ਤੁਰਕੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੁਰਕੀ [ਨਾਂਪੁ] ਇੱਕ ਦੇਸ਼ ਦਾ ਨਾਮ [ਵਿਸ਼ੇ] ਤੁਰਕ ਲੋਕਾਂ ਨਾਲ ਸੰਬੰਧਿਤ [ਨਾਂਇ] ਇੱਕ ਭਾਸ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1768, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੁਰਕੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੁਰਕੀ. ਸੰਗ੍ਯਾ—ਤੁਰਕਿਸਤਾਨ ਦੀ ਬੋਲੀ । ੨ ਤੁਰਕਿਸਤਾਨ ਦੀ ਵਸਤੁ। ੩ ਤੁਰਕਿਸਤਾਨ ਦਾ ਘੋੜਾ. “ਤਾਜੀ ਤੁਰਕੀ ਸੁਇਨਾ ਰੁਪਾ.” (ਗਉ ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1742, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤੁਰਕੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤੁਰਕੀ (ਗੁ.। ਫ਼ਾਰਸੀ) ੧. ਤੁਰਕਸਤਾਨ ਦੀ (ਕੋਈ ਸ਼ੈ, ਬੋਲੀ , ਘੋੜਾ ਆਦਿ)।

੨. ਤੁਰਕਸਤਾਨ ਦਾ ਘੋੜਾ। ਯਥਾ-‘ਤਾਜੀ ਤੁਰਕੀ ਸੁਇਨਾ ਰੁਪਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1729, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਤੁਰਕੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤੁਰਕੀ : ਰੂਮ ਸਾਗਰ ਦੇ ਉੱਤਰ-ਪੂਰਬੀ ਸਿਰੇ ਤੇ ਯੂਰਪ ਅਤੇ ਏਸ਼ੀਆ ਦੀ ਸਰਹੱਦ ਉੱਤੇ ਵਾਕਿਆ ਇਹ ਇਕ ਗਣਰਾਜ ਹੈ ਜਿਸ ਦਾ 95 ਫੀਸਦੀ ਖੇਤਰ ਏਸ਼ੀਆ ਮਹਾਂਦੀਪ ਵਿਚ ਅਤੇ 5 ਫੀਸਦੀ ਯੂਰਪ ਮਹਾਂਦੀਪ ਵਿਚ ਪੈਂਦਾ ਹੈ। ਇਸ ਦਾ ਕੁੱਲ ਖੇਤਰਫਲ 7,79,452 ਵ. ਕਿ. ਮੀ. (ਸਮੇਤ ਝੀਲਾਂ) ਹੈ ਜਿਸ ਵਿਚੋਂ 23,764 ਵ. ਕਿ. ਮੀ. ਖੇਤਰ ਯੂਰਪ (ਥਰੈਸ) ਅਤੇ 7,55,688 ਵ. ਕਿ. ਮੀ. ਏਸ਼ੀਆ (ਅਨਾਤੋਲੀਆ) ਵਿਚ ਪੈਂਦਾ ਹੈ। ਏਜੀਅਨ ਸਾਗਰ ਵਿਚ ਸਥਿਤ ਦੋ ਟਾਪੂ-ਇਮਰੋਜ ਅਤੇ ਬੋਜ਼ਕਾਡਾ ਵੀ ਤੁਰਕੀ ਵਿਚ ਸ਼ਾਮਲ ਹਨ। ਇਸ ਦੀ ਕੁੱਲ ਆਬਾਦੀ 5,98,70,000 (1993) ਹੈ। ਇਸ ਦੇਸ਼ ਦੀਆਂ ਹੱਦਾਂ ਪੂਰਬ ਵੱਲ ਈਰਾਨ, ਜਾਰਜੀਆ ਅਤੇ ਆਰਮੀਨੀਆ, ਦੱਖਣ ਵੱਲ ਇਰਾਕ, ਸੀਰੀਆ ਅਤੇ ਰੂਮ ਸਾਗਰ; ਪੱਛਮ ਵੱਲ ਯੂਨਾਨ ਅਤੇ ਏਜੀਅਨ ਸਾਗਰ ਅਤੇ ਉੱਤਰ ਵੱਲ ਕਾਲੇ ਸਾਗਰ, ਬੁਲਗਾਰੀਆ ਨਾਲ ਲਗਦੀਆਂ ਹਨ। ਇਥੋਂ ਦੀ ਰਾਜਧਾਨੀ ਅੰਕਾਰਾ ਹੈ।

ਦੋਵੇਂ ਮਹਾਂਦੀਪਾਂ ਵਿਚਕਾਰ ਸਥਿਤ ਹੋਣ ਕਾਰਨ ਇਹ ਦੋਵਾਂ ਮਹਾਂਦੀਪਾਂ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ਰਾਜਸੀ ਮਸਲਿਆਂ ਵਿਚ ਇਹ ਕਾਫ਼ੀ ਖਿਚੋਤਾਣ ਦੀ ਥਾਂ ਹੈ। ਸੰਸਕ੍ਰਿਤੀ ਅਤੇ ਸਭਿਆਚਾਰਕ ਪਖੋਂ ਵੀ ਇਹ ਦੋਹਾਂ ਮਹਾਂਦੀਪਾਂ ਦੇ ਪ੍ਰਭਾਵਾਂ ਹੇਠਾਂ ਹੈ। ਇਥੇ ਪੂਰਵ ਇਤਿਹਾਸਕ ਸਮਿਆਂ ਤੋਂ ਹੀ ਵੱਖ-ਵੱਖ ਦਿਸ਼ਾਵਾਂ ਤੋਂ ਲੋਕ ਆਉਂਦੇ ਰਹੇ ਹਨ ਅਤੇ ਸਾਮਰਾਜ ਵੀ ਸਥਾਪਿਤ ਕਰਦੇ ਰਹੇ ਹਨ। ਇਸੇ ਕਰਕੇ ਸੰਸਾਰ-ਪ੍ਰਸਿੱਧ ਸੱਭਿਅਤਾਵਾਂ ਦਾ ਇਹ ਗੜ੍ਹ ਰਿਹਾ ਹੈ। ਮੁਸਲਮਾਨਾਂ ਦੀ ਵੱਧ ਗਿਣਤੀ ਦੇ ਬਾਵਜੂਦ ਵੀ ਇਹ 1923 ਈ. ਤੋਂ ਧਰਮ ਨਿਰਪੱਖ, ਲੋਕਰਾਜੀ ਗਣਰਾਜ ਬਣਿਆ ਹੋਇਆ ਹੈ। ਰਹਿਣ-ਸਹਿਣ ਦੇ ਤੌਰ ਤਰੀਕਿਆਂ ਵਿਚ ਇਹ ਪੱਛਮ ਦੇ ਪ੍ਰਭਾਵ ਹੇਠਾਂ ਹੈ। ਇਸਨੇ ਪੱਛਮੀ ਤੌਰ ਤਰੀਕੇ ਅਪਨਾਉਣ ਵਿਚ ਕੋਈ ਕਸਰ ਨਹੀਂ ਛੱਡੀ। ਅੱਜਕੱਲ੍ਹ ਇਸ ਨੇ ਕਈਆਂ ਦੇਸ਼ਾਂ ਨਾਲ ਆਰਥਿਕ ਅਤੇ ਰਾਜਸੀ ਸਮਝੌਤੇ ਕੀਤੇ ਹੋਏ ਹਨ ਅਤੇ ਇਹ ਕਈ ਆਰਥਿਕ ਗੁੱਟਬੰਦੀਆਂ ਜਿਵੇਂ ਨਾਟੋ, ਯੂਰਪੀ ਆਰਥਿਕ ਸਹਿਯੋਗ ਸੰਗਠਨ (OEEC), ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ, ੳ.ਈ. ਸੀ. ਡੀ. (O.E.C.D) ਅਤੇ ਸੰਯੁਕਤ ਰਾਸ਼ਟਰ ਸੰਘ ਦਾ ਮੈਂਬਰ ਹੈ।

ਭੂ-ਆਕ੍ਰਿਤੀ ਵਿਗਿਆਨ

ਇਹ ਦੇਸ਼ ਆਇਤਾਕਾਰ ਆਕਾਰ ਦਾ ਹੈ। ਇਸਦੀ ਪੂਰਬ ਤੋਂ ਪੱਛਮ ਵੱਲ ਲੰਬਾਈ 1,552 ਕਿ. ਮੀ. (970 ਮੀਲ) ਅਤੇ ਉੱਤਰ ਤੋਂ ਦੱਖਣ ਵੱਲ ਚੌੜਾਈ 640 ਕਿ. ਮੀ. (400 ਮੀਲ) ਹੈ। ਭੂਗੋਲਿਕ ਵੰਡ ਅਨੁਸਾਰ ਇਸ ਦੇਸ਼ ਦੇ ਦੋ ਹਿੱਸੇ ਹਨ– ਸਾਹਿਲੀ ਮੈਦਾਨ ਅਤੇ ਅੰਦਰਵਾਰ ਦੇ ਪਠਾਰੀ ਖੇਤਰ।

ਸਾਹਿਲੀ ਮੈਦਾਨ – ਇਹ ਮੈਦਾਨ ਸਮੁੰਦਰੀ ਤਟ ਦੇ ਨਾਲ

ਨਾਲ ਇਕ ਤੰਗ ਜਿਹੀ ਪੱਟੀ ਦੀ ਸ਼ਕਲ ਵਿਚ ਹਨ। ਇਹ ਮੈਦਾਨ ਕਾਲਾ ਸਾਗਰ, ਮਾਰਮਰਾ ਸਾਗਰ, ਏਜੀਅਨ ਸਾਗਰ ਅਤੇ ਰੂਮ ਸਾਗਰ ਦੇ ਨਾਲ ਲਗਦੇ ਹਨ। ਕਾਲੇ ਸਾਗਰ ਦਾ ਤੱਟੀ ਖੇਤਰ ਪਾਂਟਿਕ ਪਰਬਤਾਂ ਦੇ ਉੱਤਰ ਵੱਲ ਪੈਂਦਾ ਹੈ। ਤੁਰਕੀ ਦੇ ਪੱਛਮੀ ਹਿੱਸੇ ਵਿਚ ਪੈਂਦੇ ਤਟੀ ਮੈਦਾਨ ਦਾ ਕੁਝ ਹਿੱਸਾ ਸਮੁੰਦਰ ਦੇ ਪਾਣੀ ਹੇਠਾਂ ਵੀ ਡੁੱਬਿਆ ਹੋਇਆ ਹੈ। ਇਥੇ ਕਈ ਪ੍ਰਾਇਦੀਪ ਵੀ ਹਨ। ਪੱਛਮੀ ਤੁਰਕੀ ਦੇ ਤਾਰਸ ਤੇ ਸਿਮਾਲੀ ਅਨਾਡਾਲੂ ਪਰਬਤਾਂ ਦੇ ਕੁਝ ਹਿੱਸੇ ਸਮੁੰਦਰ ਹੇਠਾਂ ਡੁੱਬੇ ਹੋਏ ਹਨ। ਇਨ੍ਹਾਂ ਦੀਆਂ ਪਾਣੀ ਹੇਠਾਂ ਡੁੱਬੀਆਂ ਸਿਖਰਾਂ ਟਾਪੂਆਂ ਦੀ ਸ਼ਕਲ ਵਿਚ ਬਾਹਰ ਵਿਖਾਈ ਦਿੰਦੀਆਂ ਹਨ।

