ਕਲਹਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਲਹਨ : ਸੰਸਕ੍ਰਿਤ ਸਾਹਿਤ ਦੇ ਇਤਿਹਾਸਿਕ ਅਤੇ ਪ੍ਰਮਾਣਿਕ ਮਹਾਂਕਵੀਆਂ ਦੇ ਲਿਖਾਰੀਆਂ ਵਜੋਂ ਸਭ ਤੋਂ ਮਹੱਤਵਪੂਰਨ ਸਥਾਨ ਮਹਾਂਕਵੀ ਕਲਹਨ ਨੂੰ ਪ੍ਰਾਪਤ ਹੈ, ਕਿਉਂਕਿ ਇਸ ਕਵੀ ਨੇ ਸਭ ਤੋਂ ਪਹਿਲਾਂ ਸੰਸਕ੍ਰਿਤ ਸਾਹਿਤ ਵਿੱਚ ਕ੍ਰਮਬੱਧ ਤਰੀਕੇ ਨਾਲ ਇਤਿਹਾਸ ਲਿਖਣ ਦੀ ਪਹਿਲ ਕੀਤੀ। ਦੂਸਰੀ ਗੱਲ ਇਹ ਹੈ ਕਿ ਪ੍ਰਾਚੀਨ ਕਸ਼ਮੀਰ ਦੀ ਰਾਜਨੀਤਿਕ, ਭੂਗੋਲਿਕ, ਸਮਾਜਿਕ, ਸਾਹਿਤਿਕ ਅਤੇ ਆਰਥਿਕ ਦਸ਼ਾ ਜਾਣਨ ਲਈ ਇਸ ਕਵੀ ਦੀ ਰਚਨਾ ਰਾਜਤਰੰਗਿਣੀ ਇੱਕ ਵਿਸ਼ਵਕੋਸ਼ ਮੰਨਿਆ ਜਾਂਦਾ ਹੈ।

     ਕਲਹਨ ਦਾ ਪਿਤਾ ਚਣਪਕ (ਚੰਪਕ) ਕਸ਼ਮੀਰ ਦੇ ਰਾਜਾ ਹਰਸ਼ਦੇਵ (1081-1171) ਦਾ ਵਿਸ਼ਵਾਸੀ ਮੰਤਰੀ ਸੀ। ਉਹ ਇੱਕ ਆਦਰਸ਼ਵਾਦੀ ਸੇਵਕ ਸੀ, ਜਿਸ ਨੇ ਰਾਜਾ ਹਰਸ਼ਦੇਵ ਦੀ ਨਿਰਦੈਤਾਪੂਰਬਕ ਹੱਤਿਆ ਤੋਂ ਬਾਅਦ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਸੀ। ਕਲਹਨ ਦਾ ਚਾਚਾ ਕਨਕ ਵੀ ਰਾਜਾ ਹਰਸ਼ਦੇਵ ਦਾ ਅਤਿ ਪਿਆਰਾ ਸੇਵਕ ਸੀ, ਜਿਸ ਨੂੰ ਰਾਜਾ ਹਰਸ਼ਦੇਵ ਰਾਹੀਂ ਬਰਾਬਰ ਇਨਾਮ ਦਿੱਤਾ ਜਾਂਦਾ ਸੀ ਅਤੇ ਉਹ ਸੰਗੀਤ ਵਿੱਦਿਆ ਦਾ ਬੜਾ ਪ੍ਰੇਮੀ ਸੀ। ਰਾਜਾ ਹਰਸ਼ਦੇਵ ਦੀ ਮ੍ਰਿਤੂ ਤੋਂ ਮਗਰੋਂ ਕਨਕ ਨੇ ਵੀ ਕਾਸ਼ੀ ਜਾ ਕੇ ਵਿਰਾਗਮਈ ਜੀਵਨ ਬਤੀਤ ਕੀਤਾ।

