ਭਾਰਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਾਰਤ [ਨਾਂਪੁ] ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵਿਚਾਲੇ ਸਥਿਤ ਏਸ਼ੀਆ ਦਾ ਇੱਕ ਗਣਤੰਤਰ ਜਿਸ ਦੀ ਰਾਜਧਾਨੀ ਨਵੀਂ ਦਿੱਲੀ ਅਤੇ ਵੱਸੋਂ ਸੌ (100) ਕਰੋੜ ਤੋਂ ਵੀ ਵੱਧ ਹੈ, ਹਿੰਦ, ਹਿੰਦੁਸਤਾਨ , ਇੰਡੀਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 434, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭਾਰਤ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਭਾਰਤ : ਭਾਰਤ ਸੰਸਾਰ ਦਾ ਮਹੱਤਵਪੂਰਨ ਵਿਕਾਸਸ਼ੀਲ ਦੇਸ ਹੈ। ਦੇਸ ਦਾ ਕੁੱਲ ਖੇਤਰਫਲ 32,87,782 ਵਰਗ ਕਿਲੋਮੀਟਰ ਹੈ, ਜੋ ਸੰਸਾਰ ਦਾ 2.2 ਪ੍ਰਤਿਸ਼ਤ ਭਾਗ ਬਣਦਾ ਹੈ। ਖੇਤਰਫਲ ਪੱਖੋਂ ਭਾਰਤ ਸੰਸਾਰ ਵਿੱਚ ਸੱਤਵੇਂ ਨੰਬਰ ਉੱਤੇ ਹੈ। ਇਸ ਤੋਂ ਵੱਡੇ ਦੇਸ ਰੂਸ, ਕੈਨੇਡਾ, ਚੀਨ, ਯੂ.ਐੱਸ.ਏ., ਬ੍ਰਾਜ਼ੀਲ ਅਤੇ ਆਸਟਰੇਲੀਆ ਹਨ। ਭਾਰਤ ਦੇ ਮੁੱਖ ਥਲ ਭਾਗ ਦੀ ਸ਼ਕਲ ਤਿਕੋਣ ਵਰਗੀ ਹੈ, ਜਿਸ ਦਾ ਆਧਾਰ ਉੱਤਰ ਦਿਸ਼ਾ ਵੱਲ ਹੈ ਅਤੇ ਸੀਰਸ ਦੱਖਣ ਵੱਲ ਕੰਨਿਆ ਕੁਮਾਰੀ ਉੱਤੇ ਬਣਦਾ ਹੈ।

ਸਥਿਤੀ ਅਤੇ ਵਿਸਥਾਰ : ਭਾਰਤ ਸੰਸਾਰ ਦੇ ਏਸ਼ੀਆ ਮਹਾਂਦੀਪ ਵਿੱਚ ਦੱਖਣ ਵੱਲ ਸਥਿਤ ਹੈ। ਦੇਸ ਦੀ ਉੱਤਰੀ ਹੱਦ ਅਫ਼ਗਾਨਿਸਤਾਨ, ਚੀਨ, ਨੇਪਾਲ ਅਤੇ ਭੂਟਾਨ ਦੇਸਾਂ ਨਾਲ ਲੱਗਦੀ ਹੈ ਜਦੋਂ ਕਿ ਇਸ ਦੇ ਦੱਖਣ ਵੱਲ ਹਿੰਦ ਮਹਾਸਾਗਰ ਸਥਿਤ ਹੈ। ਭਾਰਤ ਦੀ ਪੂਰਬੀ ਹੱਦ ਮਿਆਂਮਰ (Myan-mar) ਅਤੇ ਬੰਗਲਾ ਦੇਸ ਨਾਲ ਛੂੰਹਦੀ ਹੈ। ਦੇਸ ਦੀ ਪੱਛਮੀ ਸੀਮਾ ਪਾਕਿਸਤਾਨ ਨਾਲ ਲੱਗਦੀ ਹੈ। ਭਾਰਤ ਦਾ ਵਿਸਥਾਰ 8 °  4'   ਤੋਂ ਲੈ ਕੇ 37 °  6' ਉੱਤਰੀ ਅਕਸ਼ਾਂਸ਼ ਅਤੇ 68°   7'   ਤੋਂ ਲੈ ਕੇ 97 °  25'   ਪੂਰਬੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਉੱਤਰ ਤੋਂ ਦੱਖਣ ਤੱਕ ਲੰਬਾਈ 3,214 ਕਿਲੋਮੀਟਰ ਅਤੇ ਪੂਰਬ ਤੋਂ ਪੱਛਮ ਤੱਕ ਚੌੜਾਈ 2,933 ਕਿਲੋਮੀਟਰ ਹੈ।

