਾਂ ਉਪਰੋਕਤ ਸੰਗਠਨਾਂ ਤੋਂ ਹੀ ਪ੍ਰੇਰਨਾ ਪ੍ਰਾਪਤ ਕੀਤੀ। ਉਹ ਰਾਜਨੀਤਿਕ ਖੇਤਰ ਅਤੇ ਉਦਯੋਗ ਧੰਦਿਆਂ ਵਿਚ ਲੋਕਤੰਤਰ ਸਿਧਾਂਤ ਅਤੇ ਸਵੈ-ਸ਼ਾਸਨ ਲਾਗੂ ਕਰਨਾ ਚਾਹੁੰਦੇ ਸਨ। ਗਿਲਡ ਸਮਾਜਵਾਦ ਦੇ ਹਿਮਾਇਤੀ ਕੇਵਲ ਰਾਸ਼ਟਰੀਕਰਨ ਨਾਲ ਸੰਤੁਸ਼ਟ ਨਹੀਂ ਕਿਉਂਕਿ ਇਸ ਰਾਹੀਂ ਨੌਕਰ-ਸ਼ਾਹੀ ਆਉਣ ਦਾ ਭੈ ਬਣਿਆ ਰਹਿੰਦਾ ਹੈ ਪਰ ਇਹ ਨਾਲ ਨਾਲ ਰਾਜ ਦਾ ਅੰਤ ਵੀ ਨਹੀਂ ਕਰਨਾ ਚਾਹੁੰਦੇ। ਰਾਜ ਨੂੰ ਵਧੇਰੇ ਲੋਕਤੰਤਰਾਤਮਕ ਅਤੇ ਵਿਕੇਂਦ੍ਰਿਤ ਕਰਨ ਤੋਂ ਬਾਅਦ ਉਹ ਉਸ ਨੂੰ ਦੇਸ਼-ਰੱਖਿਆ ਅਤੇ ਉਪਪੋਗੀ ਦੇ ਹਿੱਤਾਂ ਦੀ ਰਾਖੀ ਲਈ ਰੱਖਦਾ ਚਾਹੁੰਦੇ ਹਨ। ਉਸ ਦੇ ਅਨੁਸਾਰ, ਰਾਜ ਦੀ ਸੰਸਦ ਵਿਚ ਕੇਵਲ ਖੇਤਰ ਦੇ ਆਧਾਰ ਤੇ ਹੀ ਪ੍ਰਤਿਨਿਧਤਾ ਨਹੀਂ ਦਿੱਤੀ ਜਾਣੀ ਚਾਹੀਦੀ ਸਗੋਂ ਕਿੱਤੇ ਦੇ ਆਧਾਰ ਦੇ ਵੀ ਪ੍ਰਤਿਨਿਧਤਾ ਦਿੱਤੀ ਜਾਣੀ ਚਾਹੀਦੀ ਹੈ। ਇਹ ਰਾਜ ਅਤੇ ਉਦਯੋਗਾਂ ਉਪਰ ਮਜ਼ਦੂਰਾਂ ਦਾ ਨਿਯੰਤਰਨ ਚਾਹੁੰਦੇ ਹਨ। ਇਹ ਸੰਵਿਧਾਨਿਕ ਮਾਰਗ ਦੇ ਪੱਖ ਵਿਚ ਹਨ। ਨਾਲ ਹੀ ਇਹ ਮਜ਼ਦੂਰਾਂ ਦੇ ਸਰਗਰਮ ਅੰਦੋਲਨ, ਹੜਤਾਲਾਂ ਆਦਿ ਦਾ ਵੀ ਸਮਰਥਨ ਕਰਦੇ ਹਨ।

          ਪਹਿਲੇ ਮਹਾਂ ਯੁੱਧ ਤੋਂ ਪਹਿਲਾਂ ਅਤੇ ਉਸ ਦੇ ਵਿਚਕਾਰ ਇਸ ਵਿਚਾਰਧਾਰਾ ਦਾ ਪ੍ਰਭਾਵ ਵਧਿਆ। ਯੁੱਧ ਦੇ ਸਮੇਂ ਮਜ਼ਦੂਰਾਂ ਨੇ ਰੱਖਿਆ, ਉਦਯੋਗਾਂ ਤੇ ਨਿਯੰਤਰਨ ਦੀ ਮੰਗ ਕੀਤੀ ਅਤੇ ਉਸ ਤੋਂ ਬਾਅਦ ਮਜ਼ਦੂਰ ਸੰਘਾਂ ਨੇ ਖੁਦ ਮਕਾਨ ਬਣਾਉਣ ਲਈ ਠੇਕੇ ਲਏ। ਪਰੰਤੂ ਕੁਝ ਸਮੇਂ ਤੋਂ ਬਾਅਦ ਸਰਕਾਰੀ ਸਹਾਇਤਾ ਨਾ ਮਿਲਣ ਤੇ ਇਹ ਪ੍ਰਯੋਗ ਅਸਫਲ ਹੋਏ। ਗਿਲਡ ਸਮਾਜਵਾਦ ਦੇ ਪ੍ਰਮੁਖ ਸਮਰਥਾਂ ਵਿਚ ਆਰਥਰ ਪੈਂਟੀ (Arthur Penty), ਹਾਬਸਨ (Hobson), ਆਰੇਂਜ (Orange) ਅਤੇ ਕੋਲ (Cole) ਦੇ ਨਾਂ ਵਿਸ਼ੇਸ਼ ਤੌਰ ਤੇ ਵਰਣਨ ਯੋਗ ਹਨ। ਬਰਤਾਨੀਆ ਦਾ ਮਜ਼ਦੂਰ ਦਲ ਅਤੇ ਮਜ਼ਦੂਰ ਅੰਦੋਲਨ ਇਸ ਵਿਚਾਰਧਾਰਾ ਤੋਂ ਬਹੁਤ ਪ੍ਰਭਾਵਤ ਹੋਏ।