     ਕਲਹਨ ਦਾ ਜਨਮ ਕਸ਼ਮੀਰ ਦੇ ਪ੍ਰਵਰਪੁਰ (ਪਰਿਹਾਸਪੁਰ) ਨਾਮਕ ਸਥਾਨ ਤੇ 1100 ਦੇ ਲਗਪਗ ਹੋਇਆ। ਬ੍ਰਾਹਮਣ ਵੰਸ਼ ਵਿੱਚ ਪੈਦਾ ਹੋਣ ਕਰ ਕੇ ਸੰਸਕ੍ਰਿਤ ਭਾਸ਼ਾ ਦੀ ਉਸ ਨੂੰ ਪੂਰਨ ਜਾਣਕਾਰੀ ਸੀ। ਇਹ ਬਾਲਪਨ ਤੋਂ ਹੀ ਆਪਣੇ ਪਿਤਾ ਕੋਲ ਰਿਹਾ, ਜਿਸ ਕਰ ਕੇ ਰਾਜਾ ਹਰਸ਼ਦੇਵ ਅਤੇ ਉਸ ਤੋਂ ਮਗਰੋਂ ਆਉਣ ਵਾਲੇ ਰਾਜਿਆਂ ਦੇ ਰਾਜ ਦੀਆਂ ਸੰਪੂਰਨ ਘਟਨਾਵਾਂ ਤੋਂ ਪੂਰੀ ਤਰ੍ਹਾਂ ਵਾਕਿਫ਼ ਸੀ।

     ਕਸ਼ਮੀਰੀ ਭਾਸ਼ਾ ਦੇ ਅਨੁਸਾਰ ਇਸ ਕਵੀ ਦਾ ਨਾਂ ਕਲਹਨ ਸੀ ਪਰੰਤੂ ਉਸ ਦਾ ਸੰਸਕ੍ਰਿਤ ਨਾਂ ਕਲਿਆਣ ਸੀ। ਸ਼੍ਰੀਕੰਠਚਰਿਤ ਮਹਾਂਕਵਿ ਦੇ ਰਚੇਤਾ ਲੇਖਕ ਨੇ ਆਪਣੇ ਕਾਵਿ ਵਿੱਚ ਕਲਹਨ ਦੇ ਗੁਰੂ ਅਲਕਦੱਤ ਦਾ ਉਲੇਖ ਕੀਤਾ ਹੈ। ਮੰਖਕ ਦਾ ਕਹਿਣਾ ਹੈ ਕਿ ਅਲਕਦੱਤ ਦੀ ਪ੍ਰੇਰਨਾ ਨਾਲ ਹੀ ਕਲਹਨ ਨੇ ਕਸ਼ਮੀਰ ਦਾ ਇਤਿਹਾਸ ਲਿਖਣ ਦਾ ਵਿਚਾਰ ਕੀਤਾ ਸੀ।

     ਕਲਹਨ ਨੇ ਇਤਿਹਾਸ ਨਾਲ ਸੰਬੰਧਿਤ ਕਈ ਗ੍ਰੰਥਾਂ ਦਾ ਅਧਿਐਨ ਅਤੇ ਚਿੰਤਨ ਬੜੀ ਗੰਭੀਰਤਾ ਨਾਲ ਕੀਤਾ ਸੀ। ਉਸ ਦੀ ਦ੍ਰਿਸ਼ਟੀ ਬੜੀ ਤਿੱਖੀ ਸੀ, ਜਿਸ ਕਾਰਨ ਉਹ ਆਪਣੇ ਆਸ-ਪਾਸ ਹੋਣ ਵਾਲੀਆਂ ਸੰਪੂਰਨ ਘਟਨਾਵਾਂ ਦਾ ਬੜੇ ਸੂਖਮ ਤਰੀਕੇ ਨਾਲ ਆਪਣੇ ਗ੍ਰੰਥ ਰਾਜਤਰੰਗਿਣੀ ਵਿੱਚ ਵਰਣਨ ਕਰਨ ਦੇ ਸਮਰੱਥ ਹੋ ਸਕਿਆ ਸੀ। ਉਹ ਸ਼ੈਵ ਮਤ ਦਾ ਉਪਾਸਕ ਸੀ ਫਿਰ ਵੀ ਉਹ ਬੁੱਧ ਧਰਮ ਨੂੰ ਬਹੁਤ ਸਨਮਾਨ ਦੀ ਦ੍ਰਿਸ਼ਟੀ ਨਾਲ ਵੇਖਦਾ ਸੀ ਅਤੇ ਅਹਿੰਸਾ ਦਾ ਪੱਖਪਾਤੀ ਵੀ ਸੀ। ਕਵੀ ਦਾ ਪਿਤਾ ਅਤੇ ਚਾਚਾ ਰਾਜ ਪਰਿਵਾਰ ਦੇ ਬਹੁਤ ਨੇੜੇ ਸਨ, ਇਸ ਕਰ ਕੇ ਉਸ ਵਾਸਤੇ ਕੋਈ ਵੱਡਾ ਰਾਜਸੀ ਪਦ ਪ੍ਰਾਪਤ ਕਰਨਾ ਔਖਾ ਨਹੀਂ ਸੀ, ਫਿਰ ਵੀ ਉਸ ਨੇ ਉਸ ਸਮੇਂ ਦੀ ਰਾਜਨੀਤੀ ਦੇ ਗੁਪਤ ਭੇਦਾਂ (ਭਾਵ ਸਾਜ਼ਸ਼ਾਂ), ਅਨਾਚਾਰ, ਰਕਤਪਾਤ, ਅਤਿਆਚਾਰ ਆਦਿ ਤੋਂ ਆਪਣੇ- ਆਪ ਨੂੰ ਅਲੱਗ ਰੱਖ ਕੇ ਰਾਜ ਦਰਬਾਰ ਦੀ ਗਾਥਾ ਲਿਖਣ ਨੂੰ ਹੀ ਉਚਿਤ ਸਮਝਿਆ।