ਧਰਾਤਲ : ਭਾਰਤ ਦਾ ਧਰਾਤਲ ਮੈਦਾਨੀ, ਪਹਾੜੀ ਅਤੇ ਪਠਾਰੀ ਕਿਸਮ ਦਾ ਹੈ। ਇੱਕ ਅੰਦਾਜ਼ੇ ਮੁਤਾਬਕ ਦੇਸ ਦਾ 43 ਪ੍ਰਤਿਸ਼ਤ ਧਰਾਤਲ ਮੈਦਾਨੀ, 29 ਪ੍ਰਤਿਸ਼ਤ ਪਹਾੜੀ ਅਤੇ 28 ਪ੍ਰਤਿਸ਼ਤ ਪਠਾਰੀ ਹੈ। ਮੈਦਾਨੀ ਧਰਾਤਲ ਮੁੱਖ ਤੌਰ ’ਤੇ ਦੇਸ ਦੇ ਉੱਤਰੀ ਭਾਗਾਂ ਵਿੱਚ ਪੂਰਬ ਤੋਂ ਪੱਛਮ ਦਿਸ਼ਾ ਵਿੱਚ ਮਿਲਦਾ ਹੈ। ਮੈਦਾਨੀ ਧਰਾਤਲ ਬਹੁਤ ਉਪਜਾਊ ਹੈ, ਜੋ ਸਿੰਧ, ਗੰਗਾ ਅਤੇ ਬ੍ਰਹਮਪੁਰ ਨਦੀਆਂ ਦੁਆਰਾ ਨਿਰਮਾਣਿਤ ਕੀਤਾ ਗਿਆ ਹੈ। ਭਾਰਤ ਦੇ ਧੁਰ ਉੱਤਰ ਵੱਲ ਪੂਰਬ ਤੋਂ ਪੱਛਮ ਦਿਸ਼ਾ ਵਿੱਚ ਫੈਲੇ ਸੰਸਾਰ ਦੇ ਮਹਾਨ ਅਤੇ ਸਭ ਤੋਂ ਉੱਚੇ ਪਹਾੜ ਹਿਮਾਲਿਆ ਹਨ। ਦੇਸ ਦਾ ਦੱਖਣੀ ਹਿੱਸਾ ਭਾਵ ਪ੍ਰਾਇਦੀਪੀ ਭਾਰਤ ਪਠਾਰੀ ਹੈ।

ਜਲਵਾਯੂ : ਭਾਰਤ ਦਾ ਜਲਵਾਯੂ ਤਪਤ ਮੌਨਸੂਨੀ ਕਿਸਮ ਦਾ ਹੈ। ਦੇਸ ਦਾ ਔਸਤ ਤਾਪਮਾਨ 14 ਡਿਗਰੀ ਸੈਂਟੀਗ੍ਰੇਡ ਹੈ। ਭਾਰਤ ਵਿੱਚ ਵੱਧ ਤੋਂ ਵੱਧ ਤਾਪਮਾਨ ਗਰਮੀਆਂ ਵਿੱਚ 50 ਡਿਗਰੀ ਸੈਂਟੀਗ੍ਰੇਡ ਥਾਰ ਮਾਰੂਥਲ (ਰਾਜਸਥਾਨ) ਅਤੇ ਘੱਟ ਤੋਂ ਘੱਟ -45 ਡਿਗਰੀ ਸੈਂਟੀਗ੍ਰੇਡ ਲੇਹ ਅਤੇ ਦਰਾਸ (ਜੰਮੂ ਅਤੇ ਕਸ਼ਮੀਰ) ਵਿੱਚ ਰਿਕਾਰਡ ਕੀਤਾ ਗਿਆ ਹੈ। ਭਾਰਤ ਵਿੱਚ ਔਸਤ ਸਾਲਾਨਾ ਵਰਖਾ 64 ਸੈਂਟੀਮੀਟਰ ਹੁੰਦੀ ਹੈ। ਦੇਸ ਦੇ ਮੇਘਾਲਿਆ ਰਾਜ ਦਾ ਮੌਸੀਨਰਮ (Mausinram) ਨਾਮੀ ਸਥਾਨ (1,141 ਸੈਂਟੀਮੀਟਰ ਸਾਲਾਨਾ) ਸੰਸਾਰ ਵਿੱਚ ਸਭ ਤੋਂ ਵੱਧ ਵਰਖਾ ਵਾਲਾ ਸਥਾਨ ਹੈ।

