ਜਹਾਂਗੀਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਹਾਂਗੀਰ. ਫ਼ਾ ਵਿ—ਜਹਾਨ ਨੂੰ ਫ਼ਤੇ ਕਰਨ ਵਾਲਾ. ਸੰਸਾਰ ਨੂੰ ਕ਼ਬ੒੥ ਵਿੱਚ ਲੈਣ ਵਾਲਾ। ੨ ਸੰਗ੍ਯਾ—ਅਕਬਰ ਦਾ ਪੁਤ੍ਰ ਸਲੀਮ, ਜੋ ਬਿਹਾਰੀਮੱਲ ਕਛਵਾਹੇ ਦੀ ਕੰਨ੍ਯਾ ਮਰੀਅਮ ਜ਼ਮਾਨੀ ਦੇ ਉਦਰ ਤੋਂ ਸਿਕਰੀ ਦੇ ਮਕਾਮ ੩੧ ਅਗਸ੍ਤ ਸਨ ੧੫੬੯ (ਸੰਮਤ ੧੬੨੭) ਨੂੰ ਪੈਦਾ ਹੋਇਆ. ਇਹ ੨੪ ਅਕਤੂਬਰ ਸਨ ੧੬੦੫ ਨੂੰ ਦਿੱਲੀ ਦੇ ਤਖ਼ਤ ਪੁਰ ਬੈਠਾ, ਅਰ ਆਪਣਾ ਨਾਮ ਜਹਾਂਗੀਰ ਰੱਖਿਆ.1 ਇਸਦੇ ਜ਼ਮਾਨੇ ਇੰਗਲੈਂਡ ਦੇ ਬਾਦਸ਼ਾਹ ਜੇਮਸ ੧ (James I) ਵੱਲੋਂ ਪਤ੍ਰ ਲੈ ਕੇ ਕਪਤਾਨ ਹਾਕਿਨਸ (Hawkins) ਅਰ ਸਰ ਟਾਮਸ ਰੋ (Sir Thomas Roe) ਵਪਾਰ ਦੀ ਵ੍ਰਿੱਧੀ ਲਈ ਆਏ ਸਨ, ਜਿਸ ਦਾ ਫਲ ਸੂਰਤ ਪਾਸ ਅੰਗ੍ਰੇਜ਼ੀ ਕੋਠੀਆਂ ਅਤੇ ਕਾਰਖ਼ਾਨੇ ਕ਼ਾਇਮ ਹੋਏ.

 

ਇਸਦਾ ਬੇਟਾ ਖ਼ੁਸਰੋ ਤਖ਼ਤ ਦੀ ਇੱਛਾ ਕਰਕੇ ਵਿਰੋਧੀ ਹੋ ਗਿਆ ਸੀ, ਜਿਸ ਪੁਰ ਉਸ ਨੂੰ ਕੈਦ ਕੀਤਾ ਗਿਆ ਅਰ ਉਸ ਦੇ ਸੰਗੀ ਕਤਲ ਕੀਤੇ ਗਏ. ਸ਼੍ਰੀ ਗੁਰੂ ਅਰਜਨਦੇਵ ਦੇ ਵਿਰੁੱਧ ਜਹਾਂਗੀਰ ਮ੏ਹਬੀ ਤਅੱਸੁਬ ਕਰਕੇ ਪਹਿਲਾਂ ਹੀ ਕੁੜ੍ਹ ਰਿਹਾ ਸੀ, ਇਸ ਪੁਰ ਚੰਦੂ ਆਦਿਕਾਂ ਨੂੰ ਸ਼ਕਾਇਤ ਕਰਨ ਦਾ ਇਹ ਮੌਕਾ ਮਿਲਿਆ ਕਿ ਗੁਰੂ ਸਾਹਿਬ ਨੇ ਖ਼ੁਸਰੋ ਦੇ ਹੱਕ ਦੁਆ ਮੰਗੀ ਅਤੇ ਉਸ ਨੂੰ ਰਾਜ ਤਿਲਕ ਦਿੱਤਾ, ਇਸ ਕਰਕੇ ਜਹਾਂਗੀਰ ਨੇ ਗੁਰੂ ਸਾਹਿਬ ਦੇ ਵਿਰੁੱਧ ਹੁਕਮ ਜਾਰੀ ਕੀਤਾ1, ਜਿਸ ਤੋਂ ਗੁਰੂ ਸਾਹਿਬ ਦਾ ਦੇਹਾਂਤ ਹੋਇਆ.

ਤਖ਼ਤ ਬੈਠਣ ਤੋਂ ਛੀ ਵਰ੍ਹੇ ਪਿੱਛੋਂ, ਇਸ ਨੇ ਨੂਰਜਹਾਂ ਨਾਲ ਸ਼ਾਦੀ ਕੀਤੀ. ਨੂਰਜਹਾਂ ਇੱਕ ਈਰਾਨ ਦੇ ਵਪਾਰੀ ਮਿਰਜ਼ਾ ਗ਼ਯਾ੆ ਦੀ ਬੇਟੀ ਸੀ. ਗ਼ਯਾਸ ਅਕਬਰ ਦੇ ਜ਼ਮਾਨੇ ਸ਼ਾਹੀ ਮੁਲਾਜ਼ਮ ਹੋਇਆ ਅਰ ਆਪਣੀ ਲਯਾਕਤ ਨਾਲ ਅਹੁਦੇਦਾਰ ਬਣਿਆ. ਛੋਟੀ ਉਮਰ ਵਿੱਚ ਨੂਰਜਹਾਂ ਜਦ ਸ਼ਾਹੀ ਮਹਿਲਾਂ ਵਿੱਚ ਜਾਇਆ ਕਰਦੀ, ਤਦ ਇਸ ਦਾ ਸੁੰਦਰ ਰੂਪ ਵੇਖਕੇ ਜਹਾਂਗੀਰ ਉਸ ਉਤੇ ਮੋਹਿਤ ਹੋ ਗਿਆ ਸੀ, ਇਸ ਪੁਰ ਅਕਬਰ ਦੀ ਆਗ੍ਯਾ ਅਨੁਸਾਰ ਨੂਰਜਹਾਂ ਦਾ ਨਿਕਾਹ ਇੱਕ ਈਰਾਨੀ ਸਰਦਾਰ ਅਲੀਕੁਲੀ ਖ਼ਾਂ (ਸ਼ੇਰਅਫ਼ਗਨਖ਼ਾਂ) ਨਾਲ ਕੀਤਾ ਗਿਆ, ਜਿਸ ਨੂੰ ਅਕਬਰਨੇ ਬੰਗਾਲ ਵਿੱਚ ਜਾਗੀਰ ਬਖ਼ਸ਼ੀ. ਜਦ ਜਹਾਂਗੀਰ ਤਖ਼ਤ ਪੁਰ ਬੈਠਾ, ਤਦ ਸ਼ੇਰਅਫ਼ਗਨਖ਼ਾਂ ਨੂੰ ਕ਼ਤਲ ਕਰਵਾਕੇ ਨੂਰਜਹਾਂ ਨਾਲ ਵਿਆਹ ਕੀਤਾ, ਅਰ ਉਸ ਦੇ ਭਾਈ ਨੂੰ ਆਸਫ਼ਖ਼ਾਂ ਦਾ ਖਿਤਾਬ ਦੇ ਕੇ ਵਡਾ ਮੁਸ਼ੀਰ ਬਣਾਇਆ.