     ਕਲਹਨ ਦੀ ਇੱਕੋ-ਇੱਕ ਰਚਨਾ ਰਾਜਤਰੰਗਿਣੀ ਹੈ, ਜੋ ਸੰਸਕ੍ਰਿਤ ਸਾਹਿਤ ਦਾ ਪਹਿਲਾ ਇਤਿਹਾਸਿਕ ਮਹਾਂਕਾਵਿ ਮੰਨਿਆ ਜਾਂਦਾ ਹੈ। ਇਸ ਦੀ ਰਚਨਾ ਕਵੀ ਨੇ ਕਸ਼ਮੀਰ ਦੇ ਰਾਜਾ ਜੈਸਿੰਘ (1127–1147) ਦੇ ਰਾਜਕਾਲ ਦੇ ਸਮੇਂ ਕੀਤੀ ਸੀ। ਇਹ ਕਾਵਿ ਅੱਠ ਤਰੰਗਾਂ ਵਿੱਚ ਵੰਡਿਆ ਹੋਇਆ ਹੈ, ਜਿਸ ਵਿੱਚ 7826 ਸਲੋਕ ਹਨ। ਪਹਿਲੇ ਤਰੰਗ ਵਿੱਚ ਵਿਕਰਮ-ਪੂਰਬ ਬਾਰ੍ਹਵੀਂ ਸਦੀ ਦੇ ਕਿਸੇ ਗੋਨੰਦ ਨਾਂ ਦੇ ਰਾਜਾ ਤੋਂ ਸ਼ੁਰੂ ਕਰ ਕੇ ਅੰਤ ਯੁਧਿਸ਼ਟਰ ਤੱਕ 75 ਰਾਜਿਆਂ ਦੇ ਸ਼ਾਸਨ ਦਾ ਸੂਖਮ ਵਰਣਨ ਕੀਤਾ ਗਿਆ ਹੈ। ਦੂਸਰੇ ਤਰੰਗ ਵਿੱਚ ਛੇ ਰਾਜਿਆਂ ਦੇ 192 ਵਰ੍ਹਿਆਂ ਦੇ ਸ਼ਾਸਨ ਦਾ ਵਰਣਨ ਪ੍ਰਾਪਤ ਹੁੰਦਾ ਹੈ। ਤੀਸਰਾ ਤਰੰਗ ਗੋਨੰਦ ਵੰਸ਼ ਦੇ ਅੰਤਿਮ ਰਾਜਾ ਆਤਾਦਿੱਤਯ ਤੱਕ ਦੇ ਦਸ ਰਾਜਿਆਂ ਦੇ 536 ਵਰ੍ਹਿਆਂ ਦੇ ਰਾਜ-ਕਾਜ ਦਾ ਸੰਖਿਪਤ ਵਰਣਨ ਕਰਦਾ ਹੈ। ਚੌਥਾ ਤਰੰਗ ਕਰ ਕੋਟਕ ਵੰਸ਼ ਦੇ ਪਹਿਲੇ ਰਾਜਾ ਦੁਰਲੱਭ ਵਰਧਨ ਦੇ ਰਾਜ ਸੰਭਾਲਣ ਤੋਂ ਸ਼ੁਰੂ ਹੁੰਦਾ ਹੈ ਅਤੇ 260 ਵਰ੍ਹਿਆਂ ਤੋਂ ਕੁਝ ਵੱਧ ਸਮੇਂ ਤੱਕ ਦੇ ਰਾਜ ਕਰਨ ਵਾਲੇ 17 ਰਾਜਿਆਂ ਦੀ ਰਾਜਸੀ ਵਿਵਸਥਾ ਨੂੰ ਪ੍ਰਸਤੁਤ ਕੀਤਾ ਗਿਆ ਹੈ। ਪੰਜਵੇਂ ਤਰੰਗ ਦਾ ਅਰੰਭ ਉਤਪਲ ਵੰਸ਼ ਦੇ ਸ਼ਾਸਕ ਅਵੰਤੀਵਰਮਾ ਦੇ ਰਾਜ-ਕਾਜ ਸੰਭਾਲਣ ਤੋਂ ਸ਼ੁਰੂ ਕੀਤਾ ਗਿਆ ਹੈ। ਅਵੰਤੀ ਵਰਮਾ ਨੇ 836 ਤੋਂ 883 ਤੱਕ ਕਸ਼ਮੀਰ ਉੱਤੇ ਸ਼ਾਸਨ ਕੀਤਾ।ਇਸ ਤੋਂ ਇਲਾਵਾ ਹੋਰ ਤਿੰਨ ਰਾਜੇ ਰਾਣੀਆਂ ਦੇ ਸ਼ਾਸਨ ਦਾ ਚਿਤਰਨ ਇਸ ਤਰੰਗ ਵਿੱਚ ਵਰਣਿਤ ਹੈ। ਛੇਵੇਂ ਤਰੰਗ ਵਿੱਚ 936 ਤੋਂ ਲੈ ਕੇ 1003 ਤੱਕ ਕਸ਼ਮੀਰ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ। ਸਤਵੇਂ ਵਿੱਚ 1003 ਤੋਂ 1107 ਤੱਕ ਦੇ ਲੋਹਰ ਵੰਸ਼ ਦੇ ਰਾਜਾ ਹਰਸ਼ ਤੱਕ ਦੇ ਛੇ ਰਾਜਿਆਂ ਦੇ ਰਾਜ-ਕਾਜ ਦਾ ਵਰਣਨ ਹੈ। ਅੰਤਿਮ ਅੱਠਵੇਂ ਤਰੰਗ ਵਿੱਚ ਸਾਤਵਾਹਨ ਵੰਸ਼ ਦੇ ਉੱਚਲ, ਸੁੱਸਲ, ਭਿਕਸ਼ਾਚਰ ਅਤੇ ਜੈਸਿੰਘ ਆਦਿ ਰਾਜਿਆਂ ਦੀ ਜੀਵਨ ਗਾਥਾ ਵਰਣਿਤ ਕੀਤੀ ਗਈ ਹੈ। ਇਸ ਕਾਵਿ ਦੀਆਂ ਸੰਪੂਰਨ ਘਟਨਾਵਾਂ ਕਵੀ ਦੇ ਸਾਖਿਅਤ ਦਰਸ਼ਨ ਅਤੇ ਅਨੁਭਵ ਤੋਂ ਪ੍ਰਮਾਣਿਤ ਹੋਣ ਕਰ ਕੇ ਬਿਲਕੁਲ ਸੱਚੀਆਂ ਹਨ।