          ਸਾਮਵਾਦ––ਪਹਿਲਾ ਮਹਾਂ ਯੁੱਧ ਸੰਸਾਰ ਦੇ ਸਮਾਜਵਾਦੀ ਅੰਦੋਲਨ ਦੇ ਲਈ ਇਕ ਮਹੱਤਵਪੂਰਨ ਘਟਨਾ ਸੀ। ਇਕ ਪਾਸੇ ਤਾਂ ਇਸ ਦੇ ਆਰੰਭ ਹੁੰਦੇ ਹੀ ਸਮਾਜਵਾਦੀ ਅੰਦੋਲਨ ਅਤੇ ਉਸ ਦਾ ਅੰਤਰ-ਰਾਸ਼ਟਰੀ ਸੰਗਠਨ ਤੁਰੰਤ ਟੁੱਟ ਗਿਆ ਅਤੇ ਦੂਜੇ ਪਾਸੇ ਇਸਦੇ ਵਿਚਕਾਰ ਜਿਹੇ ਰੂਸ ਵਿਚ ਬਾਲਸ਼ਵਿਕ (ਅਕਤੂਬਰ-ਨਵੰਬਰ, 1917) ਕ੍ਰਾਂਤੀ ਹੋਈ ਜੋ ਸੰਸਾਰ ਵਿਚ ਪਹਿਲਾ ਸਫਲ ਸਮਾਜਵਾਦੀ ਰਾਜ ਸੀ। ਬਾਲਸ਼ਵਿਕ ਦਲ ਰੂਸ ਦੇ ਕਈ ਸਮਾਜਵਾਦੀ ਦਲਾਂ ਵਿਚੋਂ ਸੀ। ਸੰਨ 1917 ਦੇ ਵਿਸ਼ੇਸ਼ ਹਾਲਾਤ ਵਿਚ ਇਸ ਨੂੰ ਸਫ਼ਲਤਾ ਪ੍ਰਾਪਤ ਹੋਈ। ਰੂਸ ਦੇ ਦੇਸ਼ ਯੂਰਪ ਦੇ ਹੋਰ ਉੱਨਤ ਦੇਸ਼ਾਂ ਤੋਂ ਬਹੁਤ ਭਿੰਨ ਸਨ। ਇਹ ਉਦਯੋਗਿਕ ਪੱਖ ਤੋਂ ਬਹੁਤ ਪਛੜਿਆ ਹੋਇਆ ਸੀ। ਇਸ ਲਈ ਮਜ਼ਦੂਰਾਂ ਦੀ ਗਿਣਤੀ ਇਥੇ ਬਹੁਤ ਥੋੜ੍ਹੀ ਸੀ ਅਤੇ ਇਹ ਇਥੇ ਪ੍ਰਭਾਵਸ਼ਾਲੀ ਵੀ ਨਹੀਂ ਸੀ। ਇਥੇ ਨਾ ਲੋਕਤੰਤਰੀ ਸ਼ਾਸਨ ਮੌਜੂਦ ਸੀ ਅਤੇ ਨਾ ਹੀ ਲੋਕਾਂ ਨੂੰ ਕਿਸੇ ਪ੍ਰਕਾਰ ਦੀਆਂ ਸੁਤੰਤਰਤਾਵਾਂ ਪ੍ਰਾਪਤ ਸਨ। ਰੂਸੀ ਬੁੱਧੀਜੀਵੀ ਵਰਗ ਅਤੇ ਮੱਧ-ਵਰਗ ਇਨ੍ਹਾਂ ਦਾ ਇੱਛੁਕ ਸੀ ਪਰ ਜ਼ਾਰ ਸ਼ਾਹੀ ਨੀਤੀ ਕਾਰਨ ਉਹ ਖੁੱਲ੍ਹ ਕੇ ਆਵਾਜ਼ ਨਹੀਂ ਉਠਾ ਸਕਦੇ ਸਨ। ਹਰਜ਼ਨ (Herzen), ਲਾਵਰੋਵ (Laurov), ਚਾਰਨੀ ਸ਼ੋਵਸਕੀ ਅਤੇ ਬਾਕੁਨਿਨ ਆਦਿ ਤੋਂ ਬੁੱਧੀਜੀਵੀ ਬਹੁਤ ਪ੍ਰਭਾਵਤ ਹੋਏ ਅਤੇ ਉਨ੍ਹਾਂ ਦਾ ਝੁਕਾ ਕ੍ਰਾਂਤੀਕਾਰੀ ਨੀਤੀਆ ਵਲ ਹੋ ਗਿਆ। ਸੰਨ 1901 ਦੀ ਸਮਾਜਕ ਕ੍ਰਾਂਤੀਕਾਰੀ ਦੀ ਦਲ ਦੀ ਨੀਂਹ ਰੱਖੀ ਗਈ। ਸੰਨ 1917 ਦੀ ਬਾਲਸ਼ਵਿਕ ਕ੍ਰਾਂਤੀ ਦੇ ਸਮੇਂ ਤਕ ਇਹ ਰੂਸ ਦਾ ਸਭ ਤੋਂ ਵੱਡਾ ਸਮਾਜਵਾਦੀ ਦਲ ਸੀ ਪਰ ਇਸ ਦਾ ਪ੍ਰਭਾਵ ਵਧੇਰੇ ਕਰ ਕੇ ਪੇਂਡੂ ਲੋਕਾਂ ਤੇ ਸੀ। ਇਸ ਨੇ ਖੱਬੇ ਪੱਖ ਨੇ ਬਾਲਸ਼ਵਿਕ ਕ੍ਰਾਂਤੀ ਦਾ ਪੱਖ ਲਿਆ।

          ਦੂਜੀ ਸਮਾਜਵਾਦੀ ਵਿਚਾਰਧਾਰਾ, ਜਿਸ ਵਿਚ ਬਾਲਸ਼ਵਿਕ ਦਲ ਵੀ ਸ਼ਾਮਲ ਸੀ, ਰਸ਼ੀਅਨ ਸੋਸ਼ਲ ਡੈਮੋਕ੍ਰੇਟਿਕ ਲੇਬਰ ਪਾਰਟੀ (Russian Social Democratic Labour Party) ਨਾਂ ਨਾਲ ਪ੍ਰਸਿੱਧ ਹੈ। ਇਸ ਦਾ ਪ੍ਰਭਾਵ ਮਜ਼ਦੂਰ ਵਰਗ ਉਤੇ ਵਧੇਰੇ ਸੀ। ਇਹ ਭਾਵੇਂ ਗਿਣਤੀ ਵਿਚ ਥੋੜੇ ਸਨ ਪਰ ਇਹ ਰਾਜਨੀਤਕ ਪੱਖ ਤੋਂ ਬਹੁਤ ਚੇਤੰਨ ਸਨ। ਇਹ ਛੇਤੀ ਹੀ ਕ੍ਰਾਂਤੀਕਾਰੀ ਪ੍ਰਭਾਵ ਹੇਠ ਆ ਗਿਆ। ਉਪਰੋਕਤ ਪਾਰਟੀ ਦੇ ਨੇਤਾਵਾਂ ਨੇ ਮਾਰਕਸਵਾਦੀ ਸਿਧਾਂਤਾਂ ਨੂੰ ਰੂਸ ਤੇ ਲਾਗੂ ਕਰਨਾ ਆਰੰਭ ਕਰ ਦਿੱਤਾ ਭਾਵੇਂ ਰੂਸ ਦੇ ਉਦਯੋਗਿਕ ਤੌਰ ਤੇ ਪਛੜੇ ਹੋਣ ਕਾਰਨ ਇਹ ਗਲ ਅਜੀਬ ਜਿਹੀ ਲਗਦੀ ਸੀ। ਸੰਨ 1917 ਦੇ ਅਕਤੂਬਰ ਵਿਚ ਲੈਨਿਕ ਦਾ ਧੜਾ ਰੂਸ ਵਿਚ ਕ੍ਰਾਂਤੀ ਲਿਆਉਣ ਵਿਚ ਸਫਲ ਹੋ ਗਿਆ। ਇਸ ਤਰ੍ਹਾਂ ਨਾਲ ਸੋਵੀਅਤ ਸਮਾਜਵਾਦੀ ਗਣ-ਰਾਜ ਸੰਘ ਦੀ ਸਥਾਪਨਾ ਹੋਈ। ਹੁਣ ਉਤਪਾਦਨ ਦੇ ਸਾਧਨਾਂ ਨੂੰ ਸੋਵੀਅਤ ਸਰਕਾਰ ਨੇ ਆਪਣੇ ਹੱਥ ਵਿਚ ਲੈ ਲਿਆ ਅਤੇ ਲੁੱਟ-ਖਸੁੱਟ ਕਰਨ ਵਾਲੀਆਂ ਸ਼ਕਤੀਆਂ ਨੂੰ ਦਬਾ ਦਿੱਤਾ। ਅਕਤੂਬਰ ਦੀ ਕ੍ਰਾਂਤੀ ਤੋਂ ਬਾਅਦ ਬਾਲਸ਼ਵਿਕ ਪਾਰਟੀ ਨੇ ਆਪਣਾ ਨਾਂ ਸਾਮਵਾਦੀ ਪਾਰਟੀ ਰਖ ਲਿਆ। ਲੈਨਿਨ ਦੇ ਵਿਚਾਰਾਂ ਨੂੰ ਸਾਮਵਾਦੀ ਦਾ ਨਾਂ ਦਿੱਤਾ ਜਾਂਦਾ ਹੈ ਪਰ ਲੈਨਿਨ ਤੋਂ ਬਾਅਦ ਜੌਜ਼ਫ ਸਟਾਲਿਨ, ਮਾਉਜ਼ੇਤੁੰਗ (Maotse Tung), ਖਰੁਸਚੇਵ ਅਤੇ ਵਿਭਿੰਨ ਦੇਸ਼ਾਂ ਦੇ ਸਾਮਵਾਦੀ ਨੇਤਾਵਾਂ ਨੇ ਇਨ੍ਹਾਂ ਵਿਚਾਰਾਂ ਦੀ ਵਿਆਖਿਆ ਕੀਤੀ ਅਤੇ ਉਨ੍ਹਾਂ ਦਾ ਵਿਕਾਸ ਕੀਤਾ। ਸਟਾਲਿਨ ਦੇ ਵਿਚਾਰਾਂ ਵਿਚ ਉਪਨਿਵੇਸ਼ਾਂ ਨੂੰ ਆਤਮ-ਨਿਰਣੇ ਦਾ ਅਧਿਕਾਰ, ਯੋਜਨਾ-ਬੱਧ ਅਰਥ ਵਿਵਸਥਾ, ਸਮੂਹਕ ਅਤੇ ਰਾਕਸੀ ਮਾਲਕੀ ਆਦਿ ਸ਼ਾਮਲ ਸਨ। ਦੂਜੇ ਮਹਾਂ ਯੁੱਧ ਤੋਂ ਬਾਅਦ ਸਾਮਵਾਦ ਦਾ ਪ੍ਰਭਾਵ ਕਾਫੀ ਸਾਰੇ ਦੇਸ਼ਾਂ ਵਿਚ ਵਧਿਆ ਹੈ ਅਤੇ ਇਹ ਇਕ ਪ੍ਰਕਾਰ ਨਾਲ ਅੰਤਰ-ਰਾਸ਼ਟਰੀ ਅੰਦੋਲਨ ਬਣ ਗਿਆ ਹੈ।