ਅੰਦਰਵਾਰ ਦੇ ਪਠਾਰੀ ਖੇਤਰ – ਉਪਰੋਕਤ ਸਾਹਿਲੀ ਮੈਦਾਨਾਂ ਦੇ ਅੰਦਰ ਅਨਾਤੋਲੀਆ ਦੀ ਪਠਾਰ ਹੈ ਜਿਸਨੇ ਤੁਰਕੀ ਦਾ ਕੇਂਦਰੀ-ਪੂਰਬੀ ਅਤੇ ਦੱਖਣ-ਪੂਰਬੀ ਖੇਤਰ ਮੱਲਿਆ ਹੋਇਆ ਹੈ। ਇਸ ਪਠਾਰ ਦੀ ਔਸਤ ਉਚਾਈ 760 ਮੀ. (2,500 ਫੁੱਟ) ਤੋਂ 914 ਮੀ. (3,000 ਫੁੱਟ) ਦੇ ਲਗਭਗ ਹੈ। ਪਠਾਰ ਦੇ ਉੱਤਰ ਵਿਚ ਪਾਂਟਿਕ ਪਰਬਤ ਅਤੇ ਦੱਖਣ ਵਲ ਤਾਰਸ ਪਰਬਤ ਹਨ। ਪੂਰਬੀ ਤੁਰਕੀ ਵਿਚ ਅਨਾਤੋਲਾਈ ਦੇ ਉੱਚ-ਨੀਵੇਂ ਪਹਾੜ ਹਨ। ਇਸੇ ਪੂਰਬੀ ਪਠਾਰੀ ਹਿੱਸੇ ਵਿਚ ਕਈ ਜਵਾਲਾਮੁਖੀ ਵੀ ਹਨ ਜਿਨ੍ਹਾਂ ਵਿਚ ਸਭ ਤੋਂ ਉੱਚੀ ਜਵਾਲਾਮੁਖੀ ਸਿਖਰ ਐਰਾਰਾਤ ਹੈ ਜਿਸਦੀ ਉਚਾਈ 5,135 ਮੀ. (16,946 ਫੁੱਟ) ਹੈ। ਦੂਜੀ ਉੱਚੀ ਸਿਖ਼ਰ ਸੁਫ਼ਾਨ, ਵਾਨ ਝੀਲ ਦੇ ਉੱਤਰ ਵੱਲ ਹੈ ਜਿਹੜੀ ਕਿ 4,408 ਮੀ. ਉੱਚੀ ਹੈ। ਇਸੇ ਤਰ੍ਹਾਂ ਪੂਰਬੀ ਪਠਾਰ ਦੇ ਪੱਛਮ ਵਿਚ ਇਕ ਹੋਰ 3,893 ਮੀ. ਉੱਚਾ ਬੁਝਿਆ ਹੋਇਆ ਜਵਾਲਾਮੁਖੀ ਹੈ।

ਜ੍ਰਲ-ਪ੍ਰਵਾਹ – ਤੁਰਕੀ ਦੇ ਦਰਿਆ ਤਕਰੀਬਨ ਛੋਟੇ ਹਨ ਪਰ ਕਜ਼ਿਲ ਦਰਿਆ ਦੇਸ਼ ਦਾ ਸਭ ਤੋਂ ਲੰਬਾ ਦਰਿਆ ਹੈ। ਇਥੋਂ ਦੇ ਦਰਿਆ ਸਮੁੰਦਰ ਨੇੜੇ ਦੇ ਪਰਬਤਾਂ ਵਿਚੋਂ ਨਿਕਲਦੇ ਹਨ ਅਤੇ ਛੇਤੀ ਹੀ ਸਮੁੰਦਰ ਵਿਚ ਜਾ ਕੇ ਡਿਗਦੇ ਹਨ। ਸਕਾਰਯਾ ਅਤੇ ਕਜ਼ਿਲ ਦਰਿਆ ਉੱਤਰ ਵੱਲ ਵਹਿੰਦੇ ਹੋਏ ਕਾਲੇ ਸਾਗਰ ਵਿਚ ਜਾ ਕੇ ਡਿਗਦੇ ਹਨ। ਸੀਹਾਨ ਦਰਿਆ ਜਿਸ ਉਪਰ ਆਦਾਨ ਹੁਣ ਅਦਨ ਸ਼ਹਿਰ ਵੱਸਿਆ ਹੋਇਆ ਹੈ, ਰੂਮ ਸਾਗਰ ਵਿਚ ਡਿਗਣ ਵਾਲਾ ਪ੍ਰਮੁੱਖ ਦਰਿਆ ਹੈ। ਦਜਲਾ ਅਤੇ ਫਰਾਤ ਦਰਿਆ ਪੂਰਬ ਦੇ ਪਹਾੜਾਂ ਵਿਚੋਂ ਨਿਕਲ ਕੇ, ਦੱਖਣ-ਪੂਰਬ ਵੱਲ ਵਹਿੰਦੇ ਹੋਏ, ਖਾੜੀ ਫਾਰਸ ਵਿਚ ਜਾ ਡਿਗਦੇ ਹਨ। ਬੁਯਕ ਮੈਨਡਾਰੈਸ ਅਤੇ ਗਦੀਜ਼ ਦਰਿਆ ਪੱਛਮ ਵੱਲ ਵਗਦੇ ਹੋਏ, ਏਜੀਅਨ ਸਾਗਰ ਵਿਚ ਡਿੱਗਣ ਵਾਲੇ ਪ੍ਰਮੁੱਖ ਦਰਿਆ ਹਨ। ਅਨਾਤੋਲੀਆ ਪਠਾਰ ਦੇ ਪੂਰਬੀ ਹਿੱਸੇ ਵਿਚਲੇ ਜਲ-ਨਿਖੇੜ ਦੇ ਪੱਛਮੀ ਅਤੇ ਉੱਤਰੀ ਖੇਤਰਾਂ ਦਾ ਜਲ-ਨਿਕਾਸ ਕਾਲੇ ਸਾਗਰ ਵਿਚ ਹੁੰਦਾ ਹੈ ਜਦੋਂ ਕਿ ਪੱਛਮੀ ਤੁਰਕੀ ਦਾ ਜਲ-ਨਿਕਾਸ ਮਾਰਮਰਾ ਸਾਗਰ ਵਿਚ ਹੁੰਦਾ ਹੈ।

ਇਸ ਦੇਸ਼ ਵਿਚ ਅਣ-ਗਿਣਤ ਝੀਲਾਂ ਹਨ ਜਿਨ੍ਹਾਂ ਵਿਚੋਂ ਕੇਂਦਰੀ ਮੱਧ-ਵਰਤੀ ਤੁਰਕੀ ਵਿਚ ਪੈਂਦੀ ਤੂਜ਼ ਝੀਲ ਅਤੇ ਪੂਰਬ ਵੱਲ ਵਾਨ ਝੀਲ ਇਥੋਂ ਦੀਆਂ ਸਭ ਤੋਂ ਵੱਡੀਆਂ ਝੀਲਾਂ ਹਨ। ਵਾਨ ਝੀਲ ਦਾ ਪਾਣੀ ਖਾਰਾ ਹੈ ਕਿਉਂਕਿ ਇਸਦਾ ਕਿਸੇ ਪਾਸਿਓਂ ਵੀ ਜਲ-ਨਿਕਾਸ ਨਹੀਂ ਹੁੰਦਾ।

ਮਿੱਟੀ – ਤੁਰਕੀ ਵਿਚ ਕਈ ਤਰ੍ਹਾਂ ਦੀਆਂ ਮਿੱਟੀਆਂ ਮਿਲਦੀਆਂ ਹਨ। ਇਸ ਦੇਸ਼ ਦੇ ਬਹੁਤੇ ਹਿੱਸੇ ਦੀ ਮਿੱਟੀ ਦੀ ਤਹਿ ਪਤਲੀ ਹੈ ਕਿਉਂਕਿ ਮਿੱਟੀ ਦਾ ਬਹੁਤਾ ਹਿੱਸਾ ਕਾਂਟ-ਛਾਂਟ ਕਰਕੇ ਰੁੜ੍ਹ ਗਿਆ ਹੈ। ਕਈਆਂ ਥਾਵਾਂ ਤੇ ਜੰਗਲ ਸਾਫ਼ ਕਰਨ ਕਰਕੇ ਅਤੇ ਕਈਆਂ ਥਾਵਾਂ ਤੇ ਚਰਾਦਾਂ ਬਹੁਤੀਆਂ ਹੋਣ ਕਰਕੇ ਵੀ ਮਿੱਟੀ ਖੁਰ ਗਈ ਹੈ। ਤੱਟੀ ਅਤੇ ਹੇਠਲੇ ਮੈਦਾਨੀ ਖੇਤਰਾਂ ਦੀ ਮਿੱਟੀ ਉਪਜਾਊ ਹੈ।

ਜਲਵਾਯੂ – ਤੁਰਕੀ ਦੀ ਜਲਵਾਯੂ ਅਰਧ-ਖੁਸ਼ਕ ਜਿਹੀ ਹੈ। ਰੂਮ ਸਾਗਰ ਅਤੇ ਏਜੀਅਨ ਸਾਗਰ ਦੇ ਨਾਲ ਲਗਵੇਂ ਸਾਹਿਲੀ

ਮੈਦਾਨਾਂ ਦੀ ਜਲਵਾਯੂ ਰੂਮ ਸਾਗਰੀ ਹੈ। ਇਥੇ ਗਰਮੀ ਦੀ ਰੁੱਤ ਖੁਸ਼ਕ ਹੁੰਦੀ ਹੈ ਅਤੇ ਸਰਦੀ ਵਿਚ ਪੱਛਮੀ ਪੌਣਾਂ ਰਾਹੀ ਵਰਖਾ ਹੁੰਦੀ ਹੈ। ਇਥੇ ਸਲਾਨਾ ਵਰਖਾ 75 ਸੈਂ.ਮੀ. ਹੁੰਦੀ ਹੈ। ਸਰਦੀ ਵਿਚ ਇਥੇ ਸੀਤ ਹਵਾਵਾਂ ਚਲਦੀਆਂ ਹਨ। ਕਾਲੇ ਸਾਗਰ ਦੇ ਸਾਹਿਲੀ ਖੇਤਰਾਂ ਵਿਚ ਸਭ ਤੋਂ ਵੱਧ ਵਰਖਾ ਹੁੰਦੀ ਹੈ। ਇਥੇ 250 ਸੈਂ. ਮੀ, (100 ਇੰਚ) ਦੇ ਲਗਭਗ ਵਰਖਾ ਹੁੰਦੀ ਹੈ। ਰੂਮ ਸਾਗਰੀ ਤੱਟ ਦੇ ਮੁਕਾਬਲੇ ਇਥੇ ਠੰਢ ਜ਼ਿਆਦਾ ਪੈਂਦੀ ਹੈ। ਇਸੇ ਤਰ੍ਹਾਂ ਅਨਾਤੋਲੀਆ ਦੇ ਪਠਾਰੀ ਖੇਤਰ ਦੀ ਜਲਵਾਯੂ ਤੱਟੀ ਖੇਤਰਾਂ ਨਾਲ ਭਿੰਨ ਹੈ। ਸਰਦੀਆਂ ਵਿਚ ਸੀਤ ਪੌਣਾਂ ਇਥੋਂ ਦੀ ਜਲਵਾਯੂ ਨੂੰ ਠੰਢਾ ਕਰ ਦਿੰਦੀਆਂ ਹਨ ਅਤੇ ਤਾਪਮਾਨ 0° ਸੈਂ. ਤੱਕ ਪਹੁੰਚ ਜਾਂਦਾ ਹੈ। ਗਰਮੀ ਵਿਚ ਵਧੇਰੇ ਗਰਮੀ ਪੈਂਦੀ ਹੈ। ਇਥੇ ਕਦੇ-ਕਦੇ ਹਨੇਰੀਆਂ ਵੀ ਆਉਂਦੀਆਂ ਹਨ। ਆਰਮੀਨੀਆ ਦਾ ਪਹਾੜੀ ਭਾਗ ਇਸ ਨਾਲੋਂ ਵੀ ਠੰਢਾ ਹੈ। ਇਥੇ ਸਰਦੀ ਦੀ ਰੁੱਤ ਛੇ ਮਹੀਨੇ ਦੀ ਹੁੰਦੀ ਹੈ। ਇਸ ਲਈ ਲੋਕ ਇਸ ਹਿੱਸੇ ਨੂੰ ਤੁਰਕੀ ਦਾ ਸਾਇਬੇਰੀਆ ਆਖਦੇ ਹਨ।