     ਇਸ ਦੇ ਪਹਿਲੇ ਛੇ ਤਰੰਗ ਤਾਂ ਛੋਟੇ-ਛੋਟੇ ਹਨ, ਸਤਵਾਂ ਤਰੰਗ ਬਾਕੀ ਤਰੰਗਾਂ ਨਾਲੋਂ ਵੱਡਾ ਹੈ ਜਿਸ ਵਿੱਚ 1732 ਸਲੋਕ ਹਨ, ਕਿੰਤੂ ਅੱਠਵਾਂ ਤਰੰਗ ਕਾਵਿ ਦਾ ਲਗਪਗ ਅੱਧਾ ਹਿੱਸਾ ਹੈ, ਜੋ 3449 ਸਲੋਕਾਂ ਵਿੱਚ ਵਿਸਤ੍ਰਿਤ ਹੈ। ਸ਼ੁਰੂ ਦੀਆਂ ਚਾਰ ਤਰੰਗਾਂ ਦਾ ਵਰਣਨ ਜਨ-ਸ਼ਰੁਤੀਆਂ ਅਤੇ ਨੀਲਮਤ ਪੁਰਾਣ ਦੇ ਆਧਾਰ ਤੇ ਹੋਣ ਕਾਰਨ ਕਾਲਪਨਿਕ ਜਿਹੀਆਂ ਪ੍ਰਤੀਤ ਹੁੰਦੀਆਂ ਹਨ, ਪਰ ਜਿਉਂ- ਜਿਉਂ ਕਵੀ ਆਪਣੇ ਸਮੇਂ ਦੇ ਨੇੜੇ ਪੁੱਜਦਾ ਗਿਆ ਹੈ, ਉਸ ਦਾ ਇਤਿਹਾਸਿਕ ਵਿਵਰਨ ਪ੍ਰਮਾਣਿਕ ਅਤੇ ਸੱਚਾ ਹੁੰਦਾ ਗਿਆ ਹੈ। ਇਸ ਤਰ੍ਹਾਂ ਇਸ ਕਾਵਿ ਵਿੱਚ ਕੁੱਲ ਮਿਲਾ ਕੇ 2500 ਵਰ੍ਹਿਆਂ ਦਾ ਇਤਿਹਾਸ ਵਰਣਿਤ ਹੈ।

