ਅਰੂੜ ਸਿੰਘ, ਸਰ (1865-1926 ਈ.) ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਅਰੂੜ ਸਿੰਘ, ਸਰ (1865-1926 ਈ.): ਅੰਮ੍ਰਿਤਸਰ ਜ਼ਿਲ੍ਹੇ ਦੇ ਨੌਸ਼ਹਿਰਾ ਨੰਗਲੀ ਵਿਚ ਸ. ਹਰਨਾਮ ਸਿੰਘ , ਡੀ.ਐਸ.ਪੀ. ਦੇ ਘਰ ਸੰਨ 1865 ਈ. ਵਿਚ ਪੈਦਾ ਹੋਇਆ ਅਰੂੜ ਸਿੰਘ ਸੰਨ 1907 ਤੋਂ 1920 ਈ. ਤਕ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਤਰਨਤਾਰਨ ਦਾ ਮੈਨੇਜਰ (ਸਰਬਰਾਹ) ਰਿਹਾ। ਅਜੇ ਇਹ ਚਾਰ ਸਾਲਾਂ ਦਾ ਸੀ ਕਿ ਇਸ ਦੇ ਪਿਤਾ ਦਾ ਦੇਹਾਂਤ ਹੋ ਗਿਆ। ਸ਼ੇਰਗਿਲ ਰਈਸ ਪਰਿਵਾਰ ਨਾਲ ਸੰਬੰਧਿਤ ਹੋਣ ਕਾਰਣ ਇਸ ਪਰਿਵਾਰ ਦਾ ਅੰਗ੍ਰੇਜ਼ ਸਰਕਾਰ ਵਿਚ ਕਾਫ਼ੀ ਆਦਰ-ਮਾਣ ਸੀ। ਸਰਕਾਰੀ ਹਾਈ ਸਕੂਲ ਅੰਮ੍ਰਿਤਸਰ ਤੋਂ ਦਸਵੀਂ ਪਾਸ ਕਰਨ ਉਪਰੰਤ ਇਹ ਆਪਣੀ ਜਾਇਦਾਦ ਦੇ ਕੰਮਾਂ ਵਿਚ ਰੁਝ ਗਿਆ ਅਤੇ ਸੰਨ 1885 ਈ. ਵਿਚ 20 ਸਾਲਾਂ ਦਾ ਹੋਣ’ਤੇ ਇਸ ਨੂੰ ਸਾਰੀ ਜਾਇਦਾਦ ਦਾ ਅਧਿਕਾਰੀ ਬਣਾ ਦਿੱਤਾ ਗਿਆ। ਸੰਨ 1888 ਈ. ਵਿਚ ਇਸ ਨੂੰ ਮਾਨਾਰਥ ਮੈਜਿਸਟ੍ਰੇਟ ਦਰਜਾ ਦੋਇਮ ਬਣਾਇਆ ਗਿਆ ਅਤੇ ਸੰਨ 1907 ਈ. ਵਿਚ ਇਸ ਨੂੰ ਦਰਜਾ ਅਵਲ ਲਈ ਤਰੱਕੀ ਦੇ ਦਿੱਤੀ ਗਈ ।
ਇਸ ਦਾ ਦਾਦਾ ਸ. ਜੱਸਾ ਸਿੰਘ, ਸ. ਲਹਿਣਾ ਸਿੰਘ ਮਜੀਠੀਆਂ ਦੇ ਅਧੀਨ ਦੋ ਸਾਲ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਵਿਵਸਥਾਪਕ ਰਹਿ ਚੁਕਿਆ ਸੀ। ਇਸ ਪਿਛੋਕੜ ਨੂੰ ਸਾਹਮਣੇ ਰਖਦਿਆਂ ਅੰਗ੍ਰੇਜ਼ ਸਰਕਾਰ ਨੇ ਸੰਨ 1907 ਈ. ਵਿਚ ਇਸ ਨੂੰ ਦੋ ਗੁਰੂ-ਧਾਮਾਂ (ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਤਰਨਤਾਰਨ) ਦਾ ਸਰਬਰਾਹ ਨਿਯੁਕਤ ਕਰ ਦਿੱਤਾ। ਇਸ ਦੇ ਵਿਰੁੱਧ ਇਹ ਸ਼ਿਕਾਇਤ ਸੀ ਕਿ ਇਸ ਨੇ ਤੋਸ਼ਾਖ਼ਾਨੇ ਦੀਆਂ ਕੁਝ ਕੀਮਤੀ ਵਸਤੂਆਂ ਖ਼ੁਰਦ-ਬੁਰਦ ਕੀਤੀਆਂ ਸਨ। ਪਰ ਇਹ ਦੋਸ਼ ਸਿੱਧ ਨ ਹੋ ਸਕਿਆ। ਜਦੋਂ ਇਸ ਨੇ ਦਰਬਾਰ ਸਾਹਿਬ ਦੇ ਪੁਜਾਰੀਆਂ ਨਾਲ ਮਿਲ ਕੇ ਸੰਨ 1919 ਈ. ਵਿਚ ਜਲਿਆਂ ਵਾਲੇ ਬਾਗ਼ ਦੇ ਸਾਕੇ ਨਾਲ ਸੰਬੰਧਿਤ ਜਨਰਲ ਡਾਇਰ ਨੂੰ ਸਰੋਪਾ ਦਿੱਤਾ ਤਾਂ ਸਿੱਖ ਜਨਤਾ ਵਲੋਂ ਇਹ ਮੰਗ ਜ਼ੋਰ ਪਕੜ ਗਈ ਕਿ ਇਸ ਨੂੰ ‘ਸਰਬਰਾਹ’ ਪਦ ਤੋਂ ਹਟਾ ਦਿੱਤਾ ਜਾਏ। ਇਸ ਨੇ ਸੰਨ 1920 ਈ. ਨੂੰ ਖ਼ੁਦ ਹੀ ਤਿਆਗ-ਪੱਤਰ ਦੇ ਦਿੱਤਾ ਅਤੇ ਜਲਿਆਂ ਵਾਲੇ ਬਾਗ਼ ਵਿਚ ਜਾ ਕੇ ਆਮ ਜਨਤਾ ਤੋਂ ਮਾਫ਼ੀ ਵੀ ਮੰਗੀ ।
ਅੰਗ੍ਰੇਜ਼ ਸਰਕਾਰ ਨੇ ਇਸ ਦੀਆਂ ਖ਼ਿਦਮਤਾਂ ਨੂੰ ਸਾਹਮਣੇ ਰਖਦੇ ਹੋਇਆਂ ਸੰਨ 1921 ਈ. ਨੂੰ C.I.E. ਵਜੋਂ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਵੀ ਇਸ ਨੂੰ ਸਰਦਾਰ ਬਹਾਦਰ, ਸਰ ਆਦਿ ਤਖ਼ਲਸ ਮਿਲ ਚੁਕੇ ਸਨ। ਜਨਰਲ ਡਾਇਰ ਨੂੰ ਸਨਮਾਨਿਤ ਕਰਨ ਵਾਲੀ ਗੱਲ ਦਾ ਮਹਾ-ਪਾਪ ਇਸ ਨੂੰ ਅੰਦਰੋਂ-ਅੰਦਰੀ ਖੋਰਦਾ ਰਿਹਾ ਅਤੇ ਸੰਨ 1926 ਈ. ਵਿਚ ਇਸ ਦਾ ਦੇਹਾਂਤ ਹੋ ਗਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 662, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First