ਬਨਸਪਤੀ ਅਤੇ ਜੀਵ ਜੰਤੂ – ਜਲਵਾਯੂ ਅਤੇ ਧਰਾਤਲ ਦੀ ਭੂਗੋਲਿਕ ਭਿੰਨਤਾ ਨੇ ਬਨਸਪਤੀ ਵਿਚ ਵੀ ਭਿੰਨਤਾ ਲੈ ਆਂਦੀ ਹੈ। ਕਾਲੇ ਸਾਗਰ ਨਾਲ ਲਗਵੇਂ ਸਾਹਿਲੀ ਖੇਤਰ ਵਿਚ ਸੰਘਣੇ ਜੰਗਲ ਹਨ। ਦੱਖਣੀ-ਪੱਛਮੀ ਅਤੇ ਉੱਤਰ-ਪੱਛਮੀ ਹਿੱਸਿਆਂ ਵਿਚ ਰੂਮ ਸਾਗਰੀ ਕਿਸਮਾਂ ਦੇ ਸੰਘਣੇ ਜੰਗਲ ਹਨ। ਅਨਾਤੋਲ ਦੀ ਪਠਾਰ ਖੁਸ਼ਕ ਹੈ ਅਤੇ ਇਥੇ ਸਟੈੱਪੀ ਘਾਹ ਦੇ ਮੈਦਾਨ ਫੈਲੇ ਹੋਏ ਹਨ। ਇਥੇ ਛੋਟੇ ਕੱਦ ਦੇ ਦਰਖ਼ਤ ਵੀ ਮਿਲਦੇ ਹਨ।

ਯੂਰਪ ਅਤੇ ਏਸ਼ੀਆ ਦੇ ਵਿਚਾਲੇ ਸਥਿਤ ਹੋਣ ਕਰਕੇ ਇਥੇ ਦੋਵੇਂ ਮਹਾਂਦੀਪਾਂ ਦੇ ਜੀਵ-ਜੰਤੂ ਵੇਖੇ ਜਾ ਸਕਦੇ ਹਨ। ਯੂਰਪੀ ਤੁਰਕੀ ਅਤੇ ਏਸ਼ੀਆਈ ਤੁਰਕੀ ਦੇ ਜਾਨਵਰਾਂ ਦੀਆਂ ਕਿਸਮਾਂ ਵਿਚ ਕੋਈ ਖ਼ਾਸ ਫਰਕ ਨਹੀਂ ਹੈ। ਭੇੜੀਏ, ਲੂੰਬੜੀ, ਜੰਗਲ ਸੂਰ, ਰਿੱਛ, ਹਿਰਨ, ਗਜ਼ਾਲ, ਲੱਕੜ ਬੱਗਾ ਇਥੋਂ ਦੇ ਜੰਗਲਾਂ ਵਿਚ ਆਮ ਮਿਲਦੇ ਹਨ। ਪੰਛੀਆਂ ਦੀਆਂ ਵੀ ਇਥੇ ਕਈ ਕਿਸਮਾਂ ਪਾਈਆਂ ਜਾਂਦੀਆ ਹਨ। ਬਰਾਲ, ਬਸਟਡ ਛੋਟਾ ਉਕਾਬ, ਸਾਰਸ, ਹੰਸ ਇਥੋਂ ਦੇ ਵਿਸ਼ੇਸ਼ ਪੰਛੀਆਂ ਵਿਚੋਂ ਹਨ। ਮੱਝਾਂ , ਗਧੇ, ਬਲਦ ਅਤੇ ਭੇਡਾਂ-ਬੱਕਰੀਆਂ ਇਥੋਂ ਦੇ ਪਾਲਤੂ ਜਾਨਵਰ ਹਨ।

ਇਤਿਹਾਸ

ਤੁਰਕੀ ਦੇ ਇਤਿਹਾਸ ਦਾ ਆਰੰਭ ਪ੍ਰਾਪਤ ਜਾਣਕਾਰੀ ਅਨੁਸਾਰ ਅਨਾਤੋਲੀਆ ਦੇ ਮੂਲ ਵਸਨੀਕਾਂ ਦੇ ਸਮੇਂ ਤੋਂ ਮੰਨਿਆ ਜਾ ਸਕਦਾ ਹੈ। 1900 ਈ. ਪੂ. ਦੇ ਲਗਭਗ ਇਸ ਖੇਤਰ ਵਿਚ ਇੰਡੋ-ਯੂਰਪੀ ਜਾਤੀਆਂ ਵਿਚ ਹਿਤੀ ਕਬੀਲਿਆਂ ਦਾ ਬੋਲਬਾਲਾ ਸ਼ੁਰੂ ਹੋਇਆ ਅਤੇ ਕੁਝ ਅਰਸੇ ਦੌਰਾਨ ਹੀ ਇਹ ਜਾਤੀਆਂ ਅੰਤਰ-ਰਾਸ਼ਟਰੀ ਪੱਧਰ ਦੀ ਤਾਕਤ ਬਣ ਬੈਠੀਆਂ ਅਤੇ ਲ. 700 ਵਰ੍ਹੇ ਤੱਕ (1200 ਈ. ਪੂ. ਤੀਕ) ਇਨ੍ਹਾਂ ਨੇ ਆਪਣੀ ਤਾਕਤ ਦੇ ਅਨਾਤੋਲੀਆ ਖੇਤਰ ਉਪਰ ਕਬਜ਼ਾ ਕੀਤਾ। ਇਸ ਸਮੇਂ ਤੁਰਕੀ ਦੇ ਪੂਰਬੀ ਖੇਤਰ ਵਿਚ ਇਥੋਂ ਦੇ ਮੂਲ ਵਸਨੀਕਾਂ ਦੇ ਬੰਸ ਦਾ ਰਾਜ ਸਥਾਪਿਤ ਹੋ ਗਿਆ ਜਿਸ ਨੂੰ ਆਰਮੀਨੀਆ ਬਾਦਸ਼ਾਹਤ ਵੀ ਕਿਹਾ ਜਾਂਦਾ ਸੀ। ਛੇਵੀਂ ਸਦੀ ਈ. ਪੂ ਦੌਰਾਨ ਤੁਰਕੀ ਦੇ ਅਨਾਤੋਲੀਆ ਖੇਤਰ ਵਿਚ ਪਰਸ਼ੀਅਨ ਸ਼ਹਿਨਸ਼ਾਹੀ ਕਾਬਜ਼ ਹੋ ਗਈ ਅਤੇ ਕੁਝ ਚਿਰ ਪਿਛੋਂ ਇਨ੍ਹਾਂ ਦੀ ਥਾਂ ਯੂਨਾਨੀ ਹੈਲਨਵਾਦੀ ਹਕੂਮਤ ਨੇ ਲੈ ਲਈ।