ਇਤਿਹਾਸ : ਸੰਸਾਰ ਦੇ ਬਾਕੀ ਦੇਸਾਂ ਦੀ ਤਰ੍ਹਾਂ ਭਾਰਤ ਦਾ ਇਤਿਹਾਸ ਵੀ ਉਲਝਣਾ ਭਰਿਆ ਰਿਹਾ ਹੈ। ਭਾਰਤ ਦੇ ਇਤਿਹਾਸ ਦੇ ਪੰਨੇ ਦਰਸਾਉਂਦੇ ਹਨ ਕਿ ਦੇਸ ਵਿੱਚ ਆਰੀਅਨ ਲੋਕ 1500 ਬੀ.ਸੀ. ਵਿੱਚ ਮੱਧ ਏਸ਼ੀਆ ਤੋਂ ਉੱਠ ਕੇ ਆਏ ਅਤੇ ਭਾਰਤ ਵਿੱਚ ਪੱਕੇ ਤੌਰ ’ਤੇ ਵੱਸ ਗਏ। ਦੇਸ ਵਿੱਚ ਹਿੰਦੂ ਅਤੇ ਬੁੱਧ ਧਰਮ ਦਾ ਜਨਮ ਮੁੱਖ ਤੌਰ  ਤੋਂ ਆਰੀਅਨ ਲੋਕਾਂ ਦੇ ਹੱਥੋਂ ਹੋਇਆ ਹੈ। ਭਾਰਤ 8ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਦੇ ਮੱਧ ਤੱਕ ਮੁਸਲਿਮ ਹੁਕਮਰਾਨਾਂ ਦੇ ਅਧੀਨ ਰਿਹਾ ਹੈ। ਇਸ ਸਮੇਂ ਦੌਰਾਨ ਮੁਸਲਿਮ ਹੁਕਮਰਾਨਾਂ, ਅਰਥਾਤ ਅਰਬਾਂ, ਤੁਰਕਾਂ ਅਤੇ ਅਫ਼ਗਾਨੀਆਂ ਨੇ ਰਾਜ ਕੀਤਾ ਹੈ। ਮੁਸਲਿਮ ਰਾਜ ਤੋਂ ਬਾਅਦ ਭਾਰਤ ਯੂਰਪੀਅਨਾਂ ਭਾਵ ਅੰਗਰੇਜ਼ਾਂ, ਫ਼੍ਰਾਂਸੀਸੀਆਂ ਅਤੇ ਪੁਰਤਗਾਲੀਆਂ ਦੇ ਅਧੀਨ ਰਿਹਾ ਹੈ। ਦੇਸ ਵਿੱਚ ਯੂਰਪੀਅਨਾਂ, ਖ਼ਾਸ ਕਰਕੇ ਅੰਗਰੇਜ਼ਾਂ ਦਾ ਰਾਜ 18ਵੀਂ ਸਦੀ ਦੇ ਮੱਧ ਤੋਂ ਲੈ ਕੇ 20ਵੀਂ ਸਦੀ ਦੇ ਮੱਧ ਤੱਕ ਰਿਹਾ ਹੈ। ਭਾਰਤ 15 ਅਗਸਤ, 1947 ਨੂੰ ਅਜ਼ਾਦ ਹੋਇਆ।