          ਭਾਰਤੀ ਸਮਾਜਵਾਦ––ਭਾਰਤ ਵਿਚ ਆਧੁਨਿਕ ਕਾਲ ਦੇ ਪਹਿਲੇ ਪ੍ਰਮੁਖ ਸਮਾਜਵਾਦੀ ਮਹਾਤਮਾ ਗਾਂਧੀ ਹਨ ਪਰ ਉਨ੍ਹਾਂ ਦਾ ਸਮਾਜਵਾਦ ਇਕ ਵਿਸ਼ੇਸ਼ ਕਿਸਮ ਦਾ ਹੈ। ਗਾਂਧੀ ਜੀ ਦੇ ਵਿਚਾਰਾਂ ਤੇ ਹਿੰਦੂ, ਜੈਨ, ਈਸਾਈ ਆਦਿ ਧਰਮਾਂ ਅਤੇ ਰਸਕਿਨ, ਟਾਲਸਟਾਏ ਅਤੇ ਥੋਰੀਉ ਵਰਗੇ ਦਾਰਸ਼ਨਿਕਾਂ ਦਾ ਪ੍ਰਭਾਵ ਸਪੱਸ਼ਟ ਹੈ। ਉਹ ਉਦਯੋਗੀਕਰਨ ਦੇ ਵਿਰੋਧੀ ਸਨ ਕਿਉਂਕਿ ਉਹ ਉਸ ਨੂੰ ਆਰਥਿਕ ਅਸਮਾਨਤਾ, ਸ਼ੋਸ਼ਣ, ਬੇਕਰੀ ਰਾਜਨੀਤਿਕ ਤਾਨਾਸ਼ਾਹੀ ਆਦਿ ਦਾ ਕਾਰਨ ਸਮਝਦੇ ਸਨ। ਉਹ ਇਕ ਪ੍ਰਕਾਰ ਦੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸੁਤੰਤਰਤਾ ਅਤੇ ਸਮਾਨਤਾ ਸਥਾਪਤ ਕਰਨਾ ਚਾਹੁੰਦੇ ਸਨ। ਉਹ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਸੱਚ, ਅਹਿੰਸਾ, ਸਤਿਆਗ੍ਰਹਿ ਆਦਿ ਤੇ ਜ਼ੋਰ ਦਿੰਦੇ ਸਨ। ਉਹ ਅਹਿੰਸਾਤਮਕ ਕਾਰਵਾਈ ਵਿਚ ਵਿਸ਼ਵਾਸ ਨਹੀਂ ਰਖਦੇ ਸਨ। ਇਸ ਸਮੇਂ ਵਿਨੋਬਾ ਭਾਵੇ ਗਾਂਧੀਵਾਦ ਦੀ ਵਿਆਖਿਆ ਅਤੇ ਉਸ ਦਾ ਪ੍ਰਚਾਰ ਕਰ ਰਹੇ ਹਨ। ਇਨ੍ਹਾਂ ਭੂ-ਦਾਨ, ਗ੍ਰਾਮਦਾਨ ਆਦਿ ਰਾਹੀਂ ਸਮਾਜਵਾਦੀ ਵਿਵਸਥਾ ਸਥਾਪਤ ਕਰਨ ਦੇ ਜਤਨ ਕੀਤੇ ਹਨ।

          ਭਾਰਤ ਵਿਚ ਦੂਜੀ ਪ੍ਰਮੁਖ ਸਮਾਜਵਾਦੀ ਵਿਚਾਰਧਾਰਾ ਮਾਰਕਸਵਾਦੀ ਹੈ। ਇਥੇ ਮਾਰਕਸਵਾਦ ਦੇ ਪ੍ਰਮੁਖ ਪ੍ਰਚਾਰਕ ਮਾਨਵੇਂਦਰ ਨਾਥ ਰਾਓ ਸਨ। ਬਾਲਸ਼ਵਿਕ ਕ੍ਰਾਂਤੀ ਤੋਂ ਤੁਰੰਤ ਬਾਅਦ ਹੀ ਇਹ ਸਾਮਵਾਦੀ ਅੰਤਰ-ਰਾਸ਼ਟਰੀ ਦੇ ਪ੍ਰਭਾਵ ਹੇਠ ਆ ਗਏ ਅਤੇ ਉਸ ਵਲੋਂ ਬਦੇਸ਼ਾਂ ਤੋਂ ਹੀ ਭਾਰਤ ਵਿਚ ਸਾਮਵਾਦੀ ਅੰਦੋਲਨ ਦਾ ਨਿਰਦੇਸ਼ਨ ਕਰਨ ਲੱਗੇ। ਉਪਨਿਵੇਸ਼ਕ ਸਵਾਧੀਨਤਾ ਦੇ ਸਬੰਧ ਵਿਚ ਉਨ੍ਹਾਂ ਦੇ ਆਪਣੇ ਹੀ ਵਖਰੀ ਕਿਸਮ ਦੇ ਵਿਚਾਰ ਸਨ। ਉਨ੍ਹਾਂ ਦਾ ਵਿਚਾਰ ਇਹ ਸੀ ਕਿ ਆਉਣ ਵਾਲੀ ਸਮਾਜਵਾਦੀ ਕ੍ਰਾਂਤੀ ਵਿਚ ਉਪਨਿਵੇਸ਼ਕ ਕ੍ਰਾਂਤੀਆਂ ਦਾ ਮੁਖ ਸਥਾਨ ਹੋਵੇਗਾ। ਉਨ੍ਹਾਂ ਦੀ ਰਾਏ ਇਹ ਸੀ ਕਿ ਉਪਨਿਵੇਸ਼ਕ ਪੂੰਜੀਵਾਦ ਨੇ ਸਾਮਰਾਜ਼ਸਾਹੀ ਨਾਲ ਗੱਠ-ਜੋੜ ਕਰ ਲਿਆ ਹੈ ਅਰਥਾਤ ਉਹ ਪ੍ਰਤਿਕ੍ਰਿਆਵਾਦੀ ਹਨ ਅਤੇ ਕ੍ਰਾਂਤੀਕਾਰੀ ਦਲ ਉਸ ਨਾਲ ਸੰਯੁਕਤ ਮੋਰਚਾ ਨਹੀਂ ਬਣਾ ਸਕਦੇ।

          ਬਾਲਸ਼ਵਿਕ ਕ੍ਰਾਂਤੀਆਂ ਤੋਂ ਬਾਅਦ ਛੇਤੀ ਹੀ ਭਾਰਤ ਦੇ ਵੱਡੇ ਵੱਡੇ ਸ਼ਹਿਰਾਂ ਵਿਚ ਸਾਮਵਾਦੀਆਂ ਦੇ ਸੁਤੰਤਰ ਸੰਗਠਨ ਸਥਾਪਤ ਹੋ ਗਏ। ਇਕ ਕਿਰਸਾਨ ਮਜ਼ਦੂਰ ਪਾਰਟੀ ਦੀ ਸਥਾਪਨਾ ਹੋਈ ਅਤੇ ਸੰਨ 1924 ਤਕ ਇਕ ਸਰਵ-ਭਾਰਤੀ ਸਾਮਵਾਦੀ ਸੰਗਠਨ ਦੀ ਸਥਾਵਤੀ ਵੀ ਹੋ ਗਈ। ਪਰੰਤੂ ਛੇਤੀ ਹੀ ਇਹ ਪਾਰਟੀ ਅਵੈਧ ਕਰਾਰ ਦੇ ਦਿੱਤੀ ਗਈ। ਇਸ ਤੋਂ ਪਿਛੋਂ ਸੰਨ 1936 ਈ. ਤੋਂ ਦੋਬਾਰਾ ਇਸਦੀ ਸ਼ਕਤੀ ਵਧੀ ਅਤੇ ਇਸ ਸਮੇਂ ਇਹ ਭਾਰਤ ਦੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਵਿਚੋਂ ਹੈ।

