ਜੁਗਨੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਜੁਗਨੀ: ਵਣਜਾਰਾ ਬੇਦੀ ਅਨੁਸਾਰ ਜੁਗਨੀ ਪੰਜਾਬ ਦਾ ਇੱਕ ਪ੍ਰਸਿੱਧ ਕਾਵਿ-ਰੂਪ ਹੈ ਜਿਸ ਵਿੱਚ ਜੁਗਨੀ ਦਾ ਜੱਸ ਗਾਇਆ ਜਾਂਦਾ ਹੈ। ਇਸ ਕਾਵਿ-ਰੂਪ ਵਿੱਚ ਜੁਗਨੀ ਇੱਕ ਰੁਮਾਂਚਕ ਮੁਟਿਆਰ ਦੀ ਪ੍ਰਤੀਕ ਹੈ ਜੋ ਜਿੱਥੇ ਵੀ ਜਾਂਦੀ ਹੈ, ਆਪਣੇ ਹੁਸਨ ਨਾਲ ਤਰਥੱਲੀ ਲੈ ਆਉਂਦੀ ਹੈ। ਜਿਸ ਸਮਾਜ ਵਿੱਚ ਔਰਤ ਪੈਰ ਘਰੋਂ ਬਾਹਰ ਨਾ ਰੱਖ ਸਕੇ, ਉੱਥੇ ਜੁਗਨੀ ਜਦੋਂ ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾਂਦੀ ਹੈ ਤਾਂ ਰੁਮਾਂਟਿਕਤਾ ਦਾ ਅੰਸ਼ ਆ ਜਾਣਾ ਸੁਭਾਵਿਕ ਹੈ। ਜੁਗਨੀ ਨਾਲ ਵਾਪਰਦੀਆਂ ਘਟਨਾਵਾਂ ਹਾਸ ਰਸ ਪੈਦਾ ਕਰਦੀਆਂ ਹਨ। ਕਈ ਵਾਰ ਨਗਰ ਵਿਸ਼ੇਸ਼ ਦੀ ਵਿਸ਼ੇਸ਼ਤਾ ਜੁਗਨੀ ਦਾ ਅੰਗ ਬਣ ਜਾਂਦੀ ਹੈ। ਜੁਗਨੀ ਕਾਵਿ-ਰੂਪ ਬਿਲਕੁਲ ਸੀਮਿਤ ਹੋ ਕੇ ਰਹਿ ਗਿਆ ਹੈ ਕਿਉਂਕਿ ਸ਼ਹਿਰਾਂ ਨਾਲ ਜੁੜ ਕੇ ਬਹੁਤੀ ਲੰਬੀ ਚੌੜੀ ਸਿਰਜਣਾ ਨਹੀਂ ਹੋ ਸਕਦੀ, ਨਾ ਹੀ ਉਸ ਵਿੱਚ ਭਾਵੁਕ ਵਿਸਤਾਰ ਆ ਸਕਦਾ ਹੈ ਅਤੇ ਨਾ ਹੀ ਲੋਕ-ਗੀਤਾਂ ਵਾਲਾ ਸੱਭਿਆਚਾਰਿਕ ਵਿਸਤਾਰ ਆਉਣ ਦੀ ਸੰਭਾਵਨਾ ਰਹਿੰਦੀ ਹੈ। ਇੱਥੇ ਹੇਠ ਲਿਖੀਆਂ ਪੰਕਤੀਆਂ ਵਿਚਾਰੀਆਂ ਜਾ ਸਕਦੀਆਂ ਹਨ :