ਪਹਿਲੀ ਸਦੀ ਈ. ਪੂ. ਦੌਰਾਨ ਤੁਰਕੀ ਉਪਰ ਰੋਮਨ ਹਾਕਮ ਹਾਵੀ ਹੋਏ ਜਦੋਂ ਕਿ ਪੂਰਬੀ ਤੁਰਕੀ ਵਿਚ ਰੋਮਨ ਅਤੇ ਪਾਰਥੀ ਹਕੂਮਤਾਂ ਵਿਚਕਾਰ ਸਰਹੱਦੀ ਰਾਜ ਖੇਤਰ ਦੇ ਰੂਪ ਵਿਚ ਆਰਮੀਨੀਆਈ ਬਾਦਸ਼ਾਹਤ ਕਾਇਮ ਸੀ। ਰੋਮਨ ਹਕੂਮਤ ਪਿੱਛੋਂ ਪੱਛਮੀ ਤੁਰਕੀ ਖੇਤਰ ਉਪਰ ਬਾਜ਼ਨਤੀਨੀ ਤੋਂ ਪੂਰਬੀ ਸਾਸਾਨੀ ਰਾਜਿਆਂ ਦਾ ਰਾਜ ਆਇਆ। ਇਸ ਸਮੇਂ ਦੀ ਪੂਰਬੀ ਤੁਰਕੀ ਵਿਚ ਆਰਮੀਨੀਆਈਆਂ ਦੀ ਹਕੂਮਤ ਹੱਦ-ਬੰਦੀ ਦੇ ਰੂਪ ਵਿਚ ਕਾਇਮ ਰਹੀ। ਗਿਆਰਵੀਂ ਸਦੀ ਵਿਚ ਖਾਨਾਬਦੋਸ਼ ਤੁਰਕੀ ਲੋਕਾਂ ਦੇ ਓਗੂਜ਼ ਨਾਂ ਦੇ ਇਕ ਸਮੂਹ ਨੇ ਅਨਾਤੋਲੀਆ ਉਪਰ ਹੱਲਾਂ ਬੋਲ ਦਿੱਤਾ ਅਤੇ ਬਾਰ੍ਹਵੀਂ ਸਦੀ ਵਿਚ ਇਨ੍ਹਾਂ ਵਿਚੋਂ ਕਾਈ ਨਾਂ ਦਾ ਇਕ ਉਪ-ਕਬੀਲਾ, ਅਨਾਤੋਲੀਆ ਦੇ ਪੂਰਬੀ ਅਤੇ ਕੇਂਦਰੀ ਖੇਤਰ ਉਪਰ ਕਬਜ਼ਾ ਕਰਨ ਵਿਚ ਕਾਮਯਾਬ ਹੋ ਗਿਆ ਅਤੇ  ਇਨ੍ਹਾਂ ਦੇ ਪਿੱਛੋਂ ਉਸਮਾਨ ਪਹਿਲੇ ਨਾਂ ਦੇ ਇਕ ਕਾਈ ਸਰਦਾਰ ਨੇ ਉਸਮਾਨ ਬਾਦਸ਼ਾਹਤ ਦੀ ਸਥਾਪਨਾ ਕੀਤੀ। ਆਪਣੀ ਹਕੂਮਤ ਦੇ ਵਿਸਥਾਰ ਦੇ ਆਰੰਭਕ ਵਰ੍ਹਿਆਂ ਵਿਚ ਉਸਮਾਨ ਬਾਜ਼ਨਤੀਨੀ ਬਾਦਸ਼ਾਹਤ ਵਿਰੁੱਧ ਹੋਣ ਵਾਲੇ ਯੁੱਧਾਂ ਵਿਚ ਤੁਰਕੀ ਗਾਜ਼ੀਆਂ ਦੇ ਆਗੂ ਹੁੰਦੇ ਸਨ ਫਿਰ ਤੇਰ੍ਹਵੀਂ-ਚੌਧਵੀਂ ਸਦੀਆਂ ਦੌਰਾਨ ਉਸਮਾਨਾਂ ਨੇ ਪੱਛਮੀ ਅਨਾਤੋਲੀਆ ਅਤੇ ਦੱਖਣ-ਪੂਰਬ ਯੂਰਪ ਵਿਚ ਪੈਂਦੇ ਬਿਜ਼ੰਨਤੀਨੀ ਖੇਤਰਾਂ ਉਪਰ ਕਬਜ਼ਾ ਕਰ ਲਿਆ ਅਤੇ ਈਸਾਈ ਬਾਲਕਨ ਰਾਜਾਂ ਨੂੰ ਆਪਣੇ ਅਧਿਕਾਰ ਹੇਠ ਛੋਟੀਆਂ ਜਾਗੀਰਾਂ ਦੇ ਰੂਪ ਵਿਚ ਸ਼ਾਮਲ ਕਰ ਲਿਆ। ਇਸ ਦੇ ਨਾਲ ਹੀ ਪੂਰਬੀ ਅਨਾਤੋਲੀਆ ਦੀਆਂ ਤੁਰਕਮਾਨ-ਰਿਆਸਤਾਂ ਉਪਰ ਵੀ ਇਨ੍ਹਾਂ ਦਾ ਅਧਿਕਾਰ ਹੋ ਗਿਆ। 15 ਵੀਂ ਸਦੀ ਦੌਰਾਨ ਉਸਮਾਨ ਸੁਲਤਾਨ ਨੇ ਆਪਣੀਆਂ ਸਾਰੀਆਂ ਹੀ ਬਾਲਕਨ ਜਾਗੀਰਾਂ ਨੂੰ ਸਿੱਧੇ ਤੌਰ ਤੇ ਹੀ ਆਪਣੇ ਅਧੀਨ ਕਰ ਲਿਆ ਅਤੇ 1453 ਈ ਵਿਚ ਕੁਸਤੁਨਤੁਨੀਆ ਨੂੰ ਜਿੱਤ ਲਿਆ। ਸੰਨ 1468 ਵਿਚ ਉਸਮਾਨ ਰਾਜ ਦੀਆਂ ਹੱਦਾਂ ਪੂਰਬ ਵੱਲ ਫ਼ਰਾਤ ਦਰਿਆ ਤੱਕ ਤੇ ਪੱਛਮ ਵਲ ਹੰਗਰੀ ਦੇ ਵੀ ਕੁਝ ਅੰਦਰੂਨੀ ਖੇਤਰਾਂ ਤੱਕ ਪਹੁੰਚ ਗਈਆਂ ਸਨ। ਸੋਲ੍ਹਵੀਂ ਸਦੀ ਦੇ ਅੰਤ ਤੀਕ ਉਸਮਾਨ ਬਾਦਸ਼ਾਹਤ ਆਪਣੀ ਤਾਕਤ ਅਤੇ ਅਮੀਰੀ ਦੇ ਸਿਖਰ ਤੇ ਸੀ। ਉਸ ਸਮੇਂ ਇਸ ਵਿਚ ਲਗਭਗ ਸਾਰਾ ਬਾਲਕਨ, ਹੰਗਰੀ ਦਾ ਕਾਫ਼ੀ ਇਲਾਕਾ ਅਤੇ ਅਫ਼ਰੀਕੀ ਮਹਾਂਦੀਪ ਦੇ ਮੱਧ-ਪੂਰਬੀ ਅਤੇ ਉੱਤਰੀ ਖੇਤਰਾਂ ਦਾ ਵੀ ਚੌਖਾ ਭਾਗ ਸ਼ਾਮਲ ਸੀ। ਸੰਨ 1516 ਵਿਚ ‘ਸੁਲੇਮਾਨ ਪਹਿਲੇ ਦੀ ਮੈਗਨੀਫਿਸੰਟ’ ਦੇ ਰਾਜਕਾਲ ਪਿੱਛੋਂ ਉਸਮਾਨ ਸਲਤਨਤ ਰਾਜਨੀਤਕ, ਆਰਥਿਕ ਤੇ ਪ੍ਰਸਾਸ਼ਕੀ ਪੱਖੋਂ ਢਹਿੰਦੀਆਂ ਕਲਾਂ ਵਿਚ ਜਾਣ ਲੱਗੀ। ਸੰਨ 1718 ਦੇ ਦੌਰਾਨ ਹੀ ਆਸਟ੍ਰੀਆ ਹਕੂਮਤ ਨੇ ਤੁਰਕਾਂ ਨੂੰ ਹੰਗਰੀ ਵਿਚੋਂ ਕੱਢ ਦਿੱਤਾ ਅਤੇ 1783 ਈ. ਵਿਚ ਰੂਸ ਵੀ ਨੂੰ ਜਿੱਤ ਚੁੱਕਾ ਸੀ। 19ਵੀਂ ਸਦੀ ਦੌਰਾਨ ਮਿਸਰ ਅਤੇ ਬਲਕਾਨ ਦਾ ਬਹੁਤ ਸਾਰਾ ਖੇਤਰ ਉਸਮਾਨ ਹਕੂਮਤ ਦੇ ਹੱਥੋਂ ਜਾਂਦਾ ਰਿਹਾ। ਇਸੇ ਸਦੀ ਦੇ ਅਖ਼ੀਰਲੇ ਵਰ੍ਹਿਆਂ ਦੌਰਾਨ, ਉਸਮਾਨ ਹਕੂਮਤ ਵਲੋਂ ਘਟ-ਗਿਣਤੀਆਂ ਉੱਤੇ ਸ਼ਾਸਨ ਲਈ ਚਲਾਏ ਮਿੱਲਟ ਸਿਸਟਮ ਵਿਚ ਵੀ ਕਾਫ਼ੀ ਗਿਰਾਵਟ ਆ ਗਈ ਸੀ ਜਿਸਦੇ ਨਤੀਜੇ ਵਜੋਂ ਘਟ-ਗਿਣਤੀਆਂ ਖ਼ਾਸ ਕਰਕੇ ਆਰਮੀਨੀਆਈ ਲੋਕਾਂ ਉਪਰ ਤਾਂ ਅਧਿਕਾਰੀਆਂ ਨੇ ਜ਼ੁਲਮਾਂ ਦੀ ਅੱਤ ਹੀ ਚੁੱਕ ਲਈ। ਇਹ ਯੋਜਨਾਬੱਧ ਜ਼ੁਲਮ ਇਥੋਂ ਤੱਕ ਵੱਧ ਗਿਆ ਕਿ ਪਹਿਲੀ ਵੱਡੀ ਜੰਗ ਦੌਰਾਨ ਆਰਮੀਨੀਆਈਆਂ ਦਾ ਤਾਂ ਕੁਲ ਨਾਸ ਹੀ ਕਰ ਦਿੱਤਾ ਗਿਆ।

ਸੰਨ 1908 ਵਿਚ ਤੁਰਕੀ ਅੰਦਰ ਉਸਮਾਨ ਹਕੂਮਤ ਡਾਵਾਂਡੋਲ ਹੁੰਦੀ ਵੇਖ ਕੇ  ਉਸਮਾਨ ਘਰਾਣਿਆਂ ਦੇ ਨੌਜਵਾਨਾਂ ਨੇ ਵਧੀਕੀਆਂ ਵਿਰੁੱਧ ਅਤੇ ਸਾਮਰਾਜ ਦੇ ਬਚਾਉ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਜਿਸ ਦੇ ਫਲਸਰੂਪ ਬਾਲਕਨ ਦੇਸ਼ਾਂ ਵਿਚ ਇਨ੍ਹਾਂ ਨੂੰ ਮਿਲਟਰੀ ਪੱਖੋਂ ਕਾਫ਼ੀ ਨੁਕਸਾਨ ਹੋਇਆ ਤੇ ਸਾਮਰਾਜ ਦਾ ਕੁਝ ਅਧਿਕਾਰ-ਖੇਤਰ ਵੀ ਖੁੱਸ ਗਿਆ। ਪਹਿਲੀ ਵਿਸ਼ਵ ਜੰਗ ਪਿੱਛੋਂ ਤੁਰਕੀ ਸਾਮਰਾਜ ਵਿਚੋਂ ਕੁਝ ਅਰਬੀ ਪ੍ਰਾਂਤ ਤੇ ਏਸ਼ੀਆ ਕੋਚਕ ਦਾ ਕੁਝ ਹਿੱਸਾ ਵੱਖ ਹੋ ਗਏ ਜਿਸ ਕਾਰਨ ਤੁਰਕੀ ਅੰਦਰ ਘਰੇਲੂ ਜੰਗ ਅਤੇ ਸਰਹੱਦ ਉਪਰ ਯੂਨਾਨ ਨਾਲ ਯੁੱਧ ਛਿੜ ਪਿਆ।

ਤੁਰਕੀ ਅੰਦਰ ਛਿੜੀ ਇਹ ਜੰਗ ਅਤੇ ਬਗ਼ਾਵਤ ਆਜ਼ਾਦੀ ਦੀ ਜੰਗ ਹੋ ਨਿਬੜੀ ਜਿਹੜੀ ਕਿ 1919 ਤੋਂ 1922 ਈ. ਤੱਕ ਮੁਸਤਫਾ ਕਮਾਲ ਦੀ ਅਗਵਾਈ ਹੇਠ ਲੜੀ ਗਈ। ਇਸ ਦੇ ਫਲਸਰੂਪ ਉਸਮਾਨ ਸਾਮਰਾਜ ਖੇਰੂੰ ਖੇਰੂੰ ਹੋ ਗਿਆ ਅਤੇ ਤੁਰਕੀ ਦੇ ਗ੍ਰੈਂਡ ਨੈਸ਼ਨਲ ਅਸੈਂਬਲੀ ਦੀ ਪਹਿਲੀ ਇਕੱਤਰਤਾ 23 ਅਪ੍ਰੈਲ, 1920 ਨੂੰ ਅਤੇ ਦੂਜੀ ਇਕੱਤਰਤਾ ਅੰਕਾਰਾ ਵਿਖੇ 20 ਜਨਵਰੀ, 1921 ਨੂੰ ਹੋਈ ਜਿਸ ਵਿਚ ਨਵੇਂ ਉਲੀਕੇ ਸੰਵਿਧਾਨ ਨੂੰ ਬਹੁ-ਮੱਤ ਨਾਲ ਪ੍ਰਵਾਨ ਕੀਤਾ ਗਿਆ। ਇਸ ਅਨੁਸਾਰ ਲੋਕਤੰਤਰ ਸਮੁੱਚੇ ਰੂਪ ਵਿਚ ਆਮ ਲੋਕਾਂ ਨੂੰ ਸੌਂਪ ਦਿਤਾ ਗਿਆ ਅਤੇ ਸਾਰੇ ਦੇ ਸਾਰੇ ਕਾਰਜਕਾਰੀ ਤੇ ਵਿਧਾਨਕ ਅਖ਼ਤਿਆਰ ਗ੍ਰੈਂਡ ਨੈਸ਼ਨਲ ਅਸੈਂਬਲੀ ਨੂੰ ਦੇ ਦਿੱਤੇ ਗਏ। ਬਾਅਦ ਵਿਚ ਉਸਮਾਨ ਸਾਮਰਾਜ ਦੀ ਜਗ੍ਹਾ ਤੇ ਦੇਸ਼ ਦਾ ਨਾਂ ‘ਟਰਕੀ’ (ਤੁਰਕੀ) ਰੱਖਿਆ ਗਿਆ। 1 ਨਵੰਬਰ, 1922 ਨੂੰ ਗ੍ਰੈਂਡ ਨੈਸ਼ਨਲ ਅਸੈਂਬਲੀ ਵੱਲੋਂ ਸੁਲਤਾਨ ਦੇ ਪਦ ਦਾ ਵੀ ਖਾਤਮਾ ਕਰ ਦਿੱਤਾ ਗਿਆ ਅਤੇ 29 ਅਕਤੂਬਰ, 1923 ਨੂੰ ਤੁਰਕੀ ਦੇ ਗਣਰਾਜ ਹੋਣ ਦਾ ਐਲਾਨ ਕਰ ਦਿੱਤਾ। ਅਗਲੇ ਵਰ੍ਹੇ ਦੌਰਾਨ ਗਣਰਾਜ ਹੋਣ ਦੇ ਨਾਤੇ ਧਾਰਮਿਕ ਅਦਾਲਤਾਂ ਵੀ ਖ਼ਤਮ ਕਰ ਦਿਤੀਆਂ ਗਈਆਂ ਅਤੇ 1928 ਈ. ਵਿਚ ਇਸਲਾਮ ਸਰਕਾਰੀ ਧਰਮ ਵਜੋਂ ਖ਼ਤਮ ਕਰ ਦਿੱਤਾ ਗਿਆ। ਸੰਨ 1934 ਵਿਚ ਇਥੋਂ ਦੀਆਂ ਔਰਤਾਂ ਨੂੰ ਵੀ ਆਜ਼ਾਦੀ ਦੇ ਦਿੱਤੀ ਗਈ ਅਤੇ ਉਨ੍ਹਾਂ ਨੂੰ ਪੱਛਮੀ ਢੰਗ ਦੇ ਆਪਣੇ ਉਪਨਾਮ ਅਪਣਾਉਣ ਦੀ ਵੀ ਖੁਲ੍ਹ ਦਿੱਤੀ ਗਈ।