          ਦੂਜੀ ਸਮਾਜਵਾਦੀ ਪਾਰਟੀ ਕਾਂਗਰਸ ਸਮਾਜਵਾਦੀ ਪਾਰਟੀ ਸੀ। ਇਸਦੀ ਸਥਾਪਨਾ 1934 ਈ. ਵਿਚ ਹੋਈ। ਭਾਰਤੀ ਸਮਾਜਵਾਦੀ ਪੰਡਤ ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੋਸ ਆਦਿ ਨੇਤਾ ਪਹਿਲੇ ਮਹਾਂ ਯੁੱਧ ਤੋਂ ਬਾਅਦ ਦੇ ਸਮੇਂ ਤੋਂ ਹੀ ਸਮਾਜਵਾਦ ਦਾ ਪ੍ਰਚਾਰ ਕਰ ਰਹੇ ਸਨ। ਸੋਵੀਅਤ ਦੇਸ਼ ਦੀ ਆਰਥਿਕ ਉੱਨਤੀ ਤੋਂ ਪ੍ਰਭਾਵਤ ਹੋ ਕੇ ਵੀ ਕਈ ਦੇਸ਼-ਭਗਤ ਨੇਤਾ ਸਮਾਜਵਾਦ ਵਲ ਆਕ੍ਰਸ਼ਤ ਹੋ ਗਏ। ਇਨ੍ਹਾਂ ਵਿਚ ਜੈ ਪ੍ਰਕਾਸ਼ ਨਾਰਾਇਣ, ਆਚਾਰਯ ਨਰੇਂਦਰ ਦੇਵ, ਮੀਨੂ ਮਸਾਨੀ, ਡਾ. ਰਾਮ ਮਨੋਹਰ ਲੋਹੀਆ, ਕਮਲਾ ਦੇਵੀ ਚਟੋਪਾਧਿਆਇ, ਯੂਸਫ਼ ਮਿਹਰ ਅਲੀ, ਅਸ਼ੋਕ ਮਹਿਤਾ ਆਦਿ ਸ਼ਾਮਲ ਸਨ। ਇਨ੍ਹਾਂ ਦਾ ਉਦੇਸ਼ ਭਾਰਤ ਵਿਚ ਸੁਤੰਤਰਤਾ ਪ੍ਰਾਪਤੀ ਉਪਰੰਤ ਸਮਾਜਵਾਦੀ ਸਮਾਜ ਦੀ ਸਥਾਪਨਾ ਸੀ।

          ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਕਾਂਗਰਸ ਰਾਸ਼ਟਰੀ ਸ਼ਕਤੀਆਂ ਦਾ ਸੰਯੁਕਤ ਮੋਰਚਾ ਨਾ ਰਿਹਾ ਕੇ ਇਕ ਰਾਜਨੀਤਿਕ ਪਾਰਟੀ ਬਣ ਗਈ। ਬਾਕੀ ਪਾਰਟੀਆਂ ਨੂੰ ਇਸ ਵਿਚੋਂ ਨਿਕਲ ਕੇ ਆਪਣੀ ਵੱਖਰੀ ਹੋਂਦ ਸਥਾਪਤ ਕਰਨੀ ਪਈ। ਇਨ੍ਹਾਂ ਵਿਚ ਕਾਂਗਰਸੀ ਸਮਾਜਵਾਦੀ ਪਾਰਟੀ ਵੀ ਸੀ। ਇਨ੍ਹਾਂ ਨੇ ਕਾਂਗਰਸ ਸ਼ਬਦ ਨੂੰ ਆਪਣੇ ਨਾਂ ਨਾਲੋਂ ਹਟਾ ਦਿੱਤਾ। ਬਾਅਦ ਵਿਚ ਆਚਾਰੀਆ ਕ੍ਰਿਪਲਾਨੀ ਦੁਆਰਾ ਸੰਗਠਿਤ ਕਿਰਸਾਨ ਮਜ਼ਦੂਰ ਪਾਰਟੀ ਇਸ ਵਿਚ ਸ਼ਾਮਲ ਹੋ ਗਈ ਅਤੇ ਇਸਦਾ ਨਾਂ ਪਰਜਾ ਬਾਲਸ਼ਵਿਕ ਪਾਰਟੀ ਹੋ ਗਿਆ ਪਰੰਤੂ ਡਾਕਟਰ ਰਾਮ ਮਨੋਹਰ ਲੋਹੀਆ ਦੀ ਅਗਵਾਈ ਹੇਠ ਇਸ ਦਾ ਇਕ ਅੰਗ ਇਸ ਤੋਂ ਵੱਖ ਹੋ ਗਿਆ ਅਤੇ ਉਸ ਨੇ ਇਕ ਸਮਾਜਵਾਦੀ ਪਾਰਟੀ ਬਣਾ ਲਈ। ਇਸ ਸਮੇਂ ਪਰਜਾ ਸੋਸ਼ਲਿਸ਼ਟ ਅਤੇ ਸੋਸ਼ਲਿਸ਼ਟ ਪਾਰਟੀ ਨੇ ਮਿਲ ਕੇ ਸੰਯੁਕਤ ਸੋਸ਼ਲਿਸ਼ਟ ਪਾਰਟੀ ਬਣਾਈ ਪਰੰਤੂ ਸੰਯੁਕਤ ਸੋਸ਼ਲਿਸਟ ਪਾਰਟੀ ਦੇ ਵਾਰਾਨਸੀ ਸੈਸ਼ਨ (1965 ਈ.) ਵਿਚ ਪਰਜਾ ਸੋਸ਼ਲਿਸਟ ਪਾਰਟੀ ਨੇ ਵੱਖ ਹੋ ਦੇ ਦੋਬਾਰਾ ਆਪਣੀ ਸੁਤੰਤਰ ਹੋਂਦ ਸਥਾਪਤ ਕਰ ਲਈ। ਉਸੇ ਸਮੇਂ ਅਸ਼ੋਕ ਮਹਿਤਾ ਦੀ ਅਗਵਾਈ ਵਿਚ ਕੁਝ ਪਰਜਾ ਸੋਸ਼ਲਿਸਟ ਕਾਰਜ ਕਰਤਾ ਕਾਂਗਰਸ ਵਿਚ ਸ਼ਾਮਲ ਹੋ ਗਏ। ਕਈ ਹੋਰ ਵੀ ਛੋਟੀਆਂ ਛੋਟੀਆਂ ਸਮਾਜਵਾਦੀ ਪਾਰਟੀਆਂ ਭਾਰਤ ਵਿਚ ਮੌਜੂਦ ਹਨ।

          ਸੁੰਤਰਤਾ ਪ੍ਰਾਪਤੀ ਤੋਂ ਬਾਅਦ ਕਾਂਗਰਸ ਨੇ ਸਪੱਸ਼ਟ ਰੂਪ ਵਿਚ ਸਮਾਜਵਾਦ ਨੂੰ ਸਵੀਕਾਰ ਕੀਤਾ। ਬਹੁਤ ਪਹਿਲਾਂ ਇਸ ਨੇ ਕਰਾਚੀ ਪ੍ਰਸਤਾਵ (1931) ਵਿਚ ਕਲਿਆਣਕਾਰੀ ਰਾਜ ਦਾ ਆਦਰਸ਼ ਸਵੀਕਾਰ ਕਰ ਲਿਆ ਸੀ। ਬਾਅਦ ਵਿਚ ਵੀ, ਸੁਤੰਤਰਤਾ ਪ੍ਰਾਪਤੀ ਤੋ ਪਿਛੋਂ ਇਕ ਵਰਗ-ਰਹਿਤ ਸਮਾਜ ਦੀ ਸਥਾਪਨਾ ਲਈ ਵਿਚਾਰ ਕੀਤਾ ਜਾਂਦਾ ਰਿਹਾ ਸੀ। 1947 ਈ. ਤੋ ਬਾਅਦ, ਸੁਪਨਿਆਂ ਨੂੰ ਸਾਕਾਰ ਕਰਨ ਦਾ ਮੌਕਾ ਕਾਂਗਰਸ ਨੇਤਾਵਾਂ ਨੂੰ ਮਿਲ ਗਿਆ। ਸੰਨ 1957 ਵਿਚ ਸਮਾਜਵਾਦੀ ਢੰਗ ਦੇ ਸਮਾਜ ਦਾ ਅਤੇ 1964 ਈ. ਵਿਚ ਲੋਕਤੰਤਰਾਤਮਕ ਸਮਾਜਵਾਦ ਦਾ ਨਿਸ਼ਾਨਾ ਸਵੀਕਾਰ ਕਰ ਲਿਆ ਗਿਆ। ਭਾਰਤ ਵਿਚ ਸਮਾਜਵਾਦ ਨੂੰ ਅਮਲੀ ਰੂਪ ਦੇਣ ਦੇ ਯਤਨ ਹੁਣ ਵੀ ਜਾਰੀ ਹਨ।

