ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਗੁਰਮੁਖੀ ਲਿਪੀ ਦਾ ਚੋਂਤੀਵਾਂ ਅੱਖਰ , ਵਾਵਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4356, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣ ਮਾਲਾ (ਪੈਂਤੀ ਦਾ) ਚੌਤੀਵਾਂ ਅੱਖਰ ਤੇ ਇਕੱਤੀਵਾਂ ਵ੍ਯੰਜਨ ਹੈ।

            ਪੰਜਾਬੀ ਵਿਚ ਇਲਾਕੇ ਵੰਡ ਵਿਚ ਬੱਬੇ ਤੇ ਵੱਵੇ ਦਾ ਆਪੋ ਵਿਚ ਵਟਾਂਦਰਾ ਰਹਿੰਦਾ ਹੈ। ਦੁਆਬੇ ਦੇ ਲੋਕ ਵੱਵਾ ਬਹੁਤ ਘਟ ਬੋਲਦੇ ਹਨ। ਸੰਸਕ੍ਰਿਤ ਦਾ ਮੁਹਾਵਰਾ ਤੇ ਮਧ ਪੰਜਾਬੀ ਦੀ ਬੋਲ ਚਾਲ ਵੱਵੇ ਵੱਲ ਰੁਖ਼ ਰਖਦੀ ਹੈ, ਪਰ ਬੱਬੇ ਵਾਲੇ ਪਦ ਬੱਬੇ ਨਾਲ ਹੀ ਉਚਾਰੇ ਜਾਂਦੇ ਹਨ।

            ਸੰਸਕ੍ਰਿਤ ਵਿਸਮਯ, ਗੁਰਬਾਣੀ ਵਿਚ ਬੱਬੇ ਨਾਲ ਆਇਆ ਹੈ, ਜੈਸੇ ਬਿਸਮ, ਬਿਸਮਾ। ਪਰੰਤੂ ਵੀਰ ਪਦ, ਬੀਰ ਤੇ ਵੀਰ ਦੋਹਾਂ ਰੂਪਾਂ ਵਿਚ ਆਇਆ ਹੈ। ਯਥਾ-‘ਵੀਰ ਵਾਰਿ ਵੀਰ ਭਰਮਿ ਭੁਲਾਏ’ ਤੇ ‘ਸੁਨੁਹੋ ਬੀਰ ਮਸਾਨ’।

            ਪੰਜਾਬੀ ਵਿਚ ਸੰਸਕ੍ਰਿਤ ਪੈਰ ਵਵਾ ਕਈ ਵੇਰ ਔਂਕੁੜ ਵਿਚ ਬਦਲਦਾ ਹੈ। ਯਥਾ- ਸ੍ਵਪਨ, ਸੁਪਨਾ। ਕਦੇ ਵਵਾ ਉੱਕਾ ਡਿੱਗ ਪੈਂਦਾ ਹੈ, ਜਿਵੇਂ ਸੰਸਕ੍ਰਿਤ ਸ੍ਵਾਧੀਨ। ਪ੍ਰਾਕ੍ਰਿਤ ਵਿਚ ਹੈ (ਸਾਧੀਨ) ਸਾਹੀਨ, ਤਿਵੇਂ ਪੰਜਾਬੀ ਵਿਚ ਹੁੰਦਾ ਹੈ। ਸੰਸਕ੍ਰਿਤ ਦ੍ਵੀਪ ਤੋਂ ਦੀਪ, ਵਿਸ਼੍ਵ ਤੋਂ ਵਿਸ।

            ਸੰਸਕ੍ਰਿਤ ਵਿਚ ੳ+ਅ ਦੀ ਸੰਧੀ ਹੋ ਕੇ ਵੱਵਾ ਬਣਦਾ ਹੈ। ਪ੍ਰਾਕ੍ਰਿਤ ਵਿਚ ਸੰਧੀ ਨ ਹੋਈ ਹੀ ਹੈ, ਤਿਵੇਂ ਪੰਜਾਬੀ ਵਿਚ ਬੀ ਨਹੀਂ , ਦੇਖੋ ਸੰਸਕ੍ਰਿਤ ਸ੍ਵਸ੍ਤਿ, ਜਪੁਜੀ ਸਾਹਿਬ ਵਿਚ ਆਇਆ ਹੈ, ਸੁਅਸਤਿ।