ਨੂਰਜਹਾਂ ਦੇ ਵਸ਼ ਵਿੱਚ ਜਹਾਂਗੀਰ ਕਠਪੁਤਲੀ ਦੀ ਤਰਾਂ ਨਾਚ ਕਰਦਾ ਸੀ, ਯਥਾ—“ਜਹਾਂਗੀਰ ਪਤਸ਼ਾਹ ਕੇ ਬੇਗਮ ਨੂਰਜਹਾਂ। ਵਸ਼ਿ ਕੀਨਾ ਪਤਿ ਆਪਨੋ ਇਹ ਰਸ ਜਹਾਂ ਤਹਾਂ.” (ਚਰਿਤ੍ਰ ੪੮)

ਜਹਾਂਗੀਰ ਸ਼ਰਾਬ , ਅਫ਼ੀਮ2 ਅਤੇ ਸ਼ਿਕਾਰ ਦਾ ਬਹੁਤ ਪ੍ਰੇਮੀ ਸੀ. ਸੰਮਤ ੧੬੮੪ ਵਿੱਚ ਕਸ਼ਮੀਰ ਤੋਂ ਮੁੜਦਾ ਹੋਇਆ ਦਮੇ ਰੋਗ ਦੀ ਪ੍ਰਬਲਤਾ ਕਾਰਣ (੨੮ ਅਕਤੂਬਰ ਸਨ ੧੬੨੭ ਨੂੰ) ਰਸਤੇ ਵਿੱਚ ਮਰ ਗਿਆ. ਲਹੌਰ ਪਾਸ ਸ਼ਾਹਦਰੇ ਉਸ ਦਾ ਸੁੰਦਰ ਮਕਬਰਾ ਬਣਿਆ ਹੋਇਆ ਹੈ. ਦੇਖੋ, ਨੂਰਜਹਾਂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1676, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਹਾਂਗੀਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਹਾਂਗੀਰ : ਇਹ ਮੁਗ਼ਲ ਸਲਤਨਤ ਦਾ ਚੌਥਾ ਬਾਦਸ਼ਾਹ ਅਤੇ ਸ਼ਹਿਨਸ਼ਾਹ ਅਕਬਰ ਦਾ ਪੁੱਤਰ ਸੀ। ਇਸ ਦਾ ਜਨਮ 30 ਅਗਸਤ, 1569 ਨੂੰ ਅਕਬਰ ਦੀ ਹਿੰਦੂ ਰਾਣੀ ਜੋਧਾ ਬਾਈ ਦੀ ਕੁੱਖੋਂ, ਫ਼ਤਹਿਪੁਰ ਸੀਕਰੀ ਵਿਖੇ, ਉਥੋਂ ਦੇ ਹੀ ਪ੍ਰਸਿੱਧ ਸੂਫ਼ੀ ਫ਼ਕੀਰ ਖਵਾਜਾ ਸਲੀਮ ਚਿਸ਼ਤੀ ਦੀ ਬਖ਼ਸ਼ਿਸ਼ ਨਾਲ ਹੋਇਆ, ਜਿਸ ਕਰਕੇ ਇਸ ਦਾ ਨਾਉਂ ਵੀ ਸਲੀਮ ਹੀ ਰੱਖਿਆ ਗਿਆ। ਸ਼ਹਿਜ਼ਾਦੇ ਸਲੀਮ ਦੀ ਪਾਲਣਾ ਵੱਧ ਤੋਂ ਵੱਧ ਧਿਆਨ ਅਤੇ ਪਿਆਰ ਨਾਲ ਕੀਤੀ ਗਈ ਅਤੇ ਬੜੇ ਯੋਗ ਉਸਤਾਦਾਂ ਤੋਂ ਇਸ ਨੂੰ ਫ਼ਾਰਸੀ, ਤੁਰਕੀ, ਅਰਬੀ, ਹਿੰਦੀ, ਗਣਿਤ, ਇਤਿਹਾਸ, ਭੂਗੋਲ ਅਤੇ ਵਿਗਿਆਨ ਆਦਿ ਦੀ ਸਿੱਖਿਆ ਦਿਵਾਈ ਗਈ। ਅਕਬਰ ਦੇ ਦਰਬਾਰ ਦੇ ਨੌਂ ਰਤਨਾਂ ਵਿਚੋਂ ਮਹਾਨ ਵਿਦਵਾਨ ਅਬਦੁਰ ਰਹੀਮ ਖ਼ਾਨਾਖ਼ਾਨ ਨੇ ਸਲੀਮ ਨੂੰ ਆਪਣੀ ਵਿਦਵਤਾ ਨਾਲ ਕਾਫ਼ੀ ਪ੍ਰਭਾਵਿਤ ਕੀਤਾ। ਇਸੇ ਦੀ ਦੇਖ-ਰੇਖ ਹੇਠ ਇਸ ਨੇ ਫ਼ਾਰਸੀ ਵਿਚ ਕਵਿਤਾ ਸਿਰਜਣੀ ਸਿੱਖੀ ਅਤੇ ਹਿੰਦੀ ਗੀਤਾਂ ਦਾ ਆਨੰਦ ਮਾਣਿਆ। ਵਿੱਦਿਆ ਦੇ ਨਾਲ-ਨਾਲ ਬਾਦਸ਼ਾਹ ਅਕਬਰ ਨੇ ਆਪਣੇ ਸਲੀਮ ਦੀ ਉਚਿਤ ਫ਼ੌਜੀ ਸਿਖਲਾਈ ਦਾ ਵੀ ਚੰਗਾ ਪ੍ਰਬੰਧ ਕੀਤਾ। ਸੰਨ 1577 ਵਿਚ ਇਸ ਨੂੰ ਦਸ ਹਜ਼ਾਰੀ ਅਤੇ 1585 ਵਿਚ ਬਾਰਾਂ ਹਜ਼ਾਰੀ ਦੇ ਖ਼ਿਤਾਬ ਨਾਲ ਸਨਮਾਨਿਆ ਗਿਆ। ਸੰਨ 1581 ਵਿਚ 12 ਸਾਲ ਦੀ ਨਿੱਕੀ ਉਮਰੇ ਹੀ ਸਲੀਮ ਨੂੰ ਇਕ ਫ਼ੌਜੀ ਟੁਕੜੀ ਦੀ ਕਮਾਨ ਦੇ ਕੇ ਕਾਬਲ ਦੀ ਮੁਹਿੰਮ ਤੇ ਤੋਰਿਆ ਗਿਆ।