ਰਾਜ-ਪ੍ਰਬੰਧ : ਮੌਜੂਦਾ ਭਾਰਤ 28 ਰਾਜਾਂ, 6 ਕੇਂਦਰੀ ਸ਼ਾਸਤ ਰਾਜਾਂ ਅਤੇ ਇੱਕ ਰਾਸ਼ਟਰੀ ਰਾਜਧਾਨੀ ਰਾਜ ਵਿੱਚ ਵੰਡਿਆ ਹੋਇਆ ਹੈ। ਨਵੀਂ ਦਿੱਲੀ ਦੇਸ ਦੀ ਰਾਜਧਾਨੀ ਹੈ। ਭਾਰਤ ਇੱਕ ਲੋਕਤੰਤਰੀ ਦੇਸ ਹੈ। ਰਾਸ਼ਟਰਪਤੀ ਦੇਸ ਦਾ ਮੁਖੀਆ ਹੈ ਅਤੇ ਇਸ ਦੀ ਚੋਣ ਪੰਜ ਸਾਲਾਂ ਲਈ ਸੰਸਦ ਅਤੇ ਰਾਜਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਕੀਤੀ ਜਾਂਦੀ ਹੈ। ਭਾਰਤ ਵਿੱਚ ਤਿੰਨ ਪ੍ਰਕਾਰ ਦੀਆਂ ਸਰਕਾਰਾਂ ਹਨ ਭਾਵ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਸਥਾਨਿਕ ਸਰਕਾਰਾਂ। ਕੇਂਦਰ ਸਰਕਾਰ ਸਮੁੱਚੇ ਦੇਸ ਦੇ ਰਾਜ-ਪ੍ਰਬੰਧ ਦੀ ਦੇਖ-ਭਾਲ ਕਰਦੀ ਹੈ ਜਦੋਂ ਕਿ ਰਾਜ ਸਰਕਾਰ ਕੇਵਲ ਆਪਣੇ ਰਾਜ ਦੇ ਪ੍ਰਬੰਧ ਨੂੰ ਚਲਾਉਂਦੀ ਹੈ। ਸਥਾਨਿਕ ਸਰਕਾਰ ਦੇਸ ਦੇ ਹਰੇਕ ਪਿੰਡ ਅਤੇ ਸ਼ਹਿਰ ਦਾ ਪ੍ਰਬੰਧ ਦੇਖਦੀ ਹੈ। ਇਹਨਾਂ ਤਿੰਨੇ ਪ੍ਰਕਾਰ ਦੀਆਂ ਸਰਕਾਰਾਂ ਦੀ ਚੋਣ ਹਰ ਪੰਜ ਸਾਲ ਬਾਅਦ ਸਿੱਧੀ ਵੋਟਾਂ ਰਾਹੀਂ ਹੁੰਦੀ ਹੈ। ਭਾਰਤ ਵਿੱਚ ਲੋਕਾਂ ਦੇ ਹੱਕਾਂ ਦੀ ਰੱਖਵਾਲੀ ਲਈ ਅਜ਼ਾਦ ਨਿਆਂ-ਪਾਲਿਕਾ ਪ੍ਰਨਾਲੀ ਹੈ। ਨਿਆਂ-ਪਾਲਿਕਾ ਪ੍ਰਨਾਲੀ ਦੇ ਤਿੰਨ ਅੰਗ-ਜ਼ਿਲ੍ਹਾ ਕੋਰਟ, ਹਾਈਕੋਰਟ ਅਤੇ ਸੁਪਰੀਮ ਕੋਰਟ ਹਨ।

ਲੋਕ : ਸੰਨ 2001 ਦੀ ਮਰਦਮ-ਸ਼ੁਮਾਰੀ ਅਨੁਸਾਰ ਭਾਰਤ ਵਿੱਚ 1,02,70,15,247 (ਇੱਕ ਅਰਬ, ਦੋ ਕਰੋੜ, ਸੱਤਰ ਲੱਖ, ਪੰਦਰਾਂ ਹਜ਼ਾਰ, ਦੋ ਸੋ ਸੰਤਾਲੀ) ਲੋਕ ਰਹਿੰਦੇ ਸਨ। ਵਸੋਂ ਅਨੁਸਾਰ ਭਾਰਤ ਦਾ ਸਾਰੀ ਦੁਨੀਆ ਵਿੱਚ ਚੀਨ ਤੋਂ ਬਾਅਦ ਦੂਜਾ ਸਥਾਨ ਹੈ। ਦੇਸ ਦੀ 72.3 ਪ੍ਰਤਿਸ਼ਤ ਵੱਸੋਂ ਪਿੰਡਾਂ ਵਿੱਚ ਰਹਿੰਦੀ ਹੈ ਜਦੋਂ ਕਿ 27.7 ਪ੍ਰਤਿਸ਼ਤ ਸ਼ਹਿਰਾਂ ਵਿੱਚ। ਭਾਰਤ ਦੇ 65.3 ਪ੍ਰਤਿਸ਼ਤ ਲੋਕ ਪੜ੍ਹੇ-ਲਿਖੇ ਹਨ। ਭਾਰਤ ਇੱਕ ਬਹੁ-ਧਰਮੀ ਦੇਸ ਹੈ। ਦੇਸ ਦੇ ਲਗਪਗ 82 ਪ੍ਰਤਿਸ਼ਤ ਲੋਕ ਹਿੰਦੂ ਧਰਮ, 11 ਪ੍ਰਤਿਸ਼ਤ ਇਸਲਾਮ, 2 ਪ੍ਰਤਿਸ਼ਤ ਸਿੱਖ, 2 ਪ੍ਰਤਿਸ਼ਤ ਈਸਾਈ ਅਤੇ 1 ਪ੍ਰਤਿਸ਼ਤ ਬੁੱਧ ਧਰਮ ਵਿੱਚ ਵਿਸ਼ਵਾਸ ਰੱਖਦੇ ਹਨ। ਭਾਰਤ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਤਾਜ਼ੇ ਸਰੇਵਖਣ ਅਨੁਸਾਰ ਦੇਸ ਵਿੱਚ 255 ਭਾਸ਼ਾਵਾਂ ਹਨ, ਪਰੰਤੂ ਇਹਨਾਂ ਵਿੱਚੋਂ ਸਿਰਫ਼ 16 ਭਾਸ਼ਾਵਾਂ ਮੁੱਖ ਹਨ ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਨੇ ਮਾਨਤਾ ਦਿੱਤੀ ਹੈ। ਹਿੰਦੀ ਦੇਸ ਦੀ ਰਾਸ਼ਟਰੀ ਭਾਸ਼ਾ ਹੈ।