          ਹ. ਪੁ.––ਹਿੰ. ਵਿ. ਕੋ. 11 : 464


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9982, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no

ਸਮਾਜਵਾਦ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਸਮਾਜਵਾਦ : ਸ਼ਬਦ ਸੋਸ਼ਲਿਜਮ (Socialism) ਸ਼ੋਸ਼ੀਅਸ (Socius) ਤੋਂ ਨਿਕਲਿਆ ਹੈ ਜਿਸ ਦਾ ਅਰਥ ਹੈ ਸਮਾਜਿਕ ਜਾਂ ਸਮਾਜ। ਇੰਞ ਸਮਾਜਵਾਦ ਸਮਾਜ ਦੀਆਂ ਅਨੇਕਾਂ ਸਮੱਸਿਆਵਾਂ ਨਾਲ ਸੰਬੰਧਿਤ ਹੈ ਭਾਵ ਸਮਾਜਿਕ ਉਹਨਾਂ ਬੁਰਾਈਆਂ ਦੇ ਵਿਰੁੱਧ ਇੱਕ ਪ੍ਰਕਿਰਿਆ ਹੈ, ਜੋ ਵਿਅਕਤੀਵਾਦ ਅਤੇ ਪੂੰਜੀਵਾਦ ਵਿੱਚੋਂ ਪੈਦਾ ਹੁੰਦੀਆਂ ਹਨ। ਸ਼ਬਦ ਸੋਸ਼ਲਿਜ਼ਮ ਦਾ ਇਸਤੇਮਾਲ ਪਹਿਲੀ ਵਾਰ 1822 ਵਿੱਚ ਰਾਬਰਟ ਓਵਨ ਨੇ ਕੀਤਾ। ਜੀ.ਡੀ. ਨੇ ਕਿਹਾ ਸੀ ਕਿ ਸਮਾਜਵਾਦ ਅਜਾਰੇਦਾਰੀ ਨੂੰ ਖ਼ਤਮ ਕਰਨ ਦੀ ਪ੍ਰਨਾਲੀ ਹੈ। ਪਰੰਤੂ ਕਾਰਲ ਮਾਰਕਸ ਪਹਿਲਾ ਦਾਰਸ਼ਨਿਕ ਹੈ ਜਿਸ ਨੇ ਸਮਾਜਵਾਦ ਨੂੰ ਇਨਕਲਾਬ ਦੇ ਤੌਰ ’ਤੇ ਵਿਹਾਰਿਕ ਰੂਪ ਦਿੱਤਾ ਅਤੇ ਇਸ ਨੂੰ ਸਾਮਵਾਦ ਕਿਹਾ ਹੈ। ਬ੍ਰਿਟੈਨਿਕਾ ਸ਼ਬਦਕੋਸ਼ ਵਿੱਚ ਅੰਕਿਤ ਹੈ, “ਸਮਾਜਵਾਦ ਉਹ ਪਾਲਿਸੀ ਜਾਂ ਸਿਧਾਂਤ ਹੈ ਜਿਸ ਦਾ ਉਦੇਸ਼ ਕੇਂਦਰੀ ਲੋਕਤੰਤਰੀ ਸੱਤਾ ਰਾਹੀਂ ਚੰਗੇਰੀ ਵੰਡ ਨੂੰ ਪ੍ਰਾਪਤ ਕਰਨਾ ਹੈ ਅਤੇ ਦੌਲਤ ਦੀ ਚੰਗੇਰੀ ਪੈਦਾਵਾਰ ਨੂੰ ਪ੍ਰਾਪਤ ਕਰਨਾ ਹੈ।”

ਸਮਾਜਵਾਦ ਇੱਕ ਰਾਜਨੀਤਿਕ ਵਿਚਾਰਧਾਰਾ ਹੈ ਜੋ ਸਾਰਿਆਂ ਦੇ ਵਿਚਕਾਰ ਅੰਤਰਾਂ ਨੂੰ ਮਿਟਾਉਂਦੀ ਹੈ, ਸਾਰੀਆਂ ਅਸਮਾਨਤਾਵਾਂ ਨੂੰ ਖ਼ਤਮ ਕਰਦੀ ਹੋਈ ਲੋਕਾਂ ਵਿੱਚ ਸਮਾਨਤਾ, ਸਮਾਜਿਕ ਨਿਆਂ ਅਤੇ ਭਾਈਚਾਰੇ ਨੂੰ ਸਥਾਪਿਤ ਕਰਦੀ ਹੈ। ਇਹ ਪੂੰਜੀਪਤੀਆਂ ਦੀ ਸਰਦਾਰੀ ਨੂੰ ਖ਼ਤਮ ਕਰਨ ਦਾ ਇੱਕ ਪ੍ਰੋਗਰਾਮ ਹੈ। ਸਮਾਜਵਾਦ ਦਾ ਅਰਥ ਪੈਦਾਵਾਰ ਅਤੇ ਵੰਡ ਦੇ ਸਾਧਨਾਂ ਦਾ ਸਮਾਜੀਕਰਨ ਕਰਨਾ ਹੈ। ਜੀ.ਡੀ.ਕੋਲ ਅਨੁਸਾਰ “ਸਮਾਜਵਾਦ ਇੱਕ ਸ਼੍ਰੇਣੀ ਰਹਿਤ ਸਮਾਜ ਵੱਲ ਸੰਕੇਤ ਹੈ...।” ਰੂਹਾਨ ਦੇ ਵਿਚਾਰ ਵਿੱਚ “ਸਮਾਜਵਾਦ ਕਿਰਤੀ ਵਰਗ ਦੀ ਇੱਕ ਰਾਜਨੀਤਿਕ ਲਹਿਰ ਹੈ ਜੋ ਸਮੂਹਿਕ ਮਾਲਕੀਅਤ ਅਤੇ ਪੈਦਾਵਾਰ ਅਤੇ ਵੰਡ ਦੇ ਬੁਨਿਆਦੀ ਹਥਿਆਰਾਂ ਦੇ ਲੋਕਤੰਤਰੀ ਪ੍ਰਬੰਧ ਰਾਹੀਂ ਸ਼ੋਸ਼ਣ ਨੂੰ ਖ਼ਤਮ ਕਰਨਾ ਹੈ। ਸੀ.ਈ.ਐੱਮ.ਜੋਡ ਦੇ ਵਿਚਾਰ ਵਿੱਚ “ਸਮਾਜਵਾਦ ਇੱਕ ਉਹ ਟੋਪੀ ਹੈ ਜਿਸ ਦੀ ਸ਼ਕਲ ਖ਼ਤਮ ਹੋ ਚੁੱਕੀ ਹੈ ਕਿਉਂਕਿ ਹਰ ਕੋਈ ਉਸ ਨੂੰ ਪਹਿਨਦਾ ਹੈ।”

ਸਮਾਜਵਾਦ ਦੀਆਂ ਵਿਸ਼ੇਸ਼ਤਾਈਆਂ :

1.        ਰਾਜ ਦੀ ਮਾਲਕੀਅਤ : ਸਮਾਜਵਾਦ ਵਿੱਚ ਰਾਜ ਪਾਸ ਹੀ ਮੁਲਕ ਦੀ ਸਾਰੀ ਦੌਲਤ ਹੁੰਦੀ ਹੈ ਜਿਸ ਵਿੱਚ ਭੂਮੀ ਉਦਯੋਗ ਆਵਾਜਾਈ ਦੇ ਸਾਧਨ, ਸੰਚਾਰ, ਬੈਂਕ ਆਦਿ ਸ਼ਾਮਲ ਹਨ। ਇਹ ਇੱਕ ਰਾਜ ਹੀ ਹੁੰਦਾ ਹੈ ਜੋ ਸਮਾਜਿਕ ਸੁਵਿਧਾਵਾਂ ਜਿਵੇਂ ਸਿੱਖਿਆ, ਅਰੋਗਤਾ, ਸਿਹਤ, ਮਨੋਰੰਜਨ ਆਦਿ ਪ੍ਰਦਾਨ ਕਰਦਾ ਹੈ।