          13 ਫ਼ਰਵਰੀ, 1585 ਵਿਚ, ਸਲੀਮ ਦਾ ਵਿਆਹ ਆਪਣੇ ਮਾਮੇ ਅੰਬਰ ਦੇ ਰਾਜੇ ਭਗਵਾਨ ਮਾਨ ਦਾਸ ਦੀ ਲੜਕੀ ਮਨਬਾਈ ਨਾਲ ਦੋਵੇਂ ਹਿੰਦੂ ਅਤੇ ਮੁਸਲਮਾਨੀ ਰਹੁ ਰੀਤਾਂ ਨਾਲ ਹੋਇਆ। ਬਾਅਦ ਵਿਚ ਜਿਸ ਦੀ ਕੁੱਖੋਂ ਸ਼ਹਿਜ਼ਾਦੇ ਖ਼ੁਸਰੋ ਨੇ ਜਨਮ ਲਿਆ। ਬਾਦਸ਼ਾਹ ਬਣਨ ਦੀ ਪ੍ਰਬਲ ਲਾਲਸਾ ਕਾਰਨ ਸਲੀਮ ਨੇ 1599 ਵਿਚ ਆਪਣੇ ਪਿਤਾ ਸ਼ਹਿਨਸ਼ਾਹ ਅਕਬਰ ਦੇ ਵਿਰੁੱਧ ਬਗਾਵਤ ਕਰ ਦਿੱਤੀ ਅਤੇ ਅਜਮੇਰ ਤੋਂ ਸ਼ਾਹ ਬਾਜ਼ਖਾਨ ਦਾ ਧਨ ਲੁੱਟਦਾ ਹੋਇਆ ਆਗਰੇ ਵੱਲ ਵਧਿਆ ਪਰ ਇਹ ਆਪਣੇ ਮਕਸਦ ਵਿਚ ਕਾਮਯਾਬ ਨਾ ਹੋ ਸਕਿਆ। ਅਕਬਰ ਦੱਖਣ ਵਿਚੋਂ ਵਾਪਸ ਆ ਗਿਆ ਅਤੇ ਇਸ ਦੀ ਬਗਾਵਤ ਨੂੰ ਦਬਾ ਕੇ ਸਲੀਮ ਨੂੰ ਅਲਾਹਾਬਾਦ ਭੇਜ ਦਿੱਤਾ ਗਿਆ ਅਤੇ ਇਸ ਦੀਆਂ ਹਰਕਤਾਂ ਉੱਤੇ ਨਜ਼ਰ ਰੱਖਣ ਲਈ ਅਕਬਰ ਨੇ ਅਬੁਲ ਫ਼ਜ਼ਲ ਨੂੰ ਇਸ ਦੇ ਨਾਲ ਭੇਜਿਆ ਪਰ ਛੇਤੀ ਹੀ ਇਸ ਦਾ ਕਤਲ ਕਰਵਾ ਦਿੱਤਾ। ਸਲੀਮ ਕਿਉਂਕਿ ਮੁਗ਼ਲ ਖ਼ਾਨਦਾਨ ਦਾ ਇਕਲੌਤਾ ਵਾਰਸ ਸੀ, ਇਸ ਲਈ ਬਾਦਸ਼ਾਹ ਅਕਬਰ ਨੂੰ ਬਾਰ-ਬਾਰ ਇਸ ਦੀਆਂ ਗਲਤੀਆਂ ਨਜ਼ਰ-ਅੰਦਾਜ਼ ਕਰਨੀਆਂ ਪਈਆਂ।

          3 ਨਵੰਬਰ, 1605 ਵਿਚ ਬਾਦਸ਼ਾਹ ਅਕਬਰ ਦੀ ਮੌਤ ਹੋ ਗਈ ਅਤੇ ਸਲੀਮ ਨੂਰ-ਉਦ-ਦੀਨ ਮੁਹੰਮਦ ਜਹਾਂਗੀਰ ਬਾਦਸ਼ਾਹ ਗਾਜ਼ੀ ਦੇ ਨਾਉਂ ਨਾਲ ਮੁਗ਼ਲੀਆ ਤਖ਼ਤ ਤੇ ਬੈਠਾ। ਤਖ਼ਤ ਸੰਭਾਲਣ ਮਗਰੋਂ ਬਾਦਸ਼ਾਹ ਜਹਾਂਗੀਰ ਨੇ ਆਪਣੇ ਨਾਉਂ ਦੇ ਸਿੱਕੇ ਜਾਰੀ ਕੀਤੇ ਅਤੇ ਬਹੁਤ ਸਾਰੇ ਕੈਦੀਆਂ ਨੂੰ ਰਿਹਾ ਕਰ ਦਿੱਤਾ। ਰਾਜ ਵਿਚ ਸੁਧਾਰ ਕਰਨ ਲਈ ਇਸ ਨੇ 12 ਸ਼ਾਨਦਾਰ ਫੁਰਮਾਨ ਜਾਰੀ ਕੀਤੇ ; ਤਮਗਾ, ਮੀਰ ਬਾਹਰੀ ਜਿਹੇ ਕਰਾਂ ਦਾ ਖਾਤਮਾ ਕੀਤਾ, ਸੜਕਾਂ ਦੇ ਕੰਢੇ ਸਰਾਵਾਂ, ਮਸੀਤਾਂ ਅਤੇ ਖੂਹਾਂ ਦਾ ਨਿਰਮਾਣ ਕਰਵਾਇਆ, ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਬਣਾਉਣ ਅਤੇ ਵੇਚਣ ਤੇ ਪਾਬੰਦੀ ਲਾ ਦਿੱਤੀ, ਨੱਕ, ਕੰਨ ਕੱਟਣ ਜਿਹੀਆਂ ਅਣ-ਮਨੁੱਖੀ ਸਜ਼ਾਵਾਂ ਬੰਦ ਕਰ ਦਿੱਤੀਆਂ, ਕਿਸਾਨਾਂ ਦੀ ਜ਼ਮੀਨ ਅਤੇ ਸਰਕਾਰੀ ਅਫ਼ਸਰਾਂ ਵੱਲੋਂ ਜ਼ਬਰਦਸਤੀ ਕਬਜ਼ਾ ਕਰਨ ਦਾ ਅਧਿਕਾਰ ਰੱਦ ਕਰ ਦਿੱਤਾ, ਗਰੀਬ ਜਨਤਾ ਦੇ ਇਲਾਜ ਲਈ ਸ਼ਹਿਰਾਂ ਵਿਚ ਮੁਫ਼ਤ ਹਸਪਤਾਲ ਖੋਲ੍ਹ ਦਿੱਤੇ ਗਏ। ਅਕਬਰ ਦੇ ਸਮੇਂ ਦੇ ਸਾਰੇ ਪੁਰਾਣੇ ਅਫ਼ਸਰਾਂ ਅਤੇ ਜਾਗੀਰਦਾਰਾਂ ਨੂੰ ਆਪਣੇ ਦਰਬਾਰ ਵਿਚ ਮਾਨਤਾ ਦਿੱਤੀ। ਆਗਰੇ ਦੇ ਕਿਲੇ ਦੇ ਸ਼ਾਹ ਬਰੇਜ ਦੀਆਂ ਜਮਨਾ ਦੇ ਕੰਢੇ ਗੱਡੇ ਹੋਏ ਇਕ ਪੱਥਰ ਦੇ ਸਤੰਭ ਦਰਮਿਆਨ 4 ਮਣ ਭਾਰ ਦੀਆਂ ਸੱਠ ਘੰਟੀਆਂ ਅਤੇ ਇਕ ਸੋਨੇ ਦੀ ਜੰਜ਼ੀਰ ਵਾਲਾ ਫ਼ਰਿਆਦੀ ਘੰਟਾ ਲਗਵਾਇਆ, ਤਾਂ ਜੋ ਕੋਈ ਵੀ ਫ਼ਰਿਆਦੀ ਕਿਸੇ ਵੀ ਵੇਲੇ ਆ ਕੇ ਉਹ ਘੰਟਾ ਵਜਾ ਕੇ ਆਪਣੀ ਫਰਿਆਦ ਬਾਦਸ਼ਾਹ ਨੂੰ ਸੁਣਾ ਸਕੇ।