     ਕਵੀ ਦਾ ਉਦੇਸ਼ ਕਸ਼ਮੀਰ ਦੇ ਰਾਜਿਆਂ ਦਾ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਸਾਰੇ ਪੱਖਾਂ ਦਾ ਵਾਸਤਵਿਕ ਵਰਣਨ ਪ੍ਰਸਤੁਤ ਕਰਨਾ ਸੀ, ਇਸ ਕਰ ਕੇ ਹਰ ਰਾਜੇ ਦਾ ਵਰਣਨ ਕਰਨ ਵੇਲੇ ਕਵੀ ਦੀ ਨਜ਼ਰ ਉਹਨਾਂ ਦੇ ਵਿਅਕਤੀਗਤ ਅਤੇ ਰਾਜਨੀਤਿਕ ਜੀਵਨ ਦੀਆਂ ਸੰਪੂਰਨ ਘਟਨਾਵਾਂ ਤੇ ਟਿਕੀ ਰਹਿੰਦੀ ਹੈ। ਇੱਕ ਸੱਚਾ ਇਤਿਹਾਸਕਾਰ ਹੋਣ ਕਰ ਕੇ ਉਸ ਨੇ ਆਪਣੇ ਪਿਤਾ ਦੇ ਆਸਰੇ-ਦਾਤਾ ਰਾਜਾ ਹਰਸ਼ਦੇਵ ਦੇ ਅਤਿਆਚਾਰਾਂ ਦਾ ਵਰਣਨ ਕਰਨ ਵੇਲੇ ਵੀ ਕੋਈ ਸੰਕੋਚ ਨਹੀਂ ਕੀਤਾ ਅਤੇ ਨਾ ਹੀ ਆਪਣੇ ਸਮੇਂ ਦੇ ਰਾਜਾ ਜੈਸਿੰਘ ਦੀ ਪ੍ਰਸੰਸਾ ਵਿੱਚ ਕੋਈ ਇੱਕ ਸਲੋਕ ਹੀ ਲਿਖਿਆ। ਘਟਨਾਵਾਂ ਦਾ ਵਾਸਤਵਿਕ ਵਰਣਨ ਕਰਨ ਵੇਲੇ ਕਵੀ ਦੀ ਦ੍ਰਿਸ਼ਟੀ ਈਮਾਨਦਾਰ ਅਤੇ ਨਿਰਪੱਖ ਇਤਿਹਾਸਕਾਰ ਦੇ ਰੂਪ ਵਿੱਚ ਰਹੀ ਹੈ। ਇਸੇ ਨਿਰਪੱਖ ਦ੍ਰਿਸ਼ਟੀ ਦੇ ਕਾਰਨ ਹੀ ਕਵੀ ਨੇ ਕਸ਼ਮੀਰੀ ਹੁੰਦਿਆਂ ਹੋਇਆਂ ਵੀ ਕਸ਼ਮੀਰੀਆਂ ਦੇ ਆਪਸੀ ਕਲੇਸ਼, ਪੱਖ-ਪਾਤ ਪੂਰਨ ਜੀਵਨ, ਡਰਪੋਕਪਨ, ਨੀਚ ਵਿਵਹਾਰ, ਜ਼ਿੱਦੀ ਹੋਣ ਦੀ ਆਦਤ, ਝੂਠਾਪਨ ਅਤੇ ਕਪਟੀ ਸੁਭਾਅ ਦਾ ਵਾਸਤਵਿਕ ਚਿਤਰਨ ਪ੍ਰਸਤੁਤ ਕੀਤਾ ਹੈ।