2.       ਸਮਾਨ ਅਵਸਰ : ਸਮਾਜਵਾਦ ਪ੍ਰਗਤੀ ਲਈ ਸਾਰਿਆਂ ਲਈ ਸਮਾਨ ਮੌਕੇ, ਪ੍ਰਦਾਨ ਕਰਦਾ ਹੈ। ਲਿੰਗ ਜਾਤੀ, ਨਸਲ, ਪੁਸ਼ਾਕ ਅਤੇ ਰੰਗ ਦੇ ਆਧਾਰ ਤੇ ਕੋਈ ਭੇਦ-ਭਾਵ ਨਹੀਂ ਕਰਦਾ।

3.       ਨਿਆਂ : ਸਮਾਜੀਕਰਨ ਲਈ ਜਿਵੇਂ ਸੁਤੰਤਰਤਾ ਅਤੇ ਸਮਾਨਤਾ ਜ਼ਰੂਰੀ ਹਨ, ਨਿਆਂ ਵੀ ਓਨਾ ਹੀ ਜ਼ਰੂਰੀ ਹੈ।

4.       ਸੁਤੰਤਰਤਾ : ਸਮਾਜਵਾਦ ਹਰੇਕ ਵਿਅਕਤੀ ਨੂੰ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਪੂਰਨ ਅਜ਼ਾਦੀ ਮੁਹੱਈਆ ਕਰਵਾਉਂਦਾ ਹੈ।

5.       ਭਾਈਚਾਰਾ : ਭਾਈਚਾਰਾ ਸਮਾਜਵਾਦ ਦਾ ਨੈਤਿਕ ਪੱਖ ਹੈ। ਵਿਅਕਤੀ ਨੂੰ ਕੇਵਲ ਆਪਣੇ ਲਈ ਹੀ ਨਹੀਂ ਸਗੋਂ ਦੂਜਿਆਂ ਲਈ ਵੀ ਕੰਮ ਕਰਨਾ ਚਾਹੀਦਾ ਹੈ।

ਸਮਾਜਵਾਦ ਦੀਆਂ ਕਿਸਮਾਂ : ਫਰੈਡਰਿਕ ਏਂਗਲਜ਼ ਨੇ ਸਮਾਜਵਾਦ ਨੂੰ ਵਿਗਿਆਨਿਕ ਸਮਾਜਵਾਦ ਅਤੇ ਕਾਲਪਨਿਕ ਸਮਾਜਵਾਦ ਨੂੰ ਵਿਗਿਆਨਿਕ ਸਮਾਜਵਾਦ ਅਤੇ ਕਾਲਪਨਿਕ ਸਮਾਜਵਾਦ ਵਿਚਕਾਰ ਵੰਡਿਆ ਹੈ ਪਰੰਤੂ ਸਮਾਜਵਾਦ ਦੀਆਂ ਹੋਰ ਕਈ ਕਿਸਮਾਂ ਵੀ ਹਨ ਜੋ ਇੰਞ ਹਨ :

(ੳ) ਮਾਰਕਸਵਾਦੀ ਸਮਾਜਵਾਦ ਜਾਂ ਵਿਗਿਆਨਿਕ ਸਮਾਜਵਾਦ

(ਅ) ਲੋਕਤੰਤਰੀ ਸਮਾਜਵਾਦ

(ੲ) ਫੈਬੀਅਨ ਸਮਾਜਵਾਦ

(ਸ) ਸੰਘ-ਸਮਾਜਵਾਦ

(ਹ) ਅਰਾਜਕਤਾਵਾਦੀ ਸਮਾਜਵਾਦ

1.        ਮਾਰਕਸਵਾਦੀ ਸਮਾਜਵਾਦ : ਕਾਰਲ ਮਾਰਕਸ ਨੇ ਮਾਰਕਸਵਾਦੀ ਸਮਾਜਵਾਦ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਉਸ ਦਾ ਜਨਮ 1818 ਈ. ਨੂੰ ਜਰਮਨੀ ਵਿੱਚ ਹੋਇਆ। 17 ਸਾਲ ਦੀ ਉਮਰ ਵਿੱਚ ਪੜ੍ਹਨ ਲਈ ਬੋਨ ਯੂਨੀਵਰਸਿਟੀ ਵਿੱਚ ਦਾਖ਼ਲ ਹੋਇਆ ਅਤੇ 1841 ਈ. ਨੂੰ ਪੀ-ਐੱਚ.ਡੀ. ਦੀ ਡਿਗਰੀ ਹਾਸਲ ਕਰ ਲਈ ਸੀ। ਉਸ ਦੀਆਂ ਪ੍ਰਸਿੱਧ ਲਿਖਤਾਂ ਹਨ : ‘ਦਾ ਕ੍ਰੀਟੀਕ ਆਫ ਪੋਲੀਟੀਕਲ ਅਕਾਨਮੀ।’ ‘ਦ ਕਮਿਊਨਿਸਟ ਮੈਨੀਫੈਸਟੋ (1848),’ ਦਾਸ ਕੈਪੀਟਲ (1867, ‘ਦਾ ਹੋਲੀ ਫੈਮਲੀ।’ ਉਸ ਅਨੁਸਾਰ ਸਮਾਜਵਾਦ ਦਾ ਉਦੇਸ਼ ਪੂੰਜੀਵਾਦ ਦਾ ਖ਼ਾਤਮਾ ਹੈ। ਮਾਰਕਸ ਅਨੁਸਾਰ, ‘ਇਹ ਮਨੁੱਖ ਦੀ ਚੇਤਨਾ ਨਹੀਂ ਹੁੰਦੀ ਜੋ ਉਸ ਦੀ ਹੋਂਦ ਨੂੰ ਨਿਰਧਾਰਿਤ ਕਰਦੀ ਹੈ ਸਗੋਂ ਇਹ ਹੋਂਦ ਹੁੰਦੀ ਹੈ ਜੋ ਚੇਤਨਾ ਨੂੰ ਨਿਰਧਾਰਿਤ ਕਰਦੀ ਹੈ। ਸਮਾਜਿਕ ਵਿਕਾਸ ਦੇ ਦੋ ਆਰਥਿਕ ਆਧਾਰ ਪੈਦਾਵਾਰੀ ਸਾਧਨ ਅਤੇ ਆਰਥਿਕ ਸੰਬੰਧ ਹੁੰਦੇ ਹਨ। ਪਹਿਲੇ ਅਧੀਨ ਮਸ਼ੀਨਾਂ, ਯੰਤਰ, ਕੱਚੀ ਸਮਗਰੀ ਅਤੇ ਦੂਜੇ ਅਧੀਨ ਮਾਲਕੀਅਤ ਅਤੇ ਵੰਡ ਦੇ ਢੰਗ ਆਦਿ ਆ ਜਾਂਦੇ ਹਨ। ਮਾਰਕਸ ਅਨੁਸਾਰ ਜਦੋਂ ਪੈਦਾਵਾਰੀ ਸਾਧਨਾਂ ਅਤੇ ਵੰਡ ਦੀ ਪ੍ਰਨਾਲੀ ਤੋਂ ਬਾਅਦ ਵਾਧੂ ਮੁੱਲ ਮੁਨਾਫ਼ੇ ਦੀ ਸ਼ਕਲ ਵਿੱਚ ਪੂੰਜੀਪਤੀਆਂ ਦੀਆਂ ਜੇਬਾਂ ਭਰਦਾ ਹੈ ਤਾਂ ਕਿਰਤੀ ਵਰਗ ਅਤੇ ਪੂੰਜੀਪਤੀਆਂ ਵਿਚਕਾਰ ਟਕਰਾਅ ਅਤੇ ਰੋਸ ਦੀ ਭਾਵਨਾ ਪੈਦਾ ਹੁੰਦੀ ਹੈ। ਜਦੋਂ ਇਹ ਕਿਰਤੀ ਦੂਜੇ ਦੇਸਾਂ ਦੇ ਕਿਰਤੀਆਂ ਨਾਲ ਮਿਲਦੇ ਹਨ ਤਾਂ ਇਹਨਾਂ ਅੰਦਰ ਸ਼੍ਰੇਣੀ ਚੇਤਨਾ ਪੈਦਾ ਹੋ ਜਾਂਦੀ ਹੈ ਅਤੇ ਇਹੀ ਚੇਤਨਾ ਇਹਨਾਂ ਨੂੰ ਸੰਘਰਸ਼ ਵੱਲ ਲੈ ਜਾਂਦੀ ਹੈ। ਮਾਰਕਸ ਅਨੁਸਾਰ ਇਨਕਲਾਬ ਤੋਂ ਬਾਅਦ ਤਬਦੀਲੀਆਂ ਦਾ ਆਉਣਾ ਸੰਭਵ ਹੈ। ਉਸ ਅਨੁਸਾਰ ਇਤਿਹਾਸ ਦੀ ਹਰੇਕ ਅਵਸਥਾ ਤੇ ਸ਼੍ਰੇਣੀ ਸੰਘਰਸ਼ ਚੱਲਦਾ ਰਿਹਾ ਹੈ। ਸ਼੍ਰੇਣੀ ਸੰਘਰਸ਼ ਤੋਂ ਬਾਅਦ ਕਿਰਤੀ ਵਰਗ ਦੀ ਤਾਨਾਸ਼ਾਹੀ ਹੋਵੇਗੀ ਅਤੇ ਸ਼੍ਰੇਣੀ ਰਹਿਤ ਅਤੇ ਰਾਜ ਰਹਿਤ ਸਮਾਜ ਦੀ ਸਥਾਪਨਾ ਹੋਵੇਗੀ। ਉਸ ਅਨੁਸਾਰ ਸਮਾਜ ਦਾ ਸੁਪਰ-ਢਾਂਚਾ ਜਿਸ ਦੀ ਪ੍ਰਤਿਨਿਧਤਾ ਕਨੂੰਨ ਨੈਤਿਕਤਾ, ਧਰਮ, ਕਲਾ, ਵਿਗਿਆਨ ਸਾਹਿਤ ਕਰਦੇ ਹਨ, ਸਮਾਜ ਦੀਆਂ ਆਰਥਿਕ ਸ਼ਕਤੀਆਂ ਉੱਪਰ ਨਿਰਭਰ ਕਰਦਾ ਹੈ।