ਆਰਥਿਕਤਾ : ਭਾਰਤ ਵਿੱਚ ਖੇਤੀ ਪ੍ਰਧਾਨ ਦੇਸ ਹੈ। ਦੇਸ ਦੀ 64 ਪ੍ਰਤਿਸ਼ਤ ਵੱਸੋਂ ਖੇਤੀ-ਬਾੜੀ ਤੋਂ ਆਪਣਾ ਗੁਜ਼ਾਰਾ ਕਰਦੀ ਹੈ। ਕਣਕ, ਚਾਵਲ, ਗੰਨਾ, ਚਾਹ, ਪਟਸਨ ਅਤੇ ਕਪਾਹ ਦੇਸ ਦੀਆਂ ਮੁੱਖ ਫ਼ਸਲਾਂ ਹਨ। ਭਾਰਤ ਉਦਯੋਗਿਕ ਪੱਖੋਂ ਵਿਕਸਿਤ ਦੇਸ ਨਹੀਂ ਹੈ। ਲੋਹਾ ਅਤੇ ਇਸਪਾਤ, ਕੱਪੜਾ, ਖੰਡ, ਰਸਾਇਣ, ਇੰਜੀਨੀਅਰਿੰਗ ਅਤੇ ਸੀਮਿੰਟ ਦੇਸ ਦੇ ਮੁੱਖ ਉਦਯੋਗ ਹਨ। ਭਾਰਤ ਦੀ ਲਗਪਗ 10 ਪ੍ਰਤਿਸ਼ਤ ਵੱਸੋਂ ਉਦਯੋਗਿਕ ਧੰਦਿਆਂ ਉੱਤੇ ਨਿਰਭਰ ਹੈ। ਭਾਰਤੀ ਸੇਵਾਵਾਂ ਦਾ ਖੇਤਰ ਬੜੀ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਅਤੇ ਇਸ ਸਮੇਂ 26 ਪ੍ਰਤਿਸ਼ਤ ਲੋਕ ਇਸ ਖੇਤਰ ਨਾਲ ਜੁੜੇ ਹੋਏ ਹਨ।

ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਭਾਰਤ ਦੱਖਣੀ ਏਸ਼ੀਆ ਦਾ ਵਿਸ਼ਾਲ ਵਿਕਾਸਸ਼ੀਲ ਦੇਸ ਹੈ। ਅਬਾਦੀ ਪੱਖੋਂ ਭਾਵੇਂ ਭਾਰਤ ਦਾ ਵਿਸ਼ਵ ਵਿੱਚ ਦੂਸਰਾ ਸਥਾਨ ਹੈ, ਪਰੰਤੂ ਆਰਥਿਕ ਅਤੇ ਸਮਾਜਿਕ ਦ੍ਰਿਸ਼ਟੀਕੋਣ ਤੋਂ ਇਹ ਪੱਛਮੀ ਦੇਸਾਂ ਨਾਲੋਂ ਬਹੁਤ ਪਛੜਿਆ ਹੋਇਆ ਹੈ। ਵੱਧਦੀ ਅਬਾਦੀ, ਬੇਰੁਜ਼ਗਾਰੀ, ਅਨਪੜ੍ਹਤਾ, ਅੰਧ-ਵਿਸ਼ਵਾਸ, ਧਾਰਮਿਕ ਕੱਟੜਤਾ, ਅਮੀਰਾਂ ਅਤੇ ਗ਼ਰੀਬਾਂ ਵਿੱਚ ਵੱਧ ਰਿਹਾ ਪਾੜਾ, ਆਦਿ ਮੁੱਖ ਸਮੱਸਿਆਵਾਂ ਹਨ।


ਲੇਖਕ : ਜਸਪਾਲ ਸਿੰਘ ਵੜੈਚ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-30-01-05-14, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.