          ਸੰਨ 1606 ਵਿਚ ਇਸ ਦੇ ਵੱਡੇ ਲੜਕੇ ਖੁਸਰੋ ਨੇ ਇਸ ਦੇ ਵਿਰੁੱਧ ਬਗਾਵਤ ਕਰ ਦਿੱਤੀ ਅਤੇ ਆਪਣੀ ਸਫ਼ਲਤਾ ਲਈ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਵੀ ਆਇਆ। ਖੁਸਰੋ ਦੀ ਬਗ਼ਾਵਤ ਨਾਕਾਮਯਾਬ ਰਹੀ। ਇਹ ਪਕੜਿਆ ਗਿਆ ਅਤੇ ਕੈਦੀ ਬਣਾ ਲਿਆ ਗਿਆ। ਮੁਸਲਮਾਨਾਂ ਦੀ ਹਮਦਰਦੀ ਹਾਸਲ ਕਰਨ ਲਈ, ਆਪਣੇ ਰਾਜ ਨੂੰ ਮਜ਼ਬੂਤ ਕਰਨ ਲਈ ਅਤੇ ਖੁਸਰੋ ਦੀ ਬਗ਼ਾਵਤ ਦੌਰਾਨ ਉਸ ਦੀ ਮਦਦ ਕਰਨ ਤੇ, ਬਦਲਾ ਲੈਣ ਲਈ ਇਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪਕੜ ਲਿਆ ਅਤੇ ਬੇਰਹਿਮੀ ਨਾਲ ਲਾਹੌਰ ਵਿਖੇ ਉਨ੍ਹਾਂ ਨੂੰ ਸ਼ਹੀਦ ਕਰਵਾ ਦਿੱਤਾ। ਇਸ ਗੱਲ ਦੀ ਪੁਸ਼ਟੀ ਜਹਾਂਗੀਰ ਨੇ ਆਪਣੀ ਆਤਮ-ਕਥਾ ਤੁਜ਼ਕੇ-ਜਹਾਂਗੀਰੀ, ਵਿਚ ਵੀ ਕੀਤੀ ਹੈ। ਇਸ ਦੇ ਸਿੱਟੇ ਵਜੋਂ ਸਿੱਖ ਕੌਮ ਜਹਾਂਗੀਰ ਦੀ ਦੁਸ਼ਮਣ ਹੋ ਗਈ ਅਤੇ ਇਸ ਤੋਂ ਬਦਲਾ ਲੈਣ ਲਈ ਉਤਾਰੂ ਹੋ ਗਈ।

          ਕੰਧਾਰ ਆਪਣੀ ਸੈਨਿਕ ਮਹੱਤਵ ਵਾਲੀ ਸਥਿਤੀ ਅਤੇ ਵਪਾਰਕ ਮਹੱਤਤਾ ਕਾਰਨ ਮੁਗ਼ਲ ਸਲਤਨਤ ਲਈ ਕਾਫ਼ੀ ਮਹੱਤਵਪੂਰਨ ਰਿਹਾ ਹੈ। ਬਾਬਰ ਨੇ ਇਸ ਉਪਰ ਆਪਣਾ ਕਬਜ਼ਾ ਕੀਤਾ ਪਰ 1558 ਵਿਚ ਹਮਾਯੂੰ ਦੀ ਮੌਤ ਮਗਰੋਂ ਇਹ ਮੁਗਲਾਂ ਦੇ ਹੱਥੋਂ ਨਿਕਲ ਗਿਆ। ਸੰਨ 1594 ਵਿਚ ਅਕਬਰ ਨੇ ਇਸ ਨੂੰ ਮੁੜ ਆਪਣੇ ਰਾਜ ਦਾ ਹਿੱਸਾ ਬਣਾ ਲਿਆ। ਅਕਬਰ ਦੀ ਮੌਤ ਤੋਂ ਬਾਅਦ ਛੇਤੀ ਹੀ ਸ਼ਹਿਜਾਦਾ ਖੁਸਰੋ ਦੀ ਬਗਾਵਤ ਦਾ ਪਰਸ਼ੀਆ ਦੇ ਸ਼ਾਹ ਅੱਬਾਸ ਨੇ ਪੂਰਾ ਫਾਇਦਾ ਉਠਾਇਆ ਅਤੇ ਕੰਧਾਰ ਤੇ ਹਮਲਾ ਕਰ ਦਿੱਤਾ। ਜਹਾਂਗੀਰ ਨੇ ਕੰਧਾਰ ਦੇ ਮੁਗ਼ਲੀਆ ਗਵਰਨਰ ਸ਼ਾਹ ਬੇਗ ਖ਼ਾਨ ਨੂੰ ਵੇਲੇ ਸਿਰ ਫ਼ੌਜੀ ਮਦਦ ਪਹੁੰਚਾ ਕੇ ਕੰਧਾਰ ਨੂੰ ਆਪਣੇ ਕਬਜ਼ੇ ਵਿਚੋਂ ਨਿਕਲਣ ਤੋਂ ਬਚਾ ਲਿਆ। ਉਥੋਂ ਦੇ ਲੋਕਾਂ ਵੱਲ ਇਸ ਨੇ ਆਪਣਾ ਨਿੱਜੀ ਧਿਆਨ ਦਿੱਤਾ ਅਤੇ ਉਨ੍ਹਾਂ ਨੂੰ ਚੁੰਗੀ ਕਰ ਤੋਂ ਨਿਜਾਤ ਦਿੱਤੀ। ਰਾਜਧਾਨੀ ਵਿਚੋਂ ਬਾਦਸ਼ਾਹ ਦੀ ਗ਼ੈਰ ਹਾਜ਼ਰੀ ਨੇ ਸ਼ਹਿਜ਼ਾਦਾ ਖੁਸਰੋ ਨੂੰ ਮੁੜ ਤਖ਼ਤ ਤੇ ਬਿਠਾਉਣ ਦੀ ਸਾਜ਼ਸ਼ ਰਹੀ ਪਰ ਸ਼ਹਿਜ਼ਾਦਾ ਖੁਰਮ ਨੇ ਇਸ ਦੀ ਸੂਹ ਜਹਾਂਗੀਰ ਕੋਲ ਪਹੁੰਚਾਈ ਅਤੇ ਇੰਜ ਸਾਜ਼ਸ਼ ਨੂੰ ਨਾਕਾਮਯਾਬ ਕਰ ਦਿੱਤਾ। ਖੁਸਰੋ ਨੂੰ ਮੁੜ ਕੈਦ ਕਰ ਲਿਆ ਗਿਆ ਅਤੇ ਅੰਨ੍ਹਾ ਕਰ ਦਿੱਤਾ ਗਿਆ।