     ਇਹ ਰਚਨਾ ਇਤਿਹਾਸਿਕ ਹੋਣ ਦੇ ਨਾਲ ਹੀ ਕਾਵਿ- ਆਤਮਿਕ ਵੀ ਹੈ, ਜਿਸ ਵਿੱਚ ਵੈਦਰਭੀ ਰੀਤੀ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਦੀ ਭਾਸ਼ਾ ਲਲਿਤ, ਮਧੁਰ ਅਤੇ ਸਰਲ ਹੁੰਦਿਆਂ ਹੋਇਆਂ ਵੀ ਪ੍ਰਭਾਵਸ਼ਾਲੀ ਹੈ। ਕਵੀ ਦਾ ਭਾਸ਼ਾ ਉੱਤੇ ਪੂਰਨ ਅਧਿਕਾਰ ਹੈ। ਉਸ ਦੇ ਸੰਵਾਦ ਸੁੰਦਰ ਅਤੇ ਓਜਪੂਰਨ ਹਨ । ਕਾਵਿ ਵਿੱਚ ਰਸ, ਅਲੰਕਾਰ, ਕਲਪਨਾਵਾਂ ਅਤੇ ਭਾਵਨਾਵਾਂ ਦਾ ਸੁੰਦਰ ਸੁਮੇਲ ਦਰਸਾਇਆ ਗਿਆ ਹੈ। ਇਸ ਵਿੱਚ ਸ਼ਾਂਤ ਰਸ ਦੀ ਪ੍ਰਧਾਨਤਾ ਹੈ ਅਤੇ ਪੂਰੇ ਗ੍ਰੰਥ ਦੀ ਰਚਨਾ ਅਨੁਸ਼ਟੁਪ ਛੰਦ ਵਿੱਚ ਵਰਣਿਤ ਹੈ, ਪਰ ਕਵੀ ਨੇ ਵਿੱਚ-ਵਿੱਚ ਵੱਡੇ ਛੰਦਾਂ ਦਾ ਵੀ ਪ੍ਰਯੋਗ ਕੀਤਾ ਹੋਇਆ ਹੈ। ਇਸ ਕਾਵਿ ਦਾ ਸਮੇਂ-ਸਮੇਂ ਫ਼ਾਰਸੀ ਭਾਸ਼ਾ ਵਿੱਚ ਵੀ ਅਨੁਵਾਦ ਹੁੰਦਾ ਰਿਹਾ ਹੈ।


ਲੇਖਕ : ਸ਼ਰਨ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1446, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕਲਹਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਲਹਨ : ਇਹ ਸੰਸਾਰ ਪ੍ਰਸਿੱਧ ਪੁਸਤਕ ਰਾਜ-ਤਰੰਗਿਣੀ (1148-50ਈ.) ਦਾ ਕਰਤਾ ਸੀ। ਇਹ ਕਸ਼ਮੀਰ ਦੇ ਮਹਾਰਾਜੇ ਹਰਸ਼ਦੇਵ (1086-1101) ਦੇ ਮਹਾਮੰਤਰੀ ਚੰਪਕ ਦਾ ਪੁੱਤਰ ਅਤੇ ਸੰਗੀਤ ਦੇ ਮਾਹਰ ਕਨਕ ਦਾ ਵੱਡਾ ਭਰਾ ਸੀ। ਵਾਸਤਵ ਵਿਚ ਕਲਹਨ ਇਕ ਮਹਾਂਕਵੀ ਸੀ। ਇਤਿਹਾਸ ਅਤੇ ਕਵਿਤਾ ਦਾ ਸੰਗਮ ਕਰਕੇ ਇਸ ਨੇ ਆਪਣੀ ਪੁਸਤਕ ਨੂੰ ਸ਼ਾਂਤ ਰਸ ਨਾਲ ਸਿੰਜਿਆ ਹੈ ਅਤੇ ਆਪਣੇ ਪਾਠਕਾਂ ਨੂੰ ਰਾਜ-ਤਰੰਗਿਣੀ ਦਾ ਰਸ ਮਾਣਨ ਲਈ ਸੱਦਾ ਦਿੱਤਾ ਹੈ।