27 ਮਈ, 1960 ਨੂੰ ਤੁਰਕੀ ਫ਼ੌਜਾਂ ਨੇ ਇਕ ਨੈਸ਼ਨਲ ਯੂਨਿਟੀ ਕਮੇਟੀ ਰਾਹੀਂ ਡੈਮੋਕ੍ਰੇਟਿਕ ਪਾਰਟੀ ਦੀ ਸਰਕਾਰ ਦਾ ਤਖ਼ਤਾ ਪਲਟ ਦਿੱਤਾ। ਇਸ ਨਾਲ ਗ੍ਰੈਂਡ ਨੈਸ਼ਨਲ ਅਸੈਂਬਲੀ ਟੁੱਟ ਗਈ ਅਤੇ ਪਾਰਟੀ ਦੀਆਂ ਸਰਗਰਮੀਆਂ ਵੀ ਰੁਕ ਗਈਆਂ। 12 ਜਨਵਰੀ, 1961 ਨੂੰ ਇਹ ਪਾਰਟੀ ਕਾਨੂੰਨਨ ਤੌਰ ਤੇ ਫਿਰ ਸਰਗਰਮ ਹੋ ਗਈ। 9 ਜੁਲਾਈ, 1961 ਨੂੰ ਲੋਕਮਤ ਰਾਹੀਂ ਨਵਾਂ ਸੰਵਿਧਾਨ ਪ੍ਰਵਾਨ ਕੀਤਾ ਗਿਆ।

12 ਸਤੰਬਰ, 1980 ਨੂੰ ਤੁਰਕੀ ਦੀਆਂ ਹਥਿਆਰਬੰਦ ਫ਼ੌਜਾਂ ਨੇ ਡੀਮਿਰਲ ਸਰਕਾਰ ਨੂੰ ਫਿਰ ਗੱਦੀਓਂ ਲਾਹ ਦਿੱਤਾ ਅਤੇ ਪਾਰਲੀਮੈਂਟ ਤੋੜ ਦਿੱਤੀ ਜਿਸ ਦੇ ਫਲਸਰੂਪ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਕੰਮ-ਕਾਜ ਵੀ ਠੱਪ ਹੋ ਗਏ। ਅਕਤੂਬਰ, 1981 ਵਿਚ ਫਿਰ ਸੰਵਿਧਾਨਕ ਅਸੈਂਬਲੀ ਬੁਲਾਈ ਗਈ ਤੇ ਨਵਾਂ ਸੰਵਿਧਾਨ ਸਿਰਜਿਆ ਗਿਆ ਜਿਸ ਨੂੰ 7 ਨਵੰਬਰ, 1982 ਨੂੰ ਕੌਮੀ ਬਹੁ-ਮਤ ਰਾਹੀਂ ਲਾਗੂ ਕੀਤਾ ਗਿਆ।

ਆਰਥਿਕਤਾ

ਤੁਰਕੀ ਇਕ ਪ੍ਰਗਤੀਸ਼ੀਲ ਦੇਸ਼ ਹੈ ਜਿਸ ਦੀ ਆਰਥਿਕਤਾ ਦਾ ਆਧਾਰ ਖੇਤੀਬਾੜੀ ਅਤੇ ਸੱਨਅਤਾਂ  ਦੋਵੇਂ ਹੀ ਹਨ। ਸੰਨ 1950 ਤੋਂ ਪਿੱਛੋਂ ਸੱਨਅਤਾਂ ਉੱਤੇ ਵਧ ਜ਼ੋਰ ਦਿੱਤਾ ਗਿਆ ਹੈ। ਅੱਜਕੱਲ੍ਹ ਇਸ ਨੇ ਆਪਣੀ ਆਰਥਿਕ ਹਾਲਤ ਸੁਧਾਰਨ ਖਾਤਰ ਈਰਾਨ, ਪਾਕਿਸਤਾਨ, ਮੱਧ ਪੂਰਬ ਅਤੇ ਪੂਰਬੀ ਯੂਰਪ ਦੇ ਕਈ ਦੇਸ਼ਾਂ ਨਾਲ ਆਪਣੇ ਆਰਥਿਕ ਅਤੇ ਵਪਾਰਕ ਸਬੰਧ ਕਾਇਮ ਕੀਤੇ ਹੋਏ ਹਨ।

ਖਣਿਜ – ਇਥੇ ਖਣਿਜ ਤਾਂ ਕਾਫ਼ੀ ਹਨ ਪਰ ਕਈ ਕਾਰਨਾਂ ਕਰਕੇ ਹਾਲੇ ਤੀਕ ਇਨ੍ਹਾਂ ਨੂੰ ਕੱਢਿਆ ਨਹੀਂ ਜਾ ਸਕਿਆ। ਬਾਹਰਲੇ ਦੇਸ਼ਾਂ ਨੇ ਵੀ ਖਾਣ-ਖੁਦਾਈ ਲਈ ਘੱਟ ਹੀ ਪੂੰਜੀ ਲਗਾਈ ਹੈ। ਇਸੇ ਕਰਕੇ ਖਣਿਜਾਂ ਦਾ ਉਤਪਾਦਨ ਘੱਟ ਹੈ। ਲਿਗਨਾਈਟ, ਕੋਲਾ, ਤਾਂਬਾ, ਸਲਫਰ, ਪਾਰਾ, ਜਿਸਤ, ਲੂਣ, ਅਤੇ ਕ੍ਰੋਮ ਇਥੋਂ ਦਾ ਖਾਸ ਖਣਿਜ ਹਨ। ਕ੍ਰੋਮ ਦਾ ਉਤਪਾਦਨ ਵਿਚ ਇਹ ਸੰਸਾਰ-ਪ੍ਰਸਿੱਧ ਹੈ। ਪੈਟਰੋਲ ਦਾ ਉਤਪਾਦਨ ਇਥੇ ਥੋੜ੍ਹਾ ਹੈ ਜਿਹੜਾ ਕਿ ਦੇਸ਼ ਦਾ ਸਿਰਫ 15 ਫੀਸਦੀ ਲੋੜ ਹੀ ਪੂਰੀ ਕਰਦਾ ਹੈ। ਬਾਕੀ ਪੈਟ੍ਰੋਲ ਬਾਹਰਲੇ ਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈ। ਇਥੋਂ ਦਾ ਕੋਲਾ ਵੀ ਘਟੀਆ ਕਿਸਮ ਦਾ ਹੈ ਜਿਸ ਕਰਕੇ ਇਹ ਬਾਹਰ ਵੀ ਬਹੁਤ ਹੀ ਘੱਟ ਭੇਜਿਆ ਜਾਂਦਾ ਹੈ।

ਪਣ-ਬਿਜਲੀ ਵੀ ਇਥੋਂ ਦੀ ਸ਼ਕਤੀ ਦਾ ਸਾਧਨ ਹੈ। ਦੱਖਣ-ਪੂਰਬੀ ਤੁਰਕੀ ਵਿਚ ਉਪਰਲੇ ਫਰਾਤ ਦਰਿਆ ਉੱਤੇ ਵੱਡੇ ਡੈਮ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਸੀ। ਇਨ੍ਹਾਂ ਵਿਚੋਂ ਇਕ ਡੈਮ ਤੋਂ 1980 ਤੋਂ ਬਿਜਲੀ-ਉਤਪਾਦਨ ਸ਼ੁਰੂ ਵੀ ਹੋ ਗਿਆ ਹੈ।

ਖੇਤੀਬਾੜੀ – ਇਸ ਦੇਸ਼ ਦਾ 2/5 ਹਿੱਸਾ ਵਾਹੀਯੋਗ ਹੈ ਜਿਸਦੇ ਅੱਧੇ ਨਾਲੋਂ ਜ਼ਿਆਦਾ ਹਿੱਸੇ ਉੱਤੇ ਅਨਾਜੀ ਫਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਜ਼ਰਾਇਤੀ ਉਤਪਾਦਨ ਕੁੱਲ ਉਤਪਾਦਨਾਂ ਦਾ ਇਕ ਚੌਥਾਈ ਹਿੱਸਾ ਹੈ ਭਾਵੇਂ ਖੇਤੀਬਾੜੀ ਅਧੀਨ ਰਕਬਾ ਵਧਣ ਕਾਰਣ ਉਤਪਾਦਨ ਵੀ ਵਧੇ ਹਨ ਪਰ ਪ੍ਰਤੀ ਹੈਕਟੇਅਰ ਉਤਪਾਦਨ ਘੱਟ ਹੀ ਹਨ ਕਿਉਂਕਿ ਇਥੇ ਖੇਤੀ ਕਰਨ ਦੇ ਢੰਗ ਪਰੰਪਰਾਗਤ ਹੀ ਹਨ। ਖਾਦਾਂ ਦੀ ਵਰਤੋਂ ਬਹੁਤ ਹੀ ਥੋੜ੍ਹੀ ਕੀਤੀ ਜਾਂਦੀ ਹੈ। ਗੋਬਰ ਨੂੰ ਸੁਕਾ ਕੇ ਬਾਲਣ ਲਈ ਵਰਤਿਆ ਜਾਂਦਾ ਹੈ। ਖੇਤਾਂ ਦਾ ਆਕਾਰ ਵੀ ਛੋਟਾ ਹੈ ਜਿਸ ਕਰਕੇ ਉਤਪਾਦਨ ਘੱਟ ਹੁੰਦਾ ਹੈ। 1970 ਵਿਆਂ ਅਤੇ 1980 ਵਿਆਂ ਦੇ ਸਾਲਾਂ ਵਿਚ ਚੌਲ ਅਤੇ ਕਣਕ ਬਾਹਰੋਂ ਵੀ ਮੰਗਵਾਏ ਜਾਂਦੇ ਰਹੇ ਹਨ। ਇਥੇ ਸਿੰਜੀ ਹੋਈ ਜ਼ਮੀਨ ਵੀ ਘੱਟ ਹੈ। ਤੱਟੀ ਨੀਵੇਂ ਖੇਤਰਾਂ ਦੀ ਵਿਸਤ੍ਰਿਤ ਤੌਰ ਤੇ ਸਿੰਚਾਈ ਕੀਤੀ ਜਾਂਦੀ ਹੈ। ਇਥੇ ਹੇਜ਼ਲਨਟ, ਸਲਤਾਨਾ ਕਿਸ਼ਮਿਸ਼ ਅਤੇ ਹੋਰਨਾਂ ਗਿਰੀਆਂ ਅਤੇ ਫਲਾਂ ਦਾ ਸੰਸਾਰ ਦਾ ਸਭ ਤੋਂ ਵਧ ਉਤਪਾਦਨ ਹੁੰਦਾ ਹੈ। ਚੁਕੰਦਰ, ਆਲੂ, ਕਪਾਹ, ਤਮਾਕੂ, ਜੈਤੂਨ ਇਥੋਂ ਦੀਆਂ ਹੋਰ ਫਸਲਾਂ ਹਨ। ਇਥੇ ਬਦੇਸ਼ੀ ਮੰਡੀ ਲਈ ਸਬਜ਼ੀਆਂ ਵੀ ਬੀਜੀਆਂ ਜਾਂਦੀਆਂ ਹਨ।