            ਕਈ ਵੇਰ ਵਵਾ -ਉ- ਵਿਚ ਬਦਲਦਾ ਹੈ ਜਿਵੇਂ-ਵਿਵਹਾਰ ਤੋਂ ਵਿਉਹਾਰ।

            ਸੰਸਕ੍ਰਿਤ ਦੇ -ਵ- ਅੰਤਕ ਪਦ ਕਈ ਵੇਰ ਪੰਜਾਬੀ ਵਿਚ -ਉ- ਅੰਤਕ ਹੋ ਜਾਂਦੇ ਹਨ, ਜੈਸੇ ਸ੍ਵਭਾਵ, ਸੁਭਾਉ।

            ਪੰਜਾਬੀ ਬੋਲ ਚਾਲ ਵਿਚ ਇਲਾਕੇ ਵੰਡ ਕਰਕੇ ਉ ਤੇ ੲ, ਵਵੇ ਨਾਲ ਆਪੋ ਵਿਚ ਬੀ ਬਦਲਦੇ ਹਨ, ਜਿਵੇਂ, ਜਾਓ, ਜਾਵੋ। ਜਾਏ, ਜਾਵੇ।

            ਕਈ ਵੇਰ ਸੰਸਕ੍ਰਿਤ ਵਵਾ, ਔਂਕੁੜ ਤੇ ਐੜੇ ਨਾਲ ਵਟ ਜਾਂਦਾ ਹੈ, ਜਿਵੇਂ-ਦ੍ਵਾਰ ਤੋਂ ਦੁਆਰ।

            ਸਿਆਰੀ ਵਾਲਾ ਵਵਾ ਕਦੇ ਨਿਰੇ ਔਂਕੜ ਵਿਚ ਵੱਟਦਾ ਹੈ, ਜੈਸੇ- ਦ੍ਵਿਗੁਣ ਤੋਂ ਦੁਗਣ।

ਸੰਸਕ੍ਰਿਤ ਵਿਚ ਵਿ-ਉਪਸਰਗ ਹੈ, ਜਿਨਾਂ ਅਰਥਾਂ ਵਿਚ ਉਥੇ ਆਇਆ ਹੈ, ਪੰਜਾਬੀ ਵਿਚ ਬੀ ਆਇਆ ਹੈ। ਯਥਾ-

(੧) ਵਿ=ਆਪਸ ਵਿਚ, ਜਿਵੇਂ ਵਿ+ਵਾਹ=ਵਿਵਾਹ, ਵੀਵਾਹ।

(੨) ਵਿ=ਵਿਵੇਸ਼ ਕਰ ਕੇ, ਜਿਵੇਂ ਵਿ+ਹੂਣ, ਵਿਹੂਣ, ਵਿਹੂਣਾ

(੩) ਵਿ=ਬਿਨਾਂ, ਜਿਵੇਂ ਵਿ+ਯੋਗ, ਵਿਜੋਗ, ਤ੍ਰੈਏ ਪਦ ਤੇ ਹੋਰ ਕਈ ਇਸ ਤਰ੍ਹਾਂ ਗੁਰਬਾਣੀ ਵਿਚ ਆਏ ਹਨ।