          ਸੱਚੀ ਗੱਲ ਤਾਂ ਇਹ ਹੈ ਕਿ ਕਲਹਨ ਨੇ ‘ਇਤਿਹਾਸ’ ਨੂੰ ਕਵਿਤਾ ਦਾ ਵਿਸ਼ਾ-ਵਸਤੂ ਬਣਾ ਕੇ ਭਾਰਤੀ ਸਾਹਿਤ ਨੂੰ ਇਕ ਨਵੀਂ ਕਿਸਮ ਪੇਸ਼ ਕੀਤੀ ਹੈ। ਇਸ ਨੇ ਰਾਸ਼ਟਰੀ ਜੀਵਨ ਦੇ ਵਿਆਪਕ ਵਿਸਥਾਰ ਦੇ ਨਾਲ ਨਾਲ ਮਨੁੱਖੀ ਪ੍ਰਕਿਰਤੀ ਦੀਆਂ ਡੂੰਘਾਈਆਂ ਨੂੰ ਵੀ ਛੋਹਿਆ ਹੈ। ਸ਼ਾਂਤ ਰਸ ਦੇ ਅਥਾਹ ਪਾਰਾਵਾਰ ਵਿਚ ਸ਼ਿੰਗਾਰ, ਵੀਰ, ਰੁਦਰ, ਅਦਭੁਤ, ਵੀਭਤਸ ਅਤੇ ਕਰੁਣਾ ਆਦਿ ਸਾਰੇ ਰਸ ਲਹਿਰਾਉਂਦੇ ਦਿਖਾਏ ਗਏ ਹਨ; ਜਿਸ ਵਿਚ ਹਾਸ ਰਸ ਅਤੇ ਵਿਅੰਗ ਦੇ ਜਿਹੜੇ ਛਿੱਟੇ ਪੈਂਦੇ ਰਹਿੰਦੇ ਹਨ, ਉਹ ਵੀ ਬਹੁਤ ਮਹੱਤਵਪੂਰਨ ਹਨ।

          ਇਸ ਵਿਚ ਕੋਈ ਸ਼ਕ ਨਹੀਂ ਕਿ ਇਤਿਹਾਸਕਾਰ ਦੇ ਨਾਤੇ ਮੁੱਢਲੀਆਂ ਬੰਸਾਵਲੀਆਂ ਅਤੇ ਕਾਲ-ਕ੍ਰਮ ਦੇ ਖੇਤਰ ਵਿਚ ਕਲਹਨ ਦੀਆਂ ਆਪਣੀਆਂ ਸੀਮਾਵਾਂ ਸਨ। ਇਸਦੇ ਸਾਧਨ ਸੀਮਿਤ ਸਨ ਪਰ ਅਫ਼ਸੋਸ ਦੀ ਗੱਲ ਹੈ ਕਿ ਇਸਨੇ ਕੁਝ ਲੋਕ-ਪ੍ਰਚਲਿਤ ਅੰਧਵਿਸ਼ਵਾਸ਼ ਦੀਆਂ ਗੱਲਾਂ ਨੂੰ ਸਹੀ ਸਮਝ ਕੇ ਮਾਨਤਾ ਦੇ ਦਿੱਤੀ ਹੈ, ਜਿਵੇਂ ਕਿ ਰਣ ਅਦਿੱਤ ਦਾ 300 ਸਾਲ ਲੰਬਾ ਰਾਜ ਦਸਿਆ ਹੈ ਪਰ ਤਾਂ ਵੀ ਰਾਜ ਤਰੰਗਿਣੀ ਬਾਰੇ ਇਹ ਕੋਈ ਘੱਟ ਸ਼ਲਾਘਾਯੋਗ ਗੱਲ ਨਹੀਂ ਹੈ ਕਿ ਚੌਥੇ ਤਰੰਗ ਦੇ ਅੰਤਿਮ ਭਾਗ ਤੋਂ ਲੈ ਕੇ ਆਪਣੇ ਸਮੇਂ ਤੱਕ ਇਸ ਦੀ ਕਾਲ-ਕ੍ਰਮ ਅਤੇ ਇਤਿਹਾਸ ਦੀ ਸਮੱਗਰੀ ਵਿਸਤ੍ਰਿਤ ਅਤੇ ਵਿਸ਼ਵਾਸਯੋਗ ਹੈ। ਇਸਨੇ ਆਪਣੇ ਯੁਗ ਦਾ ਨੇੜੇ ਤੋਂ ਅਧਿਐਨ ਅਤੇ ਬੇਲਾਗ ਟੀਕਾ ਟਿਪਣੀ ਕੀਤੀ ਹੈ।