ਜੰਗਲਾਤ – ਇਸ ਦੇਸ਼ ਵਿਚ ਜੰਗਲ ਕਾਫ਼ੀ ਥੋੜ੍ਹੇ ਰਕਬੇ ਉੱਤੇ ਹਨ। ਵਧੇਰੇ ਕਰਕੇ ਜੰਗਲ ਕੋਨੀਫਰ ਕਿਸਮ ਦੇ ਹਨ। ਪਾਪਲਰ, ਵਾਲਨਟ, ਬਲੂਤ ਇਥੋਂ ਦੇ ਮੁੱਖ ਦਰੱਖਤ ਹਨ। ਸੰਨ 1991 ਵਿਚ 20,199,000 ਹੈਕ. ਰਕਬਾ ਜੰਗਲਾਂ ਹੇਠ ਸੀ।

ਪਸ਼ੂ ਪਾਲਣ – ਇਥੇ ਦੁੱਧ ਅਤੇ ਮਾਸ ਦੋਹਾਂ ਲਈ ਹੀ ਪਸ਼ੂ ਪਾਲੇ ਜਾਂਦੇ ਹਨ। ਬੱਕਰੀਆਂ, ਮੱਝਾਂ ਘੋੜੇ ਤੇ ਉੱਨ ਲਈ ਖਾਸ ਕਰਕੇ ਅੰਗੋਰਾ ਭੇਡਾਂ ਪਾਲੀਆਂ ਜਾਂਦੀਆਂ ਹਨ। ਇਹ ਦੇਸ਼ ਮਾਸ, ਦੁੱਧ ਅਤੇ ਹੋਰਨਾਂ ਉਤਪਾਦਨਾਂ ਵਿਚ ਆਤਮ ਨਿਰਭਰ ਹੈ।

ਮੱਛੀ ਪਾਲਣ – ਇਥੋਂ ਦਾ ਵਿਸ਼ਾਲ ਤੱਟ ਮੱਛੀਆਂ ਫੜਨ ਲਈ ਬਹੁਤ ਲਾਹੇਵੰਦ ਹੈ। ਰੂਮ ਸਾਗਰ, ਕਾਲੇ ਸਾਗਰ ਅਤੇ ਜਲ-ਡਮਰੂ ਵਿਚੋਂ ਮੱਛੀਆਂ ਫੜੀਆਂ ਜਾਂਦੀਆਂ ਹਨ। ਸੰਨ 1991 ਵਿਚ 27,379 ਟਨ ਸਮੁੰਦਰੀ ਮੱਛੀਆਂ ਅਤੇ 39,401 ਟਨ ਦਰਿਆਈ ਮੱਛੀਆਂ ਫੜੀਆਂ ਗਈਆਂ ਸਨ।

ਸੱਨਅਤਾਂ – ਸੱਨਅਤਾਂ ਇਥੋਂ ਦੀ ਆਰਥਿਕਤਾ ਦਾ ਮੁੱਖ ਆਧਾਰ ਹਨ। ਪੇਸ਼ਾਵਰ ਲੋਕਾਂ ਦਾ 19 ਫੀਸਦੀ ਹਿੱਸਾ ਇਸੇ ਖੇਤਰ ਵਿਚ ਜੁਟਿਆ ਹੋਇਆ ਹੈ। ਅੱਜਕੱਲ੍ਹ ਸੱਨਅਤਾਂ ਖੇਤੀਬਾੜੀ ਨੂੰ ਪਿਛਾਂਹ ਛੱਡ ਗਈਆਂ ਹਨ। ਸੱਨਅਤੀ ਉਤਪਾਦਨਾਂ ਵਿਚ ਵੀ ਵਾਧਾ ਹੋ ਰਿਹਾ ਹੈ। ਬਹੁਤ ਸਾਰੇ ਸਾਲਾਂ ਤੋਂ ਇਥੇ ਕਪੜਾ ਵੀ ਬਣਦਾ ਆ ਰਿਹਾ ਹੈ ਪਰ ਅੱਜਕੱਲ੍ਹ ਇਸ ਸੱਨਅਤ ਦੇ ਨਾਲ ਨਾਲ ਹੋਰ ਵੀ ਕਈ ਵੱਡੀਆਂ ਸੱਨਅਤਾਂ ਦਾ ਵਿਕਾਸ ਹੋ ਰਿਹਾ ਹੈ। ਇਥੇ ਲੋਹਾ ਢਾਲਣ, ਇਸਪਾਤ ਤਿਆਰ ਕਰਨ, ਸੀਮਿੰਟ, ਕਾਗਜ਼, ਰਸਾਇਣ, ਬਿਜਲੀ ਦਾ ਸਾਮਾਨ ਆਦਿ ਬਣਾਉਣ ਦੀਆਂ ਸੱਨਅਤਾਂ ਲੱਗੀਆਂ ਹੋਈਆਂ ਹਨ। ਇਸ ਤੋਂ ਛੁੱਟ ਖਾਣ-ਪੀਣ ਦੀਆਂ ਚੀਜ਼ਾਂ, ਘਰੇਲੂ ਤੇ ਇਮਾਰਤੀ ਸਮਾਨ ਤਿਆਰ ਕਰਨ ਦੀਆਂ ਸੱਨਅਤਾਂ ਵੀ ਸਥਾਪਿਤ ਹਨ। 1980 ਵਿਆਂ ਦੇ ਆਰੰਭ ਤੋਂ ਇਥੇ ਕੈਮੀਕਲ ਸੱਨਅਤ ਵੀ ਕਾਫੀ ਵਿਕਸਿਤ ਹੋਈ ਹੈ।

ਆਵਾਜਾਈ ਦੇ ਸਾਧਨ – ਤੁਰਕੀ ਵਿਚ ਉਸਮਾਨ ਰਾਜ ਵੇਲੇ 4000 ਕਿ. ਮੀ. ਲੰਬੀਆਂ ਰੇਲਵੇ ਲਾਈਨਾਂ ਸਨ। ਗਣਰਾਜ ਬਣਨ ਪਿੱਛੋਂ ਇਥੇ ਰੇਲ ਪਟੜੀਆਂ ਦੀ ਉਸਾਰੀ ਉੱਤੇ ਕਾਫ਼ੀ ਪੈਸਾ ਖਰਚਿਆ ਗਿਆ। ਸਾਲ 1991 ਵਿਚ  ਸਾਰੇ ਦੇਸ਼ ਵਿਚ ਰੇਲ-ਲਾਈਨਾਂ ਦੀ ਲੰਬਾਈ 8,429 ਕਿ. ਮੀ. ਸੀ। ਸੜਕਾਂ ਦਾ ਵੀ ਇਥੇ ਜਾਲ ਵਿਛਿਆ ਹੋਇਆ ਹੈ। ਸੰਨ 1991 ਵਿਚ ਇਥੇ 31,261 ਕਿ. ਮੀ. ਲੰਬੇ ਸਰਕਾਰੀ ਸ਼ਾਹਰਾਹ ਅਤੇ 27,960 ਕਿ. ਮੀ. ਪ੍ਰਾਂਤਕ ਸੜਕਾਂ ਸਨ। ਹਵਾਈ ਜਹਾਜ਼ਾਂ ਰਾਹੀਂ ਵੀ ਆਵਾਜਾਈ ਹੁੰਦੀ ਹੈ। ਇਸਤੰਬੋਲ ਅਤੇ ਅੰਕਾਰਾ ਵਿਚ ਦੋ ਅੰਤਰ-ਰਾਸ਼ਟਰੀ ਹਵਾਈ ਅੱਡੇ ਹਨ। ਇਨ੍ਹਾਂ ਤੋਂ ਇਲਾਵਾ 24 ਹੋਰ ਅੰਤਰ-ਦੇਸ਼ੀ ਹਵਾਈ ਅੱਡੇ ਹਨ।

ਸਮੁੰਦਰੀ ਆਵਾਜਾਈ ਲਈ ਬੰਦਰਗਾਹਾਂ ਵੀ ਉੱਨਤ ਕੀਤੀਆਂ ਗਈਆਂ ਹਨ। ਇਸਤੰਬੋਲ, ਇਜ਼ਮੀਰ, ਸਾਮਸੂਨ ਮੈਰਸੀਨ, ਇਸਕੈਨਡਾਰੂਨ ਅਤੇ ਟ੍ਰੈਬਜਾਨ ਇਥੋਂ ਦੀਆਂ ਵੱਡੀਆਂ ਬੰਦਰਗਾਹਾਂ ਹਨ ਜਿਨ੍ਹਾਂ ਰਾਹੀਂ ਢੋ-ਢੁਆਈ ਅਤੇ ਆਵਾਜਾਈ ਹੁੰਦੀ ਹੈ।

ਵਪਾਰ – ਇਸ ਦੇਸ਼ ਵਿਚੋਂ ਕਪੜਾ, ਧਾਤ ਦੀਆਂ ਚੀਜ਼ਾਂ, ਖਾਣ-ਪੀਣ ਦੀਆਂ ਚੀਜ਼ਾਂ, ਫਲ, ਖੱਲਾਂ ਅਤੇ ਚਮੜਾ, ਮਸ਼ੀਨਰੀ, ਪੈਟਰੋਲ ਦੇ ਉਤਪਾਦਨ, ਰਸਾਇਣਿਕ ਵਸਤਾਂ ਸ਼ੀਸਾ ਅਤੇ ਸਿਰੈਮਿਕ ਚੀਜ਼ਾਂ ਆਦਿ ਬਾਹਰ ਭੇਜੀਆਂ ਜਾਂਦੀਆਂ ਹਨ ਅਤੇ ਮਸ਼ੀਨਰੀ, ਰਸਾਇਣਿਕ ਵਸਤਾਂ, ਲੋਹਾ ਅਤੇ ਇਸਪਾਤ ਦੀਆਂ ਚੀਜ਼ਾਂ, ਬਿਜਲਈ ਵਸਤਾਂ, ਅਲੋਹ ਧਾਤਾਂ, ਬਨਸਪਤੀ ਤੇਲ, ਅਨਾਜ ਅਤੇ ਦਾਲਾਂ ਆਦਿ ਬਾਹਰੋਂ ਮੰਗਵਾਈਆਂ ਜਾਂਦੀਆਂ ਹਨ। ਇਥੋਂ ਦਾ ਵਧੇਰੇ ਵਪਾਰ ਈਰਾਨ, ਸਾਉਦੀ ਅਰਬ, ਫਰਾਂਸ, ਨੀਦਰਲੈਂਡਜ਼, ਜਰਮਨੀ ਸੰਯੁਕਤ ਰਾਜ, ਬਰਤਾਨੀਆ ਅਤੇ ਇਟਲੀ ਨਾਲ ਹੁੰਦਾ ਹੈ।