            ਫ਼ਾਰਸੀ ਦੀ ਬੇ, (ਸੰਸਕ੍ਰਿਤ-ਵਿ- ਤੋਂ) ਪੰਜਾਬੀ ਵਿਚ ਵਵੇ ਨਾਲ ਭੀ ਬਦਲਿਆ ਹੈ, ਜੈਸੇ-

            ਬੇ ਪਰਵਾਹ ਦਾ ਵੇ ਪਰਵਾਹ।

            ਪੰਜਾਬੀ ਦੇ ਧਾਤੂ ਪਦ ਜੋ ‘ਣਾ’ ਨਿਸ਼ਾਨੀ ਦੇ ਲਹਿ ਗਿਆਂ ਇਕ ਅੱਖਰੇ ਰਹਿ ਜਾਂਦੇ ਹਨ, ਓਹ ਗਰਦਾਨ (ਰੂਪ ਸਾਧਨ) ਵੇਲੇ ਕਿਤੇ ਕਿਤੇ ਵਵਾ ਨਾਲ ਲੈ ਲੈਂਦੇ ਹਨ, ਜੈਸੇ-

            ਜਾਣਾ-ਜਾ-ਜਾਵੇ, ਜਾਵੇਗਾ

            ਖਾਣਾ-ਖਾ-ਖਾਵੇ, ਖਾਵੇਗਾ

            ਪੀਣਾ-ਪੀ-ਪੀਵੇ, ਪੀਵੇਗਾ

            ਇਸ ਦਾ ਸ਼ਾਇਦ ਕਾਰਣ ਇਹ ਹੈ, ਕਿ ਇਨ੍ਹਾਂ ਦੇ ਪੁਰਾਤਨ ਰੂਪ ਵਵੇ ਵਾਲੇ ਸਨ , ਜਿਵੇਂ-ਜਾਵਣਾ, ਖਾਵਣਾ, ਪੀਵਣਾ, ਆਦਿ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4257, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

: ਗੁਰਮੁਖੀ ਲਿਪੀ ਦਾ ਇਹ ਚੌਂਤੀਵਾਂ ਅੱਖਰ ਹੈ ਜਿਸ ਨੂੰ ‘ਵੱਵਾ’ ਜਾਂ ‘ਵਾਵਾ’ ਉਚਾਰਿਆ ਜਾਂਦਾ ਹੈ। ਇਹ ਉਚਾਰਣ ਪੁਰਾਤਨ ਅਤੇ ਪ੍ਰਮਾਣੀਕ ਹੈ ਜਿਸ ਦਾ ਉਦਾਹਰਣ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੱਟੀ ਵਿਚ ਮਿਲ ਜਾਂਦੀ ਹੈ–

        ਵਵੈ ਵਾਸਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ ‖

         (ਗੁਰੂ ਗ੍ਰੰਥ ਸਾਹਿਬ ਪੰਨਾ 434)

