ਔਚਿਤਯ-ਸੰਪਰਦਾਇ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਔਚਿਤਯ-ਸੰਪਰਦਾਇ : ਜਿਸ ਵੇਲੇ ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਔਚਿਤਯ-ਸੰਪਰਦਾਇ ਹੋਂਦ ਵਿੱਚ ਆਇਆ, ਉਸ ਵੇਲੇ ਤੱਕ ਪੰਜ ਹੋਰ (ਅਲੰਕਾਰ, ਧੁਨੀ (ਧਵਨੀ), ਰੀਤੀ, ਵਕਰੋਕਤੀ ਅਤੇ ਰਸ ਆਦਿ) ਸੰਪਰਦਾਇ ਸਾਹਿਤ ਸੰਸਾਰ ਵਿੱਚ ਆਪਣੇ ਪੈਰ ਜਮਾ ਚੁੱਕੇ ਸਨ। ਭਰਤ ਮੁਨੀ ਤੋਂ ਲੈ ਕੇ ਅਚਾਰੀਆ ਅਨੰਦ ਵਰਧਨ ਤੱਕ ਬਹੁਤ ਸਾਰੇ ਅਚਾਰੀਆਂ ਨੇ ਆਪੋ-ਆਪਣੇ ਗ੍ਰੰਥਾਂ ਵਿੱਚ ਔਚਿਤਯ ਜਾਂ ਅਨੋਚਿਤਯ ਦਾ ਥੋੜ੍ਹਾ ਬਹੁਤ ਵਰਣਨ ਵੀ ਕੀਤਾ ਹੈ। ਪਰੰਤੂ ਅਚਾਰੀਆ ਕਸ਼ਮੇਂਦਰ ਦੇ ਗ੍ਰੰਥ ਔਚਿਤਯ ਵਿਚਾਰ ਚਰਚਾ ਦੀ ਰਚਨਾ ਤੋਂ ਬਾਅਦ ‘ਔਚਿਤਯ` ਸ਼ਬਦ ਨੂੰ ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਇੱਕ ਸੰਪਰਦਾਇ, ਇੱਕ ਸਿਧਾਂਤ ਦੇ ਰੂਪ ਵਿੱਚ ਪੱਕੀ ਮਾਨਤਾ ਪ੍ਰਾਪਤ ਹੋ ਗਈ। ਭਾਵੇਂ ਅਚਾਰੀਆ ਕਸ਼ਮੇਂਦਰ ਤੋਂ ਬਾਅਦ ‘ਔਚਿਤਯ ਸਿਧਾਂਤ` ਨੂੰ ਸਾਹਿਤ- ਸਮਾਜ ਵਿੱਚ ਬਹੁਤੇ ਪੈਰੋਕਾਰ ਨਹੀਂ ਮਿਲ ਸਕੇ ਪਰ ਤਾਂ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਾਹਿਤ-ਆਲੋਚਨਾ ਦੇ ਖੇਤਰ ਵਿੱਚ ‘ਔਚਿਤਯ ਸਿਧਾਂਤ` ਨੂੰ ਇੱਕ ਆਧਾਰ-ਸਤੰਭ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ।

     ਅਚਾਰੀਆ ਕਸ਼ਮੇਂਦਰ ਕਸ਼ਮੀਰ ਦਾ ਰਹਿਣ ਵਾਲਾ ਸੀ।ਉਸ ਦੇ ਪਿਤਾ ਦਾ ਨਾਂ ਪ੍ਰਕਾਸ਼ੇਂਦਰ ਅਤੇ ਦਾਦੇ ਦਾ ਨਾਮ ‘ਸਿੰਧੂ` ਸੀ। ਅਭਿਨਵ ਗੁਪਤ ਉਸ ਦਾ ਗੁਰੂ ਸੀ। ਇੱਕ ਹੋਰ ਥਾਂ `ਤੇ ਉਸ ਨੇ (ਭੱਟ ਗੰਗਕ) ਨੂੰ ਵੀ ਆਪਣਾ ਗੁਰੂ ਲਿਖਿਆ ਹੈ।

     ਅਚਾਰੀਆ ਕਸ਼ਮੇਂਦਰ ਨੇ ਔਚਿਤਯ ਦੀ ਪਰਿਭਾਸ਼ਾ ਆਪਣੇ ਸੁਪ੍ਰਸਿੱਧ ਗ੍ਰੰਥ ਔਚਿਤਯ ਵਿਚਾਰ ਚਰਚਾ ਵਿੱਚ ਇਸ ਪ੍ਰਕਾਰ ਦਿੱਤੀ ਹੈ :