ਮਾਰਕਸ ਕਹਿੰਦਾ ਹੈ, “ਮਨੁੱਖਤਾ ਦਾ ਸਮੁੱਚਾ, ਇਤਿਹਾਸ ਸ਼੍ਰੇਣੀ ਸੰਘਰਸ਼ ਦਾ ਇਤਿਹਾਸ ਹੈ। ਸਮਾਜਵਾਦ ਦਾ ਬੁਨਿਆਦੀ ਸਿਧਾਂਤ ਇਹ ਹੈ, ‘ਹਰੇਕ ਤੋਂ ਉਸ ਦੀ ਯੋਗਤਾ ਅਨੁਸਾਰ ਅਤੇ ਹਰੇਕ ਨੂੰ ਉਸਦੀ ਲੋੜ ਅਨੁਸਾਰ।’

2.       ਲੋਕਤੰਤਰੀ ਸਮਾਜਵਾਦ : ਇਸ ਸਮਾਜਵਾਦ ਲਹਿਰ ਦੇ ਪੈਰੋਕਾਰ ਓਵਨ, ਸਿਡਨੀ, ਵੈਬ, ਕੋਲ, ਲਾਸਕੀ, ਡਰਬਿਨ ਅਤੇ ਐਟਲੀ ਹੋਏ ਹਨ। ਇਹ ਸਮਾਜਵਾਦ ਹੌਲੀ-ਹੌਲੀ ਸ਼ਾਂਤਮਈ ਢੰਗ ਨਾਲ ਸਮਾਨਤਾ ਅਤੇ ਨਿਆਂ ਉੱਤੇ ਆਧਾਰਿਤ ਇੱਕ ਨਵੇਂ ਸਮਾਜਿਕ ਪ੍ਰਬੰਧ ਦੀ ਸਥਾਪਨਾ ਦਾ ਸਮਰਥਕ ਹੈ। ਚੋਣਾਂ ਰਹੀਂ ਪਾਰਲੀਮੈਂਟ ਰਾਹੀਂ ਸਮਾਜਿਕ ਆਪਣੇ ਪ੍ਰੋਗਰਾਮ ਨੂੰ ਅਮਲੀ ਜਾਮਾ ਪਹਿਨਾਉਣਾ ਇਹਨਾਂ ਦਾ ਉਦੇਸ਼ ਹੈ।

ਇੰਞ ਇਹ ਤਬਦੀਲੀ ਹੌਲੀ-ਹੌਲੀ ਇੰਗਲੈਂਡ, ਭਾਰਤ, ਸਵੀਡਨ, ਨਾਰਵੇ ਆਦਿ ਦੇਸਾਂ ਅੰਦਰ ਆ ਰਹੀ ਹੈ। ਲੋਕਤੰਤਰੀ ਸਮਾਜਵਾਦ ਦਾ ਉਦੇਸ਼ ਜਨਮ, ਲਿੰਗ, ਧਰਮ ਤੇ ਆਧਾਰਿਤ ਅਸਮਾਨਤਾ ਨੂੰ ਖ਼ਤਮ ਕਰਨਾ ਹੈ। ਗ਼ਰੀਬ ਲੋਕਾਂ ਨੂੰ ਵੰਚਿਤ ਸ਼੍ਰੇਣੀਆਂ ਨੂੰ ਚੰਗੀ ਸਿੱਖਿਆ ਸਿਹਤ ਅਤੇ ਦੂਜੀਆਂ ਸੇਵਾਵਾਂ ਪ੍ਰਦਾਨ ਕਰਨੀਆਂ ਇਸ ਦਾ ਉਦੇਸ਼ ਹੈ।

3.       ਕਾਲਪਨਿਕ (ਯੂਟੋਪੀਅਨ) ਸਮਾਜਵਾਦ : ਯੂਟੋਪੀਅਨ ਸਮਾਜਵਾਦ ਦੇ ਤਿੰਨ ਪ੍ਰਮੁਖ ਪੈਰੋਕਾਰ ਸੇਂਟ ਸਾਈਮਨ (1760-1825), ਫੋਰੀਅਰ ਅਤੇ ਰਾਬਰਟ ਓਵਨ ਹੋਏ ਹਨ। ਸਾਈਮਨ ਅਨੁਸਾਰ ਦੇਸ ਦੀ ਸਾਰੀ ਸ਼ਕਤੀ ਤਕਨੀਸ਼ਨਾਂ, ਵਿਗਿਆਨੀਆਂ ਅਤੇ ਉਦਯੋਗਪਤੀਆਂ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ। ਉਹ ਰਾਜਨੀਤੀ ਨੂੰ ਉਤਪਾਦਨ ਦਾ ਵਿਗਿਆਨ ਮੰਨਦਾ ਹੈ। ਉਹ ਸੰਪਤੀ ਨੂੰ ਬਹੁਤ ਮਹੱਤਵ ਦਿੰਦਾ ਸੀ। ਉਹ ਲੋਕਾਂ ਦੀ ਤਾਨਾਸ਼ਾਹੀ ਦੇ ਹੱਕ ਵਿੱਚ ਸੀ। ਫੋਰੀਅਰ ਦਾ ਪਰਮਾਤਮਾ ਦੀ ਹੋਂਦ ਵਿੱਚ ਬੇਹੱਦ ਵਿਸ਼ਵਾਸ ਸੀ। ਉਸ ਅਨੁਸਾਰ ਸਾਰੀ ਸ੍ਰਿਸ਼ਟੀ ਨਿਯਮਾਂ ਅਨੁਸਾਰ ਚੱਲਦੀ ਹੈ, ਉਹ ਵੱਡੇ ਉਦਯੋਗਾਂ ਦੇ ਹੱਕ ਵਿੱਚ ਨਹੀਂ ਸੀ ਸਗੋਂ ਖੇਤੀ-ਬਾੜੀ ਅਤੇ ਉਸ ਨਾਲ ਸੰਬੰਧਿਤ ਸਾਦੇ ਜੀਵਨ ਉੱਪਰ ਜ਼ੋਰ ਦਿੰਦਾ ਸੀ। ਓਵਨ ਅਨੁਸਾਰ ਮਨੁੱਖ ਆਪਣਾ ਚਰਿੱਤਰ ਖ਼ੁਦ ਬਣਾਉਣਾ ਹੈ, ਇਹ ਗੱਲ ਗ਼ਲਤ ਹੈ, ਉਸਦੇ ਹਾਲਾਤ ਅਤੇ ਵਾਤਾਵਰਨ ਉਸਦੇ ਚਰਿੱਤਰ ਨੂੰ ਬਣਾਉਂਦੇ ਹਨ।