          ਰਾਜ ਤਰੰਗਿਣੀ ਵਿਚ ਕਲਹਨ ਨੇ ਕੇਵਲ ਰਾਜਨੀਤਿਕ ਰੂਪਰੇਖਾ ਹੀ ਨਹੀਂ ਖਿੱਚੀ, ਸਗੋਂ ਸਮਾਜਕ ਅਤੇ ਸਭਿਆਚਾਰਕ ਹਾਲਾਤ ਦੀਆਂ ਝਲਕੀਆਂ ਵੀ ਪੇਸ਼ ਕੀਤੀਆਂ ਹਨ। ਚਰਿੱਤਰ ਚਿੱਤਰਨ ਵਿਚ ਇਸ ਨੇ ਕਮਾਲ ਕਰ ਵਿਖਾਇਆ ਹੈ। ਇਸ ਤੋਂ ਇਲਾਵਾ ਇਸ ਨੇ ਹੜ੍ਹ, ਅੱਗ, ਕਾਲ ਅਤੇ ਮਹਾਮਾਰੀ ਆਦਿ ਰੱਬੀ ਮੁਸੀਬਤਾਂ ਅਤੇ ਧਾਰਮਕ, ਸਮਾਜਕ ਅਤੇ ਸਭਿਆਚਾਰਕ ਉਪੱਦਰਾਂ ਦੇ ਸਮੇਂ ਮਨੁੱਖੀ ਸੁਭਾਉ ਦੀਆਂ ਪ੍ਰਗਤੀਆਂ ਅਤੇ ਪ੍ਰਵਿਰਤੀਆਂ ਦੇ ਸੰਕੇਤ ਵੀ ਦਿੱਤੇ ਹਨ।

          ਕਲਹਨ ਦਾ ਦ੍ਰਿਸ਼ਟੀਕੋਣ ਬਹੁਤ ਉਦਾਰ ਸੀ। ਬ੍ਰਾਹਮਣ ਹੁੰਦੇ ਹੋਏ ਵੀ ਇਸ ਨੇ ਯੁੱਧ ਫ਼ਿਲਾਸਫ਼ੀ ਦੀਆਂ ਚੰਗੀਆਂ ਪਰੰਪਰਾਵਾਂ ਨੂੰ ਸਲਾਹਿਆ ਹੈ ਅਤੇ ਸ਼ੈਵ ਮਤ ਦੇ ਪਖੰਡੀ ਤਾਂਤ੍ਰਿਕਾਂ ਨੂੰ ਖੂਬ ਭੰਡਿਆ ਹੈ। ਇਕ ਸੱਚੇ ਦੇਸ਼-ਭਗਤ ਵਾਂਗੂੰ ਇਸ ਨੇ ਆਪਣੇ ਦੇਸ਼ਵਾਸੀਆਂ ਦੀਆਂ ਬੁਰਾਈਆਂ ਉਪਰੋਂ ਪਰਦਾ ਲਾਹ ਦਿੱਤਾ ਹੈ।

          ਸਮੁੱਚੇ ਪ੍ਰਾਚੀਨ ਭਾਰਤੀ ਇਤਿਹਾਸ ਵਿਚ ਵਿਗਿਆਨਕ ਲੀਹਾਂ ਉਤੇ ਇਤਿਹਾਸ ਲਿਖਣ ਦਾ ਜੇ ਕੋਈ ਉਪਰਾਲਾ ਕੀਤਾ ਗਿਆ ਹੈ ਤਾਂ ਇਹ ਕਲਹਨ ਦੀ ਰਾਜ-ਤਰੰਗਿਣੀ ਹੈ। ਆਪਣੀਆਂ ਕੁਝ ਕਮਜ਼ੋਰੀਆਂ ਦੇ ਬਾਵਜੂਦ ਕਲਹਨ ਦਾ ਦ੍ਰਿਸ਼ਟੀਕੋਣ ਲਗਭਗ ਅੱਜ ਦੇ ਇਤਿਹਾਸਕਾਰ ਵਰਗਾ ਹੀ ਹੈ।

          ਹ. ਪੁ.––ਹਿੰ. ਵਿ. ਕੋ. 2 : 386


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 690, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.