          ਸੰਨ 1609 ਵਿਚ ਪੱਛਮ ਤੋਂ ਸਰ ਟਾਮਸ ਰੋ ਨੇ ਆ ਕੇ ਪੱਛਮ ਨਾਲ ਵਪਾਰ ਕਰਨ ਦੀ ਸਹਿਮਤੀ ਬਾਦਸ਼ਾਹ ਪਾਸੋਂ ਲਈ ਅਤੇ 1615 ਵਿਚ ਇੰਗਲੈਂਡ ਦੇ ਜੇਮਜ਼ ਪਹਿਲੇ ਨੇ ਆਪਣਾ ਰਾਜਦੂਤ ਇਸ ਦੇ ਦਰਬਾਰ ਵਿਚ ਭੇਜਿਆ।

          ਸੰਨ 1611 ਵਿਚ ਜਹਾਂਗੀਰ ਨੇ ਮਿਰਜ਼ਾ ਗਿਆਸ ਬੇਗ ਦੀ ਧੀ ਅਤੇ ਬੰਗਾਲ ਦੇ ਫ਼ੌਜਦਾਰ ਸ਼ੇਰ ਅਫਗਾਨ ਦੀ ਵਿਧਵਾ ਮਿਹਰ ਉੱਲ ਨਿਸਾ ਨਾਲ ਨਿਕਾਹ ਕਰ ਲਿਆ। ਬਾਅਦ ਵਿਚ ਇਸ ਨੂੰ ਨੂਰ ਮਹਲ ਅਤੇ ਫੇਰ ਨੂਰ ਜਹਾਨ ਦਾ ਖਿਤਾਬ ਦਿੱਤਾ। ਸੰਨ 1613 ਵਿਚ ਨੂਰ ਜਹਾਨ ਨੂੰ ‘ਬਾਦਸ਼ਾਹ ਬੇਗਮ’ ਦਾ ਖਿਤਾਬ ਮਿਲਿਆ। ਸੰਨ 1614 ਵਿਚ ਜਹਾਂਗੀਰ ਨੇ ਮੇਵਾੜ ਵਿਚ ਰਾਜਪੂਤਾਂ ਦੀ ਤਾਕਤ ਦਾ ਪੂਰੀ ਤਰ੍ਹਾਂ ਖਾਤਮਾ ਕਰ ਦਿੱਤਾ। ਬਾਦਸ਼ਾਹ ਜਹਾਂਗੀਰ ਉਪਰ ਨੂਰ ਜਹਾਨ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ। ਹੌਲੀ-ਹੌਲੀ ਬਾਦਸ਼ਾਹ ਆਪ ਵਿਲਾਸਤਾ ਵਿਚ ਡੁਬਦਾ ਗਿਆ ਅਤੇ ਰਾਜ ਦਾ ਸਾਰਾ ਕੰਮ ਨੂਰਜਹਾਂ ਨੇ ਆਪਣੇ ਹੱਥਾਂ ਵਿਚ ਲੈ ਲਿਆ। ਸਿੱਕਿਆਂ ਉੱਪਰ ਬਾਦਸ਼ਾਹ ਦੇ ਨਾਉਂ ਦੇ ਨਾਲ ਬੇਗਮ ਨੂਰਜਹਾਂ ਦਾ ਨਾਮ ਵੀ ਆਉਣ ਲੱਗਾ। ਮਲਕਾ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਦਰਬਾਰ ਵਿਚ ਉੱਚੇ ਅਹੁਦੇ ਪ੍ਰਦਾਨ ਕੀਤੇ। ਨੂਰਜਹਾਂ ਵਲੀ ਅਹਿਦ ਸ਼ਹਿਜ਼ਾਦਾ ਖ਼ੁਰਮ ਦੀ ਥਾਂ ਜਹਾਂਗੀਰ ਦੇ ਛੋਟੇ ਪੁੱਤਰ ਅਤੇ (ਸ਼ੇਰ ਅਫ਼ਗਾਨ ਤੋਂ ਹੋਈ ਆਪਣੀ ਲੜਕੀ ਦੇ ਪਤੀ) ਆਪਣੇ ਜੁਆਈ ਸ਼ਹਿਰਯਾਰ ਨੂੰ ਤਖ਼ਤ ਤੇ ਬਿਠਾਉਣਾ ਚਾਹੁੰਦੀ ਸੀ। ਅਜਿਹੀਆਂ ਸਾਜ਼ਸ਼ਾਂ ਕਾਰਨ ਖ਼ੁਰਮ ਨੇ 1623 ਵਿਚ ਬਗਾਵਤ ਕਰ ਦਿੱਤੀ। ਸੰਨ 1626 ਵਿਚ ਦੋਹਾਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ ਅਤੇ ਬਗ਼ਾਵਤ ਦਬਾ ਦਿੱਤੀ ਗਈ। ਸੰਨ 1622 ਵਿਚ ਕੰਧਾਰ ਵਿਚ ਮੁੜ ਵਿਦਰੋਹ ਹੋਇਆ ਪਰ ਇਸੇ ਵੇਲੇ ਸ਼ਹਿਜ਼ਾਦਾ ਖ਼ੁਰਮ ਵਲੋਂ ਬਗ਼ਾਵਤ ਹੋਣ ਨਾਲ ਕੰਧਾਰ ਮੁਗ਼ਲ ਸਾਮਰਾਜ ਦੇ ਹੱਥੋਂ ਨਿਕਲ ਗਿਆ।