‘ਵ’ ਅੱਖਰ ਦਾ ਉਚਾਰਣ ਦੰਦ-ਹੋਠ ਦਾ ਸੁਮੇਲ ਮੰਨਿਆ ਜਾਂਦਾ ਹੈ। ਪੰਜਾਬੀ ਵਿਚ ‘ਵ’ ਅੱਖਰ ‘ਮ’ ਵਿਚ ਵੀ ਬਦਲ ਜਾਂਦਾ ਹੈ ਜਿਵੇਂ ਤੀਵੀਂ=ਤੀਮੀ ਆਦਿ। ਇਸ ਅੱਖਰ ਦਾ ਇਤਿਹਾਸ ਬਹੁਤ ਪੁਰਾਣਾ ਹੈ। ਸ਼ਾਰਦਾ ਲਿਪੀ ਵਿਚ ਇਸ ਅੱਖਰ ਦੀ ਵਰਤੋਂ ਕੀਤੀ ਗਈ ਹੈ। ਬਹੁਤ ਸਾਰੇ ਭਾਰਤੀ ਪੁਰਾਲੇਖ ਕੋਟੀਹਰ ਪੁਰਾਲੇਖ, ਕਥਾ ਸਰਿਤ ਸਾਗਰ ਅਤੇ ਬਖਸ਼ਾਲੀ ਹਥਲਿਖਤ ਵਿਚ ਇਸ ਅੱਖਰ ਦੇ ਚਿੰਨ੍ਹ ਦਾ ਪ੍ਰਯੋਗ ਕੀਤਾ ਗਿਆ ਹੈ। 1497 ਅਤੇ 1510 ਦੀਆਂ ਲਿਖਤਾਂ ਵਿਚ ਵੀ ‘ਵ’ ਚਿੰਨ੍ਹ ਮਿਲਦਾ ਹੈ। ਬਾਬਾ ਮੋਹਨ ਦੀ ਪੋਥੀ, ਗੁਰੂ ਹਰਿ ਸਹਾਇ ਦੀ ਪੋਥੀ, ਕਰਤਾਰਪੁਰ ਵਾਲੀ ਬੀੜ ਅਤੇ ਹੋਰ ਪਿਛਲੇਰੀਆਂ ਲਿਖਤਾਂ ਵਿਚ ਇਸ ਅੱਖਰ ਲਈ ‘ਵ’ ਸ਼ਕਲ ਦਾ ਹੀ ਪ੍ਰਯੋਗ ਮਿਲਦਾ ਹੈ। ਡਾ. ਪ੍ਰੇਮ ਪ੍ਰਕਾਸ ਸਿੰਘ ਦਾ ਮਤ ਹੈ, ਕਿ ‘ਵ’ ਸੰਘਰਸ਼-ਹੀਣ ਪ੍ਰਵਾਹੀ ਧੁਨੀ ਹੈ ਅਤੇ ਇਸ ਦਾ ਉਚਾਰਣ ਹੋਠੀ ਹੈ। ਸੰਸਕ੍ਰਿਤ ਦੇ ਕੁਝ ਸ਼ਬਦਾਂ ਵਿਚ ‘ਵ’ ਨੂੰ ਪੈਰ ਵਿਚ ਲਿਖਣ ਦਾ ਪ੍ਰਚਲਣ ਵੀ ਰਿਹਾ, ਜਿਵੇਂ ਸ੍ਵਰਾਜ, ਸਵਰੂਪ, ਸ੍ਵਰ ਆਦਿ। ਗੁਰਮੁਖੀ ਲਿਪੀ ਦੇ ਅੱਖਰ ਦੀ ਬਨਾਵਟ ਪੁਰਾਤਨ ਲਿਪੀ-ਕ੍ਰਮ ਨਾਲੋਂ ਵੱਖਰੀ ਹੈ।

‘ਵ’ ਨਾਲ ਸਾਰੀਆਂ ਹੀ ਲਗਾਂ, ਮਾਤਰਾ ਲੱਗ ਜਾਂਦੀਆਂ ਹਨ ਜਿਵੇਂ ਵਾ, ਵਿ, ਵੀ, ਵੁ, ਵੂ, ਵੇ, ਵੈ, ਵੰ, ਵਾ

ਸੰਸਕ੍ਰਿਤ ਭਾਸ਼ਾ ਵਿਚਲੀ ਸੰਗਿਆ ਅਨੁਸਾਰ ‘ਵ’ ਵਾਯੂ, ਤੀਰ, ਸਲਾਹ, ਦਿਲਾਸਾ, ਭਲਾਈ, ਸਾਗਰ, ਵਸਤਰ, ਵੰਦਨਾ, ਬਘਿਆੜ, ਬਿਰਖ, ਸ਼ਰਾਬ, ਬਾਂਹ, ਸ਼ੇਰ ਆਦਿ ਦਾ ਸੂਚਕ ਵੀ ਹੈ।


ਲੇਖਕ : -ਡਾ. ਈਸ਼ਰ ਸਿੰਘ ਤਾਂਘ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2265, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-25-03-27-50, ਹਵਾਲੇ/ਟਿੱਪਣੀਆਂ: ਹ. ਪੁ. –ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ-ਪੋਥੀ ਦੂਜੀ; ਸਵਾਲ ਲਿਪੀ ਦਾ-ਡਾ. ਪ੍ਰੇਮ ਪ੍ਰਕਾਸ਼ ਸਿੰਘ: ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.