4.       ਸੰਘ ਸਮਾਜਵਾਦ : ਇਸ ਅਨੁਸਾਰ ਲੋਕਤੰਤਰ ਦੇ ਸਿਧਾਂਤਾਂ ਨੂੰ ਸਮਾਜਿਕ ਜੀਵਨ ਦੇ ਖੇਤਰ ਤੱਕ ਹੀ ਸੀਮਿਤ ਨਹੀਂ ਰੱਖਣਾ ਚਾਹੀਦਾ ਸਗੋਂ ਇਸਦਾ ਪ੍ਰਯੋਗ ਸਮੁੱਚੇ ਆਰਥਿਕ ਅਤੇ ਸੱਭਿਆਚਾਰਿਕ ਜੀਵਨ ਲਈ ਹੋਣਾ ਚਾਹੀਦਾ ਹੈ। ਸੰਘ ਸਮਾਜਵਾਦ ਦੀ ਬੁਨਿਆਦੀ ਮੰਗ ਇਹ ਹੈ ਕਿ ਸਮਾਜ ਦੇ ਸਮੁੱਚੇ ਢਾਂਚੇ ਨੂੰ ਹੀ ਲੋਕਤਾਂਤਰਿਕ ਬਣਾਇਆ ਜਾਵੇ। ਇਸਦੇ ਪੈਰੋਕਾਰ ਥੌਮਸ ਕਾਰਲਾਇਲ ਅਤੇ ਜੋਹਨ ਰਸਕਿਨ ਹੋਏ ਹਨ। ਇਹਨਾਂ ਤੋਂ ਬਾਅਦ ਏ.ਜੇ. ਪੇਂਟੀ ਉਰੇਜ ਅਤੇ ਐੱਸ.ਜੀ. ਹੌਬਸਨ ਦੀਆਂ ਲਿਖਤਾਂ ਵਿੱਚ ਇਸਦੇ ਵਿਚਾਰ ਮਿਲਦੇ ਹਨ। ਇਹਨਾਂ ਤੋਂ ਇਲਾਵਾ ਜੀ.ਡੀ.ਕੋਲ, ਆਰ.ਐੱਚ.ਟਾਅਨੇ ਅਤੇ ਬਰਟਰੈਂਡ ਰਸਲ ਵੀ ਇਸਦੇ ਪੈਰੋਕਾਰ ਸਨ। ਸੰਘ-ਸਮਾਜਵਾਦ ਦੇ ਟੀਚੇ ਇਹ ਹਨ :

(ੳ) ਮਜ਼ਦੂਰ ਪ੍ਰਨਾਲੀ ਨੂੰ ਖ਼ਤਮ ਕਰਨਾ।

(ਅ) ਉਦਯੋਗ ਵਿੱਚ ਸ੍ਵੈ-ਸਰਕਾਰ ਦੀ ਸਥਾਪਨਾ ਕਰਨਾ।

(ੲ) ਕਿਰਿਆਤਮਿਕ ਲੋਕਤੰਤਰ।

(ਸ) ਉਦਯੋਗ ਉੱਪਰ ਕਾਮਿਆਂ ਅਤੇ ਦਿਮਾਗੀ ਕੰਮ ਕਰਨ ਵਾਲਿਆਂ ਦੋਹਾਂ ਦਾ ਕੰਟ੍ਰੋਲ ਹੋਣਾ।

(ਹ) ਰਾਜਨੀਤਿਕ ਸੱਤਾ ਦੇ ਕੰਮਾਂ ਦੀ ਹੱਦ-ਬੰਦੀ ਕਰਨਾ।

ਫੇਬੀਅਨ ਸਮਾਜਵਾਦ : ਇੰਗਲੈਂਡ ਵਿੱਚ ਸਮੂਹਵਾਦੀ ਸਮਾਜਵਾਦ ਨੂੰ ਫੇਬੀਅਨਬਾਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪ੍ਰੋ. ਥੌਮਸ ਡੇਵਿਡਸਨ ਸੰਸਾਰ ਨੂੰ ਸੁਧਾਰਨ ਦੇ ਮੰਤਵ ਲਈ ਅਤੇ ਮਨੁੱਖੀ ਜੀਵਨ ਨੂੰ ਉਚਤਮ ਨੈਤਿਕਤਾ ਉੱਪਰ ਆਧਾਰਿਤ ਕਰਨ ਲਈ ਇੱਕ ਫੈਲੋਸ਼ਿਪ ਆਫ ਦਾ ਨਿਊ ਲਾਈਫ਼ ਨਾਮ ਯੋਜਨਾ ਬਣਾਉਣੀ ਚਾਹੁੰਦਾ ਸੀ। ਜਿਸਦਾ ਉਦੇਸ਼ ਹਰੇਕ ਵਿਅਕਤੀ ਦਾ ਪੂਰਨ ਚਰਿੱਤਰ ਨਿਰਮਾਣ ਕਰਨਾ ਸੀ। ਸਿੱਟੇ ਵਜੋਂ ਜਨਵਰੀ 1844 ਨੂੰ ਫੇਬੀਅਨ ਸੁਸਾਇਟੀ ਹੋਂਦ ਵਿੱਚ ਆਈ ਜਿਸਦੇ ਮੈਂਬਰ ਐਡਵਰਡ ਸਿਡਨੀ ੳਲੀਵਰ, ਜਾਰਜ ਬਰਨਾਰਡ ਸ਼ਾਹ ਗਰੈਹਮ ਵੈਲਜ਼ ਆਨੇਬਸੰਤ, ਵੈਬ ਬਾਅਦ ਵਿੱਚ ਹੋਰ ਮੈਂਬਰ ਸ਼ਾਮਲ ਹੋ ਗਏ ਜਿਵੇਂ ਲਾਸਕੀ, ਟੇਅਨੀ, ਫਾਈਨਰ, ਫੁਲਫੇ ਆਦਿ।

ਫੇਬੀਅਨਾਂ ਦਾ ਉਦੇਸ਼ ਸਮਾਜ ਦੇ ਸਾਰੇ ਮੈਂਬਰਾਂ ਲਈ ਸਮਾਜ ਦੁਆਰਾ ਪੈਦਾ ਕੀਤੇ ਮੁੱਲਾਂ ਦੀ ਪ੍ਰਾਪਤੀ ਕਰਨਾ ਹੈ। ਇਸਦਾ ਉਦੇਸ਼ ਵਿਅਕਤੀ ਅਤੇ ਸ਼੍ਰੇਣੀ ਮਾਲਕੀਅਤ ਤੋਂ ਭੂਮੀ ਅਤੇ ਧਨ ਲੈ ਕੇ ਸਮੁਦਾਇ ਵਿੱਚ ਲਗਾਉਣਾ ਹੈ ਤਾਂ ਕਿ ਸਾਰਿਆਂ ਦਾ ਫ਼ਾਇਦਾ ਹੋ ਸਕੇ। ਇਸ ਤੋਂ ਇਲਾਵਾ ਸਾਰੇ ਉਦਯੋਗਾਂ ਦਾ ਪ੍ਰਬੰਧ ਸਮੁਦਾਇ ਦੇ ਹੱਥਾਂ ਵਿੱਚ ਹੋਣਾ ਚਾਹੀਦਾ ਹੈ। ਫਰੈਂਕ ਪੋਡਮੋਰ ਲਿਖਦਾ ਹੈ, “ਫੇਬੀਅਨਾਂ ਦਾ ਉਦੇਸ਼ ਸਮਾਜ ਦੇ ਢਾਂਚੇ ਨੂੰ ਹੌਲੀ-ਹੌਲੀ ਪ੍ਰਕਿਰਿਆ ਰਾਹੀਂ ਲੋਕਤੰਤਰੀ ਰਾਜ ਅਤੇ ਸੰਵਿਧਾਨਿਕ ਢੰਗਾਂ ਨਾਲ ਬਦਲਣਾ ਹੈ। ਬਰਨਾਰਡ ਸ਼ਾਹ ਲਿਖਦਾ ਹੈ, “ਫੇਬੀਅਨ ਇਨਕਲਾਬੀ ਸਿਧਾਂਤਾਂ ਦੇ ਅਨੰਦਮਈ ਅਰਾਮ ਨੂੰ ਤਿਆਗਣ ਲਈ ਤਿਆਰ ਹੋ ਗਏ ਸਨ ਅਤੇ ਉਹ ਸਧਾਰਨ ਪਾਰਲੀਮੈਂਟਰੀ ਲੀਹਾਂ ਉੱਪਰ ਵਿਹਾਰਿਕ ਸੁਧਾਰਾਂ ਲਈ ਸਖ਼ਤ ਮਿਹਨਤ ਕਰਨ ਲਈ ਵੀ ਤਿਆਰ ਹੋ ਗਏ ਸਨ।”


ਲੇਖਕ : ਜੀ.ਐੱਸ.ਸੰਧੂ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 6967, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-18-03-33-27, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.