          ਸੰਨ 1626 ਵਿਚ ਨੂਰਜਹਾਂ ਦੀਆਂ ਨੀਤੀਆਂ ਤੋਂ ਤੰਗ ਆ ਕੇ ਸੈਨਾਪਤੀ ਮਹਾਬਤ ਖ਼ਾਨ ਨੇ ਬਗ਼ਾਵਤ ਕੀਤੀ ਅਤੇ ਜਹਾਂਗੀਰ ਨੂੰ ਕੈਦ ਕਰ ਲਿਆ। ਅਜਿਹੇ ਨਾਜ਼ੁਕ ਹਾਲਾਤ ਵਿਚ ਨੂਰਜਹਾਂ ਨੇ ਆਪ ਫ਼ੌਜ ਦੀ ਕਮਾਨ ਸੰਭਾਲੀ ਪਰ ਮਹਾਬਤ ਖ਼ਾਨ ਦੇ ਹੱਥੋਂ ਹਾਰ ਗਈ ਅਤੇ ਆਪਣੇ ਪਤੀ ਨਾਲ ਹੀ ਕੈਦ ਕਰ ਦਿੱਤੀ ਗਈ। ਚਲਾਕੀ ਨਾਲ ਇਹ ਜਹਾਂਗੀਰ ਨੂੰ ਵੀ ਜੇਲ੍ਹ ਵਿਚੋਂ ਕੱਢਣ ਵਿਚ ਸਫ਼ਲ ਹੋ ਗਈ ਅਤੇ ਬਾਹਰ ਆ ਕੇ ਇਸ ਨੇ ਮਹਾਬਤ ਖ਼ਾਨ ਦੀ ਬਗ਼ਾਵਤ ਨੂੰ ਨਾ-ਕਾਮਯਾਬ ਕਰ ਦਿੱਤਾ।

          ਮਾਰਚ, 1627 ਵਿਚ ਬਾਦਸ਼ਾਹ ਜਹਾਂਗੀਰ ਆਪਣੀ ਕਮਜ਼ੋਰ ਸਿਹਤ ਨੂੰ ਸੁਧਾਰਣ ਲਈ ਕਸ਼ਮੀਰ ਚਲਾ ਗਿਆ। ਬਹੁਤ ਸਾਰੇ ਪੱਛਮੀ/ਬਦੇਸ਼ੀ ਇਤਿਹਾਸਕਾਰਾਂ ਨੇ ਜਹਾਂਗੀਰ ਨੂੰ ਇਕ ਲਾਈਲੱਗ, ਜਰਵਾਣਾ, ਵਿਲਾਸੀ, ਸ਼ਰਾਬੀ, ਔਰਤ ਦਾ ਰਸੀਆ ਅਤੇ ਇਕ ਨਾ-ਕਾਮਯਾਬ ਬਾਦਸ਼ਾਹ ਵਜੋਂ ਬਿਆਨਿਆ ਹੈ ਪਰ ਦੂਜੇ ਪਾਸੇ ਹਿੰਦੁਸਤਾਨੀ ਇਤਿਹਾਸਕਾਰ ਇਸ ਨੂੰ ਇਕ ਨਿਆਂ-ਪਸੰਦ, ਸਾਊ ਅਤੇ ਪ੍ਰਭਾਵਸ਼ਾਲੀ ਬਾਦਸ਼ਾਹ ਮੰਨਦੇ ਹਨ ਜਿਸ ਨੇ ਕਿ ਨਿਆਂ-ਪੂਰਬਕ ਅਤੇ ਖੁੱਲ੍ਹ-ਦਿਲੀ ਨਾਲ ਰਾਜ ਕੀਤਾ। ਇਹ ਇਕ ਵਿਦਵਾਨ, ਸਭਿਅ, ਦਿਲਕਸ਼ ਅਤੇ ਖ਼ੁਸ਼-ਮਿਜ਼ਾਜ ਸ਼ਖ਼ਸੀਅਤ ਦਾ ਮਾਲਕ ਸੀ। ਇਸ ਦੀ ਲਿਖੀ ਆਤਮਕਥਾ ‘ਤੁਜ਼ਕੇ ਜਹਾਂਗੀਰੀ’ ਇਸ ਦੀ ਵਿਦਵਤਾ ਦੀ ਜਿਉਂਦੀ ਜਾਗਦੀ ਮਿਸਾਲ ਹੈ। ਕੁਦਰਤੀ ਚੀਜ਼ਾਂ ਨਾਲ ਇਸ ਨੂੰ ਅਥਾਹ ਪਿਆਰ ਸੀ। ਇਸੇ ਲਈ ਇਸ ਨੇ ਕਈ ਬਾਗ਼ ਲਗਵਾਏ। ਕਸ਼ਮੀਰ ਦੇ ਨਿਸ਼ਾਤ ਅਤੇ ਸ਼ਾਲੀਮਾਰ ਬਾਗ਼ ਇਸ ਦੀ ਮੂੰਹ ਬੋਲੀ ਤਸਵੀਰ ਹਨ। ਚਿੱਤਰਕਾਰੀ ਅਤੇ ਸੰਗੀਤ ਨੂੰ ਇਸ ਦੇ ਦਰਬਾਰ ਵਿਚ ਰੱਜਵਾਂ ਮਾਣ ਅਤੇ ਉਤਸ਼ਾਹ ਮਿਲਿਆ। ਚਿੱਤਰਕਾਰੀ ਵਿਚ ਬਾਦਸ਼ਾਹ ਨੂੰ ਆਪ ਵੀ ਨਿਪੁੰਨਤਾ ਹਾਸਲ ਸੀ। ਭਵਨ ਨਿਰਮਾਣਕਾਰੀ ਨੂੰ ਵੀ ਜਹਾਂਗੀਰ ਨੇ ਅੱਖੋਂ ਓਹਲੇ ਨਹੀਂ ਕੀਤਾ। ਸਿਕੰਦਰਾ ਵਿਖੇ ਬਾਦਸ਼ਾਹ ਅਕਬਰ ਦਾ ਮਕਬਰਾ ਇਸ ਦੀ ਨਿਰਮਾਣ-ਕਲਾ ਦਾ ਸੁੰਦਰ ਨਮੂਨਾ ਹੈ। ਲਾਹੌਰ ਵਿਖੇ ਇਕ ਸ਼ਾਨਦਾਰ ਮਸਜਿਦ ਦਾ ਵੀ ਨਿਰਮਾਣ ਕੀਤਾ ਗਿਆ।