                        ਉਚਿਤੰ ਪ੍ਰਾਹੂਰਾਚਾਰਯਾਹ੍ ਸਦ੍ਰਿਸ਼ੰ ਕਿਲ ਯਸ੍ਯ ਤਤ੍

                        ਉਚਿਤਸ੍ਯ ਯੋ ਭਾਵਸ੍ਤਦੌਚਿਤ੍ਯਮ੍ ਪਰਚਕਸ਼ਤੇ

     ਅਰਥਾਤ ਜੋ ਵਸਤੂ ਜੈਸੀ ਹੋਣੀ ਚਾਹੀਦੀ ਹੈ, ਵੈਸੀ ਹੋਵੇ ਜਾਂ ਜਿੱਥੇ ਹੋਣੀ ਚਾਹੀਦੀ ਹੈ, ਉੱਥੇ ਹੋਵੇ, ਤਾਂ ਵਿਦਵਾਨ ਲੋਕ ਉਸਨੂੰ ‘ਉਚਿਤ` ਕਹਿੰਦੇ ਹਨ। ਇਸ ‘ਉਚਿਤ` ਦੇ ਭਾਵ ਨੂੰ ਔਚਿਤਯ ਕਹਿੰਦੇ ਹਨ। ਔਚਿਤਯ ਦਾ ਸ਼ਾਬਦਿਕ ਅਰਥ ਹੈ ਉਚਿਤ, ਜਾਂ ਢੁੱਕਵਾਂ ਹੋਣਾ, ਜੱਚਣਾ, ਅਨੁਕੂਲ ਹੋਣਾ, ਰਾਸ ਆਉਣਾ ਜਾਂ ਫਿੱਟ ਬੈਠਣਾ, ਮੁਨਾਸਬ ਜਾਂ ਯੋਗ ਹੋਣਾ, ਜਿਵੇਂ ਜਿੱਥੇ ਹੋਣਾ ਚਾਹੀਦਾ ਹੈ ਉਵੇਂ ਉੱਥੇ ਹੋਣਾ ਆਦਿ।

     ‘ਔਚਿਤਯ` ਨੂੰ ਮੁੱਖ ਰੱਖ ਕੇ ਅਚਾਰੀਆ ਕਸ਼ਮੇਂਦਰ ਤੋਂ ਪਹਿਲਾਂ ਵੀ ਅਨੇਕਾਂ ਵਿਦਵਾਨਾਂ ਨੇ ਆਪੋ-ਆਪਣੇ ਵਿਚਾਰ ਪ੍ਰਗਟ ਕੀਤੇ ਸਨ ਪਰੰਤੂ ਅਚਾਰੀਆ ਕਸ਼ਮੇਂਦਰ ਨੇ ਔਚਿਤਯ ਵਿਚਾਰ ਚਰਚਾ ਨਾਂ ਦਾ ਗ੍ਰੰਥ ਲਿਖ ਕੇ ਇਸ ਨੂੰ ਇੱਕ ਸਿਧਾਂਤ ਜਾਂ ਸੰਪਰਦਾਇ ਦੇ ਰੂਪ ਵਿੱਚ ਪ੍ਰਚਲਿਤ ਕੀਤਾ। ਉਸ ਨੇ 40 ਦੇ ਲਗਪਗ ਗ੍ਰੰਥਾਂ ਦੀ ਰਚਨਾ ਕੀਤੀ ਪਰ ਇੱਕ ਗ੍ਰੰਥਕਾਰ ਦੇ ਰੂਪ ਵਿੱਚ ਉਸ ਦੀ ਮਾਨਤਾ ਔਚਿਤਯ ਵਿਚਾਰ ਚਰਚਾ ਤੋਂ ਬਾਅਦ ਹੀ ਹੋਈ।

     ਅਚਾਰੀਆ ਕਸ਼ਮੇਂਦਰ ਔਚਿਤਯ ਨੂੰ ਕਾਵਿ ਦੀ ਆਤਮਾ ਸਵੀਕਾਰ ਕਰਦੇ ਹੋਏ ਕਹਿੰਦਾ ਹੈ :