          -        ਜੁਗਨੀ ਜਾ ਵੜੀ ਪਟਿਆਲੇ,

                   ਉੱਥੇ ਵਿਕਦੇ ਰੇਸ਼ਮੀ ਨਾਲੇ,

                   ਅੱਧੇ ਲਾਲ ਤੇ ਅੱਧੇ ਕਾਲੇ,

                   ਵੀਰ ਮੇਰਿਆ ਵੇ ਜੁਗਨੀ ਕਹਿੰਦੀ ਐ,

                   ਉਹ ਨਾਮ ਸਾਈਂ ਦਾ ਲੈਂਦੀ ਐ।

          -        ਜੁਗਨੀ ਜਾ ਵੜੀ ਬੰਬਈ,

                   ਉਸ ਦੀ ਭੱਜ ਪੱਸਲੀ ਗਈ,

                   ਉਹਨੂੰ ਨਵੀਂ ਪੁਆਉਣੀ ਪਈ,

                   ਵੀਰ ਮੇਰਿਆ ਜੁਗਨੀ ਪਿੱਤਲ ਦੀ,

          ਮੈਂ ਦੇਖੀ ਸ਼ਹਿਰੋਂ ਨਿਕਲ ਦੀ।


ਲੇਖਕ : ਕਰਮਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5245, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਜੁਗਨੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁਗਨੀ (ਨਾਂ,ਇ) 1 ਸੱਜਰ ਸੂਈ ਮੱਝ ਗਾਂ ਦੇ ਗਲ਼ ਵਿੱਚ ਨਜ਼ਰ ਦੇ ਡਰੋਂ ਮੰਤਰ ਕੇ ਪਾਈ ਲੱਕੜੀ ਦੀ ਨਿੱਕੀ ਤਖ਼ਤੀ 2 ਇਸਤਰੀ ਕੰਠ ਦਾ ਭੂਖਣ 3 ਪੰਜਾਬੀ ਲੋਕ-ਕਾਵਿ ਦੀ ਇੱਕ ਨਾਇਕਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5244, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੁਗਨੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁਗਨੀ [ਨਾਂਇ] ਗਲ਼ ਵਿੱਚ ਪਾਉਣ ਵਾਲ਼ਾ ਇੱਕ ਗਹਿਣਾ; ਮਸ਼ਹੂਰ ਪੰਜਾਬੀ ਲੋਕ-ਗੀਤ ਦੀ ਨਾਇਕਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5233, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੁਗਨੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁਗਨੀ. ਇੱਕ ਕੰਠਭੂਖਣ, ਜੋ ਰੇਸ਼ਮ ਦੀ ਡੋਰ ਨਾਲ ਬੱਧਾ ਛਾਤੀ ਪੁਰ ਲਟਕਦਾ ਰਹਿੰਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4925, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੁਗਨੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਜੁਗਨੀ : ਇਹ ਇਕ ਪੰਜਾਬੀ ਲੋਕ–ਗੀਤ ਜਾਂ ਕਾਵਿ–ਰੂਪ ਹੈ ਜਿਸ ਵਿਚ ਇਕ ਕਲਪਿਤ ਪੰਜਾਬੀ ਮੁਟਿਅਰ ਜੁਗਨੀ ਦੇ ਹੁਸਨ ਤੇ ਜਵਾਨੀ ਦੀ ਪ੍ਰਸ਼ੰਸਾ ਤੋਂ ਇਲਾਵਾ ਉਸ ਦੀ ਪੰਜਾਬ ਦੇ ਭਿੰਨ ਭਿੰਨ ਸ਼ਹਿਰਾਂ ਵਿਚ ਯਾਤਰਾ ਦਰਸਾ ਕੇ ਉਨ੍ਹਾਂ ਸ਼ਹਿਰਾਂ ਦੀ ਰਹਿਣੀ ਬਹਿਣੀ, ਮੁਹਾਂਦਰੇ, ਮੁੱਖ ਧੰਦੇ ਅਤੇ ਹੋਰ ਆਰਥਿਕ, ਸਮਾਜਕ ਤੇ ਸਭਿਆਚਾਰਕ ਲੱਛਣਾਂ ਤੇ ਸਮੱਸਿਆਵਾਂ ਉੱਤੇ ਪ੍ਰਕਾਸ਼ ਪਾਇਆ ਜਾਂਦਾ ਹੈ। ਇਸ ਵਿਚ ਹਾਸ–ਰਸ ਦੀ ਪ੍ਰਧਾਨਤਾ ਹੁੰਦੀ ਹੈ। ਤੁਕਬੰਦੀ ਦੇ ਨੇਮਾਂ ਦੀ ਪੂਰੀ ਪਾਲਣਾ ਨਾ ਹੋਣ ਦੇ ਬਾਵਜੂਦ ਇਸ ਵਿਚ ਰਾਗਾਤਮਕਤਾ ਅਤੇ ਪ੍ਰਗਟਾ–ਸੰਜਮ ਜਿਹੇ ਗੁਣ ਪਾਏ ਜਾਂਦੇ ਹਨ :

                   ਜੁਗਨੀ ਜਾ ਵੜੀ ਮੁਲਤਾਨ,

                   ਜਿਥੇ ਬੜੇ ਬੜੇ ਭਲਵਾਨ,

                   ਖਾਂਦੇ ਗਿਰੀਆਂ ਅਤੇ ਬਾਦਾਮ,

                   ਮਾਰਨ ਮੁੱਕੀ ਕੱਢਣ ਜਾਨ,

                   ਵੀਰ ਮੇਰਿਆ ਵੇ ਜੁਗਨੀ…                                                       


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3323, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.