          ਕਈ ਇਤਿਹਾਸਕਾਰ ਜਹਾਂਗੀਰ ਨੂੰ ਇਕ ਅਯਾਸ਼ ਬਾਦਸ਼ਾਹ ਮੰਨਦੇ ਹਨ ਅਤੇ ਉਨ੍ਹਾਂ ਦਾ ਇਹ ਵੀ ਖ਼ਿਆਲ ਹੈ ਕਿ ਉਹ ਪੂਰੀ ਤਰ੍ਹਾਂ ਨੂਰਜਹਾਂ ਦੇ ਪ੍ਰਭਾਵ ਹੇਠ ਸੀ। ਇਨ੍ਹਾਂ ਬਾਰੇ ਨਿਰਣੈ-ਪੂਰਬਕ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਗੱਲਾਂ ਉਸ ਦੇ ਚਰਿੱਤਰ ਨੂੰ ਧੁੰਦਲਾ ਜ਼ਰੂਰ ਕਰਦੀਆਂ ਹਨ। ਧਾਰਮਿਕ ਮਾਮਲਿਆਂ ਵਿਚ ਵੀ ਇਹ ਵਧੇਰੇ ਕੱਟੜ ਨਹੀਂ ਸੀ। ਮੁਸਲਮਾਨਾਂ ਦੀ ਹਮਾਇਤ ਹਾਸਲ ਕਰਨ ਲਈ ਅਤੇ ਸ਼ਹਿਜ਼ਾਦਾ ਖੁਸਰੋ ਨੂੰ ਉਨ੍ਹਾਂ ਦੀ ਨਜ਼ਰ ਵਿਚ ਗਿਰਾਉਣ ਲਈ ਹੀ ਇਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਅਜਿਹਾ ਕੱਟੜ ਅਤੇ ਨਿਰਦਈ ਸਲੂਕ ਕੀਤਾ। ਜਹਾਂਗੀਰ ਚਾਹੇ ਇਕ ਸਫ਼ਲ ਬਾਦਸ਼ਾਹ, ਰਾਜ ਪ੍ਰਬੰਧਕ ਅਤੇ ਸੋਗ ਸੈਨਾਪਤੀ ਸੀ ਪਰ ਇਕ ਸੂਝਵਾਨ ਸਿਆਸਤਦਾਨ ਨਹੀਂ ਸੀ। ਇਸ ਵਿਚ ਆਪਣੇ ਪਿਤਾ ਵਰਗੀ ਪ੍ਰਤਿਭਾ ਅਤੇ ਆਦਰਸ਼ਾਂ ਦੀ ਘਾਟ ਸੀ।

          ਸੰਨ 1627 ਵਿਚ ਕਸ਼ਮੀਰ ਤੋਂ ਵਾਪਸ ਲਾਹੌਰ ਪਰਤਦਿਆਂ ਇਹ ਜ਼ਿਆਦਾ ਬੀਮਾਰ ਹੋ ਗਿਆ ਅਤੇ ਭਿੰਬਰ ਵਿਖੇ ਇਸ ਦੀ 7 ਨਵੰਬਰ, 1627 ਨੂੰ 58 ਸਾਲ ਦੀ ਉਮਰ ਵਿਚ ਮੌਤ ਹੋ ਗਈ। ਲਾਹੌਰ ਨੇੜੇ ਸ਼ਾਹਦਰੇ ਦੇ ਇਕ ਸੁੰਦਰ ਬਾਗ਼ ਵਿਚ ਇਸ ਨੂੰ ਦਫ਼ਨਾਇਆ ਗਿਆ ਜਿਸ ਉਪਰ ਬੇਗਮ ਨੂਰਜਹਾਂ ਨੇ ਇਕ ਸੁੰਦਰ ਮਕਬਰਾ ਬਣਵਾਇਆ।

          ਹ. ਪੁ.––ਦੀ ਮੁਗਲ ਇੰਪਾਇਰ––ਡਾ. ਏ. ਐਲ. ਸ੍ਰੀ ਵਾਸਤਵਾ : 526; ਐਨ. ਅਮੈ. 15 : 666 ; ਐਨ. ਬ੍ਰਿ. ਮਾ. 6 : 471 ; ਹਿੰ. ਵਿ. ਕੋ. 4 : 437; ਏ. ਸਿੰਪਲ ਹਿਸਟਰੀ ਆਫ਼ ਮੀਡੀਵਲ ਇੰਡੀਆ––ਫੋਰ ਆਥਰਜ਼ : 182


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1574, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਜਹਾਂਗੀਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜਹਾਂਗੀਰ : ਇਹ ਪ੍ਰਸਿੱਧ ਮੁਗ਼ਲ ਸਮਰਾਟ ਅਕਬਰ ਦਾ ਪੁੱਤਰ ਸੀ। ਇਸ ਦਾ ਜਨਮ 31 ਅਗਸਤ, 1569 ਨੂੰ ਫ਼ਤਹਿਪੁਰ ਸੀਕਰੀ ਵਿਖੇ ਰਾਜਪੂਤ ਰਾਣੀ ਜੋਧਾ ਬਾਈ ਦੀ ਕੁੱਖੋਂ ਹੋਇਆ। ਸ਼ੇਖ ਸਲੀਮ ਚਿਸ਼ਤੀ ਦੀ ਬਖਸ਼ਿਸ਼ ਵੱਜੋਂ ਪੈਦਾ ਹੋਣ ਕਾਰਨ ਰਾਜਕੁਮਾਰ ਦਾ ਨਾਮ ਸਲੀਮ ਰਖਿਆ ਗਿਆ। ਅਕਬਰ ਇਸ ਦਾ ਪਾਲਣ ਪੋਸ਼ਣ ਇਸ ਤਰ੍ਹਾਂ ਕਰਨਾ ਚਾਹੁੰਦਾ ਸੀ ਕਿ ਇਸ ਉੱਤੇ ਰਾਜਨੀਤੀ ਦਾ ਕੋਈ ਪ੍ਰਭਾਵ ਨਾ ਪਵੇ ਪਰ ਫ਼ਿਰ ਵੀ ਇਹ ਆਪਣੇ ਆਪ ਨੂੰ ਰਾਜਨੀਤਕ ਵਾਤਾਵਰਣ ਤੋਂ ਅਲੱਗ ਨਾ ਰੱਖ  ਸਕਿਆ। ਪਿਤਾ ਪੁੱਤਰ ਵਿਚਕਾਰ ਝਗੜਾ ਹੋਣ ਤੇ 1599 ਈ. ਵਿਚ ਸਲੀਮ ਨੇ ਇਲਾਹਾਬਾਦ ਵਿਖੇ ਵਿਦਰੋਹ ਕਰ ਕੇ ਆਪਣੇ ਸੁਤੰਤਰ ਰਾਜ ਦੀ ਘੋਸ਼ਣਾ ਕਰ ਦਿੱਤੀ।