            ਔਚਿਤਯ ਤੋਂ ਬਿਨਾਂ ਕਾਵਯ ਨੂੰਕਾਵਯ` ਹੀ ਨਹੀਂ ਮੰਨਿਆ ਜਾ ਸਕਦਾ ਜਿਵੇਂ ਸੂਰਮਾ ਅੱਖਾਂ ਵਿੱਚ, ਪੰਜੇਬਾ ਪੈਰਾਂ ਵਿੱਚ, (ਸੰਧੂਰ) ਟਿੱਕਾ ਮੱਥੇ ਤੇ ਹੀ ਜਚਦਾ (ਉਚਿਤ ਲੱਗਦਾ) ਹੈ, ਓਵੇਂ ਕਾਵਿ ਵਿੱਚ ਵੀ ਜੋ ਸ਼ਬਦ, ਅਲੰਕਾਰ, ਛੰਦ, ਨਿਪਾਤ, ਨਾਮ, ਲਿੰਗ, ਵਚਨ, ਵਿਸ਼ੇਸ਼ਣ ਆਦਿ ਜਿੱਥੇ ਅਤੇ ਜਿਵੇਂ ਹੋਣੇ ਚਾਹੀਦੇ ਹਨ, ਉੱਥੇ, ਓਵੇਂ ਹੀ ਹੋਣ ਤਾਂ ਹੀ ਕਾਵਿ ਵਿੱਚਔਚਿਤਯ` ਨੂੰ ਮੰਨਿਆ ਜਾ ਸਕਦਾ ਹੈ ਔਚਿਤਯ ਤੋਂ ਬਿਨਾਂ ਕਾਵਿ ਦੀ ਸਥਿਤੀ ਉਸ ਔਰਤ ਵਰਗੀ ਹੋਵੇਗੀ ਜਿਸਨੇ ਹੱਥਾਂ `ਚ ਪੰਜੇਬਾਂ ਪਾਈਆਂ ਹੋਣ, ਪੈਰਾਂ ਵਿੱਚ ਮਾਲਾ ਬੰਨ੍ਹੀ ਹੋਵੇ, ਗੱਲ੍ਹਾਂ ਤੇ ਸੰਧੂਰ ਲਾਇਆ ਹੋਵੇ ਤੇ ਲੱਕ ਤੇ ਸੱਗੀ ਬੰਨ੍ਹੀ ਹੋਈ ਹੋਵੇ ਸੋ ਕਾਵਿ ਵਿੱਚ ਔਚਿਤਯ ਦਾ ਸਥਾਨ ਹੀ ਸਰਬੋਤਮ ਹੈ

     ‘ਔਚਿਤਯ ਵਿਚਾਰ ਚਰਚਾ` ਗ੍ਰੰਥ ਵਿੱਚ ਉਸ ਨੇ ਇਸਦੇ 27 ਭੇਦਾਂ ਦਾ ਪਦ, ਵਾਕਯ, ਪ੍ਰਬੰਧ-ਅਰਥ, ਗੁਣ, ਅਲੰਕਾਰ, ਰਸ, ਕਿਰਿਆ, ਕਾਰਕ, ਦੇਸ਼, ਕੁਲ, ਵ੍ਰਤ, ਤੱਤਵ, ਸੱਤਵ, ਅਭਿਪ੍ਰਾਇ, ਸੁਭਾਵ, ਲਿੰਗ, ਵਚਨ, ਵਿਸ਼ੇਸ਼ਣ, ਉਪਸਰਗ, ਨਿਪਾਤ, ਕਾਲ, ਸਾਰ ਸੰਗ੍ਰਹਿ, ਪ੍ਰਤਿਭਾ, ਅਵਸਥਾ, ਵਿਚਾਰ, ਨਾਮ, ਆਸ਼ੀਰਵਾਦ ਦਾ ਵਰਣਨ ਕੀਤਾ ਹੈ ਅਤੇ ਉਦਾਹਰਨਾਂ ਦੇ ਕੇ ਆਪਣੇ ਮਤ ਦੀ ਪੁਸ਼ਟੀ ਵੀ ਕੀਤੀ ਹੈ। ਲਗਪਗ ਇੱਕ ਹਜ਼ਾਰ ਸਾਲ ਪਹਿਲਾਂ ਲਿਖੇ ਇਸ ਗ੍ਰੰਥ ਵਿੱਚ ਸੰਸਕ੍ਰਿਤ ਸਾਹਿਤ ਨੂੰ ਆਧਾਰ ਬਣਾ ਕੇ ਸਾਰੇ ਭੇਦ ਅਤੇ ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਹਨ। ਬਾਅਦ ਦੇ ਵਿਦਵਾਨਾਂ ਨੇ ਉਪਰੋਕਤ 27 ਭੇਦਾਂ ਦੀ ਸ਼੍ਰੇਣੀ ਵੰਡ ਇਸ ਪ੍ਰਕਾਰ ਕੀਤੀ:

     1.   ਸ਼ਬਦ ਵਿਗਿਆਨ : ਪਦ, ਵਾਕ, ਕਿਰਿਆ ਕਾਰਕ, ਲਿੰਗ, ਵਚਨ, ਵਿਸ਼ੇਸ਼ਣ, ਉਪਸਰਗ ਅਤੇ ਨਿਪਾਤ।

     2.   ਕਾਵਿ ਸ਼ਾਸਤਰੀ : ਪ੍ਰਬੰਧ-ਅਰਥ, ਗੁਣ, ਅਲੰਕਾਰ, ਰਸ, ਸਾਰ-ਸੰਗ੍ਰਹਿ, ਤੱਤਵ, ਆਸ਼ੀਰਵਾਦ ਤੇ ਨਾਂ।

     3.   ਚਰਿੱਤਰ-ਚਿਤਰਨ : ਵ੍ਰਤ, ਸੱਤਵ, ਅਭਿਪ੍ਰਾਇ, ਸੁਭਾਵ, ਪ੍ਰਤਿਭਾ ਅਤੇ ਵਿਚਾਰ।

     4.  ਪਰਿਸਥਿਤੀ-ਵਰਣਨ : ਕਾਲ, ਦੇਸ, ਕੁਲ ਅਤੇ ਅਵਸਥਾ।

     ਕੁਝ ਹੋਰ ਵਿਦਵਾਨ ਇਸ ਵਰਗੀਕਰਨ ਨੂੰ ਇੱਕ ਨਵੇਂ ਰੂਪ ਵਿੱਚ ਦੇਖਦੇ ਹਨ :

     1.   ਮੀਮਾਂਸਾ ਦਰਸ਼ਨ ਨਾਲ ਸੰਬੰਧਿਤ ਭੇਦ : ਪਦ, ਵਾਕ ਅਤੇ ਪ੍ਰਬੰਧ ਅਰਥ।

     2.   ਵਿਆਕਰਨ ਨਾਲ ਸੰਬੰਧਿਤ ਭੇਦ : ਕਿਰਿਆ, ਕਾਰਕ, ਲਿੰਗ, ਵਚਨ, ਵਿਸ਼ੇਸ਼ਣ, ਉਪਸਰਗ, ਨਿਪਾਤ ਅਤੇ ਕਾਲ।

     3.   ਕਾਵਿ-ਸ਼ਾਸਤਰ ਨਾਲ ਸੰਬੰਧਿਤ ਭੇਦ : ਗੁਣ, ਅਲੰਕਾਰ ਤੇ ਰਸ ਨਾਲ ਸੰਬੰਧਿਤ ਵਿਚਾਰ।

     4.   ਲੋਕ-ਸ਼ਾਸਤਰ ਨਾਲ ਸੰਬੰਧਿਤ ਭੇਦ : ਦੇਸ਼, ਕੁਲ ਅਤੇ ਵ੍ਰਤ।

     5.  ਅੰਤਰ-ਦ੍ਰਿਸ਼ਟੀਕੋਣ ਨਾਲ ਸੰਬੰਧਿਤ ਭੇਦ : ਤੱਤਵ, ਸੱਤਵ, ਅਭਿਪ੍ਰਾਇ, ਸਾਰ-ਸੰਗ੍ਰਹਿ, ਪ੍ਰਤਿਭਾ, ਅਵਸਥਾ, ਵਿਚਾਰ, ਨਾਮ ਅਤੇ ਆਸ਼ੀਰਵਾਦ।

     ਇਹ ਵੀ ਕਿਹਾ ਜਾ ਸਕਦਾ ਹੈ ਕਿ ਔਚਿਤਯ ਤੋਂ ਬਿਨਾਂ ਰਸ, ਅਲੰਕਾਰ, ਧੁਨੀ ਆਦਿ ਸਿਧਾਂਤਾਂ ਦੀ ਕੋਈ ਮਹੱਤਤਾ ਨਹੀਂ ਰਹਿ ਜਾਂਦੀ। ਸਾਰੀ ਸ੍ਰਿਸ਼ਟੀ ਹੀ ਔਚਿਤਯ ਦੀ ਉਦਾਹਰਨ ਹੈ। ਉਪਰੋਕਤ ਸਾਰੇ ਸਿਧਾਂਤਾਂ ਦੀ ਬੁਨਿਆਦ ਔਚਿਤਯ ਹੀ ਹੈ। ਕਾਵਿ ਵਿੱਚ ਔਚਿਤਯ ਦੇ ਸੰਜੋਗ ਨਾਲ ਹੀ ਕਵਿਤਾ ਵਿੱਚ ਰਸ, ਗੁਣ ਜਾਂ ਅਲੰਕਾਰ ਆਦਿ ਆਪਣਾ ਸਥਾਨ ਮਹੱਤਵਪੂਰਨ ਬਣਾ ਸਕਦੇ ਹਨ।


ਲੇਖਕ : ਗੁਰਦਾਸ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3297, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.