ਲੋਕ

ਤੁਰਕੀ ਯੂਰਪ ਅਤੇ ਏਸ਼ੀਆ ਮਹਾਂਦੀਪਾਂ ਵਿਚਕਾਰ ਸਥਿਤ ਹੈ। ਇਸ ਕਰਕੇ ਇਥੇ ਇਨ੍ਹਾਂ ਦੋਹਾਂ ਮਹਾਂਦੀਪਾਂ ਤੋਂ ਲੋਕ ਆਉਂਦੇ ਰਹੇ ਹਨ। ਪੱਛਮ ਅਤੇ ਪੂਰਬ ਵੱਲੋਂ ਵੀ ਲੋਕ ਇਧਰ ਆਏ ਸਨ। ਪੂਰਵ ਇਤਿਹਾਸਕ ਸਮਿਆਂ ਵਿਚ ਹਿਤੀ ਫਿਰਜੀਆਈ, ਯਹੂਦੀ ਮਕਦੂਨੀਆਈ ਅਤੇ ਤੁਰਕੀ ਲੋਕ ਇਥੇ ਆ ਕੇ ਵਸੇ। ਇਨ੍ਹਾਂ ਸਾਰਿਆਂ ਵਿਚੋਂ ਤੁਰਕੀ ਲੋਕਾਂ ਨੇ ਸਭ ਤੋਂ ਵੱਧ ਪ੍ਰਭਾਵ ਪਾਇਆ। ਇਨ੍ਹਾਂ ਦੇ ਇਥੇ ਆਉਣ ਨਾਲ ਇਕ ਰਲੀ-ਮਿਲੀ ਰੂਮ ਸਾਗਰੀ-ਮੰਗੋਲੀ ਮੂਲ ਦੀ ਨਸਲ ਦੀ ਉਤਪਤੀ ਹੋਈ। ਉਸਮਾਨ ਸਾਮਰਾਜ ਵੇਲੇ ਵੀ ਇਥੇ ਕਈ ਹੋਰ ਨਸਲਾਂ ਦਾ ਤੁਰਕੀ ਲੋਕਾਂ ਨਾਲ ਮੇਲ ਜੋਲ ਵੀ ਹੋਇਆ ਹੈ। ਇਸੇ ਕਰਕੇ ਸਾਧਾਰਨ ਤੁਰਕੀ ਦੀ ਪਛਾਣ ਕਰਨੀ ਔਖੀ ਹੈ। ਇਨ੍ਹਾਂ ਲੋਕਾਂ ਦੇ ਘੁੰਗਰਾਲੇ ਵਾਲ ਅਤੇ ਅੱਖਾਂ ਐਲਪਾਈਨ ਨਸਲ ਨਾਲ ਮੇਲ ਖਾਂਦੀਆਂ ਹਨ। ਚਿਹਰੇ ਦੀ ਬਣਤਰ ਮੰਗੋਲਾਂ ਵਰਗੀ ਹੈ।

ਸੰਨ 1993 ਵਿਚ ਇਸ ਦੇਸ਼ ਦੀ ਆਬਾਦੀ 59.87 ਮਿਲੀਅਨ ਸੀ। ਪਿਛਲੇ ਸਾਲਾਂ ਤੋਂ ਹੀ ਇਥੋਂ ਦੀ ਵਸੋਂ ਲਗਾਤਾਰ ਵੱਧਦੀ ਰਹੀ ਹੈ। ਜਨਮ ਦਰ ਵੀ ਇਸ ਦੇਸ਼ ਵਿਚ ਬਹੁਤ ਜ਼ਿਆਦਾ ਹੈ। ਸਿਹਤ ਦੀਆਂ ਸਹੂਲਤਾਂ ਵਧਣ ਨਾਲ ਮੌਤ ਦਰ ਪਹਿਲਾਂ ਨਾਲੋਂ ਘਟ ਗਏ ਹਨ। ਜਨਮ ਦਰ 1000 ਪਿੱਛੋਂ 28 ਅਤੇ ਮੌਤ ਦਰ 1000 ਪਿੱਛੇ 6 (1991) ਹੈ।

 ਵਸੋਂ ਦੀ ਵੰਡ ਸਾਰੇ ਦੇਸ਼ ਵਿਚ ਇਕੋ ਜਿੰਨੀ ਨਹੀਂ ਹੈ। ਕਿਤੇ ਵਸੋਂ ਜ਼ਿਆਦਾ ਹੈ ਅਤੇ ਕਿਤੇ ਬਹੁਤ ਘਟ ਹੈ। ਵਸੋਂ ਸ਼ਹਿਰਾਂ ਵਿਚ ਜ਼ਿਆਦਾ ਹੈ। ਕੁੱਲ ਵਸੋਂ ਦਾ 45 ਫੀਸਦੀ ਹਿੱਸਾ 10,000 ਤੋਂ ਵੱਧ ਵਸੋਂ ਵਾਲੇ ਸ਼ਹਿਰਾਂ ਵਿਚ ਰਹਿੰਦਾ ਹੈ। ਦੇਸ਼ ਦੇ ਪੱਛਮੀ ਅਤੇ ਉੱਤਰ-ਪੱਛਮੀ ਹਿੱਸਿਆਂ ਵਿਚ ਸ਼ਹਿਰੀ ਵਸੋਂ ਜ਼ਿਆਦਾ ਹੈ, ਮਾਰਮਰਾ ਸਾਗਰ ਅਤੇ ਪੱਛਮੀ ਸਾਹਿਲੀ ਖੇਤਰਾਂ ਵਿਚ ਵੱਡੇ ਸ਼ਹਿਰਾਂ ਦੀ ਗਿਣਤੀ ਜ਼ਿਆਦਾ ਹੈ। ਇਸਤੰਬੋਲ, ਅੰਕਾਰਾ, ਇਜ਼ਮੀਰ, ਅਡਾਨਾ, ਬੁਰਸਾ, ਗਾਜ਼ੀਆਨਟੈਪ ਇਥੋਂ ਦੇ ਵੱਡੇ ਸ਼ਹਿਰ ਹਨ।

ਭਾਸ਼ਾ ਅਤੇ ਬੋਲੀ – ਤੁਰਕੀ ਦੇ ਬਹੁਤੇ ਲੋਕ ਤੁਰਕ ਜਾਤੀ ਦੇ ਹਨ ਜਿਨ੍ਹਾਂ ਦੀ ਭਾਸ਼ਾ ਵੀ ਤੁਰਕੀ ਹੈ। ਇਸ ਭਾਸ਼ਾ ਵਿਚੋਂ ਅਰਬੀ ਅਤੇ ਫਾਰਸੀ ਦੇ ਮੁਹਾਵਰੇ ਅਤੇ ਸ਼ਬਦਾਂ ਨੂੰ ਕੱਢਕੇ ਇਨ੍ਹਾਂ ਨੇ ਆਪਣੀ ਭਾਸ਼ਾ ਵੱਖਰੀ ਜਿਹੀ ਕਰ ਲਈ ਹੈ। ਇਹ ਲੋਕ ਕੁਰਦ ਅਤੇ ਅਰਬੀ ਕੁਰਦੀ ਭਾਸ਼ਾ ਬੋਲਦੇ ਹਨ। ਪੂਰਬੀ ਅਤੇ ਦੱਖਣ-ਪੂਰਬੀ ਖੇਤਰਾਂ ਦੇ ਪਿੰਡਾਂ ਵਿਚ ਵੀ ਕੁਰਦੀ ਭਾਸ਼ਾ ਪ੍ਰਚਲਤ ਹੈ। ਲਗਭਗ 1 ਫੀਸਦੀ ਲੋਕ ਅਰਬੀ ਵੀ ਬੋਲਦੇ ਹਨ। ਤੁਰਕੀ ਦੇ ਯਹੂਦੀ ਲੋਕ, ਜਿਹੜੇ ਸਪੇਨ ਤੋਂ ਇਥੇ ਆਏ ਸਨ, ਤੁਰਕੀ ਸ਼ਬਦਾਂ ਦੀ ਵਰਤੋਂ ਕਰਕੇ ਸਪੇਨੀ ਬੋਲਦੇ ਹਨ। ਇਥੋਂ ਦੇ ਵੱਡੇ-ਵੱਡੇ ਸ਼ਹਿਰਾਂ, ਪ੍ਰਮੁੱਖ ਤੌਰ ਤੇ ਇਸਤੰਬੋਲ ਵਿਚ ਬਹੁਤ ਹੀ ਛੋਟੇ ਛੋਟੇ ਗਰੁੱਪ ਯੂਨਾਨੀ, ਆਰਮੀਨੀਆ ਅਤੇ ਯਹੂਦੀ ਭਾਸ਼ਾ ਬੋਲਦੇ ਹਨ।

ਧਰਮ – ਇਸ ਦੇਸ਼ ਦੀ 99 ਫੀਸਦੀ ਆਬਾਦੀ ਤੁਰਕੀ ਮੁਸਲਮਾਨਾਂ ਦੀ ਹੈ। ਸੁੰਨੀ ਲੋਕਾਂ ਦੇ ਧਾਰਮਿਕ ਰਸਮੋ–ਰਿਵਾਜ ਵਧੇਰੇ ਭਾਰੂ ਹਨ ਪਰ 1961 ਈ. ਦੇ ਸੰਵਿਧਾਨ ਮੁਤਾਬਕ ਤੁਰਕੀ ਨੂੰ ਧਰਮ-ਨਿਰਪੱਖ ਗਣਰਾਜ ਕਰਾਰ ਦਿੱਤਾ ਗਿਆ ਹੈ ਜਿਸ ਅਨੁਸਾਰ ਕਿਸੇ ਇਕ ਧਰਮ-ਸਮੂਹ ਜਾਂ ਵਰਗ ਦਾ ਦੇਸ਼ ਉੱਤੇ ਪ੍ਰਭਾਵ ਨਹੀਂ ਹੈ। ਰਾਜਨੀਤੀ ਨੂੰ ਧਰਮ-ਨਿਰਪੱਖ ਰੱਖਿਆ ਹੋਇਆ ਹੈ।

ਸਿੱਖਿਆ – ਤੁਰਕੀ ਗਣਰਾਜ ਦੀ ਸਥਾਪਨਾ ਵੇਲੇ ਇਸ ਦੇਸ਼ ਵਿਚ ਪੜ੍ਹੇ ਲਿਖੇ ਲੋਕ ਸਿਰਫ 10 ਫੀਸਦੀ ਹੀ ਸਨ। ਪ੍ਰੈਜ਼ੀਡੈਂਟ ਅੱਤਾਤੁਰਕ ਨੇ ਆਪਣੇ ਪ੍ਰੋਗਰਾਮ ਵਿਚ ਸਿੱਖਿਆ ਉੱਤੇ ਕਾਫ਼ੀ ਜ਼ੋਰ ਦਿੱਤਾ। ਇਨ੍ਹਾਂ ਯਤਨਾਂ ਕਰਕੇ ਹੀ 1980 ਦੇ ਸਾਲਾਂ ਵਿਚ ਸਾਖਰਤਾ ਦੀ ਦਰ ਵਧ ਕੇ 65 ਫੀਸਦੀ ਤੱਕ ਪਹੁੰਚ ਗਈ। ਸ਼ੁਰੂ ਦੇ ਸਾਲਾਂ ਵਿਚ ਧਾਰਮਿਕ ਸਿਖਿਆ ਖ਼ਤਮ ਕਰ ਦਿੱਤੀ ਗਈ ਸੀ ਪਰ 1948 ਈ. ਵਿਚ ਪ੍ਰਾਇਮਰੀ ਸਕੂਲਾਂ ਵਿਚ ਧਾਰਮਿਕ ਸਿਖਿਆ ਮੁੜ ਸ਼ੁਰੂ ਕੀਤੀ ਗਈ। ਪ੍ਰਾਇਮਰੀ ਪੱਧਰ ਤੱਕ ਦੀ ਪੜ੍ਹਾਈ ਮੁਫ਼ਤ ਅਤੇ ਲਾਜ਼ਮੀ ਕੀਤੀ ਗਈ ਹੈ। ਇਥੇ ਤਕਨੀਕੀ ਅਤੇ ਅਧਿਆਪਨ ਸਿਖਲਾਈ ਸਕੂਲ ਵੀ ਹਨ। ਸੰਨ 1990-91 ਵਿਚ ਇਥੇ 29 ਯੂਨੀਵਰਸਿਟੀਆਂ ਅਤੇ 408 ਉੱਚ-ਵਿਦਿਅਕ ਸੰਸਥਾਵਾਂ ਸਨ। ਮੁਸਲਮਾਨ ਪਾਦਰੀਆਂ ਦੀ ਸਿਖਲਾਈ ਲਈ ਖ਼ਾਸ ਸਕੂਲ ਅਤੇ ਅੰਕਾਰਾ ਵਿਚ ‘ਫੈਕਲਟੀ ਆਫ਼ ਥੀਆਲੋਜੀ’ ਸਥਾਪਿਤ ਹੈ।