ਅਕਬਰ ਨੇ ਸਲੀਮ ਨਾਲ ਸੰਧੀ ਕਰਨ ਲਈ ਕਈ ਯਤਨ ਕੀਤੇ ਪਰ ਉਸ ਨੂੰ ਸਫ਼ਲਤਾ ਨਾ ਮਿਲੀ। ਬੈਰਮ ਖ਼ਾਂ ਦੀ ਵਿਧਵਾ ਪਤਨੀ ਸਲੀਮਾ ਸੁਲਤਾਨ ਨੇ ਵਿਚ ਪੈ ਕੇ ਅਕਬਰ ਅਤੇ ਸਲੀਮ ਵਿਚ ਅਸਥਾਈ ਜਿਹੀ ਸੰਧੀ ਕਰਵਾਈ।

ਸੰਨ 1605 ਵਿਚ ਅਕਬਰ ਦੀ ਮੌਤ ਤੋਂ  ਬਾਅਦ 24 ਅਕਤੂਬਰ, 1605 ਨੂੰ ਸਲੀਮ ਦੀ ਤਾਜਪੋਸ਼ੀ ਦਾ ਭਾਰੀ ਸਮਾਗਮ ਕੀਤਾ ਗਿਆ। ਇਹ ‘ਅਬੁਲ ਮੁਜ਼ੱਫਰ ਨੂਰਦੀਨ ਮੁਹੰਮਦ ਜਹਾਂਗੀਰ ਬਾਦਸ਼ਾਹ ਏ ਗਾਜ਼ੀ’ ਦੇ ਨਾਂ ਨਾਲ ਰਾਜਗੱਦੀ ਤੇ ਬੈਠਾ। ਇਸ ਦਿਨ ਤਾਜਪੋਸ਼ੀ ਦੀ ਖੁਸ਼ੀ ਵਿਚ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਨਵੇਂ ਸਿੱਕੇ ਵੀ ਚਲਾਏ ਗਏ। ਸਲੀਮ ਦਾ ਨਵਾਂ ਨਾਂ ਉਸ ਸਮੇਂ ਦੇ ਸਿੱਕਿਆਂ ਤੋਂ ਵੀ ਪਤਾ ਚਲਦਾ ਹੈ।

ਜਹਾਂਗੀਰ ਦੇ ਰਾਜਗੱਦੀ ਤੇ ਬੈਠਣ ਤੋਂ ਇਕ ਸਾਲ ਬਾਅਦ ਹੀ ਇਸ ਦੇ ਪੁੱਤਰ ਖੁਸਰੋ ਨੇ ਇਸ ਦੇ ਵਿਰੁੱਧ ਵਿਦਰੋਹ ਸ਼ੁਰੂ ਕਰ ਦਿੱਤਾ। ਸੰਨ 1623 ਵਿਚ ਖੁਸਰੋ ਦੀ ਮੌਤ ਹੋ ਜਾਣ ਉਪਰੰਤ ਹੀ ਜਹਾਂਗੀਰ ਪੂਰੀ ਤਰ੍ਹਾਂ ਨਿਸ਼ਚਿੰਤ ਹੋਇਆ। ਜਹਾਂਗੀਰ ਨੇ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਉਪਰ ਖੁਸਰੋ ਦਾ ਸਾਥੀ ਹੋਣ ਦਾ ਇਲਜ਼ਾਮ ਲਗਾ ਕੇ ਕਈ ਤਸੀਹੇ ਦੇ ਕੇ ਸ਼ਹੀਦ ਕਰਵਾ ਦਿੱਤਾ। ਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਤੇ ਮੁਗਲਾਂ ਵਿਚ ਵਿਰੋਧ ਵਧਦਾ ਗਿਆ।

ਸੰਨ 1611 ਵਿਚ ਜਹਾਂਗੀਰ ਨੇ ਮਿਰਜ਼ਾ ਗਿਆਸ ਬੇਗ਼ ਦੀ ਪੁੱਤਰੀ ਨੂਰਜਹਾਂ ਨਾਲ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਜਹਾਂਗੀਰ ਨੇ ਰਾਜ ਦੀ ਵਾਗਡੋਰ ਨੂਰਜਹਾਂ ਦੇ ਹੱਥ ਫੜਾ ਦਿੱਤੀ। ਨੂਰਜਹਾਂ ਦੇ ਰਾਜ ਦੇ ਸਾਰੇ ਕੰਮ ਚੰਗੀ ਤਰ੍ਹਾਂ ਸੰਭਾਲੇ। ਉਹ ਇਕ ਦਲੇਰ ਘੋੜਸਵਾਰ ਹੋਣ ਦੇ ਨਾਲ ਨਾਲ ਚੰਗੀ ਸ਼ਿਕਾਰਨ ਵੀ ਸੀ।

ਨਵੰਬਰ, 1627 ਵਿਚ ਜਹਾਂਗੀਰ ਦੀ ਮੌਤ ਹੋ ਗਈ। ਇਸ ਦੇ ਪੁੱਤਰ ਨੇ ਨੂਰਜਹਾਂ ਬਾਗ਼ ਵਿਚ ਜਹਾਂਗੀਰ ਦਾ ਬਹੁਤ ਸੁੰਦਰ ਮਕਬਰਾ ਬਣਵਾਇਆ। ਜਹਾਂਗੀਰ ਨੂੰ ਕਲਾ ਤੇ ਸਾਹਿਤ ਵਿਚ ਬਹੁਤ ਰੁਚੀ ਸੀ। ਜਹਾਂਗੀਰ ਆਪ ਵੀ ਪ੍ਰਕਿਰਤੀ ਪ੍ਰੇਮੀ, ਲੇਖਕ ਤੇ ਕਵੀ ਸੀ। ਜਹਾਂਗੀਰ ਇਕ ਨਿਆਂ ਪਸੰਦ ਸਮਰਾਟ ਸੀ। ਇਸ ਦੇ ਰਾਜ ਵਿਚ ਕਿਸੀ ਵਕਤ ਕੋਈ ਵੀ ਆਦਮੀ ਜ਼ੰਜੀਰ ਖਿੱਚ ਕੇ ਨਿਆਂ ਦੀ ਮੰਗ ਕਰ ਸਕਦਾ ਸੀ। ਇਸ ਦੇ ਰਾਜ ਕਾਲ ਵਿਚ ਉਦਯੋਗ ਅਤੇ ਵਪਾਰ ਦੇ ਨਾਲ ਨਾਲ ਕਲਾ ਦੀ ਵੀ ਉੱਨਤੀ ਹੋਈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1158, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-28-04-56-50, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਵਿ. ਕੋ. 4 : 437; ਰਾਈਜ਼ ਐਂਡ ਛਾਲ ਆਫ਼ ਮੁਗ਼ਲ ਐਂਪਾਇਰ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.