ਗ਼ੈਰ-ਮੁਸਲਿਮ ਲੋਕਾਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਪ੍ਰਾਈਵੇਟ ਸਕੂਲ ਸਥਾਪਿਤ ਕੀਤੇ ਹੋਏ ਹਨ। ਇਹ ਵੀ ਹੋਰਨਾਂ ਸਕੂਲਾਂ ਦੀ ਤਰ੍ਹਾਂ ਵਿਦਿਆ ਮੰਤਰਾਲੇ ਅਧੀਨ ਹਨ।

ਸਿਹਤ – ਸਿਹਤ ਦੀਆਂ ਸਹੂਲਤਾਂ ਵੀ ਇਥੇ ਮੁਹੱਈਆ  ਹਨ। ਸੰਨ 1990 ਵਿਚ ਇਥੇ 150 ਸਿਹਤ ਕੇਂਦਰ ਸਥਾਪਿਤ ਹਨ।

ਰਾਜ-ਪ੍ਰਬੰਧ

ਇਹ 29 ਅਕਤੂਬਰ, 1923 ਨੂੰ ਇਕ ਗਣਰਾਜ ਬਣਿਆ। ਸੰਨ 1924 ਵਿਚ ਇਥੋਂ ਦਾ ਪਹਿਲਾ ਸੰਵਿਧਾਨ ਲਾਗੂ ਹੋਇਆ। ਉਸ ਸਮੇਂ ਗ੍ਰੈਂਡ ਨੈਸ਼ਨਲ ਅਸੈਂਬਲੀ ਸਥਾਪਿਤ ਕੀਤੀ ਗਈ। ਸੰਨ 1961 ਵਿਚ ਨਵਾਂ ਸੰਵਿਧਾਨ ਘੜਿਆ ਗਿਆ ਅਤੇ ਗਣਰਾਜੀ ਲੀਹਾਂ ਦੇ ਆਧਾਰ ਤੇ ਪ੍ਰਸ਼ਾਸਨ ਦੀ ਵਿਵਸਥਾ ਕੀਤੀ ਗਈ ਹੈ। ਗ੍ਰੈਂਡ ਨੈਸ਼ਨਲ ਅਸੈਂਬਲੀ ਦੇ ਹੇਠਲੇ ਸਦਨ, ਨੈਸ਼ਨਲ ਅਸੈਂਬਲੀ ਦੇ 450 ਮੈਂਬਰ ਅਤੇ ਸੈਨੇਟ ਦੇ 150 ਮੈਂਬਰ ਚੁਣੇ ਗਏ ਅਤੇ ਇਨ੍ਹਾਂ ਤੋਂ ਇਲਾਵਾ 15 ਮੈਂਬਰਾਂ ਦੀ ਪ੍ਰੈਜ਼ੀਡੈਂਟ ਨੇ ਨਾਮਜ਼ਦਗੀ ਵੀ ਕੀਤੀ। ਪ੍ਰੈਜ਼ੀਡੈਂਟ ਨੂੰ ਦੇਸ਼ ਦਾ ਮੁੱਖੀ ਮੰਨਿਆ ਗਿਆ ਹੈ। ਸੰਨ 1980 ਵਿਚ ਇਸ ਦੇਸ਼ ਦਾ ਪ੍ਰਸ਼ਾਸਨ ਫ਼ੌਜ ਨੇ ਸਾਂਭ ਲਿਆ। ਨੈਸ਼ਨਲ ਅਸੈਂਬਲੀ ਭੰਗ ਹੋ ਗਈ। 23 ਅਕਤੂਬਰ, 1981 ਨੂੰ ਨਵਾਂ ਸੰਵਿਧਾਨ ਘੜਨ ਲਈ, ਕਨਸਲਟੇਟਿਵ ਅਸੈਂਬਲੀ ਬਣਾਈ ਗਈ। ਅਸੈਂਬਲੀ ਨੇ ਆਪਣਾ ਕੰਮ ਅਕਤੂਬਰ, 1981 ਵਿਚ ਆਰੰਭ ਕੀਤਾ। 7 ਨਵੰਬਰ, 1982 ਦੇ ਦਿਨ ਇਸ ਸੰਵਿਧਾਨ ਨੂੰ ਲਾਗੂ ਕੀਤੇ ਜਾਣ ਦੇ ਹੱਕ ਵਿਚ ਫੈਸਲਾ ਹੋਇਆ। ਅੱਜਕੱਲ੍ਹ ਇਥੋਂ ਦੀ ਪਾਰਲੀਮੈਂਟ ਦਾ ਇਕੋ ਸਦਨ ਹੈ। ਹਰੇਕ 21 ਸਾਲ ਦੇ ਮਰਦ ਅਤੇ ਔਰਤ ਨੂੰ ਵੋਟ ਦਾ ਅਧਿਕਾਰ ਹੈ।

ਰਾਜਸੀ ਪਾਰਟੀਆਂ – ਸੰਨ 1923 ਵਿਚ ਇਸ ਦੇਸ਼ ਦੀ ਇਕ ਗਣਰਾਜ ਵਜੋਂ ਸਥਾਪਨਾ ਕਰਨ ਵੇਲੇ ਇਥੇ ਇਕੋ ਰਾਜਸੀ ਪਾਰਟੀ ਹੁੰਦੀ ਸੀ ਅਤੇ ਉਹੋ ਪਾਰਟੀ ਹੀ 1946 ਤੱਕ ਸਰਗਰਮ ਰਹੀ ਸੀ। ਇਸ ਪਿੱਛੋਂ ਕਈ ਹੋਰ ਰਾਜਸੀ ਪਾਰਟੀਆਂ ਵੀ ਰਾਜਨੀਤਿਕ ਪਿੜ ਵਿਚ ਦਾਖ਼ਲ ਹੋ ਗਈਆਂ। ਇਨ੍ਹਾਂ ਨੇ ਚੋਣਾਂ ਵੀ ਲੜੀਆਂ। ਇਨ੍ਹਾਂ ਦੀ ਦਖ਼ਲ-ਅੰਦਾਜ਼ੀ ਕਾਰਣ ਇਥੋਂ ਦੀ ਰਾਜਨੀਤੀ ਵਿਚ ਕਈ ਕਿਸਮ ਦੀਆਂ ਤਬਦੀਲੀਆਂ ਵੀ ਆਈਆਂ । ਅਕਤੂਬਰ, 1991 ਨੂੰ ਨੈਸ਼ਨਲ ਅਸੈਂਬਲੀ ਦੀਆਂ ਚੋਣਾਂ ਵਿਚ ਟਰੂ ਪਾਥ ਪਾਰਟੀ ਨੇ 178 ਸੀਟਾਂ ਜਿੱਤ ਕੇ ਬਹੁਮਤ ਪ੍ਰਾਪਤ ਕੀਤਾ। ਮਦਰਲੈਂਡ ਅਤੇ ਸ਼ੋਸ਼ਲ ਡੈਮੋਕ੍ਰੇਟਿਕ ਪਾਪੂਲਿਸਟ ਪਾਰਟੀਆਂ ਨੇ ਕ੍ਰਮਵਾਰ 115 ਅਤੇ 88 ਸੀਟਾਂ ਜਿੱਤੀਆਂ। ਇਨ੍ਹਾਂ ਤੋਂ ਇਲਾਵਾ ਪ੍ਰੋਸਪੈਰਿਟੀ ਪਾਰਟੀ ਨੇ 62 ਸੀਟਾਂ ਅਤੇ ਡੈਮ੍ਰੋਕੇਟਿਕ ਲੈਫਟ ਨੇ 7 ਸੀਟਾਂ ਪ੍ਰਾਪਤ ਕੀਤੀਆਂ।

ਸਥਾਨਕ ਪ੍ਰਸ਼ਾਸਨ – ਸਥਾਨਕ ਪ੍ਰਸ਼ਾਸਨ ਦੀ ਸਹੂਲਤ ਖਾਤਰ ਸਮੁੱਚੇ ਦੇਸ਼ ਨੂੰ 73 ਪ੍ਰਾਂਤਾਂ ਵਿਚ ਵੰਡਿਆ ਹੋਇਆ ਹੈ। ਪ੍ਰਾਂਤ ਅਗੋਂ ਡਿਸਟ੍ਰਿਕਟਾਂ ਵਿਚ ਅਤੇ ਡਿਸਟ੍ਰਿਕਟ ਅੱਗੋਂ ਕਮਿਊਨਾਂ ਵਿਚ ਵੰਡੇ ਹੋਏ ਹਨ।

ਸੰਨ 1930 ਦੇ ਮਿਉਂਸਪਲ ਕਾਨੂੰਨ ਅਨੁਸਾਰ ਔਰਤਾਂ ਵੀ ਚੋਣ ਲੜ ਸਕਦੀਆਂ ਹਨ।

ਮਾਪ-ਤੋਲ ਪ੍ਰਣਾਲੀ – 1 ਜਨਵਰੀ, 1934 ਤੋਂ ਇਥੇ ਮੀਟ੍ਰਿਕ ਪ੍ਰਣਾਲੀ ਲਾਗੂ ਹੈ।

ਕਰੰਸੀ – ਇਥੋਂ ਦੀ ਕਰੰਸੀ ਦਾ ਨਾਂ ਤੁਰਕੀ ਲੀਰਾ ਹੈ। ਇਕ ਲੀਰੇ ਵਿਚ 100 ਕਰੂਸ਼ ਹੁੰਦੇ ਹਨ। ਇਥੇ ਤੁਰਕੀ ਲੀਰਾ 50, 100, 500, 1000 ਅਤੇ 2500 ਦੀ ਸਿੱਕਿਆਂ ਦੇ ਰੂਪ ਵਿਚ ਪ੍ਰਚਲਿਤ ਹਨ। ਇਸ ਦੇ ਨਾਲ ਹੀ ਲੀਰਾ 1,000; 5,000; 10,000; 20,000; 50,000; 1,00,000 ਅਤੇ 2,50,000 ਮੁਲ ਦੇ ਨੋਟਾਂ ਵਿਚ ਵੀ ਪ੍ਰਚਲਿਤ ਹਨ। ਮਾਰਚ, 1993 ਵਿਚ ਇਕ ਅਮਰੀਕਨ ਡਾਲਰ 9071 ਲੀਰਿਆਂ  ਦੇ ਬਰਾਬਰ ਅਤੇ ਇਕ ਪੋਂਡ 13,062 ਲੀਰਿਆਂ ਦੇ ਬਰਾਬਰ ਸੀ।

ਝੰਡਾ – ਇਥੋਂ ਦੇ ਝੰਡੇ ਦਾ ਰੰਗ ਲਾਲ ਹੈ ਜਿਸ ਉਪਰ ਚਿੱਟੇ ਰੰਗ ਦਾ ਅੱਧਾ ਚੰਦ ਅਤੇ ਇਕ ਤਾਰਾ ਬਣਿਆ ਹੋਇਆ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1416, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-21-03-56-16, ਹਵਾਲੇ/ਟਿੱਪਣੀਆਂ: ਹ. ਪੁ. –ਐਨ. ਅਮੈ. 27 : 266 (1985), ਐਨ. ਬ੍ਰਿ. ਮਾ. 12:56 (1985); ਕੋਲ. ਐਨ. 18 : 577; ਐਨ. ਬ੍ਰਿ. 22 : 588; ਸਟੇ. ਯੀ. ਬੁਕ-1993-94 : 1296

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.